ਮੌੜ ਧਮਾਕੇ ਦੀ ਸੂਈ ਡੇਰਾ ਸਿਰਸਾ ਵੱਲ ਘੁੰਮੀ

ਬੇਅਦਬੀ ਕਾਂਡ ਦੀ ਜਾਂਚ ਵੀ ਡੇਰੇ ਵੱਲ ਜਾਣ ਦੇ ਚਰਚੇ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਮੌੜ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ਪੁੱਜ ਗਈ ਹੈ। ਇਸ ਬੰਬ ਧਮਾਕੇ ਲਈ ਵਰਤੀ ਗਈ ਕਾਰ ਨੂੰ ਡੇਰਾ ਸਿਰਸਾ ਦੀ ਵੀæਆਈæਪੀæ ਵਰਕਸ਼ਾਪ ਵਿਚ ਰੰਗ ਹੋਇਆ ਸੀ। ਪੰਜਾਬ ਪੁਲਿਸ ਨੇ ਹਰਿਆਣਾ ਵਿਚੋਂ ਚਾਰ ਵਿਅਕਤੀ ਹਿਰਾਸਤ ਵਿਚ ਲਏ ਹਨ, ਜਿਨ੍ਹਾਂ ਵਿਚੋਂ ਦੋ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਪੇਂਟਰ ਤੇ ਡੈਂਟਰ ਹਨ।

ਯਾਦ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 31 ਜਨਵਰੀ, 2017 ਦੀ ਰਾਤ ਮੌੜ ਮੰਡੀ ਵਿਚ ਮਾਰੂਤੀ ਕਾਰ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ ਚਾਰ ਬੱਚਿਆਂ ਸਣੇ ਸੱਤ ਜਣੇ ਮਾਰੇ ਗਏ ਸਨ। ਇਹ ਧਮਾਕਾ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਰੈਲੀ ਦੌਰਾਨ ਹੋਇਆ ਸੀ। ਧਮਾਕੇ ਵਾਲੀ ਕਾਰ ਵਿਚ ਵਰਤੀ ਬੈਟਰੀ ਵੀ ਸਿਰਸਾ ਤੋਂ ਖਰੀਦੀ ਗਈ ਸੀ। ਪੁਲਿਸ ਤੇ ਜਾਂਚ ਏਜੰਸੀਆਂ ਹੁਣ ਤੱਕ ਇਸ ਨੂੰ ਗਰਮਖਿਆਲੀਆਂ ਦਾ ਕਾਰਾ ਮੰਨ ਕੇ ਜਾਂਚ ਵਿਚ ਜੁਟੀਆਂ ਰਹੀਆਂ ਹਨ, ਪਰ ਨਵੇਂ ਖੁਲਾਸੇ ਨੇ ਜਾਂਚ ਦਾ ਰੁਖ ਹੀ ਬਦਲ ਦਿੱਤਾ।
ਇਹ ਵੀ ਪਤਾ ਲੱਗਾ ਹੈ ਕਿ ਜਿਸ ਵਰਕਸ਼ਾਪ ਵਿਚ ਇਸ ਮਾਰੂਤੀ ਕਾਰ ਨੂੰ ਰੰਗ ਹੋਇਆ, ਉਸ ‘ਚ ਸਿਰਫ ਡੇਰਾ ਮੁਖੀ ਅਤੇ ਹਨੀਪ੍ਰੀਤ ਦਾ ਹੀ ਦਾਖਲਾ ਸੀ। ਇਸ ਧਮਾਕੇ ਦਾ ਨਿਸ਼ਾਨਾ ਭਾਵੇਂ ਡੇਰਾ ਮੁਖੀ ਦਾ ਰਿਸ਼ਤੇਦਾਰ ਹਰਮਿੰਦਰ ਜੱਸੀ ਦੱਸਿਆ ਜਾ ਰਿਹਾ ਹੈ, ਪਰ ਜੱਸੀ ਦੇ ਭਾਣਜੇ ਭੁਪਿੰਦਰ ਸਿੰਘ ਗੋਰਾ ਦਾ ਦਾਅਵਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਕੁੜਮ ਜੱਸੀ ਨੇ ਚੋਣਾਂ ‘ਚ ਹਮਦਰਦੀ ਨਾਲ ਵੋਟਾਂ ਲੈਣ ਇਹ ਸਾਜ਼ਿਸ਼ ਰਚੀ ਸੀ।
ਇਸ ਸਾਜ਼ਿਸ਼ ਤੋਂ ਪਰਦਾ ਉਠਣ ਪਿੱਛੋਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਵੀ ਡੇਰੇ ਵੱਲ ਘੁੰਮ ਸਕਦੀ ਹੈ, ਕਿਉਂਕਿ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਬਰਗਾੜੀ ਬੇਅਦਬੀ ਮਾਮਲੇ ਦੀ ਪੈੜ ਨੱਪਦੀ-ਨੱਪਦੀ ਹੀ ਡੇਰਾ ਸਿਰਸਾ ਪੁੱਜੀ ਸੀ। ਜਦ ਜਾਂਚ ਟੀਮ ਸਿਰਸਾ ਵਿਚ ਤਫਤੀਸ਼ ਕਰਨ ਲੱਗੀ ਤਾਂ ਉਨ੍ਹਾਂ ਨੂੰ ਡੇਰੇ ਦੀ ਵਰਕਸ਼ਾਪ ਲਈ ਕਲਪੁਰਜ਼ੇ ਸਪਲਾਈ ਕਰਨ ਵਾਲੇ ਸੁਨੀਲ ਕੁਮਾਰ ਰਾਹੀਂ ਅਜਿਹੀਆਂ ਕੜੀਆਂ ਜੁੜੀਆਂ ਕਿ ਮੌੜ ਬੰਬ ਧਮਾਕੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਜਾਂਚ ਟੀਮ ਨੂੰ ਬੇਅਦਬੀ ਕਾਂਡ ਦੀ ਬਾਜਾਖਾਨਾ ਤੇ ਆਸਪਾਸ ਦੇ ਖੇਤਰਾਂ ‘ਚ ਜਾਂਚ-ਪੜਤਾਲ ਦੌਰਾਨ ਕੁਝ ਅਜਿਹੇ ਸੁਰਾਗ ਲੱਭੇ ਹਨ ਜੋ ਦੋਸ਼ੀਆਂ ਦੇ ਸਿਰਸਾ ਵਾਲੇ ਪਾਸੇ ਹੋਣ ਦੇ ਸੰਕੇਤ ਦੇ ਰਹੇ ਸਨ।
ਅਜਿਹੇ ਤੱਥ ਲੱਭਣ ਬਾਅਦ ਜਾਂਚ ਟੀਮ ਦੇ ਕਈ ਦਲ ਸਿਰਸਾ ਤੇ ਆਸਪਾਸ ਦੇ ਖੇਤਰਾਂ ਦੀ ਮਿੱਟੀ ਛਾਣਨ ਲੱਗੇ। ਕਿਸੇ ਸੂਤਰ ਰਾਹੀਂ ਉਨ੍ਹਾਂ ਦਾ ਸੰਪਰਕ ਸਿਰਸਾ ਵਿਚ ਮੋਟਰ ਗੱਡੀਆਂ ਦੇ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਸੁਨੀਲ ਨਾਲ ਹੋ ਗਿਆ। ਸੁਨੀਲ ਡੇਰਾ ਸਿਰਸਾ ਅੰਦਰਲੀਆਂ ਸਾਰੀਆਂ ਮੋਟਰ ਗੱਡੀਆਂ ਲਈ ਕਲਪੁਰਜ਼ੇ ਸਪਲਾਈ ਕਰਦਾ ਸੀ। ਡੇਰੇ ਦੀ ਵੀæਆਈæਪੀæ ਵਰਕਸ਼ਾਪ ‘ਚ ਆਮ ਕਰ ਕੇ ਲੈਕਸਸ, ਮਰਸੀਡੀਜ਼, ਬੀæਐਮæਡਬਲਿਊ ਤੇ ਹੋਰ ਮਹਿੰਗੀਆਂ ਗੱਡੀਆਂ ਹੁੰਦੀਆਂ ਸਨ, ਪਰ ਜਦ ਦਸੰਬਰ ਦੇ ਵਹੀ ਖਾਤੇ ਵਿਚ ਇਕ ਮਾਰੂਤੀ 800 ਦਾ ਸਾਮਾਨ ਭੇਜਣ ਦੀ ਗੱਲ ਸਾਹਮਣੇ ਆਈ ਤਾਂ ਜਾਂਚ ਟੀਮ ਦੇ ਕੰਨ ਖੜ੍ਹੇ ਹੋ ਗਏ, ਕਿਉਂਕਿ ਗੁਰਮੀਤ ਰਾਮ ਰਹੀਮ ਦੀਆਂ ਕਾਰਾਂ ਦੀ ਕਤਾਰ ਵਿਚ ਮਾਰੂਤੀ 800 ਕਿਥੋਂ ਆ ਗਈ? ਸੁਨੀਲ ਨੇ ਹੀ ਫਿਰ ਭਾਂਡਾ ਭੰਨਿਆ ਕਿ ਡੇਰੇ ਦੀ ਵੀæਆਈæਪੀæ ਵਰਕਸ਼ਾਪ ਦਾ ਹੈੱਡ ਕਾਲਾ ਜੋ ਡੱਬਵਾਲੀ ਨੇੜਲੇ ਅਲੀਕੇ ਦਾ ਵਸਨੀਕ ਹੈ, ਇਹ ਕਾਰ ਲੈ ਕੇ ਆਉਂਦਾ ਰਿਹਾ ਹੈ। ਇਸੇ ਵਰਕਸ਼ਾਪ ਵਿਚ ਹਰਮੇਲ ਸਿੰਘ ਤੇ ਅਵਤਾਰ ਸਿੰਘ ਵੀ ਕੰਮ ਕਰਦੇ ਸਨ ਤੇ ਗੁਰਮੀਤ ਰਾਮ ਦੇ ਖਾਸਮ-ਖਾਸ ਸਾਧੂਆਂ ਵਿਚ ਸ਼ਾਮਲ ਸਨ। ਜਾਂਚ ਦਲ ਦਾ ਕਹਿਣਾ ਹੈ ਕਿ ਇਹ ਤਿੰਨੇ ਸਾਧੂ ਗੁਰਮੀਤ ਰਾਮ ਰਹੀਮ ਵੱਲੋਂ ਨਿਪੁੰਸਕ ਕੀਤੇ ਸਾਧੂਆਂ ਵਿਚ ਸ਼ਾਮਲ ਹਨ। ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨਾਲ ਸਬੰਧਤ ਅਮਰੀਕ ਸਿੰਘ ਬੰਬ ਧਮਾਕੇ ਲਈ ਵਰਤੀ ਬੈਟਰੀ ਲਿਆਉਣ ਅਤੇ ਕਾਰ ਦਾ ਹੋਰ ਸਾਮਾਨ ਬਦਲਣ ਵਿਚ ਸ਼ਾਮਲ ਸੀ।
ਹੁਣ ਤੱਕ ਦੀ ਜਾਂਚ ਤੋਂ ਪੁਲਿਸ ਵੱਲੋਂ ਇਹੀ ਸਿੱਟਾ ਕੱਢਿਆ ਗਿਆ ਹੈ ਕਿ ਇਸ ਧਮਾਕੇ ਦੀ ਸਾਜ਼ਿਸ਼ ਡੇਰਾ ਸਿਰਸਾ ਵਿਚੋਂ ਹੀ ਨਿਕਲੀ ਤੇ ਇਹ ਵੀ ਤਕਰੀਬਨ ਸਾਫ ਹੋ ਗਿਆ ਹੈ ਕਿ ਇਸ ਦਾ ਮਕਸਦ ਸਿਰਫ ਸਿਆਸੀ ਲਾਹਾ ਲੈਣਾ ਸੀ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਡੇਰੇ ਤੋਂ ਹਮਾਇਤ ਲੈਣ ਗਈਆਂ ਸਨ ਤੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿਚ ਕਈ ਸਿਆਸੀ ਆਗੂਆਂ ਨੇ ਸਜ਼ਾ ਵੀ ਭੁਗਤੀ ਸੀ, ਪਰ ਡੇਰੇ ਦੇ ਸਿਆਸੀ ਵਿੰਗ ਨੇ ਆਖਰ ਤੱਕ ਆਪਣੇ ਸਿਆਸੀ ਪੱਤੇ ਨਾ ਖੋਲ੍ਹੇ। ਕਾਬਲੇਗੌਰ ਹੈ ਕਿ ਡੇਰਾ ਕਦੇ ਵੀ ਕਿਸੇ ਇਕ ਸਿਆਸੀ ਧਿਰ ਦਾ ਹਮਾਇਤੀ ਨਹੀਂ ਰਿਹਾ ਤੇ ਹਰ ਵਾਰ ਆਪਣੇ ਫਾਇਦੇ ਮੁਤਾਬਕ ਸਿਆਸੀ ਧਿਰ ਦੇ ਸਿਰ ਉਤੇ ਹੱਥ ਰੱਖਦਾ ਹੈ। 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰੇਆਮ ਡੇਰੇ ਵੱਲੋਂ ਕਾਂਗਰਸ ਦੀ ਹਮਾਇਤ ਕੀਤੀ ਗਈ ਤੇ ਫਿਰ 2015 ‘ਚ ਹਰਿਆਣਾ ਦੀ ਵਿਧਾਨ ਸਭਾ ਚੋਣ ਵਿਚ ਡੇਰੇ ਵੱਲੋਂ ਭਾਜਪਾ ਦੀ ਹਮਾਇਤ ਕੀਤੀ ਗਈ। 2017 ਦੀ ਪੰਜਾਬ ਵਿਧਾਨ ਸਭਾ ਚੋਣ ਵਿਚ ਡੇਰੇ ਨੇ ਅਕਾਲੀ-ਭਾਜਪਾ ਗਠਜੋੜ ਦੀ ਖੁੱਲ੍ਹੇਆਮ ਹਮਾਇਤ ਕੀਤੀ ਸੀ।
—————————-
ਕੈਪਟਨ ਨੂੰ ਜਾਗਿਆ ਡੇਰੇ ਦਾ ਮੋਹ
ਬਠਿੰਡਾ: ਸਿਆਸੀ ਧਿਰਾਂ ਦਾ ਡੇਰਾ ਸਿਰਸਾ ਤੋਂ ਮੋਹ ਭੰਗ ਨਹੀਂ ਹੋ ਰਿਹਾ। ਕੈਪਟਨ ਅਮਰਿੰਦਰ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਪ੍ਰਬੰਧਕਾਂ ਨੂੰ ਨਾਮ ਚਰਚਾ ਕਰਨ ਲਈ ਜਬਾਨੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਡੇਰਾ ਸਿਰਸਾ ਦੇ ਪੰਜਾਬ ‘ਚ ਸਲਾਬਤਪੁਰਾ ਸਥਿਤ ਮੁਖ ਡੇਰੇ ਵਿਚ 14 ਜਨਵਰੀ ਤੋਂ ਨਾਮ ਚਰਚਾ ਹੋਣ ਲੱਗੀ ਹੈ ਜਦੋਂਕਿ ਬਠਿੰਡਾ-ਮਲੋਟ ਮਾਰਗ ‘ਤੇ ਪੈਂਦੇ ਨਾਮ ਚਰਚਾ ਘਰ ਵਿਚ ਨਾਮ ਚਰਚਾ ਸ਼ੁਰੂ ਹੋਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਡੇਰਿਆਂ ਤੇ ਨਾਮ ਚਰਚਾ ਘਰਾਂ ‘ਚ ਆਖਰੀ ਵਾਰ ਅਗਸਤ 2017 ਦੇ ਪਹਿਲੇ ਹਫਤੇ ਨਾਮ ਚਰਚਾ ਹੋਈ ਸੀ। ਪੰਜਾਬ ਵਿਚ ਡੇਰਾ ਸਿਰਸਾ ਦੇ ਤਕਰੀਬਨ 97 ਡੇਰੇ ਅਤੇ ਨਾਮ ਚਰਚਾ ਘਰ ਹਨ, ਜਿਨ੍ਹਾਂ ਦੇ ਹੁਣ ਮੁੜ ਖੁੱਲ੍ਹਣ ਦੇ ਆਸਾਰ ਬਣ ਗਏ ਹਨ। ਕਾਂਗਰਸ ਹਕੂਮਤ ਡੇਰਾ ਪ੍ਰੇਮੀਆਂ ਨੂੰ ਖੁਸ਼ ਰੱਖਣਾ ਚਾਹੁੰਦੀ ਹੈ, ਜਿਸ ਕਾਰਨ ਪੁਲਿਸ ਅਫਸਰ ‘ਦਿਆਲੂ’ ਹੋ ਗਏ ਹਨ।