ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 21 ਫਰਵਰੀ ਨੂੰ ਅੰਮ੍ਰਿਤਸਰ ਮੌਕੇ ਉਨ੍ਹਾਂ ਨੂੰ ਜੀ ਆਇਆਂ ਆਖਣ ਲਈ ਰਾਜ਼ੀ ਹੋ ਗਏ ਹਨ। ਦੋਵਾਂ ਧਿਰਾਂ ਨੇ ਮੌਕੇ ਤੇ ਹਾਲਾਤ ਮੁਤਾਬਕ ਫੈਸਲਾ ਲੈਣ ਵਿਚ ਹੀ ਭਲਾਈ ਸਮਝੀ ਹੈ। ਕੈਪਟਨ ਦਾ ਦਾਅਵਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਖਾਲਿਸਤਾਨ ਦੇ ਹੱਕ ਵਿਚ ਖੜ੍ਹਨ ਤੋਂ ਕੋਰੀ ਨਾਂਹ ਪਿੱਛੋਂ ਹੀ ਪੰਜਾਬ ਸਰਕਾਰ ਟਰੂਡੋ ਦੇ ਸਵਾਗਤ ਲਈ ਅੱਗੇ ਆਈ ਹੈ।
ਇਹ ਵੀ ਚਰਚਾ ਹੈ ਕਿ ਟਰੂਡੋ ਦੀ ਅੰਮ੍ਰਿਤਸਰ ਆਮਦ ਬਾਰੇ ਐਲਾਨ ਪਿੱਛੋਂ ਕੈਪਟਨ ਸਰਕਾਰ ਲਈ ਬੜੀ ਔਖੀ ਸਥਿਤੀ ਬਣੀ ਹੋਈ ਸੀ। ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਮਦ ‘ਤੇ ਸੂਬੇ ਦਾ ਮੁੱਖ ਮੰਤਰੀ ਹੋਣ ਨਾਤੇ ਟਰੂਡੋ ਦਾ ਸਵਾਗਤ ਕੈਪਟਨ ਦੀ ਸੰਵਿਧਾਨਿਕ ਮਜਬੂਰੀ ਵੀ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਵੱਲੋਂ ਟਰੂਡੋ ਦੇ ਸਵਾਗਤ ਦਾ ਐਲਾਨ ਕਰ ਕੇ ਕੈਪਟਨ ਸਰਕਾਰ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਸੀ। ਹਾਲਾਤ ਨੂੰ ਵੇਖਦੇ ਹੋਏ ਕੈਪਟਨ ਤੇ ਕੈਨੇਡਾ ਸਰਕਾਰ ਨੇ ‘ਸੁਲ੍ਹਾ’ ਵਿਚ ਹੀ ਭਲਾਈ ਸਮਝੀ। ਯਾਦ ਰਹੇ ਕਿ ਪਿਛਲੇ ਵਰ੍ਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੀ ਅੰਮ੍ਰਿਤਸਰ ਫੇਰੀ ਮੌਕੇ ਕੈਪਟਨ ਨੇ ਉਨ੍ਹਾਂ ਨੂੰ ਮਿਲਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਹ ਗਰਮਖਿਆਲੀਆਂ ਦੇ ਹਮਾਇਤੀ ਹਨ। ਉਦੋਂ ਕੈਪਟਨ ਸਰਕਾਰ ਦੀ ਕਾਫੀ ਅਲੋਚਨਾ ਹੋਈ ਸੀ। ਇਥੋਂ ਤੱਕ ਕਿ ਸਿੱਖ ਜਥੇਬੰਦੀਆਂ ਨੇ ਵਿਦੇਸ਼ਾਂ ਵਿਚ ਕੈਪਟਨ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਇਸ ਲਈ ਪੰਜਾਬ ਸਰਕਾਰ ਹੁਣ ਮੁੜ ਇਹ ਗਿਲਾ ਆਪਣੇ ਸਿਰ ਲੈਣ ਤੋਂ ਟਲ ਰਹੀ ਸੀ।
ਹੁਣ ਕੈਨੇਡਾ ਦੀ ਪ੍ਰੈੱਸ ਵਿਚ ਛਪੇ ਸੱਜਣ ਦੇ ਬਿਆਨ ਮੁਤਾਬਕ ਉਨ੍ਹਾਂ ਤੇ ਕੈਨੇਡਾ ਦੇ ਮੰਤਰੀ ਅਮਰਜੀਤ ਸੋਹੀ ਨੇ ਨਾ ਤਾਂ ਸਿੱਖ ਕੌਮਪ੍ਰਸਤੀ ਲਹਿਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਤੇ ਨਾ ਹੀ ਇਸ ਦੇ ਪੱਖ ਵਿਚ ਹਨ ਜਿਸ ਦਾ ਮਕਸਦ ਭਾਰਤ ਦੇ ਪੰਜਾਬ ਖਿੱਤੇ ਵਿਚ ਖਾਲਿਸਤਾਨ ਦੇ ਨਾਂ ਹੇਠ ਵੱਖਰਾ ਮੁਲਕ ਬਣਾਉਣਾ ਹੈ। ਪੰਜਾਬ ਸਰਕਾਰ ਇਸ ਪਿੱਛੋਂ ਇਹ ਕਹਿ ਕੇ ਟਰੂਡੋ ਦੇ ਸਵਾਗਤ ਲਈ ਰਾਜ਼ੀ ਹੋ ਗਈ ਕਿ ਕੈਨੇਡਾ ਦੇ ਮੰਤਰੀਆਂ ਦੇ ਬਿਆਨ ਤੋਂ ਸਿੱਧ ਹੁੰਦਾ ਹੈ ਕਿ ਇਸ ਮੁਲਕ ਦੀ ਸਰਕਾਰ ਭਾਰਤ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਦੇ ਹੱਕ ਵਿਚ ਨਹੀਂ ਹੈ। ਇਸ ਪਿੱਛੋਂ ਕੈਪਟਨ ਦਾ ਬਿਆਨ ਆ ਗਿਆ ਕਿ ਉਹ ਟਰੂਡੋ ਦੀ ਪੰਜਾਬ ਸਮੇਤ ਭਾਰਤ ਫੇਰੀ ਮੌਕੇ ਮਿਲਣ ਦੀ ਤਾਂਘ ਭਰੀ ਉਡੀਕ ਵਿਚ ਹਨ ਤੇ ਟਰੂਡੋ ਦੀ ਫੇਰੀ ਕੈਨੇਡਾ ਤੇ ਪੰਜਾਬ ਦਰਮਿਆਨ ਦੁਵੱਲੇ ਲਾਭ ਲਈ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ।