ਸੱਚ ਮਿਰਚਾਂ-ਝੂਠ ਗੁੜ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਚਿਆਰਾਂ ਅਤੇ ਕੂੜਿਆਰਾਂ ਦੇ ਵਿਹੜਿਆਂ ‘ਚ ਝਾਤੀ ਮਾਰਨ ਤੋਂ ਪਹਿਲਾਂ ਇਕ ਦੰਦ-ਕਥਾ ਕੰਨੀਂ ਪਾ ਲਈਏ ਜੋ ਇਨ੍ਹਾਂ ਸਵਾਲਾਂ ਦੇ ਬਖੂਬੀ ਉਤਰ ਦਿੰਦੀ ਹੈ ਕਿ ਸੱਚ ਤੋਂ ਸਾਰੇ ਤ੍ਰਹਿੰਦੇ ਕਿਉਂ ਹਨ? ਦੁਨੀਆਂ ਨੂੰ ਇਹ ਕਿਉਂ ਨਹੀਂ ਚੰਗਾ ਲਗਦਾ? ਹਰ ਥਾਂ ਝੂਠ ਹੀ ਕਿਉਂ ਪ੍ਰਧਾਨ ਬਣਿਆ ਰਹਿੰਦਾ ਹੈ? ਜਿਵੇਂ ਅੱਜਕੱਲ੍ਹ ਕੁੰਭ ਦੇ ਇਸ਼ਨਾਨ ਦੀ ਬੜੀ ਚਰਚਾ ਚੱਲ ਰਹੀ ਹੈ, ਲੱਖਾਂ ਲੋਕ ਹਰਿਦੁਆਰ ਨੂੰ ਡੁਬਕੀ ਲਾਉਣ ਵਾਸਤੇ ਵਹੀਰਾਂ ਘੱਤੀ ਜਾ ਰਹੇ ਹਨ। ਇਹੋ ਜਿਹੇ ਕਿਸੇ ਮੇਲੇ ‘ਤੇ ਜਾ ਰਹੀਆਂ ਭੀੜਾਂ ਵੱਲ ਦੇਖ ਕੇ ਝੂਠ ਨੂੰ ਵੀ ਮੇਲੇ ਜਾਣ ਦਾ ਚਾਅ ਚੜ੍ਹ ਗਿਆ। ‘ਕੱਲਾ ਜਾਣ ਨਾਲੋਂ ਉਹਦੇ ਮਨ ‘ਚ ਆਈ, ਕਿਉਂ ਨਾ ਸੱਚ ਨੂੰ ਸਾਥੀ ਬਣਾ ਲਿਆ ਜਾਵੇ। ਸੱਚ ਨੂੰ ਕਿਹਾ ਤਾਂ ਉਸ ਨੇ ਇਹ ਆਖ ਕੇ ਜਵਾਬ ਦੇ ਦਿੱਤਾ ਕਿ ਭਰਾਵਾ, ਤੇਰਾ ਮੇਰਾ ਮੇਲ ਕਾਹਦਾ? ਨਾਲੇ ਮੈਨੂੰ ਕਿਸੇ ਤੀਰਥ ‘ਤੇ ਜਾਣ ਦੀ ਲੋੜ ਈ ਕੋਈ ਨਹੀਂ। ਮੈਂ ਤਾਂ ਜਿਹੋ ਜਿਹਾ ਅੰਦਰੋਂ ਹਾਂ, ਤਿਹੋ-ਜਿਹਾ ਬਾਹਰੋਂ। ਦਿਨ ਦੇਸਿਆਂ ‘ਤੇ ਨਦੀਆਂ ‘ਚ ਡੋਬੇ ਲਾਉਣ ਦੀ ਲੋੜ ਤਾਂ ਉਨ੍ਹਾਂ ਨੂੰ ਹੈ ਜੋ ਤੇਰੀਆਂ ਕਮਾਈਆਂ ਖਾਂਦੇ ਹਨ।
ਸੱਚ ਦੀ ਮੂੰਹ-ਫੱਟ ਗੱਲ ਸੁਣ ਕੇ ਝੂਠ ਨੂੰ ਕੈੜ ਚੜ੍ਹ ਗਈ। ਮਨ ਹੀ ਮਨ ਵਿਉਂਤ ਬਣਾਉਂਦਿਆਂ ਸੋਚਣ ਲੱਗਾ, ‘ਬੱਚੂ, ਇਕ ਵਾਰ ਚੱਲ ਸਹੀ ਮੇਰੇ ਨਾਲ, ਤੂੰ ਵੀ ਸਾਰੀ ਉਮਰ ਯਾਦ ਕਰੇਂਗਾ ਕਿ ਝੂਠ ਮੋਹਰੇ ਬੋਲਿਆ ਸੱਚ ਕਿੰਨਾ ਮਹਿੰਗਾ ਪੈਂਦਾ ਹੈ।’ ਉਸ ਨੂੰ ਗੁੱਸਾ ਤਾਂ ਬਹੁਤ ਚੜ੍ਹਿਆ ਪਰ ਮੀਸਣਾ ਜਿਹਾ ਬਣ ਕੇ ਸੱਚ ਦੇ ਖਹਿੜੇ ਪਿਆ ਰਿਹਾ, ਜਦ ਤੱਕ ਉਹ ਉਸ ਦੇ ਨਾਲ ਮੇਲੇ ‘ਤੇ ਜਾਣ ਲਈ ਤਿਆਰ ਨਾ ਹੋ ਗਿਆ।
ਖੈਰ, ਪਵਿੱਤਰ ਨਦੀ ‘ਤੇ ਪਹੁੰਚ ਕੇ ਝੂਠ ਨੇ ਕੰਢੇ ‘ਤੇ ਆਪਣੇ ਵਸਤਰ ਉਤਾਰੇ ਅਤੇ ਪਾਣੀ ‘ਚ ਵੜ ਕੇ ਮਲ-ਮਲ ਨਹਾਉਣ ਲੱਗ ਪਿਆ। ਉਸ ਨੂੰ ਉਚੀ-ਉਚੀ ਮੰਤਰ ਪੜ੍ਹਦੇ ਨੂੰ ਦੇਖ ਕੇ ਸੱਚ ਨੂੰ ਹਾਸਾ ਆਈ ਜਾਵੇ। ਝੂਠ ਨੇ ਮਨ ਵਿਚ ਬਣਾਈ ਸਕੀਮ ਸਿਰੇ ਚਾੜ੍ਹਨ ਲਈ ਕੰਢੇ ‘ਤੇ ਖੜ੍ਹੇ ਸੱਚ ਨੂੰ ਆਖਿਆ,
“ਮਹਾਂਪੁਰਖਾ, ਮੰਨਿਆ ਕਿ ਤੈਨੂੰ ਕਿਸੇ ਕਰਮ-ਧਰਮ ਦੀ ਲੋੜ ਨਹੀਂ ਹੈ ਪਰ ਹੁਣ ਜੇ ਇਸ ਪਵਿੱਤਰ ਅਸਥਾਨ ‘ਤੇ ਆਇਆ ਈ ਐਂ ਤਾਂ ਇਸ਼ਨਾਨ ਕਰਨ ‘ਚ ਕੀ ਹਰਜ ਐ।” ਝੂਠ ਦੇ ਕਹੇ-ਕਹਾਏ ਸੱਚ ਨੇ ਕੱਪੜੇ ਲਾਹੇ ਤੇ ਵਗਦੇ ਪਾਣੀ ‘ਚ ਜਾ ਵੜਿਆ। ਲਉ ਜੀ, ਜਿਉਂ ਹੀ ਸੱਚ ਨੇ ਪਾਣੀ ‘ਚ ਡੁਬਕੀ ਲਾਈ, ਝੂਠ ਫਟਾ-ਫਟ ਬਾਹਰ ਨਿਕਲਿਆ ਤੇ ਆਪਣੇ ਕੱਪੜੇ ਪਾਉਣ ਦੀ ਬਜਾਏ ਸੱਚ ਦੇ ਵਸਤਰ ਪਹਿਨਣ ਲੱਗ ਪਿਆ। ਸੱਚ ਨੇ ਬਥੇਰਾ ਹੋ-ਹੱਲਾ ਮਚਾਇਆ ਪਰ ਝੂਠ ਨੇ ਉਹਦੀ ਇਕ ਨਾ ਸੁਣੀ। ਝੂਠ ਬੀਬਾ ਰਾਣਾ ਬਣ ਕੇ ਘੁੰਮਣ ਲੱਗ ਪਿਆ। ਇਹ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਸੱਚ ਆਪਣਾ ਨੰਗੇਜ਼ ਢਕਣ ਲਈ ਝੂਠ ਦੇ ਕੱਪੜੇ ਪਹਿਨ ਲੈਂਦਾ। ਸੋ, ਸੱਚ ਨੇ ਝੂਠ ਕੋਲੋਂ ਆਪਣੇ ਕੱਪੜੇ ਲੈਣ ਲਈ ਸੱਥਾਂ/ਪੰਚਾਇਤਾਂ ਕੀਤੀਆਂ, ਉਸ ਧਾਰਮਿਕ ਅਸਥਾਨ ਦਾ ਵਾਸਤਾ ਪਾਇਆ; ਲੇਕਿਨ ਝੂਠ ਨੇ ਪੈਰਾਂ ‘ਤੇ ਪਾਣੀ ਨਾ ਪੈਣ ਦਿੱਤਾ। ਸੰਘ ਪਾੜ-ਪਾੜ ਇਹੀ ਕਹੀ ਜਾਵੇ ਕਿ ਨਹਾਉਣ ਤੋਂ ਬਾਅਦ ਮੈਂ ਤਾਂ ਭਾਈ ਆਪਣੇ ਹੀ ਕੱਪੜੇ ਪਹਿਨੇ ਹਨ। ਮੈਨੂੰ ਕੀ ਲੋੜ ਸੀ ਕਿਸੇ ਦਾ ਉਤਾਰ ਪਾਉਣ ਦੀ?
ਬੱਸ, ਉਦੋਂ ਤੋਂ ਲੈ ਕੇ ਹੁਣ ਤੱਕ ਸੱਚ ਦਾ ਪਹਿਰਾਵਾ ਪਹਿਨਿਆ ਹੋਇਆ ਹੋਣ ਕਰ ਕੇ ਝੂਠ ਸਾਰੀ ਦੁਨੀਆਂ ਨੂੰ ਭਾਉਂਦਾ ਹੈ; ਲੇਕਿਨ ਨੰਗਾ ਘੁੰਮਦਾ ਹੋਣ ਕਰ ਕੇ ਸੱਚ ਨੂੰ ਦੁਰਕਾਰਿਆ ਜਾਂਦਾ ਹੈ। ਝੂਠ ਨੂੰ ਸਾਰੇ ਥਾਂਈਂ ਹੱਥੀਂ ਛਾਂਵਾਂ ‘ਜੀ ਆਇਆਂ ਨੂੰ’ ਆਖਦਿਆਂ ਸਵਾਗਤ ਕੀਤਾ ਜਾਂਦਾ ਹੈ ਪਰ ਸੱਚ ਨੂੰ ਪਾਗਲ, ਮੂਰਖ ਕਹਿ ਕੇ ਉਹਦਾ ਮਜ਼ਾਕ ਉੜਾਇਆ ਜਾਂਦਾ ਹੈ। ਸੱਚ ਵਿਚਾਰਾæææ! ‘ਸੱਚੇ ਨੂੰ ਕਰੇ ਝੂਠਾ, ਝੂਠੇ ਨੂੰ ਕਰੇ ਸੱਚਾ, ਹਰ ਖਚਰੇ ਬੰਦੇ ਨੂੰ ਹਾਸਿਲ ਇਹ ਮੁਹਾਰਤ ਹੈ।’
ਦੋਹਾਂ ਹਸਤੀਆਂ ਦੀ ਟੱਕਰ ਨਿਰੰਤਰ ਚਲਦੀ ਆ ਰਹੀ ਹੈ। ਦਾਅ ਲਾਉਣ ਵਾਂਗ ਕਦੇ-ਕਦੇ ਸੱਚ ਆਪਣਾ ਜਲਵਾ ਦਿਖਾ ਹੀ ਦਿੰਦਾ ਹੈ; ਭਾਵੇਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਔਰੰਗਜ਼ੇਬ ਦੀ ਧੀ ਜੇਬ-ਉਲ-ਨਿਸਾ ਨੇ ਵਿਅੰਗਮਈ ਅੰਦਾਜ਼ ਨਾਲ ਭੋਰਾ ਕੁ ਜਿੰਨਾ ਸੱਚ ਬੋਲਿਆ ਸੀ, ਵਿਚਾਰੀ ਨੂੰ ਵੀਹ ਸਾਲ ਜੇਲ੍ਹ ਵਿਚ ਗੁਜ਼ਾਰਨੇ ਪਏ। ਕਹਿੰਦੇ ਨੇ, ਇਕ ਸ਼ਾਮ ਇਹ ਆਪਣੇ ਬਾਪ ਨਾਲ ਬਾਗ ਦੀ ਸੈਰ ਕਰ ਰਹੀ ਸੀ। ਕਿਸੇ ਫੁੱਲਾਂ ਲੱਦੇ ਦਰਖਤ ਦੀ ਟਾਹਣੀ ‘ਤੇ ਬੈਠੀ ਬੁਲਬੁਲ ਗਾ ਰਹੀ ਸੀ। ਕਵਿੱਤਰੀ ਜੇਬ-ਉਲ-ਨਿਸਾ ਨੇ ਬੁਲਬੁਲ ਨੂੰ ਮੁਖਾਤਿਬ ਹੋ ਕੇ ਸ਼ਿਅਰ ਆਖਿਆ ਜਿਸ ਦਾ ਭਾਵ ਅਰਥ ਸੀ, “ਨੀ ਗੁਸਤਾਖ਼ ਬੁਲਬੁਲ! ਗੀਤ ਗਾਉਣਾ ਬੰਦ ਕਰ! ਤੂੰ ਜਾਣਦੀ ਨਹੀਂ ਕਿ ਮੇਰੇ ਅੱਬਾ ਬਾਦਸ਼ਾਹ ਔਰੰਗਜ਼ੇਬ ਨੇ ਗੀਤ-ਸੰਗੀਤ ਨੂੰ ‘ਮਕਰੂਹ’ ਦੱਸਦਿਆਂ ਇਸ ‘ਤੇ ਪਾਬੰਦੀ ਲਾਈ ਹੋਈ ਹੈ।”
ਸ਼ਿਅਰ ਸੁਣ ਕੇ ਬਾਦਸ਼ਾਹ ਅੱਗ ਬਬੂਲਾ ਹੋ ਗਿਆ। ਆਪਣੀ ਸਕੀ ਧੀ ਦਾ ਵੀ ਸੱਚ ਬੋਲਿਆ ਬਰਦਾਸ਼ਤ ਨਹੀਂ ਕੀਤਾ।
ਹਮਾਤੜ-ਤਮਾਤੜ ਤਾਂ ਆਪਣੇ ਬਾਬਤ ਕਿਸੇ ਮੂੰਹੋਂ ਬੋਲਿਆ ਸੱਚ, ਔਖੇ-ਸੌਖੇ ਸੁਣ ਹੀ ਲੈਂਦੇ ਹਨ ਪਰ ਸਿਆਸੀ ਆਗੂ ਸੱਚ ਸੁਣਨਾ ਕਤੱਈ ਪਸੰਦ ਨਹੀਂ ਕਰਦੇ। ‘ਮਰ ਜਾਉ ਚਿੜੀਓ, ਜੀ ਪਉ ਚਿੜੀਉ’ ਦੇ ਮੁਹਾਵਰੇ ਮੁਤਾਬਕ ਉਨ੍ਹਾਂ ਦੀ ਹਮੇਸ਼ਾ ਇਹ ਚਾਹਤ ਰਹਿੰਦੀ ਹੈ ਕਿ ਸਾਡੇ ਕਹੇ ਤੋਂ ਚਿੜੀਆਂ ਮਰ ਜਾਣ, ਕਹੇ ਤੋਂ ਜੀ ਪੈਣ। ਸਾਡੇ ਮਗਰ ਲੱਗ ਕੇ ਪਰਜਾ ਰਾਤ ਨੂੰ ਦਿਨ ਕਹੇ ਅਤੇ ਦਿਨ ਨੂੰ ਰਾਤ। ਲੋਕ ਰਾਜ ਦੇ ਉਹਲਿਆਂ ਹੇਠ ਅਜੋਕੇ ਲੀਡਰ ਕਿਉਂਕਿ ਔਰੰਗਜ਼ੇਬ ਹੀ ਬਣੇ ਹੋਏ ਹਨ, ਇਸ ਕਰ ਕੇ ਉਹ ਕਿਸੇ ਮੂੰਹੋਂ ਸੱਚ ਸੁਣ ਕੇ ਉਹਦੇ ਵਾਂਗ ਹੀ ਅੱਗ ਭਬੂਕੇ ਹੋ ਜਾਂਦੇ ਹਨ।
ਸੱਚ ਬਾਰੇ ਇਉਂ ਵੀ ਮੰਨਿਆ ਜਾਂਦਾ ਹੈ ਕਿ ਇਹ ਸੌ ਪਰਦੇ ਪਾੜ ਕੇ ਵੀ ਬਾਹਰ ਆ ਜਾਂਦਾ ਹੈ। ਅਜਿਹਾ ਅਮਲ ਬੀਤੇ ਦਿਨੀਂ ਮੋਗਾ ਸ਼ਹਿਰ ਵਿਖੇ ਦੇਖਣ ਨੂੰ ਮਿਲਿਆ। ਸਾਰੇ ਜਾਣਦੇ ਨੇ ਕਿ ਉਥੋਂ ਦੇ ਕਾਂਗਰਸੀ ਵਿਧਾਨਕਾਰ ਜਗਿੰਦਰਪਾਲ ਜੈਨ ਨੂੰ ਮੁਕੱਦਮਿਆਂ ਦਾ ਡਰਾਵਾ ਅਤੇ ਲਾਲਚ ਦੇ ਕੇ ‘ਅਕਾਲੀ’ ਬਣਾ ਲਿਆ ਗਿਆ। ਉਸ ਨੂੰ ਬਤੌਰ ‘ਅਕਾਲੀ ਵਿਧਾਨਕਾਰ’ ਜਿਤਾਉਣ ਲਈ ਉਥੇ ਹਰ ਹੀਲਾ ਵਰਤਿਆ ਗਿਆ। ਚੰਡੀਗੜ੍ਹੋਂ ਛਪਦੀ ਇਕ ਪੰਜਾਬੀ ਅਖਬਾਰ ਦੇ 21 ਫਰਵਰੀ 2013 ਵਾਲੇ ਅੰਕ ਅਨੁਸਾਰ ‘ਮੋਗਾ ਬਾਰ ਐਸੋਸੀਏਸ਼ਨ’ ਨੇ ਸ਼ਾਨਦਾਰ ਇਕੱਠ ਕਰ ਕੇ ਸੁਖਬੀਰ ਬਾਦਲ ਨੂੰ ਬੁਲਾਇਆ। ਆਪਣੇ ਸਟਾਈਲ ਮੁਤਾਬਕ ਸੁਖਬੀਰ ਬਾਦਲ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ‘ਹੁਣ ਅਸੀਂ ਮੋਗਾ ਸ਼ਹਿਰ ਦੀ ਕਾਇਆ-ਕਲਪ ਕਰ ਦੇਣੀ ਹੈ, ਗਲੀਆਂ-ਨਾਲੀਆਂ ਦਾ ਗੰਦ-ਮੰਦ ਸਾਫ਼ ਕਰ ਕੇ ਵਿਕਾਸ ਦੀ ਹਨੇਰੀ ਲਿਆ ਦੇਣੀ ਹੈ।’
ਇਸ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਸੁਨੀਲ ਗਰਗ ਨੇ ਤਾਂ ਆਮ ਵਾਂਗ ਚਿਕਨੀਆਂ-ਚੋਪੜੀਆਂ ਗੱਲਾਂ ਕਰ ਕੇ ਸੁਖਬੀਰ ਬਾਦਲ ਨੂੰ ਇਕ-ਇਕ ਵੋਟ ਪਾਉਣ ਦਾ ਭਰੋਸਾ ਦੇ ਦਿੱਤਾ; ਲੇਕਿਨ ਉਸੇ ਵੇਲੇ ਸੱਚ ਨੰਗਾ ਹੀ ਕਿਧਰੋਂ ਆ ਧਮਿਕਆ। ਕਹਿੰਦੇ ਨੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੱਟੜ ਅਕਾਲੀ ਸਮਰਥਕ ਸ਼ ਨਰਿੰਦਰ ਸਿੰਘ ਚਾਹਲ ਨੇ ਦੋ ਮਿੰਟ ਦਾ ਸਮਾਂ ਲੈ ਕੇ ਇਉਂ ਬੋਲਣਾ ਸ਼ੁਰੂ ਕੀਤਾ, “ਬਾਦਲ ਸਾ’ਬ ਜੀ, ਮੰਨਿਆ ਕਿ ਤੁਸੀਂ ਮੋਗੇ ਦੀਆਂ ਗਲੀਆਂ-ਨਾਲੀਆਂ ਦਾ ਗੰਦ-ਮੰਦ ਸਾਫ਼ ਕਰ ਦਿਉਂਗੇ, ਪਰ ਜਿਹੜਾ ਉਮੀਦਵਾਰ ਤੁਸੀਂ ਸਾਡੇ ਸਿਰ ‘ਤੇ ਬਹਾਉਣ ਜਾ ਰਹੇ ਹੋ, ਉਹਦੇ ਕਿਰਦਾਰ ਬਾਰੇ ਸਾਰਾ ਇਲਾਕਾ ਅਤੇ ਤੁਸੀਂ ਚੰਗੀ ਤਰ੍ਹਾਂ ਜਾਣੂੰ ਹੋ, ਕਿਉਂਕਿ ਕੁਝ ਮਹੀਨੇ ਪਹਿਲਾਂ ਹੀ ਤੁਸੀਂ ਇਸ ਨੂੰ ਕੌਮਾਂਤਰੀ ਸਮਗਲਰ ਅਤੇ ਅਪਰਾਧੀ ਗਰਦਾਨਿਆ ਸੀ। ਹਾਲੇ ਤੱਕ ਵੀ ਇਹਦੇ ਉਤੇ ਦਸ ਕੁ ਅਪਰਾਧਕ ਕੇਸ ਚੱਲ ਰਹੇ ਨੇ, ਪਰ ਹੁਣ ਤੁਸੀਂ ਇਸ ਨੂੰ ‘ਹੀਰਾ’ ਦੱਸ ਰਹੇ ਹੋ, ਅਜਿਹਾ ਕਰ ਕੇ ਤੁਸੀਂ ਆਪਣੇ ਹੀ ਕੀਤੇ ਹੋਏ ਐਲਾਨਾਂ ਦੀ ਮਿੱਟੀ ਪਲੀਤ ਨਹੀਂ ਕਰ ਰਹੇ ਹੋ? ਸ੍ਰੀਮਾਨ ਜੀ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅੰਮ੍ਰਿਤਸਰ ਵਿਚ ਰਾਣਾ ਨਾਂ ਦੇ ਇਕ ਅਕਾਲੀ ਆਗੂ ਨੇ ਏæਐਸ਼ਆਈæ ਦਾ ਕਤਲ ਕਰ ਦਿੱਤਾ ਸੀ, ਤਦ ਤੁਸੀਂ ਖੁਦ ਇਹ ਐਲਾਨ ਕੀਤਾ ਸੀ ਕਿ ਭਵਿੱਖ ਵਿਚ ਕਿਸੇ ਵਿਅਕਤੀ ਨੂੰ ਬਾਦਲ ਦਲ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਉਸ ਦੇ ਪਿਛੋਕੜ ਦੀ ਪੂਰੀ ਛਾਣ-ਬੀਣ ਕੀਤੀ ਜਾਇਆ ਕਰੇਗੀ; ਪਰ ਜੈਨ ਦੇ ਮਾਮਲੇ ਵਿਚ ਸਭ ਕੁਝ ਪਤਾ ਹੁੰਦਿਆਂ ਤੁਸੀਂ ਉਸ ਨੂੰ ਕੇਵਲ ‘ਦਲ’ ਵਿਚ ਸ਼ਾਮਲ ਹੀ ਨਹੀਂ ਕਰਿਆ, ਸਗੋਂ ਐਮæਐਲ਼ਏæ ਬਣਾਉਣ ਜਾ ਰਹੇ ਹੋ।”
ਇਸ ਮੌਕੇ ਸ਼ ਚਾਹਲ ਨੇ ਇਹ ਵੀ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਜੀ, ਸਥਾਨਕ ਵਰਕਰਾਂ ਅਤੇ ਆਗੂਆਂ ਉਤੇ ਆਪਣੀ ਅਵਾਜ਼ ਥੋਪੋ ਨਾ, ਸਥਾਨਕ ਲੋਕਾਂ ਦੀ ਚੁੱਪ ਦੇ ਅਰਥਾਂ ਦਾ ਮਤਲਬ ਸਮਝੋ। ਖਬਰ ਅਨੁਸਾਰ ਇਸ ਮੌਕੇ ‘ਭਰੋਸੇਮੰਦ ਚਮਚਾਗਿਰੀ’ ਦਾ ਸਬੂਤ ਦਿੰਦਿਆਂ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਈਕ ਦੀ ਤਾਰ ਕੱਟ ਦਿੱਤੀ। ਇਹੀ ਚੰਦੂਮਾਜਰਾ ਸੰਨ 2002 ਵਿਚ ਬਾਦਲ ਦਲ ਤੋਂ ਮੇਰੇ ਬਾਗੀ ਹੋਣ ਦੀ ਖਬਰ ਸੁਣ ਕੇ ਐਨੇ ਹੁੱਬੇ ਸਨ ਕਿ ਮੈਨੂੰ ਵਧਾਈਆਂ ਦੇਣ ਲਈ ਮੇਰੇ ਘਰੇ ਚੱਲ ਕੇ ਆਏ ਸਨ।
ਮੋਗੇ ਦੇ ਵਕੀਲਾਂ ਦੇ ਇਸ ਇਕੱਠ ਵਿਚ ਸ਼ ਚਾਹਲ ਵੱਲੋਂ ਕਹੀਆਂ ਗਈਆਂ ਖਰੀਆਂ-ਖਰੀਆਂ ਗੱਲਾਂ ਪਾਰਟੀ ਆਗੂਆਂ ਨੂੰ ਮਿਰਚਾਂ ਵਾਂਗ ਕੌੜੀਆਂ ਲੱਗੀਆਂ ਹੋਣਗੀਆਂ ਪਰ ਹਾਜ਼ਰੀਨ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਸ਼ ਚਾਹਲ ਵੱਲੋਂ ਬੋਲੇ ਗਏ ਸੱਚ ਦੀ ਭਰਪੂਰ ਵਜਾਹਤ ਕੀਤੀ। ਦਰ-ਹਕੀਕਤ ਲੋਕੀਂ ਲੀਡਰਾਂ ਵੱਲੋਂ ਦਿੱਤਾ ਜਾ ਰਿਹਾ ਗੁੜ ਖਾ-ਖਾ ਕੇ ਅੱਕ ਗਏ ਹਨ, ਅਖੀਰ ਮਿੱਠਾ ਖਾਣ ਦੀ ਵੀ ਕੋਈ ਹੱਦ ਹੁੰਦੀ ਹੈ!

Be the first to comment

Leave a Reply

Your email address will not be published.