ਵਾਦੀ ਵਿਚ ਫੌਜੀ ਕੈਂਪਾਂ ‘ਤੇ ਅਤਿਵਾਦੀ ਹਮਲੇ

ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਇਕ ਹਫਤੇ ਦੌਰਾਨ ਫੌਜੀ ਕੈਂਪਾਂ ‘ਤੇ ਤਿੰਨ ਅਤਿਵਾਦੀ ਹਮਲਿਆਂ ਨੇ ਵਾਦੀ ਵਿਚ ਅਤਿਵਾਦ ਦੇ ਸਫਾਏ ਦੇ ਦਾਅਵੇ ਕਰਨ ਵਾਲੀ ਨਰੇਂਦਰ ਮੋਦੀ ਸਰਕਾਰ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਸੁੰਜਵਾਂ ਇਲਾਕੇ ਵਿਚ ਫੌਜੀ ਕੈਂਪ ‘ਤੇ ਹਮਲੇ ਦੇ ਸਿਰਫ ਦੋ ਦਿਨ ਮਗਰੋਂ ਸ੍ਰੀਨਗਰ ਦੇ ਕਰਨ ਨਗਰ ਇਲਾਕੇ ਵਿਚ ਅਤਿਵਾਦੀਆਂ ਨੇ ਸੀ.ਆਰ.ਪੀ.ਐਫ਼ ਕੈਂਪ ਨੂੰ ਨਿਸ਼ਾਨਾ ਬਣਾ ਦਿੱਤਾ।

ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਹੋਏ ਮੁਕਾਬਲੇ ਵਿਚ ਨੀਮ ਫੌਜ ਬਲ ਦਾ ਇਕ ਜਵਾਨ ਹਲਾਕ ਹੋ ਗਿਆ। ਦੋ ਅਤਿਵਾਦੀਆਂ ਨੇ ਤੜਕੇ ਸਾਢੇ ਚਾਰ ਵਜੇ ਸੀ.ਆਰ.ਪੀ.ਐਫ਼ ਦੇ ਸਦਰਮੁਕਾਮ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਨਾਕਾਮ ਰਹਿਣ ਮਗਰੋਂ ਉਹ ਨੇੜਲੇ ਇਕ ਮਕਾਨ ਵਿਚ ਵੜ ਗਏ। ਫੌਜ ਦਾ ਦਾਅਵਾ ਹੈ ਕਿ ਅਤਿਵਾਦੀ ਸ੍ਰੀਨਗਰ ਵਿਚ ਹੋਈ ਸੱਜਰੀ ਬਰਫਬਾਰੀ ਦਾ ਲਾਹਾ ਲੈਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਸੁੰਜਵਾਂ ਇਲਾਕੇ ਵਿਚ ਫੌਜੀ ਕੈਂਪ ‘ਤੇ ਦਹਿਸ਼ਤੀ ਹਮਲੇ ਦੌਰਾਨ ਛੇ ਜਵਾਨ ਮਾਰੇ ਗਏ ਸਨ।
ਇਸ ਹਮਲੇ ਵਿਚ ਫੌਜ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਸ਼ੱਕੀ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਫ਼ੌਜ ਦੇ ਤਰਜਮਾਨ ਨੇ ਕਿਹਾ ਕਿ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਦੀ 36 ਬ੍ਰਿਗੇਡ ਦੇ ਕੈਂਪ ‘ਤੇ ਦਹਿਸ਼ਤੀ ਹਮਲੇ ਦੌਰਾਨ ਦੋ ਜੂਨੀਅਰ ਕਮਿਸ਼ਨਡ ਅਫਸਰਾਂ (ਜੇ.ਸੀ.ਓਜ਼.) ਸਮੇਤ ਪੰਜ ਜਵਾਨ ਅਤੇ ਇਕ ਜਵਾਨ ਦਾ ਪਿਤਾ ਹਲਾਕ ਹੋਏ ਹਨ। ਮ੍ਰਿਤਕਾਂ ‘ਚ ਸੂਬੇਦਾਰ ਮਦਨ ਲਾਲ ਚੌਧਰੀ, ਸੂਬੇਦਾਰ ਮੁਹੰਮਦ ਅਸ਼ਰਫ ਮੀਰ, ਹੌਲਦਾਰ ਹਬੀਬ-ਉਲ੍ਹਾ ਕੁਰੈਸ਼ੀ, ਨਾਇਕ ਮਨਜ਼ੂਰ ਅਹਿਮਦ, ਲਾਂਸ ਨਾਇਕ ਮੁਹੰਮਦ ਇਕਬਾਲ ਅਤੇ ਉਸ ਦਾ ਪਿਤਾ ਸ਼ਾਮਲ ਹਨ।
ਸੂਬੇਦਾਰ ਮਦਨ ਲਾਲ ਨੇ ਮਾਰੂ ਹਥਿਆਰਾਂ ਨਾਲ ਲੈਸ ਖਤਰਨਾਕ ਅਤਿਵਾਦੀਆਂ ਦਾ ਖਾਲੀ ਹੱਥ ਮੁਕਾਬਲਾ ਕਰਦਿਆਂ ਸੈਂਕੜੇ ਗੋਲੀਆਂ ਆਪਣੇ ਸੀਨੇ ‘ਤੇ ਖਾਦੀਆਂ ਤੇ ਆਪਣੀ ਜਾਨ ਦੇ ਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਬਚਾ ਲਿਆ। ਅਤਿਵਾਦੀਆਂ ਨੇ ਜੰਮੂ ਦੇ ਸੁੰਜਵਾਂ ਫੌਜੀ ਕੈਂਪ ਵਿਚ ਹਮਲਾ ਕੀਤਾ ਸੀ। ਅਤਿਵਾਦੀਆਂ ਨੇ ਵਧ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਸੂਬੇਦਾਰ ਮਦਨ ਲਾਲ ਚੌਧਰੀ (50) ਦੇ ਕੁਆਰਟਰ ਨੂੰ ਨਿਸ਼ਾਨਾ ਬਣਾਉਂਦਿਆਂ ਏਕੇ 47 ਦੀਆਂ ਗੋਲੀਆਂ ਦੀ ਵਾਛੜ ਕਰ ਦਿੱਤੀ ਪਰ ਸੂਬੇਦਾਰ ਮਦਨ ਲਾਲ ਉਨ੍ਹਾਂ ਦੇ ਅੱਗੇ ਆ ਗਿਆ ਅਤੇ ਅਤਿਵਾਦੀਆਂ ਦੀ ਯੋਜਨਾ ਅਸਫਲ ਕਰ ਦਿੱਤੀ। ਮਦਨ ਲਾਲ ਦੇ ਪਰਿਵਾਰ ਦੇ ਕੁਝ ਜੀਅ ਰਿਸ਼ਤੇਦਾਰ ਦੇ ਵਿਆਹ ਲਈ ਖਰੀਦਦਾਰੀ ਕਰਨ ਗਏ ਹੋਏ ਸੀ।
ਉਸ ਦੇ ਵੱਡੇ ਭਰਾ ਸੁਰਿੰਦਰ ਚੌਧਰੀ ਨੇ ਦੱਸਿਆ ਕਿ ਉਸ ਦੇ ਭਰਾ ਨੇ ਬਹੁਤ ਹਿੰਮਤ ਦਿਖਾਈ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੀ ਜ਼ਿੰਦਗੀ ਬਚਾ ਲਈ। ਉਸ ਨੇ ਬਹੁਤ ਸਿਆਣਪ ਨਾਲ ਕੰਮ ਲਿਆ ਅਤੇ ਅਤਿਵਾਦੀਆਂ ਨੂੰ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਉਸ ਦੇ ਭਰਾ ਨੇ ਪਰਿਵਾਰ ਨੂੰ ਪਿੱਛੋਂ ਬਾਹਰ ਕੱਢ ਦਿੱਤਾ ਅਤੇ ਅਤਿਵਾਦੀਆਂ ਦਾ ਰਾਹ ਰੋਕ ਲਿਆ। ਉਨ੍ਹਾਂ ਦੱਸਿਆ ਕਿ ਮਦਨ ਦੀ 20 ਸਾਲ ਦੀ ਲੜਕੀ ਦੇ ਪੈਰ ਵਿਚ ਗੋਲੀ ਜਦੋਂ ਕਿ ਉਸ ਦੀ ਸਾਲੀ ਪਰਮਜੀਤ ਕੌਰ ਨੂੰ ਹਲਕੀ ਸੱਟ ਲੱਗੀ ਹੈ ਪਰ ਸਾਰਿਆਂ ਦਾ ਬਚਾਅ ਹੋ ਗਿਆ।
_______________________
ਆਰ.ਐਸ਼ਐਸ਼ ਬਾਰੇ ਫੜ੍ਹ ਮਾਰ ਕੇ ਘਿਰਿਆ ਭਾਗਵਤ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰ.ਐਸ਼ਐਸ਼ ਮੁਖੀ ਮੋਹਨ ਭਾਗਵਤ ‘ਤੇ ਮੁਲਕ ਲਈ ਜਾਨਾਂ ਵਾਰਨ ਵਾਲਿਆਂ ਦਾ ਅਪਮਾਨ ਕਰਨ ਦੇ ਦੋਸ਼ ਲਾਏ ਹਨ। ਭਾਗਵਤ ਵੱਲੋਂ ਵਿਵਾਦਤ ਬਿਆਨ ਦਿੱਤਾ ਗਿਆ ਸੀ ਕਿ ਆਰ.ਐਸ਼ਐਸ਼ ਫੌਜ ਨਾਲੋਂ ਕਿਤੇ ਵਧ ਤੇਜ਼ੀ ਨਾਲ ਜਵਾਨ ਤਿਆਰ ਕਰ ਸਕਦੀ ਹੈ।
ਆਰ.ਐਸ਼ਐਸ਼ ਮੁਖੀ ਕੋਲੋਂ ਮੁਆਫੀ ਦੀ ਮੰਗ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਹਰੇਕ ਭਾਰਤੀ ਦਾ ਅਪਮਾਨ ਹੈ। ਮਾਮਲਾ ਭਖਦਾ ਵੇਖ ਆਰ.ਐਸ਼ਐਸ਼ ਨੇ ਸਫਾਈ ਦਿੱਤੀ ਕਿ ਮੋਹਨ ਭਾਗਵਤ ਨੇ ਭਾਰਤੀ ਫੌਜ ਦੀ ਤੁਲਨਾ ਸੰਘ ਦੇ ਵਾਲੰਟੀਅਰਜ਼ ਨਾਲ ਨਹੀਂ ਕੀਤੀ ਸੀ ਅਤੇ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਲਿਆ ਗਿਆ।
__________________________
ਮਹਿਬੂਬਾ ਵੱਲੋਂ ਪਾਕਿ ਨਾਲ ਵਾਰਤਾ ਦੀ ਵਕਾਲਤ
ਜੰਮੂ: ਸ੍ਰੀਨਗਰ ਵਿਚ ਜਦੋਂ ਸੁਰੱਖਿਆ ਬਲ ਦਹਿਸ਼ਤਗਰਦਾਂ ਨਾਲ ਜੂਝ ਰਹੇ ਹਨ ਤਾਂ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਸ਼ਾਂਤ ਸੂਬੇ ‘ਚ ਹਿੰਸਾ ਦੇ ਖਾਤਮੇ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੇ ਨਵੇਂ ਦੌਰ ਦੀ ਵਕਾਲਤ ਕੀਤੀ ਹੈ। ਕੁਝ ਮੀਡੀਆ ਘਰਾਣਿਆਂ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹ ਅਜਿਹਾ ਮਾਹੌਲ ਤਿਆਰ ਕਰ ਰਹੇ ਹਨ ਜਿਸ ਨਾਲ ਵਾਰਤਾ ਨੂੰ ਰਾਸ਼ਟਰ ਵਿਰੋਧੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ (ਕਸ਼ਮੀਰੀ) ਵਾਰਤਾ ਬਾਰੇ ਗੱਲ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ? Ḕਨਾ ਕੋਈ ਬਿਹਾਰੀ ਅਤੇ ਨਾ ਹੀ ਪੰਜਾਬੀ ਸ਼ਾਂਤੀ ਲਈ ਵਾਰਤਾ ਕਰਨ ਦੀ ਗੱਲ ਆਖੇਗਾ।’