ਸੁਪਰੀਮ ਕੋਰਟ ਨੇ ਬਾਬਰੀ ਕੇਸ ਨੂੰ ਦੱਸਿਆ ਜ਼ਮੀਨੀ ਵਿਵਾਦ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਧਾਰਮਿਕ ਬਹਿਸ ਵਿਚ ਪੈਣ ਤੋਂ ਇਨਕਾਰ ਕਰਦਿਆਂ ਸਪੱਸ਼ਟ ਕਰ ਦਿੱਤਾ ਕਿ ਸਿਆਸਤ ਪੱਖੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਨਿਰਾ Ḕਜ਼ਮੀਨੀ ਵਿਵਾਦ’ ਹੈ ਅਤੇ ਇਸ ਦਾ ਨਿਬੇੜਾ ਆਮ ਕੇਸਾਂ ਵਾਂਗ ਕੀਤਾ ਜਾਵੇਗਾ। ਜਦੋਂ ਇਕ ਵਕੀਲ ਨੇ ਮਾਮਲੇ ਵਿਚ ਦਖਲ ਦਿੰਦਿਆਂ ਕਿਹਾ ਕਿ ਇਸ ਕੇਸ ਵਿਚ 100 ਕਰੋੜ ਹਿੰਦੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤਾਂ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ ਨੇ ਆਖਿਆ ਕਿ ਉਹ ਇਸ ਮਾਮਲੇ ਨੂੰ ਸਿਰਫ ਜ਼ਮੀਨੀ ਵਿਵਾਦ ਵਜੋਂ ਹੀ ਲੈ ਰਹੇ ਹਨ।

ਬੈਂਚ ਨੇ ਅਲਾਹਾਬਾਦ ਹਾਈ ਕੋਰਟ ‘ਚ ਧਿਰ ਨਾ ਬਣਨ ਵਾਲਿਆਂ ਦੀਆਂ ਸਾਰੀਆਂ ਅਰਜ਼ੀਆਂ ਨੂੰ ਬਕਾਇਆ ਰੱਖ ਲਿਆ ਹੈ। ਬੈਂਚ ਨੇ ਕਿਹਾ ਕਿ ਉਹ ਇਨ੍ਹਾਂ ਅਰਜ਼ੀਆਂ ਨੂੰ ਖਾਰਜ ਨਹੀਂ ਕਰ ਰਹੇ ਅਤੇ ਇਨ੍ਹਾਂ ਉਤੇ ਸੁਣਵਾਈ ਢੁਕਵੇਂ ਸਮੇਂ ਉਪਰ ਕੀਤੀ ਜਾਵੇਗੀ। ਅਜਿਹੀ ਇਕ ਅਰਜ਼ੀ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਬੈਂਚ ਮੂਹਰੇ ਦਾਖਲ ਕੀਤੀ ਹੋਈ ਹੈ। ਰਾਮ ਜਨਮ ਭੂਮੀ ਵਿਵਾਦ ‘ਚ ਅਲਾਹਾਬਾਦ ਹਾਈ ਕੋਰਟ ਮੂਹਰੇ ਪੇਸ਼ ਹੋਈਆਂ ਸਾਰੀਆਂ ਧਿਰਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਅਪੀਲਾਂ ਦੇ ਨਾਲ ਕੇਸ ਸਬੰਧੀ ਦਸਤਾਵੇਜ਼ਾਂ ਦਾ ਤਰਜਮਾ ਅੰਗਰੇਜ਼ੀ ‘ਚ ਕਰ ਕੇ ਦੋ ਹਫਤਿਆਂ ਦੇ ਅੰਦਰ ਅੰਦਰ ਉਨ੍ਹਾਂ ਕੋਲ ਦਾਖਲ ਕਰਨ।
ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਵਿਸ਼ੇਸ਼ ਬੈਂਚ ਨੇ ਕਿਹਾ ਕਿ ਉਹ 14 ਮਾਰਚ ਨੂੰ ਅਪੀਲਾਂ ਉਤੇ ਸੁਣਵਾਈ ਕਰੇਗੀ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਕਦੇ ਵੀ ਕੇਸ ਦੀ ਸੁਣਵਾਈ ਰੋਜ਼ਾਨਾ ਆਧਾਰ ‘ਤੇ ਕਰਨ ਦੀ ਮਨਸ਼ਾ ਜ਼ਾਹਿਰ ਨਹੀਂ ਕੀਤੀ ਹੈ। ਹਾਈ ਕੋਰਟ ਦੇ ਫੈਸਲੇ ਖਿਲਾਫ਼ ਕੁੱਲ 14 ਅਪੀਲਾਂ ਦਾਖਲ ਕੀਤੀਆਂ ਗਈਆਂ ਹਨ ਜਿਨ੍ਹਾਂ ਉਤੇ ਵਿਸ਼ੇਸ਼ ਬੈਂਚ ਵੱਲੋਂ ਸੁਣਵਾਈ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਅਲਾਹਾਬਾਦ ਹਾਈ ਕੋਰਟ ਦੀ ਤਿੰਨ ਜੱਜਾਂ ਉਤੇ ਆਧਾਰਿਤ ਬੈਂਚ ਨੇ 2010 ‘ਚ 2-1 ਦੇ ਬਹੁਮਤ ਨਾਲ ਫੈਸਲਾ ਸੁਣਾਇਆ ਸੀ ਕਿ ਵਿਵਾਦਤ ਜ਼ਮੀਨ ਤਿੰਨ ਧਿਰਾਂ- ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲੱਲਾ ਦਰਮਿਆਨ ਬਰਾਬਰ ਹਿੱਸਿਆਂ ‘ਚ ਵੰਡ ਦਿੱਤੀ ਜਾਵੇ। ਉਤਰ ਪ੍ਰਦੇਸ਼ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਵਧੀਕ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਰਾਮ ਚਰਿਤ ਮਾਨਸ, ਰਮਾਇਣ ਅਤੇ ਭਗਵਦ ਗੀਤਾ ਜਿਹੇ ਧਾਰਮਿਕ ਗ੍ਰੰਥਾਂ ਸਮੇਤ 504 ਸਬੂਤ ਅਤੇ 87 ਗਵਾਹਾਂ ਦੇ ਬਿਆਨ ਤਰਜਮਿਆਂ ਨਾਲ ਦਾਖਲ ਕੀਤੇ ਗਏ ਹਨ।
__________________
ਬਾਬਰੀ ਮਸਜਿਦ ਹਮੇਸ਼ਾ ਮਸਜਿਦ ਹੀ ਰਹੇਗੀ: ਮੁਸਲਿਮ ਬੋਰਡ
ਨਵੀਂ ਦਿੱਲੀ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਕਿਹਾ ਕਿ ਬਾਬਰੀ ਮਸਜਿਦ ਹਮੇਸ਼ਾ ਮਸਜਿਦ ਹੀ ਰਹੇਗੀ ਅਤੇ ਮੁਸਲਮਾਨ ਮਸਜਿਦ ਲਈ ਕਦੇ ਭੂਮੀ ਵਿਚ ਫੇਰਬਦਲ ਨਹੀਂ ਕਰ ਸਕਦੇ। ਬੋਰਡ ਨੇ ਆਪਣੀ 26ਵੀਂ ਮੀਟਿੰਗ ਦੇ ਅਖੀਰਲੇ ਦਿਨ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਬਰੀ ਮਸਜਿਦ ਇਸਲਾਮ ਵਿਚ ਆਸਥਾ ਦਾ ਲੋੜੀਂਦਾ ਹਿੱਸਾ ਹੈ ਅਤੇ ਮੁਸਲਮਾਨ ਮਸਜਿਦ ਨੂੰ ਕਦੇ ਛੱਡ ਨਹੀਂ ਸਕਦੇ, ਨਾ ਮਸਜਿਦ ਲਈ ਜ਼ਮੀਨ ਵਿਚ ਫੇਰਬਦਲ ਕਰ ਸਕਦੇ ਹਨ।