ਅਕਾਲੀਆਂ ਵੱਲੋਂ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀ

ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਫਾਜ਼ਿਲਕਾ ਵਿਚ ਕਿਸਾਨ ਕਰਜ਼ਾ ਮੁਆਫੀ ਅਤੇ ਹੋਰ ਮੁੱਦਿਆਂ ਸਬੰਧੀ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀ ਕੀਤੀ ਗਈ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਦੌਰਾਨ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਆਪਣੇ ਪਰਿਵਾਰ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਈ। ਇਸ ਮੌਕੇ ਲੋਕ ਭਲਾਈ ਸਕੀਮਾਂ ਸਬੰਧੀ ਕਾਂਗਰਸ ‘ਤੇ ਹਮਲੇ ਕਰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ

ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਤਾਂ ਹਥਿਆ ਲਈ, ਪਰ ਵਾਅਦੇ ਪੂਰੇ ਕਰਨ ਦੀ ਬਜਾਇ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਗਈਆਂ ਜੋ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਕੈਪਟਨ ਸਰਕਾਰ ਨੂੰ ਗਰੀਬ ਮਾਰੂ ਸਰਕਾਰ ਦਾ ਨਾਂ ਦਿੱਤਾ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਅਕਾਲੀ ਦਲ ਵੱਲੋਂ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਗ੍ਰਾਂਟਾਂ ਵੀ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਵਾਪਸ ਲੈ ਲਈਆਂ, ਜਿਸ ਕਾਰਨ ਵਿਕਾਸ ਕਾਰਜਾਂ ਨੂੰ ਬਰੇਕਾਂ ਲੱਗ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਵਾਸਤੇ ਵੀ ਫੰਡ ਨਹੀਂ ਹਨ। ਸੁਖਬੀਰ ਬਾਦਲ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਵੀ ਨਹੀਂ ਬਖਸ਼ਿਆ।
ਉਨ੍ਹਾਂ ਦੋਸ਼ ਲਾਇਆ ਕਿ ਸੁਨੀਲ ਜਾਖੜ ਨੇ ਪੁਲਿਸ ਦੀ ਮਿਲੀਭੁਗਤ ਨਾਲ ਅਕਾਲੀ ਵਰਕਰਾਂ ਉਤੇ ਝੂਠੇ ਕੇਸ ਦਰਜ ਕਰਵਾਏ ਹਨ। ਪੰਜਾਬ ਵਿਚ ਵਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਲਈ ਵੀ ਉਨ੍ਹਾਂ ਸੁਨੀਲ ਜਾਖੜ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਸ੍ਰੀ ਬਾਦਲ ਨੇ ਆਖਿਆ ਕਿ ਟਾਈਟਲਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਕਤਲੇਆਮ ਗਾਂਧੀ ਪਰਿਵਾਰ ਦੀ ਸ਼ਹਿ ਉਤੇ ਹੋਇਆ ਸੀ।
_____________________
ਸੁਖਬੀਰ ਪਹਿਲਾਂ ਦਸ ਸਾਲਾਂ ਦਾ ਹਿਸਾਬ ਦੇਣ: ਸਿੱਧੂ
ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਸ਼ੁਰੂ ਕੀਤੀ ਪੋਲ ਖੋਲ੍ਹ ਮੁਹਿੰਮ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਸੁਖਬੀਰ ਕਿਸ ਦੀ ਪੋਲ ਖੋਲ੍ਹਣ ਦੀ ਗੱਲ ਕਰ ਰਹੇ ਹਨ। ਉਹ ਤਾਂ ਆਪ ਫਟੀ ਹੋਈ ਗੇਂਦ ਵਾਂਗ ਖਿੱਲਰੇ ਹੋਏ ਹਨ। ਸਿੱਧੂ ਨੇ ਕਿਹਾ ਕਿ ਸੁਖਬੀਰ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਜਵਾਬ ਦੇਣ ਕੇ ਉਨ੍ਹਾਂ ਨੇ 10 ਸਾਲ ਪੰਜਾਬ ਲਈ ਕੀ ਕੀਤਾ। ਪੰਜਾਬ ਵਿਚ 10 ਸਾਲ ਸੱਤਾ ਵਿਚ ਰਹੇ ਲੋਕ ਹੁਣ ਸਾਡੀ ਸਰਕਾਰ ਤੋਂ 10 ਮਹੀਨਿਆਂ ਵਿਚ ਹੀ ਜਵਾਬ ਮੰਗਣ ਲੱਗ ਪਏ ਹਨ। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਤਤਪਰ ਹੈ।