ਅੰਮ੍ਰਿਤਸਰ: ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤਾ ਗਿਆ ਫੌਜੀ ਹਮਲਾ ‘ਸਾਕਾ ਨੀਲਾ ਤਾਰਾ’ ਇਕ ਸਿਆਸੀ ਫ਼ੈਸਲਾ ਸੀ ਤੇ ਤਤਕਾਲੀ ਫੌਜ ਮੁਖੀ ਨੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਸੀ। ਇਹ ਦਾਅਵਾ ਭਾਰਤੀ ਥਲ ਸੈਨਾ ਦੇ ਸਾਬਕਾ ਫ਼ੌਜ ਮੁਖੀ ਤੇ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੀ ਲੋਕ ਲਹਿਰ ਦੇ ਮੈਂਬਰ ਜਨਰਲ ਵੀæਕੇ ਸਿੰਘ ਨੇ ਕੀਤਾ ਹੈ।
ਇਥੇ ਅੰਨਾ ਹਜ਼ਾਰੇ ਵੱਲੋਂ 31 ਮਾਰਚ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾ ਰਹੀ ਭਾਰਤ ਯਾਤਰਾ ਬਾਰੇ ਸਥਾਨਕ ਆਗੂਆਂ ਨਾਲ ਤਾਲਮੇਲ ਲਈ ਆਏ ਜਨਰਲ ਵੀæਕੇæ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਵੀ ਟੇਕਿਆ। ਜਨਰਲ ਵੀæਕੇæ ਸਿੰਘ ਭਾਵੇਂ ਉਸ ਵੇਲੇ ਭਾਰਤੀ ਫ਼ੌਜ ਵਿਚ ਮੇਜਰ ਦੇ ਅਹੁਦੇ ‘ਤੇ ਤਾਇਨਾਤ ਸਨ ਪਰ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਤਤਕਾਲੀ ਫੌਜੀ ਮੁਖੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜੀ ਹਮਲਾ ਕਰਨ ਦੇ ਸਿਆਸੀ ਫੈਸਲੇ ਨਾਲ ਆਪਣੀ ਅਸਹਿਮਤੀ ਪ੍ਰਗਟਾਈ ਸੀ ਪਰ ਉਹ ਨੌਕਰੀ ਦੌਰਾਨ ਇਸ ਹੁਕਮ ਦੀ ਪਾਲਣਾ ਕਰਨ ਲਈ ਮਜਬੂਰ ਸਨ।
ਭਾਰਤੀ ਫੌਜ ਦੇ ਸਿਧਾਂਤਾਂ ਮੁਤਾਬਕ ਫੌਜ ਆਪਣੇ ਦੇਸ਼ ਵਾਸੀਆਂ ਖ਼ਿਲਾਫ਼ ਅਜਿਹੀ ਕਾਰਵਾਈ ਨਹੀਂ ਕਰਦੀ ਪਰ ਉਦੋਂ ਇਸ ਸਿਆਸੀ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਫੌਜ ‘ਤੇ ਜ਼ੋਰ ਪਾਇਆ ਗਿਆ ਸੀ। ਇਸ ਫੈਸਲੇ ਖ਼ਿਲਾਫ਼ ਸਿੱਖ ਭਾਰਤੀ ਫੌਜੀਆਂ ਨੇ ਬਗਾਵਤ ਕਰਦਿਆਂ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਸਨ। ਇਹ ਫੌਜੀ ਹਮਲਾ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਖਾਲਿਸਤਾਨੀ ਸਮਰਥਕਾਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਸੀ ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ।
ਹੈਲੀਕਾਪਟਰ ਘੁਟਾਲੇ ਵਿਚ ਫੌਜੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਅਜਿਹੇ ਸਾਜ਼ੋ-ਸਾਮਾਨ ਦੀ ਖਰੀਦ ਵਿਚ ਫੌਜ ਦੀ ਭੂਮਿਕਾ ਨਾਮਾਤਰ ਹੁੰਦੀ ਹੈ। ਫੌਜੀ ਅਧਿਕਾਰੀਆਂ ਵੱਲੋਂ ਸਿਰਫ਼ ਹਥਿਆਰ ਤੇ ਅਜਿਹੇ ਸਾਜ਼ੋ-ਸਾਮਾਨ ਦਾ ਪ੍ਰੀਖਣ ਤੇ ਸਮੀਖਿਆ ਕੀਤੀ ਜਾਂਦੀ ਹੈ। ਅਜਿਹੇ ਫੌਜੀ ਮਾਮਲਿਆਂ ਵਿਚ ਭ੍ਰਿਸ਼ਟਾਚਾਰ ਖ਼ਤਮ ਕਰਨ ਬਾਰੇ ਆਪਣਾ ਸੁਝਾਅ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਖਰੀਦ ਮਾਮਲੇ ਪਾਰਦਰਸ਼ੀ ਹੋਣੇ ਚਾਹੀਦੇ ਹਨ ਤੇ ਇਨ੍ਹਾਂ ਵਿਚ ਵਿਚੋਲਿਆਂ ਦੀ ਭੂਮਿਕਾ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਨਾਲ ਭਾਰਤੀ ਸਬੰਧਾਂ ਬਾਰੇ ਇਕ ਫੌਜੀ ਅਧਿਕਾਰੀ ਦੇ ਨਜ਼ਰੀਏ ਵਜੋਂ ਉਨ੍ਹਾਂ ਆਖਿਆ ਕਿ ਇਸ ਬਾਰੇ ਮੌਜੂਦਾ ਨੀਤੀ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪਾਕਿਸਤਾਨ ‘ਤੇ ਜੰਮੂ ਕਸ਼ਮੀਰ ਵਿਚ ਲੁਕਵੀਂ ਜੰਗ ਕੀਤੇ ਜਾਣ ਦਾ ਦੋਸ਼ ਲਾਇਆ ਹੈ।
Leave a Reply