ਜਪੁਜੀ ਦਾ ਰੱਬ (ਕਿਸ਼ਤ 4)

ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕਰਤਾ ਪੁਰਖੁ ਦਾ ਸੰਖੇਪ ਭਾਵ ਹੈ, ਪਰਮ-ਸੱਤ ਬ੍ਰਹਿਮੰਡ ਦੇ ਪ੍ਰਤੀਤੀ ਰੂਪ ਦਾ ਆਦਿ ਤੱਤ ਹੀ ਨਹੀਂ ਸਗੋਂ ਇਸ ਦਾ ਅਣਦਿਸਦਾ ਕਾਰਕ ਵੀ ਹੈ। ਇਸ ਦੇ ਅਸਲ ਰੂਪ ਵਿਚ ਵਸਤੂ ਤੇ ਕਲਾ-ਦੋਵੇਂ ਗੁਣ ਸਮੋਏ ਹੋਏ ਹਨ ਪਰ ਇਹ ਕ੍ਰਿਆ-ਰਹਿਤ ਅਵਸਥਾ ਵਿਚ ਹੁੰਦੇ ਹਨ। ਪ੍ਰਤੱਖ ਰੂਪ ਧਾਰਨ ਵੇਲੇ ਇਸ ਦਾ ਵਜੂਦ ਕ੍ਰਿਆਸ਼ੀਲ ਅਵਸਥਾ ਵਿਚ ਪ੍ਰਗਟ ਹੁੰਦਾ ਹੈ। ਇਸ ਵੇਲੇ ਇਹ ‘ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ’ ਉਪਾਉਂਦਾ ਹੈ, ਭਾਵ ਬਹੁ-ਭਾਂਤੀ ਲੀਲਾ ਧਾਰਨ ਕਰਦਾ ਹੈ।

ਇਹ ਇਸੇ ਤਰ੍ਹਾਂ ਹੈ ਜਿਵੇਂ ਸਰਦ ਰੁੱਤ ਦੇ ਕੜਾਕੇ ਵਿਚ ਆਈ ਬਨਸਪਤੀ ਸੁੱਕ ਕੇ ਲੱਕੜ ਹੋ ਜਾਂਦੀ ਹੈ ਤੇ ਹਰਿਆਵਲ ਦਾ ਕੋਈ ਚਿੰਨ੍ਹ ਨਹੀਂ ਰਹਿੰਦਾ। ਇੰਜ ਲਗਦਾ ਹੈ ਕਿ ਇਹ ਫਿਰ ਕਦੇ ਹਰੀ ਨਹੀਂ ਹੋਵੇਗੀ, ਪਰ ਮੌਸਮ ਬਦਲਦੇ ਹੀ ਇਸ ਦੀ ਅੰਦਰੂਨੀ ਕ੍ਰਿਆ ਭੜਕ ਉਠਦੀ ਹੈ ਤੇ ਸੁੱਕੀਆਂ ਟਹਿਣੀਆਂ ਰੰਗ ਬਰੰਗੇ ਫੁੱਲਾਂ ਨਾਲ ਲੱਦੀਆਂ ਜਾਂਦੀਆਂ ਹਨ। ਇਹੀ ਹੈ, ਪਰਮ-ਸੱਤ ਦੇ ਵਿਚਰਨ ਦਾ ਢੰਗ! ਨਿਯਮ ਹੇਠੋਂ ਲੈ ਕੇ ਉਪਰ ਤੱਕ ਇਕੋ ਜਿਹੇ ਹਨ। ਇਸ ਲਈ ਪਰਮ-ਸਤਿ ਤੋਂ ਬ੍ਰਹਿਮੰਡ ਰਚਨਾ ਉਨੀ-ਇੱਕੀ ਦੇ ਫਰਕ ਨਾਲ ਇਵੇਂ ਹੀ ਹੋਈ ਹੈ ਜਿਵੇਂ ਸੁੱਕੇ ਟਾਹਣ ਤੋਂ ਫੁੱਲ ਦੀ। ਭਾਵੇਂ ਪਰਮ-ਸੱਤ ਵਜੂਦ ਤੇ ਕ੍ਰਿਆ-ਦੋਹਾਂ ਗੁਣਾਂ ਦਾ ਸੋਮਾ ਹੈ ਪਰ ਮਨੁੱਖ ਆਪਣੀਆਂ ਪ੍ਰਸਥਿਤੀਆਂ ਕਾਰਨ ਕਿਸੇ ਨੂੰ ਕਰਤਾ ਮਿੱਥਣ ਤੋਂ ਬਿਨਾ ਕ੍ਰਿਤ ਦੀ ਹੋਂਦ ਬਾਰੇ ਸੋਚ ਹੀ ਨਹੀਂ ਸਕਦਾ। ਇਸ ਲਈ ਉਹ ਕਰਤੇ ਨੂੰ ਪੁਰਖ ਰੂਪੀ ਕਰਤਾ ਮੰਨਣ ਲਗਦਾ ਹੈ।
ਸੰਸਾਰ ਰਚਨਾ ਕਰਤਾ ਪੁਰਖੁ ਦਾ ਗੁਣ ਹੈ, ਕੰਮ ਨਹੀਂ। ਕਰਤਾ ਉਹ ਆਪਣੇ ਗੁਣ ਕਾਰਨ ਹੈ, ਕਾਰਜ ਕਰਕੇ ਨਹੀਂ। ਉਸ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਪਰ ਉਸ ਨੇ ਇਸ ਨੂੰ ਇੱਛਾ ਭਾਵ ਨਾਲ ਨਹੀਂ ਬਣਾਇਆ। ਚੰਨ, ਤਾਰੇ, ਧਰਤੀ, ਪਹਾੜ, ਪਾਣੀ, ਹਵਾ ਤੇ ਰੋਸ਼ਨੀ ਉਸ ਤੋਂ ਬਣੇ ਹਨ ਤੇ ਉਹੀ ਕਈ ਤਰ੍ਹਾਂ ਦੀ ਵਨਸਪਤੀ ਅਤੇ ਜੀਵ ਜੰਤੂਆਂ ਦੀ ਪੈਦਾਇਸ਼ ਦਾ ਕਾਰਕ ਹੈ। ਉਸ ਨੇ ਇਨ੍ਹਾਂ ਨੂੰ ਬਣਾਇਆ ਨਹੀਂ, ਉਹ ਇਨ੍ਹਾਂ ਰਾਹੀਂ ਪ੍ਰਗਟ ਹੋਇਆ ਹੈ। ਅਰਥਾਤ ਕਰਤਾ ਉਹ ਆਪਣੀ ਕਾਰਜਯੋਗਤਾ ਕਰਕੇ ਹੈ, ਕਾਰਜਸ਼ੀਲਤਾ ਕਰਕੇ ਨਹੀਂ। ਪੁਰਖ ਉਹ ਕਾਰਜ ਕਰਕੇ ਨਹੀਂ, ਆਪਣੇ ਅਸਤਿਤਵ ਕਰਕੇ ਹੈ। ਜੱਗ ਰਚਨਾ ਉਸੇ ਦੇ ਦੇਹ-ਪਦਾਰਥ ਨਾਲ ਬਣੀ ਹੋਈ ਹੈ।
ਉਹ ਆਪਣੇ ਪੁਰਖੀ ਵਜੂਦ ਨੂੰ ਵੱਖ ਵੱਖ ਰੂਪਾਂ ਵਿਚ ਪੇਸ਼ ਕਰ ਕੇ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ। ਉਹ ਆਪਣੇ ਵਜੂਦ ਨੂੰ ਵੱਖ ਵੱਖ ਸ਼ਕਲਾਂ ਦੇ ਕੇ ਮਾਯਾਵੀ-ਸੰਸਾਰ ਦਾ ਕਾਰਕ ਬਣਦਾ ਹੈ। ਸਮੁੱਚੀ ਮਾਯਾਵੀ ਲੀਲਾ ਦਾ ਪ੍ਰਦਰਸ਼ਨ ਉਹ ਮਾਯਾ ਵਿਚ ਰਹਿ ਕੇ ਹੀ ਕਰਦਾ ਹੈ, ਇਸ ਤੋਂ ਵੱਖ ਹੋ ਕੇ ਨਹੀਂ ਕਰਦਾ ਭਾਵ ਇਸ ਤੋਂ ਵੱਖ ਹੋ ਹੀ ਨਹੀਂ ਸਕਦਾ। ਇਸੇ ਕਾਰਨ ਉਹ ਕਰਤਾ ਵੀ ਹੈ ਤੇ ਪੁਰਖੁ ਵੀ, ਭਾਵ ਆਪੇ ਲੱਕੜ ਤੇ ਆਪੇ ਲੱਕੜਹਾਰਾ ਹੈ। ਉਹ ਕਰਨ ਕਰਾਵਨ ਸਭ ਕੁਝ ਆਪ ਹੈ। ਉਹ ਆਪਣੀ ਕ੍ਰਿਤੀ ਵਿਚ ਸਮਾਇਆ ਹੋਇਆ ਹੈ ਤੇ ਇਸੇ ਵਿਚੋਂ ਹੀ ਭਾਲਿਆ ਜਾ ਸਕਦਾ ਹੈ। ਜੋ ਲੋਕ ਇਸ ਨੂੰ ਇਸ ਦੇ ਭੌਤਿਕ ਵਜੂਦ ਤੋਂ ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਹਨ, ਭਾਵ ਜੋ ਇਸ ਨੂੰ ਆਕਾਸ਼, ਪਾਤਾਲ ਤੇ ਜੰਗਲ-ਪਰਬਤੀਂ ਭਾਲਦੇ ਫਿਰਦੇ ਹਨ, ਉਹ ਭੁੱਲੇ ਭਗਤ ਹਨ। ਭੁੱਲੇ ਭਗਤ ਉਹ ਵੀ ਹਨ ਜੋ ਅੱਖਾਂ ਬੰਦ ਕਰ ਕੇ ਪੂਜਾ-ਭਗਤੀ ਰਾਹੀਂ ਉਸ ਨੂੰ ਮਿਲਣਾ ਚਾਹੁੰਦੇ ਹਨ ਕਿਉਂਕਿ ਪਰਮ-ਸਤਿ ਭਗਤੀ ਦਾ ਨਹੀਂ, ਗਿਆਨ ਦਾ ਵਿਸ਼ਾ ਹੈ। ਇਸ ਦਾ ਗਿਆਨ ਗਿਆਨਾਂ ਦਾ ਗਿਆਨ ਤੇ ਵਿਗਿਆਨਾਂ ਦਾ ਉਦੇਸ਼ ਹੈ।
ਪਰਮ-ਸੱਤ ਭਾਵੇਂ ਕੁਝ ਵੀ ਹੋਵੇ ਤੇ ਉਸ ਦਾ ਨਾਮ ਭਾਵੇਂ ਕੁਝ ਵੀ ਹੋਵੇ, ਸਭ ਧਰਮਾਂ ਤੇ ਸਭ ਫਿਲਾਸਫੀਆਂ ਨੇ ਇਸ ਨੂੰ ਸ੍ਰਿਸ਼ਟੀ ਰਚਨਾ ਨਾਲ ਜੋੜਿਆ ਹੈ। ਗੁਰੂ ਨਾਨਕ ਨੇ ਵੀ ਇਵੇਂ ਹੀ ਕੀਤਾ ਹੈ ਪਰ ਉਨ੍ਹਾਂ ਦੇ ਵਿਚਾਰ ਦੂਜੇ ਸਭਨਾਂ ਨਾਲੋਂ ਵੱਖਰੇ ਹਨ। ਉਨ੍ਹਾਂ ਨੇ ਇਸ ਬਾਰੇ ਜੋ ਕੁਝ ਕਿਹਾ ਹੈ, ਆਦਰਸ਼ਵਾਦੀ ਢੰਗ ਨਾਲ ਨਹੀਂ ਸਗੋਂ ਅਨੁਭਵ ਦੇ ਦਾਇਰੇ ਵਿਚ ਰਹਿ ਕੇ ਕਿਹਾ ਹੈ। ਉਨ੍ਹਾਂ ਨੇ ਸਭ ਕੁਝ ਦੇਖ-ਪਰਖ ਕੇ ਕਿਹਾ ਹੈ, ਕਿਉਂਕਿ ਉਨ੍ਹਾਂ ਕੋਲ ਅਜਿਹਾ ਕੁਝ ਕਰਨ ਦੀ ‘ਨਦਰਿ’ ਭਾਵ ਦ੍ਰਿਸ਼ਟੀ ਸੀ, ਜੋ ਦੂਜਿਆਂ ਕੋਲ ਨਹੀਂ ਸੀ। ਇਹੀ ਕਾਰਨ ਹੈ ਕਿ ਵਿਗਿਆਨ, ਭਾਵ ਆਧੁਨਿਕ ਵਿਗਿਆਨ ਉਨ੍ਹਾਂ ਦੀ ਬਾਣੀ ਅੱਗੇ ਝੁਕ ਕੇ ਚਲਦਾ ਹੈ ਤੇ ਦੂਜੇ ਵਿਚਾਰਾਂ ਨੂੰ ਲਤਾੜ ਕੇ। ਇਹ ਕੋਈ ਨਾਨਕ-ਪ੍ਰਸਤੀ ਵਾਲੀ ਗੱਲ ਨਹੀਂ, ਦਰਿਆਫਤੀ ਸੱਚ ਹੈ।
ਦੁਨੀਆਂ ਵਿਚ ਕਿਤੇ ਵੀ ਹੋਣ, ਆਦਰਸ਼ਵਾਦੀ ਵਿਦਵਾਨ ਸੰਸਾਰਕ ਉਤਪਤੀ ਦੇ ਉਪਰੋਕਤ ਪ੍ਰਸ਼ਨ ਨੂੰ ਉਪਾਸ਼ਕ ਨਜ਼ਰੀਏ ਤੋਂ ਦੇਖਦੇ ਹਨ। ਉਨ੍ਹਾਂ ਨੂੰ ਇਸ ਦੇ ਪਿਛੋਕੜ ਵਿਚ ਇਕ ਦਿੱਖ ਜਾਂ ਅਦਿੱਖ ਵਿਅਕਤੀ-ਨੁਮਾ ਛਵੀ ਦਿਖਾਈ ਦਿੰਦੀ ਹੈ, ਜਿਸ ਨੂੰ ਉਹ ਸ੍ਰਿਸ਼ਟੀ ਦਾ ਸਿਰਜਣਹਾਰ ਮੰਨ ਕੇ ਪੂਜਦੇ ਹਨ। ਉਹ ਦੁਨਿਆਵੀ ਨੇਤਰ ਬੰਦ ਕਰਕੇ ਦੇਖਦੇ ਹਨ, ਇਸ ਲਈ ਉਨ੍ਹਾਂ ਨੂੰ ਸੰਸਾਰ ਦਾ ਯਥਾਰਥ ਵਿਖਾਈ ਨਹੀਂ ਦਿੰਦਾ। ਜੋ ਦਿਸਦਾ ਹੈ, ਉਹ ਉਨ੍ਹਾਂ ਦੇ ਆਪਣੇ ਆਦਰਸ਼ ਦਾ ਹੀ ਸੁਨਹਿਰੀ ਪਰ ਫੋਕਾ ਅਕਸ ਹੁੰਦਾ ਹੈ। ਇਸ ਤਰ੍ਹਾਂ ਉਹ ਜੱਗ-ਉਤਪਤੀ ਦੀ ਗੱਲ ਪਰਖ-ਪੜਤਾਲ ਦੇ ਚਾਨਣ ਵਿਚ ਵਿਚਾਰਨ ਦੀ ਥਾਂ ਅੰਧ-ਵਿਸ਼ਵਾਸ ਦੇ ਹਨੇਰੇ ਵਿਚ ਵਿਚਾਰਦੇ ਹਨ। ਉਨ੍ਹਾਂ ਦੀ ਇਸ ਭਰਮ-ਕਲਾ ਨੂੰ ਡੂੰਘਾਈ ਨਾਲ ਸਮਝਣ ਲਈ ਉਤਪਾਦਨ ਦੀ ਕ੍ਰਿਆ ਵਲ ਝਾਤ ਮਾਰਨੀ ਜਰੂਰੀ ਹੈ ਕਿਉਂਕਿ ਇਹੀ ਭਰਮ ਵੱਡੇ ਭੁਲੇਖੇ ਦੀ ਜੜ੍ਹ ਹੈ।
ਉਤਪਾਦਨ ਮੁੱਖ ਤੌਰ ‘ਤੇ ਦੋ ਕਿਸਮ ਦਾ ਹੁੰਦਾ ਹੈ-ਕੁਦਰਤ ਰਾਹੀਂ ਹੋਈ ਉਤਪਤੀ ਅਤੇ ਮਨੁੱਖ ਰਾਹੀਂ ਕੀਤਾ ਉਤਪਾਦਨ। ਮਨੁੱਖ ਰਾਹੀਂ ਕੀਤਾ ਉਤਪਾਦਨ ਕਿਸੇ ਜਰੂਰਤ, ਆਦਤ ਜਾਂ ਸ਼ੌਕ ਵਸ ਕੀਤਾ ਜਾਂਦਾ ਹੈ। ਇਸ ਵਿਚ ਕੱਚਾ ਮਾਲ, ਸੰਦ-ਮਸ਼ੀਨਰੀ, ਮਨੁੱਖੀ ਮਿਹਨਤ, ਕ੍ਰਿਤ-ਕਲਾ, ਵਿਉਂਤਬੰਦੀ, ਸਰਮਾਇਆ ਤੇ ਪ੍ਰਬੰਧਕੀ ਅਮਲ ਦੀ ਲੋੜ ਪੈਂਦੀ ਹੈ। ਕੁਦਰਤ ਰਾਹੀਂ ਹੋਈ ਉਤਪਤੀ ਨਿਰੋਲ ਕੁਦਰਤੀ ਨਿਯਮਾਂ ਅਨੁਸਾਰ ਆਪ ਮੁਹਾਰੀ ਹੁੰਦੀ ਹੈ ਤੇ ਇਸ ਪਿੱਛੇ ਕੋਈ ਯੋਜਨਾ, ਮਨੋਰਥ, ਲਾਲਸਾ, ਮਜ਼ਦੂਰ, ਮਸ਼ੀਨਾਂ, ਸਰਮਾਇਆ ਤੇ ਅਕਲ ਕੰਮ ਨਹੀਂ ਕਰਦੀ। ਮਿਸਾਲ ਵਜੋਂ ਮਨੁੱਖ ਆਪਣੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਨਹਿਰਾਂ ਕੱਢਦਾ ਹੈ, ਜਿਨ੍ਹਾਂ ਲਈ ਪੂਰੀ ਯੋਜਨਾਬੰਦੀ ਕੀਤੀ ਜਾਂਦੀ ਹੈ। ਵੱਡੇ ਪੈਮਾਨੇ ‘ਤੇ ਔਜ਼ਾਰ, ਮਸ਼ੀਨਾਂ, ਪੈਸਾ, ਤਕਨੀਕ ਤੇ ਮਨੁੱਖੀ ਮਿਹਨਤ ਦੇ ਸੋਮੇ ਵਰਤੇ ਜਾਂਦੇ ਹਨ। ਇਹ ਨਹਿਰਾਂ ਮਨੋਨੀਤ ਢੰਗ ਨਾਲ ਪਹਾੜੀ ਤੋਂ ਖੁਸ਼ਕ ਧਰਾਤਲ ਵਲ ਕੱਢੀਆਂ ਜਾਂਦੀਆਂ ਹਨ, ਜਿਥੇ ਹਰਿਆਵਲ ਚਾਹੀਦੀ ਹੋਵੇ।
ਇਸ ਦੇ ਉਲਟ ਕੁਦਰਤ ਵਿਚ ਦਰਿਆ ਬਣਦੇ ਹਨ। ਇਨ੍ਹਾਂ ਦੇ ਬਣਨ ਉਤੇ ਪੈਸੇ ਦੀ ਕੋਈ ਲਾਗਤ ਨਹੀਂ ਆਉਂਦੀ, ਕਿਸੇ ਮਸ਼ੀਨ ਦੀ ਵਰਤੋਂ ਨਹੀਂ ਹੁੰਦੀ ਤੇ ਕਿਸੇ ਬੰਦੇ ਦੀ ਮਿਹਨਤ ਨਹੀਂ ਲਗਦੀ। ਇਹ ਤਾਂ ਕੇਵਲ ਪਾਣੀ ਦੀ ਨਿਵਾਣ ਵਲ ਵਹਿਣ ਦੀ ਪ੍ਰਕਿਰਤੀ ਅਨੁਸਾਰ ਬਣ ਜਾਂਦੇ ਹਨ। ਇਨ੍ਹਾਂ ਪਿੱਛੇ ਕੋਈ ਯੋਜਨਾ ਕੰਮ ਨਹੀਂ ਕਰਦੀ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਇਹ ਮਾਰੂਥਲਾਂ ਵਲ ਵਹਿੰਦੇ, ਜਿੱਥੇ ਪਾਣੀ ਦੀ ਲੋੜ ਹੁੰਦੀ ਹੈ। ਇਨ੍ਹਾਂ ਪਿੱਛੇ ਕੋਈ ਯੋਜਨਾ ਨਹੀਂ ਸਗੋਂ ਨਿਯਮ ਕੰਮ ਕਰਦਾ ਹੈ ਜਿਸ ਕਾਰਨ ਇਨ੍ਹਾਂ ਦਾ ਵਹਾਓ ਭਾਵੇਂ ਕਿੰਨੇ ਦੇਸ਼ਾਂ ਦੀਆਂ ਹੱਦਾਂ ਪਾਰ ਕਰਵਾ ਦੇਵੇ, ਇਨ੍ਹਾਂ ਨੂੰ ਕੋਈ ਪਰਵਾਹ ਨਹੀਂ।
ਦੂਜੇ ਪਾਸੇ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਯੋਜਨਾਵਾਂ ਅਨੁਸਾਰ ਸੜਕਾਂ ਬਣਾਉਂਦਾ ਹੈ, ਪੁਲ ਉਸਾਰਦਾ ਹੈ, ਘਰ ਬਣਾਉਂਦਾ ਹੈ, ਕੱਪੜੇ, ਭਾਂਡੇ ਤੇ ਫਰਨੀਚਰ ਬਣਾਉਂਦਾ ਹੈ, ਪਰ ਕੁਦਰਤ ਅਜਿਹਾ ਕੁਝ ਵੀ ਨਹੀਂ ਕਰਦੀ ਕਿਉਂਕਿ ਨਾ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ ਤੇ ਨਾ ਉਹ ਇਨ੍ਹਾਂ ਦੇ ਉਤਪਾਦਨ ਜਾਂ ਉਸਾਰੀ ਦੀ ਇੱਛਾ ਰੱਖਦੀ ਹੈ।
ਇਸ ਸਬੰਧੀ ਇਕ ਹੋਰ ਅਹਿਮ ਗੱਲ ਇਹ ਹੈ ਕਿ ਮਨੁੱਖੀ ਸਿਰਜਣਾ ਵਿਚ ਕਿਰਤੀ (ਛਰeਅਟੋਰ) ਤੇ ਕ੍ਰਿਤੀ (ਛਰeਅਟਿਨ) ਭਾਵ ਬਣਾਉਣ ਵਾਲੇ ਤੇ ਬਣੀ ਹੋਈ ਵਸਤ ਵਿਚ ਬਹੁਤ ਫਰਕ ਰਹਿੰਦਾ ਹੈ। ਬਣਾਉਣ ਵਾਲਾ ਬਣਾਈ ਵਸਤ ਵਿਚ ਕੇਵਲ ਆਪਣੀ ਕਲਾ ਤੇ ਮਿਹਨਤ ਹੀ ਪਾਉਂਦਾ ਹੈ, ਆਪਣਾ ਪ੍ਰਕ੍ਰਿਤਕ ਵਜੂਦ ਨਹੀਂ ਪਾਉਂਦਾ। ਇਸ ਲਈ ਬਣੀ ਹੋਈ ਵਸਤ ਬਣਨ ਵੇਲੇ ਹੀ ਬਣਾਉਣ ਵਾਲੇ ਤੋਂ ਅਲੱਗ ਜਾਂ ਦੂਰ ਹੋ ਜਾਂਦੀ ਹੈ। ਜਾਂ ਇਉਂ ਕਹਿ ਲਉ ਕਿ ਇਸ ਨੂੰ ਬਣਾਉਂਦਾ ਕੋਈ ਹੋਰ ਹੈ ਤੇ ਵਰਤਦਾ ਕੋਈ ਹੋਰ। ਇਸ ਦੇ ਉਲਟ ਕੁਦਰਤ ਦੇ ਉਤਪਤੀ ਢੰਗ ਵਿਚ ਕਾਦਰ ਆਪਣੀ ਕ੍ਰਿਤੀ ਤੋਂ ਅਲਗ ਨਹੀਂ ਹੁੰਦਾ। ਉਹ ਆਪਣੀ ਕ੍ਰਿਤੀ ਵਿਚ ਹੀ ਸਮਾਇਆ ਰਹਿੰਦਾ ਹੈ। ਵਸਤ ਜਿੱਥੇ ਵੀ ਜਾਵੇ, ਕਾਦਰ ਨਾਲ ਜਾਂਦਾ ਹੈ। ਕਾਦਰ ਵੀ ਉਹੀ, ਕੱਚਾ ਮਾਲ ਵੀ ਉਹੀ, ਕ੍ਰਿਤੀ ਵੀ ਉਹੀ ਤੇ ਖਪਤਕਾਰ ਵੀ ਉਹੀ। ਇਨ੍ਹਾਂ ਵਿਚ ਕੋਈ ਭੇਦ ਭਾਵ ਨਹੀਂ ਹੁੰਦਾ। ਕਰਤਾ ਕ੍ਰਿਤੀ ਨੂੰ ਆਪਣੇ ਪਿੰਡੇ ‘ਤੇ ਸਿਰਜਦਾ ਹੈ ਅਤੇ ਪਿੰਡੇ ‘ਤੇ ਹੀ ਹੰਢਾਉਂਦਾ ਹੈ। ਸਦੀਆਂ ਦਾ ਅਨੁਭਵ ਦੱਸਦਾ ਹੈ ਕਿ ਪਹਾੜ ਧਰਤੀ ਤੋਂ, ਦਰਿਆ ਸਾਗਰ ਤੋਂ, ਰੋਸ਼ਨੀ ਸੂਰਜ ਤੋਂ ਤੇ ਬਨਸਪਤੀ ਜਮੀਨ ਤੋਂ ਅਲਗ ਨਹੀਂ ਹੁੰਦੇ। ਬਨਸਪਤੀ ਤੇ ਜੀਵਾਂ ਵਿਚ ਪਾਣੀ, ਮਿੱਟੀ, ਹਵਾ, ਰੋਸ਼ਨੀ ਆਦਿ ਦੇ ਭੌਤਿਕ ਤੱਤ ਹਮੇਸ਼ਾ ਜੁੜੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕਿਸੇ ਇਕ ਦੇ ਵੀ ਵੱਖ ਹੋਣ ਨਾਲ ਇਹ ਖਤਮ ਹੋ ਜਾਣਗੇ। ਇਸ ਤਰ੍ਹਾਂ ਜੱਗ ਰਚਨਾ ਪਰਮ-ਸਤਿ ਦੀ ਖੇਡ ਵੀ ਹੈ, ਸੁਭਾਅ ਵੀ। ਸੋ, ਜ਼ਾਹਰ ਹੈ ਕਿ ਪੈਦਾਵਾਰ ਦਾ ਮਨੁੱਖੀ ਮਾਡਲ ਬ੍ਰਹਿਮੰਡ ਦੀ ਉਤਪਤੀ ‘ਤੇ ਲਾਗੂ ਨਹੀਂ ਹੁੰਦਾ। ਇਸ ਮਾਯਾਵੀ ਭਰਮ ਨੂੰ ਸਮਝਣ ਲੱਗਿਆਂ ਹੀ ਮਨੁੱਖ ਮਾਰ ਖਾ ਜਾਂਦਾ ਹੈ।
ਇਸ ਲਈ ਇਹ ਕਲਪਨਾ ਕਰਨਾ ਕਿ ਸ੍ਰਿਸ਼ਟੀ ਦੀ ਉਤਪਤੀ ਮਨੁੱਖੀ ਉਤਪਾਦਨ ਕ੍ਰਿਆ ਵਾਂਗ ਹੋਈ ਹੈ, ਯਥਾਰਥਕ ਸੋਚ ਨਹੀਂ ਹੈ। ਹੋ ਵੀ ਕਿਵੇਂ ਸਕਦੀ ਹੈ, ਜਦੋਂ ਸੋਚ ਪੱਖੋਂ ਮਨੁੱਖ ਬੜਾ ਹੀ ਸੰਕੀਰਣ ਤੇ ਖੁਦਗਰਜ਼ ਜੀਵ ਹੈ। ਉਹ ਪੱਥਰ ਪਿੱਛੇ ਮੂਰਤੀ ਤੇ ਮੂਰਤੀ ਪਿੱਛੇ ਭਗਵਾਨ ਦੇਖਦਾ ਹੈ। ਉਹ ਉਸੇ ਗੱਲ ਬਾਰੇ ਸੋਚਦਾ ਹੈ, ਜੋ ਉਸ ਦੇ ਸਵਾਰਥ ਨਾਲ ਜੁੜੀ ਹੋਵੇ। ਉਹ ਸੂਰਜ ਬਾਰੇ ਨਹੀਂ ਸੋਚਦਾ ਸਗੋਂ ਉਸ ਦੀ ਧੁੱਪ ਤੇ ਉਸ ਦੇ ਚੜ੍ਹਨ-ਛਿਪਣ ਦੇ ਸਮੇਂ ਬਾਰੇ ਸੋਚਦਾ ਹੈ। ਉਹ ਚੰਦਰਮਾ ਬਾਰੇ ਨਹੀਂ ਸਗੋਂ ਉਸ ਦੇ ਘਟਣ-ਵਧਣ ਦੀਆਂ ਤਿੱਥੀਆਂ ਬਾਰੇ ਸੋਚਦਾ ਹੈ। ਉਹ ਧਰਤੀ ਬਾਰੇ ਨਹੀਂ ਸਗੋਂ ਧਰਤੀ ਦੇ ਖੇਤਾਂ ਤੇ ਖਣਿਜਾਂ ਬਾਰੇ ਸੋਚਦਾ ਹੈ। ਉਹ ਬੱਦਲਾਂ ਬਾਰੇ ਨਹੀਂ, ਬਰਸਾਤ ਬਾਰੇ ਸੋਚਦਾ ਹੈ। ਉਹ ਰਾਜ ਬਾਰੇ ਨਹੀਂ, ਰਾਜਨੀਤੀ ਬਾਰੇ ਸੋਚਦਾ ਹੈ। ਇਸ ਸਵਾਰਥੀ ਤੇ ਗਿਆਨ ਵਿਹੂਣੀ ਸੋਚ ਕਾਰਨ ਹੀ ਅੱਜ ਧਰਤੀ ਹੇਠ ਪਾਣੀ ਨਹੀਂ, ਧਰਤੀ ਉਤੇ ਹਰਿਆਵਲ ਨਹੀਂ, ਵਾਤਾਵਰਣ ਵਿਚ ਸਵੱਛਤਾ ਨਹੀਂ ਤੇ ਸਮਾਜ ਵਿਚ ਖੁਸ਼ਹਾਲੀ ਨਹੀਂ। ਇਹ ਗੁਰੂ ਨਾਨਕ ਹੀ ਸਨ ਜੋ ਨਿਜ ਤੋਂ ਉਪਰ ਉਠ ਕੇ ਕੁਦਰਤੀ ਵਰਤਾਰਿਆਂ ਨੂੰ ਦੇਖਦੇ, ਉਨ੍ਹਾਂ ਨੂੰ ਅਸਚਰਜ ਨਾਲ ਸਲਾਹੁੰਦੇ ਸਨ, ਉਨ੍ਹਾਂ ਦਾ ਭੇਦ ਜਾਣਨ ਦੀ ਭਾਵਪੂਰਣ ਤਾਂਘ ਰੱਖਦੇ ਸਨ ਤੇ ਲਾਭ ਦੀ ਥਾਂ ਗਿਆਨ ਵਿਚ ਰੁਚੀ ਦਰਸਾਉਂਦੇ ਸਨ। ਉਹ ਆਪਣਾ ਨਹੀਂ, ਸਭ ਦਾ ਭਲਾ ਚਿਤਵਦੇ ਸਨ। ਉਨ੍ਹਾਂ ਦੀ ਸਿਫਤਿ ਸਾਲਾਹ ਵਿਚ ਲਾਲਸਾ ਦੀ ਰੀਝ ਨਹੀਂ, ਗਿਆਨ ਦੀ ਤਾਂਘ ਸੀ। ਉਹ ਭਗਤ ਨਹੀਂ, ਵਿਗਿਆਨੀ ਸਨ। ਉਹ ਇਕ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਕੁਦਰਤ ਦੇ ਸਮੁੱਚੇ ਵਰਤਾਰੇ ਨੂੰ ਨਿਸਵਾਰਥ ਤੇ ਵਿਗਿਆਨਕ ਢੰਗ ਨਾਲ ਜਾਣਨ ਦੀ ਗੱਲ ਆਖੀ।
ਪਰ ਆਮ ਮਨੁੱਖ ਇੱਦਾਂ ਨਹੀਂ ਕਰਦਾ। ਉਹ ਕੁਦਰਤ ਦੇ ਸੰਕਲਪ ਨੂੰ ਆਪਣੇ ਸੰਕੀਰਣ ਅਨੁਭਵ ਰਾਹੀਂ ਸਿਰਜਦਾ ਹੈ। ਕਿਉਂਕਿ ਉਹ ਆਪਣੇ ਆਲੇ-ਦੁਆਲੇ ਬਹੁਤੀਆਂ ਵਸਤਾਂ ਮਨੁੱਖੀ ਉਤਪਾਦਨ ਕ੍ਰਿਆ ਰਾਹੀਂ ਬਣੀਆਂ ਵੇਖਦਾ ਹੈ, ਇਸ ਲਈ ਉਹ ਲੱਖਣ ਲਾਉਂਦਾ ਹੈ ਕਿ ਪ੍ਰਕ੍ਰਿਤਕ ਪਿੰਡਾਂ ਨੂੰ ਵੀ ਇਵੇਂ ਹੀ ਕਿਸੇ ਵੱਡੇ ਘਾੜੇ ਨੇ ਘੜਿਆ ਹੋਵੇਗਾ। ਅਜਿਹਾ ਭਰਮ ਪਾਲ ਕੇ ਉਹ ਸੋਚ ਲੜਾਉਂਦਾ ਹੈ ਕਿ ਉਸ ਸਿਰਜਣਹਾਰ ਤੀਕ ਪਹੁੰਚ ਕਿਵੇਂ ਕਰੇ ਤਾਂ ਜੋ ਅਰਜ-ਅਰਜੋਈਆਂ ਰਾਹੀਂ ਉਸ ਤੋਂ ਆਪਣੇ ਖਜਾਨੇ ਭਰਵਾਏ ਤੇ ਮਨ ਭਾਉਂਦੇ ਕੰਮ ਸਿੱਧੇ ਕਰਵਾਏ। ਇਸ ਕੰਮ ਲਈ ਉਹ ਪਥ-ਪ੍ਰਦਰਸ਼ਕ ਦੀ ਭਾਲ ਕਰਦਾ ਹੈ ਤੇ ਕਿਸੇ ਨੂੰ ਗੁਰੂ ਧਾਰ ਕੇ ਉਸ ਅੱਗੇ ਮੱਥਾ ਰਗੜਦਾ ਹੈ। ਇਸ ਪ੍ਰਵਿਰਤੀ ਕਾਰਨ ਸਾਰੇ ਧਰਮਾਂ ਵਿਚ ਵਿਸ਼ਵਾਸ, ਪੂਜਾ ਪਾਠ, ਅਰਾਧਨਾ, ਅਰਦਾਸਾਂ ਤੇ ਚੜ੍ਹਾਵਿਆਂ ਦਾ ਬੋਲ ਬਾਲਾ ਬਣਿਆ ਹੋਇਆ ਹੈ। ਇਸੇ ਕਾਰਨ ਮਨੁੱਖਤਾ ਦੇ ਗਿਆਨ ਦਾ ਖਜਾਨਾ ਖਾਲੀ ਰਿਹਾ ਹੈ। ਗੁਰੂ ਜੀ ਨੇ ਮਾਨਵ ਦੀ ਇਸ ਪ੍ਰਵਿਰਤੀ ਨੂੰ ਦੇਖ-ਪਰਖ ਕੇ ਹੀ ਲਿਖਿਆ ਹੈ, “ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਤਿਥੈ ਨਾਦ ਬਿਨੋਦ ਕੋਡ ਅਨੰਦ॥” ਇਹ ਗੁਰੂ ਸਾਹਿਬ ਦੇ ਸਮੇਂ ਦੀ ਸਥਿਤੀ ਸੀ।
ਆਮ ਧਰਮਾਂ ਤੇ ਸ਼ਰਧਾਲੂਆਂ ਦੀ ਸਥਿਤੀ ਅੱਜ ਵੀ ਇਹੀ ਹੈ। ਮਨੁੱਖ ਭਾਵੇ ਕੋਈ ਵੀ ਹੋਵੇ, ਭਾਵੇਂ ਉਹ ਸਿੱਖ ਹੀ ਕਿਉਂ ਨਾ ਹੋਵੇ, ਉਹ ਆਪਣੇ ਨਿਜ ਤੋਂ ਉਪਰ ਉਠ ਕੇ ਸੁਤੰਤਰ ਤੇ ਨਿਰਪੱਖ ਨਜ਼ਰ ਨਾਲ ਕੁਦਰਤ ਦੇ ਚਾਲਿਆਂ ਨੂੰ ਸਮਝਣ ਵਿਚ ਰੁਚੀ ਨਹੀਂ ਰੱਖਦਾ। ਹਰ ਕੰਮ ਕਰਨ ਵੇਲੇ ਉਸ ਦੀ ਬਗਲ ਵਿਚ ਇਕ ਥੈਲਾ ਜਿਹਾ ਲਟਕਿਆ ਰਹਿੰਦਾ ਹੈ ਜਿਸ ਨੂੰ ਉਹ ਹਰ ਦਮ ਭਰਨ ਦੀ ਤਾਕ ਵਿਚ ਰਹਿੰਦਾ ਹੈ। ਗਿਆਨ ਦੀ ਗੱਲ ਸੋਚਣ ਜਾਂ ਕਰਨ ਵੇਲੇ ਵੀ ਉਹ ਇਸ ਅਦਿੱਖ ਥੈਲੇ ਨੂੰ ਪਰ੍ਹੇ ਨਹੀਂ ਕਰਦਾ। ਗੁਰੂ ਨਾਨਕ ਨੇ ਉਸ ਨੂੰ ‘ਸਤਿ’ ਅਰਥਾਤ ਸੱਤ ਨਾਲ ਪ੍ਰਣਾਇਆ ਹੈ ਪਰ ਉਹ ਸੱਚ ਦਾ ਲੜ ਫੜ੍ਹਨ ਦੀ ਥਾਂ ਲਾਲਸਾ ਤੇ ਅੰਧ-ਵਿਸ਼ਵਾਸ ਨਾਲ ਜਾ ਜੁੜਦਾ ਹੈ। ਉਹ ਬਾਣੀ ਦੇ ਸ਼ਬਦ ਨਾਲ ਨਹੀਂ ਸਗੋਂ ਬਾਣੀ ਦੇ ਕਾਗਜ਼ ਨਾਲ ਪ੍ਰੀਤ ਕਰਦਾ ਹੈ। ਬਾਣੀ ਦੇ ਅਰਥ ਨਾਲ ਸਰੋਕਾਰ ਨਹੀਂ ਰੱਖਦਾ ਸਗੋਂ ਬਾਣੀ ਦਾ ਅਰਥ ਕਰਦੇ ਵਿਅਕਤੀ ਦੇ ਪੈਰੀਂ ਜਾ ਸੀਸ ਨਿਵਾਉਂਦਾ ਹੈ। ਬਾਣੀ ਦੀ ਵਿਧੀ ‘ਤੇ ਵਿਚਾਰ ਨਹੀਂ ਕਰਦਾ ਸਗੋਂ ਬਾਣੀ ਦਾ ਜਾਪ ਤੇ ਪਾਠ ਕਰਦਾ ਹੈ। ਬਾਣੀ ਦੇ ਸੱਚ ਦਾ ਅਨੁਭਵ ਨਹੀਂ ਕਰਦਾ ਸਗੋਂ ਬਾਣੀ ਪੜ੍ਹੀ ਜਾਣ ਵਾਲੀ ਥਾਂ ਦੀ ਮਿੱਟੀ ਨੂੰ ਸਿਜਦੇ ਕਰਦਾ ਹੈ। ਉਹ ਗਿਆਨ ਦੀ ਗੱਲ ਗ੍ਰਹਿਣ ਨਹੀਂ ਕਰਦਾ ਸਗੋਂ ਆਪਣੀ ਭੁੱਲ-ਚੁੱਕ ਦਾ ਮੁੱਲ ਮਾਇਆ ਭੇਟ ਕਰ ਕੇ ਉਤਾਰਦਾ ਹੈ।
ਬਾਣੀ ਦੀ ਤਾਰਕਿਕ ਵਿਧੀ ਅਨੁਸਾਰ ਪਰਮ-ਸੱਤ ਦੀ ਭਾਲ ਨਹੀਂ ਕਰਦਾ ਸਗੋਂ ਪਾਖੰਡੀ ਰਹੁ-ਰੀਤਾਂ ਰਾਹੀਂ ਅਜਿਹਾ ਕਰਨ ਦਾ ਭਰਮ ਪਾਲਦਾ ਹੈ। ਗੱਲ ਕੀ, ਆਨੇ-ਬਹਾਨੇ ਗਿਆਨ ਦਾ ਰਸਤਾ ਤਜ ਕੇ ਅੰਧ-ਵਿਸ਼ਵਾਸ ਦੇ ਰਸਤੇ ਪੈ ਜਾਂਦਾ ਹੈ। ਆਪੇ ਚੌਰਾਸੀ ਘੜ ਕੇ ਇਸ ਵਿਚ ਫਸਦਾ ਹੈ ਤੇ ਆਪੇ ਇਸ ਵਿਚੋਂ ਨਿਕਲਣ ਲਈ ਤਰਲੇ ਕਰਦਾ ਹੈ। ਕਹਿਣ ਨੂੰ ਚਤਰ ਸੁਜਾਨ ਹੈ ਪਰ ਅਸਲੋਂ ਮੂਰਖ ਮਹਾਨ ਹੈ। ਇਸ ਦਵੰਦ ਦਾ ਇਕੋ ਇੱਕ ਹੱਲ ਹੈ ਜੋ ਗੁਰੂ ਨਾਨਕ ਦਾ ਜਪੁਜੀ ਗਿਆਨ ਹੈ।
ਸੋ, ਸਪਸ਼ਟ ਹੈ ਕਿ ਗੁਰੂ ਨਾਨਕ ਦੀ ਕਰਤਾ ਪੁਰਖੁ ਦੀ ਧਾਰਨਾ ਇਕ ਆਦਰਸ਼ਵਾਦੀ ਸੰਕਲਪ ਨਹੀਂ ਸਗੋਂ ਵਿਗਿਆਨਕ ਸੱਚ ਹੈ। ਇਹ ਸੱਚ ਨੇੜੇ ਵੀ ਹੈ, ਦੂਰ ਵੀ। ਨੇੜੇ ਦਾ ਸੱਚ ਮਾਯਾਵੀ ਹੈ ਜਿਸ ਕਾਰਨ ਮਨੁੱਖ ਕਰਤਾ ਪੁਰਖੁ ਨੂੰ ਮਨੁੱਖ ਰੂਪ ਸਮਝਦਾ ਹੈ ਤੇ ਉਸ ਦੀ ਪੂਜਾ ਕਰਦਾ ਹੈ। ਕੁਦਰਤ ਵਿਚ ਅਨੇਕਾਂ ਦ੍ਰਿਸ਼ਟਾਂਤ ਹਨ ਜੋ ਸੰਕੇਤ ਕਰਦੇ ਹਨ ਕਿ ਉਹ ਇੱਦਾਂ ਨਹੀਂ ਹੈ ਪਰ ਸਵਾਰਥ ਵਸ ਮਨੁੱਖ ਇਨ੍ਹਾਂ ਸੰਕੇਤਾਂ ਨੂੰ ਅਣਡਿੱਠ ਕਰ ਦਿੰਦਾ ਹੈ। ਦੂਰ ਦਾ ਸੱਚ ਦੂਰ ਹੈ ਤੇ ਅਪਹੁੰਚ ਹੈ। ਇਹ ਹਰ ਪਾਸੇ ਪਸਰਿਆ ਹੋਇਆ ਹੈ, ਇਸ ਲਈ ਇਸ ਦੀ ਕੋਈ ਦਿਸ਼ਾ ਨਹੀਂ ਹੈ। ਬਿਨਾ ਸੇਧ ਇਸ ਦਾ ਸੰਕਲਪ ਕਰਨਾ ਦੁਸ਼ਵਾਰ ਹੈ। ਇਸ ਦੀ ਸੇਧ ਦਾ ਸਹੀ ਪਤਾ ਵੀ ਬਿਨਾ ਸੇਧ ਲਿਆਂ ਨਹੀਂ ਲਗਦਾ। ਗੁਰੂ ਨਾਨਕ ਦਾ ਸ਼ਾਹਕਾਰ ਜਪੁਜੀ ਤੇ ਇਸ ਵਿਚਲਾ ਕਰਤਾ ਪੁਰਖੁ ਦਾ ਸੰਕਲਪ ਸੰਸਾਰ ਰਚਨਾਇਕ ਦੀ ਸੇਧ ਦਿੰਦੇ ਹਨ। ਇਹ ਦੱਸਦੇ ਹਨ ਕਿ ਮਨੁੱਖੀ ਸੋਝੀ ਦੇ ਅਜੋਕੇ ਦੌਰ ਵਿਚ ਪਰਮ-ਸਤਿ ਦਾ ਸੱਚ ਯਥਾਰਥ ਦੇ ਰੂਪ ਵਿਚ ਨਹੀਂ ਸਗੋਂ ਸੇਧ ਦੇ ਰੂਪ ਵਿਚ ਹੀ ਜਾਣਿਆ ਜਾ ਸਕਦਾ ਹੈ।
ਜੇ ਸੇਧ ਵੀ ਪਤਾ ਲੱਗ ਜਾਵੇ, ਉਹ ਹੀ ਵੱਡੀ ਗੱਲ ਹੈ ਕਿਉਂਕਿ ਸਹੀ ਸੇਧ ਵਿਚ ਸੱਚ ਦਾ ਪੈਂਡਾ ਜਲਦ ਤੈਅ ਕੀਤਾ ਜਾ ਸਕਦਾ ਹੈ। ਇਸ ਨਾਲ ਲੱਖਾਂ ਕਰੋੜਾਂ ਸ਼ਰਧਾਲੂਆਂ ਦੀ ਮਿਹਨਤ ਸਹੀ ਦਿਸ਼ਾ ਵਿਚ ਲਗ ਸਕਦੀ ਹੈ। ਇਹ ਵਿਧੀ ਮਾਯਾ ਤੋਂ ਦੂਰ ਰਹਿ ਕੇ ਗਿਆਨ ਪ੍ਰਾਪਤ ਕਰਨ ਦੀ ਝੱਲ ਨਹੀਂ ਸਗੋਂ ਨਿਰਲੇਪ ਰਹਿੰਦਿਆਂ ਮਾਯਾ ਵਿਚ ਖੁੱਭ ਕੇ ਗਿਆਨ ਇੱਕਠਾ ਕਰਨ ਦੀ ਜਾਚ ਹੈ। ਇਹ ਵਿਧੀ ਵਿਗਿਆਨਕ ਹੋਣ ਕਰਕੇ ਵਿਗਿਆਨਕ ਅਮਲ ਤੋਂ ਅਲੱਗ ਨਹੀਂ, ਪਰ ਬਹੁਤੇ ਸਿੱਖ ਵਿਦਵਾਨ ਵਿਗਿਆਨ ਪ੍ਰਤੀ ਉਦਾਸੀਨ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਤਾਂ ਸਿੱਖ ਮੱਤ ਤੇ ਵਿਗਿਆਨਕ ਵਿਧੀ ਨੂੰ ਆਪਸ-ਵਿਰੋਧੀ ਤੇ ਦਵੰਦਾਤਮਕ ਸਮਝਦੇ ਹਨ। ਉਹ ਇਹ ਨਹੀਂ ਜਾਣਦੇ ਕਿ ਗੁਰੂ ਨਾਨਕ ਦੇ ਵਿਚਾਰ ਉਨ੍ਹਾਂ ਦੀ ਇਸ ਸੋਚ ਦੀ ਕੱਤਈ ਪੁਸ਼ਟੀ ਨਹੀਂ ਕਰਦੇ। ਇਨ੍ਹਾਂ ਵਿਦਵਾਨਾਂ ਦੀ ਅਜਿਹੀ ਰੁਚੀ ਕਾਰਨ ਹੀ ਜਪੁਜੀ ਦਾ ਸਾਪੇਖਿਅਕ ਪੱਖ ਉਜਾਗਰ ਨਹੀਂ ਹੋ ਸਕਿਆ ਹੈ।
(ਚਲਦਾ)