ਨਹੀਂ ਰੀਸਾਂ ਝਨਾਂ ਦੀਆਂ

ਬਲਜੀਤ ਬਾਸੀ
ਝਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਦਰਿਆ ਪੰਜਾਂ ਪਾਣੀਆਂ ਦੇ ਦੇਸ਼ ਪੰਜਾਬ ਦਾ ਚੌਥਾ ਪੱਛਮੀ ਦਰਿਆ ਹੈ, ਇਸ ਤੋਂ ਹੋਰ ਅੱਗੇ ਪੱਛਮ ਵਿਚ ਜੇਹਲਮ ਵਗਦਾ ਹੈ। ਪੰਜਾਬ ਨੂੰ ਆਪਣੇ ਦਰਿਆਵਾਂ ‘ਤੇ ਬਹੁਤ ਮਾਣ ਹੈ, ਇਹ ਇਸ ਦੀ ਜਿੰਦ ਜਾਨ, ਇਸ ਦੀ ਜ਼ਾਤ, ਇਸ ਦੀ ਹਸਤੀ ਹਨ। ਫਿਰ ਵੀ ਪੰਜਾਬੀਆਂ ਨੂੰ ਇਨ੍ਹਾਂ ਹਿੱਕ ‘ਤੇ ਲਾਏ ਪੰਜ ਪੁੱਤਰਾਂ ਵਿਚੋਂ ਝਨਾਂ ਨਾਲ ਖਾਸ ਮੋਹ ਹੈ ਜਿਵੇਂ ਕਹਿੰਦੇ ਹਨ, ਇਹ ਬਰਾਬਰਾਂ ਵਿਚੋਂ ਸਭ ਤੋਂ ਵੱਧ ਬਰਾਬਰ ਹੈ।

ਪੂਰਨ ਸਿੰਘ ਦੇ ਸ਼ਬਦਾਂ ਵਿਚ:
ਰਾਵੀ ਸੁਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ
ਮੈਨੂੰ ਝਨਾਂ ‘ਵਾਜਾਂ ਮਾਰਦੀ
ਮੈਨੂੰ ਜੇਹਲਮ ਪਿਆਰਦਾæææ।
ਝਨਾਂ ਦੇ ਆਰ-ਪਾਰ ਜਾਣੋ ਰੁਮਾਨੀਅਤ ਦਾ ਵਾਸਾ ਹੈ। ਇਹ ਪੰਜਾਬ ਦੀਆਂ ਸੰਸਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਦਾ ਮੰਚ ਹੈ। ਹੀਰ-ਰਾਂਝਾ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ, ਪੂਰਨ ਭਗਤ, ਦੁੱਲਾ ਭੱਟੀ-ਇਸ ਖਿੱਤੇ ਵਿਚ ਆਪੋ ਆਪਣੇ ਇਸ਼ਟ ਲੈ ਕੇ ਜੰਮੇ ਤੇ ਜੂਝ ਮਰੇ। ਅਫਸੋਸ, ਅੱਜ ਚੜ੍ਹਦਾ ਪੰਜਾਬ ਇਸ ਤੋਂ ਵਿਰਵਾ ਰਹਿ ਗਿਆ ਹੈ ਪਰ ਤਾਂ ਵੀ ਚੜ੍ਹਦੇ ਪੰਜਾਬ ਵਿਚ ਇਸ ਪ੍ਰਤੀ ਭਾਵੁਕਤਾ ਉਸੇ ਤਰ੍ਹਾਂ ਕਾਇਮ ਹੈ। ਕਿਹੜਾ ਨਵਾਂ-ਪੁਰਾਣਾ ਪੰਜਾਬੀ ਕਵੀ ਹੈ, ਜਿਸ ਨੇ ਝਨਾਂ ਦਰਿਆ ਦਾ ਆਪਣੇ ਕਾਵਿ ਵਿਚ ਹਸਾਸ ਭਰਿਆ ਜ਼ਿਕਰ ਨਾ ਕੀਤਾ ਹੋਵੇ! ਇਸ ਨੂੰ ਇਸ਼ਕ ਜਾਂ ਮੁਹੱਬਤ ਦਾ ਦਰਿਆ ਕਿਹਾ ਗਿਆ ਹੈ। ਮੋਹਨ ਸਿੰਘ ਤੋਂ ਗੱਲ ਸ਼ੁਰੂ ਕਰਦੇ ਹਾਂ:
ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ
ਕਦਰ ਇਨ੍ਹਾਂ ਦੀ ਕੋਈ ਆਸ਼ਕ ਪਾਵੇ
ਗੰਗਾ ਬਾਹਮਣੀ ਕੀ ਜਾਣੇ
ਮੇਰੇ ਫੁੱਲ ਝਨਾਂ ਵਿਚ ਪਾਣੇ।
ਰੂਹਾਂ ਹੀਰ ਤੇ ਸੋਹਣੀ ਦੀਆਂ
ਫਿਰਨ ਝਨਾਂ ਦੇ ਅੰਦਰ ਪਈਆਂ
ਪੈਰ ਦੋਹਾਂ ਦੇ ਵਾਹਣੇ।
ਹੀਰ ਵਾਰਿਸ ਵਿਚ ਮਲਾਹ ਦੀਆਂ ਰੰਨਾਂ ਰਾਂਝੇ ‘ਤੇ ਫਿਦਾ ਹੁੰਦੀਆਂ ਹਨ:
ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ
ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ।
ਚਾੜ੍ਹ ਮੋਢਿਆਂ ‘ਤੇ ਤੈਨੂੰ ਅਸੀਂ ਠਿੱਲ੍ਹਾਂ
ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ।

ਅਤੇ ਸੁਰਜੀਤ ਪਾਤਰ:
ਸੁਣ ਹੇ ਝਨਾਂ ਦੇ ਪਾਣੀ
ਤੂੰ ਡੁੱਬ ਗਏ ਨਾ ਜਾਣੀਂ।
ਤੇਰੇ ਪਾਣੀਆਂ ‘ਤੇ ਤਰਨੀ
ਇਸ ਪਿਆਰ ਦੀ ਕਹਾਣੀ।
ਜੇ ਝਨਾਂ ਨੂੰ ਅਜਿਹਾ ਮਾਣ-ਤਾਣ ਮਿਲਿਆ ਹੈ ਤਾਂ ਇਸ ਦੇ ਪਿਛੇ ਭੂਗੋਲਿਕ, ਇਤਿਹਾਸਕ ਅਤੇ ਧਾਰਮਕ ਕਾਰਨ ਛੁਪੇ ਹੋਏ ਹਨ। ਝਨਾਂ ਪੰਜਾਬ ਦੇ ਉਸ ਭੂ-ਖੇਤਰ ਵਿਚ ਸਥਿਤ ਹੈ, ਜਿਥੇ ਪੱਛਮ ਵਲੋਂ ਇਸਲਾਮ ਦੀ ਹਨੇਰੀ ਆਈ। ਇਸ ਨੇ ਪੰਜਾਬ ਅਤੇ ਭਾਰਤ ਵਿਚ ਵਿਚਾਰਧਾਰਕ ਹਲਚਲ ਮਚਾ ਦਿੱਤੀ। ਪੰਜਾਬ ਦੇ ਜੀਵਨ ਅਤੇ ਸਾਹਿਤ ਵਿਚ ਰੁਮਾਨੀਅਤ ਦੀ ਚੱਸ ਲੱਗ ਗਈ। ਦੇਸ਼ ਦੇ ਪੂਰਬੀ ਭਾਗ ਦੇ ਜੀਵਨ ਅਤੇ ਕਵਿਤਾ ਵਿਚ ਅਜਿਹਾ ਤੱਤ ਘਟ ਹੀ ਵਿਦਮਾਨ ਸੀ, ਜਿਸ ਨੂੰ ਮੋਟੇ ਤੌਰ ‘ਤੇ ਸੂਫੀਵਾਦ ਕਿਹਾ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕਿ ਝਨਾਂ ਦਰਿਆ ਪੰਜਾਬ ਦੇ ਜੀਵਨ ਵਿਚ ਇਕ ਪਾਤਰ ਦੀ ਤਰ੍ਹਾਂ ਵਿਚਰਦਾ ਹੈ।
ਕਹਾਵਤ ਹੈ, ‘ਨਹੀਂ ਰੀਸਾਂ ਝਨਾਂ ਦੀਆਂ, ਭਾਵੇਂ ਸੁੱਕਾ ਹੀ ਵਸੇ।’ ਸਿੱਧੜ ਜਿਹੇ ਬੰਦੇ ਨੂੰ ਝਨਾਂ ਦਾ ਦੀਵਾ ਕਹਿ ਦਿੱਤਾ ਜਾਂਦਾ ਹੈ। ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ਦਾ ਨਾਂ ‘ਝਨਾਂ ਦੀ ਰਾਤ ਹੈ’ ਅਤੇ ਅਜਮੇਰ ਔਲਖ ਦੀ ਨਾਟ-ਪੁਸਤਕ ਹੈ, ‘ਝਨਾਂ ਦੇ ਪਾਣੀ’। ਸ਼ੂਕਦੇ ਝਨਾਂ ਵਿਚਕਾਰ ਸ਼ੂਕਦਾ ਇਸ਼ਕ ਕਮਾਉਂਦੇ ਸੋਹਣੀ-ਮਹੀਂਵਾਲ ਦਾ ਸੋਭਾ ਸਿੰਘ ਵਲੋਂ ਬਣਾਇਆ ਚਿੱਤਰ ਪੰਜਾਬ ਦੇ ਘਰ ਘਰ ਦੀ ਸ਼ੋਭਾ ਹੈ। ਪੰਜਾਬ ਦੇ ਚੋਟੀ ਦੇ ਸ਼ਾਇਰ ਇਕਬਾਲ, ਫੈਜ਼ ਅਹਿਮਦ ਫੈਜ਼ ਅਤੇ ਸ਼ਿਵ ਕੁਮਾਰ ਬਟਾਲਵੀ ਇਸੇ ਇਲਾਕੇ ਵਿਚ ਪੈਦਾ ਹੋਏ।
ਝਨਾਂ ਅਸਲ ਵਿਚ ਦੋ ਮੁਢਲੇ ਪ੍ਰਵਾਹਾਂ ਦੇ ਸੰਗਮ ਤੋਂ ਬਣੇ ਦਰਿਆ ਦਾ ਨਾਂ ਹੈ। ਚੰਦਰ ਨਾਂ ਦਾ ਪਹਿਲਾ ਪ੍ਰਵਾਹ ਹਿਮਾਚਲ ਪ੍ਰਦੇਸ਼ ਦੇ ਬਾਰ-ਲਾਚ ਲਾ ਦੱਰੇ ਦੇ ਦੱਖਣ ਤੋਂ ਕੋਈ 5000 ਫੁੱਟ ਉਚਾਈ ‘ਤੇ ਸਥਿਤ ਗਲੇਸ਼ੀਅਰ ਤੋਂ ਨਿਕਲਦਾ ਹੈ। ਤਿੱਬਤੀ ਭਾਸ਼ਾ ਵਿਚ ‘ਲਾ’ ਦਾ ਮਤਲਬ ਦੱਰਾ ਹੁੰਦਾ ਹੈ। ਹੋਰ ਦੇਖੋ: ਸ਼ੰਗਰੀ-ਲਾ ਜਿਥੋਂ ਦੀ ਰੰਮ ਮਸ਼ਹੂਰ ਹੈ, ਨਾਥੂ-ਲਾ ਅਤੇ ਡੋਕਲਮ ਲਾਗੇ ਡੋਕ-ਲਾ। ਭਾਗਾ ਨਾਂ ਦਾ ਦੂਜੇ ਪ੍ਰਵਾਹ ਦਾ ਸੋਮਾ ਹੈ, ਲਾਹੌਲ ਸਪਿਤੀ ਦੀਆਂ ਉਤਰ ਪੱਛਮੀ ਢਲਾਣਾਂ। ਇਹ ਦੂਜਾ ਪ੍ਰਵਾਹ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਵਗਦਾ ਹੋਇਆ ਕੋਈ 115 ਮੀਲ ਸਫਰ ਤੈਅ ਕਰਕੇ ਟਾਂਡੀ ਦੇ ਸਥਾਨ ‘ਤੇ ਪਹਿਲੇ ਪ੍ਰਵਾਹ ਨਾਲ ਜਾ ਗਲਵੱਕੜੀ ਪਾਉਂਦਾ ਹੈ। ਇਥੇ ਆ ਕੇ ਇਸ ਨੂੰ ਚਿਨਾਬ ਦਾ ਨਾਂ ਮਿਲਦਾ ਹੈ। ਇਥੋਂ ਇਹ ਨਦੀ ਕਸ਼ਮੀਰ ਦੇ ਇਲਾਕੇ ਅਖਨੂਰ, ਕਿਸ਼ਤਵਾੜ ਤੇ ਚੰਬਾ ਵਿਚ ਦੀ ਵਹਿੰਦੀ ਹੋਈ ਸਿਆਲਕੋਟ-ਵਜ਼ੀਰਾਬਾਦ ਦੀ ਜਮੀਨ ਨੂੰ ਸੈਰਾਬ ਕਰਦੀ ਝੰਗ ਸਿਆਲਾਂ ਦੇ ਕੋਲ ਤ੍ਰਿਮੂੰ ਦੇ ਸਥਾਨ ‘ਤੇ ਜੇਹਲਮ ਨਾਲ ਮਿਲ ਜਾਂਦੀ ਹੈ। ਤ੍ਰਿਮੂੰ ਸ਼ਬਦ ਤਿੰਨ+ਮੂੰਹ ਤੋਂ ਬਣਿਆ ਲਗਦਾ ਹੈ ਅਰਥਾਤ ਜਿਥੇ ਤਿੰਨ ਦਰਿਆ ਮਿਲਦੇ ਹਨ।
ਜੇਹਲਮ ਅਤੇ ਚਿਨਾਬ ਦੇ ਵਿਚਕਾਰਲੇ ਇਲਾਕੇ ਨੂੰ ਚੁੰਨਹਟ ਵੀ ਕਿਹਾ ਜਾਂਦਾ ਹੈ। ਇਹ ਸਿੰਧੂ ਪਾਸ ਰਾਵੀ ਨਾਲ ਇਕੱਠੀ ਹੋ ਕੇ ਮਚਨਕੋਟ ਦੇ ਮੁਕਾਮ ‘ਤੇ ਸਿੰਧ ਦਰਿਆ ਵਿਚ ਜਾ ਮਿਲਦੀ ਹੈ। ਇਸ ਤਰ੍ਹਾਂ ਇਹ ਦਰਿਆ ਪੂਰਬੀ ਪੰਜਾਬ ਤੋਂ ਪਰੇ ਪਰੇ ਹੀ ਰਹਿ ਜਾਂਦਾ ਹੈ। ਰਾਵੀ ਅਤੇ ਚਿਨਾਬ ਵਿਚਕਾਰਲੇ ਦੁਆਬ ਨੂੰ ਰਚਨਾ (ਰ=ਰਾਵੀ+ਚਨਾ=ਚਿਨਾਬ) ਅਤੇ ਜੇਹਲਮ ਅਤੇ ਚਿਨਾਬ ਵਿਚਕਾਰਲੇ ਦੁਆਬ ਨੂੰ ਜੇਚ (ਜੇ=ਜੇਹਲਮ+ਚ=ਚਿਨਾਬ) ਆਖਿਆ ਜਾਂਦਾ ਹੈ।
ਜਿਵੇਂ ਅਸੀਂ ਪਿਛੇ ਦੇਖਿਆ ਹੈ, ਝਨਾਂ ਦਰਿਆ ਅਸਲ ਵਿਚ ਦੋ ਨਦੀਆਂ-ਚੰਦਰ ਅਤੇ ਭਾਗ ਦੇ ਮੇਲ ਤੋਂ ਬਣਿਆ ਹੈ। ਇਸ ਲਈ ਇਸ ਸੰਗ ਤੋਂ ਪਿਛੋਂ ਇਸ ਦਾ ਨਾਂ ਚੰਦਰਭਾਗ ਪੈ ਗਿਆ। ਪੱਛਮੀ ਪੰਜਾਬ ਵਿਚ ਜਾ ਕੇ ਇਹ ਚਿਨਾਬ ਦੇ ਨਾਂ ਨਾਲ ਜਾਣਿਆ ਜਾਣ ਲਗਦਾ ਹੈ ਜੋ ਕਿ ਚੰਦਰਭਾਗ ਦਾ ਹੀ ਘਸਿਆ ਤੇ ਵਿਉਤਪਤ ਰੂਪ ਹੈ। ਇਸ ਦਾ ਅਗਲਾ ਵਿਗਾੜ ਹੈ ਇਸ ਸ਼ਬਦ ਵਿਚ ਉਚੀ ਟੋਨ ਦਾ ਆ ਜਾਣਾ ਜਿਸ ਕਰਕੇ ਇਸ ਨੂੰ ਝਨਾਂ ਵਜੋਂ ਲਿਖਿਆ ਤੇ ਉਚਾਰਿਆ ਜਾਂਦਾ ਹੈ। ਸੁਣਨਯੋਗ ਹੈ ਕਿ ਭਾਵੇਂ ਝਨਾਂ ਸ਼ਬਦ ‘ਝ’ ਧੁਨੀ ਨਾਲ ਸ਼ੁਰੂ ਹੁੰਦਾ ਹੈ ਪਰ ਬੋਲੀ ‘ਚ’ ਧੁਨੀ ਹੀ ਜਾਂਦੀ ਹੈ, ਮੈਂ ਇਸ ਨੂੰ ਇਸ ਤਰ੍ਹਾਂ ਲਿਖਾਂਗਾ, ‘ਚਿਨ੍ਹਾਂ।’ ਅਸਲ ਵਿਚ ਇਸ ਦੀ ਆਖਰੀ ‘ਨ’ ਧੁਨੀ ਉਚੀ ਟੋਨ ਵਿਚ ਉਚਾਰੀ ਜਾਂਦੀ ਹੈ ਤੇ ਚਿਨਾਬ ਵਿਚਲੀ ‘ਬ’ ਧੁਨੀ ਇਕ ਤਰ੍ਹਾਂ ਖਾਧੀ ਹੀ ਜਾਂਦੀ ਹੈ, ਕੁਝ ਇਸ ਤਰ੍ਹਾਂ ਜਿਵੇਂ ਤਲਾਬ ਦਾ ਤਲਾ(ਅ) ਬਣ ਗਿਆ।
ਕਈ ਸ੍ਰੋਤ ਚਿਨਾਬ ਸ਼ਬਦ ਨੂੰ ਚੰਨ+ਆਬ ਤੋਂ ਬਣਿਆ ਦੱਸਦੇ ਹਨ ਜਿਸ ਤੋਂ ਭਾਵ ਹੈ ਕਿ ਇਸ ਦਾ ਪਾਣੀ (ਆਬ) ਚੰਦ ਦੀ ਚਾਂਦਨੀ ਵਿਚ ਓਤ-ਪੋਤ ਪ੍ਰਤੀਤ ਹੁੰਦਾ ਹੈ। ਇਹ ਇਕ ਕਾਵਿਕ ਜਿਹੀ ਵਿਆਖਿਆ ਹੀ ਹੈ ਜੋ ਬਹੁਤੀ ਮੰਨਣਯੋਗ ਨਹੀਂ। ਵੈਦਿਕ ਕਾਲ ਵਿਚ ਚਿਨਾਬ ਅਸਕਿਨੀ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਪ੍ਰਾਚੀਨ ਗਰੀਕ ਵਿਚ ਇਸ ਨੂੰ Aਚeਸਨਿeਸ ਕਿਹਾ ਜਾਂਦਾ ਸੀ। ਮਾਨਤਾ ਹੈ ਕਿ ਪੰਚਨਦ ਨਾਂ ਨਾਲ ਜਾਣੇ ਜਾਂਦੇ ਸਿੰਧ ਦਰਿਆ ਅਤੇ ਬਾਕੀ ਚਾਰ ਦਰਿਆਵਾਂ ਦੇ ਸੰਗਮ ‘ਤੇ ਸਥਿਤ ਉਚ ਸ਼ਰੀਫ ਉਰਫ ਮਿਠਨਕੋਟ ਉਰਫ ਚਚਰਨ ਨਾਂ ਦੇ ਸ਼ਹਿਰਾਂ ਦੀ ਨੀਂਹ ਸਿਕੰਦਰ ਮਹਾਨ ਨੇ ਰੱਖੀ ਸੀ।
ਦਰਿਆਵਾਂ, ਹੋਰ ਕੁਦਰਤੀ ਸਥਾਨਾਂ ਤੇ ਪਿੰਡਾਂ ਸ਼ਹਿਰਾਂ ਦੇ ਨਾਂਵਾਂ ਪਿਛੇ ਅਕਸਰ ਲੋਕਯਾਨਕ ਕਹਾਣੀਆਂ ਵੀ ਜੁੜ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਚੰਦਰ ਦੇਵਤਾ (ਚੰਦ) ਦੀ ਧੀ ਚੰਦਰ ਤਾਲ ਵਿਚ ਪੈਦਾ ਹੋਈ। ਸਪਸ਼ਟ ਹੈ, ਗਲੇਸ਼ੀਅਰ ਦਾ ਰੰਗ ਚੰਦ ਚਾਨਣੀ ਜਿਹਾ ਚਿੱਟਾ ਹੁੰਦਾ ਹੈ, ਇਸ ਲਈ ਇਸ ਤੋਂ ਬਣੇ ਤਾਲ ਨੂੰ ਅਜਿਹਾ ਨਾਂ ਮਿਲਿਆ। ਇਸ ਦਾ ਸੂਰਜ ਦੇਵਤਾ ਦੇ ਪੁੱਤਰ ਭਾਗ ਨਾਲ ਪਿਆਰ ਪੈ ਗਿਆ ਜਿਸ ਦਾ ਨਿਕਾਸ ਸੂਰਜ ਤਾਲ ਵਿਚੋਂ ਹੋਇਆ। ਦੋਵੇਂ ਬਾਰ-ਲਾਚਾ ਲਾ ਦੱਰੇ ਤੱਕ ਇਕੱਠੇ ਪ੍ਰੇਮ ਲੀਲਾ ਰਚਾਉਂਦੇ ਵਗਦੇ ਰਹੇ ਪਰ ਫਿਰ ਇਕਰਾਰ ਕੀਤਾ ਕਿ ਥੋੜ੍ਹੀ ਵਾਟ ਇਕ ਦੂਜੇ ਤੋਂ ਉਲਟ ਦਿਸ਼ਾਵਾਂ ਵਿਚ ਚਲੀਏ ਅਤੇ ਟਾਂਡੀ ਦੇ ਸਥਾਨ ‘ਤੇ ਮਿਲ ਕੇ ਵਿਆਹ ਰਚਾਈਏ। ਚੰਦਰ ਤਾਂ ਬਹੁਤ ਫੁਰਤੀਲੀ ਸੀ, ਇਸ ਲਈ 71 ਮੀਲ ਦਾ ਸਫਰ ਤੈਅ ਕਰਕੇ ਛੇਤੀ ਹੀ ਆਪਣੇ ਮੁਕਾਮ ‘ਤੇ ਪਹੁੰਚ ਗਈ ਪਰ ਭਾਗ ਦਾ 37 ਮੀਲ ਦਾ ਪੈਂਡਾ ਬਹੁਤ ਤੰਗ ਘਾਟੀਆਂ ਵਿਚੋਂ ਲੰਘਦਾ ਸੀ। ਚੰਦਰ ਨੂੰ ਫਿਕਰ ਹੋਇਆ ਤੇ ਉਹ ਕੇਲੌਗ ਤੱਕ ਉਸ ਨੂੰ ਲੱਭਣ ਗਈ। ਉਸ ਨੇ ਦੇਖਿਆ ਕਿ ਭਾਗ ਇਕ ਬਹੁਤ ਹੀ ਔਖੀ ਘਾਟੀ ਵਿਚੋਂ ਮੁਸ਼ਕਿਲ ਨਾਲ ਜੂਝਦਾ ਹੋਇਆ ਲੰਘ ਰਿਹਾ ਸੀ। ਖੈਰ! ਸ਼ੁਕਰ ਹੋਇਆ, ਦੋਵੇਂ ਆਖਰ ਟਾਂਡੀ ਦੇ ਸਥਾਨ ‘ਤੇ ਮਿਲ ਗਏ ਤੇ ਵਿਆਹ ਰਚਾ ਲਿਆ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਚੰਦਰਭਾਗ ਨਾਂ ਦੀਆਂ ਕਈ ਨਦੀਆਂ ਹਨ। ਬੰਗਾਲ ਵਿਚ ਬੀਰਭੂਮ ਦੇ ਸਥਾਨ ‘ਤੇ ਇਕ ਚੰਦਰਭਾਗ ਨਾਂ ਦਾ ਦਰਿਆ ਹੈ। ਇਸੇ ਤਰ੍ਹਾਂ ਗੁਜਰਾਤ ਵਿਚ ਅਹਿਮਦਾਬਾਦ ਲਾਗੇ ਵੀ ਇਕ ਚੰਦਰਭਾਗ ਨਾਮੀਂ ਦਰਿਆ ਹੈ। ਹੋਰ ਤਾਂ ਹੋਰ ਪੁਰੀ ਨੇੜੇ ਕੋਨਾਰਕ ਮੰਦਿਰ ਦੇ ਸਥਾਨ ‘ਤੇ ਵੀ ਇਕ ਚੰਦਰਭਾਗ ਹੈ। ਪਾਠਕ ਜਾਣਦੇ ਹੋਣਗੇ, ਕੋਨਾਰਕ (ਕੋਨ+ਅਰਕ; ਅਰਕ=ਸੂਰਜ) ਦਾ ਮੰਦਿਰ ਅਸਲ ਵਿਚ ਸੂਰਜ ਦਾ ਮੰਦਿਰ ਹੈ। ਮਹਾਰਾਸ਼ਟਰ ਵਿਚ ਪੰਢਰਪੁਰ ਵਿਖੇ ਭੀਮ ਦਰਿਆ ਦੇ ਕਿਨਾਰੇ ਵਿਠਲ ਮੰਦਿਰ ਹੈ। ਭੀਮ ਦਰਿਆ ਦਾ ਇਕ ਨਾਂ ਚੰਦਰਭਾਗਾ ਹੈ। ਬਿਹਾਰ ਵਿਚ ਵੀ ਇਕ ਚੰਦਰਭਾਗਾ ਹੈ, ਜਿਸ ਦਾ ਨਾਂ ਘਸ ਘਸ ਕੇ ਚੰਨਹਾ ਬਣ ਗਿਆ ਹੈ। ਹੋਰ ਕਈ ਨਾਂ ਵੀ ਨਾ ਸਿਰਫ ਭਾਰਤ ਵਿਚ ਸਗੋਂ ਹੋਰ ਦੇਸ਼ਾਂ ਵਿਚ ਵੀ ਇਕ ਤੋਂ ਵੱਧ ਦਰਿਆਵਾਂ ਦੇ ਸੂਚਕ ਹਨ। ਸਮੇਂ ਸਮੇਂ ਉਨ੍ਹਾਂ ਦੀ ਚਰਚਾ ਹੁੰਦੀ ਰਹੇਗੀ।