ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਹੁਣ ਨਵੀਂ ਸ਼ੁਰੂ ਕੀਤੀ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ। ਪਿਛਲੇ ਲੇਖ ਵਿਚ ਉਨ੍ਹਾਂ ਰੁੱਖਾਂ ਦੀਆਂ ਨਿਆਮਤਾਂ ਦੀ ਗੱਲ ਕਰਦਿਆਂ ਹਉਕਾ ਲਿਆ ਸੀ, “ਕਦੇ ਵੇਲਾ ਸੀ ਕਿ ਖੂਹਾਂ ‘ਤੇ ਬਾਬੇ ਬੋਹੜਾਂ ਅਤੇ ਪਿੱਪਲਾਂ ਦੀਆਂ ਛਾਂਵਾਂ, ਖੂਹ ਦੀ ਜੋਗ ਅਤੇ ਰਾਹੀਆਂ ਲਈ ਠੰਢੜੀ ਛਾਂ ਦਾ ਨਿਉਂਦਾ ਸੀ।”
ਹਥਲੇ ਲੇਖ ਵਿਚ ਉਨ੍ਹਾਂ ਮਨੁੱਖ ਨੂੰ ਬਿਰਖ ਜਿਹਾ ਜੇਰਾ ਬਣਾਉਣ ਦੀ ਨਸੀਹਤ ਕਰਦਿਆਂ ਕਿਹਾ ਹੈ, “ਪੱਤਿਆਂ ਵਰਗਾ ਬਣਨ ਦਾ ਖਿਆਲ ਮਨ ਵਿਚ ਪੈਦਾ ਕਰ ਤਾਂ ਕਿ ਤੂੰ ਕਦੇ ਕਦਾਈਂ ਤਾਂ ਕਿਸੇ ਦੇ ਕੰਮ ਆ ਸਕਂੇ।” ਉਨ੍ਹਾਂ ਮਨੁੱਖ ਨੂੰ ਬਿਰਖ ਦੇ ਜ਼ਰੀਏ ਸਵਾਲ ਕੀਤਾ ਹੈ, “ਕਦੇ ਤੂੰ ਬਿਰਖ ਦੀ ਅਰਾਧਨਾ ਵਿਚੋਂ ਖੁਦ ਨੂੰ ਧਿਆਇਆ ਏ। ਮੈਂ ਕਦੇ ਵੀ ਬੇਅਰਥਾ ਨਹੀਂ ਜਿਉਂਦਾ। ਮੇਰਾ ਕੋਈ ਧਰਮ ਜਾਂ ਮਜ਼ਹਬ ਨਹੀਂ। ਕੋਈ ਰੰਗ-ਰੂਪ ਜਾਂ ਵਰਣ-ਵਰਗ ਨਹੀਂ। ਮੈਂ ਸਿਰਫ ਬਿਰਖ ਹਾਂ।” -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਐ ਮਨੁੱਖ!
ਕਦੇ ਮੇਰੇ ਵੰਨੀਂ ਨੀਝ ਨਾਲ ਦੇਖਿਆ ਏ? ਮੇਰੇ ਹਰ ਅੰਗ ਨੂੰ ਨਿਹਾਰਿਆ ਏ? ਕੀ ਮੇਰੀ ਫਿਤਰਤ ‘ਤੇ ਲਿਖੀ ਹੋਈ ਸ਼ੁਭ-ਕਰਮਨ ਦੀ ਇਬਾਰਤ ਨੂੰ ਪੜ੍ਹਿਆ ਈ? ਕੀ ਇਸ ਦੀ ਇਬਾਦਤ ਵਿਚੋਂ ਕੁਝ ਕੁ ਨੂੰ ਆਪਣੀ ਕਰਮ-ਸ਼ੈਲੀ ਵਿਚ ਅਪਨਾਉਣ ਦੀ ਲੋੜ ਸਮਝੀ ਏ? ਕੀ ਮੇਰੇ ਵਰਗਾ ਬਣਨ ਦੀ ਲੋਚਾ ਮਨ ਵਿਚ ਪੈਦਾ ਹੋਈ ਏ? ਕੀ ਮੇਰੇ ਤਸੱਵਰ ਨੂੰ ਆਪਣੇ ਜ਼ਿਹਨ ਵਿਚ ਉਤਾਰਨ ਬਾਰੇ ਸੋਚਿਆ ਵੀ ਏ? ਮੇਰੇ ਸਮੁੱਚ ਵਰਗਾ ਬਣਨ ਲਈ ਤਾਂ ਤੂੰ ਕਦੇ ਵੀ ਨਾ ਸੋਚਿਆ ਹੋਵੇ ਜਾਂ ਬਣ ਹੀ ਨਾ ਸਕਦਾ ਹੋਵਂੇ। ਇਸ ਬਾਰੇ ਮੇਰੇ ਮਨ ਵਿਚ ਬਹੁਤ ਜ਼ਿਆਦਾ ਸ਼ੰਕੇ ਤੇ ਤੌਖਲੇ ਹਨ, ਪਰ ਮੇਰੇ ਕਿਸੇ ਨਾ ਕਿਸੇ ਅੰਗ ਵਰਗਾ ਬਣਨ ਬਾਰੇ ਤਾਂ ਆਪਣੇ ਮਨ ਵਿਚ ਸੁਪਨੇ ਬੁਣ।
ਐ ਮਨੁੱਖ!
ਕਦੇ ਕਦੇ ਮੈਂ ਸੋਚਦਾ ਹਾਂ ਜੇ ਤੂੰ ਕਦੇ ਮੇਰੇ ਤਣੇ ਵਰਗਾ ਹੋਵੇਂ ਤਾਂ ਕਿੰਜ ਦਾ ਹੋਵੇਂ। ਕਦੇ ਚਿਤਵੀਂ ਕਿ ਮੈਂ ਪੱਤਰ-ਹੀਣ ਹੋ ਕੇ ਸਦਾ ਖੁਦ ਨੂੰ ਸਿੱਧਾ ਰੱਖਦਾਂ, ਅੰਬਰ ਤੇ ਧਰਤ ਦੇ ਨੈਣਾਂ ਵਿਚ ਇਕਸਾਰ ਝਾਕਦਾਂ। ਮੈਂ ਕੁਝ ਨਾ ਵੀ ਹੋ ਕੇ ਸਭ ਕੁਝ ਹੋਣ ਦਾ ਧਰਮ ਪਾਲਦਾਂ। ਮੈਂ ਦੂਰ-ਉਡਾਰੀ ਮਾਰ ਗਏ ਪਰਿੰਦਿਆਂ, ਉਜੜੇ ਆਲ੍ਹਣਿਆਂ, ਬਿਖਰੇ ਤੀਲਿਆਂ ਅਤੇ ਮੇਰੀ ਜੂਹ ਵਿਚ ਸੱਜਦੀਆਂ ਮਹਿਫਿਲਾਂ ਦੀਆਂ ਯਾਦਾਂ ਨੂੰ ਹਿੱਕ ਵਿਚ ਸਾਂਭ, ਬੀਤੇ ਨੂੰ ਮਾਣਦਾ ਹਾਂ, ‘ਅੱਜ’ ਨੂੰ ਜਿਉਂਦਾ ਹਾਂ ਅਤੇ ਆਉਣ ਵਾਲੇ ਕੱਲ ਨੂੰ ਵੀ ਜਿਉਣ ਜੋਗਾ ਕਰਨ ਦਾ ਹੁਨਰ ਰੱਖਦਾ ਹਾਂ। ਤੂੰ ਨਾ ‘ਕੱਲ’ ਜੀਵਿਆ ਏਂ, ਨਾ ਤੂੰ ‘ਅੱਜ’ ਨੂੰ ਜੀਂਦਾ ਏ ਅਤੇ ਤੇਰੇ ਮਨ ਵਿਚ ਤਾਂ ਸਿਰਫ ਆਉਣ ਵਾਲੇ ਕੱਲ ਨੂੰ ਜਿਉਣ ਦਾ ਸੁਪਨਾ ਏ ਜੋ ਕਦੇ ਵੀ ਪੂਰਾ ਨਹੀਂ ਹੋਵੇਗਾ ਕਿਉਂਕਿ ਕੱਲ ਕਿਸ ਨੇ ਦੇਖਿਆ ਏ? ਜੇ ਤੇਰੇ ਮਨ ਵਿਚ ਤਣਾ ਬਣਨ ਦਾ ਖਿਆਲ ਏ ਤਾਂ ਸਭ ਤੋਂ ਪਹਿਲਾਂ ਅੱਜ ਨੂੰ ਜਿਉਣ ਦਾ ਹੁਨਰ ਸਿੱਖ। ਵਰਤਮਾਨ ਵਿਚੋਂ ਖੁਦ ਨੂੰ ਪਛਾਣ, ਸਿਰਜ ਅਤੇ ਇਸ ਵਿਚੋਂ ਹੀ ਆਪਣੇ ਆਪ ਨੂੰ ਵਿਸਥਾਰ, ਤੈਨੂੰ ਤਣੇ ਵਰਗੀ ਕਰਮਯੋਗਤਾ ਅਤੇ ਜੀਵਨ-ਜਾਚ ਦਾ ਅਹਿਸਾਸ ਹੋ ਜਾਵੇਗਾ। ਤਣਾ ਭੋਰਾ ਭੋਰਾ ਭੁਰ ਕੇ, ਆਪਣੀ ਹੋਂਦ ਦਾ ਅਲੰਬਰਦਾਰ ਰਹਿੰਦਾ ਹੈ ਅਤੇ ਇਸ ਵਿਚੋਂ ਹੀ ਇਹ ਖੁਦ ਦੀ ਪਛਾਣ ਸਿਰਜਣ ਦੇ ਸਮਰੱਥ ਹੈ।
ਐ ਮਨੁੱਖ!
ਮੈਨੂੰ ਲੱਗਦਾ ਏ ਕਿ ਤੈਨੂੰ ਪੱਤੇ, ਫੁੱਲ ਜਾਂ ਫਲ ਬਣਨ ਦੀ ਤਮੰਨਾ ਹੀ ਨਹੀਂ। ਪਰ ਜੇ ਤੂੰ ਟਾਹਣ ਅਤੇ ਲਗਰਾਂ ਬਣਨ ਦਾ ਹੀਆ ਕਰੇਂ ਤਾਂ ਇਹ ਤੇਰੀਆਂ ਆਉਣ ਵਾਲੀਆਂ ਨਸਲਾਂ ਦੀ ਚਿਰੰਜੀਵਤਾ ਲਈ ਚੰਗਾ ਹੋਵੇਗਾ। ਮੇਰੀਆਂ ਟਹਿਣੀਆਂ ਵਿਚਲੀ ਕਰਮ-ਯੋਗਤਾ ਨੂੰ ਆਪਣੇ ਖਿਆਲ ਵਿਚ ਧਾਰ। ਇਹ ਟਾਹਣ ਹੀ ਹੁੰਦੇ ਜੋ ਹਰੇਕ ਦੇ ਕੰਮ ਆਉਣ ਲਈ ਬੂਹੇ-ਬਾਰੀਆਂ, ਛਤੀਰੀਆਂ ਤੇ ਬਾਲੇ, ਮੇਜ ਤੇ ਕੁਰਸੀਆਂ, ਪਲੰਘ, ਬੱਚੇ ਦਾ ਗਡੀਰਾ ਅਤੇ ਦਾਦੀ ਮਾਂ ਦਾ ਚਰਖਾ, ਸੰਦੂਕ, ਵੇਲਣਾ ਆਦਿ ਬਣਦੇ। ਇਹ ਟਾਹਣ ਹੀ ਹੁੰਦੇ ਜੋ ਲਿਫ ਸਕਦੇ ਨੇ ਪਰ ਟੁੱਟਦੇ ਨਹੀਂ। ਤੇਰੇ ਵਰਗਾ ਤਾਂ ਲਿਫਣ ਨਾਲੋਂ ਟੁੱਟਣ ਨੂੰ ਤਰਜ਼ੀਹ ਦਿੰਦਾ ਏ। ਅਜੋਕੀ ਮਨੁੱਖੀ ਫਿਤਰਤ ਆਮ ਤੌਰ ‘ਤੇ ਕਦੇ ਤੂਤ ਦਾ ਮੋਛਾ ਬਣਨ ਦਾ ਧਰਮ ਨਹੀਂ ਪਾਲਦੀ। ਬੋਹੜ ਜਾਂ ਸਫੈਦੇ ਦੀ ਕੱਚੀ ਲੱਕੜ ਵਰਗੇ ਮਨੁੱਖਾਂ ਦਾ ਕਾਹਦਾ ਸਾਥ ਜੋ ਲੋੜ ਪੈਣ ‘ਤੇ ਦਗਾ ਦੇ ਜਾਣ। ਕਦੇ ਮੇਰੇ ਟਾਹਣ ਨੂੰ ਦੇਖਿਆ ਏ? ਸਿਖਰ ‘ਤੇ ਜਾ ਰਹੇ ਵਿਅਕਤੀ ਲਈ ਪੌੜੀ ਬਣਦਾ ਹਾਂ ਅਤੇ ਫਿਰ ਸਿਖਰ ‘ਤੇ ਪਹੁੰਚੇ ਨੂੰ ਸੰਭਾਲਦਾ, ਉਸ ਦੀ ਨਜ਼ਰ ਧਰਤੀ ‘ਤੇ ਟਿਕਾਉਣ ਵਿਚ ਮਦਦ ਕਰਦਾ ਹਾਂ। ਇਹ ਟਾਹਣ ਹੀ ਹੁੰਦਾ ਜੋ ਮਨੁੱਖ ਦਾ ਆਖਰੀ ਹਮਸਫਰ ਬਣ, ਸਿਵਿਆਂ ਵਿਚ ਉਸ ਦੇ ਨਾਲ ਸੜ੍ਹਦਾ ਅਤੇ ਮਿੱਟੀ ਨਾਲ ਮਿੱਟੀ ਹੋ ਨਵੀਂ ਸਿਰਜਣਾ ਦੇ ਰਾਹ ਪੈਂਦਾ। ਕੀ ਤੂੰ ਕਦੇ ਅਜਿਹਾ ਧਰਮ ਪਾਲਿਆ ਏ ਜੋ ਆਖਰੀ ਸਾਹਾਂ ਤੀਕ ਤੋੜ ਨਿਭਾਇਆ ਹੋਵੇ? ਤੂੰ ਤਾਂ ਦੋ ਕੁ ਕਦਮ ਤੁਰ ਕੇ ਅਹਿਸਾਸ ਜਤਾਉਣ ਲੱਗ ਪੈਂਦਾ ਏ। ਯਾਦ ਰੱਖਣਾ! ਮੇਰੇ ਕਿਸੇ ਵੀ ਅੰਗ ਨੇ ਕਦੇ ਅਹਿਸਾਸ ਨਹੀਂ ਜਤਾਇਆ। ਤਾਹੀਉਂ ਮੇਰੀ ਲਿਵ ਸਦਾ ਧਰਤੀ ਨਾਲ ਲੱਗੀ ਰਹਿੰਦੀ ਏ। ਮੈਂ ਅੰਬਰ ਤੋਂ ਰੌਸ਼ਨੀ ਅਤੇ ਵਾਯੂਮੰਡਲ ਵਿਚੋਂ ਹਵਾ ਤੇ ਵਾਸ਼ਪ ਲੈਂਦਾ, ਇਨ੍ਹਾਂ ਦਾ ਹਮੇਸ਼ਾ ਸ਼ੁਕਰਗੁਜਾਰ ਰਹਿੰਦਾ ਹਾਂ। ਤੇਰੇ ਵਿਚ ਟਾਹਣ ਵਾਲੀ ਫਿਤਰਤ ਹੀ ਨਹੀਂ। ਇਸ ਲਈ ਤੇਰੇ ਤੋਂ ਆਸ ਨਹੀਂ ਰੱਖੀ ਜਾ ਸਕਦੀ ਕਿ ਤੂੰ ਟਾਹਣ ਬਣੇ? ਮੇਰੀਆਂ ਲਗਰਾਂ ਦੀਆਂ ਕਲਮਾਂ ਵੀ ਮੇਰੀ ਅੰਸ਼ ਦੇ ਵਾਧੇ ਦਾ ਸਬੱਬ ਬਣਦੀਆਂ ਨੇ। ਤੂੰ ਕਦੇ ਕਲਮ ਬਣਨ ਬਾਰੇ ਸੋਚਿਆ ਏ? ਕੀ ਮਨ ਦੇ ਵਿਹੜੇ ਵਿਚ ਕਦੇ ਚਾਨਣ ਦੀਆਂ ਕਲਮਾਂ ਲਾਈਆਂ ਨੇ ਤਾਂ ਕਿ ਚੁਫੇਰੇ ਪਸਰੇ ਹਨੇਰਿਆਂ ਨੂੰ ਦੂਰ ਕੀਤਾ ਜਾ ਸਕੇ?
ਐ ਮਨੁੱਖ! ਬੜਾ ਔਖਾ ਹੁੰਦਾ ਏ ਕਲਮ ਬਣਨਾ ਕਿਉਂਕਿ ਕਲਮ ਬਣਨ ਲਈ ਅੰਗ ਦੇ ਟੋਟੇ ਜੁ ਕਰਵਾਉਣੇ ਪੈਂਦੇ ਨੇ। ਇਹ ਮੈਂ ਹੀ ਹਾਂ ਜੋ ਆਪਣੇ ਟੋਟਿਆਂ ਨੂੰ ਵੀ ਵਜੂਦ ਬਖਸ਼ਣ ਦੇ ਸਮਰੱਥ ਹਾਂ। ਤੂੰ ਕਿਵੇਂ ਕਲਮ ਬਣੇਂਗਾ?
ਐ ਮਨੁੱਖ!
ਕੀ ਕਦੇ ਮੇਰੇ ਪੱਤਿਆਂ ਵਰਗਾ ਬਣਨ ਦਾ ਵਿਚਾਰ ਤੇਰੇ ਮਨ ਵਿਚ ਪੈਦਾ ਹੋਇਆ ਏ? ਪੱਤੇ ਜੋ ਮੇਰੀਆਂ ਟਹਿਣੀਆਂ ਲਈ ਨੇ ਹਰਿਆਵਲਾ ਕੱਜਣ। ਇਨ੍ਹਾਂ ਦੀ ਕੋਮਲਤਾ ਮੇਰੇ ਪਿੰਡੇ ਨਾਲ ਖਹਿੰਦੀ, ਮੈਨੂੰ ਸਰਸ਼ਾਰ ਕਰਦੀ। ਇਹ ਪੱਤੇ ਹੀ ਹੁੰਦੇ ਜੋ ਪਰਿੰਦਿਆਂ ਦੇ ਚੋਹਲ-ਮੋਹਲ ਲਈ ਓਹਲਾ ਬਣਦੇ। ਇਨ੍ਹਾਂ ਵਿਚ ਆਪਣਾ ਰੈਣ-ਬਸੇਰਾ ਬਣਾ ਲੈਂਦੇ। ਇਹ ਪੱਤੇ ਕਦੇ ਤੇਰੀ ਖੁਰਾਕ ਵੀ ਹੁੰਦੇ ਸਨ। ਪਰ ਹੁਣ ਇਹ ਜਾਨਵਰਾਂ ਤੇ ਪੰਛੀਆਂ ਦੀ ਖੁਰਾਕ ਤੱਕ ਸੀਮਤ ਹੋ ਗਏ ਨੇ ਅਤੇ ਉਨ੍ਹਾਂ ਦੀ ਤਲੀ ‘ਤੇ ਅਰੋਗਤਾ ਧਰਦੇ ਨੇ। ਸ਼ਾਇਦ ਆਦਿ ਵਾਸੀ ਕਦੇ ਕਦਾਈਂ ਇਨ੍ਹਾਂ ਦਾ ਸਵਾਦ ਚੱਖਦੇ ਹੋਣ। ਮੇਰੇ ਪੱਤੇ ਹੀ ਹੁੰਦੇ ਜੋ ਜੇਠ-ਹਾੜ੍ਹ ਵਰਗੀਆਂ ਮੁਸੀਬਤਾਂ ਦੀ ਤਿੱਖੜ ਦੁਪਹਿਰ ਠੰਢੜੀ ਛਾਂ ਬਣਦੇ, ਰੁਮਕਦੀ ਪੌਣ ਵਿਚ ਸੰਗੀਤ ਪੈਦਾ ਕਰਦੇ ਜੋ ਪਰਿੰਦਿਆਂ ਲਈ ਲੋਰੀ ਬਣਦੀ ਜਾਂ ਛਾਂ ਹੇਠ ਅਲਸਾਏ ਮੁਸਾਫਰ ਨੂੰ ਸਹਿਲਾਉਣ ਵਰਗਾ ਕਾਰਜ ਕਰਦੀ। ਮੇਰੇ ਪੱਤੇ ਕਦੇ ਵੀ ਮੇਰਾ ਸਾਥ ਨਹੀਂ ਛੱਡਦੇ। ਅਗਰ ਤੂਫਾਨਾਂ, ਹਲੂਣਨ ਨਾਲ ਇਹ ਟੁੱਟ ਜਾਣ ਜਾਂ ਰੁੱਤ ਬਦਲਣ ‘ਤੇ ਆਪਣਾ ਚੋਲਾ ਬਦਲਣ ਲਈ ਮੈਥੋਂ ਕੁਝ ਦੇਰ ਲਈ ਦੂਰ ਵੀ ਜਾਂਦੇ ਤਾਂ ਰੁੱਤ ਬਦਲਣ ਜਾਂ ਝੱਖੜ ਤੋਂ ਬਾਅਦ ਇਹ ਨਿੱਕੀਆਂ-ਨਿੱਕੀਆਂ ਕਰੁੰਬਲਾਂ ਦੇ ਰੂਪ ਵਿਚ ਫਿਰ ਮੇਰੇ ਦਰ ‘ਤੇ ਬਹਾਰ ਦੀ ਦਸਤਕ ਬਣਦੇ। ਇਹ ਅਜੋਕੇ ਮਨੁੱਖ ਵਰਗੇ ਨਹੀਂ ਜੋ ਮੁਸੀਬਤ ਜਾਂ ਕਸ਼ਟ ਸਮੇਂ ਬੜੀ ਜਲਦੀ ਸਾਥ ਛੱਡ ਦੇਵੇ। ਇਹ ਤਾਂ ਸੁੱਕ ਕੇ ਵੀ ਹਵਾ ਦੇ ਕੰਧਾੜੇ ਚੜ੍ਹ ਮੇਰਾ ਸੁੱਖ-ਸੁਨੇਹਾ ਦੂਰ ਤੀਕ ਪਹੁੰਚਾਉਂਦੇ। ਖੁਰਾਕ ਬਣ, ਮੇਰੀਆਂ ਜੜ੍ਹਾਂ ਨੂੰ ਪੂਰਵ-ਪੁੰਗਰਨ ਦਾ ਵਰ ਦੇ ਜਾਂਦੇ। ਪੱਤਿਆਂ ਵਰਗਾ ਬਣਨ ਦਾ ਖਿਆਲ ਮਨ ਵਿਚ ਪੈਦਾ ਕਰ ਤਾਂ ਕਿ ਤੂੰ ਕਦੇ ਕਦਾਈਂ ਤਾਂ ਕਿਸੇ ਦੇ ਕੰਮ ਆ ਸਕਂੇ।
ਐ ਮਨੁੱਖ!
ਜੇ ਮੇਰੇ ਪੱਤਿਆਂ ਵਰਗਾ ਨਹੀਂ ਬਣਨਾ ਚਾਹੁੰਦਾ ਤਾਂ ਫੁੱਲ ਬਣਨ ਦਾ ਮਨ ਵਿਚ ਧਾਰ। ਫੁੱਲ ਜੋ ਰੰਗਾਂ ਤੇ ਮਹਿਕਾਂ ਦਾ ਸੰਧਾਰਾ, ਬਿਰਖ-ਜੂਹ ਦੇ ਨਾਮ ਕਰਦਾ, ਹਰ ਵਿਅਕਤੀ ਦੀ ਤਲੀ ‘ਤੇ ਰੰਗਾਂ, ਮਹਿਕਾਂ ਅਤੇ ਖੇੜਿਆਂ ਦਾ ਸ਼ਗਨ ਪਾ, ਖੁਸ਼-ਮਿਜ਼ਾਜ ਪਲਾਂ ਦਾ ਨਿਉਂਦਾ ਬਣਦਾ। ਫੁੱਲ ਆਪਣੀ ਹਿੱਕ ‘ਤੇ ਤਿੱਲੀਆਂ ਅਤੇ ਭੌਰਿਆਂ ਨੂੰ ਖਿਡਾਉਂਦਾ, ਲਾਡ ਲਡਾਉਂਦਿਆਂ, ਸਰਬ-ਸੁਖਨ ਦੀ ਕਾਮਨਾ ਬਣਦਾ। ਆਪਣੀ ਥੋੜ੍ਹ-ਚਿਰੀ ਜ਼ਿੰਦਗੀ ਵਿਚ ਹੀ ਸੰਦਲੀ ਚਾਵਾਂ ਦਾ ਅਜਿਹਾ ਖਜਾਨਾ ਲੁਟਾ ਜਾਂਦਾ ਏ ਕਿ ਫੁੱਲ ਦੀ ਕਰਮਯੋਗਤਾ ਹਰੇਕ ਦੇ ਚੇਤਿਆਂ ਵਿਚ ਸਦਾ ਵੱਸੀ ਰਹਿੰਦੀ। ਕਿਸੇ ਮਹਿਕ-ਵਿਹੂਣੇ ਤੇ ਲੋੜਵੰਦ ਦੇ ਜੀਵਨ-ਵਿਹੜੇ ਸੁਗੰਧੀਆਂ ਵੰਡਣ ਵਾਲੀ ਫੁੱਲਾਂ ਜਿਹੀ ਅਉਧ ਬਣ। ਪਰ ਦੁੱਖ ਏ ਕਿ ਬਹੁਤ ਘੱਟ ਲੋਕ ਫੁੱਲਾਂ ਵਰਗੇ ਹੁੰਦੇ ਜਿਨ੍ਹਾਂ ਦੇ ਹਰ ਬੋਲ ਤੇ ਕਰਮ ਵਿਚੋਂ ਫੁੱਲਾਂ ਵਰਗੀ ਸੰਵੇਦਨਾ ਝਰਦੀ। ਸ਼ਾਇਦ ਫੁੱਲ ਬਣਨਾ ਤੇਰੀ ਕਰਮ-ਧਾਰਨਾ ਨਹੀਂ। ਤੂੰ ਤਾਂ ਕੌੜ-ਤੁੰਮੇ ਵਾਂਗ ਨਫਰਤ, ਈਰਖਾ ਅਤੇ ਹਿੰਸਾ ਦਾ ਪੈਰੋਕਾਰ ਬਣਿਆ, ਸਮਾਜਕ ਨਾਕਾਰਤਮਕਤਾ ਵਿਚੋਂ ਹੀ ਸੁਖਨ ਦੀ ਨਿਹਫਲ ਕੋਸ਼ਿਸ਼ ਵਿਚ ਗਲਤਾਨ ਏਂ। ਕੁਦਰਤ ਇਸੇ ਲਈ ਤੇਰੇ ਵਰਗੇ ਨੂੰ ਫੁੱਲਾਂ ਦੀ ਜੂਨੇ ਨਹੀਂ ਪਾਉਂਦੀ।
ਐ ਮਨੁੱਖ!
ਜੇ ਤੂੰ ਫੁੱਲ ਦੇ ਮਲੂਕਪੁਣੇ ਤੋਂ ਸਹਿੰਮਦਾ eਂੇ, ਇਸ ਦੀ ਕੋਮਲਤਾ ਤੋਂ ਤੈਨੂੰ ਡਰ ਲੱਗਦਾ ਏ ਤਾਂ ਆਪਣੇ ਮਨ ਵਿਚ ਫਲ ਬਣਨ ਦਾ ਹੀਆ ਤਾਂ ਕਦੇ ਕਰਿਆ ਕਰ। ਫਲ ਜੋ ਜੀਵਨ-ਦਾਨੀ ਏ, ਇਸ ਦੀ ਲਜ਼ਤ ਵਿਚੋਂ ਸੁਖਨ, ਸੰਤੁਸ਼ਟੀ ਅਤੇ ਸਬਰ ਦਾ ਅਹਿਸਾਸ। ਫਲ ਵਿਚੋਂ ਹੋਂਦ ਦਾ ਜਾਗ ਵੀ ਲੱਗਦਾ ਕਿਉਂਕਿ ਫਲਾਂ ਵਿਚਲੇ ਬੀਜ, ਵੱਤਰ ਖੇਤ ਵਿਚ ਪੁੰਗਰ ਕੇ ਨਵੀਆਂ ਨਸਲਾਂ ਦਾ ਮੁੱਢ ਬੰਨਦੇ। ਯੋਗੀ, ਮੌਲੇ ਫਕੀਰ ਜਾਂ ਫੱਕਰ ਲੋਕ ਕਈ ਸਾਲਾਂ ਤੱਕ ਸਿਰਫ ਫਲਾਂ ਆਸਰੇ ਹੀ ਆਪਣੇ ਸਾਹਾਂ ਦੀ ਧੂਣੀ ਬਾਲਦੇ। ਫਲ ਹੀ ਹੁੰਦਾ ਜੋ ਇਸ਼ਟ ਨੂੰ ਚੜ੍ਹਾਇਆ ਜਾਂਦਾ, ਵਿਅਕਤੀ ਵਿਸ਼ੇਸ਼ ਲਈ ਉਚੇਚੇ ਤੌਰ ‘ਤੇ ਪੇਸ਼ ਕੀਤਾ ਜਾਂਦਾ। ਫਲ ਹੀ ਵੱਸਦੇ ਘਰ ਦੀ ਕਾਮਨਾ ਅਤੇ ਅਰਦਾਸ ਦੀ ਪੂਰਤੀ ਬਣਦੇ।
ਪਰ ਤੇਰੀ ਕਮੀਨਗੀ ਨੂੰ ਕੀ ਆਖਾਂ ਜਿਸ ਨੇ ਮੇਰੇ ਬੀਜ ਦੀ ਰਹਿਤਲ ਬਦਲ ਕੇ, ਮੇਰੇ ਬੀਜਾਂ ਨੂੰ ਵੀ ਨਿਪੁੰਸਕ ਬਣਾ ਦਿੱਤਾ ਏ। ਸ਼ਾਇਦ ਤੂੰ ਵੀ ਇਸ ਕਰਕੇ ਫਲ ਬਣਨ ਤੋਂ ਤ੍ਰਹਿੰਦਾ eਂੇ ਕਿਉਂਕਿ ਨਿਪੁੰਸਕ ਦਾ ਲੇਬਲ ਲਵਾਉਣ ਤੋਂ ਡਰਦਾ eਂੇ। ਵੈਸੇ ਮੈਨੂੰ ਪਤਾ ਏ ਕਿ ਕਰਮ ਸ਼ੈਲੀ ਅਤੇ ਖਾਧ-ਖੁਰਾਕ ਕਾਰਨ ਤੂੰ ਮਾਨਸਿਕ ਤੌਰ ‘ਤੇ ਹੀਣ-ਭਾਵਨਾ ਦਾ ਸ਼ਿਕਾਰ ਏਂ।
ਐ ਮਨੁੱਖ!
ਪਤਾ ਨਹੀਂ ਤੇਰੇ ਮਨ ਦੇ ਚਿੱਤਰਪਟ ‘ਤੇ ਕਿਹੜੇ ਖਿਆਲ ਨਕਸ਼ ਉਲੀਕ ਰਹੇ ਹੋਣਗੇ? ਸ਼ਾਇਦ ਤੂੰ ਜੜ੍ਹਾਂ ਬਣਨ ਨੂੰ ਕਿਆਸ ਰਿਹਾ ਹੋਵੇਂ। ਪਰ ਯਾਦ ਰੱਖੀਂ! ਜੜ੍ਹ ਵਰਗਾ ਬਣਨਾ ਸਭ ਤੋਂ ਕਠਿਨ। ਕੀ ਤੈਨੂੰ ਪਤਾ ਏ ਕਿ ਮੇਰਾ ਸਮੁੱਚਾ ਦਾਰੋਮਦਾਰ ਜੜ੍ਹਾਂ ‘ਤੇ ਹੈ। ਜੜ੍ਹਾਂ ਮੇਰਾ ਖੁਰਾਕ-ਭੰਡਾਰ, ਸਥਿਰਤਾ ਅਤੇ ਅਡੋਲਤਾ ਦਾ ਨਾਮਕਰਨ। ਜੜ੍ਹਾਂ ਮੇਰੀ ਔਕਾਤ ਦਾ ਸੁੱਚਾ ਹਰਫ। ਮੇਰਾ ਸਿਖਰ ਭਾਵੇਂ ਅੰਬਰ ਨੂੰ ਛੋਹਵੇ, ਤਾਰਿਆਂ ਨਾਲ ਗੱਲਾਂ ਕਰੇ ਜਾਂ ਚੰਨ ਚਾਨਣੀ ਵਿਚ ਨਹਾਵੇ, ਹਵਾ ਦੀ ਰੁਮਕਣੀ ਨੂੰ ਮਾਣੇ, ਪਰ ਜੜ੍ਹਾਂ ਮੈਨੂੰ ਨਿਮਰਤਾ, ਅਧੀਨਗੀ ਅਤੇ ਪੀਡੀ ਪਕੜ ਦਾ ਸਬਕ ਸਿਖਾਉਂਦੀਆਂ ਨੇ। ਜੜ੍ਹਾਂ ਦੀ ਕੇਹੀ ਮਾਨਵੀ ਮੁਹਾਰਨੀ ਮੇਰੇ ਚੇਤਿਆਂ ਵਿਚ ਵੱਸੀ ਏ ਕਿ ਮੈਂ ਵੱਡੇ-ਵੱਡੇ ਤੂਫਾਨਾਂ, ਹਨੇਰੀਆਂ, ਮਾਰੂ ਝੱਖੜਾਂ ਅਤੇ ਭੁਚਾਲਾਂ ਵਿਚ ਅਡੋਲ ਰਹਿੰਦਾ ਹਾਂ। ਮੇਰੇ ਮੱਥੇ ‘ਤੇ ਹੋਣੀ ਦੇ ਨਕਸ਼ ਉਕਰਨ ਵਾਲੇ ਨਮੋਸ਼ੀ ਦਾ ਹੰਝੂ ਬਣ ਜਾਂਦੇ ਨੇ। ਮੈਂ ਪੀੜਾਂ-ਰੱਤੇ, ਦਰਦਾਂ-ਭਰੇ ਅਤੇ ਜ਼ਖਮਾਂ ਨਾਲ ਲਬਰੇਜ਼ ਪਲਾਂ ਨੂੰ ਸੀਨੇ ‘ਤੇ ਹੰਢਾ, ਫਿਰ ਅਡੋਲਤਾ ਨਾਲ ਪੁਨਰ-ਸਿਰਜਣ ਦੇ ਰਾਹ ਤੁਰ ਪੈਂਦਾ ਹਾਂ। ਤੇਰੇ ਲਈ ਜੜ੍ਹ ਬਣਨ ਦਾ ਖਿਆਲ ਵੀ ਬੇਹੂਦਾ ਲਗੇਗਾ ਕਿਉਂਕਿ ਤੂੰ ਤਾਂ ਬੜੀ ਜਲਦੀ ਆਪਣੀ ਮਿੱਟੀ ਤੇ ਔਕਾਤ ਨੂੰ ਭੁੱਲ ਜਾਨੈਂ। ਆਖਰ ਨੂੰ ਤੇਰਾ ਫਤੂਰ ਹੀ ਤੇਰੇ ਸਾਹਾਂ ਵਿਚ ਸਿਸਕੀਆਂ ਬਣਦਾ ਏ। ਢਲਦੀ ਉਮਰੇ ਕਿਸੇ ਹਨੇਰ ਕੋਠੜੀ ਵਿਚ ਇਕੱਲ ਦੀ ਜੂਨ ਭੋਗਦਾ, ਆਪਣੇ ਬੀਤੇ ‘ਤੇ ਖਾਰੇ ਪਾਣੀ ਤ੍ਰੌਂਕਦਾ, ਜੀਵਨ-ਪੈਂਡਾ ਖੋਟਾ ਕਰ ਜਾਂਦਾ ਏਂ। ਅਜਿਹੇ ਵੇਲੇ ਚਾਰ ਮੋਢੇ ਵੀ ਤੇਰੇ ਆਖਰੀ ਸਫਰ ਲਈ ਨਹੀਂ ਜੁੜਦੇ।
ਐ ਮਨੁੱਖ!
ਕਦੇ ਤੂੰ ਬਿਰਖ ਦੀ ਅਰਾਧਨਾ ਵਿਚੋਂ ਖੁਦ ਨੂੰ ਧਿਆਇਆ ਏ। ਮੈਂ ਕਦੇ ਵੀ ਬੇਅਰਥਾ ਨਹੀਂ ਜਿਉਂਦਾ। ਮੇਰਾ ਕੋਈ ਧਰਮ ਜਾਂ ਮਜ਼ਹਬ ਨਹੀਂ। ਕੋਈ ਰੰਗ-ਰੂਪ ਜਾਂ ਵਰਣ-ਵਰਗ ਨਹੀਂ। ਮੈਂ ਸਿਰਫ ਬਿਰਖ ਹਾਂ ਅਤੇ ਬਿਰਖ-ਬਾਣੇ ਨਾਲ ਅਰਥਾਂ ਦੀ ਤਸ਼ਬੀਹ ਬਣਿਆ, ਆਪਣੀ ਕਰਮ-ਸਾਧਨਾ ਤੇ ਧਰਮ-ਸਾਧਨਾ ਦੀ ਇਕਸਾਰਤਾ ਅਤੇ ਇਕਸੁਰਤਾ ਵਿਚੋਂ ਹੀ ਫੈਲਾਅ ਤੇ ਨਿਭਾਅ ਕਰਦਾ ਹਾਂ। ਮੇਰੀ ਸੰਪੂਰਨਤਾ ਨੂੰ ਆਪਣੀ ਸ਼ਖਸੀਅਤ ਦੇ ਮੇਚ ਦੀ ਕਰਨਾ, ਤੇਰੀ ਤਰਜ਼ੀਹ ਨਹੀਂ। ਪਰ ਮੈਂ ਦੁਆ ਕਰਦਾ ਹਾਂ ਕਿ ਜੇ ਤੂੰ ਮੇਰਾ ਸਮੁੱਚ ਨਹੀਂ ਬਣ ਸਕਦਾ ਤਾਂ ਕੁਝ ਤਾਂ ਬਣ। ਮੇਰੇ ਵਾਂਗ ਨਿਰੰਤਰ ਵਾਧੇ ਦਾ ਨਾਮ ਹੋਵੇਂ, ਤੇਰੇ ਵਿਚ ਲਿਫਣ ਦੀ ਤੌਫੀਕ ਹੋਵੇ ਤਾਂ ਕਿ ਕਦੇ ਵੀ ਟੁੱਟਣ ਦਾ ਦਰਦ ਨਾ ਹੰਢਾਵੇਂ। ਸ਼ਾਇਦ ਇਸ ਵਿਚੋਂ ਹੀ ਮਾਨਵਤਾ ਦੀ ਦੁਖਦੀ ਅੱਖ ਵਿਚ ਕੋਈ ਆਸ ਦੀ ਕਿਰਨ ਨਜ਼ਰ ਆਵੇ। ਦੁਹੱਥੜਾਂ ਮਾਰਦੀ ਅਤੇ ਸਿਆਪੇ ਕਰਦੀ ਦਾਨਾਈ, ਆਪਣੀ ਕਰਮ-ਭੂਮੀ ਤਲਾਸ਼ਣ ਵਿਚ ਸਫਲ ਹੋ ਸਕੇ। ਮਨੁੱਖ ਵਿਚੋਂ ਮਨਫੀ ਹੋ ਰਹੀ ਮਨੁੱਖਤਾ, ਆਦਮੀ ਵਿਚੋਂ ਮਲੀਆ-ਮੇਟ ਹੋ ਰਹੀ ਆਦਮੀਅਤ ਦੇ ਵਾਰਸ ਬਣਨ ਦਾ ਕੋਈ ਤਾਂ ਹੱਕ ਅਦਾ ਕਰ ਸਕੇ। ਮੈਂ ਤਾਂ ਅਬੋਲ ਹਾਂ ਪਰ ਸ਼ਾਇਦ ਤੂੰ ਮੇਰੀ ਚੁੱਪ-ਬੰਦਗੀ ਅਤੇ ਸਿੱਧ-ਸਾਧਨਾ ਵਿਚੋਂ ਕੁਝ ਕੁ ਚੰਗੇਰਾ ਆਪਣੀ ਝੋਲੀ ਵਿਚ ਪਵਾ, ਮਰਨਹਾਰੀ ਜ਼ਿੰਦਗੀ ਜਿਉਣ ਦੀ ਗੁੜ੍ਹਤੀ ਦੇ ਸਕਂੇ। ਅਜਿਹੀ ਗੁੜ੍ਹਤੀ ਸਦਕਾ ਕਈ ਨਸਲਾਂ ਆਬਾਦ ਹੋਣਗੀਆਂ ਅਤੇ ਇਹ ਨਸਲਾਂ ਤੇਰੀ ਗੁੜ੍ਹਤੀ ਨੂੰ ਯਾਦ ਜਰੂਰ ਰੱਖਣਗੀਆਂ। ਅਜਿਹੀ ਆਸ ਮੈਂ ਰੱਖ ਸਕਦਾਂ ਕਿਉਂਕਿ ਇਹ ਇਬਾਦਤ ਵੀ ਤੂੰ ਮੇਰੇ ‘ਤੇ ਹੀ ਲਿਖ ਰਿਹਾ ਏਂ। ਤੂੰ ਮੇਰਾ ਕਰਜ਼ਦਾਰ ਏਂ। ਕਰਜ਼ ਜਲਦੀ ਉਤਾਰ ਦੇਣਾ ਚਾਹੀਦਾ ਏ ਵਰਨਾ ਸੂਦ ਦਰ ਸੂਦ ਕਰਜ਼ ਵਧਦਾ ਜਾਵੇ ਤਾਂ ਇਸ ਹੇਠ ਆਇਆ ਮਨੁੱਖ ਆਪਣਾ ਮਰਸੀਆ ਹੀ ਪੜ੍ਹਨ ਜੋਗਾ ਰਹਿ ਜਾਂਦਾ। ਆਸ ਹੈ, ਤੇਰੇ ਮਨ ਵਿਚ ਖੁਦ ਦਾ ਮਰਸੀਆ ਪੜ੍ਹਨ ਦਾ ਤਾਂ ਅਜੇ ਕੋਈ ਵਿਚਾਰ ਨਹੀਂ।
ਤੇਰਾ ਬਿਰਖ-ਬੋਧ।