ਢਾਡੀ ਕਲਾ ਵਿਚ ਇਕ ਯੁੱਗ ਪੁਰਸ਼ ਗਿਆਨੀ ਦਇਆ ਸਿੰਘ ਦਿਲਬਰ

ਐਸ਼ ਅਸ਼ੋਕ ਭੌਰਾ
ਦੋ ਹਰਫੀ ਗੱਲ ਇਹ ਹੈ ਕਿ ਢਾਡੀ ਦਇਆ ਸਿੰਘ ਦਿਲਬਰ ਦੀ ਗੱਲ ਕਰਨੀ ਮੇਰੇ ਲਈ ਵੀ ਬੜੀ ਔਖੀ ਹੈ ਅਤੇ ਮੇਰੀ ਕਲਮ ਉਸ ਦੀ ਸਰਬਪੱਖੀ ਸ਼ਖਸੀਅਤ ਬਾਰੇ ਅੱਖਰ ਝਰੀਟਦਿਆਂ ਕਿੰਨੀ ਵਾਰ ਤਿਲਕ ਕੇ ਡਿੱਗੀ ਹੈ। ਇਹ ਕਹਿਣ ਵਿਚ ਵੀ ਮੈਨੂੰ ਕੋਈ ਉਜਰ ਨਹੀਂ ਕਿ ਮੈਂ ਜਦੋਂ ਵੀ ਇਸ ਮਹਾਨ ਪੰਥਕ ਹਸਤੀ ਦੀ ਬਾਤ ਪਾਉਣ ਲੱਗਦਾ ਹਾਂ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਕੋਈ ਅਣਜਾਣ ਬੰਦਾ ਨੰਗੇ ਸਿਰ ਜਾਂ ਜੁੱਤੀ ਸਣੇ ਕਿਸੇ ਧਾਰਮਕ ਅਸਥਾਨ ਵਿਚ ਗਲਤੀ ਨਾਲ ਦਾਖਲ ਹੋ ਗਿਆ ਹੋਵੇ।

ਫਿਰ ਵੀ ਇਹ ਸੋਚ ਕੇ ਕਿ ਉਹਦੀ ਜੀਵਨ ਕਹਾਣੀ ਦੀ ਕਥਾ ਤਾਂ ਸੁਣਾਉਣ ਲੱਗਾ ਹਾਂ ਕਿ ਚਲੋ ਇਸੇ ਬਹਾਨੇ ਨਤਮਸਤਕ ਵੀ ਹੋ ਲੈਂਦੇ ਹਾਂ। ਪ੍ਰਣਾਮ ਵੀ ਕਰ ਲੈਂਦੇ ਹਾਂ ਤੇ ਜਾਂ ਇਉਂ ਕਿ ਵਿਛੜੀਆਂ ਰੂਹਾਂ ਨੂੰ ਯਾਦ ਕਰਨ ਲੱਗਿਆਂ Ḕਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥Ḕ ਵੀ ਕਹਿ ਲੈਂਦੇ ਹਾਂ।
ਮਹਾਨ ਲੋਕਾਂ ਪ੍ਰਤੀ ਹਰ ਇਨਸਾਨ ਦੇ ਨਜ਼ਰੀਏ ਅਤੇ ਨਜ਼ਰਾਂ ਦੀ ਬੁਣਤੀ ਆਪੋ ਆਪਣੀ ਹੁੰਦੀ ਹੈ, ਮੇਰੇ ਕੋਲ ਵੀ ਦਇਆ ਸਿੰਘ ਦਿਲਬਰ ਪ੍ਰਤੀ ਸਤਿਕਾਰ ਦੀ ਦੀਵਿਆਂ ਵਾਲੀ ਆਰਤੀ ਉਤਾਰਨ ਵਾਲੀ ਥਾਲੀ ਹੈ ਪਰ ਮੇਰੇ ਅੰਦਰ ਇਹ ਪੂਰੀ ਦੀ ਪੂਰੀ ਸ਼ਰਧਾ ਵਿਚ ਉਦੋਂ ਵਟ ਗਈ ਜਦੋਂ ਇਕ ਘਟਨਾ ਨਾਲ ਮੈਂ ਸਾਰੇ ਦਾ ਸਾਰਾ ਝੰਜੋੜਿਆ ਗਿਆ ਜਾਂ ਏਦਾਂ ਜਿਵੇਂ ਸਧਨਾ ਕਸਾਈ ਬੱਕਰੇ ਨੇ ਭਗਤ ਬਣਾ ਦਿੱਤਾ ਸੀ। ਢਾਡੀ ਕਲਾ ਨਾਲ ਮੋਹ ਤੇ ਢਾਡੀਆਂ ਬਾਰੇ ਲਿਖਣ ਦੀ ਅੰਗੜਾਈ, ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ਵਿਚ ਮੇਲੇ ਲਾਉਣ ਦਾ ਮੰਚ ਤਿਆਰ ਕਰਨਾ, ਇਹ ਕਲਾ ਬਾਹੂ ਤਾਕਤ ਸਿਰਫ ਤੇ ਸਿਰਫ ਦਇਆ ਸਿੰਘ ਦਿਲਬਰ ਨੇ ਸੁੱਚੇ ਮੋਤੀਆਂ ਦੇ ਪਰਾਗੇ ਵਾਂਗ ਮੇਰੀ ਝੋਲੀ ਪਾਈ ਸੀ।
ਘਟਨਾ ਤੇ ਮੇਰੇ ਚੇਤੇ Ḕਚ ਗੜੁੱਚ ਹੈ ਪਰ ਵਰ੍ਹਾ ਯਾਦ ਨਹੀਂ। ਉਦੋਂ ਮੈਂ ਤੇਈ ਕੁ ਸਾਲਾਂ ਦਾ ਹੋਵਾਂਗਾ। ਜੂਨ ਮਹੀਨਾ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਪੰਜਾਬ ਰੋਡਵੇਜ਼ ਦੀ ਨੱਕੋ ਨੱਕ ਭਰੀ ਲਾਰੀ ਵਿਚ ਚੰਡੀਗੜ੍ਹੋਂ ਸਵਾਰ ਹੋਇਆ। ਲਾਰੀ ਦਾ ਆਖਰੀ ਅੱਡਾ ਅੰਬਰਸਰ ਸੀ। ਰਾਹ Ḕਚ ਥਾਂ ਥਾਂ ਮਿੱਠੇ ਜਲ ਦੀਆਂ ਛਬੀਲਾਂ ਲੱਗੀਆਂ ਹੋਈਆਂ ਸਨ। ਥਾਂ ਥਾਂ ਮਿੱਠਾ ਜਲ ਛਕਣ ਕਾਰਨ ਨਵਾਂ ਸ਼ਹਿਰ ਤੱਕ ਦੋ ਘੰਟਿਆਂ ਦਾ ਸਫਰ ਲੰਮਾ ਹੁੰਦਾ ਜਾ ਰਿਹਾ ਸੀ। ਬਸ ਜਦੋਂ ਨਵਾਂ ਸ਼ਹਿਰ ਤੋਂ ਦੋ ਕੁ ਕੋਹ ਪਹਿਲਾਂ ਬਰਨਾਲਾ ਕਲਾਂ ਦੇ ਚੌਂਕ Ḕਚ ਜਲ ਪਾਣੀ ਲਈ ਰੁਕੀ ਤਾਂ ਬਾਕੀ ਸਵਾਰੀਆਂ ਨਾਲ ਮੈਂ ਵੀ ਹੇਠਾਂ ਉਤਰ ਆਇਆ। ਸੇਵਾਦਾਰ ਮੁੰਡਿਆਂ ਹੱਥੋਂ ਪਾਣੀ ਦਾ ਗਿਲਾਸ ਫੜ੍ਹਨ ਤੋਂ ਪਹਿਲਾਂ ਇਕ ਅੰਮ੍ਰਿਤਧਾਰੀ ਸਿੰਘ ਨੇ ਜੋੜੇ ਲਾਹੇ ਤੇ ਲਹਿੰਦੇ ਪਾਸੇ ਵੱਲ ਨੂੰ ਮੂੰਹ ਕਰਕੇ ਹੱਥ ਜੋੜੇ ਤਾਂ ਮੱਥਾ ਟੇਕ ਦਿੱਤਾ। ਐਨ ਸਾਹਮਣੇ ਸੜਕ ਕਿਨਾਰੇ ਗੁੱਗੇ ਪੀਰ ਦੀ ਮਾੜੀ ਸੀ। ਮੇਰੇ ਮਨ ‘ਚ ਕਈ ਤਰ੍ਹਾਂ ਦੇ ਖਿਆਲ ਘੁੰਮਣ ਲੱਗ ਪਏ। ਸੋਚਿਆ ਕਿ ਕਮਾਲ ਕਰ ‘ਤੀ, ਸਿੰਘ ਨੇ! ਬਾਜਾਂ ਵਾਲੇ ਦੇ ਵਾਰਿਸ ਨੇ ਇਹ ਕੀ ਕੀਤਾ? ਨੰਗੇ ਪੈਰੀਂ ਗੁੱਗੇ ਨੂੰ ਮੱਥਾ ਕਿਉਂ ਟੇਕਿਆ। ਮੈਥੋਂ ਰਿਹਾ ਨਾ ਗਿਆ ਤੇ ਪੁੱਛ ਹੀ ਲਿਆ:
“ਖਾਲਸਾ ਜੀ ਅੰਮ੍ਰਿਤ ਛਕ ਕੇ ਗੁੱਗੇ ਪੀਰ ਨੂੰ ਮੱਥਾ ਟੇਕ ‘ਤਾ?”
ਉਹ ਅੱਖੜ ਜਿਹਾ ਹੋ ਕੇ ਅਹੁਰਾ ਬੋਲਿਆ, “ਕਿਹੜਾ ਗੁੱਗਾ?”
“ਆਹ ਹੁਣੇ ਤੁਸੀਂ ਜੋੜਾ ਲਾਹ ਕੇ ਮੱਥਾ ਟੇਕਿਆ, ਸਾਹਮਣੇ ਮਾੜੀ ਗੁੱਗੇ ਪੀਰ ਦੀ ਤਾਂ ਹੈਗੀ ਹੈ।”
ਉਹ ਹੋਰ ਤੱਤਾ ਹੋ ਕੇ ਪੁੱਛਣ ਲੱਗਾ, “ਤੇਰਾ ਕਿਹੜਾ ਪਿੰਡ ਐ?”
“ਸੱਤ ਕੁ ਮੀਲ ‘ਤੇ ਪਿੰਡ ਭੌਰਾ।”
“ਫਿੱਟ ਲਾਹਣਤ ਤੁਹਾਨੂੰ ਲੋਕਾਂ ਨੂੰ ਕੋਲ ਬੈਠਿਆਂ ਨੂੰ ਨ੍ਹੀਂ ਪਤਾ ਤੇ ਮੈਂ ਤਰਨ ਤਾਰਨੋ ਆਂ। ਮੈਂ ਕਿਸੇ ਗੁੱਗੇ ਗਾਗੇ ਨੂੰ ਮੱਥਾ ਨਹੀਂ ਟੇਕਿਆ। ਅਹੁ ਸਾਹਮਣੇ ਪਿੰਡ ਆ, ਦਇਆ ਸਿੰਘ ਦਿਲਬਰ ਦਾ ਸਲੋਹ, ਮੈਂ ਉਸ ਧਰਤੀ ਅੱਗੇ ਸਿਰ ਨਿਵਾਇਐ ਜਿਹੜੀ ਢਾਡੀ ਕਲਾ ਦੀ ਵਾਰਿਸ ਜੇ।”
ਮੇਰੀ ਹਾਲਤ ਉਹ ਸੀ ਜਿਵੇਂ ਕਿਸੇ ਦਾ ਚਰਖਾ ਤਾਂ ਠੀਕ ਹੋਵੇ ਪਰ ਮਾਹਲ ਕੋਈ ਹੋਰ ਲਾਹ ਕੇ ਲੈ ਗਿਆ ਹੋਵੇ। ਪਰ ਇਸ ਘਟਨਾ ਨੇ ਮੇਰੇ ਵਰਗੇ ਘੋਨ ਮੋਨ ਬੰਦੇ ਲਈ ਵੀ ਸਿੱਖ ਪੰਥ ਦੀ ਵਿਰਾਸਤ ਵੱਲ ਜਾਂਦਾ ਇਕ ਬੂਹਾ ਖੋਲ੍ਹ ਦਿੱਤਾ ਸੀ।
ਇਹ ਕਹਿਣਾ ਇੱਥੇ ਬਣਦਾ ਹੀ ਹੈ ਕਿ ਜਿਹਨੇ ਦਇਆ ਸਿੰਘ ਦਿਲਬਰ ਨੂੰ ਨਹੀਂ ਸੁਣਿਆ, ਉਹਦੀ ਜਾਣਕਾਰੀ ਢਾਡੀਆਂ ਬਾਰੇ ਵੀ ਅਧੂਰੀ ਹੈ ਤੇ ਸਿੱਖ ਇਤਿਹਾਸ ਬਾਰੇ ਵੀ। ਗਿਆਨੀ ਸੋਹਣ ਸਿੰਘ ਸੀਤਲ ਤੋਂ ਪਿੱਛੋਂ ਦਿਲਬਰ ਦੀ ਉਹ ਥਾਂ ਹੈ ਜਿਹੜੀ ਰੁੱਖ ਨਾਲ ਛਾਂ ਦੀ ਹੁੰਦੀ ਹੈ। ਮੈਨੂੰ ਮੇਰੇ ਬਾਪੂ ਨੇ ਜਨਮ ਦਿੱਤਾ ਹੈ ਪਰ ਸੰਗੀਤ ਕਲਾ ਨਾਲ ਗੋਲ ਗੰਢ ਦੇਣ ਲਈ ਮੈਂ ਦੂਜੀ ਥਾਂ ਦਿਲਬਰ ਨੂੰ ਦਿੰਦਾ ਹਾਂ।
ਇਸ ਘਟਨਾ ਪਿੱਛੋਂ ਸਾਲ 1988 ਵਿਚ ਜਦੋਂ ਮੈਂ ਭਾ ਜੀ ਬਰਜਿੰਦਰ ਸਿੰਘ ਹੋਰਾਂ ਦੀ ਹੱਲਾਸ਼ੇਰੀ ਅਤੇ ਪ੍ਰੇਰਨਾ ਨਾਲ ਰੋਜ਼ਾਨਾ ਅਜੀਤ ਲਈ Ḕਸੁਰ ਸੱਜਣਾਂ ਦੀḔ ਕਾਲਮ ਲਿਖਣ ਲੱਗਾ ਤਾਂ ਪਹਿਲੀ ਲਿਖਤ ਦਇਆ ਸਿੰਘ ਦਿਲਬਰ ਬਾਰੇ ਸੀ।
ਵਾਹਿਗੁਰੂ ਦੇ ਵਿਧੀ ਵਿਧਾਨ ਅਨੁਸਾਰ ਜੋ ਫਲਸਫਾ ਅਸੀਂ ਮੰਨਦੇ ਹਾਂ ਜਾਂ ਜਿਨ੍ਹਾਂ ਰਾਹਾਂ ਤੋਂ ਸਾਰੇ ਲੰਘਦੇ ਤਾਂ ਹਨ ਪਰ ਪੈੜਾਂ ਵਿਚਲਿਆਂ ਦੀਆਂ ਹੀ ਚੇਤੇ ਰਹਿੰਦੀਆਂ ਹਨ ਤਾਂ ਤੱਥ ਇਹ ਹਨ ਕਿ ਦਿਲਬਰ ਦਾ ਜਨਮ ਪਾਕਿਸਤਾਨ ‘ਚ ਉਤਾੜ ਦੇ ਗਗੜ ਸਹਾਰੀ ਪਿੰਡ ਵਿਚ 9 ਨਵੰਬਰ 1930 ਨੂੰ ਪਿਤਾ ਈਸ਼ਰ ਸਿੰਘ ਦੇ ਘਰੇ ਮਾਂ ਗੁਲਾਬ ਕੌਰ ਦੀ ਕੁੱਖੋਂ ਹੋਇਆ। ਅੱਖਰ ਗਿਆਨ ਹੋਇਆ ਤਾਂ ਆਪਣੇ ਆਪ ਨੂੰ ਸਾਰੇ ਦਾ ਸਾਰਾ ਪੰਥ ਦੀਆਂ ਸਫਾਂ ਵਿਚ ਲਪੇਟ ਲਿਆ। ਪੈਂਟ ਕਮੀਜ਼ ਨਹੀਂ, ਕਮੀਜ਼ ਪਜਾਮਾਂ ਹੀ ਜ਼ਿੰਦਗੀ ਭਰ ਪਹਿਨਿਆ। ਇਹ ਵੀ ਇਕ ਇਤਿਹਾਸ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਂ ਬੜੀ ਵਾਰ ਬਣੇ ਪਰ ਸਿੱਖ ਪੰਥ ਵਿਚ ਇਕੋ ਇਕ ਮਿਸਾਲ ਹੈ ਕਿ ਅੱਜ ਭਾਵੇਂ ਸਿਆਸੀ ਕਾਰਨਾਂ ਕਰਕੇ ਨੀਲਾ ਰੰਗ ਕਈਆਂ ਦੇ ਮਾਫਕ ਨਾ ਬੈਠਦਾ ਹੋਵੇ ਪਰ ਦਿਲਬਰ ਨੇ ਪੂਰੀ ਜ਼ਿੰਦਗੀ ਨੀਲੀ ਦਸਤਾਰ ਹੀ ਸਜਾ ਕੇ ਰੱਖੀ।
ਬਚਪਨ ਵਿਚ ਹੀ ਮਾਂ ਤੁਰ ਗਈ ਤੇ ਪਾਲਣ ਪੋਸਣ ਸਾਰੇ ਦਾ ਸਾਰਾ ਦਾਦੀ ਦੇ ਹੱਥਾਂ ਵਿਚ ਚਲੇ ਗਿਆ ਪਰ ਬਾਪੂ ਦੀ ਪਹਿਲੇ ਦਿਨ ਤੋਂ ਰੀਝ ਸੀ ਕਿ ਨਿੱਕੇ ਜਿਹੇ ਮੁਹਾਂਦਰੇ ਤੇ ਤਿੱਖੇ ਨੈਣ ਨਕਸ਼ਾਂ ਵਾਲਾ ਮੇਰਾ ਪੁੱਤ ਜਾਂ ਤਾਂ ਰਾਗੀ ਬਣੇ ਜਾਂ ਫਿਰ ਢਾਡੀ। ਅਨੇਕਾਂ ਵਾਰ ਗੁਰੂ ਘਰਾਂ ਵਿਚ ਲਿਜਾ ਕੇ ਅਰਦਾਸਾਂ ਕਰਵਾਈਆਂ ਸਨ, “ਸੱਚਿਆ ਪਾਤਸ਼ਾਹ, ਰੱਖ ਮੇਰੀ ਲਾਜ ਇਹਨੂੰ ਸਿੱਖ ਇਤਿਹਾਸ ਦਾ ਜੇ ਕੁਝ ਹੋਰ ਨਾ ਬਣਾ ਸਕੇ ਤਾਂ ਪ੍ਰਚਾਰਕ ਜ਼ਰੂਰ ਬਣਾਈਂ।” ਨੇਹਚਾ ਨੇਹਫਲ ਨਹੀਂ ਗਈ ਤੇ ਇਹ ਤਿੰਨੇ ਗੁਣ ਵਾਹਿਗੁਰੂ ਨੇ ਦਿਲਬਰ ਅੰਦਰ ਨੱਕੋ ਨੱਕ ਭਰ ਦਿੱਤੇ। ਆਜ਼ਾਦੀ ਤੋਂ ਕੁਝ ਵਰ੍ਹੇ ਪਹਿਲਾਂ 1947 ਵਿਚ ਆਏ ਜੇਠ ਮਹੀਨੇ ਦੀ ਇੱਕੀ ਤਾਰੀਖ ਨੂੰ ਜਦੋਂ ਬੀਬੀ ਸੰਤ ਕੌਰ ਨਾਲ ਲਾਵਾਂ ਲਈਆਂ ਤਾਂ ਢਾਡੀ ਕਲਾ ਵਿਚ ਨਿਖਾਰ ਦੀ ਬੁੱਕਲ ਫੁਲਕਾਰੀ ਵਾਂਗ ਵੱਡੀ ਹੋ ਗਈ।
ਮੰਨੋਗੇ ਕਿ ਬਾਰਾਂ ਵਰ੍ਹਿਆਂ ਦੀ ਉਮਰ ਵਿਚ ਜਦੋਂ ਆਮ ਇਨਸਾਨ ਖਿੱਦੋ ਨਾਲ ਕਈ ਵਾਰ ਖੇਡਦਾ ਹੁੰਦੈ, ਉਸ ਉਮਰੇ ਯਾਨਿ 1942 ਵਿਚ ਦਿਲਬਰ ਨੇ ਪੰਥ ਦੀਆਂ ਸਟੇਜਾਂ ਤੋਂ ਬੋਲਣਾ ਅਰੰਭ ਕਰ ਦਿੱਤਾ ਸੀ ਤੇ ਹੁਨਰ ਦਾ ਇਹ ਕਾਇਦਾ ਉਸਤਾਦ ਗਿਆਨੀ ਕਰਤਾਰ ਸਿੰਘ ਮਹਿਠਾੜ ਵਾਲਿਆਂ ਨੇ ਇਕ ਤਰ੍ਹਾਂ ਨਾਲ ਸੰਪੂਰਨ ਰੂਪ ਵਿਚ ਹੀ ਪੜ੍ਹਾ ਦਿੱਤਾ ਸੀ। ਉਸਤਾਦ ਭਾਵੇਂ ਹਿਕਮਤ ਕਰਦਾ ਸੀ ਤੇ ਸਿਆਣਾ ਵੈਦ ਹੋਣ ਕਰਕੇ ਚਾਹੁੰਦਾ ਸੀ, ਲੁਕਮਾਨ ਵਾਂਗ ਕੁੱਜੇ Ḕਚ ਨਹੀਂ ਕੜਛੀ ਵਿਚ ਸਮੁੰਦਰ ਭਰੇ। ਜੜ੍ਹੀਆਂ ਬੂਟੀਆਂ ਦੀ ਟੋਕਰੀ ਪਰਾਂ੍ਹ ਰੱਖ ਕੇ ਦਿਲਬਰ ਨੇ ਢੱਡ ਤੇ ਸਾਰੰਗੀ ਨੂੰ ਹੀ ਹਿੱਕ ਨਾਲ ਲਾਉਣ ਦੀ ਵਿਉਂਤ ਬੰਦੀ ਨੂੰ ਸਫਲ ਬਣਾ ਲਿਆ। ਦੇਸ਼ ਦੀ ਵੰਡ ਵੇਲੇ ਇਹ ਪਰਿਵਾਰ ਪਾਕਿਸਤਾਨ ਤੋਂ ਉਠ ਕੇ ਪਹਿਲਾਂ ਨਵਾਂ ਸ਼ਹਿਰ ਲਾਗੇ ਪਿੰਡ ਸਲੋਹ ਆ ਵੱਸਿਆ ਤੇ ਕਰੀਬ ਤੇਰਾਂ ਸਾਲ ਇੱਥੇ ਰਹਿ ਕੇ ਢਾਡੀ ਕਲਾ ਦੀਆਂ ਤੇਰਾਂ ਜਮਾਤਾਂ ਅੱਵਲ ਰਹਿ ਕੇ ਪੜ੍ਹਨ ਵਾਂਗ ਸਿੱਖ ਜਮਾਤ ਦੀਆਂ ਚਹੁੰਆਂ ਕੁੰਟਾਂ ਵਿਚ ਪ੍ਰਵਾਨਗੀ ਹਾਸਲ ਕਰ ਲਈ ਤੇ 1960 ਵਿਚ ਪਿੰਡੋਂ ਚਾਲੇ ਪਾ ਕੇ ਪੱਕਾ ਵਸੇਬਾ ਨਵਾਂ ਸ਼ਹਿਰ ਹੀ ਕਰ ਲਿਆ। ਪਿਤਾ ਈਸ਼ਰ ਸਿੰਘ ਦੀਆਂ ਵਾਹਿਗੁਰੂ ਅੱਗੇ ਕੀਤੀਆਂ ਅਰਦਾਸਾਂ ਦੀ ਵਿਆਖਿਆ ਦਿਲਬਰ ਨੇ ਆਪਣੀ ਇਕ ਕਾਵਿ ਵੰਨ੍ਹਗੀ ਵਿਚ ਕਰਕੇ ਮਾਂ-ਬਾਪ ਦੇ ਅਰਮਾਨਾਂ ਅੱਗੇ ਇਕ ਤਰ੍ਹਾਂ ਨਾਲ ਸਿਰ ਹੀ ਨੀਵਾਂ ਕਰ ਦਿੱਤਾ ਹੈ। ਉਸ ਨੇ ਇਕ ਥਾਂ ਲਿਖਿਐ:
ਪੁੱਤਾਂ ਵਾਲਿਓ ਜੱਗ ਤੇ ਪੁੱਤ ਮੇਵਾ
ਹੁੰਦੇ ਮਾਪਿਆਂ ਦੀ ਜਿੰਦ ਤੇ ਜਾਨ ਪੁੱਤਰ।
ਪੁੱਤਰ ਪਰਾਂ ਤੇ ਉਡਦੀ ਫਿਰੇ ਦੁਨੀਆਂ
ਮਾਪੇ ਬੁੱਤ ਤੇ ਵਿਚ ਪ੍ਰਾਣ ਪੁੱਤਰ।
ਅਸਲ ਵਿਚ ਕਲਮ ਤੇ ਜ਼ੁਬਾਨ-ਦੋਹਾਂ ਅੰਦਰ ਰੱਜਵਾਂ ਰਸ ਦਿਲਬਰ ਦੇ ਹਿੱਸੇ ਹੀ ਆਇਆ ਹੈ। ਇਕ ਝਲਕ ਅੰਦਰ ਲੇਖਣੀ ਦਾ ਸਿਖਰ ਵੇਖੋ:
ਕੁਦਰਤ ਦੇ ਰਸ ਦੱਸਾਂ ਕੀ ਕੀ ਫਰੋਲ ਮੈਂ
ਪਾਇਆ ਨਹੀਂ ਭੇਦ ਕਿੱਸੇ ਬਹੁਤ ਅਸੀਂ ਪੜ੍ਹੇ ਦੇਖੇ।
ਜਿਨ੍ਹਾਂ ਦਾ ਦਿਮਾਗ ਅਸਮਾਨੀ ਉਡੇ ਖੰਭ ਲਾ ਕੇ
ਨਿੱਕੀ ਜਿਹੀ ਅੜਾਉਣੀ Ḕਚ ਗਿਆਨੀ ਅਸੀਂ ਅੜੇ ਦੇਖੇ।
ਰਾਜ ਦਰਬਾਰੀਂ ਡਿੱਠਾ ਮਾਣ ਹੁੰਦਾ ਮੂਰਖਾਂ ਦਾ
ਅਕਲਾਂ ਦੇ ਧਨੀ ਕਈ ਜੰਜੀਰਾਂ ਵਿਚ ਜੜੇ ਦੇਖੇ।
ਨਜ਼ਰਬੰਦ ਹੋਣਾ ਪਿਆ ਜਿੰਦਾ ਜਿਹੀਆਂ ਰਾਣੀਆਂ ਨੂੰ
ਸਕਿਆਂ ਭਰਾਵਾਂ ਦੇ ਦੋ ਦਿੱਲੀ ਵਿਚ ਧੜੇ ਦੇਖੇ।
ਸਾਲ 1990 Ḕਚ ਅਸੀਂ ਮਾਹਿਲਪੁਰ ਦੇ ਸ਼ੌਂਕੀ ਮੇਲੇ ‘ਤੇ ਦਿਲਬਰ ਦਾ ਸਨਮਾਨ ਕਰਨਾ ਸੀ। ਪੰਜਾਬੀ ਗਾਇਕਾਂ ਦਾ ਕੱਦ ਵੀ ਜੋਬਨ ‘ਤੇ ਸੀ। ਦਰਸ਼ਕਾਂ ਦਾ ਹੜ੍ਹ ਵੇਖ ਕੇ ਲੱਗਦਾ ਨਹੀਂ ਸੀ ਕਿ ਪੰਜਾਬ ਅਤਿਵਾਦ ਪੀੜ੍ਹਤ ਹੈ। ਜਦੋਂ ਮਾਣਕ ਤੇ ਸਦੀਕ ਤੋਂ ਬਾਅਦ ਦਿਲਬਰ ਨੂੰ ਪੇਸ਼ ਕੀਤਾ ਤਾਂ ਸੱਚ ਮੰਨਿਓ ਆਪਣੀ ਭਾਵੁਕ ਤਕਰੀਰ ਵਿਚ Ḕਇਕੱਤੀ ਇੱਕੋ ਰੰਗ ਦੇ ਨਾਫੀਏ ਰੰਗ ਹੈ, ਨੰਗ ਹੈ ਮਲੰਗ ਹੈḔ ਤਾਂ ਹਜ਼ਾਰਾਂ ਦਰਸ਼ਕਾਂ ਦੇ ਦੋਵੇਂ ਹੱਥਾਂ ਨੇ ਤਾੜੀ ਦੇ ਤਾਲ ਵਿਚ ਦਸ ਦਿੱਤਾ ਸੀ ਕਿ ਨਹੀਂ ਜੰਮਣਾ ਕੋਈ ਹੋਰ ਦਿਲਬਰ।
ਗਾਇਕਾਂ ਵਿਚੋਂ ਜੇ ਕਿਤੇ ਸਿਫਤ ਕਿਸੇ ਦੀ ਉਹਨੇ ਕੀਤੀ ਤਾਂ ਸਿਰਫ ਕੁਲਦੀਪ ਮਾਣਕ ਦੀ, ਜਾਂ ਫਿਰ ਵਡਾਲੀ ਭਰਾਵਾਂ ਦਾ ਉਹ ਬੜਾ ਕਾਇਲ ਸੀ। ਇਕ ਵਾਰ ਅਸੀਂ ਨਵਾਂ ਸ਼ਹਿਰ ਮਾਤਾ ਵਿਦਿਆਵਤੀ ਭਵਨ ਵਿਚ ਪਿਆਰੇ ਲਾਲ ਤੇ ਪੂਰਨ ਚੰਦ ਵਡਾਲੀ ਦੀ ਮਹਿਫਿਲ ਰਾਤ ਨੂੰ ਰੱਖੀ, ਬਦਕਿਸਮਤੀ ਇਹ ਹੋਈ ਕਿ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਤਾਂ ਦੋ ਬੰਦੇ ਆਏ, ਪਹਿਲਾਂ ਖਬਰ ਆਈ ਕਿ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਦਿਹਾਂਤ ਹੋ ਗਿਆ ਹੈ ਤੇ ਚਾਰ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕਰ ਦਿੱਤਾ। ਚਲੋ ਪ੍ਰਸ਼ਾਸਨ ਨੇ ਮਹਿਫਿਲ ਰੋਕ ਦਿੱਤੀ ਪਰ ਚੰਗੀ ਕਿਸਮਤ ਮੈਂ ਇਹ ਮੰਨਦਾ ਰਹਾਂਗਾ ਕਿ ਉਹ ਰਾਤ ਅਸੀਂ ਸਾਰੀ ਦੀ ਸਾਰੀ ਵਡਾਲੀ ਭਰਾਵਾਂ ਤੇ ਦਿਲਬਰ ਨਾਲ ਦੀਦਾਰ ਸ਼ੇਤਰੇ ਦੇ ਘਰੇ ਮਨਾਈ। ਹਾਲਾਂਕਿ ਵਡਾਲੀ ਭਰਾਵਾਂ ਦਾ ਉਸ ਦਿਨ ਠੇਕੇ ਬੰਦ ਹੋ ਜਾਣ ਕਰਕੇ ਚਿਤ ਰਾਜੀ ਨਹੀਂ ਸੀ ਪਰ ਦਿਲਬਰ ਨੇ ਉਦਣ ਸੂਤਰਧਾਰ ਬਣ ਕੇ ਜੋ ਕੁਝ ਸੁਣਾਇਆ, ਐਂ ਲੱਗਦਾ ਸੀ ਜਿਵੇਂ ਬੁੱਲੇ ਸ਼ਾਹ ਨੂੰ ਵਡਾਲੀ ਭਰਾਵਾਂ ਨੇ ਚੁੱਪ ਕਰਾ ਦਿੱਤਾ ਹੋਵੇ ਤੇ ਅਣਖੀਲੇ ਸਿੱਖ ਇਤਿਹਾਸ ਦੀਆਂ ਗੂੰਜਾਂ ਪੈਣ ਲੱਗ ਪਈਆਂ ਹੋਣ।
ਸੱਚ ਇਹ ਵੀ ਹੈ ਕਿ ਦਿਲਬਰ ਪਹਿਲਾਂ ਕਵੀਸ਼ਰ ਬਣਿਆ ਫਿਰ ਢਾਡੀ ਤੇ ਨਾਲੋ ਨਾਲ ਪ੍ਰਚਾਰਕ ਤੇ ਬੁਲਾਰਾ ਵੀ। ਜੇ ਦੋ ਮੁਕਾਬਲੇ ਵਾਲੀਆਂ ਖਾਲੀ ਥਾਂਵਾਂ ਭਰਨੀਆਂ ਹੋਣ ਤਾਂ ਜੋ ਰੁਤਬਾ ਹਿੰਦੀ ਗੀਤਾਂ ਵਿਚ ਮੁਹੰਮਦ ਰਫੀ ਦਾ ਹੈ, ਉਹੀ ਢਾਡੀ ਕਲਾ ਵਿਚ ਦਇਆ ਸਿੰਘ ਦਿਲਬਰ ਦਾ। ਸੀਤਲ ਵਾਂਗ ਉਹਦੀਆਂ ਲਿਖੀਆਂ ਵਾਰਾਂ ਦੀਆਂ ਅਨੇਕਾਂ ਪੁਸਤਕਾਂ ਦਰਜਨਾਂ ਐਡੀਸ਼ਨਾਂ ਵਿਚ ਛਪੀਆਂ। ਇਸੇ ਕਰਕੇ ਉਹਨੂੰ ਸ਼ਾਇਰੀ ਦਾ ਵਿਦਵਾਨ ਕਰਕੇ ਵੀ ਜਾਣਿਆ ਜਾਂਦਾ ਹੈ। ਉਹਦੀਆਂ ਕੁੱਲ ਸੋਲਾਂ ਪੁਸਤਕਾਂ ਛਪੀਆਂ ਸਨ। ਸੱਤ ਗੀਤਾਂ ਦੀਆਂ Ḕਦਿਲਬਰ ਦੇ ਗੀਤḔ, Ḕਦਿਲਬਰ ਤਰਾਨੇḔ, Ḕਦਿਲਬਰ ਸੰਗੀਤḔ, Ḕਗਾਉਂਦਾ ਦਿਲਬਰḔ, Ḕਗੀਤਾਂ ਵਿਚ ਦਿਲਬਰḔ, Ḕਸੱਥਰਾਂ ਤੇ ਸੌਣ ਵਾਲਿਆḔ, Ḕਚੰਡੀ ਖੜਕੇਗੀḔ। ਤਿੰਨ ਪੁਸਤਕਾਂ ਕਵਿਤਾਵਾਂ ਦੀਆਂ ਹਨ, Ḕਦਿਲਬਰ ਰੀਝਾਂḔ, Ḕਦਿਲਬਰ ਉਡਾਰੀਆਂḔ ਅਤੇ Ḕਦਿਲਬਰ ਦੁਨੀਆਂḔ। ਉਹਦੇ ਦੋ ਪ੍ਰਸੰਗ ਹਨ, Ḕਦਿਲਬਰ ਪ੍ਰਸੰਗḔ ਤੇ Ḕਦਿਲਬਰ ਸੱਧਰਾਂḔ। ਇਸ ਤੋਂ ਇਲਾਵਾ ਵਾਰਾਂ ਦੀ ਪੁਸਤਕ ਹੈ, Ḕਦਿਲਬਰ ਵਾਰਾਂḔ। ਮੰਨੋਗੇ ਕਿ ਉਹਨੇ ਗੀਤ ਵੀ ਲਿਖੇ ਹਨ ਤੇ ਆਪਣੇ ਅੰਦਰਲੇ ਲੋਕ ਸ਼ਾਇਰ ਨੂੰ Ḕਰੰਗੀਲਾ ਜੋਬਨḔ ਤੇ Ḕਦਿਲਬਰ ਬਾਝੋਂ ਜੀ ਨਹੀਂ ਲੱਗਦਾḔ ਨਾਲ ਵੀ ਰਾਜ਼ੀ ਕਰੀ ਰੱਖਿਆ ਹੈ।
1977 ਵਿਚ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਚਾਰ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਤਾਂ ਉਸ ਸਮੇਂ ਦਇਆ ਸਿੰਘ ਦਿਲਬਰ ਦੇ ਜਥੇ ਨੂੰ ਸਨਮਾਨ ਦਿੱਤਾ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਿੰਨ ਸੌ ਸਾਲਾ ਦਿਵਸ ‘ਤੇ ਇੰਗਲੈਡ ਦੀਆਂ ਸੰਗਤਾਂ ਨੇ ਉਹਨੂੰ ਬੁਲਾ ਕੇ ਮਾਣ ਦਿੱਤਾ। 1980 ਵਿਚ ਉਹ ਕੈਨੇਡਾ ਆਇਆ ਅਤੇ 1982 ਵਿਚ ਅਮਰੀਕਾ, ਤੇ ਲੰਬਾ ਸਮਾਂ ਢਾਡੀਆਂ ਦੀ ਇੱਕੋ ਇੱਕ ਸ਼੍ਰੋਮਣੀ ਸਭਾ Ḕਸ੍ਰੀ ਗੁਰੂ ਹਰਗੋਬਿੰਦ ਢਾਡੀ ਸਭਾḔ ਦੀ ਨੁਮਾਇੰਦਗੀ ਕੀਤੀ। 1960 ਵਿਚ ਪੰਜਾਬੀ ਸੂਬੇ ਵੇਲੇ ਤਾਂ ਉਸ ਨੇ ਜੇਲ੍ਹ ਕੱਟੀ ਹੀ ਸੀ ਪਰ ਜਿਸ ਪੰਜਾਬ ਸਰਕਾਰ ਨੇ ਸਾਲ 1994 ਵਿਚ ਭਾਸ਼ਾ ਵਿਭਾਗ ਰਾਹੀਂ ਸ਼੍ਰੋਮਣੀ ਢਾਡੀ ਪੁਰਸਕਾਰ ਦਿੱਤਾ ਸੀ, ਉਸੇ ਸਰਕਾਰ ਨੇ ਖਾੜਕੂ ਲਹਿਰ ਵਿਚ ਦਿਲਬਰ ‘ਤੇ ਨੈਸ਼ਨਲ ਸਿਕਿਉਰਿਟੀ ਐਕਟ (ਐਨæ ਐਸ਼ ਏæ) ਲਾ ਕੇ ਇਸ ਲਈ ਬੁੜੈਲ ਜੇਲ੍ਹ ਬੰਦ ਕਰ ਦਿੱਤਾ ਸੀ ਕਿ ਉਸ ਤੋਂ ਪੰਜਾਬ ਦੇ ਅਮਨ ਚੈਨ ਨੂੰ ਖਤਰਾ ਹੈ। ਦਿਲਬਰ ਦੇ ਜਥੇ ਵਿਚ ਬੜੇ ਢਾਡੀਆਂ ਨੇ ਕੰਮ ਕੀਤਾ ਪਰ ਕਰਮ ਸਿੰਘ ਲੰਗੜੋਆ ਤੇ ਕੁਲਦੀਪ ਸਿੰਘ ਭੁੱਲੇਵਾਲ ਉਹਦੇ ਜਥੇ Ḕਚ ਬੜੀ ਦੇਰ ਤੱਕ ਰਹੇ।
ਬੋਹੜ ਥੱਲੇ ਬੋਹੜ ਤਾਂ ਨਹੀਂ ਲੱਗ ਸਕਦਾ ਪਰ ਪਿੱਪਲ ਤਾਂ ਉਗ ਹੀ ਸਕਦਾ ਹੈ। ਸ਼ਾਇਦ ਇਸੇ ਕਰਕੇ ਦਿਲਬਰ ਦਾ ਵੱਡਾ ਫਰਜ਼ੰਦ ਕੁਲਜੀਤ ਸਿੰਘ ਨਾਮੀ ਪ੍ਰਚਾਰਕ ਤੇ ਢਾਡੀ ਬਣ ਗਿਆ ਹੈ। ਪੰਥਕ ਹਲਕਿਆਂ ਵਿਚ ਬੜੀਆਂ ਬਾਤਾਂ ਕੁਲਜੀਤ ਦੇ ਸਤਿਕਾਰ ਵਿਚ ਖੜ੍ਹੀਆਂ ਹੋ ਗਈਆਂ ਹਨ। ਕੈਸਿਟਾਂ, ਤਵਿਆਂ ਦੇ ਯੁੱਗ ਦਾ ਦਿਲਬਰ ਸੰਗੀਤ ਦੇ ਆਧੁਨਿਕ ਵਿਗਿਆਨ ਉਪਕਰਣਾਂ ਨੇ ਸਾਡਾ ਦਿਲਬਰ ਯੁੱਗਾਂ ਤੱਕ ਆਉਣ ਵਾਲੀਆਂ ਨਸਲਾਂ ਲਈ ਸੰਭਾਲ ਲਿਆ ਹੈ। ਇਸ ਲਈ ਉਹਦੇ ਕਦੇ ਵੀ ਮਨਫੀ ਹੋਣ ਦੀ ਗੱਲ ਨਹੀਂ ਹੋ ਸਕੇਗੀ। 26 ਫਰਵਰੀ 2005 ਨੂੰ ਦਿਲਬਰ ਨੇ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਲੁਧਿਆਣੇ ਦੇ ਦਇਆਨੰਦ ਮੈਡੀਕਲ ਕਾਲਜ ਵਿਚ ਆਖਰੀ ਸਾਹ ਲਿਆ ਪਰ ਉਹ ਹਰ ਪੰਥਕ ਹਿਤੈਸ਼ੀ ਤੇ ਹਰ ਢਾਡੀ ਕਲਾ ਨਾਲ ਤੇਹ ਰੱਖਣ ਵਾਲੇ ਪੰਜਾਬ ਦੇ ਮਨ ਵਿਚ ਆਖਰੀ ਸਾਹ ਤੱਕ ਵਸਿਆ ਰਹੇਗਾ।