ਧੀਆਂ ਨੂੰ ਸਿਹਤਮੰਦ ਆਤਮ ਸਨਮਾਨ ਪੈਦਾ ਕਰਕੇ ਪਾਲੀਏ

ਡਾ. ਗੁਰਨਾਮ ਕੌਰ, ਕੈਨੇਡਾ
ਪੂਰਬੀ ਦੇਸ਼ਾਂ, ਖਾਸ ਕਰ ਭਾਰਤ ਅਤੇ ਪਾਕਿਸਤਾਨ ਵਿਚ ਕੁੜੀਆਂ ‘ਚ ਆਤਮ-ਸਨਮਾਨ ਦੀ ਵੈਸੇ ਹੀ ਬਹੁਤ ਘਾਟ ਰਹਿ ਜਾਂਦੀ ਹੈ| ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੱਛਮ ਵਿਚ ਵੀ ਲੜਕੀਆਂ ਵਿਚ ਆਤਮ ਸਨਮਾਨ ਦੀ ਬਹੁਤ ਸਮੱਸਿਆ ਆਉਂਦੀ ਹੈ ਪਰ ਸਾਡੇ ਮੁਲਕਾਂ ਵਿਚ ਧੀਆਂ ਨੂੰ ਪਾਲਿਆ ਹੀ ਇਸ ਭਾਵਨਾ ਨਾਲ ਜਾਂਦਾ ਹੈ ਕਿ ਇਨ੍ਹਾਂ ਨੇ ਵਿਆਹ ਕਰਕੇ ਸਹੁਰੇ ਘਰ ਚਲੀਆਂ ਜਾਣਾ ਹੈ| ਇਹ ਵਿਚਾਰ ਬਚਪਨ ਤੋਂ ਹੀ ਕੁੱਟ ਕੁੱਟ ਕੇ ਉਨ੍ਹਾਂ ਦੇ ਮਨ ਵਿਚ ਭਰ ਦਿੱਤਾ ਜਾਂਦਾ ਹੈ|

ਅਜਿਹੇ ਅਤੇ ਇਸ ਕਿਸਮ ਦੇ ਹੋਰ ਬਹੁਤ ਸਾਰੇ ਵਿਚਾਰਾਂ ਨੂੰ ਮੁੱਖ ਰੱਖ ਕੇ ਬਹੁਤੀ ਵਾਰ ਧੀਆਂ ਦੇ ਮੁਕਾਬਲੇ ਪੁੱਤਰਾਂ ਦੇ ਪਾਲਣ-ਪੋਸਣ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ; ਭਾਵੇਂ ਵਿੱਦਿਆ ਦੇ ਪਸਾਰ ਨਾਲ ਅਜੋਕੇ ਸਮਿਆਂ ਵਿਚ ਢੇਰ ਤਬਦੀਲੀ ਆ ਗਈ ਹੈ| ਇਸ ਦੇ ਬਾਵਜੂਦ ਪਰਾਈਆਂ ਹੋਣ ਜਾਂ ਪਰਾਏ ਘਰ ਜਾਣ ਦਾ ਵਿਚਾਰ ਬਚਪਨ ਤੋਂ ਹੀ ਕੁੜੀਆਂ ਦੇ ਮਨਾਂ ਵਿਚ ਇਸ ਤਰ੍ਹਾਂ ਭਰ ਦਿੱਤਾ ਜਾਂਦਾ ਹੈ ਕਿ ਸਾਰੀ ਉਮਰ ਉਨ੍ਹਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਉਨ੍ਹਾਂ ਦਾ ਆਪਣਾ ਘਰ ਕਿਹੜਾ ਹੈ? ਕਿਉਂਕਿ ਸਹੁਰੇ ਪਰਿਵਾਰ ਵਿਚ ਉਨ੍ਹਾਂ ਨੂੰ ‘ਬਿਗਾਨੇ ਘਰੋਂ’ ਆਈ ਜਾਂ ‘ਬਿਗਾਨੀ ਧੀ’ ਸਮਝਿਆ ਜਾਂਦਾ ਹੈ| ਉਹ ਸਾਰੀ ਉਮਰ ‘ਬੇ-ਘਰ’ ਹੋਣ ਵਰਗੇ ਹੀਣ-ਭਾਵ ਨਾਲ ਹੀ ਗੁਜ਼ਾਰ ਦਿੰਦੀਆਂ ਹਨ| ਉਨ੍ਹਾਂ ਨੂੰ ਕਦਮ ਕਦਮ ‘ਤੇ ਘਟੀਆਪਨ ਦਾ ਅਹਿਸਾਸ ਕਰਾਇਆ ਜਾਂਦਾ ਹੈ|
ਪੱਛਮ ਵਿਚ ਭਾਵੇਂ ਧੀ ਜਾਂ ਪੁੱਤ ‘ਚ ਫਰਕ ਵਾਲੀ ਸਮੱਸਿਆ ਤਾਂ ਨਹੀਂ ਹੈ ਪਰ ਆਤਮ ਸਨਮਾਨ ਦੀ ਘਾਟ ਉਨ੍ਹਾਂ ਵਿਚ ਵੀ ਆ ਜਾਂਦੀ ਹੈ, ਜਿਸ ਦੇ ਕਈ ਹੋਰ ਮਨੋ-ਵਿਗਿਆਨਕ ਤੇ ਸਮਾਜਕ ਕਾਰਨ ਵੀ ਹੁੰਦੇ ਹਨ| ਅੱਜ ਕੱਲ ਸੰਚਾਰ-ਸਾਧਨਾਂ ਦੇ ਫੈਲਣ ਨਾਲ ਪੂਰਬ ਅਤੇ ਪੱਛਮ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ ਹਨ; ਭਾਰਤ ਅਤੇ ਪਾਕਿਸਤਾਨ ਵਰਗੇ ਮੁਲਕਾਂ ਤੋਂ ਵੱਡੀ ਗਿਣਤੀ ਵਿਚ ਲੋਕ ਕਮਾਈ ਖਾਤਰ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਵਿਚ ਜਾ ਵੱਸੇ ਹਨ| ਇਨ੍ਹਾਂ ਸਭ ਕਾਰਨਾਂ ਕਰਕੇ ਸਭਿਆਚਾਰ ਅਤੇ ਰਹਿਣੀ-ਸਹਿਣੀ ਦਾ ਵੀ ਇੱਕ ਦੂਜੇ ‘ਤੇ ਕਾਫੀ ਅਸਰ ਪੈ ਰਿਹਾ ਹੈ, ਖਾਸ ਕਰਕੇ ਪੂਰਬੀ ਸੱਭਿਅਤਾ ਉਤੇ ਪੱਛਮੀ ਸੱਭਿਅਤਾ ਦਾ; ਭਾਵੇਂ ਇਹ ਅਸਰ ਜ਼ਰੂਰੀ ਨਹੀਂ ਕਿ ਨਾਂਹ-ਵਾਚਕ ਹੀ ਹੈ, ਇਹ ਹਾਂ-ਵਾਚਕ ਵੀ ਹੈ| ਇਸ ਦੇ ਨਾਲ ਹੀ ਧੀਆਂ ਭਾਵੇਂ ਪੱਛਮ ਵਿਚ ਪਲ ਰਹੀਆਂ ਹੋਣ ਜਾਂ ਪੂਰਬ ਵਿਚ, ਉਨ੍ਹਾਂ ਵਿਚ ਸਵੈ-ਭਰੋਸਾ ਤੇ ਆਤਮ-ਸਨਮਾਨ ਪੈਦਾ ਕਰਨਾ ਬਹੁਤ ਜ਼ਰੂਰੀ ਵੀ ਹੈ ਅਤੇ ਮਾਂ-ਬਾਪ ਦਾ ਫਰਜ਼ ਵੀ|
ਅਜੋਕੇ ਸਮੇਂ ਵਿਚ ਟੈਲੀਵਿਜ਼ਨ, ਕੰਪਿਊਟਰ ਤੇ ਹੋਰ ਇਲੈਕਟ੍ਰਾਨਿਕ ਮੀਡੀਆ ਦੇ ਅਸਰਾਂ ਕਾਰਨ ਭਾਂਤ-ਭਾਂਤ ਦੇ ਵਿਚਾਰ ਬੱਚੀਆਂ ਦੇ ਮਨ ਨੂੰ ਵਿਚਲਿਤ ਕਰਨ ਲਈ ਕਾਫੀ ਹਨ ਜੋ ਉਨ੍ਹਾਂ ਵਿਚ ਕਈ ਤਰ੍ਹਾਂ ਨਾਲ ਆਪਣੇ ਆਪ ਬਾਰੇ ਹੀਣਤਾ ਦਾ ਅਹਿਸਾਸ ਪੈਦਾ ਕਰਨ ਦੀ ਵਜ੍ਹਾ ਵੀ ਬਣਦੇ ਹਨ|
ਜੂਲੀਅਨ ਗੈਰੀ, ਜੋ ਇੱਕ ਸਾਹਿਤਕਾਰ, ਪੱਤਰਕਾਰ, ਫਿਲਮ ਆਲੋਚਕ ਅਤੇ ਹੋਰ ਵੀ ਬਹੁਤ ਕੁਝ ਹੈ, ਦਾ ਕਹਿਣਾ ਹੈ ਕਿ ਅਜੋਕੇ ਸਮਿਆਂ ਵਿਚ ਇੱਕ ਸਵੈ-ਭਰੋਸੇ ਵਾਲੀ, ਆਪਣੀ ਖੁਦੀ ਵਿਚ ਵਿਸ਼ਵਾਸ ਨਾਲ ਭਰਪੂਰ ਧੀ ਪਾਲਣੀ ਕੋਈ ਸੌਖਾ ਕੰਮ ਨਹੀਂ ਹੈ| ਉਸ ਦਾ ਕਹਿਣਾ ਹੈ ਕਿ ਜਦੋਂ ਕੁੜੀ ਹਾਲੇ ਛੋਟੀ ਜਿਹੀ ਬੱਚੀ ਹੀ ਹੁੰਦੀ ਹੈ ਤਾਂ ਮੀਡੀਆ ਅਤੇ ਹੋਰ ਸਭਿਆਚਾਰਕ ਸੁਨੇਹਿਆਂ ਨਾਲ ਉਸ ਨੂੰ ਲੱਦ ਦਿੱਤਾ ਜਾਂਦਾ ਹੈ ਜੋ ਉਸ ਦੀ ਸਿਹਤਮੰਦ, ਲਚਕੀਲੀ ਕਿਸਮ ਦੀ ਸਵੈ-ਤਸਵੀਰ ਨੂੰ, ਜਿਸ ਦੀ ਉਸਾਰੀ ਤੁਸੀਂ ਚਾਹੁੰਦੇ ਹੋ ਕਿ ਉਹ ਕਰੇ, ਘਟਾਉਂਦੇ ਹਨ| ਪ੍ਰੰਤੂ ਮਾਪਿਆਂ ਦਾ ਇਸ ਉਤੇ ਬਹੁਤ ਅਸਰ ਹੁੰਦਾ ਹੈ ਕਿ ਉਹ ਆਪਣੇ ਬਾਰੇ ਕਿਵੇਂ ਸੋਚਦੀ ਹੈ, ਅਤੇ ਇੱਕ ਸਹੀ ਰਸਤੇ ਦੀ ਪਛਾਣ ਆਪਣੇ ਅੰਦਰ ਬਿਠਾ ਕੇ, ਤੁਸੀਂ ਉਸ ਨੂੰ ਅਜਿਹੇ ਅਸਰਾਂ ਅਤੇ ਗਤੀਵਿਧੀਆਂ ਤੋਂ ਦੂਰ ਰੱਖ ਸਕਦੇ ਹੋ ਜੋ ਉਸ ਦੇ ਸਵੈ ਸਨਮਾਨ ਨੂੰ ਘਟਾਉਂਦੀਆਂ ਹਨ ਅਤੇ ਉਸ ਅੰਦਰ ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦੀਆਂ ਹਨ| ਮਾਪੇ ਹੋਣ ਦੇ ਨਾਤੇ ਤੁਸੀਂ ਉਸ ਅੰਦਰ ਸਵੈ-ਭਰੋਸਾ ਪੈਦਾ ਕਰ ਸਕਦੇ ਹੋ ਅਤੇ ਉਸ ਨੂੰ ਉਸ ਦੇ ਆਪੇ ਦੀ ਅਹਿਮੀਅਤ ਦਾ ਅਹਿਸਾਸ ਕਰਾ ਸਕਦੇ ਹੋ| ਜੂਲੀਅਨ ਗੈਰੀ ਕੁਝ ਅਜਿਹੀਆਂ ਚੁਣੌਤੀਆਂ ਦੀ ਗੱਲ ਕਰਦੀ ਹੈ ਜਿਨ੍ਹਾਂ ਦਾ ਇੱਕ ਲੜਕੀ ਨੂੰ, ਜਦੋਂ ਉਹ ਵੱਡੀ ਹੋ ਰਹੀ ਹੁੰਦੀ ਹੈ ਤਾਂ ਉਸ ਨੂੰ ਵਿਭਿੰਨ ਨੁਕਤਿਆਂ ‘ਤੇ ਸਾਹਮਣਾ ਕਰਨਾ ਪੈਂਦਾ ਹੈ|
ਜੂਲੀਅਨ ਗੈਰੀ ਦਾ ਕਹਿਣਾ ਹੈ ਕਿ ਮਸ਼ਹੂਰ ਹਸਤੀਆਂ ਅਤੇ ਪਤਲੀਆਂ-ਪਤੰਗ ਮਾਡਲ ਕੁੜੀਆਂ ਦੀਆਂ ਤਸਵੀਰਾਂ ਰਾਹੀਂ ਮੀਡੀਆ ਵੱਲੋਂ ਸੁੰਦਰਤਾ ਦੇ ਅਸੰਭਵ ਪੈਮਾਨੇ ਵੱਡੀਆਂ ਹੋ ਰਹੀਆਂ ਲੜਕੀਆਂ ਦੇ ਸਾਹਮਣੇ, ਉਨ੍ਹਾਂ ਦੇ ਇਸ ਤੱਥ ਤੋਂ ਕਿ ਜੋ ਕੁਝ ਟੈਲੀਵਿਜ਼ਨ ‘ਤੇ ਹੋ ਰਿਹਾ ਹੈ, ਉਹ ਅਸਲੀਅਤ ਨਹੀਂ ਹੈ, ਚੇਤੰਨ ਹੋਣ ਤੋਂ ਵੀ ਪਹਿਲਾਂ ਹੀ ਪਰੋਸ ਦਿੱਤੇ ਜਾਂਦੇ ਹਨ| ਉਸ ਦਾ ਕਹਿਣਾ ਹੈ ਕਿ ਔਰਤਾਂ ਦੇ ਰੂਪ/ਇਮੇਜ਼ ਨਾਲ ਕਈ ਤਰ੍ਹਾਂ ਦੀ ਸਟਰੈਚਿੰਗ ਉਨ੍ਹਾਂ ਨੂੰ ਸੋਹਣੀਆਂ, ਲੰਬੀਆਂ, ਪਤਲੀਆਂ ਦਿਖਾਉਣ ਲਈ ਕੀਤੀ ਜਾਂਦੀ ਹੈ|
ਜੂਲੀਅਨ ਗੈਰੀ ਨੇ ਅਨੁਭਵੀ ਟੀæ ਵੀæ ਅਤੇ ਮੂਵੀ ਪ੍ਰੋਡਿਊਸਰ ਗੈਵਿਨ ਪੋਲੋਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਔਰਤਾਂ ਦੇ ਚਿਹਰੇ ਤੋਂ ਝੁਰੜੀਆਂ, ਲਕੀਰਾਂ ਤੇ ਹੋਰ ਦਾਗ ਮਿਟਾਉਣ ਲਈ ਕਈ ਕੁਝ ਕੀਤਾ ਜਾਂਦਾ ਹੈ ਅਤੇ ਵਿੱਗ ਤੇ ਐਕਸਟੈਨਸ਼ਨਜ਼ ਪਹਿਨਣੇ ਇਸੇ ਦਾ ਹਿੱਸਾ ਹੈ| ਜੋ ਕੁਝ ਸੁੰਦਰਤਾ ਸਬੰਧੀ ਦਿਖਾਇਆ ਜਾਂਦਾ ਹੈ, ਉਹ ਨਾ ਕੇਵਲ ਅਸਲੀ ਨਹੀਂ ਹੁੰਦਾ ਬਲਕਿ ਸਿਹਤ ਲਈ ਵੀ ਹਾਨੀਕਾਰਕ ਹੁੰਦਾ ਹੈ| ਕੁੜੀਆਂ ਟੀæ ਵੀæ ਦੇਖਣਾ ਬੰਦ ਨਹੀਂ ਕਰ ਸਕਦੀਆਂ, ਇਸੇ ਲਈ ਇਹ ਬਹੁਤ ਜ਼ਰੂਰੀ ਹੈ, ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚੀਆਂ ਨੂੰ ਸਿਖਾਉਣ ਕਿ ਉਹ ਟੀæ ਵੀæ ਤੋਂ ਪ੍ਰਸਾਰਤ ਹੁੰਦੇ ਸੁਨੇਹਿਆਂ ‘ਤੇ ਪ੍ਰਸ਼ਨ ਕਰਨ, ਉਨ੍ਹਾਂ ਦੀ ਵਿਆਖਿਆ ਕਰਨ| ਟੀæ ਵੀæ ‘ਤੇ ਕਈ ਅੱਲ੍ਹੜ ਉਮਰ ਦੀਆਂ ਕੁੜੀਆਂ ਦੇ ਅਜਿਹੇ ਪ੍ਰੋਗਰਾਮ ਦਿਖਾਏ ਜਾਂਦੇ ਹਨ ਜਿਨ੍ਹਾਂ ਵਿਚ ਭੜਕਾਊ ਪੁਸ਼ਾਕਾਂ ਪਾਈਆਂ ਹੁੰਦੀਆਂ ਹਨ ਤੇ ਭੜਕਾਊ ਅਦਾਕਾਰੀ ਕੀਤੀ ਜਾਂਦੀ ਹੈ| ਇਸ ਲਈ ਮਾਂਵਾਂ ਨੂੰ ਚਾਹੀਦਾ ਹੈ ਕਿ ਅਜਿਹੇ ਟੀæ ਵੀæ ਸ਼ੋਅ ਬੱਚੀਆਂ ਦੇ ਨਾਲ ਬੈਠ ਕੇ ਦੇਖਣ ਤੇ ਉਨ੍ਹਾਂ ਨੂੰ ਦੱਸਣ ਕਿ ਅਜਿਹੇ ਸ਼ੋਅ ਅਸਲੀਅਤ ਨਹੀਂ ਹੁੰਦੇ| ਕਈ ਬੱਚੀਆਂ ਕਹਿ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੋ ਦਿਖਾਇਆ ਜਾਂਦਾ ਹੈ, ਉਹ ਅਸਲੀ ਨਹੀਂ ਹੈ; ਪਰ ਸੁਆਲ ਇਹ ਹੈ ਕਿ ਪਤਾ ਹੋਣ ਦੇ ਬਾਵਜੂਦ ਕੀ ਉਹ ਇਸ ਤੋਂ ਬੇਅਸਰ ਰਹਿੰਦੀਆਂ ਹਨ? ਜਦੋਂ ਮਾਂ ਬੱਚੀ ਦੇ ਨਾਲ ਬੈਠ ਕੇ ਪ੍ਰੋਗਰਾਮ ਦੇਖੇਗੀ ਤਾਂ ਉਹ ਉਸ ਨਾਲ ਇਸ ਵਿਸ਼ੇ ‘ਤੇ ਚਰਚਾ ਕਰ ਸਕਦੀ ਹੈ ਕਿਉਂਕਿ ਮੀਡੀਏ ਨੇ ਵਾਰ ਵਾਰ ਸੁਨੇਹਾ ਦੇਣਾ ਚਾਲੂ ਰੱਖਣਾ ਹੈ|
ਡਾæ ਰੂਨੀ ਦਾ ਕਹਿਣਾ ਹੈ ਕਿ ਕੁੜੀਆਂ ਸਿਰਫ ਉਸੇ ਤੋਂ ਅਸਰ ਕਬੂਲ ਨਹੀਂ ਕਰਦੀਆਂ, ਜੋ ਉਹ ਦੇਖਦੀਆਂ ਹਨ ਪ੍ਰੰਤੂ ਜੋ ਕੁਝ ਕੀਤਾ ਜਾਂਦਾ ਹੈ, ਉਸ ਦਾ ਅਸਰ ਵੀ ਕਬੂਲਦੀਆਂ ਹਨ| ਮਿਸਾਲ ਵਜੋਂ ਜੇ ਉਹ ਬਹੁਤਾ ਸਮਾਂ ਖਰੀਦਦਾਰੀ ਕਰਨ ਜਾਂ ਸਜਣ-ਸਜਾਉਣ ਜਾਂ ਇਹ ਚਰਚਾ ਕਰਨ ਕਿ ਕੌਣ ਕਿਹੋ ਜਿਹੀ ਲੱਗਦੀ ਹੈ ਜਾਂ ਵੱਧ ‘ਡੇਟ’ ‘ਤੇ ਜਾਂਦੀ ਹੈ ਆਦਿ ਉਤੇ ਖਰਚ ਕਰਦੀਆਂ ਹਨ ਅਤੇ ਘੱਟ ਸਮਾਂ ਮੂਲ ਕੀਮਤਾਂ ਨੂੰ ਸਿੱਖਣ ਤੇ ਸਵੈ-ਸਤਿਕਾਰ ਦੀ ਹਾਂ-ਪੱਖੀ ਭਾਵਨਾ ਵਿਕਸਿਤ ਕਰਨ ਵੱਲ ਲਾਉਂਦੀਆਂ ਹਨ ਤਾਂ ਇਸ ਨਾਲ ਵੀ ਫਰਕ ਪੈਂਦਾ ਹੈ| ਸੋ, ਬਿਹਤਰ ਹੈ ਕਿ ਉਨ੍ਹਾਂ ਨੂੰ ਅਹਿਮ ਕੰਮਾਂ ਵੱਲ ਲਾਇਆ ਜਾਵੇ ਜਿਵੇਂ ਟੀਮ ਵਿਚ ਖੇਡਣਾ, ਥਿਏਟਰ ਜਾਂ ਕੋਈ ਸੰਗੀਤਕ ਸਾਜ਼ ਵਜਾਉਣਾ ਆਦਿ, ਜਿਨ੍ਹਾਂ ਰਾਹੀਂ ਉਹ ਆਪਣੇ ਆਪ ਨੂੰ ਪ੍ਰਗਟ ਕਰ ਸਕਣ ਤੇ ਕਿਸੇ ਹੁਨਰ ਵਿਚ ਮੁਹਾਰਤ ਹਾਸਲ ਕਰਨ ਅਤੇ ਆਪਣੇ ਅੰਦਰ ਸਵੈ ਸਤਿਕਾਰ ਪੈਦਾ ਕਰਨ|
ਕੁੜੀਆਂ ਜਿਉਂ ਹੀ ਡੀæ ਵੀæ ਡੀæ ਅੱਗੇ ਬੈਠਣ ਜੋਗੀਆਂ ਹੁੰਦੀਆਂ ਹਨ, ਉਦੋਂ ਤੋਂ ਹੀ ਉਹ ਡਿਜ਼ਨੀ ‘ਕਲਾਸਿਕਸ’ ਛਕਣਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਵਿਚ ਬਹੁਤਾ ਕਰਕੇ ਕਿਸੇ ਸੌਂ ਰਹੀ ਜਾਂ ਉਡੀਕ ਕਰ ਰਹੀ ਰਾਜ ਕੁਮਾਰੀ ਨੂੰ ਦਿਖਾਇਆ ਹੁੰਦਾ ਹੈ, ਜਦੋਂ ਤੱਕ ਉਸ ਨੂੰ ਜਗਾਉਣ ਜਾਂ ਬਚਾਉਣ ਲਈ ਕੋਈ ਸੁੰਦਰ ਰਾਜ ਕੁਮਾਰ ਨਾ ਆ ਜਾਵੇ, ਜਿਸ ਨਾਲ ਫਿਰ ਉਸ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਸਦਾ ਖੁਸ਼ ਰਹਿੰਦੇ ਹਨ| ਇਸ ਕਿਸਮ ਦੇ ਦ੍ਰਿਸ਼ ਜਦੋਂ ਉਹ ਵਾਰ ਵਾਰ ਦੇਖਦੀਆਂ ਹਨ ਤਾਂ ਬਹੁਤ ਛੋਟੀ ਉਮਰ ਤੋਂ ਹੀ ਗਲਤ ਕਿਸਮ ਦੇ ਸੁਨੇਹੇ ਆਪਣੇ ਮਨ ਵਿਚ ਪੱਕੇ ਕਰਨ ਲੱਗ ਪੈਂਦੀਆਂ ਹਨ ਕਿ ਉਹ ‘ਸੁੰਦਰ ਰਾਜ ਕੁਮਾਰੀਆਂ’ ਹਨ| ਮਾਹਿਰਾਂ ਦਾ ਕਹਿਣਾ ਹੈ ਕਿ ‘ਡਿਜ਼ਨੀ ਪ੍ਰਿੰਸਜ਼’ ਵਰਗੇ ਦ੍ਰਿਸ਼, ਜੋ ਵਾਰ ਵਾਰ ਪਰੋਸੇ ਜਾਂਦੇ ਹਨ, ਕੁੜੀਆਂ ਦੇ ਸਭਿਆਚਾਰ ਵਿਚ ਨਾ ਕੇਵਲ ਦੱਬੂ ਅਤੇ ਨਿਸ਼ਕ੍ਰਿਆ ਹਨ ਸਗੋਂ ਕੁੜੀਆਂ ਤੇ ਮੁੰਡਿਆਂ ਵਿਚ ਵਖਰੇਵੇਂ ਨੂੰ ਵੀ ਉਭਾਰਦੇ ਹਨ| ਅਜਿਹਾ ਜਦੋਂ ਅਸੀਂ ਕਿਸੇ ‘ਟੁਆਏਜ਼ ਆਰ ਅਸ’ ਵਰਗੇ ਸਟੋਰ ‘ਤੇ ਜਾਂਦੇ ਹਾਂ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਅਸੀਂ ਇੱਕ ਸਮਾਜ ਦੇ ਤੌਰ ‘ਤੇ ਕੁੜੀਆਂ ਅਤੇ ਮੁੰਡਿਆਂ ਨੂੰ ਵੰਡ ਰਹੇ ਹਾਂ| ਅਸੀਂ ਆਪਣੀਆਂ ਕੁੜੀਆਂ ਦੀ ਬਰਬਾਦੀ ਆਪ ਕਰ ਰਹੇ ਹਾਂ| ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਈਏ ਅਤੇ ‘ਅਸਲੀ’ ਧੀਆਂ ਬਣਾਈਏ| ਜਿੱਥੇ ਮੁੰਡਿਆਂ ਦਾ ਧਿਆਨ ਬਹਾਦਰ ਹੋਣ, ਦੂਜਿਆਂ ਦੀ ਮਦਦ ਲਈ ਤਿਆਰ-ਬਰ-ਤਿਆਰ ਰਹਿਣ, ਹਰ ਸਮੇਂ ਚੁਸਤ-ਦਰੁਸਤ ਰਹਿਣ ਵਾਲਾ ਬਣ ਜਾਂਦਾ ਹੈ, ਉਥੇ ਕੁੜੀਆਂ ਦਾ ਗੁਲਾਬੀ ਰੰਗ ਵਿਚ ‘ਸੋਹਣਾ ਲੱਗਣਾ’ ਤੱਕ ਮਹਿਦੂਦ ਹੋ ਜਾਂਦਾ ਹੈ|
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੱਥੇ ਛੋਟੇ ਮੁੰਡਿਆਂ ਦੀਆਂ ਜਨਮ-ਦਿਨ ਪਾਰਟੀਆਂ ਦਾ ਪ੍ਰਬੰਧ ਕਿਸੇ ਅਜਿਹੀ ਥਾਂ ‘ਤੇ ਕੀਤਾ ਜਾਂਦਾ ਹੈ, ਜਿੱਥੇ ਉਹ ਕੋਈ ਖੇਡ ਖੇਡ ਸਕਣ, ਉਥੇ ਕੁੜੀਆਂ ਦੇ ਜਨਮ ਦਿਨ ਦੀ ਪਾਰਟੀ ਸਜਣ-ਸਜਾਉਣ ਤੱਕ ਸੁੰਗੜ ਜਾਂਦੀ ਹੈ| ਸਭਿਆਚਾਰਕ ਤੌਰ ‘ਤੇ ਸਾਰਾ ਜ਼ੋਰ ਇਸ ਗੱਲ ‘ਤੇ ਲਾਇਆ ਜਾਂਦਾ ਹੈ ਕਿ ਉਹ ਦੇਖਣ ਵਿਚ ‘ਸੁੰਦਰ’ ਲੱਗਣ| ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਸਭਿਆਚਾਰ ਵਿਚ ‘ਗਰਲ ਕੋਡ’ (ਕੁੜੀਆਂ ਲਈ ਸੰਕੇਤ) ਪੱਕੀ ਤਰ੍ਹਾਂ ਵਿਉਂਤਿਆ ਹੋਇਆ ਹੈ| ਮਾਪਿਆਂ ਨੂੰ ਚਾਹੀਦਾ ਹੈ ਕਿ ਇਸ ਕੋਡ ਨੂੰ ਦੇਖਣ ਕਿ ਇਹ ਕੀ ਹੈ ਅਤੇ ਧੀਆਂ ਦੀ ਮਦਦ ਕਰਨ ਕਿ ਉਹ ਇਸ ਕੋਡ ਨੂੰ ਆਪਣੇ ਲਈ ਤੋੜਨਾ ਸਿੱਖਣ|
ਧੀਆਂ ‘ਤੇ ਸਨਿਮਰ ਹੋਣ ਲਈ ਜ਼ੋਰ ਪਾਇਆ ਜਾਂਦਾ ਹੈ| ਉਨ੍ਹਾਂ ਨੂੰ ਸਿਰਫ ਇਹੀ ਸਿਖਾਇਆ ਜਾਂਦਾ ਹੈ ਕਿ ਉਹ ਦਿੱਖ ਵਿਚ ਸੋਹਣੀਆਂ ਲੱਗਣ ਅਤੇ ਨਰਮ ਸੁਭਾਅ ਵਾਲੀਆਂ ਹੋਣ| ਉਨ੍ਹਾਂ ਨੂੰ ਆਪਣੀ ਅਸਲੀ ਔਕਾਤ ਪਛਾਨਣਾ, ਆਪਣੇ ਛੁਪੇ ਹੋਏ ਗੁਣਾਂ ਦੀ ਤਲਾਸ਼ ਕਰਨਾ ਨਹੀਂ ਸਿਖਾਇਆ ਜਾਂਦਾ| ਕੁੜੀਆਂ ਲਈ ਅਜਿਹੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ ਜਿਨ੍ਹਾਂ ਵਿਚ ਉਹ ਆਪਣੇ ਕੁਝ ‘ਲੱਗਣ’ ਜਾਂ ‘ਹੋਣ’ ਲਈ ਬਾਹਰੀ ਸੋਮੇ ਨਾ ਤਲਾਸ਼ਣ ਅਤੇ ਉਨ੍ਹਾਂ ਦੀ ਮਦਦ ਲੈਣ ਬਲਕਿ ਆਪਣੇ ਅੰਦਰ ਛੁਪੇ ਹੋਏ ਗੁਣ ਲੱਭਣ ਤੇ ਉਨ੍ਹਾਂ ਦਾ ਵਿਕਾਸ ਕਰਨ| ਮੁੰਡਿਆਂ ਨੂੰ ਜੇ ਕੋਈ ਪੁੱਛੇ ਕਿ ਉਹ ਅੱਜ ਕੱਲ ਕੀ ਕਰਦਾ ਹੈ ਤਾਂ ਉਹ ਝੱਟ ਦੱਸੇਗਾ ਕਿ ਉਹ ਅੱਜ ਕੱਲ ਕੀ ਖੇਡ ਰਿਹਾ ਹੈ ਜਾਂ ਕਿਸ ਕੰਮ ਵਿਚ ਕਾਰਜਸ਼ੀਲ ਹੈ ਪਰ ਜੇ ਕਿਸੇ ਕੁੜੀ ਨੂੰ ਪੁੱਛ ਲਿਆ ਜਾਵੇ ਤਾਂ ਉਹ ਸ਼ਰਮਾ ਜਾਂਦੀ ਹੈ ਅਤੇ ਕਿੰਨੀ ਦੇਰ ਉਸ ਨੂੰ ਕੋਈ ਉਤਰ ਨਹੀਂ ਅਹੁੜਦਾ| ਕਈ ਵਾਰ ਉਹ ਅਜਿਹੇ ਪ੍ਰਸ਼ਨਾਂ ਨਾਲ ਬੇਅਰਾਮ ਵੀ ਹੋ ਜਾਂਦੀਆਂ ਹਨ| ਕੁੜੀਆਂ ਦਾ ‘ਨਰਮ-ਸੁਭਾਅ’ ਹੋਣ ਦੇ ਦਬਾਅ ਵਿਚ ਪਲਣਾ ਅਤੇ ਇਸ ਸਭਿਆਚਾਰਕ ਮਾਹੌਲ ਵਿਚ ਵੱਡੇ ਹੋਣਾ ਕਿ ਉਨ੍ਹਾਂ ਦੇ ਸੁਭਾਅ ਕਰਕੇ ਕਿਸੇ ਦਾ ਦਿਲ ਨਾ ਦੁਖੇ, ਦਾ ਅਰਥ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਉਨ੍ਹਾਂ ਦੇ ਅੰਦਰ ਕਿਸੇ ਕਿਸਮ ਦਾ ਟਕਰਾਉ ਜਾਂ ਦਵੰਦ ਪੈਦਾ ਕਰ ਦੇਵੇ ਜਾਂ ਜਦੋਂ ਉਹ ਬਾਲਗ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਮੁੰਡਿਆਂ ਨਾਲ ਵਰਤਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਕਿਸੇ ਖਤਰਨਾਕ ਅਵਸਥਾ ਵਿਚ ਪਾ ਦੇਵੇ| ਕੁੜੀਆਂ ਵਿਚ ਇਸ ਕਿਸਮ ਦੀ ਹਿੰਮਤ ਪੈਦਾ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਹੱਕ ਲਈ ਖੜ੍ਹੀਆ ਹੋ ਸਕਣ ਅਤੇ ਆਪਣੇ ਨਾਲ ਹੋਣ ਵਾਲੀ ਕਿਸੇ ਵੀ ਵਧੀਕੀ ਦੇ ਖਿਲਾਫ ਡਟ ਸਕਣ|
ਪੰਜਾਬੀ ਦਾ ਆਮ ਅਖਾਣ ਹੈ, ‘ਜੈਸੀ ਸੰਗਤ ਵੈਸੀ ਰੰਗਤ’ ਜਾਂ ‘ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ੍ਹਦਾ ਹੈ|’ ਬਹੁਤੀ ਵਾਰ ਜੁਆਨ ਹੋ ਰਹੀਆਂ ਕੁੜੀਆਂ ਉਤੇ ਮਸ਼ਹੂਰ ਹਸਤੀਆਂ, ਮਾਡਲਾਂ ਜਾਂ ਇਸ਼ਤਿਹਾਰਾਂ ਦਾ ਏਨਾ ਅਸਰ ਨਹੀਂ ਹੁੰਦਾ ਜਿੰਨਾ ਆਪਣੀਆਂ ਸਹੇਲੀਆਂ ਜਾਂ ਆਪਣੇ ਗਰੁਪ ਦੀਆਂ ਕੁੜੀਆਂ ਦਾ ਹੁੰਦਾ ਹੈ, ਜਿਨ੍ਹਾਂ ਦੇ ਤੌਰ-ਤਰੀਕੇ ਉਨ੍ਹਾਂ ਅੰਦਰ ਹੀਣ-ਭਾਵਨਾ ਪੈਦਾ ਕਰਦੇ ਹਨ| ਜਦੋਂ ਆਪਣੇ ਸਾਹਮਣੇ ਕਿਸੇ ਨੂੰ ਦੇਖਦੇ ਹੋ ਤਾਂ ਤੁਸੀਂ ਉਸ ਵਾਂਗ ਦਿਖਣ ਦੀ ਕੋਸ਼ਿਸ਼ ਕਰਦੇ ਹੋ ਜਾਂ ਉਸ ਵਾਂਗ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹੋ|
ਡਾæ ਰੂਨੀ ਦਾ ਕਹਿਣਾ ਹੈ ਕਿ ਕਿਸ਼ੋਰ ਉਮਰ ਦੀਆਂ ਕੁੜੀਆਂ ਅਸਰ ਕਬੂਲਣ ਲਈ ਛੇਤੀ ਨਿਸ਼ਾਨਾ ਬਣ ਜਾਂਦੀਆਂ ਹਨ, ਭਾਵੇਂ ਇਹ ਮੀਡੀਆ ਹੋਵੇ, ਇਸ਼ਤਿਹਾਰਬਾਜ਼ੀ ਹੋਵੇ ਜਾਂ ਫਿਰ ਉਨ੍ਹਾਂ ਦੀਆਂ ਸਹੇਲੀਆਂ ਹੋਣ, ਕਿਉਂਕਿ ਉਹ ਹਾਲੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ ਕਿ ਉਹ ਕੌਣ ਹਨ, ਉਨ੍ਹਾਂ ਦਾ ਕੀਮਤ-ਵਿਧਾਨ ਅਤੇ ਨਿਸ਼ਾਨੇ ਕੀ ਹਨ, ਉਹ ਕੀ ਬਣਨਾ ਚਾਹੁੰਦੀਆਂ ਹਨ? ਮੀਡੀਆ, ਇਸ਼ਤਿਹਾਰਬਾਜ਼ੀ ਵਾਲੇ ਅਤੇ ਸਹੇਲੀਆਂ ਇਨ੍ਹਾਂ ਸਵਾਲਾਂ ਦੇ ਤੇਜ਼ ਤੇ ਸੌਖੇ ਢੰਗ ਨਾਲ ਉਤਰ ਦੇਣ ਲਈ ਸਾਹਮਣੇ ਹੁੰਦੇ ਹਨ ਕਿ ਜੇ ਤੁਸੀਂ ਇਸ ਤਰ੍ਹਾਂ ਦਿਸੋਗੇ ਤਾਂ ਤੁਹਾਡੀ ਅਹਿਮੀਅਤ ਹੋਵੇਗੀ| ਜੇ ਤੁਹਾਡੇ ਕੋਲ ਇਹ ਚੀਜ਼ਾਂ ਹੋਣਗੀਆਂ ਤਾਂ ਤੁਹਾਡੇ ਕੋਲ ਸਵੈ-ਮਾਣ ਹੋਵੇਗਾ| ਇਸ ਲਈ ਜੇ ਕੇਵਲ ਇਹੀ ਸੁਨੇਹਾ ਹੈ ਤਾਂ ਇਹੀ ਇੱਕ ਥਾਂ ਹੈ ਜਿਸ ਵੱਲ ਉਹ ਉਤਰ ਲੱਭਣ ਲਈ ਦੇਖ ਰਹੀਆਂ ਹਨ|
ਬੇਸ਼ੱਕ ਬੱਚੇ ਬਹੁਤ ਛੇਤੀ ਵੱਡੇ ਹੋ ਜਾਂਦੇ ਹਨ ਪਰ ਪਿਛਲੇ ਦਹਾਕਿਆਂ ਵਿਚ ਸਭਿਅਚਾਰ ਨੇ ਖਾਸੀ ਛੋਟੀ ਉਮਰ ਤੋਂ ਕਾਮੁਕ ਬਣਾਉਣਾ ਅਤੇ ਲੜਕੀਆਂ ਨੂੰ ਜਿਉਂਦਾ-ਜਾਗਦਾ ਕਾਰਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਰਥਾਤ ਬਹੁਤ ਛੋਟੀ ਉਮਰ ਤੋਂ ਹੀ ਲੜਕੀਆਂ ਨੂੰ ‘ਮਿਨੀ ਵੁਮਨ’ ਤਸੱਵਰ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ| ਭੋਰਾ ਭਰ ਕੁੜੀਆਂ ਦੇ ਅੰਦਰੂਨੀ ਕੱਪੜੇ ਤੇ ਆਮ ਵਸਤਰ ਜਿਵੇਂ ਮਿੰਨੀ ਸਕਰਟਾਂ ਆਦਿ ਵੱਡੀਆਂ ਔਰਤਾਂ ਵਾਂਗ ਤਿਆਰ ਕੀਤੇ ਜਾਂਦੇ ਹਨ| ਇਹ ਸਮੱਸਿਆ ਅਤੇ ਇਸ ਦੇ ਨਤੀਜੇ ਪਿਛਲੇ ਦਹਾਕੇ ਤੋਂ ਵੱਡੇ ਪੱਧਰ ‘ਤੇ ਫੈਲ ਰਹੇ ਹਨ| ਇਸੇ ਲਈ 2007 ਵਿਚ ‘ਅਮੈਰਿਕਨ ਸਾਈਕਾਲੌਜੀਕਲ ਐਸੋਸੀਏਸ਼ਨ’ ਨੇ ‘ਟਾਸਕ ਫੋਰਸ ਆਨ ਦਾ ਸੈਕਸੁਏਲਾਈਜ਼ੇਸ਼ਨ ਆਫ ਗਰਲਜ਼’ ਬਣਾਈ| ‘ਏæ ਪੀæ ਏæ’ ਟਾਸਕ ਫੋਰਸ ਦੀ ਖੋਜ ਨੇ ਕੁੜੀਆਂ ਦੇ ਕਾਮੁਕ ਬਣਾਉਣ ਨੂੰ ਕੁੜੀਆਂ ਤੇ ਔਰਤਾਂ ਦੀਆਂ ਤਿੰਨ ਮਾਨਸਿਕ ਸਮੱਸਿਆਵਾਂ ਨਾਲ ਜੋੜਿਆ ਹੈ: ਖਾਣ ਦੇ ਵਿਕਾਰ (ਈਟਿੰਗ ਡਿਸਆਰਡਰਜ਼), ਸਵੈ-ਮਾਣ ਦਾ ਘਟਣਾ ਅਤੇ ਡਿਪਰੈਸ਼ਨ| ਤੁਸੀਂ ਹੁਣ ਸੋਚ ਸਕਦੇ ਹੋ ਕਿ ਤੁਸੀਂ ਕਿਸ ਦੇ ਖਿਲਾਫ ਖੜ੍ਹੇ ਹੋਣਾ ਹੈ| ਭਾਵੇਂ ਇਹ ਬਹੁਤ ਡਰਾਉਣਾ ਦਿਸਦਾ ਹੈ ਪਰ ਤੁਸੀਂ ਆਪਣੀ ਬੱਚੀ ਨੂੰ ਠੀਕ ਰਸਤੇ ‘ਤੇ ਤੁਰਨ ਲਈ ਅਤੇ ਜੇ ਉਸ ਨੇ ਗਲਤ ਮੋੜ ਕੱਟ ਲਿਆ ਹੈ ਤਾਂ ਉਸ ਨੂੰ ਮੋੜਨ ਲਈ ਉਸ ਦੀ ਮਦਦ ਕਰ ਸਕਦੇ ਹੋ|