ਪੰਜਾਬ ਵਿਚ ਗੈਂਗ ਵਰਤਾਰੇ ਨੇ ਹਰ ਸੰਜੀਦਾ ਸ਼ਖਸ ਨੂੰ ਹੈਰਾਨ-ਪ੍ਰੇਸ਼ਾਨ ਕੀਤਾ ਹੋਇਆ ਹੈ। ਸਿਆਸੀ ਪਾਰਟੀਆਂ ਅਕਸਰ ਆਪਣੇ ਸਿਆਸੀ ਮੁਫਾਦਾਂ ਲਈ ਨੌਜਵਾਨਾਂ ਨੂੰ ਇਸ ਰਾਹ ਦੇ ਰਾਹੀ ਬਣਾ ਧਰਦੀਆਂ ਹਨ। ਜੁਝਾਰੂ ਆਗੂ ਸਰਦਾਰਾ ਸਿੰਘ ਮਾਹਲ ਨੇ ਇਕ ਤਾਂ ਪੰਜਾਬ ਦੇ ਨੌਜਵਾਨ ਦੀ ਨਾਬਰੀ ਦੀ ਗੱਲ ਆਪਣੇ ਇਸ ਲੇਖ ਵਿਚ ਉਭਾਰੀ ਹੈ, ਦੂਜੇ ਇਸ ਮਸਲੇ ਦੇ ਵੱਖ ਵੱਖ ਪੱਖਾਂ ਬਾਰੇ ਵੀ ਚਰਚਾ ਤੋਰੀ ਹੈ ਜੋ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।
-ਸੰਪਾਦਕ
ਸਰਦਾਰਾ ਸਿੰਘ ਮਾਹਿਲ
ਸੰਪਰਕ: 98152-11079
ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ‘ਪੁਲੀਸ ਮੁਕਾਬਲੇ’ ਵਿਚ ਮਾਰੇ ਜਾਣ ਤੋਂ ਇਸ ਮਸਲੇ ‘ਤੇ ਚਰਚਾ ਛਿੜ ਗਈ ਹੈ। ਜਮਹੂਰੀ ਤਾਕਤਾਂ ਵੱਲੋਂ ਇਸ ਮੁਕਾਬਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ, ਦੂਜੇ ਪਾਸੇ ਮੁੱਖ ਮੰਤਰੀ ਨੇ ਇਸ ‘ਕਾਮਯਾਬੀ’ ਲਈ ਪੁਲੀਸ ਨੂੰ ਵਧਾਈ ਦਿੱਤੀ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਵੀ ਬਹਿਸ-ਵਿਚਾਰ ਚੱਲ ਰਹੀ ਹੈ, ਪਰ ਇਸ ਵਰਤਾਰੇ ਨੂੰ ਸਮਝਣ ਲਈ ਸਾਰੇ ਪਹਿਲੂਆਂ ਨੂੰ ਸਮਝਣਾ-ਵਿਚਾਰਨਾ ਜ਼ਰੂਰੀ ਹੈ।
ਸੱਤਰਵਿਆਂ ਵਿਚ ਨਕਸਲਬਾੜੀ ਲਹਿਰ ਦੇ ਪੰਜਾਬ ਵਿਚ ਉਭਾਰ ਨਾਲ ਨੌਜਵਾਨਾਂ ਦਾ ਵੱਡਾ ਹਿੱਸਾ ਇਸ ਲਹਿਰ ਵੱਲ ਖਿੱਚਿਆ ਗਿਆ। ਇਸ ਲਹਿਰ ਦੇ ਪ੍ਰਭਾਵ ਤਹਿਤ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਸ਼ਕਤੀ ਬਣੀਆਂ। ਅੱਸੀਵਿਆਂ ਵਿਚ ਪੰਜਾਬ ਵਿਚ ਖਾਲਿਸਤਾਨੀ ਲਹਿਰ ਸ਼ੁਰੂ ਹੋ ਗਈ ਤਾਂ ਨੌਜਵਾਨ ਵੱਡੀ ਪੱਧਰ ‘ਤੇ ਇਸ ਵੱਲ ਖਿੱਚੇ ਗਏ। ਪੁਲੀਸ ਨੇ ਕੇਸਰੀ ਪੱਗਾਂ ਖਿਲਾਫ ਮੁਹਿੰਮ ਚਲਾਈ ਤਾਂ ਕਿਲਾ ਰਾਏਪੁਰ ਦੇ ਖੇਡ ਮੇਲੇ ‘ਤੇ ਜਵਾਨੀ ਵੱਡੀ ਗਿਣਤੀ ਵਿਚ ਕੇਸਰੀ ਪੱਗਾਂ ਬੰਨ੍ਹ ਕੇ ਸ਼ਾਮਿਲ ਹੋਈ ਅਤੇ ਸਾਰਾ ਮੇਲਾ ਕੇਸਰੀ ਰੰਗ ਵਿਚ ਰੰਗਿਆ ਗਿਆ। ਨਾਬਰੀ ਜਵਾਨੀ ਦਾ ਸੁਭਾਅ ਹੈ। ਨਾਬਰੀ ਅਤੇ ਜਵਾਨੀ ਦਾ ਅਟੁੱਟ ਰਿਸ਼ਤਾ ਹੈ। ਇਸੇ ਕਰ ਕੇ 1967 ਵਿਚ ਫਰਾਂਸ ਵਿਚ ਵਿਦਿਆਰਥੀ ਅੰਦੋਲਨ ਲਹਿਰ ਨੇ ਜਨਰਲ ਡੀæ ਗਾਲ ਨੂੰ ਕੁਰਸੀ ਛੱਡਣ ਲਈ ਮਜਬੂਰ ਕਰ ਦਿੱਤਾ। ਵੀਅਤਨਾਮ ਜੰਗ ਖਿਲਾਫ ਅਮਰੀਕਾ ਵਿਚ ਨੌਜਵਾਨਾਂ ਦੀ ਲਹਿਰ ਅਮਰੀਕਾ ਦੇ ਵੀਅਤਨਾਮ ਵਿਚੋਂ ਨਿਕਲਣ ਦਾ ਇੱਕ ਕਾਰਨ ਬਣੀ। ਚਾਰ ਮਈ ਦੀ ਨੌਜਵਾਨ ਲਹਿਰ ਦਾ ਚੀਨ ਦੇ ਇਨਕਲਾਬ ਵਿਚ ਇਤਿਹਾਸਕ ਰੋਲ ਹੈ। ਰੂਸ ਦੇ ਇਨਕਲਾਬ ਵਿਚ ਵੀ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਸੇ ਕਰ ਕੇ ਗੈਂਗਸਟਰ ਵਰਤਾਰੇ ਨੂੰ ਸਮਝਣ ਲਈ ਜਵਾਨੀ ਦੇ ਨਾਬਰੀ ਵਾਲੇ ਸੁਭਾਅ ਨੂੰ ਸਮਝਣਾ ਜ਼ਰੂਰੀ ਹੈ।
ਪੰਜਾਬ ਸਰਹੱਦ ‘ਤੇ ਹੈ। ਭਾਰਤ ਤਿੰਨ ਪਾਸਿਉਂ ਸਮੁੰਦਰ ਨਾਲ ਘਿਰਿਆ ਹੈ ਅਤੇ ਉੱਤਰ-ਪੂਰਬ ਵਿਚ ਹਿਮਾਲਿਆ ਪਰਬਤ ਹੈ। ਇਸ ਕਰ ਕੇ ਮੁਲਕ ‘ਤੇ ਹਮਲਾ ਕਰਨ ਵਾਲਿਆਂ ਅਤੇ ਧਾੜਵੀਆਂ ਲਈ ਇਹ ਇੱਕੋ-ਇੱਕ ਰਸਤਾ ਸੀ ਅਤੇ ਉਹ ਸਾਰੇ ਇਸੇ ਰਸਤੇ ਆਏ। ਇਨ੍ਹਾਂ ਸਾਰੇ ਹਮਲਿਆਂ ਅਤੇ ਧਾੜਿਆਂ ਦੀ ਮਾਰ ਪੰਜਾਬੀਆਂ ਨੂੰ ਝੱਲਣੀ ਪਈ। ਪੰਜਾਬੀਆਂ ਨੇ ਸਿਕੰਦਰ ਜਿਹਿਆਂ ਦੀਆਂ ਗੋਡਣੀਆਂ ਲਵਾ ਦਿੱਤੀਆਂ। ਉਧਰ ਸਿੱਖ ਲਹਿਰ ਵਿਚ ਪੰਜਾਬੀਆਂ ਨੇ ਹੀ ਅਹਿਮਦ ਸ਼ਾਹ ਅਬਦਾਲੀ ਜਿਹੇ ਧਾੜਵੀਆਂ ਦੇ ਨੱਕ ਵਿਚ ਦਮ ਕਰ ਛੱਡਿਆ। ਇਸ ਕਰ ਕੇ ਲੜਨਾ-ਭਿੜਨਾ ਪੰਜਾਬੀਆਂ ਦੇ ਖ਼ੂਨ ਵਿਚ ਸਮਾਅ ਗਿਆ ਹੈ। ਸੱਤਾ ਤੋਂ ਹਰ ਨਾਬਰ, ਪੰਜਾਬੀਆਂ ਦਾ ਹੀਰੋ ਹੁੰਦਾ ਹੈ। ਇਨ੍ਹਾਂ ਲਈ ਦੁੱਲਾ ਭੱਟੀ ਹੀ ਹੀਰੋ ਨਹੀਂ, ਬਲਕਿ ਡਾਕੂ ਜਿਉਣਾ ਮੌੜ ਵੀ ਨਾਇਕ ਹੈ।
ਸਿੱਖ ਲਹਿਰ ਦਾ ਇਤਿਹਾਸ ਮਹਾਨ ਹੈ। ਇਹ ਮਹਾਨ ਸਿਰਫ ਕੁਰਬਾਨੀਆਂ ਕਰ ਕੇ ਹੀ ਨਹੀਂ, ਵਿਚਾਰਧਾਰਕ ਲਾਂਘੇ ਜਿਹੜੇ ਭੰਨੇ ਗਏ, ਉਹ ਆਪਣੇ ਸਮੇਂ ਵਿਚ ਬਹੁਤ ਮਹੱਤਵਪੂਰਨ ਸਨ। ਕਾਦਰ ਦੀ ਇਕਾਤਮਕਤਾ, ਕੁਦਰਤ ਨਾਲ ਅਭੇਦ ਹੋਣਾ, ਨਾ ਕਿ ਕਿਸੇ ਇਮਾਰਤ (ਮੰਦਰ/ਮਸਜਿਦ) ਵਿਚ ਕੈਦ ਹੋਣਾ। ਮਾਨਵਤਾ ਦੀ ਬਰਾਬਰੀ, ਸਾਂਝੀਵਾਲਤਾ, ਕਿਰਤ ਦੀ ਉੱਚਤਾ, ਮਾਇਆ ਨੂੰ ਰੱਦਣਾ, ਇਹ ਸਾਰੇ ਸੰਕਲਪ ਸਿੱਖ ਲਹਿਰ ਨੇ ਦਿੱਤੇ ਜੋ ਆਪਣੇ ਸਮੇਂ ਵਿਚ ਅਗਾਂਹਵਧੂ ਸਨ। ਪੰਜਾਬੀਆਂ ਨੇ ਇਹ ਸਾਰੇ ਸੰਕਲਪ ਰੱਦ ਕਰ ਦਿੱਤੇ। ਮੰਦਰ-ਮਸਜਿਦ ਬਰਾਬਰ ਗੁਰਦੁਆਰਾ, ਪੁਜਾਰੀ ਬਰਾਬਰ ਪਾਠੀ, ਜਾਤੀ ਆਧਾਰਿਤ ਗੁਰਦੁਆਰੇ, ਜਾਤ-ਵੰਡੀਆਂ, ਜਮਾਤੀ ਦਮਨ ਅਤੇ ਬ੍ਰਾਹਮਣਵਾਦ ਦਾ ਪ੍ਰਚਾਰਿਆ ਵੈਸ਼ਨੂਪੁਣਾ ਸਭ ਪੰਜਾਬੀਆਂ ਨੇ ਅਪਣਾ ਲਏ ਹਨ। ਸਿੱਖੀ ਅਤੇ ਸਿੱਖ ਗੁਰੂਆਂ ਵਿਚ ਪੰਜਾਬੀਆਂ ਦੀ ਸ਼ਰਧਾ ਵਿਚਾਰਧਾਰਾ ਕਰ ਕੇ ਘੱਟ, ਕੁਰਬਾਨੀ ਤੇ ਬਹਾਦਰੀ ਕਰ ਕੇ ਵਧੇਰੇ ਹੈ। ਸ਼ਹੀਦ ਭਗਤ ਸਿੰਘ ਸਮੁੱਚੇ ਪੰਜਾਬੀਆਂ ਦਾ ਨਾਇਕ ਹੈ; ਪਰ ਉਹ ਨਾਇਕ ਉਸ ਦੀ ਵਿਚਾਰਧਾਰਾ ਕਰ ਕੇ ਨਹੀਂ, ਬਲਕਿ ਸ਼ਹੀਦ ਭਗਤ ਸਿੰਘ ਕੁਰਬਾਨੀ ਤੇ ਬਹਾਦਰੀ (ਹੱਸਦਿਆਂ ਫਾਂਸੀ ਸਵੀਕਾਰਨੀ ਤੇ ਖਾੜਕੂ ਸੰਘਰਸ਼ ਦਾ ਰਾਹ) ਕਰ ਕੇ ਹੈ। ਮਸਲੇ ਦੇ ਇਸ ਇਤਿਹਾਸਕ ਅਤੇ ਮਨੋਵਿਗਿਆਨਕ ਪਹਿਲੂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ।
ਨੱਬੇਵਿਆਂ ਦੇ ਆਰੰਭ ਵਿਚ ਖਾਲਿਸਤਾਨੀ ਲਹਿਰ ਦੇ ਖਾਤਮੇ ਉਪਰੰਤ ਰਾਜਨੀਤਿਕ ਖਲਾਅ ਪੈਦਾ ਹੋ ਗਿਆ। ਰਾਜਨੀਤਕ ਖਲਾਅ ਤੋਂ ਭਾਵ, ਇਸ ਸਮੇਂ ਦੌਰਾਨ ਕੋਈ ਅਜਿਹੀ ਰਾਜਨੀਤਕ ਲਹਿਰ ਨਹੀਂ ਰਹੀ ਜਿਸ ਦਾ ਸੁਭਾਅ ਖਾੜਕੂ ਹੋਵੇ; ਜੋ ਪੰਜਾਬ ਦੀ ਜਵਾਨੀ ਨੂੰ ਪ੍ਰਭਾਵਿਤ ਕਰ ਸਕੇ ਤੇ ਆਪਣੇ ਵੱਲ ਆਕਰਸ਼ਿਤ ਕਰ ਸਕੇ। ਬਚੇ-ਖੁਚੇ ਖਾਲਿਸਤਾਨੀਆਂ ਨੇ ਜੇਲ੍ਹਾਂ ਵਿਚੋਂ ਬਾਹਰ ਆ ਕੇ ‘ਸ਼ਾਂਤਮਈ’ ਤੇ ‘ਜਮਹੂਰੀ’ ਤਰੀਕਿਆਂ ਨਾਲ ਖਾਲਿਸਤਾਨ ਦੀ ਪ੍ਰਾਪਤੀ ਦਾ ਰਾਹ ਅਪਣਾ ਲਿਆ, ਪਰ ਜਵਾਨੀ ਦੀ ਖਿੱਚ ਖਾਲਿਸਤਾਨ ਪ੍ਰਤੀ ਨਹੀਂ, ਬਲਕਿ ਖਾੜਕੂਪੁਣੇ ਵੱਲ ਸੀ।
ਦੂਜੇ ਪਾਸੇ ਨਕਸਲੀ ਜੱਥੇਬੰਦੀਆਂ ਨੇ ‘ਮਾਅਰਕੇਬਾਜ਼ੀ’ ਨੂੰ ਹਰਾ ਕੇ ਜਨਤਕ ਲੀਹ ਅਖਤਿਆਰ ਕਰ ਲਈ ਹੈ। ਇਨ੍ਹਾਂ ਲਈ ਜਨਤਕ ਲੀਹ ਦਾ ਅਰਥ ਆਰਥਿਕ ਮੁੱਦਿਆਂ ‘ਤੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ‘ਸੰਘਰਸ਼’ ਕਰਨਾ ਹੈ, ਪਰ ਕਮਿਊਨਿਸਟਾਂ ਦੇ ਨਾਮ ‘ਤੇ ਪਹਿਲਾਂ ਕੰਮ ਕਰਦੀਆਂ ਪਾਰਟੀਆਂ ਦੀ ਦਹਾਕਿਆਂ ਤੋਂ ਅਮਲ ਵਿਚ ਲਿਆਂਦੀ ਜਾ ਰਹੀ ਜਨਤਕ-ਲੀਹ ਨਾਲੋਂ ਕੁਝ ਵੀ ਵੱਖਰਾ ਨਹੀਂ। ਹੇਠੋਂ ਬਲਾਕ ਤੋਂ ਸ਼ੁਰੂ ਕਰ ਕੇ ਸੂਬਾ ਪੱਧਰੀ ਧਰਨੇ/ਮੁਜ਼ਾਹਰੇ ਅਤੇ ਸੂਬਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਧਰਨੇ/ਮੁਜ਼ਾਹਰੇ ਜਾਂ ਵੱਧ ਤੋਂ ਵੱਧ ਕੁਝ ਦਿਨਾਂ ਲਈ ਧਰਨੇ, ਇਹੀ ਨਿੱਤ ਨੇਮ ਬਣ ਕੇ ਰਹਿ ਗਿਆ ਹੈ। ਹੁਣ ਤਾਂ ਇਹ ਵੀ ਗੁਰਦੁਆਰਿਆਂ/ਫੋਕਲ ਪੁਆਇੰਟਾਂ ‘ਤੇ ਧਰਨੇ ਮਾਰਨ ਤੱਕ ਆ ਗਿਆ ਹੈ। ਇਹ ਜਨਤਕ ਸੇਧ ਪੰਜਾਬ ਦੀ ਜਵਾਨੀ ਨੂੰ ਬਿਲਕੁਲ ਹੀ ਪ੍ਰਭਾਵਿਤ ਨਹੀਂ ਕਰਦੀ। ਇਸ ਕਰ ਕੇ ਵਿਦਿਆਰਥੀ/ਨੌਜਵਾਨ ਜਥੇਬੰਦੀਆਂ ਜੋ ਇਸ ਲਹਿਰ ਦੀ ਤਾਕਤ ਸੀ, ਅੱਜ ਕੱਲ੍ਹ ਉਸ ਤੋਂ ਕੋਰੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੀ ਵਿਦਿਆਰਥੀ ਵਰਗ ਵਿਚ ਜੇ ਮਹੱਤਵਪੂਰਨ ਥਾਂ ਹੈ ਤਾਂ ਉਹ ਰਾਜਨੀਤਿਕ ਮੁੱਦਿਆਂ ‘ਤੇ ਘੋਲ ਅਤੇ ਘੋਲਾਂ ਵਿਚ ਖਾੜਕੂਪੁਣੇ ਕਰ ਕੇ ਹੈ, ਪਰ ਇੰਨੀ ਕਾਫੀ ਨਹੀਂ ਕਿ ਖਲਾਅ ਭਰ ਸਕੇ।
ਇਨ੍ਹਾਂ ਹਾਲਾਤ ਵਿਚ ਇਸ ਰਾਜਨੀਤਕ ਖਲਾਅ ਨੂੰ ਹਾਕਮ ਜਮਾਤਾਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਸਿਆਸੀ ਹਿੱਤਾਂ ਲਈ ਵਰਤਣਾ ਸ਼ੁਰੂ ਕੀਤਾ। ਉਨ੍ਹਾਂ ਖਾੜਕੂ ਸੁਭਾਅ ਵਾਲੇ ਨੌਜਵਾਨਾਂ ਨੂੰ ਪਾਰਟੀਆਂ ਦੀਆਂ ਜੇਬੀ ਜਥੇਬੰਦੀਆਂ ਰਾਹੀਂ ਗੰਢਣਾ ਸ਼ੁਰੂ ਕੀਤਾ ਅਤੇ ਬੜੇ ਵਿਉਂਤਬੰਦ ਢੰਗ ਨਾਲ ਇਨ੍ਹਾਂ ਦੇ ਖਾੜਕੂਪੁਣੇ ਨੂੰ ਗੁੰਡਾਗਰਦੀ ਦੇ ਰਾਹ ਤੋਰਿਆ। ਉਹ ਇਨ੍ਹਾਂ ਨੂੰ ਦਹਿਸ਼ਤ ਪਾਉਣ, ਵਿਰੋਧੀਆਂ ਨੂੰ ਡਰਾਉਣ ਅਤੇ ਕਾਰੋਬਾਰ ਫੈਲਾਉਣ ਲਈ ਵਰਤਦੇ। ਇਸ ਦੇ ਬਦਲੇ ਉਹ ਸਿਆਸਤਦਾਨ ਇਨ੍ਹਾਂ ਨੌਜਵਾਨਾਂ ਨੂੰ ਸਰਪ੍ਰਸਤੀ ਦਿੰਦੇ। ਉਨ੍ਹਾਂ ਦੀਆਂ ਮੁਜਰਮਾਨਾ ਕਾਰਵਾਈਆਂ ਖ਼ਿਲਾਫ਼ ਪੁਲੀਸ ਕਾਰਵਾਈ ਤੋਂ ਬਚਾਉਂਦੇ। ਇਸ ਨਾਲ ਇਨ੍ਹਾਂ ਨੌਜਵਾਨਾਂ ਦੀ ਧਾਂਕ ਜੰਮਦੀ ਅਤੇ ਇਸ ਨਾਲ ਇਨ੍ਹਾਂ ਨਾਲ ਹੋਰ ਵਧੇਰੇ ਨੌਜਵਾਨ ਜੁੜਦੇ, ਤੇ ਫਿਰ ਇਹ ਗਰੋਹ, ਗੈਂਗ ਦਾ ਰੂਪ ਧਾਰ ਲੈਂਦੇ।
ਹਾਕਮ ਜਮਾਤੀ ਸਿਆਸਤਦਾਨ ਇਨ੍ਹਾਂ ਦੀ ਵਰਤੋਂ ਗੁੰਡਾ ਤਾਕਤ ਵਜੋਂ ਅਤੇ ਆਪਣੀਆਂ ਰੈਲੀਆਂ ਵਿਚ ਇਕੱਠ ਵਧਾਉਣ ਲਈ ਵੀ ਕਰਦੇ। ਆਪਣੇ ਸ਼ਾਹੀ ਖਰਚੇ ਪੂਰੇ ਕਰਨ ਲਈ ਇਹ ਗੈਂਗ ਲੁੱਟਾਂ ਅਤੇ ਡਕੈਤੀਆਂ ਕਰਦੇ, ਪਰ ਸਿਆਸੀ ਛਤਰ-ਛਾਇਆ ਹੇਠ ਬਚੇ ਰਹਿੰਦੇ। ਖਰਚੇ ਦੇ ਮਕਸਦ ਨਾਲ ਹੀ ਇਹ ਡਰੱਗ ਤਸਕਰੀ ਵੀ ਸ਼ੁਰੂ ਕਰ ਲੈਂਦੇ। ਸੁਪਾਰੀ ਲੈ ਕੇ ਕਤਲ ਕਰਦੇ। ਪੈਸੇ ਲੈ ਕੇ ਜ਼ਮੀਨਾਂ/ਪਲਾਟਾਂ ‘ਤੇ ਕਬਜ਼ੇ ਕਰਦੇ/ਛੁਡਾਉਂਦੇ। ਇਸ ਧੰਦੇ ਵਿਚ ਵੱਖ-ਵੱਖ ਗਰੋਹਾਂ ਵਿਚ ਵਿਰੋਧ ਖੜ੍ਹੇ ਹੋ ਜਾਂਦੇ ਅਤੇ ਇੱਕ-ਦੂਜੇ ਦੇ ਕਤਲ ਵੀ ਕਰਦੇ। ਇਹ ਆਪਣੀਆਂ ਕਾਰਵਾਈਆਂ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਨ ਲਈ ਪੁਲੀਸ ਅਫਸਰਾਂ ਤੇ ਵਿਰੋਧੀ ਗੈਂਗ ਲੀਡਰਾਂ ਨੂੰ ਚੈਲਿੰਜ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ, ਆਧੁਨਿਕ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਅਪਲੋਡ ਕਰਦੇ। ਸੋਸ਼ਲ ਮੀਡੀਏ ‘ਤੇ ਕੱਚੀ ਸਮਝ-ਉਲਾਰ ਮਨ ਵਾਲੇ ਨੌਜਵਾਨ ਇਨ੍ਹਾਂ ਵੱਲ ਖਿੱਚੇ ਜਾਂਦੇ। ਇਉਂ ਪਿਛਲੇ ਦੋ ਦਹਾਕਿਆਂ ਵਿਚ ਗੈਂਗਵਾਦ ਦਾ ਪਸਾਰਾ ਹੁੰਦਾ ਗਿਆ।
ਹਾਕਮ ਜਮਾਤੀ ਸਿਆਸਤਦਾਨਾਂ ਤੇ ਗੈਂਗਸਟਰਾਂ ਦੀ ਸਾਂਝ ਜੱਗ-ਜ਼ਾਹਿਰ ਹੈ। ਜੇ ਇਸ ਬਾਰੇ ਡੂੰਘੀ ਜਾਂਚ ਕਰਵਾਈ ਜਾਵੇ ਤਾਂ ਇਸ ਸਾਂਝ ਦਾ ਵਿਆਪਕ ਪਸਾਰਾ ਸਾਹਮਣੇ ਆ ਸਕਦਾ ਹੈ, ਪਰ ਸਿਤਮਜ਼ਰੀਫੀ ਇਹ ਕਿ ਇਨ੍ਹਾਂ ਗੈਂਗਸਟਰਾਂ ਨੂੰ ਤਾਂ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ, ਪਰ ਸਬੰਧਤ ਸਿਆਸਤਦਾਨਾਂ ਨੂੰ ਭੋਰਾ ਸੇਕ ਨਹੀਂ ਲੱਗ ਰਿਹਾ।
ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਰੁਜ਼ਗਾਰ ਸਨਅਤੀਕਰਨ ਨਾਲ ਜੁੜਿਆ ਹੈ; ਪਰ ਪੰਜਾਬ ਸਨਅਤ ਪੱਖੋਂ ਪਛੜਿਆ ਹੋਇਆ ਹੈ। ਉਂਜ ਵੀ ਦੇਸ਼ ਦੀ ਆਰਥਿਕਤਾ ਦੇ ਕੁੰਜੀਵਤ ਸਥਾਨਾਂ ‘ਤੇ ਸਾਮਰਾਜੀ ਸਰਮਾਇਆ ਹਾਵੀ ਹੋਣ ਕਰ ਕੇ ਸਨਅਤ ਦੇ ਬੇਰੋਕ ਵਿਕਾਸ ਨੂੰ ਬੰਨ੍ਹ ਮਾਰਿਆ ਹੋਇਆ ਹੈ। ਇਸ ਨੂੰ ਜ਼ਬਤ ਕੀਤੇ ਬਿਨਾਂ ਇਹ ਬੰਨ੍ਹ ਟੁੱਟਣਾ ਸੰਭਵ ਨਹੀਂ। ਜਿਹੜੀਆਂ ਨੌਕਰੀਆਂ ਆ ਵੀ ਰਹੀਆਂ ਹਨ, ਉਹ ਠੇਕੇ ‘ਤੇ ਅਤੇ ਅਸਥਾਈ ਹਨ। 40,000 ਦੇ ਗਰੇਡ ਵਾਲੀਆਂ ਪੋਸਟਾਂ ‘ਤੇ 5-7 ਹਜ਼ਾਰ ਤਨਖਾਹ ਦਿੱਤੀ ਜਾ ਰਹੀ ਹੈ। ਹਾਕਮ ਰੁਜ਼ਗਾਰ ਦੇਣ ਦੀ ਥਾਂ ਚਾਹ-ਪਕੌੜੇ ਵੇਚਣ ਦੀ ਸਲਾਹ ਦੇ ਰਹੇ ਹਨ। ਜਵਾਨੀ ਨੂੰ ਭਵਿੱਖ ਵਿਚ ਘੁੱਪ ਹਨੇਰੇ ਤੋਂ ਬਿਨਾਂ ਕੁਝ ਨਹੀਂ ਦਿਸਦਾ। ਉਹ ਜਾ ਤਾਂ ਜਾਇਜ਼/ਨਜਾਇਜ਼ ਤਰੀਕਿਆਂ ਨਾਲ ਵਿਦੇਸ਼ਾਂ ਨੂੰ ਭੱਜ ਰਹੇ ਹਨ ਤੇ ਜਾਂ ਗੁੰਮਰਾਹ ਹੋ ਕੇ ਗੈਂਗਸਟਰ ਬਣ ਰਹੇ ਹਨ।
ਇਸ ਵਰਤਾਰੇ ਨੂੰ ਉਤਸ਼ਾਹਿਤ ਕਰਨ ਵਿਚ ਫੈਲੇ ਸਭਿਆਚਾਰਕ ਪ੍ਰਦੂਸ਼ਣ ਦਾ ਵੀ ਵੱਡਾ ਰੋਲ ਹੈ। ਆਵਾਜ਼ ਦੇ ਨਾਲ ਨਾਲ ਦ੍ਰਿਸ਼ ਮੀਡੀਆ ਦੇ ਵੱਡੀ ਪੱਧਰ ‘ਤੇ ਰੁਝਾਨ ਨਾਲ ਇਸ ਦੀ ਪ੍ਰਭਾਵਕਾਰੀ ਸਮਰੱਥਾ ਕਿਤੇ ਵਧ ਗਈ ਹੈ। ਇਸ ਵਿਚ ਇਨ੍ਹਾਂ ਗਰੋਹ ਲੀਡਰਾਂ ਨੂੰ ਨਾਇਕ ਅਤੇ ਰੌਬਿਨਹੁੱਡ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ‘ਰੁਪਿੰਦਰ ਗਾਂਧੀ: ਦਿ ਗੈਂਗਸਟਰ’ ਵਰਗੀਆਂ ਫ਼ਿਲਮਾਂ ਬਣੀਆਂ ਹਨ। ਗੀਤਾਂ ਵਿਚ ਹਥਿਆਰਾਂ, ਗੈਂਗਵਾਦ, ਧੌਂਸ, ਜੱਟਵਾਦ ਅਤੇ ਆਪਸੀ ਲੜਾਈਆਂ ਦੀ ਬੇਸਿਰ-ਪੈਰ ਦੀ ਹਿੰਸਾ ਨੂੰ ਵਡਿਆਇਆ ਜਾਂਦਾ ਹੈ। ਇਹ ਜਵਾਨੀ ਦੇ ਅੱਲੜ ਮਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਸ ਵਰਤਾਰੇ ਦਾ ਇੱਕ ਹੋਰ ਪਹਿਲੂ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਵਰਤਾਰਾ ਵੀ ਇਸੇ ਨਾਲ ਜੁੜਿਆ ਹੈ। ਇਹ ਇੱਕੋ ਸਿੱਕੇ ਦੇ ਦੋ ਪਾਸੇ ਹਨ। ਗੈਂਗਵਾਦ ਦਾ ਵਰਤਾਰਾ ਸਿਰਫ ਅਮਨ-ਕਾਨੂੰਨ ਦਾ ਮਾਮਲਾ ਨਹੀਂ, ਬਲਕਿ ਇਸ ਦੀਆਂ ਕਈ ਪਰਤਾਂ ਹਨ। ਗੈਂਗਵਾਦ, ਨਸ਼ੇ ਇਹ ਵਰਤਾਰੇ ਇਸ ਸਮਾਜਿਕ-ਆਰਥਿਕ-ਰਾਜਨੀਤਿਕ ਪ੍ਰਬੰਧ ਦੀ ਦੇਣ ਹਨ। ਇਨ੍ਹਾਂ ਦਾ ਅਸਲੀ ਹੱਲ ਇਸ ਪ੍ਰਬੰਧ ਨੂੰ ਮੁੱਢੋਂ-ਸੁੱਢੋਂ ਬਦਲਣਾ ਹੈ।