ਜਪੁਜੀ ਸਾਹਿਬ ਦਾ ਵਿਗਿਆਨਕ ਸੱਚ

ਸੰਪਾਦਕ ਜੀਓ,
ਮੈਂ ਤੁਹਾਡੇ ਪਰਚੇ Ḕਪੰਜਾਬ ਟਾਈਮਜ਼Ḕ ਦਾ ਪੱਕਾ ਪਾਠਕ ਹਾਂ ਤੇ ਸਾਲਾਂ ਤੋਂ ਇਸ ਨੂੰ ਦਿਲਚਸਪੀ ਨਾਲ ਪੜ੍ਹਦਾ ਆ ਰਿਹਾ ਹਾਂ। ਮੈਂ ਆਪਣੀ ਸੋਝੀ ਅਨੁਸਾਰ ਤੁਹਾਡੇ ਤੇ ਤੁਹਾਡੇ ਪਰਚੇ ਦੇ ਸਦਕੇ ਜਾਂਦਾ ਹਾਂ। ਜੋ ਨਰੋਈ ਸਾਹਿਤਕ ਸਮਗਰੀ Ḕਪੰਜਾਬ ਟਾਈਮਜ਼Ḕ ‘ਚ ਪੜ੍ਹਨ ਨੂੰ ਮਿਲਦੀ ਹੈ, ਉਹ ਅਮਰੀਕਾ ‘ਚ ਛਪਦੇ ਹੋਰ ਕਿਸੇ ਪੰਜਾਬੀ ਅਖਬਾਰ ਵਿਚ ਨਹੀਂ ਮਿਲਦੀ।

ਇਸ ਪਰਚੇ ਵਿਚ ਕੁਝ ਹਫਤਿਆਂ ਤੋਂ ਛਪਦਾ ਆ ਰਿਹਾ ਡਾæ ਗੋਬਿੰਦਰ ਸਿੰਘ ਸਮਰਾਓ ਦਾ ਲੜੀਵਾਰ ਲੇਖ Ḕਜਪੁਜੀ ਦਾ ਰੱਬḔ ਅੱਖਾਂ ਖੋਲ੍ਹਣ ਵਾਲਾ ਹੈ। ਜਪੁਜੀ ਸਾਹਿਬ ਅਸੀਂ ਪੜ੍ਹਦੇ ਤਾਂ ਹਰ ਰੋਜ਼ ਹਾਂ ਪਰ ਇੰਨੇ ਵੇਰਵੇ ਨਾਲ ਡੂੰਘਾਈ ਵਿਚ ਜਾ ਕੇ ਕਦੇ ਨਹੀਂ ਵੇਖਦੇ। ਬੋਲ ਚਾਲ ਵਿਚ ਤਾਂ ਹਰੇਕ ਸਿੱਖ ਗੁਰਬਾਣੀ ਨੂੰ ਸਾਇੰਟਿਫਿਕ ਕਹਿੰਦਾ ਹੈ ਪਰ ਇਨ੍ਹਾਂ ਲੇਖਾਂ ਤੋਂ ਪਹਿਲੀ ਵਾਰ ਭਾਸ ਰਿਹਾ ਹੈ ਕਿ ਇਸ ਦੀ ਤਾਂ ਬੁਨਿਆਦ ਹੀ ਸਾਇੰਸ ‘ਤੇ ਟਿਕੀ ਹੋਈ ਹੈ। ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਗੁਰੂ ਜੀ ਸੱਚ ਦੇ ਜਗਿਆਸੂ ਸਨ। ਝੂਠ ਨੂੰ ਤਾਂ ਉਨ੍ਹਾਂ ਨੇ ਹਰ ਥਾਂ ਨਕਾਰਿਆ ਹੈ, ਪਰ ਸੱਚ ਜਾਣਨ ਲਈ ਉਨ੍ਹਾਂ ਨੇ ਵਿਗਿਆਨਕ ਵਿਧੀ ਵਰਤਣ ‘ਤੇ ਜ਼ੋਰ ਦਿੱਤਾ, ਇਹ ਇਨ੍ਹਾਂ ਲੇਖਾਂ ਤੋਂ ਪਤਾ ਚਲਦਾ ਹੈ। ਗੁਰੂ ਸਾਹਿਬ ਨੇ ਸਮੇਂ ਦੀਆਂ ਕੁਰੀਤੀਆਂ ਤੇ ਪਖੰਡਾਂ ਦਾ ਖੰਡਨ ਵੀ ਇਸੇ ਗੱਲ ਕਰਕੇ ਕੀਤਾ। ਸਭ ਸਿੱਖਾਂ ਲਈ ਇਹ ਮਾਣ ਦੀ ਗੱਲ ਹੈ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹੱਕ ਸੱਚ ਤੇ ਵਿਗਿਆਨ ਦੀ ਗੁੜ੍ਹਤੀ ਦਿੱਤੀ ਹੈ। ਇਸ ਤੋਂ ਵੀ ਵੱਡੇ ਮਾਣ ਦੀ ਗੱਲ ਹੈ ਕਿ ਬਾਣੀ ਵਿਗਿਆਨ ਦੇ ਅੰਗ-ਸੰਗ ਹੈ ਤੇ ਵਿਗਿਆਨ ਬਾਣੀ ਦਾ ਪੱਲਾ ਫੜ੍ਹੀ ਆ ਰਿਹਾ ਹੈ। ਇਸ ਵਿਗਿਆਨਕਤਾ ਕਾਰਨ ਹੀ ਇਸ ਨੂੰ ਅਮਰ ਬਾਣੀ ਕਹਿੰਦੇ ਹਨ। ਇਸ ਦੀ ਆਭਾ ਰਹਿੰਦੀ ਦੁਨੀਆਂ ਤੀਕ ਇਵੇਂ ਹੀ ਚਮਕਦੀ ਰਹੇਗੀ। ਡਾæ ਸਮਰਾਓ ਦੀ ਵਿਆਖਿਆ ਨੇ Ḕੴ ਸਤਿ ਨਾਮḔ ਨੂੰ ਸੰਸਾਰ ਪੱਧਰੀ ਅਰਥ ਦਿੱਤੇ ਹਨ ਜੋ ਸਿੱਖੀ ਨੂੰ ਦੁਨੀਆਂ ਭਰ ਵਿਚ ਇਕ ਨਵੀਂ ਤੇ ਸਿਖਰਲੀ ਪਛਾਣ ਦੇ ਸਕਦੇ ਹਨ।
ਪਰ ਧੰਨ ਹਨ, ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਜਪੁਜੀ ਸਾਹਿਬ ਦਾ ਇਹ ਰਾਜ਼ ਸਮਝ ਕੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੀ ਥਾਂ ਬਖਸ਼ੀ। ਇਸੇ ਮਹਾਨਤਾ ਨੂੰ ਮੁੱਖ ਰੱਖ ਜਿਨ੍ਹਾਂ ਨੇ Ḕਸਿੱਖਾਂ ਦਾ ਮਨ ਨੀਵਾਂ ਮੱਤ ਉਚੀḔ ਵਾਲੀ ਗੱਲ ਆਖੀ, ਉਹ ਵੀ ਧੰਨ ਹਨ।
ਆਸ ਰੱਖਦਾ ਹਾਂ ਇਹ ਲੇਖ ਲੜੀ ਹੋਰ ਨਵੇਂ ਵਿਚਾਰ ਲੈ ਕੈ ਸਾਹਮਣੇ ਆਵੇਗੀ ਜੋ ਸਿੱਖੀ ਸ਼ਾਖ ਲਈ ਮਾਣ ਮੱਤੇ ਹੋਣਗੇ। ਧੰਨਵਾਦ।
-ਜਗੀਰ ਸਿੰਘ ਢੇਸੀ, ਫਰਿਜ਼ਨੋ