ਪ੍ਰਿੰæ ਸਰਵਣ ਸਿੰਘ
ਕਦੇ ਮੈਂ ਲਿਖਿਆ ਸੀ, “ਜੀਹਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ, ਉਹ ਕਿਲਾ ਰਾਏਪੁਰ ਦਾ ਖੇਡ ਮੇਲਾ ਵੇਖ ਲਵੇ। ਉਹ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦਾ, ਜਿਥੇ ਖੇਡਦੇ-ਮੱਲ੍ਹਦੇ ਤੇ ਨੱਚਦੇ-ਟੱਪਦੇ ਪੰਜਾਬ ਦੇ ਦਰਸ਼ਨ ਦੀਦਾਰ ਹੁੰਦੇ ਹਨ। ਉਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ, ਗਤਕੇ ਤਕ ਸਭ ਕੁਝ ਹੁੰਦਾ ਹੈ। ਗੱਭਰੂਆਂ ਦੇ ਡੌਲੇ, ਮੁਟਿਆਰਾਂ ਦੀਆਂ ਪੰਜੇਬਾਂ ਤੇ ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ। ਉਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਨਜ਼ਰੀਂ ਪੈਂਦਾ ਹੈ।
ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜ਼ਾਬਾਜ਼ੀ, ਕਿਧਰੇ ਬਾਜ਼ੀਗਰਾਂ ਦੇ ਕਰਤੱਬ ਤੇ ਕੁੜੀਆਂ-ਮੁੰਡਿਆਂ ਦੀ ਹਾਕੀ। ਵਿਚੇ ਭੰਗੜੇ ਪਈ ਜਾਂਦੇ ਹਨ ਤੇ ਵਿਚੇ ਊਠਾਂ-ਘੋੜੀਆਂ ਦੀ ਦੌੜ ਹੋਈ ਜਾਂਦੀ ਹੈ। ਕੋਈ ਜੁਆਨ ਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਬਾਬਾ ਮੂੰਗਲੀਆਂ ਫੇਰੀ ਜਾਂਦਾ ਹੈ। ਉਥੇ ਤੇਜ਼ ਤਰਾਰ ਤੇ ਲੰਮੀਆਂ ਦੌੜਾਂ ਲਾਉਣ ਵਾਲੇ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਆਏ ਸਾਲ ਰਿਕਾਰਡ ਟੁੱਟਦੇ ਤੇ ਨਵੇਂ ਰਿਕਾਰਡ ਰੱਖੇ ਜਾਂਦੇ ਹਨ। ਵਿਚੇ ਸਾਈਕਲ ਸਵਾਰ ਘੁਕਾਟ ਪਾਈ ਜਾਂਦੇ ਹਨ, ਖੱਚਰ ਰੇਹੜੇ ਦੌੜਦੇ ਹਨ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ। ਕਿਧਰੇ ਊਠ ‘ਤੇ ਖੜ੍ਹਾ ਸਵਾਰ ਪਾਣੀ ਦਾ ਛੰਨਾ ਹਥੇਲੀ ਉਤੇ ਟਿਕਾਈ ਜਾਂਦਾ ਹੈ ਤੇ ਕਿਧਰੇ ਕੋਈ ਨਿਹੰਗ ਦੋ ਘੋੜਿਆਂ ਉਤੇ ਖੜ੍ਹਾ ਘੋੜਿਆਂ ਦੀ ਜੋੜੀ ਨੂੰ ਬਰਾਬਰ ਉਡਾਈ ਜਾਂਦਾ ਦਿਸਦਾ ਹੈ। ਰਵਾਇਤੀ ਪੇਂਡੂ ਖੇਡਾਂ ਦਾ ਮਘਦਾ ਜਲੌਅ ਹੁੰਦਾ ਹੈ। ਕਿਸੇ ਕੋਨੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾਕਸ਼ੀ ਕਰਦੇ ਹੌਂਕ ਰਹੇ ਹੁੰਦੇ ਹਨ। ਨਾਲ ਦੀ ਨਾਲ ਕੁਮੈਂਟਰੀ ਗੂੰਜਦੀ ਹੈ:
-ਲੈ ਬਈ ਮੁੰਡਿਆ, ਲਾ ਛਾਲ ਕਿ ਤੈਨੂੰ ਵੀ ਕੋਈ ਢੋਲ-ਢੂਲ ਆਲਾ ਚਾਹੀਦੈ?
-ਬੀਂਡੀ ਜੁੜਿਆ ਬਾਬਾ ਗੱਡੀ ਖੜ੍ਹਾ ਪੈਰ। ਲੈ ਇਹ ਨ੍ਹੀਂ ਹਿੱਲਦਾ ਹੁਣ।
-ਅਹੁ ਡਿੱਗ-ਪੀ ਝੰਡੀ। ਆਉਂਦੇ ਆ ਵਹਿੜੇ ‘ਵਾ ਨੂੰ ਗੰਢਾਂ ਦਿੰਦੇ। ਪਰ੍ਹੇ-ਪਰ੍ਹੇ ਹੋ ਜੋ, ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋ ਜੇ। ਗੱਡੀਆਂ ਵਾਲਿਆਂ ਦੇ ਬਰੇਕ ਨ੍ਹੀਂ ਹੁੰਦੇ।
ਉਥੇ ਝੰਡੇ ਝੂਲਦੇ, ਬੈਂਡ ਵੱਜਦੇ ਤੇ ਗਾਇਕ ਪਾਰਟੀਆਂ ਦਾ ਗੀਤ-ਸੰਗੀਤ ਹੁੰਦਾ ਹੈ। ਜਿਮਨਾਸਟ ਕਲਾਬਾਜ਼ੀਆਂ ਵਿਖਾਉਂਦੇ ਹਨ ਤੇ ਪੈਰਾਸ਼ੂਟਰ ਅਸਮਾਨ ‘ਚ ਉਡਦੇ ਹਨ। ਆਏ ਸਾਲ ਰੰਗਾਂ ਦੀ ਅਜਿਹੀ ਲੀਲ੍ਹਾ ਰਚੀ ਜਾਂਦੀ ਹੈ, ਜਿਹਦਾ ਨਜ਼ਾਰਾ ਫੇਰ ਸਾਲ ਭਰ ਨਹੀਂ ਭੁੱਲਦਾ। ਕਿਲਾ ਰਾਏਪੁਰ ਦੀਆਂ ਖੇਡਾਂ ਦਾ ਮੇਲਾ ਦੇਸ਼ ਤੋਂ ਬਾਹਰ ਪਰਦੇਸਾਂ ਵਿਚ ਵੀ ਮਸ਼ਹੂਰ ਹੋ ਗਿਆ ਹੈ ਤੇ ਮੀਡੀਏ ਨੇ ਇਸ ਨੂੰ ਪੇਂਡੂ ਓਲੰਪਿਕਸ ਦਾ ਨਾਂ ਦੇ ਦਿੱਤਾ ਹੈ।”
‘ਕਿਲਾ ਰਾਏਪੁਰ ਦੀਆਂ ਖੇਡਾਂ’ ਵਾਲਾ ਇਹ ਲੇਖ ਸਕੂਲਾਂ ਦੀਆਂ ਪਾਠ ਪੁਸਤਕਾਂ ‘ਚ ਪੜ੍ਹਾਇਆ ਜਾਂਦਾ ਰਿਹਾ।
ਮੈਂ ਇਹ ਖੇਡ ਮੇਲਾ ਬਚਪਨ ਤੋਂ ਬੁਢਾਪੇ ਤਕ ਅਨੇਕਾਂ ਵਾਰ ਵੇਖਿਆ ਹੈ। ਇਹ 1934 ਵਿਚ ਸ਼ੁਰੂ ਹੋਇਆ ਸੀ ਜੋ 2018 ਵਿਚ 82ਵੀਂ ਵਾਰ ਮਨਾਇਆ ਗਿਆ। ਮੈਂ 2-3 ਫਰਵਰੀ ਨੂੰ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ਦਿੱਲੀ ਜਾਣਾ ਸੀ, ਇਸ ਕਰਕੇ ਇਸ ਵਾਰ ਮੇਰਾ ਇਹ ਮੇਲਾ ਵੇਖਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਪਰ ਦਿੱਲੀ ਵਿਖੇ ਬੀæ ਬੀæ ਸੀæ ਦੇ ਪੰਜਾਬੀ ਟੀæ ਵੀæ ਚੈਨਲ ਵਾਲਾ ਦਲਜੀਤ ਅਮੀ ਮਿਲਿਆ ਜੋ ਜ਼ੋਰ ਦੇਣ ਲੱਗਾ, ਪਈ ਜੇ 4 ਫਰਵਰੀ ਨੂੰ ਕਿਲਾ ਰਾਏਪੁਰ ਪਹੁੰਚ ਸਕੋ ਤਾਂ ਬਹੁਤ ਵਧੀਆ ਰਹੇਗਾ ਕਿਉਂਕਿ ਖੇਡਾਂ ਬਾਰੇ ਬੀæ ਬੀæ ਸੀæ ਨੂੰ ਤੁਹਾਡਾ ਲਾਈਵ ਤਬਸਰਾ ਚਾਹੀਦੈ। ਉਦਣ ਖੇਡਾਂ ਦਾ ਆਖਰੀ ਦਿਨ ਸੀ। ਮੈਂ ਹਾਂ ਕਰ ਦਿੱਤੀ।
ਬੀæ ਬੀæ ਸੀæ ਦੀ ਟੀਮ ਕਿਲਾ ਰਾਏਪੁਰ ਦੇ ਸਟੇਡੀਅਮ ਵਿਚ ਪੁੱਜੀ ਤਾਂ ਮੈਨੂੰ ਪਹਿਲਾਂ ਨਾਲੋਂ ਬੜੇ ਘੱਟ ਦਰਸ਼ਕ ਵੇਖ ਕੇ ਮਾਯੂਸੀ ਹੋਈ। ਖੇਡ ਮੁਕਾਬਲੇ ਵੀ ਕੋਈ ਖਾਸ ਨਹੀਂ ਸਨ ਹੋ ਰਹੇ। ਪਿੰਡ ਪੱਧਰ ਦੇ ਕਬੱਡੀ ਮੈਚਾਂ ਲਈ ਵੀ ਵਾਰ ਵਾਰ ਆਵਾਜ਼ਾਂ ਮਾਰੀਆਂ ਜਾ ਰਹੀਆਂ ਸਨ ਪਰ ਖਿਡਾਰੀ ਨਹੀਂ ਸਨ ਨਿਕਲ ਰਹੇ। ਟਰੈਕ ਵਿਚ ਵੀ ਪਹਿਲਾਂ ਵਰਗੀ ਸਰਗਰਮੀ ਨਹੀਂ ਸੀ। ਹਾਕੀ ਦਾ ਮੈਚ ਵੀ ਸਾਧਾਰਨ ਸੀ। ਓਲੰਪਿਕ ਪੈਟਰਨ ਦੀ ਕੋਈ ਹੋਰ ਖੇਡ ਨਹੀਂ ਸੀ ਹੋ ਰਹੀ। ਪੰਜਾਬ ਦੀਆਂ ਰਵਾਇਤੀ ਖੇਡਾਂ ‘ਚੋਂ ਵੀ ਕੋਈ ਖੇਡ ਨਹੀਂ ਸੀ ਚੱਲ ਰਹੀ। ਖੇਡਾਂ ਬੁਝੀਆਂ-ਬੁਝੀਆਂ ਲੱਗੀਆਂ। ਮੈਨੂੰ ਲੱਗਾ ਕਿਤੇ ਮੇਰੀ ਨਿਗ੍ਹਾ ਵਿਚ ਹੀ ਤਾਂ ਫਰਕ ਨਹੀਂ ਪੈ ਗਿਆ?
ਮੁਛ ਕੇ ਧਿਆਨ ਨਾਲ ਨਿਗ੍ਹਾ ਮਾਰੀ ਤਾਂ ਕੁਝ ਖੇਡ ਤਮਾਸ਼ੇ ਹੋ ਰਹੇ ਸਨ। ਉਨ੍ਹਾਂ ਨੂੰ ਸਟੰਟ ਖੇਡਾਂ ਕਹਿ ਲਓ ਜਾਂ ਸਰਕਸੀ ਕਰਤਬ। ਕੋਈ ਹੱਥ ਛੱਡੀ ਮੋਟਰ ਸਾਈਕਲ ‘ਤੇ ਖੜ੍ਹਾ ਸੀ, ਕੋਈ ਇੱਟ ਉਤੇ ਬੋਤਲ ਟਿਕਾ ਕੇ ਉਹਦੇ ਉਤੇ! ਕੋਈ ਗੋਡਣੀਏਂ ਹੋਇਆ ਬੈਠਾ ਸੀ, ਕੋਈ ਸਿਰ ਪਰਨੇ। ਕੋਈ ਦੰਦਾਂ ‘ਚ ਹਲ ਚੁੱਕੀ ਖੜ੍ਹਾ ਸੀ ਤੇ ਕੋਈ ਰੱਸੀ ਨਾਲ ਪੰਦਰਾਂ ਵੀਹ ਇੱਟਾਂ ਬੰਨ੍ਹ ਕੇ ਰੱਸੀ ਦੰਦਾਂ ‘ਚ ਫੜ੍ਹੀ ਖੜ੍ਹਾ ਸੀ। ਕੋਈ ਛਾਤੀ ‘ਤੇ ਫੱਟਾ ਰੱਖ ਕੇ ਉਤੋਂ ਦੀ ਮੋਟਰ ਸਾਈਕਲ ਲੰਘਵਾ ਰਿਹਾ ਸੀ ਤੇ ਕੋਈ ਕੰਨਾਂ ਨਾਲ ਮੋਟਰ ਸਾਈਕਲ ਖਿੱਚ ਰਿਹਾ ਸੀ। ਕੋਈ ਮੁੱਛਾਂ ‘ਤੇ ਨਿੰਬੂ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੋਈ ਕੁੱਕੜ ਲਈ ਫਿਰਦਾ ਸੀ, ਕੋਈ ਬਟੇਰਾ। ਹਾਥੀਆਂ ਤੇ ਬੋਤਿਆਂ ਉਤੇ ਰੰਗੀਨ ਝੁੱਲ ਦਿੱਤੇ ਹੋਏ ਸਨ। ਇਕ ਅਮਲੀ ਜਿਹਾ ਬੰਦਾ ਘੰਡੀ ਨਾਲ ਸਰੀਆ ਦੂਹਰਾ ਕਰ ਰਿਹਾ ਸੀ। ਇਕ ਪਾਸੇ ਟਰੈਕਟਰਾਂ ਨਾਲ ਤਵੀਆਂ ਦੀ ਵਾਹੀ ਦੇ ਮੁਕਾਬਲੇ ਹੋ ਰਹੇ ਸਨ। ਦੋ ਟਰਾਲੀਆਂ ਬੋਰੀਆਂ ਨਾਲ ਲੱਦੀਆਂ ਖੜ੍ਹੀਆਂ ਸਨ। ਭੁਕਾਨਿਆਂ ਵਾਲੇ ਵੱਖ ਤੁਰੇ ਫਿਰਦੇ ਸਨ, ਪਤੰਗਾਂ ਵਾਲੇ ਵੱਖ। ਕੋਈ ਟੱਲੀਆਂ ਲਈ ਫਿਰਦਾ ਸੀ, ਕੋਈ ਛੈਣੇ। ਖਿਡਾਰੀਆਂ ਦੀ ਥਾਂ ਮੀਡੀਏ ਦੀਆਂ ਟੋਲੀਆਂ ਖੇਡ ਮੈਦਾਨ ਮੱਲੀ ਖੜ੍ਹੀਆਂ ਸਨ। ਇਕ ਮੋਟਰ ਸਾਈਕਲ ਵਾਲਾ ਮੋੜ ਕੱਟਦਾ ਡਿੱਗ ਪਿਆ ਪਰ ਉਠ ਖੜ੍ਹਾ ਹੋਇਆ। ਇਕ ਅੱਖਾਂ ਬੰਨ੍ਹੀ ਨਿਸ਼ਾਨਾ ਲਾ ਰਿਹਾ ਸੀ। ਕੈਸੀਆਂ ਸਨ ਇਹ ‘ਕਿਲਾ ਰਾਏਪੁਰ ਦੀਆਂ ਖੇਡਾਂ?’ ਬੀæ ਬੀæ ਸੀæ ਲਈ ਕੀ ਤਬਸਰਾ ਕਰਦਾ ਮੈਂ?
ਨਾ ਉਥੇ ਭਗਵੰਤ ਮੈਮੋਰੀਅਲ ਗੋਲਡ ਕੱਪ ਦਿਸਿਆ ਜੋ ਸੌ ਤੋਲੇ ਸ਼ੁਧ ਸੋਨੇ ਦਾ ਬਣਿਆ ਹੋਇਐ ਤੇ ਨਾ 1934 ਵਾਲਾ ਜਿਸਤੀ ਕੱਪ। ਪੁੱਛਿਆ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਕੱਪ ਬੈਂਕ ਦੇ ਲਾਕਰ ਵਿਚ ਹਨ। ਕੌਣ ਲਿਆਵੇ ਤੇ ਮੁੜ ਪੁਚਾਵੇ? ਮੈਂ ਸੋਚਿਆ ਸੀ, ਬੀæ ਬੀæ ਸੀæ ਦੇ ਦਰਸ਼ਕਾਂ ਨੂੰ ਉਨ੍ਹਾਂ ਕੱਪਾਂ ਦੇ ਦਰਸ਼ਨ ਕਰਵਾ ਕੇ ਉਨ੍ਹਾਂ ਦੀ ਅਹਿਮੀਅਤ ਦੱਸਾਂਗੇ। ਬੈਲ ਗੱਡੀਆਂ ਦੀਆਂ ਦੌੜਾਂ, ਘੋੜ ਦੌੜਾਂ, ਨਿਹੰਗਾਂ ਦੀ ਨੇਜ਼ਾਬਾਜ਼ੀ, ਸੁਹਾਗਾ ਦੌੜਾਂ ਤੇ ਖੱਚਰ ਰੇੜ੍ਹਾ ਦੌੜਾਂ-ਕੁਝ ਵੀ ਨਹੀਂ ਸੀ ਉਥੇ। ਓਲੰਪਿਕ ਖੇਡਾਂ ਵਿਚਲੀਆਂ ਖੇਡਾਂ ਦੇ ਮੁਕਾਬਲੇ ਨਾਮਾਤਰ ਸਨ। ਬੱਸ ਭੂੰਡ ਪਟਾਕੇ ਸਨ, ਕੁੱਤੇ-ਬਿੱਲੇ ਅਤੇ ਹਾਥੀ ਤੇ ਬੋਤੇ ਖੜ੍ਹੇ ਝੂਲ ਰਹੇ ਸਨ। ਨਾ ਪਹਿਲਾਂ ਜਿਹੀਆਂ ਕਬੱਡੀਆਂ ਸਨ, ਨਾ ਰਿਕਾਰਡ ਤੋੜਵੇਂ ਅਥਲੈਟਿਕ ਈਵੈਂਟ। ਅਸਲੀ ਖੇਡ ਪ੍ਰੇਮੀ ਗੈਰ ਹਾਜ਼ਰ ਸਨ, ਤਮਾਸ਼ਬੀਨ ਜ਼ਰੂਰ ਹਾਜ਼ਰ ਸਨ। ਕਿੰਨੀਆਂ ਬਦਲ ਗਈਆਂ ਸਨ, ਕਿਲਾ ਰਾਏਪੁਰ ਦੀਆਂ ‘ਖੇਡਾਂ’!
ਪ੍ਰਬੰਧਕ ਵੀਰ ਬੁਰਾ ਨਾ ਮਨਾਉਣ। ਵੀਰ ਮੇਰਿਓ, ਰਤਾ ਅੰਦਰ ਝਾਤ ਮਾਰ ਕੇ ਵੇਖੋ। ਜਿੰਨਾ ਵੱਡਾ ‘ਕਿਲਾ ਰਾਏਪੁਰ ਦੀਆਂ ਖੇਡਾਂ’ ਦਾ ਨਾਂ ਹੈ, ਕੀ 84 ਸਾਲਾਂ ਵਿਚ ਆਪਣੇ ਇਲਾਕੇ ਵਿਚੋਂ ਉਨੇ ਵੱਡੇ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ? ਕਿੰਨੇ ਬਣਾਏ ਹਨ, ਨੈਸ਼ਨਲ ਜਾਂ ਇੰਟਰਨੈਸ਼ਨਲ ਚੈਂਪੀਅਨ? ਸਟੰਟ/ਤਮਾਸ਼ੇ ਖੇਡਾਂ ਨਹੀਂ ਕਹੇ ਜਾਂਦੇ। ਕਿਤੇ ਤੁਸੀਂ ਆਪਣੇ ਬਜ਼ੁਰਗਾਂ ਦੀਆਂ ਮਾਰੀਆਂ ਮੱਲਾਂ ਦੀ ਹੀ ਖੱਟੀ ਤਾਂ ਨਹੀਂ ਖਾਈ ਜਾ ਰਹੇ?
ਯਾਦ ਕਰੋ, 1943 ਵਿਚ ਕਲਕੱਤੇ ਦਾ ਟਰਾਂਸਪੋਰਟਰ ਦਲੀਪ ਸਿੰਘ ਗਰੇਵਾਲ ਮੇਲੇ ‘ਚ ਸ਼ਾਮਲ ਹੋਇਆ ਸੀ। ਉਸ ਕੋਲ ਮਾਇਆ ਦੀ ਸੋਟ ਕਰਨ ਵਾਲਾ ਦਿਲ ਵੀ ਸੀ। ਉਹ ਮੇਲੇ ਵਿਚ ਖਿਡਾਰੀਆਂ ਉਤੋਂ ਦੀ ਰੁਪਈਆਂ ਦਾ ਮੀਂਹ ਵਰ੍ਹਾਉਣ ਲੱਗਾ। ਉਨ੍ਹੀਂ ਦਿਨੀਂ ਜਦੋਂ ਕਈ ਪੇਂਡੂਆਂ ਨੇ ਸੌ ਦਾ ਨੋਟ ਵੇਖਿਆ ਵੀ ਨਹੀਂ ਸੀ, ਉਹ ਕਬੱਡੀ ਦੇ ਇਕ-ਇਕ ਪੁਆਇੰਟ ਉਤੇ ਸੌ-ਸੌ ਦੇ ਨੋਟ ਇਨਾਮ ਦੇਣ ਲੱਗਾ। ਸੌ ਦਾ ਪਹਿਲਾ ਨੋਟ ਕਬੱਡੀ ਦੇ ਮਸ਼ਹੂਰ ਖਿਡਾਰੀ ਬਿੱਲੂ ਰਾਜੇਆਣੀਏਂ ਨੂੰ ਮਿਲਿਆ ਜਦੋਂ ਉਸ ਨੇ ਇਕ ਕਹਿੰਦੇ ਕਹਾਉਂਦੇ ਧਾਵੀ ਨੂੰ ਗੁੱਟੋਂ ਫੜ੍ਹ ਕੇ ਹੀ ਡੱਕ ਲਿਆ। ਮੇਲੇ ਤੋਂ ਮੁੜਦੇ ਖਿਡਾਰੀ ਕਹਿੰਦੇ ਜਾਂਦੇ ਸਨ, “ਕਿਲਾ ਰਾਏਪੁਰ ਦੀਆਂ ਖੇਡਾਂ ਨੇ ਸਾਡਾ ਪੂਰਾ ਮੁੱਲ ਪਾਇਆ।”
ਮੰਦੇ ਦੇ ਉਨ੍ਹਾਂ ਦਿਨਾਂ ਵਿਚ ਕਈ ਖਿਡਾਰੀਆਂ ਨੇ ਉਥੋਂ ਹਜ਼ਾਰ-ਹਜ਼ਾਰ ਦੇ ਇਨਾਮ ਹਾਸਲ ਕੀਤੇ। ਖੇਡ ਵਿਭਾਗ ਦੀ ਸਾਬਕਾ ਅਫਸਰ ਸ੍ਰੀਮਤੀ ਸੁਨੀਤਾ ਧੀਰ ਦੱਸਦੀ ਹੁੰਦੀ ਸੀ ਕਿ ਉਹ ਅਜੇ ਵਿਦਿਆਰਥਣ ਸੀ, ਜਦੋਂ ਕਿਲਾ ਰਾਏਪੁਰ ਦੌੜਨ ਗਈ ਤੇ ਅੱਠ ਸੌ ਰੁਪਏ ਦੇ ਇਨਾਮ ਲੈ ਕੇ ਪਰਤੀ। ਉਦੋਂ ਏਨੇ ਪੈਸਿਆਂ ਨਾਲ ਇਕ ਏਕੜ ਜਮੀਨ ਆ ਜਾਂਦੀ ਸੀ। ਕਬੱਡੀ ਦੀ ਕੁਮੈਂਟਰੀ ਕਿਲਾ ਰਾਏਪੁਰ ਦੀਆਂ ਖੇਡਾਂ ਵਿਚੋਂ ਜਨਮੀ ਸੀ। ਪੀæ ਟੀæ ਜੋਗਿੰਦਰ ਸਿੰਘ ਇਸ ਦਾ ਜਨਮਦਾਤਾ ਸੀ।
ਇਸ ਖੇਡ ਮੇਲੇ ਵਿਚ ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਆਲਮੀ ਪ੍ਰਸਿੱਧੀ ਵਾਲੇ ਖਿਡਾਰੀ ਖੇਡ ਦੇ ਜੌਹਰ ਵਿਖਾਉਂਦੇ ਰਹੇ। ਦੇਸ਼ ਭਰ ‘ਚੋਂ ਚੋਟੀ ਦੇ ਅਥਲੀਟ ਇਸ ਦੇ ਟਰੈਕ ਵਿਚ ਦੌੜਦੇ ਰਹੇ। ਇਥੇ ਗੋਲੇ ਦਾ ਸੁਟਾਵਾ ਪ੍ਰਦੁੱਮਣ ਸਿੰਘ ਆਇਆ, ਡਿਸਕਸ ਵਾਲਾ ਬਲਕਾਰ ਸਿੰਘ ਵੀ ਤੇ ਹੈਮਰ ਸੁੱਟਣ ਵਾਲਾ ਪ੍ਰਵੀਨ ਕੁਮਾਰ ਵੀ। ਇਥੇ ਕੁਸ਼ਤੀਆਂ ਭਾਵੇਂ ਨਹੀਂ ਹੁੰਦੀਆਂ ਰਹੀਆਂ ਪਰ ਕਰਤਾਰ ਸਿੰਘ ਤੋਂ ਲੈ ਕੇ ਦਾਰਾ ਸਿੰਘ ਤਕ ਪਹਿਲਵਾਨ ਦਰਸ਼ਨ ਦਿੰਦੇ ਰਹੇ।
1953 ‘ਚ ਲਹਿੰਦੇ ਪੰਜਾਬ ਦੀ ਕਬੱਡੀ ਟੀਮ ਇਥੇ ਆਈ ਸੀ। ਉਦੋਂ ਬਿੱਲੂ, ਕਿਰਪਾਲ ਸਾਧ, ਮਾਲੜੀ ਤੇ ਤੋਖੀ ਹੋਰਾਂ ਦੀ ਚੜ੍ਹ ਮੱਚੀ ਸੀ। 70ਵਿਆਂ ‘ਚ ਇੰਗਲੈਂਡ ਦੀ ਕਬੱਡੀ ਟੀਮ ਵੀ ਇਥੇ ਢੁੱਕੀ। ਇਸ ਖੇਡ ਮੇਲੇ ਨੇ ਪੰਜਾਬ ਦੇ ਪਿੰਡਾਂ ਵਿਚ ਖੇਡ ਮੇਲਿਆਂ ਦੀ ਅਜਿਹੀ ਜਾਗ ਲਾਈ ਕਿ ਕੋਈ ਦਿਨ ਖਾਲੀ ਨਹੀਂ ਸੀ ਜਾਂਦਾ ਜਦੋਂ ਕਿਸੇ ਪਿੰਡ ਖੇਡਾਂ ਨਾ ਹੋ ਰਹੀਆਂ ਹੋਣ।
ਇਸ ਪੇਂਡੂ ਖੇਡ ਮੇਲੇ ਦੀ ਮਸ਼ਹੂਰੀ ਦਾ ਇਹ ਹਾਲ ਰਿਹਾ ਕਿ ਪੱਚੀ-ਤੀਹ ਵਰ੍ਹੇ ਪਹਿਲਾਂ ਹੀ ਇਸ ਦੀਆਂ ਫਿਲਮਾਂ ਜਰਮਨੀ ਤੇ ਇੰਗਲੈਂਡ ਜਾ ਪੁੱਜੀਆਂ ਸਨ। ਬੀæ ਬੀæ ਸੀæ ਨੇ ਆਪਣੇ ਪ੍ਰੋਗਰਾਮ ਵਿਚ ਇਸ ਦੀ ਫਿਲਮ ਵਿਖਾਈ ਸੀ। ਸੈਨ ਫਰਾਂਸਿਸਕੋ ਦੇ ਇਕ ਅੰਗਰੇਜ਼ੀ ਅਖਬਾਰ ਨੇ ਇਨ੍ਹਾਂ ਖੇਡਾਂ ਬਾਰੇ ਵਿਸ਼ੇਸ਼ ਲੇਖ ਛਾਪਿਆ ਸੀ। ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ ਤੇ ਐਮæ ਐਲ਼ ਕਪੂਰ ਵਰਗੇ ਮੰਨੇ ਦੰਨੇ ਪੱਤਰਕਾਰ ਮੈਦਾਨ ਵਿਚ ਲੰਮੇ ਪੈ ਕੇ ਖੇਡਾਂ ਵੇਖਦੇ ਸਨ ਤੇ ਆਪੋ ਆਪਣੇ ਅਖਬਾਰਾਂ ਵਿਚ ਖੇਡਾਂ ਦੀਆਂ ਗੱਲਾਂ ਮਸਾਲੇ ਲਾ ਕੇ ਪ੍ਰਕਾਸ਼ਿਤ ਕਰਦੇ ਸਨ। ਇਥੇ ਗੁਰਬਖਸ਼ ਸਿੰਘ ਪ੍ਰੀਤ ਲੜੀ ਵਰਗੇ ਲੇਖਕ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀ ਆਉਂਦੇ ਰਹੇ। ਗੁਰਬਖ਼ਸ਼ ਸਿੰਘ ਨੇ ਇਨ੍ਹਾਂ ਖੇਡਾਂ ਬਾਰੇ ਇਕ ਪ੍ਰਸ਼ੰਸਾਮਈ ਲੇਖ ਪ੍ਰੀਤ ਲੜੀ ਵਿਚ ਛਾਪਿਆ ਸੀ।
ਜਿਵੇਂ ਪੰਜਾਬੀ ਮੂਲ ਦੇ ਹਰਗੋਬਿੰਦ ਖੁਰਾਣੇ ਨੇ ਅਮਰੀਕਾ ਜਾ ਕੇ ਨੋਬਲ ਪੁਰਸਕਾਰ ਜਿੱਤਿਆ, ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ-1984 ‘ਚੋਂ ਸਾਈਕਲ ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ। ਅਲੈਕਸੀ ਦੀ ਮਾਂ ਜਰਮਨ ਮੂਲ ਦੀ ਹੈ ਤੇ ਪਿਤਾ ਪੰਜਾਬ ਦਾ ਸਰਦਾਰ। ਐਤਕੀਂ ਅਲੈਕਸੀ ਗਰੇਵਾਲ ਮੇਲੇ ‘ਚ ਪਧਾਰਿਆ ਤਾਂ ਉਹਦਾ ਐਵੇਂ ਨਾਂ ਦਾ ਹੀ ਮਾਣ ਸਨਮਾਨ ਕੀਤਾ ਗਿਆ। ਓਲੰਪਿਕ ਚੈਂਪੀਅਨ ਹੋਣਾ ਬੜੀ ਵੱਡੀ ਗੱਲ ਹੁੰਦੀ ਹੈ।
ਟੋਕੀਓ-1964 ਦੀਆਂ ਉਲੰਪਿਕ ਖੇਡਾਂ ਵਿਚ 110 ਮੀਟਰ ਹਰਡਲਜ਼ ਦੌੜ ‘ਚੋਂ 5ਵਾਂ ਸਥਾਨ ਹਾਸਲ ਕਰਨ ਵਾਲਾ ਗੁਰਬਚਨ ਸਿੰਘ ਰੰਧਾਵਾ ਵੀ ਮੇਲੇ ‘ਚ ਆਇਆ ਤੇ ਭਾਰਤੀ ਮੁੱਕੇਬਾਜ਼ੀ ਦਾ ਮੁੱਖ ਕੋਚ ਗੁਰਬਖਸ਼ ਸਿੰਘ ਸੰਧੂ ਵੀ। ਉਨ੍ਹਾਂ ਦਾ ਵੀ ਮਾਮੂਲੀ ਮਾਣ ਸਨਮਾਨ ਹੋਇਆ। ਪੰਜਾਬ ਦੇ ਤਿੰਨ ਮੰਤਰੀ ਮੇਲੇ ‘ਚ ਆਏ ਜਿਨ੍ਹਾਂ ਨੇ ਪੰਜਾਹ ਕੁ ਲੱਖ ਦੀਆਂ ਗਰਾਂਟਾਂ ਦਿੱਤੀਆਂ। ਕੀ ਕਿਲਾ ਰਾਏਪੁਰੀਏ ਪੇਂਡੂ ਖੇਡ ਮੇਲਿਆਂ ਦੀ ਮਾਂ ਕਹੀਆਂ ਜਾਂਦੀਆਂ ‘ਕਿਲਾ ਰਾਏਪੁਰ ਦੀਆਂ ਖੇਡਾਂ’ ਨੂੰ ਅਗਲੇ ਸਾਲ ਸੱਚੀ-ਮੁੱਚੀ ਦੀਆਂ ਅਸਲੀ ਖੇਡਾਂ ਬਣਾਉਣਗੇ ਜਾਂ ਨਿਰੇ ਖੇਡ-ਤਮਾਸ਼ੇ ਕਰਾ ਕੇ ਹੀ ਗਰਾਂਟਾਂ ਲਈ ਜਾਣਗੇ?