ਮੁਲਾਕਾਤੀ: ਰਿਆਜ਼ ਉਲ ਹੱਕ
ਅਨੁਵਾਦ: ਕੇਹਰ ਸ਼ਰੀਫ਼
ਸਵਾਲ: ਭਾਰਤ ਬਾਰੇ ਇਹ ਵਿਚਾਰ ਕਿਵੇਂ ਆਇਆ?
ਜਵਾਬ: ਦਸ ਸਾਲ ਹੋਏ ਖਿਆਲ ਆਇਆ ਕਿ ਭਾਰਤ ਦਾ ਲੋਕ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ। ਉਦੋਂ ਭਾਰਤੀ ਜਨਤਾ ਪਾਰਟੀ ਲੋਕ ਇਤਿਹਾਸ ਨੂੰ ਮਨਮਾਨੇ ਢੰਗ ਨਾਲ ਤੋੜ-ਮਰੋੜ ਰਹੀ ਸੀ। ਉਨ੍ਹਾਂ ਦਿਨਾਂ ਵਿਚ ਅਸੀਂ ਇਸ Ḕਤੇ ਕੰਮ ਸ਼ੁਰੂ ਕੀਤਾ। ਸਾਨੂੰ ਮੱਧ ਪ੍ਰਦੇਸ਼ ਪਾਠ ਪੁਸਤਕ ਨਿਗਮ ਨੇ ਗਰਾਂਟ ਦਿੱਤੀ ਸੀ। ਸ਼ੁਰੂ ਵਿਚ ਇਸ ਨੂੰ ਮੁੱਖ ਰੂਪ Ḕਚ ਵਿਦਿਆਰਥੀਆਂ ਦੇ ਪੜ੍ਹਨ ਵਾਸਤੇ ਤਿਆਰ ਕਰਨਾ ਸੀ। ਅਸੀਂ ਇਸ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ। ਇਸ ਵਿਚ ਅਸੀਂ ਉਨ੍ਹਾਂ ਚੀਜ਼ਾਂ ਨੂੰ ਵੀ ਰੱਖ ਰਹੇ ਹਾਂ ਜਿਨ੍ਹਾਂ ਨਾਲ ਅਸਹਿਮਤੀ ਹੈ। ਇਸ ਦਾ ਆਮ ਤੌਰ Ḕਤੇ ਖਿਆਲ ਰੱਖਿਆ ਹੀ ਜਾਂਦਾ ਹੈ ਕਿ ਸਮੁੱਚੀ ਤਸਵੀਰ ਉਭਰੇ।
ਸਵਾਲ: ਆਮ ਪਾਠਕ ਵਾਸਤੇ ਲੋਕ ਇਤਿਹਾਸ ਅਤੇ ਆਮ ਇਤਿਹਾਸ ਵਿਚ ਕੀ ਫਰਕ ਹੁੰਦਾ ਹੈ?
ਜਵਾਬ: ਲੋਕ ਇਤਿਹਾਸ ਵਿਚ ਅਸੀਂ ਸਾਰੇ ਹੀ ਪਹਿਲੂਆਂ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਭਾਰਤ ਵਿਚ ਰਾਜ ਕਾਫੀ ਮਹੱਤਵਪੂਰਨ ਹੁੰਦਾ ਸੀ। ਇਹ ਸਿਰਫ ਸ਼ਾਸਕ ਵਰਗ ਦਾ ਰੱਖਿਅਕ ਨਹੀਂ ਸੀ ਹੁੰਦਾ, ਸਗੋਂ ਇਸ ਦੀ ਵਿਚਾਰਧਾਰਾ ਦੀ ਵੀ ਰਾਖੀ ਕਰਦਾ ਸੀ। ਜਾਤ-ਪਾਤ ਇਹੀ ਵਿਚਾਰਧਾਰਾ ਹੈ। ਜਾਤ-ਪਾਤ ਇਸ ਕਰ ਕੇ ਹੀ ਤਾਂ ਚੱਲ ਰਹੀ ਹੈ ਕਿ ਪੀੜਤਾਂ ਨੇ ਦਬਾਉਣ ਵਾਲਿਆਂ ਦੀ ਵਿਚਾਰਧਾਰਾ ਨੂੰ ਅਪਣਾ ਲਿਆ, ਉਨ੍ਹਾਂ ਦੀਆਂ ਗੱਲਾਂ ਅਪਣਾ ਲਈਆਂ। ਇਸ ਤਰ੍ਹਾਂ ਵਿਚਾਰਧਾਰਾ ਵੀ ਮਹੱਤਵਪੂਰਨ ਹੁੰਦੀ ਹੈ। ਸਾਡੀਆਂ ਔਰਤਾਂ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ, ਪੁਰਾਣੇ ਸੱਭਿਆਚਾਰ ਵਿਚ ਬਹੁਤ ਸਾਰੀਆਂ ਖਰਾਬੀਆਂ ਵੀ ਸਨ। ਲੋਕ ਇਤਿਹਾਸ ਇਨ੍ਹਾਂ Ḕਤੇ ਵਿਸ਼ੇਸ਼ ਧਿਆਨ ਦੇਣ ਦੀ ਕੋਸ਼ਿਸ਼ ਹੈ। ਭਾਰਤ ਦਾ ਇਤਿਹਾਸ ਲਿਖਣਾ ਸੌਖਾ ਹੈ, ਬੱਸ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ। ਮੱਧਕਾਲੀ ਭਾਰਤ ਬਾਰੇ ਇਤਿਹਾਸਕ ਸ੍ਰੋਤ ਕਾਫੀ ਮਿਲਦੇ ਹਨ। ਪ੍ਰਾਚੀਨ ਭਾਰਤ ਸਬੰਧੀ ਕਾਫੀ ਸ਼ਿਲਾਲੇਖ ਹਨ। ਉਨ੍ਹਾਂ ਦੀ ਤਰਤੀਬ ਵੀ ਵਧੀਆ ਹੁੰਦੀ ਹੈ। ਇਤਿਹਾਸ ਦੇ ਮਾਮਲੇ ਵਿਚ ਭਾਰਤ ਕਾਫੀ ਸ਼ਕਤੀਸ਼ਾਲੀ ਰਿਹਾ ਹੈ, ਪਰ ਸ਼ਰਮਿੰਦਗੀ ਭਰੇ ਰਿਵਾਜ਼ ਵੀ ਬਥੇਰੇ ਰਹੇ ਹਨ, ਜਿਵੇਂ ਦਾਸ ਪ੍ਰਥਾ ਆਦਿ। ਇਸ ਲੜੀ ਅਧੀਨ ਇਨ੍ਹਾਂ ਸਾਰਿਆਂ Ḕਤੇ ਹੀ ਵਿਸਥਾਰ ਸਹਿਤ ਵਿਚਾਰ ਕੀਤਾ ਜਾ ਰਿਹਾ ਹੈ।
ਸਵਾਲ: ਭਾਰਤ ਦਾ ਲੋਕ ਇਤਿਹਾਸ ਕੀ ਦੇਸ਼ ਦੇ ਬਾਰੇ ਨਜ਼ਰੀਏ ਵਿਚ ਕੋਈ ਤਬਦੀਲੀ ਲਿਆਉਣ ਦੀ ਕੋਸ਼ਿਸ਼ ਹੈ?
ਜਵਾਬ: ਇਤਿਹਾਸ ਲਿਖਣ ਦਾ ਮਤਲਬ ਨਵੀਂ ਖੋਜ ਕਰਨਾ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਉੱਤੇ ਅਕਸਰ ਲੋਕਾਂ ਦੀ ਨਜ਼ਰ ਨਹੀਂ ਜਾਂਦੀ, ਜਿਵੇਂ ਤਕਨੀਕ ਦਾ ਮਾਮਲਾ ਹੈ। ਮੱਧਕਾਲੀ ਸਮਾਜ ਵਿਚ ਸਾਡੇ ਦੇਸ਼ ਵਿਚ ਕਿਹੜੀ ਤਕਨੀਕ ਸੀ? ਉਦੋਂ ਖੇਤੀ ਕਿਵੇਂ ਹੁੰਦੀ ਸੀ, ਸੰਦ ਕਿਹੜੇ ਵਰਤੇ ਜਾਂਦੇ ਸਨ। ਇਨ੍ਹਾਂ ਪਹਿਲੂਆਂ ਉੱਤੇ ਹੁਣ ਤੱਕ ਨਹੀਂ ਲਿਖਿਆ ਗਿਆ। ਇਸ ਤਰ੍ਹਾਂ ਹੀ ਬੋਧੀ-ਜੈਨੀ ਪ੍ਰੰਪਰਾਵਾਂ ਬਾਰੇ ਵੀ ਇਤਿਹਾਸ ਵਿਚ ਬਣਦਾ ਧਿਆਨ ਨਹੀਂ ਦਿੱਤਾ ਗਿਆ। ਗੁਲਾਮ ਕਿਵੇਂ ਰਹਿੰਦੇ ਸਨ, ਇਸ ਬਾਰੇ ਵੀ ਇਤਿਹਾਸ ਵਿਚ ਨਹੀਂ ਲਿਖਿਆ ਗਿਆ। ਲੋਕ ਇਤਿਹਾਸ ਇਸ ਸਭ-ਕਾਸੇ ਨੂੰ ਸਮੇਟ ਰਿਹਾ ਹੈ।
ਸਵਾਲ: ਇਤਿਹਾਸ ਦਾ ਅਰਥ ਸ਼ਾਸਤਰ, ਸਾਹਿਤ, ਸਭਿਆਚਾਰ ਵਰਗੇ ਦੂਜੇ ਵਿਸ਼ਿਆਂ ਨਾਲ ਸੰਵਾਦ ਲਗਾਤਾਰ ਵਧ ਰਿਹਾ ਹੈ। ਇਸ ਨਾਲ ਇਤਿਹਾਸ ਦਾ ਲਿਖਣਾ ਕਿੰਨਾ ਮਹੱਤਵਪੂਰਨ ਹੋ ਰਿਹਾ ਹੈ?
ਜਵਾਬ: ਅਰਥ ਸ਼ਾਸਤਰ ਬਾਰੇ ਕੌਟੱਲਿਆ ਦੀ ਇਕ ਕਿਤਾਬ ਹੈ, ਇਸ ਕਿਤਾਬ ਨੂੰ ਸਮਝਣ ਦੇ ਕਈ ਤਰੀਕੇ ਹੋ ਸਕਦੇ ਹਨ। ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਸਮਝਦੇ ਹਾਂ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਡਾ ਨਜ਼ਰੀਆ ਹੀ ਠੀਕ ਹੈ। ਨਵੇਂ ਵਿਚਾਰਾਂ ਦੀ ਸੰਭਾਵਨਾ ਸਦਾ ਹੀ ਰਹੀ ਹੈ; ਅਜਿਹੇ ਨਵੇਂ ਪਹਿਲੂ ਸਦਾ ਸਾਹਮਣੇ ਆਉਂਦੇ ਰਹਿਣਗੇ ਜਿਨ੍ਹਾਂ Ḕਤੇ ਨਜ਼ਰ ਨਹੀਂ ਪਾਈ ਗਈ ਅਤੇ ਜਿਨ੍ਹਾਂ Ḕਤੇ ਕੰਮ ਹੋਣਾ ਹੈ।
ਸਵਾਲ: ਭਾਰਤ ਵਿਚ ਪੂੰਜੀਵਾਦੀ ਵਿਕਾਸ ਬਾਰੇ ਬਹਿਸ ਅਜੇ ਵੀ ਚੱਲ ਰਹੀ ਹੈ। ਮੱਧਕਾਲ ਬਾਰੇ ਅਤੇ ਪੂੰਜੀਵਾਦ ਦੀ ਤੋਰ ਸਬੰਧੀ ਤੁਹਾਡਾ ਵੀ ਅਧਿਐਨ ਰਿਹਾ ਹੈ। ਦੇਸ਼ ਵਿਚ ਪੂੰਜੀਵਾਦ ਦਾ ਵਿਕਾਸ ਕਿਉਂ ਨਹੀਂ ਹੋ ਸਕਿਆ? ਇਸ ਵਿਚ ਅੜਿੱਕਾ ਪਾਉਣ ਵਾਲੀਆਂ ਕਿਹੜੀਆਂ ਤਾਕਤਾਂ ਸਨ?
ਜਵਾਬ: ਪੂੰਜੀਵਾਦ ਦਾ ਵਿਕਾਸ ਤਾਂ ਪੱਛਮੀ ਯੂਰਪ ਦੇ ਕੁੱਝ ਦੇਸ਼ਾਂ ਵਿਚ ਹੀ ਹੋਇਆ। ਚੀਨ, ਰੂਸ, ਅਫਰੀਕਾ ਅਤੇ ਯੂਰਪ ਦੇ ਵੀ ਬਹੁਤ ਸਾਰੇ ਦੇਸ਼ਾਂ ਵਿਚ ਵੀ ਪੂੰਜੀਵਾਦ ਦਾ ਵਿਕਾਸ ਨਹੀਂ ਹੋ ਸਕਿਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਵਾਸਤੇ ਸਿਰਫ ਭਾਰਤ ਹੀ ਦੋਸ਼ੀ ਹੈ ਕਿ ਇੱਥੇ ਪੂੰਜੀਵਾਦ ਦਾ ਵਿਕਾਸ ਨਹੀਂ ਹੋ ਸਕਿਆ-ਪੱਛਮੀ ਯੂਰਪ ਵਿਚ ਪੂੰਜੀਵਾਦ ਦੇ ਵਿਕਾਸ ਵਾਸਤੇ ਬਹੁਤ ਸਾਰੀਆਂ ਗੱਲਾਂ ਦਾ ਯੋਗਦਾਨ ਸੀ। ਉੱਥੇ ਤਕਨੀਕ ਦਾ ਵਿਕਾਸ ਹੋਇਆ, ਵਿਗਿਆਨ ਦੇ ਖੇਤਰ ਵਿਚ ਇਨਕਲਾਬ ਆਇਆ, ਬਸਤੀਵਾਦ ਕਾਰਨ ਉਨ੍ਹਾਂ ਦੇਸ਼ਾਂ ਨੂੰ ਫਾਇਦਾ ਹੋਇਆ। ਹਰ ਮੁਲਕ ਵਿਚ ਤਾਂ ਵਿਗਿਆਨਕ ਕ੍ਰਾਂਤੀ ਨਹੀਂ ਹੁੰਦੀ। ਹਰ ਦੇਸ਼ ਵਿਚ ਕਾਪਰਨਿਕਸ ਪੈਦਾ ਨਹੀਂ ਹੁੰਦਾ; ਪਰ ਅਜਿਹੇ ਤੱਤ ਭਾਰਤ ਵਿਚ ਮੌਜੂਦ ਸਨ ਜੋ ਦੇਸ਼ ਨੂੰ ਪੂੰਜੀਵਾਦ ਵੱਲ ਲਿਜਾ ਸਕਦੇ ਸਨ। ਮੱਧਕਾਲ ਵਿਚ ਭਾਰਤ ਵਿਚ ਵਪਾਰ ਸੀ। ਲੈਣ ਦੇਣ ਸੀ, ਬੈਂਕਾਂ ਵਾਲਾ ਪ੍ਰਬੰਧ ਸੀ ਜਿਸ ਨੂੰ ਹੁੰਡੀ ਕਹਿੰਦੇ ਸਨ। ਬੀਮੇ ਦਾ ਪ੍ਰਬੰਧ ਵੀ ਸੀ; ਇਸ ਨਾਲ ਤਾਂ ਵਪਾਰਕ ਪੂੰਜੀਵਾਦ ਹੀ ਵਧ ਸਕਦਾ ਹੈ। ਇਸ ਵਿਚ ਜੇ ਮਿਹਨਤ ਦੀ ਬੱਚਤ ਦਾ ਪ੍ਰਬੰਧ ਕੀਤਾ ਜਾਂਦਾ ਤਾਂ ਪੂੰਜੀਵਾਦ ਵਿਕਸਤ ਹੋ ਸਕਦਾ ਸੀ। ਇਸ ਵਾਸਤੇ ਵਿਗਿਆਨ ਅਤੇ ਵਿਚਾਰਾਂ ਦੇ ਵਿਕਾਸ ਦੀ ਲੋੜ ਸੀ ਜੋ ਭਾਰਤ ਵਿਚ ਨਹੀਂ ਸਨ। ਤਕਨੀਕ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਸੀ। ਅਕਬਰ ਬੇਸ਼ਕ, ਨਵੀਆਂ ਖੋਜਾਂ ਵਲ ਦਿਲਚਸਪੀ ਲੈਂਦਾ ਸੀ, ਉਸ ਨੇ ਉਨ੍ਹਾਂ ਦਿਨਾਂ ਵਿਚ ਵਾਟਰ ਪੂਲਿੰਗ ਵਰਗੀ ਤਕਨੀਕ ਅਪਣਾਈ ਸੀ। ਸ਼ਿੱਪ ਕੈਨਾਲ ਤਕਨੀਕ ਦਾ ਵਿਕਾਸ ਉਸ ਨੇ ਕੀਤਾ। ਦਰਅਸਲ ਸਮੁੰਦਰੀ ਜਹਾਜ਼ ਬਣਾਉਣ ਤੋਂ ਬਾਅਦ ਉਸ ਨੂੰ ਨਦੀ ਦੇ ਰਾਹੀਂ ਸਮੁੰਦਰ ਤੱਕ ਲਿਜਾਣ ਵਿਚ ਕਾਫੀ ਮੁਸ਼ਕਿਲ ਪੇਸ਼ ਆਉਂਦੀ ਸੀ। ਲਾਹੌਰ ਵਿਚ ਸ਼ਿੱਪ ਬਣਾਉਣ ਵਾਸਤੇ ਲੱਕੜੀ ਚੰਗੀ ਮਿਲਦੀ ਸੀ ਪਰ ਉੱਥੋਂ ਉਸ ਨੂੰ ਸਮੁੰਦਰ ਤੱਕ ਲੈ ਕੇ ਜਾਣਾ ਔਖਾ ਸੀ ਤਾਂ ਅਕਬਰ ਨੇ ਕਿਹਾ ਕਿ ਜਹਾਜ਼ ਨੂੰ ਜ਼ਮੀਨ Ḕਤੇ ਨਾ ਬਣਾਉ। ਉਸ ਨੇ ਸ਼ਿੱਪ ਕੈਨਾਲ ਤਰੀਕੇ ਦਾ ਵਿਕਾਸ ਕੀਤਾ। ਇਹ 1592 ਦੀ ਗੱਲ ਹੈ। ਯੂਰਪ ਵਿਚ ਵੀ ਇਸ ਤਕਨੀਕ ਦੀ ਵਰਤੋਂ ਸੌ ਸਾਲ ਬਾਅਦ ਹੋਈ। ਪਾਣੀ ਠੰਢਾ ਕਰਨ ਦੀ ਤਕਨੀਕ ਵੀ ਭਾਰਤ ਵਿਚ ਹੀ ਸੀ, ਯੂਰਪ ਵਿਚ ਨਹੀਂ; ਪਰ ਜਿਹੜਾ ਹੋਰ ਤਕਨੀਕੀ ਵਿਕਾਸ ਇਸ ਦੇ ਨਾਲ ਹੋਣਾ ਚਾਹੀਦਾ ਸੀ, ਉਹ ਯੂਰਪ ਵਿਚ ਹੋਇਆ, ਉਸ ਦਾ ਕੋਈ ਮੁਕਾਬਲਾ ਨਹੀਂ ਹੈ।
ਸਵਾਲ: ਇਤਿਹਾਸਕਾਰ ਦਾ ਕੰਮ ਅਤੀਤ ਨੂੰ ਦੇਖਣਾ ਹੁੰਦਾ ਹੈ, ਕੀ ਇਹ ਭਵਿੱਖ ਨੂੰ ਵੀ ਦੇਖ ਸਕਦਾ ਹੈ?
ਜਵਾਬ: ਨਹੀਂ। ਇਹ ਭਵਿੱਖ ਨੂੰ ਨਹੀਂ ਦੇਖ ਸਕਦਾ, ਪਰ ਕਦੇ ਕਦੇ ਤਾਂ ਇਸ ਦੇ ਉਲਟ ਹੁੰਦਾ ਹੈ। ਜਿਵੇਂ ਜਿਵੇਂ ਇਤਿਹਾਸ ਦਾ ਤਜੁਰਬਾ ਵਧਦਾ ਜਾਂਦਾ ਹੈ, ਫਿਰ ਇਤਿਹਾਸਕਾਰ ਇਸ ਨੂੰ ਦੂਜੀ ਤਰ੍ਹਾਂ ਦੇਖਣ ਲਗਦਾ ਹੈ। ਜਿਵੇਂ ਫਰਾਂਸ ਦੀ ਕ੍ਰਾਂਤੀ ਹੋਈ, ਉੱਥੇ ਕਿਸਾਨਾਂ ਨੇ 33 ਫੀਸਦੀ ਜਗੀਰਦਾਰਾਂ ਦੀਆਂ ਜ਼ਮੀਨਾਂ ਖੋਹ ਲਈਆਂ। ਇਸ ਬਾਰੇ ਉੱਨੀਵੀਂ ਸਦੀ ਵਿਚ ਬਹਿਸ ਚਲਦੀ ਰਹੀ ਕਿ ਇਹ ਬਹੁਤ ਵੱਡੀ ਕਾਰਵਾਈ ਸੀ; ਹਾਲਾਂਕਿ ਉਦੋਂ ਵੀ 66 ਫੀਸਦੀ ਕਿਸਾਨ ਬਚੇ ਰਹੇ ਸਨ, ਪਰ ਜਦੋਂ ਰੂਸ ਵਿਚ ਇਨਕਲਾਬ ਹੋਇਆ ਤਾਂ ਉੱਥੇ ਸਾਰੇ ਹੀ ਜਗੀਰਦਾਰਾਂ ਦੀਆਂ ਜ਼ਮੀਨਾਂ ਖੋਹ ਲਈਆਂ ਗਈਆਂ। ਇਸ ਤੋਂ ਅੱਗੇ ਦੇਖੀਏ ਕਿ ਫਰਾਂਸ ਦੀ ਕ੍ਰਾਂਤੀ ਵੇਲੇ 33 ਫੀਸਦੀ ਜਗੀਰਦਾਰਾਂ ਨੂੰ ਖਤਮ ਕਰਨ ਦੀ ਘਟਨਾ ਕਿੰਨੀ ਛੋਟੀ ਸੀ, ਪਰ ਇਤਿਹਾਸਕਾਰ ਉਸ ਤੋਂ ਅੱਗੇ ਨਹੀਂ ਦੇਖ ਸਕੇ। ਉਹ ਇਹ ਸੰਭਾਵਨਾਵਾਂ ਨਹੀਂ ਦੇਖ ਸਕੇ ਕਿ 100 ਫੀਸਦੀ ਜਗੀਰਦਾਰੀ ਖਤਮ ਕੀਤੀ ਜਾ ਸਕਦੀ ਹੈ। ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਹੈ, ਤਾਂ ਇਤਿਹਾਸ ਦਾ ਵੀ ਵਿਕਾਸ ਹੁੰਦਾ ਹੈ। ਜਿਵੇਂ ਹੁਣ ਇਤਿਹਾਸ ਵਿਚ ਔਰਤਾਂ ਦੇ ਅੰਦੋਲਨ ਜਾਂ ਉਨ੍ਹਾਂ Ḕਤੇ ਹੋਏ ਜ਼ੁਲਮਾਂ ਨੂੰ ਦੇਖਣਾ ਸ਼ੁਰੂ ਕੀਤਾ ਹੈ। ਜਾਤੀ ਦੇ ਨਜ਼ਰੀਏ ਤੋਂ ਵੀ ਇਤਿਹਾਸ ਨੂੰ ਦੇਖਿਆ ਜਾਣ ਲੱਗਾ ਹੈ। ਪਹਿਲਾਂ ਮੁਸਲਿਮ ਸੰਸਾਰ ਨੂੰ ਪਛੜਿਆ ਸਮਝਿਆ ਜਾਂਦਾ ਸੀ, ਪਰ ਇਤਿਹਾਸ ਦੇ ਵਿਕਾਸ ਦੇ ਨਾਲ ਹੀ ਇਹ ਸਿੱਧ ਹੁੰਦਾ ਜਾ ਰਿਹਾ ਹੈ ਕਿ ਮੁਸਲਿਮ ਸੰਸਾਰ ਵੀ ਪਿੱਛੇ ਨਹੀਂ ਸੀ। ਮੈਂ Ḕਐਗਰੇਰੀਅਨ ਸਿਸਟਮ ਆਫ ਮੁਗਲ ਇੰਡੀਆḔ ਵਿਚ ਔਰਤਾਂ ਬਾਰੇ ਨਹੀਂ ਲਿਖਿਆ, ਪਰ ਜੇ ਹੁਣ ਉਹ ਕਿਤਾਬਾਂ ਲਿਖਾਂਗਾ ਤਾਂ ਸੰਭਵ ਹੀ ਨਹੀਂ ਕਿ ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਨਾ ਲਿਖਾਂ। ਔਰਤਾਂ ਉਦੋਂ ਵੀ ਕੰਮ-ਕਾਰ (ਮਿਹਨਤ) ਕਰਦੀਆਂ ਸਨ। ਉਂਜ, ਅੱਜ ਵਾਂਗ ਹੀ ਉਨ੍ਹਾਂ ਦੀ ਮਿਹਨਤ-ਮਜ਼ਦੂਰੀ ਦਾ ਭੁਗਤਾਨ ਉਦੋਂ ਵੀ ਨਹੀਂ ਕੀਤਾ ਜਾਂਦਾ ਸੀ। ਉਦੋਂ ਉਨ੍ਹਾਂ ਵਲੋਂ ਕੀਤੀ ਮਿਹਨਤ ਦੀ ਆਮਦਨ ਮਰਦਾਂ ਦੀ ਆਮਦਨ ਦੇ ਨਾਲ ਹੀ ਸ਼ਾਮਲ ਕਰ ਦਿੱਤੀ ਜਾਂਦੀ ਸੀ। ਇਹ ਹਾਲਾਤ ਅੱਜ ਵੀ ਹਨ। ਇਹ ਠੀਕ ਹੈ ਕਿ ਮੈਨੂੰ ਇਸ ਸਭ ਕੁੱਝ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ, ਪਰ ਮੈਨੂੰ ਇਸ ਬਾਰੇ ਲਿਖਣਾ ਚਾਹੀਦਾ ਸੀ। ਲੋਕ ਇਤਿਹਾਸ ਵਿਚ ਇਸ ਸਭ ਕਾਸੇ ਬਾਰੇ ਵਿਸਥਾਰ ਨਾਲ ਲਿਖਿਆ ਜਾ ਰਿਹਾ ਹੈ। ਇਹ ਸਾਰੀਆਂ ਗੱਲਾਂ ਤੇ ਤੱਥ ਵਰਤਮਾਨ ਵਿਚ ਹੋ ਰਹੇ ਅੰਦੋਲਨਾਂ ਵਿਚੋਂ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਤਿਹਾਸ ਉੱਪਰ ਵਰਤਮਾਨ ਦਾ ਬਹੁਤ ਅਸਰ ਹੁੰਦਾ ਹੈ।
ਸਵਾਲ: ਤੁਸੀਂ ਹਾਸ਼ੀਏ ਵਲ ਧੱਕੇ ਗਏ ਸਮਾਜੀ ਸਮੂਹਾਂ ਦੇ ਇਤਿਹਾਸਕਾਰਾਂ ਨੂੰ (ਸਬਾਲਟਰਨ ਇਤਿਹਾਸਕਾਰ) ਤ੍ਰਾਸਦੀਆਂ ਦੇ “ਪ੍ਰਸੰਨ ਇਤਿਹਾਸਕਾਰ” (ਹੈਪੀ ਹਿਸਟੋਰੀਅਨ) ਕਿਹਾ ਹੈ। ਸਬਾਲਟਰਨ ਇਤਿਹਾਸਕਾਰਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ? ਉਹ ਇਤਿਹਾਸ Ḕਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਹੇ ਹਨ?
ਜਵਾਬ: ਉਹ ਮੈਨੂੰ ਕਦੀ ਪ੍ਰਭਾਵਿਤ ਨਹੀਂ ਕਰ ਸਕੇ। ਸਬਾਲਟਰਨ ਇਤਿਹਾਸਕਾਰਾਂ ਦੇ ਭਾਰਤ ਵਿਚ ਵਰਗ ਨਹੀਂ ਹਨ; ਬਸਤੀਵਾਦੀ ਸ਼ਾਸਕ, ਭਾਰਤੀ ਸ਼ਾਸਕ ਵਰਗ ਅਤੇ ਪੀੜਤ ਕਿਸਾਨ-ਮਜ਼ਦੂਰ ਨਹੀਂ ਹਨ। ਹਾਂ, ਉਨ੍ਹਾਂ ਦੇ ਬਸਤੀਵਾਦੀ ਉੱਚ ਵਰਗ (ਇਲੀਟ) ਹਨ ਜਿਨ੍ਹਾਂ ਦੇ ਖਿਲਾਫ ਭਾਰਤ ਦਾ ਉੱਚ ਵਰਗ ਖੜ੍ਹਾ ਹੈ। ਜਦੋਂ ਅਸੀਂ ਇਤਿਹਾਸ ਅਤੇ ਸਮਾਜ ਨੂੰ ਇਸ ਤਰ੍ਹਾਂ ਦੇਖਣ ਲਗਦੇ ਹਾਂ ਤਾਂ ਲੋਕਾਂ ਦਾ ਸਾਰਾ ਹੀ ਦੁੱਖ ਗਾਇਬ ਹੋ ਜਾਂਦਾ ਹੈ। ਉਦਯੋਗਾਂ ਦੀ ਬਰਬਾਦੀ ਅਤੇ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਜਿਸ ਤਰ੍ਹਾਂ ਤਬਾਹ ਕੀਤਾ ਗਿਆ, ਉਸ ਦਾ ਪਤਾ ਹੀ ਨਹੀਂ ਲਗਦਾ। ਬਸ, ਬਚਦੇ ਹਨ ਤਾਂ ਅੰਗਰੇਜ਼, ਜੋ ਜ਼ੁਲਮ ਕਰ ਰਹੇ ਹਨ ਅਤੇ ਗਰੀਬ ਤੇ ਧਨਾਢ ਕਿਸਾਨ ਜੋ ਅੰਗਰੇਜ਼ਾਂ ਦੇ ਜ਼ੁਲਮ ਦੇ ਮਾਰੇ ਹੋਏ ਹਨ; ਲੇਕਿਨ ਇਸ ਵਿਚ ਉਸ ਗਰੀਬ ਕਿਸਾਨ ਅਤੇ ਧਨਾਢ ਕਿਸਾਨ ਦੇ ਵਿਚਲੇ ਅੰਤਰਵਿਰੋਧ ਨੂੰ ਨਹੀਂ ਵੇਖਿਆ ਜਾਂਦਾ। ਇਸ ਲਈ ਮੈਂ ਕਹਿੰਦਾ ਹਾਂ ਕਿ ਉਹ (ਸਬਾਲਟਰਨ ਇਤਿਹਾਸਕਾਰ) ਇਤਿਹਾਸ ਨੂੰ ਮੂਧੇ ਮੂੰਹ ਮਾਰ ਰਹੇ ਹਨ।
Leave a Reply