ਬਲਬੀਰ ਮਾਧੋਪੁਰੀ ਨੇ ਸਾਹਿਤ ਰਚਨਾ ਦੀ ਸ਼ੁਰੂਆਤ ਆਮ ਲੇਖਕਾਂ ਵਾਂਗ ਕਵਿਤਾ ਤੋਂ ਕੀਤੀ ਸੀ, ਪਰ ਆਪਣੇ ਦਿੱਲੀ ਕਿਆਮ ਦੌਰਾਨ ਉਸ ਨੇ ਜਦੋਂ ਸਵੈ-ਜੀਵਨੀ ‘ਛਾਂਗਿਆ ਰੁੱਖ’ ਦੀ ਰਚਨਾ ਕੀਤੀ ਤਾਂ ਇਹੀ ਕਿਤਾਬ ਉਸ ਦੀ ਪਛਾਣ ਬਣ ਗਈ ਅਤੇ ਉਹ ਖਾਸ ਲੇਖਕ ਹੋ ਨਿਬੜਿਆ। ਕਿਤਾਬ ਵਿਚ ਦਲਿਤ ਹੋਣ ਦਾ ਜੋ ਦਰਦ ਉਸ ਨੇ ਸੁਣਾਇਆ ਹੈ, ਉਹ ਦੂਣ-ਸਵਾਇਆ ਹੋ ਕੇ ਪਾਠਕਾਂ ਅਤੇ ਆਲੋਚਕਾਂ ਤੱਕ ਅੱਪੜਿਆ ਹੈ।
ਹੁਣ ਤੱਕ ਇਸ ਕਿਤਾਬ ਦੇ ਕਈ ਐਡੀਸ਼ਨ ਛਪ ਚੁਕੇ ਹਨ ਅਤੇ ਇਹ ਅੰਗਰੇਜ਼ੀ ਤੇ ਹਿੰਦੀ ਤੋਂ ਬਿਨਾ ਕਈ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਦੂਜੀਆਂ ਭਾਸ਼ਾਵਾਂ ਦੇ ਪਾਠਕਾਂ ਤੀਕ ਵੀ ਪਹੁੰਚ ਚੁਕੀ ਹੈ। ਕਿਤਾਬ ਦਾ ਨਵਾਂ ਐਡੀਸ਼ਨ ਛਪਣ ‘ਤੇ ਬਲਬੀਰ ਮਾਧੋਪੁਰੀ ਨੇ ਆਪਣੇ ਕੁਝ ਅਹਿਸਾਸ ਸਾਂਝੇ ਕੀਤੇ ਹਨ ਜੋ ਪਾਠਕਾਂ ਦੀ ਨਜ਼ਰ ਹਨ। -ਸੰਪਾਦਕ
ਬਲਬੀਰ ਮਾਧੋਪੁਰੀ
ਫੋਨ: 91-93505-48100
‘ਛਾਂਗਿਆ ਰੁੱਖ’ ਦੀ ਨਵੀਂ ਛਾਪ ਮੇਰੇ ਸਾਹਮਣੇ ਪਈ ਹੈ। ਮੇਰਾ ਇੱਕ ਮਿੱਤਰ ਕਹਿੰਦਾ ਹੁੰਦਾ ਕਿ ਆਪਣੀ ਕਿਤਾਬ ਬਾਰੇ ਆਪ ਹੀ ਲਿਖਣਾ ਆਪਣਾ ਸਿਰ ਆਪ ਮੁੰਨਣ ਦੇ ਤੁੱਲ ਹੈ, ਪਰ ਮੈਨੂੰ ਹੁਣ ਇਹ ਕੰਮ ਕਰਨਾ ਪੈ ਰਿਹਾ ਹੈ। ਇਸ ਦੇ ਕੁਝ ਕੁ ਕਾਰਨ ਵੀ ਗਿਣਾਏ ਜਾ ਸਕਦੇ ਹਨ। ਖੈਰ! 1987 ਵਿਚ ਮੇਰੀ ਬਦਲੀ ਜਲੰਧਰ ਤੋਂ ਦਿੱਲੀ ਦੀ ਹੋਈ ਤਾਂ ਮੇਰਾ ਵਾਸਤਾ ਉਸ ਸਾਹਿਤ ਨਾਲ ਪਿਆ ਜੋ ਸੋਵੀਅਤ ਸਾਹਿਤ ਵਾਂਗ ਸਮਾਜਕ-ਆਰਥਕ ਤੌਰ ‘ਤੇ ਸਮਾਜ ਨੂੰ ਉਹਦਾ ਕਰੂਰ ਚਿਹਰਾ ਦਿਖਾਉਣ ਵਾਲਾ ਸੀ। ਮੇਰੇ ਚਿੱਤ-ਚੇਤੇ ਵਿਚ ਕਈ ਉਹ ਘਟਨਾਵਾਂ ਉਭਰਦੀਆਂ ਜੋ ਭੁਲਾਇਆਂ ਵੀ ਨਾ ਭੁੱਲਦੀਆਂ। ਤੇ ਫਿਰ 1996 ਵਿਚ ਸਵੈ-ਜੀਵਨੀ ਲਿਖਣ ਦਾ ਫੈਸਲਾ ਹੋ ਗਿਆ।
ਸਭ ਤੋਂ ਪਹਿਲਾਂ ਮੈਂ ‘ਮੇਰੀ ਦਾਦੀ: ਇਕ ਇਤਿਹਾਸ’ ਕਾਂਡ ਲਿਖਿਆ ਜੋ ਨਵਯੁਗ ਪਬਲਿਸ਼ਰਜ਼ ਵਾਲੇ ਭਾਪਾ ਪ੍ਰੀਤਮ ਸਿੰਘ ਨੇ ਦਸੰਬਰ 1997 ਦੇ ‘ਆਰਸੀ’ ਵਿਚ ਛਾਪਿਆ ਅਤੇ ਨਾਲ ਹੀ ਸਲਾਹ ਦਿੱਤੀ ਕਿ ‘ਪੰਜਾਬੀ ਵਿਚ ਦਲਿਤ ਸਾਹਿਤ ਲਈ ਰੜਾ ਮੈਦਾਨ ਪਿਆ ਹੈ, ਛੇਤੀ ਹੀ ਸਵੈ-ਜੀਵਨੀ ਲਿਖ, ਮੈਂ ਛਾਪਾਂਗਾ।’ ਇਹ ਅਧਿਆਇ ਛਪਣ ਸਾਰ ਵੱਡੇ ਲੇਖਕਾਂ ਦੇ ਫੋਨ ਖੜਕਣ ਲੱਗੇ। ਪਹਿਲਾ ਫੋਨ ਕਹਾਣੀਕਾਰ ਅਜੀਤ ਕੌਰ ਦਾ ਸੀ ਜਿਨ੍ਹਾਂ ਭਰੀ ਸਾਹਿਤਕ ਸਭਾ ਅਤੇ ਮਗਰੋਂ ਦੂਰਦਰਸ਼ਨ ਦੇ ਇਕ ਪ੍ਰੋਗਰਾਮ ਵਿਚ ਵੀ ਕਿਹਾ, “ਲੋਕ ਅਜੀਤ ਕੌਰ ਨੂੰ ਲੱਭਦੇ ਨੇ, ਮੈਂ ਬਲਬੀਰ ਮਾਧੋਪੁਰੀ ਨੂੰ ਲੱਭਿਆ ਏ!”
ਮੁੱਕਦੀ ਗੱਲ ਇਹ ਕਿ 2002 ਵਿਚ ਮੇਰੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਦੇ ਨਾਂ ਹੇਠ ਛਪ ਗਈ। ਸਾਹਿਤਕ ਹਲਕਿਆਂ ਵਿਚ ਵਿਚਰਦੇ ਸਾਹਿਤਕਾਰਾਂ, ਆਲੋਚਕਾਂ, ਵਿਦਵਾਨਾਂ ਅਤੇ ਪਾਠਕਾਂ ਨੇ ਇਸ ਦੀ ਯਥਾਰਥਕ ਸ਼ੈਲੀ, ਪੇਂਡੂ ਚੱਜ-ਆਚਾਰ ਵਾਲੀ ਮੁਹਾਵਰੇਦਾਰ ਭਾਸ਼ਾ, ਰਚਨਾ ਦ੍ਰਿਸ਼ਟੀ ਦੇ ਨਾਲ ਨਾਲ ਪ੍ਰਕ੍ਰਿਤਕ ਦ੍ਰਿਸ਼ਾਂ ਦੇ ਵਰਣਨ-ਬਿਰਤਾਂਤ, ਬੇਬਾਕ ਸਵੈ-ਪ੍ਰਗਟਾਵੇ ਨੂੰ ਇਸ ਵਿਚਲੀ ਟੈਕਸਟ ਦੀ ਤਾਕਤ ਦੱਸਿਆ। ਨਾਵਲਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਨਵੰਬਰ 2002, ਅਗਸਤ 2003, ਮਾਰਚ 2006 ਅਤੇ ਜੁਲਾਈ 2007 ਵਿਚ ਚਾਰ ਚਿੱਠੀਆਂ ਲਿਖੀਆਂ। ਇਨ੍ਹਾਂ ਵਿਚੋਂ ਇਕ ਵਿਚ ਦਰਜ ਹੈ: ‘ਤੇਰੀ ਸਵੈ-ਜੀਵਨੀ ਵਿਚ ਤੇਰੇ ਪਿੰਡ ਦੀ ਕਹਾਣੀ ਬਹੁਤ ਸੰਵੇਦਨਸ਼ੀਲ, ਦਲਿਤਾਂ ਦੇ ਦੁੱਖ ਦੀ ਗਾਥਾ ਹੈ।’
‘ਛਾਂਗਿਆ ਰੁੱਖ’ ਪੰਜਾਬੀ ਵਿਚ ਦੋ ਪ੍ਰਕਾਸ਼ਕਾਂ ਵੱਲੋਂ ਵਾਰ ਵਾਰ ਛਪਣ ਦੀ ਵਜ੍ਹਾ ਧਾਰਮਕ ਕੱਟੜਤਾ ਦੇ ਸ਼ਿਕੰਜੇ ਤੋਂ ਮੁਕਤ ਜਾਂ ਉਦਾਰ ਤੇ ਮਾਨਵਵਾਦੀ ਪਹੁੰਚ ਵਾਲੇ ਦਲਿਤਾਂ, ਗੈਰ-ਦਲਿਤਾਂ ਤੇ ਤਰਕਸ਼ੀਲ ਵਿਚਾਰਧਾਰਾ ਨਾਲ ਜੁੜੀਆਂ ਜਥੇਬੰਦੀਆਂ ਵਲੋਂ ਖੁਦ ਸੈਂਕੜੇ ਕਿਤਾਬਾਂ ਖਰੀਦ ਕੇ ਲੋਕਾਂ ਵਿਚ ਵੰਡਣਾ ਸੀ। ਹੁਣ ਤਕ ‘ਛਾਂਗਿਆ ਰੁੱਖ’ ਨੂੰ ਦੇਸ਼-ਵਿਦੇਸ਼ ਵਿਚਲੇ ਅੱਠ ਪੰਜਾਬੀ ਮੈਗਜ਼ੀਨਾਂ/ਅਖਬਾਰਾਂ ਨੇ ਲੜੀਵਾਰ ਛਾਪਿਆ ਹੈ। 2007 ਵਿਚ ਇਸ ਦਾ ਹਿੰਦੀ ਅਨੁਵਾਦ ਸੁਭਾਸ਼ ਨੀਰਵ ਨੇ ਕੀਤਾ। ਭੂਮਿਕਾ ਵਿਚ ਕਮਲੇਸ਼ਵਰ ਨੇ ਲਿਖਿਆ ਸੀ: “ਆਤਮ-ਕਥਾ ‘ਛਾਂਗਿਆ ਰੁੱਖ’ ਦਾ ਸਾਹਿਤ ਦੀ ਮਹਤੱਵਪੂਰਨ ਕਿਰਤ ਦੇ ਰੂਪ ਵਿਚ ਨਿਸ਼ਚੇ ਹੀ ਸਨਮਾਨ ਤੇ ਸਵਾਗਤ ਹੋਵੇਗਾ ਅਤੇ ਇਹ ਕਿਰਤ ਪੰਜਾਬੀ ਜਾਂ ਹਿੰਦੀ ਤਕ ਸੀਮਿਤ ਨਹੀਂ ਰਹੇਗੀ।” ਤੇ ਸੱਚਮੁੱਚ ਹੀ 2010 ਵਿਚ ‘ਛਾਂਗਿਆ ਰੁੱਖ’ ਨੂੰ ਔਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਛਾਪਿਆ ਜੋ ਅਗਲੇ ਸਾਲ ਕਰੌਸਵਰਡ ਵਾਸਤੇ ਵੀ ਨਾਮਜ਼ਦ ਹੋਈ। ਇਸ ਤੋਂ ਪਹਿਲਾਂ ਹਫਤਾਵਾਰੀ ‘ਤਹਿਲਕਾ’ ਨੇ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਕੇ ਕੁਝ ਅੰਸ਼ ਛਾਪੇ ਅਤੇ ਮਗਰੋਂ ਰੋਜ਼ਾਨਾ ਅੰਗਰੇਜ਼ੀ ਅਖਬਾਰ ‘ਦਿ ਹਿੰਦੂ’ ਨੇ ਵੀ ਦੋ ਅਧਿਆਇ ਸੰਖੇਪ ਕਰ ਕੇ ਛਾਪੇ। ‘ਛਾਂਗਿਆ ਰੁੱਖ’ ਨੂੰ ਲਾਹੌਰ ਤੋਂ ਸ਼ਾਹਮੁਖੀ ਵਿਚ ਛਪਦੇ ‘ਪੰਚਮ’ ਮੈਗਜ਼ੀਨ ਨੇ ਲੜੀਵਾਰ ਛਾਪਿਆ ਜਿਸ ਦਾ ਉਲਥਾ ਉਘੇ ਲੇਖਕ ਸਾਕਿਬ ਮਕਸੂਦ ਨੇ ਕੀਤਾ ਸੀ ਅਤੇ ਫਿਰ 2007 ਵਿਚ ਇਸ ਨੂੰ ਕਿਤਾਬੀ ਸ਼ਕਲ ਵਿਚ ਅਦੀਬਾਂ ਸਾਹਮਣੇ ਲਿਆਂਦਾ।
ਪੰਜਾਬੀ ਪਾਠਕਾਂ ਉਤੇ ਇਸ ਦਾ ਇਹ ਪ੍ਰਭਾਵ ਪਿਆ ਕਿ ਉਨ੍ਹਾਂ ਇਸ ਨੂੰ ਪ੍ਰੇਰਨਾ-ਕਿਤਾਬ ਅਤੇ ਇਸ ਵਿਚਲੇ ਸਵੈ-ਬਿਰਤਾਂਤ ਦੀ ਤਰਕ-ਜੁਗਤ ਜ਼ਰੀਏ ਅਧਿਕਾਰ ਚੇਤਨਾ, ਸਮਾਜਕ-ਆਰਥਕ ਬਰਾਬਰੀ, ਜਾਤ-ਪਾਤ, ਛੂਤ-ਛਾਤ, ਊਚ-ਨੀਚ ਖਿਲਾਫ ਨਿੱਗਰ ਦਸਤਾਵੇਜ਼ ਆਖਿਆ। ਕੁਝ ਬਜ਼ੁਰਗ ਜਿਮੀਂਦਾਰਾਂ ਨੇ ਆਪਣੇ ਭਾਈਚਾਰੇ ਵਲੋਂ ਕਿਰਤੀਆਂ ਤੇ ਕੰਮੀਆਂ ਨਾਲ ਕੀਤੀਆਂ ਜ਼ਿਆਦਤੀਆਂ ਤੇ ਧੱਕੇਸ਼ਾਹੀਆਂ ਦੀ ਮੁਆਫੀ ਮੰਗਦਿਆਂ ਹਮਦਰਦੀ ਪ੍ਰਗਟਾਈ। ਕੁਝ ਵਿਦਿਆਰਥੀਆਂ ਨੇ ‘ਜਾਤ ਦੇ ਗਰਭ’ ਤੋਂ ਬਚ ਕੇ ਜਿਉਣ ਦੀ ਸਵੈ-ਇੱਛਾ ਸਾਂਝੀ ਕੀਤੀ। ‘ਰੇਗਿਸਤਾਨ ਵਿਚ ਵਗਿਆ ਦਰਿਆ’ ਕਾਂਡ ਪੜ੍ਹ ਕੇ ਕਈ ਜੱਟ ਬੀਬੀਆਂ ਅਤੇ ਹੋਰ ਔਰਤਾਂ ਨੇ ਰੋਂਦਿਆਂ ਮੈਨੂੰ ਮਿਲ ਕੇ ਅਤੇ ਫੋਨ ‘ਤੇ ਗੱਲ ਕੀਤੀ ਕਿ ਇਸ ਵਿਚਲੇ ਬਿਰਤਾਂਤ ਵੇਰਵੇ ਅਤੇ ਜੱਟੀ ਤਾਈ ਮਲਕੀਤ ਕੌਰ ਤੇ ਤਾਇਆ ਜੀਤ ਸਿੰਘ ਦੀ ਤੇਰੇ ਪਰਿਵਾਰ ਨਾਲ ਸਾਂਝ ਇਨਸਾਨੀਅਤ ਦੀ ਮਿਸਾਲ ਹੈ। ਡਾæ ਸੁਤਿੰਦਰ ਸਿੰਘ ਨੂਰ ਨੇ 2007 ਵਿਚ 208 ਪੰਨਿਆਂ ਦੀ ਕਿਤਾਬ ਛਪਵਾਈ: ‘ਛਾਂਗਿਆ ਰੁੱਖ’ ਦਾ ਸਾਹਿਤਕ ਤੇ ਸਮਾਜਕ ਮੁਲੰਕਣ।
ਇਸ ਦੀ ਸ਼ੋਹਰਤ ਦੇ ਬਾਵਜੂਦ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਨਾਲੋਂ ਤੋੜ-ਵਿਛੋੜਾ ਹੋ ਗਿਆ, ਭੈਣ-ਭਾਈ ਤੇ ਦੋਸਤ ਨਾਰਾਜ਼ ਹੋ ਗਏ; ਪਰ ਕਈ ਨਵੇਂ ਮਿੱਤਰ ਬਣੇ ਜਿਨ੍ਹਾਂ ਵਿਚੋਂ ਪਹਿਲਾਂ ਪਹਿਲਾਂ ਇੱਕ-ਦੋ ਜਾਤ ਦੇ ਹੰਕਾਰ ਵਿਚ ਮਿਹਣੇ ਵੀ ਮਾਰਨ ਲੱਗ ਪਏ ਸਨ; ਫਿਰ ਉਨ੍ਹਾਂ ਆਪਣੀਆਂ ਹੀ ਵੈਬਸਾਈਟਾਂ ‘ਤੇ ਇਸ ਨੂੰ ਲੜੀਵਾਰ ਛਾਪਿਆ ਹੋਇਆ ਹੈ। ਇਸ ਦੇ ਹੋਰ ਅਨੁਵਾਦ ਭਾਰਤੀ ਭਾਸ਼ਾਵਾਂ ਵਿਚ ਹੋ ਰਹੇ ਹਨ। ਹੁਣ ਇਹ ਯੂæ ਜੀæ ਸੀæ ਦੇ ਸਿਲੇਬਸਾਂ ਵਿਚ ਸ਼ਾਮਿਲ ਹੈ ਅਤੇ ‘ਹੰਡਰਡ ਕਲਾਸਿਕ ਬੁੱਕਸ ਆਫ ਦਿ ਵਰਲਡ’ ਵਿਚ ਵੀ ਕੁਝ ਸਾਲ ਰਹੀ ਹੈ।
ਅੰਗਰੇਜ਼ੀ ਵਿਚ ‘ਛਾਂਗਿਆ ਰੁੱਖ’ ਛਪਣ ਦੀ ਦਾਸਤਾਨ ਵੀ ਨਿਰਾਲੀ ਹੈ। ਪ੍ਰੋਫੈਸਰ ਹਰੀਸ਼ ਪੁਰੀ ਹੋਰਾਂ ਨੂੰ ਇਹ ਕਿਤਾਬ ਪੜ੍ਹਨ ਲਈ ਭੇਜੀ। ਉਦੋਂ ਅਸੀਂ ਇੱਕ-ਦੂਜੇ ਨੂੰ ਜਾਣਦੇ ਨਹੀਂ ਸਾਂ। ਕਈ ਮਹੀਨਿਆਂ, ਸ਼ਾਇਦ ਸਾਲ-ਦੋ ਸਾਲ ਮਗਰੋਂ ਉਨ੍ਹਾਂ ਦਾ ਫੋਨ ਆਇਆ, “ਕਿਤਾਬ ਪੜ੍ਹ ਲਈ ਹੈ, ਇੱਕ ਤਰ੍ਹਾਂ ਨਾਲ ਸਮਾਜਕ-ਆਰਥਕ ਅਧਿਐਨ ਹੈ।” ਇਸ ਤੋਂ ਬਾਅਦ ਗੱਲ ਆਈ-ਗਈ ਹੋ ਗਈ। ਉਨ੍ਹਾਂ ਦੇ ਦੱਸਣ ਮੁਤਾਬਕ ਕਿਤਾਬ ਨੂੰ ਦੂਜੀ-ਤੀਜੀ ਵਾਰ ਪੜ੍ਹਦਿਆਂ ਉਨ੍ਹਾਂ ਦੇ ਅਮਰੀਕੀ ਦੋਸਤ ਪ੍ਰੋਫੈਸਰ ਵੈਬਸਟਰ ਆ ਗਏ। ਹਾਲ-ਚਾਲ ਪੁੱਛਣ ਮਗਰੋਂ ਉਨ੍ਹਾਂ ਪੁੱਛਿਆ, “ਕਿਹੜੀ ਕਿਤਾਬ ਪੜ੍ਹ ਰਹੇ ਹੋ?” ਹਰੀਸ਼ ਪੁਰੀ ਹੋਰਾਂ ਦੱਸਿਆ, “ਇਹ ਸਵੈ-ਜੀਵਨੀ ‘ਛਾਂਗਿਆ ਰੁੱਖ’ ਦਿਮਾਗ ਵਿਚੋਂ ਨਹੀਂ ਨਿਕਲ ਰਹੀ।” ਪ੍ਰੋæ ਵੈਬਸਟਰ ਨੇ ਕਿਹਾ, “ਦੋ ਘੰਟਿਆਂ ਤੋਂ ਇਸ ਕਿਤਾਬ ਦਾ ਜ਼ਿਕਰ ਸੁਣ ਰਿਹਾ ਹਾਂ- ਹੁਣ ਬੰਦ ਕਰੋ ਤੇ ਔਕਸਫੋਰਡ ਨੂੰ ਤੁਸੀਂ ਆਪਣੇ ਅਤੇ ਮੇਰੇ ਵਲੋਂ ਛਾਪਣ ਲਈ ਸਿਫਾਰਸ਼ੀ ਈਮੇਲ ਭੇਜੋ।” ਤੇ ਤੀਜੇ ਦਿਨ ਔਕਸਫੋਰਡ ਤੋਂ ਫੋਨ ਤੇ ਈਮੇਲ ਮੈਨੂੰ ਵੀ ਆ ਗਏ। ਡਾæ ਤ੍ਰਿਪਤੀ ਜੈਨ ਨਾਲ ਔਕਸਫੋਰਡ ਨੇ ਅਨੁਵਾਦ ਲਈ ਸੰਪਰਕ ਕੀਤਾ ਅਤੇ ਇਹ 2010 ਵਿਚ ਛਪ ਗਈ। ਮਗਰੋਂ ਪ੍ਰੋਫੈਸਰ ਹਰੀਸ਼ ਪੁਰੀ, ਤ੍ਰਿਪਤੀ ਜੈਨ ਅਤੇ ਕਿਤਾਬ ਦੇ ਸੰਪਾਦਕ ਡਾæ ਮਿੰਨੀ ਕ੍ਰਿਸ਼ਨਨ ਨਾਲ ਰਿਸ਼ਤੇ ਗੂੜ੍ਹੇ ਹੋ ਗਏ। ਹੜੱਪਾ ਦਾ ਮਾਨਵਵਾਦੀ ਸਭਿਆਚਾਰ ਮੇਰੇ ਚੇਤਿਆਂ ਵਿਚ ਡੂੰਘਾ ਲੱਥ ਗਿਆ।