ਡਾ. ਸਮਰਾਓ ਦਾ ਲੇਖ ਅਤੇ ਸਿੱਖੀ ਦਾ ਸੰਕਲਪ

ਡਾæ ਗੋਬਿੰਦਰ ਸਿੰਘ ਸਮਰਾਓ ਦਾ ਲੇਖ ‘ਜਪੁਜੀ ਦਾ ਰੱਬ’ ਛਾਪਣ ਲਈ ਸ਼ੁਕਰੀਆ। ਇਸ ਲੇਖ ਦੇ ਅਰੰਭ ਵਿਚ ਹੀ ਤੁਸੀਂ ਲਿਖਿਆ ਹੈ ਕਿ ਕਰਮਕਾਂਡਾਂ ਵਿਚ ਪਏ ਸ਼ਰਧਾਲੂ ਹੋ ਸਕਦਾ ਹੈ, ਇਸ ਲੇਖ ਨਾਲ ਸਹਿਮਤ ਨਾ ਹੋਣ। ਡਾæ ਸਮਰਾਓ ਨੇ ਵਿਸ਼ਵਾਸ, ਜਾਂ ਜੇ ਸਹੀ ਤਰੀਕੇ ਨਾਲ ਆਖੀਏ ਤਾਂ ਅੰਧ-ਵਿਸ਼ਵਾਸ ਬਨਾਮ ਗਿਆਨ ਮਾਰਗ ਬਾਰੇ ਬਹੁਤ ਚੰਗਾ ਸਵਾਲ ਉਠਾਇਆ ਹੈ।

ਕਿਹਾ ਜਾਂਦਾ ਹੈ ਕਿ ਜਪੁਜੀ ਸਾਹਿਬ ਦੇ 30 ਜਾਂ ਇਸ ਤੋਂ ਵੱਧ ਅਨੁਵਾਦ ਮਿਲਦੇ ਹਨ। ਮੈਨੂੰ ਯਕੀਨ ਹੈ ਕਿ ਇਨ੍ਹਾਂ ਸਾਰਿਆਂ ਵਿਚ ਪਹੁੰਚ ਉਹੀ ਹੈ ਜਿਹੜੀ ਪੰਜਾਬ ਉਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਈਸਾਈ ਵਿਦਵਾਨਾਂ ਦੀ ਅਗਵਾਈ ਵਿਚ ਸਨਾਤਨੀ ਸਿੱਖਾਂ (ਬਾਬਾ ਖੜਕ ਸਿੰਘ ਆਦਿ) ਨੇ ਅਪਨਾਈ। ਉਸ ਵਕਤ ਬੌਧਿਕਤਾ ਜਾਂ ਤਰਕ ਦੀ ਥਾਂ ਕਰਮਕਾਂਡ ਵੱਲ ਧਿਆਨ ਬਹੁਤਾ ਦਿੱਤਾ ਗਿਆ।
ਮੈਂ ਭਾਰਤ ਦੇ ਕਈ ਵੱਡੇ ਮੰਦਿਰਾਂ (ਚਾਰ ਧਾਮ) ਦੀ ਯਾਤਰਾ ਕੀਤੀ ਹੈ, ਜੋ ਮੁੱਢਲੇ ਤੌਰ ‘ਤੇ ਦੇਵੀਆਂ ਨੂੰ ਸਮਰਪਿਤ ਹਨ। ਉਥੇ ਹਰ ਸਵੇਰ ਦੇਵੀਆਂ ਨੂੰ ਜਗਾਇਆ ਜਾਂਦਾ ਹੈ, ਰੀਤ ਮੁਤਾਬਕ ਲਿਬਾਸ ਪਹਿਨਾਏ ਜਾਂਦੇ ਹਨ ਅਤੇ ਫਿਰ ਸ਼ਾਮ ਨੂੰ ਕਪਾਟ ਬੰਦ ਕਰ ਦਿੱਤੇ ਜਾਂਦੇ ਹਨ, ਭਾਵ ਆਰਾਮ ਕਰਵਾਇਆ ਜਾਂਦਾ ਹੈ। ਸ਼ਰਧਾਲੂਆਂ ਵੱਲੋਂ ਦਿੱਤਾ ਪ੍ਰਸ਼ਾਦ ਦੇਵੀ ਨੂੰ ਸਮਰਪਿਤ ਕੀਤਾ ਜਾਂਦਾ ਹੈ (ਦਰਅਸਲ ਪੁਜਾਰੀ ਆਪਣਾ ਹਿੱਸਾ ਰੱਖਦਾ ਹੈ) ਅਤੇ ਬਾਕੀ ਦਾ ਪ੍ਰਸ਼ਾਦ ਸ਼ਰਧਾਲੂਆਂ ਵਿਚ ਵੰਡ ਦਿੱਤਾ ਜਾਂਦਾ ਹੈ। ਸਾਰਾ ਦਿਨ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਕੀ ਅਸੀਂ ਵੀ ਹੁਣ ਨਿਤ ਦਿਨ ਗੁਰਦੁਆਰਿਆਂ ਵਿਚ ਇਹੀ ਕੁਝ ਨਹੀਂ ਕਰਦੇ?
ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਅੰਗਰੇਜ਼ ਹੈਰਾਨ ਸਨ ਕਿ ਗੁਰੂ ਅਰਜਨ ਦੇਵ ਦੇ ਸਮਿਆਂ ਤੋਂ ਹੀ ਸਿੱਖ ਸਥਾਪਤੀ ਵਿਰੋਧੀ ਰਹੇ, ਫਿਰ ਇਨ੍ਹਾਂ ਨੇ ਆਪਣੇ ਸਿੱਖ ਮਹਾਰਾਜੇ ਦੀ ਵੀ ਪ੍ਰਵਾਹ ਨਹੀਂ ਕੀਤੀ, ਕੁਝ ਕੁ ਦਹਾਕਿਆਂ ਵਿਚ ਹੀ ਇਹ ਸਭ ਤੋਂ ਵੱਧ ਆਗਿਆਕਾਰੀ ਚਾਕਰ ਬਣ ਗਏ। ਹੁਣ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੂੰ ਸਿੱਖ ਸਾਹਿਤ ਵਿਚ ਤੋੜ-ਮਰੋੜ ਕਰ ਕੇ ਕਰਮਕਾਂਡੀ ਅਤੇ ਮੁਸਲਮਾਨ ਵਿਰੋਧੀ ਬਣਾ ਦਿੱਤਾ ਗਿਆ, ਕਿਉਂਕਿ ਉਸ ਵੇਲੇ ਭਾਰਤ ਦੇ ਬਹੁਤੇ ਹਿੱਸੇ ਉਤੇ ਮੁਸਲਮਾਨਾਂ ਦਾ ਰਾਜ ਸੀ। 1857 ਵਾਲੀ ਬਗਾਵਤ ਤੋਂ ਬਾਅਦ ਅੰਗਰੇਜ਼ਾਂ ਨੂੰ ਵਿਸ਼ਵਾਸਪਾਤਰ, ਮਿਹਨਤੀ, ਬਹਾਦਰ ਅਤੇ ਸੱਚੇ ਤੇ ਇਮਾਨਦਾਰ ਫੌਜੀਆਂ ਦੀ ਲੋੜ ਸੀ ਤਾਂ ਕਿ ਆਉਣ ਵਾਲੇ ਸਮੇਂ ਵਿਚ ਮੁਸਲਮਾਨਾਂ ਦੇ ਵਿਰੋਧ ਦਾ ਟਾਕਰਾ ਕੀਤਾ ਜਾ ਸਕੇ। ਇਹ ‘ਗੁਣ’ ਉਨ੍ਹਾਂ ਨੂੰ ਸਿੱਖਾਂ ਵਿਚ ਲੱਭ ਗਏ ਅਤੇ ਭਾੜੇ ਦੇ ਸਿੱਖ ਪ੍ਰਚਾਰਕਾਂ ਤੇ ਵਿਦਵਾਨਾਂ ਰਾਹੀਂ ਇਨ੍ਹਾਂ ਨੂੰ ਰੋਬੋਟ ਵਾਂਗ ਤਿਆਰ ਕਰ ਲਿਆ ਗਿਆ। ਸਿੱਖਾਂ ਨੂੰ ਇਸ ਤਰ੍ਹਾਂ ਤਿਆਰ ਕਰ ਲਿਆ ਕਿ ਉਹ ਕੰਮ ਤਾਂ ਕਰਨ, ਪਰ ਸੋਚਣ ਨਾ (ਚੀਨ ਵਿਚ ਵੀ 30ਵਿਆਂ ਦੌਰਾਨ ਸਕੂਲਾਂ ਵਿਚ ਸਮਾਜ ਵਿਗਿਆਨ ਵਾਲੇ ਵਿਸ਼ੇ ਨਹੀਂ ਸੀ ਪੜ੍ਹਾਏ ਜਾਂਦੇ ਤਾਂ ਕਿ ਜਾਗਰੂਕਤਾ ਨਾ ਫੈਲ ਸਕੇ)।
ਡਾæ ਸਮਰਾਓ ਨੇ ‘ਇਕ ਓਂਕਾਰ’ (ੴ) ਬਾਰੇ ਵੀ ਚਰਚਾ ਛੇੜੀ ਹੈ। ਅਫਸੋਸ ਕਿ ਸਾਰੇ ਸਿੱਖ ਸਾਹਿਤ ਵਿਚ ਇਸ ਦਾ ਅਨੁਵਾਦ ‘ਰੱਬ ਇਕ ਹੈ’ ਕੀਤਾ ਗਿਆ ਹੈ ਜੋ ਇਸਾਈਅਤ ਦਾ ਸੰਕਲਪ ਹੈ। ਅਸਲ ਵਿਚ, ਇਕ ਦਾ ਭਾਵ ਇਕ ਨਹੀਂ ਸਗੋਂ ਅਨੋਖਾ, ਅਦੁੱਤੀ ਤੇ ਨਿਵੇਕਲਾ ਹੈ। ਗੁਰਬਾਣੀ ਵਿਚ ਕਈ ਥਾਂਈਂ, ਇਥੋਂ ਤੱਕ ਕਿ ਭਗਤ ਕਬੀਰ ਦੀਆਂ ਰਚਨਾਵਾਂ ਵਿਚ ਵੀ ਜ਼ੋਰ ‘ਅਦਵੈਤਵਾਦ’ ਉਤੇ ਦਿੱਤਾ ਗਿਆ ਹੈ, ਪਰ ਅਦੁੱਤੀ ਦਾ ਹਰ ਥਾਂ ‘ਇਕ’ ਵਜੋਂ ਅਨੁਵਾਦ ਕੀਤਾ ਗਿਆ ਹੈ। ਇਸੇ ਤਰ੍ਹਾਂ ‘ਓਂਕਾਰ’ ਹੈ। ਇਹ ਓਮ ਅਤੇ ਆਕਾਰ ਦਾ ਸੁਮੇਲ ਹੈ; ਭਾਵ ਇਹ ‘ਓਮ ਦਾ ਆਕਾਰ’ ਹੈ। ਜੇ ‘ਰੱਬ ਇਕ ਹੈ’ ਵਾਲਾ ਅਨੁਵਾਦ ਪੜਤਾਲੀਏ, ਤਾਂ ‘ਓਮ ਦਾ ਆਕਾਰ’ ਦਾ ਮਤਲਬ ਬਣੇਗਾ ‘ਰੱਬ’ ਜਿਹੜਾ ਹਿੰਦੂ ਮਿਥਿਹਾਸ ਮੁਤਾਬਕ ਵੀ ਠੀਕ ਨਹੀਂ ਹੈ। ਓਮ ਦਾ ਅਰਥ ਅਨੰਤ, ਪਵਿੱਤਰ, ਬ੍ਰਹਿਮੰਡ ਹੈ ਅਤੇ ਗੁਰੂ ਨਾਨਕ ਜੋ ਕਹਿੰਦੇ ਹਨ, ਉਹ ਇਹ ਹੈ ਕਿ ਬ੍ਰਹਿਮੰਡ ਦਾ ਆਕਾਰ ਅਦੁੱਤੀ ਹੈ, ਨਿਰਾਲਾ ਹੈ। ਇਹ ਰੱਬ ਦੇ ਇਸਾਈਅਤ ਵਾਲੇ ਸੰਕਲਪ ਵਾਂਗ ਨਹੀਂ ਹੈ ਕਿ ‘ਅਕਾਸ਼ ਵਿਚ ਚਾਨਣ’।
ਇਸ ਮਸਲੇ ‘ਤੇ ਮੈਂ ਹੋਰ ਵੀ ਬੜਾ ਕੁਝ ਕਹਿਣਾ ਚਾਹੁੰਦਾ ਹਾਂ, ਪਰ ਹੁਣ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਤੁਹਾਡਾ ਅਤੇ ਡਾæ ਸਮਰਾਓ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹ ਵਿਲੱਖਣ ਅਤੇ ਵਿਦਵਤਾ ਭਰਪੂਰ ਲੇਖ ਛਾਪਿਆ। ਹੋ ਸਕਦਾ ਹੈ ਕਿ ਮਾਰਟਿਨ ਲੂਥਰ ਵਰਗਾ ਕੋਈ ਸਿੱਖ ਭਵਿੱਖ ਵਿਚ ਆਵੇ ਅਤੇ ਸਭ ਕੁਝ ਠੀਕ ਦਿਸ਼ਾ ਵਿਚ ਲੈ ਜਾਵੇ।
-ਐਚæ ਐਸ਼ ਪੁਰੀ, ਪੀਐਚæਡੀ