ਅਦੀਨਾ ਬੇਗ, ਅਫਗਾਨ ਅਤੇ ਸਿੱਖ

ਯੂਨੀਵਰਸਿਟੀ ਆਫ ਇਲੀਨਾਏ, ਅਰਬਾਨਾ ਵਿਚ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਪੜ੍ਹਾਉਂਦੇ ਰਹੇ ਪ੍ਰੋਫੈਸਰ ਰਾਜਮੋਹਨ ਗਾਂਧੀ ਨੇ ਆਪਣੀ ਵੱਡ-ਆਕਾਰੀ ਅੰਗਰੇਜ਼ੀ ਕਿਤਾਬ ਵਿਚ ਪੰਜਾਬ ਦੀ ਸਾਖੀ ਸੁਣਾਈ ਹੈ। ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਇਸ ਕਿਤਾਬ ਦਾ ਅਨੁਵਾਦ ‘ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ’ ਨਾਂ ਹੇਠ ਕੀਤਾ ਹੈ। ਇਸ ਕਿਤਾਬ ਅੰਦਰ ਪੰਜਾਬ ਦਾ ਇਤਿਹਾਸ ਸਮੇਟਦਿਆਂ ਪ੍ਰੋæ ਗਾਂਧੀ ਨੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ। ਕਿਤਾਬ ਦਾ ਇਕ ਅੰਸ਼ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ
ਰਾਜਮੋਹਨ ਗਾਂਧੀ
ਅਨੁਵਾਦ: ਹਰਪਾਲ ਸਿੰਘ ਪੰਨੂ
ਇਹ ਸੋਚ ਕੇ ਕਿ ਅਹਿਮਦ ਸ਼ਾਹ ਅਬਦਾਲੀ ਜਲੰਧਰ ਦੋਆਬ ਤੇ ਜੰਮੂ ਕਸ਼ਮੀਰ ਮੈਨੂੰ ਦੇ ਗਿਆ ਹੈ, ਮੁਗਲਾਣੀ ਬੇਗਮ ਨੇ ਮਿਸਕੀਨ ਸ਼ਾਹ ਨੂੰ ਆਪਣੇ ਦੂਤ ਵਜੋਂ ਅਦੀਨਾ ਬੇਗ ਕੋਲ ਭੇਜ ਕੇ ਆਪਣੀ ਖਿਲਅਤ ਭੇਟ ਕੀਤੀ। ਬੇਗਮ ਦਾ ਸੰਕੇਤ ਸੀ ਕਿ ਮੇਰੇ ਵੱਲੋਂ ਤੂੰ ਜਲੰਧਰ ਦਾ ਹਾਕਮ ਹੈਂ। ਬੇਗਮ ਨਾਲ ਧੋਖਾ ਹੋਇਆ। ਪੰਜਾਬ, ਸਰਹਿੰਦ, ਜੰਮੂ ਤੇ ਕਸ਼ਮੀਰ ਦੀ ਮਾਲਕੀ ਤਾਂ ਅਬਦਾਲੀ ਆਪਣੇ ਗਿਆਰਾਂ ਸਾਲ ਦੇ ਬੇਟੇ ਤੈਮੂਰ ਨੂੰ ਦੇ ਕੇ ਲਾਹੌਰ ਛੱਡ ਗਿਆ ਸੀ ਪਰ ਅਸਲ ਵਿਚ ਰਾਜ ਤੈਮੂਰ ਦਾ ਸਰਪ੍ਰਸਤ ਤੇ ਅਬਦਾਲੀ ਦਾ ਵਫਾਦਾਰ ਜਰਨੈਲ ਜਹਾਨ ਖਾਨ ਕਰਨ ਲੱਗਾ। ਅਬਦਾਲੀ ਨੇ ਬੇਗਮ ਨੂੰ ਕਿਹਾ, ਤੇਰਾ ਭਰਾ ਤੈਮੂਰ ਸ਼ਾਹ ਵਾਇਸਰਾਇ ਲਾ ਤਾਂ ਦਿੱਤਾ ਹੈ, ਹੁਣ ਤੇਰਾ ਇਨ੍ਹਾਂ ਇਲਾਕਿਆਂ ਵਿਚ ਕੀ ਲੈਣ ਦੇਣ?
1757 ਦੀਆਂ ਸਰਦੀਆਂ ਦੇ ਅੰਤ ਵੇਲੇ ਤੈਮੂਰ ਦਾ ਫੁਰਮਾਨ ਅਤੇ ਜਹਾਨ ਖਾਨ ਦਾ ਖਤ ਅਦੀਨੇ ਕੋਲ ਪੁੱਜਾ, ਅਰਾਈਂ ਨੂੰ ਹੁਕਮ ਸੀ ਕਿ ਸਾਡੀ ਸੇਵਾ ਵਿਚ ਹਾਜ਼ਰ ਹੋ। ਜੇ ਤੂੰ ਹੁਕਮ ਦੀ ਤਾਮੀਲ ਨਾ ਕੀਤੀ ਤਾਂ ਪੂਰਾ ਦੁਆਬ ਥੇਹ ਕਰ ਦਿਆਂਗੇ ਤੇ ਤੈਨੂੰ ਪਹਾੜੀਆਂ ਵਿਚ ਲੱਭਾਂਗੇ। ਪੇਸ਼ ਕਿਉਂਕਿ ਹੋਣਾ ਨਹੀਂ ਸੀ, ਅਦੀਨੇ ਨੇ ਖਤ ਦਾ ਜੁਆਬ ਨਹੀਂ ਦਿੱਤਾ। ਜਹਾਨ ਖਾਨ ਨੇ ਦੋਆਬੇ ਦੀ ਆਬਾਦੀ ਵਿਚ ਲੁੱਟਮਾਰ ਕਰ ਕੇ ਤਬਾਹੀ ਮਚਾਈ। ਅਦੀਨੇ ਨੇ ਸੁਨੇਹਾ ਭੇਜਿਆ, ਮੈਂ ਅਬਦਾਲੀ ਦੇ ਏਜੰਟ ਵਜੋਂ ਕੰਮ ਕਰਨ ਲਈ ਤਿਆਰ ਹਾਂ, ਮੈਨੂੰ ਲਾਹੌਰ ਰਹਿਣ ਤੋਂ ਛੋਟ ਦਿੱਤੀ ਜਾਵੇ, ਕਿਉਂਕਿ ਜੇ ਮੈਂ ਦੋਆਬੇ ਤੋਂ ਗੈਰ ਹਾਜ਼ਰ ਹੋ ਗਿਆ, ਸਿੱਖ ਇਥੇ ਕਬਜ਼ਾ ਕਰ ਲੈਣਗੇ।
ਜਹਾਨ ਖਾਨ ਨੂੰ ਲਾਲਚੀ ਅਰਾਈਂ ਉਪਰ ਭਰੋਸਾ ਤਾਂ ਨਹੀਂ ਸੀ, ਪਰ ਉਸ ਬਿਨਾ ਮਾਮਲਾ ਹੋਰ ਕੌਣ ਉਗਰਾਹੇ? ਛੱਤੀ ਲੱਖ ਸਾਲ ਦਾ ਸੌਦਾ ਹੋਇਆ। ਅਬਦਾਲੀ ਦੇ ਫੁਰਮਾਨ ਨਾਲ ਅਦੀਨੇ ਨੂੰ ਦੋਆਬੇ ਦਾ ਸੂਬੇਦਾਰ ਲਾ ਦਿੱਤਾ, ਪਰ ਵਾਅਦਾ ਖਿਲਾਫੀ ਨਾ ਹੋ ਜਾਵੇ, ਅਦੀਨੇ ਦਾ ਹਿੰਦੂ ਏਜੰਟ ਦਿਲਾ ਰਾਮ ਲਾਹੌਰ ਦਰਬਾਰ ਦੀ ਹਾਜ਼ਰੀ ਭਰਿਆ ਕਰੇਗਾ। ਮਾਮਲੇ ਦੀ ਕਿਸ਼ਤ ਵਾਸਤੇ ਬੇਸਬਰੇ ਜਹਾਨ ਖਾਨ ਨੇ ਦਿਲਾ ਰਾਮ ਨੂੰ ਕੈਦ ਕਰ ਲਿਆ। ਆਪਣਾ ਅਸਰ ਰਸੂਖ ਵਰਤ ਕੇ ਮੁਗਲਾਣੀ ਬੇਗਮ ਨੇ ਦਿਲਾ ਰਾਮ ਨੂੰ ਕੈਦ ਵਿਚੋਂ ਭੱਜਣ ਵਿਚ ਕਾਮਯਾਬੀ ਦਿਵਾਈ। ਗੁਸੈਲੇ ਜਹਾਨ ਖਾਨ ਨੇ ਬੇਗਮ ਬੈਂਤਾਂ ਨਾਲ ਖੁਦ ਕੁੱਟੀ, ਉਸ ਦਾ ਪਹਿਨਿਆ ਗਹਿਣਾ-ਗੱਟਾ ਖੋਹ ਲਿਆ ਤੇ ਸਖਤ ਕੈਦ ਵਿਚ ਸੁੱਟ ਦਿੱਤੀ।
ਅਦੀਨੇ ਕੋਲ ਸੁਨੇਹਾ ਪੁੱਜਾ ਕਿ ਸਿੱਖਾਂ ਨੂੰ ਦਬਾਉਣ ਲਈ ਸਲਾਹ ਮਸ਼ਵਰਾ ਕਰਨਾ ਹੈ, ਲਾਹੌਰ ਪੁੱਜੋ। ਅਦੀਨੇ ਨੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਤੈਮੂਰ ਸ਼ਾਹ ਲਈ ਤੋਹਫੇ ਭੇਜੇ ਤੇ ਖਿਮਾ ਦੀ ਅਰਜ਼ ਕੀਤੀ। ਦੋ ਹਿੰਦੂ-ਧਰਮ ਦਾਸ ਤਰੰਜੀਆ ਤੇ ਚੌਧਰੀ ਜੋਧਾ ਨਾਗਰੀ ਅਤੇ ਇਕ ਮੁਸਲਮਾਨ, ਕਪੂਰਥਲੇ ਦਾ ਸਰਬਰਾਹ ਰਾਇ ਇਬਰਾਹੀਮ ਭੱਟੀ ਜਾਮਨਾਂ ਵਜੋਂ ਲਾਹੌਰ ਭੇਜੇ। ਵਾਪਸ ਸੰਦੇਸ਼ ਆਇਆ ਕਿ ਖਿਮਾ ਮਿਲੇਗੀ, ਪਰ ਲਾਹੌਰ ਦਰਬਾਰ ਵਿਚ ਪੇਸ਼ ਹੋ। ਜਦੋਂ ਗੱਲ ਨਾ ਮੰਨੀ, ਉਸ ਨੂੰ ਫੜ੍ਹਨ ਲਈ ਫੌਜ ਆ ਗਈ। ਅਦੀਨਾ ਪਹਾੜੀਆਂ ਵੱਲ ਭੱਜ ਗਿਆ ਤੇ ਸਿੱਖਾਂ ਨਾਲ ਸਮਝੌਤਾ ਕਰ ਲਿਆ ਕਿ ਮੇਰੀ ਫੌਜ ਵਿਚ ਭਰਤੀ ਹੋਵੋ, ਤਨਖਾਹ ਦਿਆਂਗਾ, ਲੁੱਟਮਾਰ ਕਰਨ ਦਾ ਹੱਕ ਮਿਲੇਗਾ।
ਮੁਰਾਦ ਖਾਨ ਦੀ ਕਮਾਨ ਹੇਠ ਫੌਜਾਂ ਦੋਆਬ ਆ ਗਈਆਂ। ਮੁਕਾਬਲਾ ਹੋਇਆ ਤਾਂ ਸਿੱਖ ਗਜ਼ਬ ਦੀ ਤਾਕਤ ਨਾਲ ਲੜੇ। ਸੋਢੀ ਬੜਭਾਗ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਅਫਗਾਨਾਂ ਨੂੰ ਜੜ੍ਹੋਂ ਉਖਾੜ ਦਿੱਤਾ, ਉਨ੍ਹਾਂ ਦਾ ਸਾਰਾ ਮਾਲ, ਅਸਲਾਖਾਨਾ ਖੋਹ ਲਿਆ। ਮੁਰਾਦ ਖਾਨ ਲਾਹੌਰ ਵੱਲ ਭੱਜ ਆਇਆ। ਮੁਰਾਦ ਦੀ ਹਾਰ ਸੁਣ ਕੇ ਜਹਾਨ ਖਾਨ ਤੈਸ਼ ਵਿਚ ਆ ਗਿਆ ਤੇ ਫੌਜ ਲੈ ਕੇ ਦੋਆਬ ਵੱਲ ਚੱਲ ਪਿਆ। ਰਸਤੇ ਵਿਚ ਨੱਠਿਆ ਆਉਂਦਾ ਮੁਰਾਦ ਮਿਲਿਆ। ਗੁਸੈਲੇ ਜਹਾਨ ਖਾਨ ਨੇ ਹੁਕਮ ਦਿੱਤਾ, ਯੁੱਧ ‘ਚੋਂ ਭੱਜੇ ਮੁਰਾਦ ਦੇ ਬੈਂਤ ਮਾਰੇ ਜਾਣ।
ਸਿੱਖਾਂ ਕਰ ਕੇ ਬਚੇ ਅਦੀਨਾ ਬੇਗ ਨੇ ਉਨ੍ਹਾਂ ਨੂੰ ਦੋਆਬ ਦੀ ਲੁੱਟਮਾਰ ਕਰਨ ਦੀ ਆਗਿਆ ਦੇ ਦਿੱਤੀ। ਦਸੰਬਰ 1757, ਦੋਆਬ ਵਿਚ ਸਿੱਖਾਂ ਨੇ ਕੁਹਰਾਮ ਮਚਾ ਦਿੱਤਾ। ਜਲੰਧਰ ਸ਼ਹਿਰ ਇਸ ਲਈ ਲੁੱਟਿਆ, ਸਾੜ੍ਹਿਆ ਕਿਉਂਕਿ ਇਥੋਂ ਦੇ ਹਾਕਮ ਨਾਸਿਰ ਅਲੀ ਨੇ ਸਿੱਖਾਂ ‘ਤੇ ਜ਼ਿਆਦਤੀਆਂ ਕੀਤੀਆਂ ਸਨ। ਜਹਾਨ ਖਾਨ ਦੀ ਫੌਜ ਵਿਰੁਧ ਕੋਈ ਨਾ ਅੜਿਆ। ਸਿੱਖ ਧਨ ਮਾਲ ਇਕੱਠਾ ਕਰਦੇ ਰਹੇ। ਅਦੀਨਾ ਬੇਗ ਪਹਾੜੀਆਂ ਵੱਲ ਦੌੜ ਗਿਆ, ਹਿਸਾਬ-ਕਿਤਾਬ ਲਾਉਣ ਲੱਗਾ, ਸਿੱਖਾਂ ਨਾਲ ਸੰਧੀ ਠੀਕ ਰਹੇਗੀ? ਅਫਗਾਨਾਂ ਨਾਲ ਸੁਲਾਹ ਸਫਾਈ ਕਰੀਏ? ਤੀਜੀ ਧਿਰ ਮਰਾਠੇ ਵੀ ਹਨ, ਉਨ੍ਹਾਂ ਵੱਲ ਸੁਨੇਹਾ ਭੇਜਿਆ ਜਾਵੇ? ਮੁਗਲਾਣੀ ਬੇਗਮ ਦੇ ਸਹੁਰੇ ਇਮਾਦ-ਉਲ ਮੁਲਕ ਨੇ ਵੀ ਇਕ ਵਾਰੀ ਉਨ੍ਹਾਂ ਦੀ ਮਦਦ ਲਈ ਸੀ।
ਇਮਾਦ ਨੇ ਬਾਦਸ਼ਾਹ ਆਲਮਗੀਰ ਦੂਜੇ ਅਤੇ ਪ੍ਰਧਾਨ ਮੰਤਰੀ ਇੰਤਜ਼ਾਮ ਨੂੰ ਦੱਸੇ ਬਗੈਰ ਮਰਾਠੇ ਸੱਦ ਲਏ। ਪੂਣੇ ਦੇ ਪੇਸ਼ਵਾ ਦੇ ਭਰਾ ਰਘੂਨਾਥ ਰਾਓ ਦੀ ਕਮਾਨ ਹੇਠ ਬੇਸ਼ੁਮਾਰ ਮਰਾਠੇ ਦਿੱਲੀ ਵਿਚ ਆ ਗਏ ਅਤੇ ਨਜੀਬ ਸਮੇਤ ਅਬਦਾਲੀ ਦੇ ਏਲਚੀ ਦਿੱਲੀ ਤੋਂ ਬਾਹਰ ਧੱਕ ਕੇ ਨਜੀਬ ਦੇ ਸ਼ਹਿਰ ਸਹਾਰਨਪੁਰ ਉਤੇ ਕਬਜ਼ਾ ਕਰ ਲਿਆ ਤੇ ਸਰਹੰਦ ਤਕ ਪੁੱਜਣ ਦੀ ਧਮਕੀ ਦਿੱਤੀ। ਜਹਾਨ ਖਾਨ ਵਲੋਂ ਭੇਜੀਆਂ ਫੌਜਾਂ ਨੂੰ ਸਿੱਖ ਅਕਸਰ ਘੇਰ ਲੈਂਦੇ, ਦੋਆਬ ਤੇ ਕਸ਼ਮੀਰ ਵਿਚ ਉਹ ਸਫਲ ਨਾ ਹੋਇਆ, ਲਾਹੌਰ ਪਰਤ ਗਿਆ। ਦੋਆਬ ਸੁੰਨ ਮਸਾਣ ਪਿਆ ਸੀ, ਨਾ ਅਫਗਾਨਾਂ ਦਾ ਰਾਜ ਸੀ, ਨਾ ਸਿੱਖਾਂ ਦਾ, ਨਾ ਅਦੀਨੇ ਦਾ। ਅਫਰਾ ਤਫਰੀ ਫੈਲੀ।
ਪੂਰੇ ਪੰਜਾਬ ਦਾ ਇਹੀ ਹਾਲ ਸੀ। ਲਾਹੌਰ ਦਾ ਆਲਾ ਦੁਆਲਾ ਤੱਕ ਸਿੱਖਾਂ ਤੋਂ ਸੁਰੱਖਿਅਤ ਨਾ ਰਿਹਾ। ਹਰ ਰਾਤ ਹਜ਼ਾਰਾਂ ਸਿੱਖ ਲਾਹੌਰ ਦੇ ਆਲੇ ਦੁਆਲੇ ਆਬਾਦੀ ਵਿਚ ਵੜ ਕੇ ਲੁੱਟਦੇ, ਪਰਜਾ ਦੇ ਬਚਾਅ ਵਾਸਤੇ ਕੋਈ ਫੌਜ ਨਾ ਆਉਂਦੀ। ਨਵੰਬਰ 1757 ਤੋਂ ਫਰਵਰੀ 1758 ਤੱਕ ਇਹੋ ਹਾਲ ਰਿਹਾ। ਅਦੀਨੇ ਨੇ ਫੈਸਲਾ ਕਰ ਲਿਆ, ਮਰਾਠਿਆਂ ਦੀ ਮਦਦ ਲੈ ਕੇ ਉਹ ਅਫਗਾਨਾਂ ਨੂੰ ਸਿੰਧ ਪਾਰ ਤੱਕ ਧੱਕ ਦੇਵੇਗਾ। ਰਘੂਨਾਥ ਰਾਓ ਨੂੰ ਗੁਪਤ ਸੁਨੇਹੇ ਵਿਚ ਕਿਹਾ ਕਿ ਪੰਜਾਬ ਵਿਚ ਲੁੱਟਣ ਵਾਸਤੇ ਬੜਾ ਕੁਝ ਹੈ। ਇਸ ਤੋਂ ਇਲਾਵਾ ਕੂਚ ਦੌਰਾਨ ਇਕ ਲੱਖ ਰੋਜ਼ਾਨਾ ਅਤੇ ਕਯਾਮ ਦੌਰਾਨ ਪੰਜਾਹ ਹਜ਼ਾਰ ਰੁਪਏ ਰੋਜ਼ਾਨਾ ਫੌਜੀ ਖਰਚਾ ਦਿਆਂਗਾ। ਜਹਾਨ ਖਾਨ ਦੇ ਡਿਪਟੀ ਉਜ਼ਬੇਕ ਅਫਸਰ ਖਵਾਜਾ ਖਿਜ਼ਰ ਖਾਨ ਨੇ ਅਦੀਨੇ ਨੂੰ ਪਹਾੜੀਆਂ ਵਿਚ ਘੇਰ ਲਿਆ। ਨਾ ਕੇਵਲ ਜਵਾਬ ਤਲਬੀ ਦਾ ਉਤਰ ਦਿੱਤਾ, ਆਪਣੀ ਧੀ ਉਜ਼ਬੇਕ ਨਾਲ ਵਿਆਹ ਕੇ ਉਸ ਨੂੰ ਆਪਣੇ ਵੱਲ ਕਰ ਲਿਆ।

ਸਿੰਧ ਪਾਰ ਤੱਕ ਆਪਣਾ ਝੰਡਾ ਲਹਿਰਾਉਣ ਦੇ ਸੁਫਨੇ ਨਾਲ ਅਤੇ ਲੁੱਟ ਦੇ ਮਾਲ ਦੀ ਆਸ ਵਿਚ ਜਮਨਾ ਪਾਰ ਕਰ ਕੇ ਮਰਾਠੇ ਸਰਹਿੰਦ ਵੱਲ ਚੱਲ ਪਏ। ਇਥੇ ਅਬਦਾਲੀ ਦੇ ਸੂਬੇਦਾਰ, ਪਸ਼ਤੂਨ ਜਰਨੈਲ ਅਬਦੁ ਸਮਦ ਖਾਨ ਨੇ ਤੁਰਤ ਫੁਰਤ ਪਟਿਆਲਾ ਰਿਆਸਤ ਦੇ ਚੀਫ ਬਾਬਾ ਆਲਾ ਸਿੰਘ ਨਾਲ ਸੰਧੀ ਕਰ ਲਈ ਤੇ ਸਰਹਿੰਦ ਦੁਆਲੇ ਮੋਰਚੇ ਲਾ ਲਏ। ਜਨਵਰੀ 1758 ਵਿਚ ਮਰਾਠਾ ਜਰਨੈਲ ਮਲਹਾਰ ਰਾਓ, ਸਮਦ ਖਾਨ ਤੋਂ ਪੰਜ ਲੱਖ ਦਾ ਨਜ਼ਰਾਨਾ ਵਸੂਲ ਕੇ ਜਮਨਾ ਵੱਲ ਵਾਪਸ ਪਰਤ ਗਿਆ। ਫਰਵਰੀ ਵਿਚ ਰਘੂਨਾਥ ਰਾਓ ਅਧੀਨ ਮਰਾਠੇ ਫਿਰ ਸਰਹਿੰਦ ਵੱਲ ਵਧੇ।
ਮਰਾਠੇ ਅੰਬਾਲੇ ਅੱਪੜੇ ਸਨ ਤਾਂ ਪੰਜ ਮਾਰਚ ਨੂੰ ਅਦੀਨੇ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਖਤ ਲਿਖਿਆ, ਮਰਾਠੇ ਬਿਜਲੀ ਵਾਂਗ ਡਿਗੇ ਹਨ। ਅਫਗਾਨਾਂ ਦੇ ਏਜੰਟ ਨੂੰ ਉਨ੍ਹਾਂ ਨਾਲ ਸੁਲਾਹ ਕਰਨੀ ਪੈ ਗਈ, ਬਿਨਾ ਵਕਤ ਗੁਆਏ ਮਰਾਠਿਆਂ ਵਿਰੁਧ ਟੱਕਰ ਲੈਣ ਲਈ ਚੱਲੋ।
ਮਰਾਠਿਆਂ ਦੀ ਦੋ ਲੱਖ ਫੌਜ ਸੀ, ਸਿੱਖਾਂ ਨੇ ਉਨ੍ਹਾਂ ਦੀ ਮਦਦ ‘ਤੇ ਆਉਣਾ ਸੀ, ਸਰਹਿੰਦ ਘੇਰ ਲਿਆ, ਅਫਗਾਨ ਸੂਬੇਦਾਰ ਕਿਲੇ ਵਿਚੋਂ ਭੱਜ ਗਿਆ, ਪਰ ਭੱਜਦਾ ਨੇੜਿਓਂ ਹੀ ਫੜ੍ਹਿਆ ਗਿਆ। ਮਰਾਠਿਆਂ ਅਤੇ ਸਿੱਖਾਂ ਨੇ ਲੁੱਟ ਸ਼ੁਰੂ ਕੀਤੀ, ਕੋਈ ਨਾ ਛੱਡਿਆ, ਫਰਸ਼ ਪੁੱਟ ਸੁੱਟੇ। ਸਰਹਿੰਦ ਵਾਸੀਆਂ ਦੇ ਤਨ ਉਪਰ ਕੱਪੜੇ ਤੱਕ ਨਾ ਰਹੇ। ਸਿੱਖ, ਮਰਾਠੇ, ਮੁਗਲ, ਇਕ ਵਾਰ ਤਾਂ ਸਾਰੇ ਭਾਰਤੀ, ਅਫਗਾਨਾਂ ਵਿਰੁਧ ਇਕੱਠੇ ਹੋ ਗਏ। ਪਹਿਲਾਂ ਜਹਾਨ ਖਾਨ ਨੇ ਮੁਕਾਬਲਾ ਕਰਨ ਬਾਰੇ ਸੋਚਿਆ ਤੇ ਬਟਾਲੇ ਵੱਲੋਂ ਬਿਆਸ ਵੱਲ ਵਧਿਆ। ਇਥੇ ਅੱਠ ਦਿਨ ਬੈਠਾ ਸੋਚਦਾ ਰਿਹਾ ਕਿ ਜਲੰਧਰ ਪਾਰ ਕਰ ਕੇ ਸਰਹਿੰਦ ਵੱਲ ਵਧਾਂ ਕਿ ਨਾ। ਅਗੇਤੀ ਭੇਜੀ ਫੌਜੀ ਟੁਕੜੀ ਨੇ ਵਾਪਸ ਆ ਕੇ ਇਤਲਾਹ ਦਿੱਤੀ ਕਿ ਅਬਦੁ ਸਮਦ ਖਾਂ ਗ੍ਰਿਫਤਾਰ ਕਰ ਲਿਆ ਹੈ ਤੇ ਮਰਾਠਾ ਫੌਜਾਂ ਹੜ੍ਹ ਵਾਂਗ ਬਿਆਸ ਵੱਲ ਵਧ ਰਹੀਆਂ ਹਨ।
ਉਸ ਨੇ ਵਾਪਸ ਲਾਹੌਰ ਪੁਜਣ ਦਾ ਫੈਸਲਾ ਕੀਤਾ ਤੇ ਤੈਮੂਰ ਨੂੰ ਅਫਗਾਨਿਸਤਾਨ ਜਾਣ ਦੀ ਸਲਾਹ ਦਿੱਤੀ। ਹਰ ਬੰਦਾ ਤੇ ਹਰ ਵਸਤੂ ਅਫਗਾਨਿਸਤਾਨ ਲਿਜਾਣੀ ਸੌਖਾ ਕੰਮ ਨਹੀਂ ਸੀ। ਸ਼ਹਿਜ਼ਾਦਾ, ਉਸ ਦੀ ਮਾਂ, ਅਫਗਾਨ ਔਰਤਾਂ, ਦਰਬਾਰ, ਫੌਜਾਂ, ਫਟਾਫਟ ਚਾਰ ਦਰਿਆਵਾਂ- ਰਾਵੀ, ਝਨਾਂ, ਜਿਹਲਮ ਤੇ ਸਿੰਧ ਵਿਚੋਂ ਲੰਘਣਗੀਆਂ। ਜਦੋਂ ਪਤਾ ਲੱਗਾ ਕਿ ਫੌਜਾਂ ਬਿਆਸ ਪਾਰ ਕਰ ਗਈਆਂ ਹਨ, ਤੇ ਅਦੀਨਾ ਬੇਗ ਅਤੇ ਮਰਾਠਾ ਜਰਨੈਲ ਦੀ ਅਗੇਤੀ ਟੁਕੜੀ ਲਾਹੌਰ ਤੋਂ ਕੇਵਲ ਪੰਦਰਾਂ ਮੀਲ ‘ਤੇ ਹੈ, ਅਫਰਾ ਤਫਰੀ ਮੱਚ ਗਈ।
ਸਾਰਾ ਅਫਗਾਨ ਅਮਲਾ ਫਟਾਫਟ ਲਾਹੌਰ ਖਾਲੀ ਕਰ ਕੇ ਕਾਬਲ ਵੱਲ ਤੁਰ ਪਿਆ। ਔਰਤਾਂ ਊਠਾਂ, ਘੋੜਿਆਂ ਉਪਰ, ਪਾਲਕੀਆਂ ਵਿਚ ਬੈਠੀਆਂ। ਰਾਖੀ ਵਾਸਤੇ ਖੁਸਰੇ ਨਾਲ ਨਾਲ ਪੈਦਲ ਚੱਲ ਪਏ। ਸੈਂਕੜੇ ਗੱਡਿਆਂ ਵਿਚ ਸਾਮਾਨ ਲੱਦ ਕੇ ਲਿਜਾਇਆ ਜਾ ਰਿਹਾ ਸੀ। ਦਿਨ ਰਾਤ ਤੁਰਨਾ ਪੈਂਦਾ। ਜਿਹੜਾ ਸਾਮਾਨ ਭਾਰਾ ਪੈਂਦਾ, ਲਿਜਾ ਨਾ ਸਕਦੇ, ਅੱਗ ਲਾ ਦਿੰਦੇ।
ਮਰਾਠਾ ਲੀਡਰਸ਼ਿਪ ਅਧੀਨ ਭਾਰਤੀ ਗੱਠਜੋੜ ਵਾਸਤੇ ਲਾਹੌਰ ਬੇਸਹਾਰਾ, ਲਾਚਾਰ ਸੀ। ਅਦੀਨੇ ਦਾ ਜਵਾਈ ਖਵਾਜਾ ਖਿਜ਼ਰ ਖਾਨ ਮੁਗਲਾਂ ਨਾਲ ਹੁੰਦਾ ਸੀ, ਫਿਰ ਅਫਗਾਨਾਂ ਨਾਲ ਰਲ ਗਿਆ, ਹੁਣ ਮਰਾਠਿਆਂ ਵਾਲੇ ਪਾਸੇ ਸੀ। ਹੋਰ ਬੜੇ ਮੁਗਲ ਅਫਸਰ ਸਨ। ਰਾਵੀ ਤਾਂ ਠੀਕ ਠਾਕ ਪਾਰ ਕਰ ਗਏ, ਵਜ਼ੀਰਾਬਾਦ ਨੇੜੇ ਝਨਾਂ ਪਾਰ ਕਰਦਿਆਂ ਗੜਬੜ ਹੋਈ। ਤੇਜ਼ ਵਗਦੀ ਠੰਢੀ ਝਨਾਂ ਤੈਮੂਰ, ਜਹਾਨ ਖਾਨ ਤੇ ਔਰਤਾਂ ਤਾਂ ਪਾਰ ਕਰ ਗਏ, ਫੌਜ ਅਤੇ ਖਜਾਨਾ ਅਜੇ ਨਦੀ ਦੇ ਪੂਰਬ ਵੱਲ ਪਿਆ ਸੀ ਕਿ ਹਜ਼ਾਰਾਂ ਮਰਾਠੇ ਤੇ ਸਿੱਖ, ਅਫਗਾਨ ਫੌਜ ਉਪਰ ਟੁੱਟ ਪਏ। ਅਨੇਕ ਅਫਗਾਨ, ਉਜ਼ਬੇਕ, ਕਿਜ਼ਲਬਾਸ਼ ਆਦਿ ਕਤਲ ਕਰ ਦਿੱਤੇ। ਬਚੇ ਫੌਜੀ ਗ੍ਰਿਫਤਾਰ ਕਰ ਲਏ। ਲੁੱਟਿਆ ਮਾਲ ਲਾਹੌਰ ਲਿਜਾਣ ਵਾਸਤੇ ਕਈ ਕਾਫਲੇ ਤੁਰੇ। ਸਿੱਖਾਂ ਨੇ ਮੰਗ ਕੀਤੀ ਕਿ ਬੰਦੀ ਪਠਾਣ ਉਨ੍ਹਾਂ ਹਵਾਲੇ ਕੀਤੇ ਜਾਣ। ਜਹਾਨ ਖਾਨ ਦੀ ਫੌਜ ਨੇ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ, ਉਹ ਮਲਬਾ ਇਨ੍ਹਾਂ ਤੋਂ ਚੁਕਵਾਉਣਾ ਸੀ।
ਸਿੰਧ ਦੇ ਪੂਰਬੀ ਕਿਨਾਰੇ ਅਟਕ ਵਿਖੇ ਮਰਾਠਿਆਂ ਨੇ ਝੰਡਾ ਲਹਿਰਾਇਆ ਸੀ, ਇਸ ਬਾਰੇ ਵਿਵਾਦ ਹੈ; ਪਰ ਸਿੱਖਾਂ, ਮਰਾਠਿਆਂ ਤੇ ਮੁਗਲਾਂ ਨੇ ਅਫਗਾਨ ਵਾਪਸ ਪਹਾੜਾਂ ਵੱਲ ਧੱਕ ਦਿੱਤੇ। ਰਘੂਨਾਥ ਰਾਓ ਅਤੇ ਅਦੀਨਾ ਬੇਗ ਝਨਾਂ ਤੋਂ ਪਾਰ ਨਹੀਂ ਗਏ, ਵਾਪਸ ਲਾਹੌਰ ਪਰਤ ਆਏ। ਮਰਾਠਿਆਂ ਨੇ ਅਦੀਨੇ ਤੋਂ ਮਿਥਿਆ ਫੌਜੀ ਖਰਚਾ ਮੰਗਿਆ। ਅਦੀਨੇ ਕਿਹਾ, ਮੈਨੂੰ ਵਕਤ ਤਾਂ ਦਿਉ। ਮਰਾਠਿਆਂ ਨੇ ਉਸ ਦਾ ਕੈਂਪ ਲੁੱਟ ਲਿਆ। ਅਦੀਨਾ ਤੁਰਤ ਰਾਹ ‘ਤੇ ਆ ਗਿਆ। ਇਕ ਲੱਖ ਰੁਪਿਆ ਖਰਚ ਕੇ ਉਹ ਮਰਾਠਿਆਂ ਦੀ ਵਿਜੇ ਦਾ ਜਸ਼ਨ ਮਨਾਏਗਾ। ਸ਼ਾਲੀਮਾਰ ਬਾਗ ਲਾਹੌਰ ਵਿਚ 12 ਅਪਰੈਲ 1758 ਨੂੰ ਸ਼ਾਹਾਨਾ ਦਰਬਾਰ ਸਜਿਆ ਤੇ ਰਘੂਨਾਥ ਰਾਓ ਨੂੰ ਸ਼ਾਨਦਾਰ ਤਖਤ ਉਪਰ ਬਿਠਾਇਆ ਗਿਆ।
ਰਘੂਨਾਥ ਰਾਓ ਨੇ ਅਦੀਨੇ ਨੂੰ ਨਵਾਬ ਦਾ ਖਿਤਾਬ ਦਿੱਤਾ। ਪੰਝੱਤਰ ਲੱਖ ਸਾਲਾਨਾ ਮਾਮਲਾ ਅਦਾ ਕਰਿਆ ਕਰੇਗਾ ਤੇ ਵਾਪਸ ਪਰਤ ਗਿਆ। ਪੰਜਾਬ ਵਿਚ ਵਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ। ਪੰਜਾਬ ਅਫਗਾਨਿਸਤਾਨ ਦੇ ਐਨ ਨਾਲ ਲੱਗਦਾ ਸੀ ਤੇ ਪੂਣੇ ਤੋਂ ਬਹੁਤ ਦੂਰ। ਇੰਨੀ ਦੂਰ ਰਾਜ ਕਰਨਾ ਸੌਖਾ ਨਹੀਂ ਸੀ। ਦੂਜੀ ਗੱਲ ਇਹ ਕਿ ਸਿੱਖ ਨਹੀਂ ਚਾਹੁੰਦੇ ਸਨ, ਮਰਾਠੇ ਪੰਜਾਬ ਵਿਚ ਵਸ ਜਾਣ। ਸਿੱਖਾਂ ਨਾਲ ਸੁਰ ਮਿਲਾ ਕੇ ਪੰਜਾਬ ਅਤੇ ਸਰਹਿੰਦ ਉਤੇ ਰਾਜ ਕਰਨ ਅਤੇ ਮਾਮਲਾ ਉਗਰਾਹੁਣ ਦਾ ਜੋਖਮ ਅਦੀਨੇ ਨੇ ਉਠਾਇਆ ਸੀ। ਪਤਾ ਸੀ ਕਿ ਅਬਦਾਲੀ ਗੱਦਾਰੀ ਕਰਨ ਦੀ ਸਜ਼ਾ ਦੇਵੇਗਾ। ਉਸ ਨੇ ਲਾਹੌਰੋਂ ਹਕੂਮਤ ਨਹੀਂ ਚਲਾਉਣੀ ਸੀ। ਆਪਣੇ ਜਵਾਈ ਮਿਰਜ਼ੇ ਨੂੰ ਪ੍ਰਬੰਧ ਸੌਂਪ ਕੇ ਉਸ ਦੇ ਭਰਾ ਸੱਯਦ ਨੂੰ ਡਿਪਟੀ ਲਾ ਦਿੱਤਾ। ਪੁਰਾਣੇ ਸਾਥੀ ਸਾਦਿਕ ਬੇਗ ਖਾਨ ਨੂੰ ਸਰਹਿੰਦ ਦਿੱਤਾ ਤੇ ਆਪ ਬਟਾਲੇ ਟਿਕ ਗਿਆ। ਮਿਰਜ਼ੇ ਨੇ ਕਹਿ ਦਿੱਤਾ ਕਿ ਧੋਖੇਬਾਜ਼ ਮੁਗਲਾਣੀ ਬੇਗਮ ਨੂੰ ਮੈਂ ਲਾਹੌਰ ਨਹੀਂ ਰਹਿਣ ਦੇਣਾ, ਅਦੀਨਾ ਉਸ ਨੂੰ ਬਟਾਲੇ ਲੈ ਆਇਆ।
ਅਦੀਨਾ ਬੇਗ ਨੇ ਮੁੱਦਤ ਤੱਕ ਮੁਸ਼ੱਕਤ, ਖਤਰੇ ਅਤੇ ਉਤਸੁਕਤਾ ਵਿਚ ਗੁਜ਼ਾਰਦਿਆਂ, ਕਦੇ ਬੱਬਰ ਸ਼ੇਰ ਹੋਣਾ, ਕਦੇ ਝੁਕ ਜਾਣਾ। ਆਖਰ ਉਸ ਦਾ ਸੁਫਨਾ ਰੰਗ ਲਿਆਇਆ। ਸਿੱਖਾਂ ਨੂੰ ਉਸ ਨੇ ਖੁਸ਼ ਕਰ ਲਿਆ, ਦਿੱਲੀ ਦਰਬਾਰ ਨੂੰ ਬੇਅਸਰ ਕਰ ਦਿੱਤਾ, ਅਫਗਾਨਾਂ ਨੂੰ ਭੈਭੀਤ ਕਰ ਕੇ ਭਜਾ ਦਿੱਤਾ, ਮਰਾਠੇ ਸੰਤੁਸ਼ਟ ਕਰ ਲਏ, ਹੁਣ ਉਹ ਖੁਦਮੁਖਤਾਰ ਹੋ ਸਕੇਗਾ। ਸਿੰਧ ਤੋਂ ਜਮਨਾ ਤੱਕ ਦਾ ਪੰਜਾਬ ਅਦੀਨਾ ਬੇਗ ਦੇ ਕਬਜ਼ੇ ਵਿਚ ਆ ਗਿਆ। ਦਿੱਲੀ ਬੁਰੀ ਤਰ੍ਹਾਂ ਕਮਜ਼ੋਰ, ਅਫਗਾਨ ਦਫਾ ਹੋਏ। ਮਰਾਠੇ ਇੰਨੀ ਦੂਰ ਕਿ ਸ਼ਰਾਰਤ ਨਹੀਂ ਸੀ ਕਰ ਸਕਦੇ। ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਮਾਨ ਉਸ ਨੂੰ ਦੋ ਦਹਾਕਿਆਂ ਤੋਂ ਜਾਣਦੇ ਸਨ। ਹਮਲਿਆਂ, ਟੱਕਰਾਂ, ਲੁੱਟਾਂ, ਕਤਲਾਂ ਤੋਂ ਅੱਕੇ ਲੋਕਾਂ ਨੂੰ ਉਸ ਦੀ ਸਰਕਾਰ ਠੀਕ ਲੱਗੀ।
75 ਲੱਖ ਮਾਮਲਾ ਤਦੇ ਇਕੱਠਾ ਹੋਵੇਗਾ, ਜੇ ਚੰਗੀ ਖੇਤੀ ਹੋਈ ਤੇ ਵਪਾਰ ਸੁਰੱਖਿਅਤ ਰਿਹਾ। ਸਿੱਖ ਹਮਲੇ ਕਰਨੋਂ ਨਾ ਹਟੇ ਤਾਂ ਮਨੋਰਥ ਪੂਰਾ ਨਹੀਂ ਹੋਵੇਗਾ। ਸਿੱਖਾਂ ਦੇ ਕਈ ਲੀਡਰਾਂ ਨਾਲ ਉਸ ਦਾ ਰਾਬਤਾ ਸੀ, ਮਿੱਤਰਤਾ ਸੀ। ਉਸ ਨੇ ਸਿੱਖਾਂ ਨੂੰ ਲੁੱਟ ਖੋਹ ਬੰਦ ਕਰਨ ਲਈ ਕਿਹਾ, ਉਹ ਨਾ ਮੰਨੇ ਤਾਂ ਸਖਤੀ ਕਰਨ ਦਾ ਫੈਸਲਾ ਕੀਤਾ। ਦਲਾਂ ਦੀਆਂ ਵਫਾਦਾਰੀਆਂ ਵਿਚਲਾ ਬਦਲਾਓ ਸਾਡੀ ਪੰਜਾਬ ਕਥਾ ਦਾ ਤਾਣਾ ਪੇਟਾ ਹੈ। ਥੋੜ੍ਹੇ ਹਫਤੇ ਪਹਿਲਾਂ ਜਿਹੜੇ ਸਿੱਖ ਉਸ ਦੀ ਧਿਰ ਬਣ ਕੇ ਅਫਗਾਨਾਂ ਵਿਰੁਧ ਲੜੇ ਸਨ, 1758 ਦੀਆਂ ਗਰਮੀਆਂ ਵਿਚ ਉਸ ਨੇ ਉਨ੍ਹਾਂ ਨੂੰ ਦਬਾਉਣ ਦਾ ਇਰਾਦਾ ਕਰ ਲਿਆ। ਉਸ ਕੋਲ ਦਸ ਹਜ਼ਾਰ ਘੋੜ ਸਵਾਰ ਅਤੇ ਪੈਦਲ ਸੈਨਾ ਸੀ। ਦੋਆਬ ਦੇ ਹਰ ਵੱਡੇ ਜਿਮੀਂਦਾਰ ਨੂੰ ਉਸ ਨੇ ਭਰਤੀ ਵਾਸਤੇ ਕਿਹਾ। ਸਿੰਧ ਸਾਗਰ ਦੋਆਬ ਦੇ ਗੱਖੜ, ਜੰਜੂਏ, ਘੇਬੇ, ਚੱਜ ਦੋਆਬ ਦੇ ਚੌਧਰੀ ਰਹਿਮਤ ਖਾਨ ਵੜੈਚ, ਜੰਮੂ ਦੇ ਰਾਜਾ ਰਣਜੀਤ ਤੇ ਬਾਰੀ ਦੋਆਬ ਦੇ ਮੁਖੀਆਂ, ਨਿਸ਼ਾਨ ਸਿੰਘ ਰੰਧਾਵਾ ਤੋਂ ਇਲਾਵਾ ਜਲੰਧਰ ਦੋਆਬ ਦੇ ਵਪਾਰੀਆਂ ਤੋਂ ਮਦਦ ਮੰਗੀ।
ਜਲਦੀ ਤਕੜੀ ਫੌਜ ਜੁੜ ਗਈ ਜੋ ਦੋ ਤਰੀਕਿਆਂ ਨਾਲ ਪਹਿਲਾਂ ਦੀਆਂ ਫੌਜਾਂ ਤੋਂ ਵੱਖਰੀ ਸੀ। ਅਫਗਾਨਾਂ, ਮੁਗਲਾਂ, ਮਰਾਠਿਆਂ ਵਾਂਗ ਇਹ ਪਰਦੇਸੀ ਫੌਜ ਨਹੀਂ ਸੀ, ਜਿਸ ਦਾ ਭਾਰ ਪੰਜਾਬੀਆਂ ਨੇ ਆਪਣੇ ਮੋਢਿਆਂ ‘ਤੇ ਢੋਇਆ ਹੋਵੇ। ਪੰਜਾਬ ਦੀ ਧਰਤੀ ‘ਤੇ ਜੰਮੇ ਪਲੇ ਪੰਜਾਬੀਆਂ ਦੀ ਸੈਨਾ। ਦੂਜਾ ਇਸ ਫੌਜ ਵਿਚ ਰੰਗ ਬਰੰਗੀਆਂ ਜਾਤਾਂ, ਕਬੀਲਿਆਂ, ਇਲਾਕਿਆਂ ਅਤੇ ਧਰਮਾਂ ਦੇ ਲੋਕ ਸਨ। ਅਦੀਨੇ ਤੋਂ ਪਹਿਲਾਂ ਅਜਿਹੀ ਸੰਜੁਗਤ ਫੌਜ ਨਹੀਂ ਹੁੰਦੀ ਸੀ। ਪਰ ਅਦੀਨੇ ਦਾ ਦੁਸ਼ਮਣ ਜਿਹੜਾ ਪੰਜਾਬ ਉਪਰ ਆਪਣਾ ਹੱਕ ਸਮਝਦਾ ਸੀ, ਉਹ ਵੀ ਦੇਸੀ ਸੀ, ਇਸੇ ਧਰਤੀ ਦਾ, ਖਾਲਸਾ ਪੰਥ। ਸਦੀਆਂ ਤੋਂ ਪਰਵਾਨ ਚੜ੍ਹਦਾ ਆ ਰਿਹਾ, ਗੁਰੂ ਗੋਬਿੰਦ ਸਿੰਘ ਵਲੋਂ ਵਰੋਸਾਇਆ ਖਾਲਸਾ ਪੰਥ ਪੰਜਾਬ ਦੀ ਤਕੜੀ ਧਿਰ ਬਣ ਚੁਕਾ ਸੀ। ਗੁਰੂ ਗੋਬਿੰਦ ਸਿੰਘ ਦੇ ਅਕਾਲ ਚਲਾਣੇ ਤੋਂ ਪੰਜਾਹ ਸਾਲ ਬਾਅਦ ਨਵੀਂ ਪੀੜ੍ਹੀ ਦੀ ਸੈਨਾ ਦਰਜਨ ਮਿਸਲਾਂ ਵਿਚ ਵਿਚਰ ਰਹੀ ਸੀ। ਵੱਖ ਵੱਖ ਇਲਾਕਿਆਂ ਤੋਂ ਯੋਧੇ, ਹਰ ਮਿਸਲ ਦਾ ਆਪਣਾ ਸਰਦਾਰ।
ਅਦੀਨਾ ਬੇਗ ਭਾਵੇਂ ਪੰਜਾਬ ਦੀ ਅਗਵਾਈ ਕਰ ਰਿਹਾ ਸੀ, ਪਰ ਸਿੱਖਾਂ ਦਾ ਦੋ ਕਾਰਨਾਂ ਸਦਕਾ ਖੂਨ ਖੌਲ ਰਿਹਾ ਸੀ। ਇਕ ਤਾਂ ਗੁਰੂ ਗੋਬਿੰਦ ਸਿੰਘ ਵਰ ਦੇ ਗਏ ਸਨ- ਰਾਜ ਕਰੇਗਾ ਖਾਲਸਾ, ਇਹ ਵਰਦਾਨ ਪੂਰਾ ਹੋਵੇਗਾ, ਕੋਈ ਸ਼ੱਕ ਹੀ ਨਹੀਂ। ਦੂਜਾ ਉਨ੍ਹਾਂ ਨਾਲ ਬੇਇਨਸਾਫੀ ਹੁੰਦੀ ਆਈ ਹੈ, ਰੋਕਣੀ ਹੈ। ਅਠਾਹਰਵੀਂ ਸਦੀ ਢਲਣ ਵਕਤ ਇਕ ਪਾਸੇ ਅਦੀਨੇ ਦੀ ਸੱਤਾ ਸੀ, ਦੂਜੇ ਪਾਸੇ ਸਿੱਖਾਂ ਦਾ ਜਜ਼ਬਾ। ਦੋਵੇਂ ਟਕਰਾਉਣਗੇ। ਅਦੀਨਾ ਮਰਾਠਿਆਂ ਦੇ ਰਹਿਮੋ ਕਰਮ ਉਤੇ ਸੀ, ਉਸ ਦੀ ਆਪਣੀ ਕਿਹੜੀ ਤਾਕਤ? ਸਰਕਾਰ ਦੀ ਜਿਹੜੀ ਸ਼ਾਨ ਪੁਰਾਣੇ ਮੁਗਲਾਂ ਵੇਲੇ ਸੀ, ਹੁਣ ਕਿਥੇ? ਅਦੀਨਾ ਬੇਗ ਦੀ ਚੌਧਰ ਤਾਂ ਬਣ ਗਈ ਸੀ, ਪੰਜਾਬ ਦੀ ਚੌਧਰ?
ਕਾਫੀ ਸੈਨਾ ਜਥੇਬੰਦ ਕਰਨ ਦੇ ਬਾਵਜੂਦ ਉਸ ਦਾ ਪਹਿਲਾ ਯਤਨ ਸਫਲ ਨਾ ਹੋਇਆ। ਉਹ ਹੈਰਾਨ ਹੋ ਗਿਆ, ਜਦੋਂ ਪਤਾ ਲੱਗਾ ਕਿ ਸਿੱਖਾਂ ਦਾ ਮਜ਼ਬੂਤ ਦਲ ਅਦੀਨਾ ਨਗਰ ਪੁੱਜ ਗਿਆ ਹੈ। ਅਦੀਨੇ ਨੇ ਆਪਣਾ ਦੀਵਾਨ ਹੀਰਾ ਮੱਲ, ਦੂਜਾ ਅਕਲ ਦਾਸ ਜੰਗਿਆਲੇ ਦਾ (ਜੋ ਗੁਰੂ ਅਖਵਾਉਂਦਾ ਸੀ) ਨੂੰ ਸੈਨਾ ਦੇ ਕੇ ਸਿੱਖਾਂ ਖਿਲਾਫ ਭੇਜੇ। ਕਾਦੀਆਂ ਨਜ਼ਦੀਕ ਖੂਨੀ ਜੰਗ ਹੋਈ। ਹੀਰਾ ਮੱਲ ਮਾਰਿਆ ਗਿਆ। ਉਸ ਦੀ ਫੌਜ ਭੱਜ ਉਠੀ ਤੇ ਮਾਲ ਅਸਬਾਬ ਸਿੱਖਾਂ ਦੇ ਕਾਬੂ ਆ ਗਿਆ। ਕੁਝ ਸਿੱਖ ਵੀ ਹੀਰਾ ਮੱਲ ਦੀ ਫੌਜ ਵਿਚ ਸਨ, ਤਾਂ ਵੀ ਹਾਰ ਹੋਈ।
ਦੀਵਾਨ ਦੀ ਮੌਤ ਅਤੇ ਸੈਨਾ ਦੀ ਹਾਰ ਕਾਰਨ ਅਦੀਨੇ ਨੂੰ ਅੱਗ ਲੱਗ ਗਈ। ਉਹ ਬਦਲਾਖੋਰ ਹੋ ਗਿਆ। ਹਰ ਪਿੰਡ ਹਰ ਚੀਫ ਨੂੰ ਉਸ ਨੇ ਫਰਮਾਨ ਭੇਜੇ, ਸਿੱਖਾਂ ਨੂੰ ਪੰਜਾਬ ਵਿਚੋਂ ਬਾਹਰ ਧੱਕਣ ਵਾਸਤੇ ਹਮਲੇ ਕਰਨ ਦੀ ਕਸਮ ਖਾਓ। ਜਿਥੇ ਕਿਤੇ ਸਿੱਖ ਦਿਸੇ, ਕਤਲ ਕਰੋ। ਬਟਾਲੇ ਦੇ ਸਮਕਾਲੀ ਇਤਿਹਾਸਕਾਰ ਅਹਿਮਦ ਸ਼ਾਹ ਨੇ ਲਿਖਿਆ: ਸਿੱਖਾਂ ਨੂੰ ਜੜ੍ਹੋਂ ਉਖਾੜਨ ਵਾਸਤੇ ਪੰਜਾਬ ਦੇ ਸਾਰੇ ਜਿਮੀਂਦਾਰਾਂ ਨੇ ਅਦੀਨੇ ਦਾ ਹੁਕਮ ਮੰਨਦਿਆਂ ਵਿਉਂਤਬੰਦੀ ਸ਼ੁਰੂ ਕਰ ਦਿੱਤੀ। ਸਾਰਿਆਂ ਨਾਲੋਂ ਵੱਧ ਰੰਧਾਵਿਆਂ ਨੇ ਬਾਗੀਆਂ ਦੀ ਤਬਾਹੀ ਵਾਸਤੇ ਉਤਸ਼ਾਹ ਦਿਖਾਇਆ। ਘਬਰਾ ਕੇ ਸਿੱਖਾਂ ਨੇ ਵਾਰਦਾਤਾਂ ਘਟਾ ਦਿੱਤੀਆਂ, ਕਈ ਇਧਰ ਉਧਰ ਲੁਕ ਛੁਪ ਗਏ।
ਬਾਗੀ ਜੰਗਲਾਂ ਵਿਚ ਛੁਪ ਗਏ। ਅਦੀਨੇ ਨੇ ਆਪਣੇ ਵਫਾਦਾਰ ਦਰਬਾਰੀ ਮਿਰਜ਼ਾ ਅਜੀਜ਼ ਬਖਸ਼ ਨੂੰ ਜੰਗਲ ਕੱਟਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਮਕਸਦ ਵਾਸਤੇ ਇਕ ਹਜ਼ਾਰ ਤਰਖਾਣਾਂ ਨੂੰ ਆਰੇ-ਆਰੀਆਂ ਦਿੱਤੇ। ਅਹਿਮਦਸ਼ਾਹ ਲਿਖਦਾ ਹੈ: ਪਰ ਸਿੱਖਾਂ ਦਾ ਬਹੁਤ ਬਲਵਾਨ ਜਥਾ ਅੰਮ੍ਰਿਤਸਰ ਵੱਲ ਆਪਣੇ ਪਵਿਤਰ ਥਾਂਵਾਂ ਦੀ ਰਾਖੀ ਲਈ ਚੱਲ ਪਿਆ ਤੇ ਰਾਮ ਰੌਣੀ ਦਾ ਕਿਲਾ ਮੱਲ ਲਿਆ। ਦਸ ਸਾਲ ਪਹਿਲਾਂ ਵੀ ਇਸ ਕਿਲੇ ਵਿਚ ਸਿੱਖਾਂ ਨੇ ਜਲਵਾ ਦਿਖਾਇਆ ਸੀ।
ਮਿਰਜ਼ਾ ਅਜੀਜ਼ ਨੇ ਕਿਲਾ ਤਾਂ ਖਾਲੀ ਕਰਵਾ ਲਿਆ, ਪਰ ਸਿੱਖਾਂ ਦੀਆਂ ਬੰਦੂਕਾਂ ਅਤੇ ਤੀਰਾਂ ਨੇ ਨੁਕਸਾਨ ਬਹੁਤ ਕੀਤਾ। ਕੁਝ ਪੈਦਲ, ਕੁਝ ਘੋੜਿਆਂ ਉਪਰ ਆਏ ਸਿੱਖ ਅਦੀਨੇ ਦੀ ਬੇਸ਼ੁਮਾਰ ਫੌਜ ਉਤੇ ਟੁੱਟ ਪਏ। ਰਾਮ ਰੌਣੀ ਕਿਲੇ ਵਿਚੋਂ ਕੁਝ ਭੱਜ ਗਏ, ਪਰ ਬਹੁਤੇ ਮਾਰੇ ਗਏ ਜਾਂ ਫੜ੍ਹੇ ਗਏ। ਕੁਝ ਸਿੱਖ ਮਾਲਵੇ ਵੱਲ ਆ ਗਏ ਜੋ ਸਰਹਿੰਦ ਸਰਕਾਰ ਦੇ ਨਾਲ ਲੱਗਦਾ ਸੀ। ਇਥੇ ਸਾਦਿਕ ਬੇਗ ਖਾਨ ਨੇ ਉਨ੍ਹਾਂ ਦਾ ਪਿੱਛਾ ਕੀਤਾ, ਪਰ ਸੂਰਮਗਤੀ ਨਾਲ ਜਵਾਬੀ ਹਮਲੇ ਕਰਦਿਆਂ ਸਿੱਖਾਂ ਨੇ ਹੈਰਾਨੀਜਨਕ ਬੀਰਤਾ ਦਿਖਾਈ। ਉਹ ਹਮਲਾ ਕਰਨ ਪਿਛੋਂ ਦੌੜ ਜਾਂਦੇ।

ਅਦੀਨੇ ਨੇ ਹਿੰਦੂ, ਮੁਸਲਮਾਨ, ਸਿੱਖ ਪੰਜਾਬੀਆਂ ਨੂੰ ਸੰਤੁਸ਼ਟ ਕਰਨਾ ਚਾਹਿਆ। ਜੰਮੂ ਦਾ ਰਣਜੀਤ ਦੇਵ, ਕਾਂਗੜੇ ਦੇ ਘਮੰਡ ਨੰਦ, ਕਰਤਾਰਪੁਰ ਦਾ ਬੜਭਾਗ ਸਿੰਘ ਤੇ ਕਪੂਰਥਲੇ ਦਾ ਰਾਇ ਇਬਰਾਹੀਮ ਉਸ ਦੇ ਵੱਡੇ ਸਹਿਯੋਗੀ ਹੋ ਗਏ। ਫੌਜ ਦਾ ਖਰਚਾ ਘਟਾਉਣ ਲਈ ਛੇ ਛੇ ਮਹੀਨਿਆਂ ਬਾਅਦ ਫੌਜੀਆਂ ਨੂੰ ਬਦਲਦਾ ਰਹਿੰਦਾ। ਮਾਮਲਾ ਉਗਰਾਹੁਣ ਦਾ ਉਸਤਾਦ ਉਹ ਹੈ ਹੀ ਸੀ। ਜਲੰਧਰ ਦੇ ਕਾਜ਼ੀ ਪਾਸੋਂ ਪੋਸਤ ਦੇ ਡੋਡਿਆਂ ਦਾ ਢੇਰ ਫੜ੍ਹ ਲਿਆ। ਕੁਰਾਨ ਦੇ ਨਸ਼ਿਆਂ ਵਿਰੋਧੀ ਹੁਕਮ ਨੂੰ ਕਿਉਂ ਤੋੜਿਆ? ਤੀਹ ਹਜ਼ਾਰ ਜੁਰਮਾਨਾ ਕੀਤਾ।
1758 ਦੀਆਂ ਗਰਮੀਆਂ ਵਿਚ ਉਸ ਨੇ ਅਜਿਹੀ ਸਰਕਾਰ ਵਿਉਂਤਣ ਦਾ ਮਨ ਬਣਾਇਆ ਜੋ ਪੂਰੀ ਦੇਸੀ ਹੋਵੇ; ਕਾਮਿਆਂ, ਕਿਸਾਨਾਂ, ਵਪਾਰੀਆਂ ਦੀਆਂ ਮੁਸ਼ਕਿਲਾਂ ਸਮਝਦੀ ਹੋਵੇ; ਪਰ ਰੱਬ ਦੀਆਂ ਦੋ ਇੱਛਾਵਾਂ ਕਾਰਨ ਵਿਘਨ ਪਿਆ। ਉਸ ਸਾਲ ਮੀਂਹ ਪਿਆ ਹੀ ਨਾ, ਕਾਲ ਪੈ ਗਿਆ; ਅੰਨ ਦੀ ਕੀਮਤ ਅਸਮਾਨ ਛੂਹਣ ਲੱਗੀ। ਪੰਜਾਬ ਝੰਬਿਆ ਗਿਆ।
ਅਦੀਨੇ ਦਾ ਕਾਹਲੀ ਵਿਚ ਲਿਆ ਇਕ ਫੈਸਲਾ ਨੁਕਸਾਨਦਾਇਕ ਹੋਇਆ। ਮਾਝੇ ਦੇ ਸਿੱਖ ਭੁੱਖ ਸਦਕਾ ਮਰ ਜਾਣ, ਉਸ ਨੇ ਮਾਲਵੇ ਵਿਚੋਂ ਅਨਾਜ ਮਾਝੇ ਵਿਚ ਨਾ ਜਾਣ ਦਿੱਤਾ। ਇਸ ਬੰਦੀ ਕਾਰਨ ਮਾਝੇ ਦੇ ਹਿੰਦੂ, ਮੁਸਲਮਾਨ ਗੁੱਸੇ ਵਿਚ ਆ ਗਏ। ਗਰੀਬਾਂ ਦਾ ਇੰਨਾ ਬੁਰਾ ਹਾਲ ਕਿ ਆਪਣਾ ਘਰ ਘਾਟ ਛੱਡ ਕੇ ਜਿਧਰ ਮੂੰਹ ਹੋਇਆ, ਤੁਰ ਪਏ। ਲਾਹੌਰ ਵਿਚਲਾ ਇਕ ਅੰਗਰੇਜ਼ ਮੁਲਾਜ਼ਮ ਲਿਖਦਾ ਹੈ: ਰੱਬ ਦੀ ਇੱਛਾ ਨਾਲ ਸਿੱਖ ਹਰ ਰੋਜ਼ ਤਾਕਤਵਰ ਹੋਣ ਲੱਗੇ।
ਅਦੀਨਾ ਅਚਾਨਕ ਬਿਮਾਰ ਹੋ ਗਿਆ। ਪੇਟ ਦੇ ਤਿੱਖੇ ਦਰਦ ਕਾਰਨ 15 ਸਤੰਬਰ ਨੂੰ ਬਟਾਲੇ ਪ੍ਰਾਣ ਤਿਆਗ ਦਿੱਤੇ। ਉਹ ਅਜੇ ਪੰਜਾਹ ਕੁ ਸਾਲ ਦਾ ਸੀ। ਵਸੀਅਤ ਅਨੁਸਾਰ ਉਸ ਨੂੰ ਹੁਸ਼ਿਆਰਪੁਰ ਨੇੜੇ ਖਾਨਪੁਰ ਵਿਚ ਦਫਨ ਕੀਤਾ। ਜਲੰਧਰ ਦੋਆਬ ਵਿਚ ਪੈਂਦੇ ਇਸ ਥਾਂ ਨਾਲ ਉਸ ਦਾ ਬਹੁਤ ਮੋਹ ਸੀ। ਦੇਸੀ ਪੰਜਾਬੀ ਮੁਸਲਮਾਨ ਜਿਸ ਨੇ ਖੁਦਮੁਖਤਾਰ ਪੰਜਾਬ ਉਤੇ ਰਾਜ ਕੀਤਾ ਤੇ ਜਿਸ ਨੇ ਪੰਜਾਬੀਆਂ ਦਾ ਭਲਾ ਚਾਹਿਆ, ਪੰਜ ਮਹੀਨਿਆਂ ਦੇ ਸੰਖੇਪ ਅਰਸੇ ਬਾਅਦ ਖਤਮ। ਜਿਉਂਦਾ ਰਹਿੰਦਾ ਤਾਂ ਵੀ ਇਸ ਰਾਜ ਨੇ ਖਤਮ ਤਾਂ ਹੋਣਾ ਹੀ ਸੀ, ਕਿਉਂਕਿ ਸਿੰਧ ਪਾਰ ਬੈਠਾ ਅਬਦਾਲੀ ਅਦੀਨੇ ਨੂੰ ਸਜ਼ਾ ਦੇਣ ਦੀ ਤਿਆਰੀ ਕਰ ਰਿਹਾ ਸੀ ਜਿਸ ਨੇ ਉਸ ਦੇ ਸ਼ਹਿਜ਼ਾਦੇ ਦੀ ਬੇਇੱਜਤੀ ਕੀਤੀ ਸੀ। ਇਸ ਦਾ ਬਦਲਾ ਲੈਣਾ ਜ਼ਰੂਰੀ ਸੀ।
ਦੂਜੀ ਹੱਤਕ ਕਿਸੇ ਹੋਰ ਪਾਸਿਓਂ ਹੋਣੀ ਸੀ। ਸਿੱਖਾਂ ਵਿਚ ਉਸ ਵਿਰੁਧ ਗੁੱਸਾ ਸੀ, ਸਖਤੀਆਂ ਕੀਤੀਆਂ ਸਨ। ਬਦਲੇ ਵਜੋਂ ਸਿੱਖਾਂ ਨੇ ਉਸ ਦੀ ਕਬਰ ਪੁੱਟੀ ਤੇ ਲਾਸ਼ ਅੱਗ ਵਿਚ ਸਾੜ੍ਹ ਦਿੱਤੀ। ਖੈਰ, ਮਰਾਠਿਆਂ ਨੇ ਅਦੀਨੇ ਦੀ ਵਿਧਵਾ ਨੂੰ ਸੱਤਾ ਸੌਂਪ ਦਿੱਤੀ। ਅਦੀਨੇ ਦੀ ਮੌਤ ਪਿਛੋਂ ਮੁਗਲਾਣੀ ਬੇਗਮ ਨੇ ਜੰਮੂ ਦੇ ਰਾਜੇ ਰਣਜੀਤ ਦੇਵ ਕੋਲ ਸ਼ਰਨ ਲੈ ਲਈ। ਦੋ ਸਾਲ ਬਾਅਦ ਅਬਦਾਲੀ ਨੇ ਹੱਲਾ ਬੋਲਿਆ ਤਾਂ ਬੇਗਮ ਨੂੰ ਸਰਕਾਰ ਸਿਆਲਕੋਟ ਦੇ ਦਿੱਤੀ, ਪਰ ਇਕ ਸਾਲ ਬਾਅਦ 1761 ਵਿਚ ਜਦੋਂ ਉਸ ਨੇ ਆਪਣੇ ਖੁਸਰੇ ਨੌਕਰ ਸ਼ਾਹਬਾਜ਼ ਨਾਲ ਵਿਆਹ ਕਰਵਾ ਲਿਆ ਤਾਂ ਬਦਨਾਮ ਹੋਈ।
ਮੁਗਲ ਸਰਕਾਰ ਦੀ ਇਸ ਸਾਜ਼ਿਸ਼ਕਾਰ ਔਰਤ ਦੀ ਮੌਤ ਗਰੀਬੀ ਹੰਢਾਉਂਦਿਆਂ 1779 ਵਿਚ ਜੰਮੂ ਹੋਈ। ਕਮਜ਼ੋਰ ਦਰਬਾਰੀ, ਪਬਲਿਕ ਅਤੇ ਪ੍ਰਾਈਵੇਟ ਜੀਵਨ ਵਿਚ ਫਰਕ ਨਾ ਕਰਨ ਕਾਰਨ ਬੇਗਮ ਨੂੰ ਨਫਰਤ ਕਰਦੇ ਸਨ। ਉਹ ਆਪ ਵੀ ਅਜਿਹਾ ਕੁਝ ਬੜਾ ਕਰਦੇ ਸਨ, ਪਰ ਉਹ ਤਾਂ ਮਰਦ ਸਨ, ਔਰਤ ਨੂੰ ਆਗਿਆ ਨਹੀਂ ਸੀ।