ਉਘੇ ਲਿਖਾਰੀ ਸਬਿੰਦਰਜੀਤ ਸਿੰਘ ਸਾਗਰ ਨੇ ਇਸ ਲੇਖ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਸਾਹਿਤ ਦਾ ਅਧਿਐਨ ਕਰਦਿਆਂ ਉਸ ਸਮੇਂ ਦੇ ਸਮਾਜਕ-ਸਭਿਆਚਾਰਕ ਹਾਲਾਤ ਦਾ ਵਰਣਨ ਕੀਤਾ ਹੈ। ਕਈ ਪੱਖਾਂ ਤੋਂ ਇਹ ਲੇਖ ਵਾਹਵਾ ਦਿਲਚਸਪ ਹੈ ਅਤੇ ਇਸ ਵਿਚ ਕਈ ਨਵੀਆਂ ਪਰਤਾਂ ਵੀ ਫਰੋਲੀਆਂ ਗਈਆਂ ਹਨ।
-ਸੰਪਾਦਕ
ਸਬਿੰਦਰਜੀਤ ਸਿੰਘ ਸਾਗਰ
ਮਹਾਰਾਜਾ ਰਣਜੀਤ ਸਿੰਘ ਕਾਲ ਦੇ ਸਮਾਜਕ-ਸਭਿਆਚਾਰਕ ਹਾਲਾਤ ਨੂੰ ਸਮਝਣ ਲਈ ਸਾਹਿਤ ਅਹਿਮ ਅੰਤਰ-ਦ੍ਰਿਸ਼ਟੀ ਮੁਹੱਈਆ ਕਰਦਾ ਹੈ। ਸਾਹਿਤ ਦੀ ਗਵਾਹੀ ਅਸਿੱਧੀ ਹੋਣ ਕਰ ਕੇ ਉਸ ਸਮੇਂ ਦੇ ਸਹੀ ਪਰਿਪੇਖ ਨੂੰ ਸਮਝਣ ਵਿਚ ਸਹਾਈ ਹੋ ਸਕਦੀ ਹੈ। ਮਹਾਰਾਜਾ ਰਣਜੀਤ ਸਿੰਘ ਕਾਲ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਪ੍ਰਕ੍ਰਿਆ ਨੂੰ ਸਮਝਿਆ ਜਾਵੇ ਜੋ ਸਿੱਖ ਰਾਜ ਦੀ ਸਥਾਪਨਾ ਤੋਂ ਪਹਿਲਾਂ ਕਾਰਜਸ਼ੀਲ ਰਹੀ ਸੀ। ਇਸ ਨੂੰ ਸਮਝਣ ਵਿਚ ਜਨਮ ਸਾਖੀ ਸਾਹਿਤ-ਰੂਪ ਦਾ, ਗੁਰਬਿਲਾਸ-ਰੂਪ ਵਿਚ ਰੂਪਾਂਤਰਨ ਮਦਦ ਕਰਦਾ ਹੈ। ਜਨਮ ਸਾਖੀ ਸਾਹਿਤ ਦਾ ਮੁੱਖ ਉਦੇਸ਼ ਸਿੱਖ ਲਹਿਰ ਦੇ ਤਤਕਾਲੀਨ ਸਰੋਕਾਰਾਂ ਦੇ ਮੱਦੇਨਜ਼ਰ ਸਿਧਾਂਤਕ ਵਿਆਖਿਆ ਕਰਨਾ ਸੀ, ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹ ਸਾਹਿਤ-ਰੂਪ ਪ੍ਰਸੰਗਿਕ ਨਹੀਂ ਰਿਹਾ। ਇਹੀ ਕਾਰਨ ਹੈ ਕਿ 18ਵੀਂ ਸਦੀ ਦੇ ਅਰੰਭ ਤਕ ਉਨ੍ਹਾਂ ਵਿਚ ਸਿਰਜਣਾਤਮਕ ਕਲਪਨਾ ਮੁੱਕ ਗਈ ਸੀ। ‘ਬਚ੍ਰਿੱਤ ਨਾਟਕ’ ਤੋਂ ਪਤਾ ਲਗਦਾ ਹੈ ਕਿ ‘ਸਿੱਖ ਬੜੇ ਦੁਖਦਾਈ ਤਰੀਕੇ ਨਾਲ ਇਤਿਹਾਸ ਵਿਚ ਪ੍ਰਵੇਸ਼ ਕਰਦੇ ਹਨ।’
ਸਿੱਖ ਲਹਿਰ ਨੂੰ ਵਿਆਪਕ ਪਾਸਾਰ ਦੇਣ ਲਈ ਸਿੱਖ ਧਰਮ ਬਾਹਰਲੇ ਮਨੁੱਖਾਂ ਨੂੰ ਅਜਿਹੇ ਸਮਾਜਕ ਆਚਾਰ ਦੀ ਸੰਸਥਾ ਵਿਚ ਢਾਲਣ ਦੀ ਲੋੜ ਸੀ ਜਿਸ ਨਾਲ ਸਿੱਖਾਂ ਨੂੰ ਸਿਆਸੀ ਸ਼ਕਤੀ ਦੇ ਤੌਰ ‘ਤੇ ਉਭਾਰਿਆ ਜਾ ਸਕੇ। ਸੈਨਾਪਤਿ ਰਚਿਤ ‘ਗੁਰ ਸੋਭਾ’ ਵਿਚ ਭਾਵੇਂ ਮੁੱਖ ਸਰੋਕਾਰ ਖਾਲਸੇ ਦੀ ਉਤਪਤੀ ਅਤੇ ਉਸ ਦਾ ਬ੍ਰਹਮ ਵਿਦਿਅਕ ਸਥਾਨ ਨਿਰਧਾਰਤ ਕਰਨ ਦੇ ਨਾਲ ਨਾਲ ਭਵਿਖ ਦੀ ਚਿੰਤਾ ਸੀ, ਪਰ 18ਵੀਂ ਸਦੀ ਦੇ ਅੰਤ ਵਿਚ ਭਾਈ ਸੁੱਖਾ ਸਿੰਘ ਰਚਿਤ ‘ਗੁਰਬਿਲਾਸ ਦਸਵੀਂ ਪਾਤਸ਼ਾਹੀ’ ਦੀਆਂ ਅੰਦਰਲੀਆਂ ਗਵਾਹੀਆਂ ਤੋਂ ਪਤਾ ਚਲਦਾ ਹੈ ਕਿ ਮੁਸਲਮਾਨਾਂ ਪ੍ਰਤੀ ਸਿੱਖ ਰਵੱਈਆ ਬਦਲ ਰਿਹਾ ਸੀ। ਇਸ ਰਚਨਾ ਵਿਚ ਗੁਰੂ ਸਾਹਿਬ ਦੁਆਰਾ ਸਿੱਖ ਸਿਧਾਂਤ ਅਨੁਸਾਰ ਇਸਲਾਮ ਦੀ ਵਿਆਖਿਆ ਕਰਵਾਈ ਗਈ ਹੈ, ‘ਇਸਲਾਮ ਨੂੰ ਸਿੱਖ ਮੱਤ ਅਨੁਸਾਰ ਸਮਝਣ ਦੀ ਰੁਚੀ ਦਰਅਸਲ ਸਿੱਖ ਰਾਜ ਦੀ ਸਿਆਸੀ ਲੋੜ ਦੀ ਨਿਸ਼ਾਨੀ ਹੈ।’
18ਵੀਂ ਸਦੀ ਵਿਚ ਜੋ ਪਰਿਵਰਤਨ ਆਇਆ, ਉਸ ਨੂੰ ਸਮਝਣ ਦੀ ਲੋੜ ਹੈ। ਇਸ ਵੇਲੇ ਦਾ ਸਿੱਖ ਸਾਹਿਤ ਇਸ ਸਬੰਧ ਵਿਚ ਸਾਡੀ ਮਦਦ ਕਰਦਾ ਹੈ। ਪੰਜਾਬ ਵਿਚ ਉਪਲਬਧ ਹੱਥ ਲਿਖਤ ਸਾਹਿਤ ਉਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਵੇਦਾਂਤ ਨਾਲ ਸਬੰਧਤ ਸਾਹਿਤ ਵੱਡੀ ਗਿਣਤੀ ਵਿਚ ਮਿਲਦਾ ਹੈ। ਇਹ ਸਾਹਿਤ ਭਾਵੇਂ 17ਵੀਂ ਸਦੀ ਦੇ ਦੂਜੇ ਅੱਧ ਵਿਚ ਲਿਖਿਆ ਜਾਣ ਲੱਗ ਪਿਆ ਸੀ ਪਰ ਬਹੁਤਾ ਸਾਹਿਤ 18ਵੀਂ ਸਦੀ ਵਿਚ ਹੀ ਲਿਖਿਆ ਗਿਆ ਸੀ। ਮੁੱਢਲੇ ਲੇਖਕਾਂ ਵਿਚ ਹੰਦਾਲੀ ਮੁੱਖ ਸਨ। ਸਿੱਖਾਂ ਦੇ ਸੱਤਾ ਵਿਚ ਆਉਣ ਨਾਲ ਵੇਦਾਂਤਕ ਸਾਹਿਤ ਵਿਚ ਦਿਲਚਸਪੀ ਦਾ ਵਿਸਥਾਰ ਹੋਇਆ ਸੀ। ਨਿਰਮਲੇ ਅਤੇ ਉਦਾਸੀਆਂ ਨੇ ਵੀ ਇਸ ਦੀ ਰਚਨਾ ਕੀਤੀ ਸੀ।
ਬਾਅਦ ਵਿਚ ਸਿੱਖ ਕਾਲ ਵਿਚ ਵੀ ਸ਼ੰਕਰ ਭਾਸ਼ਾ ਦੇ ਅਨੁਵਾਦ ਹੁੰਦੇ ਰਹੇ ਸਨ। ਵੇਦਾਂਤ ਵਾਂਗ ਹੀ ਭਾਵੇਂ ਇਸ ਦਾ ਉਦਭਵ ਵੀ 17ਵੀਂ ਸਦੀ ਦੇ ਅੱਧ ਵਿਚ ਹੋਇਆ ਪਰ ਬਹੁਤਾ ਸਾਹਿਤ 18ਵੀਂ ਸਦੀ ਵਿਚ ਹੀ ਰਚਿਆ ਗਿਆ ਸੀ। ਵੱਡੀ ਗਿਣਤੀ ਵਿਚ ਲਿਖੇ ਜਾਣ ਵਾਲੇ ਇਸ ਸਾਹਿਤ ਤੋਂ ਪਤਾ ਲਗਦਾ ਹੈ ਕਿ ਸਿੱਖ ਸੱਤਾ ਦੀ ਇਤਿਹਾਸਕ ਸਥਿਤੀ ਐਸੀ ਸੀ ਜਿਸ ਦੇ ਨਤੀਜੇ ਵਜੋਂ ਨਾ ਕੇਵਲ ਵੇਦਾਂਤ ਸਬੰਧੀ ਸਾਹਿਤ ਲਿਖਿਆ ਗਿਆ ਸਗੋਂ ਬਾਅਦ ਵਿਚ ਸਿੱਖ ਧਾਰਮਕ ਸਾਹਿਤ ਵੀ ਸਰਬਗ੍ਰਾਹੀ ਬਣ ਗਿਆ ਸੀ। ਭਾਈ ਸੰਤੋਖ ਸਿੰਘ ਰਚਿਤ ‘ਨਾਨਕ ਪ੍ਰਕਾਸ਼’ ਵਿਚ ਪੂਰਾ ਅਧਿਆਇ ਹੀ ਵੇਦਾਂਤ ਦੀ ਚਰਚਾ ਨਾਲ ਸਬੰਧਤ ਹੈ। ਸਪਸ਼ਟ ਹੈ ਕਿ ਸਿੱਖ ਸੰਘਰਸ਼ ਵਿਚ ਵੱਡੀ ਗਿਣਤੀ ‘ਚ ਲੋਕ ਦੂਜੇ ਧਰਮਾਂ ਦੇ ਵੀ ਸਨ। ਸਿੱਖ ਸੱਤਾ ਵਿਚ ਆਏ ਗਏ ਸਨ। ਇਸ ਸਿਆਸੀ ਤਬਦੀਲੀ ਨਾਲ ਧਾਰਮਕ ਸਮੂਹਾਂ ਦੇ ਸਿਆਸੀ ਪ੍ਰਭਾਵ ਵਿਚ ਪਰਿਵਰਤਨ ਆਇਆ, ਜੋ ਉਨ੍ਹਾਂ ਦੇ ਸਮਾਜਕ-ਸਭਿਆਚਾਰ ਵਿਚ ਵੀ ਵੇਖਿਆ ਜਾ ਸਕਦਾ ਸੀ। ਪੰਜਾਬ ਵਿਚ ਭਾਵੇਂ ਮੁਸਲਮਾਨ ਸਭ ਤੋਂ ਵੱਡਾ ਧਾਰਮਕ ਸਮੂਹ ਸੀ, ਪਰ ਉਸ ਦੇ ਘਟੇ ਪ੍ਰਭਾਵ ਦਾ ਸੰਕੇਤ ‘ਨਾਨਕ ਪ੍ਰਕਾਸ਼’ ਦੀ ਸਾਖੀ ਚੋਣ ਤੋਂ ਮਿਲ ਜਾਂਦਾ ਹੈ।
ਭਾਈ ਸੰਤੋਖ ਸਿੰਘ ਨੇ ਆਪਣੀ ਰਚਨਾ ਵਿਚ ਜਨਮ ਸਾਖੀਆਂ ਤੋਂ ਕੇਵਲ ਚਾਰ ਹੀ ਸਾਖੀਆਂ ਲਈਆਂ ਹਨ ਜਿਨ੍ਹਾਂ ਵਿਚ ਬਾਬੇ ਨਾਨਕ ਦੀ ਮੁਸਲਮਾਨ ਫਕੀਰਾਂ ਨਾਲ ਮੁਲਾਕਾਤ ਵਿਖਾਈ ਗਈ ਹੈ। ਸਪਸ਼ਟ ਹੈ ਕਿ ਸਿਆਸੀ ਸੱਤਾ ਖੁੱਸਣ ਨਾਲ ਮੁਸਲਮਾਨ ਫਕੀਰਾਂ ਉਤੇ ਗੁਰੂ ਨਾਨਕ ਦੀ ਪ੍ਰਭੂਸੱਤਾ ਸਮਾਜਕ ਦ੍ਰਿਸ਼ਟੀ ਤੋਂ ਪ੍ਰਸੰਗਹੀਣ ਬਣ ਗਈ ਸੀ। ਕਿੱਸਿਆਂ ਵਿਚ ਇਸ ਪਰਿਵਰਤਨ ਨੂੰ ਨੈਤਿਕਤਾ ਦੇ ਪਤਨ ਦੇ ਰੂਪ ਵਿਚ ਵੇਖਿਆ ਗਿਆ ਹੈ। ਇਸੇ ਲਈ ਹਾਸ਼ਮ ਦੇ ਕਿੱਸਿਆਂ ਵਿਚ ਨੈਤਿਕ ਤੱਤ ਉਤੇ ਬਲ ਪੂਰਬਲੀ ਸਥਿਤੀ ਨੂੰ ਬਹਾਲ ਕਰਨ ਦੀ ਉਸ ਦੀ ਇੱਛਾ ਦਾ ਸੰਕੇਤਕ ਪ੍ਰਗਟਾਵਾ ਹੈ। ਦੂਜੇ ਪਾਸੇ, ਹਿੰਦੂ ਪ੍ਰਭਾਵ ਵਧ ਰਿਹਾ ਸੀ; ਪਰ ਪੰਜਾਬ ਦੇ ਜਨ-ਅੰਕਣ ਪੈਟਰਨ ਵਿਚ ਸਿੱਖਾਂ ਦਾ ਚਰਿਤਰ ਘੱਟ-ਗਿਣਤੀ ਦਾ ਸੀ। ਇਸੇ ਪ੍ਰਸੰਗ ਵਿਚ ਮਹਾਰਾਜਾ ਰਣਜੀਤ ਸਿੰਘ ਕਾਲ ਦੀ ਸਮਾਜਕ ਬਣਤਰ, ਰਾਜ ਸੱਤਾ ਵਿਚ ਵੱਖ ਵੱਖ ਫਿਰਕਿਆਂ ਦੀ ਭਾਗੀਦਾਰੀ, ਸਿੱਖ ਸਮਾਜ ਦੀ ਸੰਰਚਨਾ ਅਤੇ ਸਿੱਖ ਧਰਮ ਦੀ ਸਥਿਤੀ ਆਦਿ ਪੱਖਾਂ ਨੂੰ ਵਿਚਾਰਿਆ ਜਾ ਸਕਦਾ ਹੈ।
ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਪੰਜਾਬ ‘ਚ ਮੋਟੇ ਤੌਰ ‘ਤੇ ਉਹੀ ਚਾਰ ਤਰ੍ਹਾਂ ਦੀਆਂ ਸਾਹਿਤ ਪਰੰਪਰਾਵਾਂ ਪ੍ਰਚਲਿਤ ਸਨ ਜੋ ਪਿਛਲੀ ਡੇਢ ਸਦੀ ਤੋਂ ਚਲ ਰਹੀਆਂ ਸਨ। ਇਹ ਸਨ: ਜਨਮ ਸਾਖੀ ਦੇ ਰੂਪ ਵਿਚ ਸਿੱਖ ਸਾਹਿਤ; ਵੇਦਾਂਤ ਸਬੰਧੀ ਸਾਹਿਤ; ਬ੍ਰਜ ਭਾਖਾ ਵਿਚ ਰਚਿਆ ਗਿਆ ਰੀਤੀ ਸਾਹਿਤ; ਤੇ ਕਿੱਸਾ ਕਾਵਿ। ਇਹ ਗੱਲ ਇਸ ਤੱਥ ਦੇ ਸਮਾਨੰਤਰ ਜਾਪਦੀ ਹੈ ਕਿ ਮਹਾਰਾਜੇ ਨੇ ਆਪਣੀ ਸਿਆਸੀ ਸੱਤਾ ਵਧਾਉਣ, ਸ਼ਾਸਨ ਸੰਗਠਿਤ ਕਰਨ ਅਤੇ ਇਸ ਦਾ ਚੰਗੀ ਤਰ੍ਹਾਂ ਪ੍ਰਸ਼ਾਸਨ ਕਰਨ ਲਈ ਲਗਭਗ ਉਹੀ ਪ੍ਰਸ਼ਾਸਨਿਕ ਸੰਸਥਾਵਾਂ ਅਪਨਾਈਆਂ ਜੋ ਮੁਗਲ ਰਾਜ ਵਿਚ ਪ੍ਰਚਲਿਤ ਸਨ। ਮਹਾਰਾਜੇ ਦੀਆਂ ਸਿਆਸੀ, ਆਰਥਕ ਤੇ ਸਮਾਜਕ-ਧਾਰਮਕ ਨੀਤੀਆਂ ਨੂੰ ਉਸ ਸਥਿਤੀ ਵਿਚ ਰੱਖ ਕੇ ਵੇਖਣ ਦੀ ਲੋੜ ਹੈ, ਜਿਸ ਵਿਚ ਹਾਕਮ ਜਮਾਤ ਸੀ।
19ਵੀਂ ਸਦੀ ਦੇ ਅਰੰਭ ਵਿਚ ਪੰਜਾਬ ਵਿਚ 70% ਮੁਸਲਮਾਨ ਸਨ ਅਤੇ 24% ਹਿੰਦੂ। ਸਿੱਖਾਂ ਦੀ ਗਿਣਤੀ ਕੇਵਲ 6% ਸੀ। ਇਸ ਲਈ ਰਾਜ ਸੱਤਾ ਉਤੇ ਕਾਬਜ਼ ਘੱਟ-ਗਿਣਤੀ ਹਾਕਮ ਜਮਾਤ ਦੀ ਲੋੜ ਸੀ ਕਿ ਉਹ ਨਾ ਕੇਵਲ ਹਿੰਦੂਆਂ ਨਾਲ, ਸਗੋਂ ਮੁਸਲਮਾਨ ਪਰਜਾ ਨਾਲ ਵੀ ਸੁਖਾਵੇਂ ਸਬੰਧ ਬਣਾਈ ਰੱਖਣ। ਇਸ ਦੇ ਨਾਲ ਹੀ ਉਹ ਸਿੱਖਾਂ ਨੂੰ ਵੀ ਸੱਤਾ ਦਾ ਵੱਡਾ ਭਾਗੀਦਾਰ ਬਣਾਈ ਰੱਖਣਾ ਚਾਹੁੰਦੇ ਸਨ। ਜੇ ਅਸੀਂ ਉਸ ਸਮੇਂ ਦੀ ਹਾਕਮ ਜਮਾਤ ਦੀ ਸੰਰਚਨਾ ਨੂੰ ਵੇਖੀਏ ਤਾਂ ਉਸ ਸਮੇਂ ਦੇ ਪ੍ਰਸ਼ਾਸਨ ਵਿਚ ਲਿਆਂਦੀ ਤਬਦੀਲੀ ਦਾ ਪਤਾ ਲੱਗਦਾ ਹੈ।
ਹਾਕਮ ਜਮਾਤ ਵਿਚ ਸਿੱਖਾਂ ਦੀ ਭਾਗੀਦਾਰੀ ਉਨ੍ਹਾਂ ਦੀ 6% ਆਬਾਦੀ ਦੀ ਤੁਲਨਾ ਵਿਚ 50% ਸੀ। ਹਿੰਦੂਆਂ ਦੀ ਸਥਿਤੀ ਵੀ ਅੱਗੇ ਤੋਂ ਬਿਹਤਰ ਸੀ, ਹਾਕਮ ਜਮਾਤ ਵਿਚ ਉਨ੍ਹਾਂ ਦੀ ਗਿਣਤੀ 24% ਦੀ ਥਾਂ 29% ਸੀ। ਜਦਕਿ ਮੁਸਲਮਾਨ ਕੇਵਲ 15% ਹਾਕਮ ਜਮਾਤ ਵਿਚ ਸਨ। ਹਾਕਮ ਜਮਾਤ ਵਿਚ ਕੁਝ ਦਸਤਕਾਰ ਤੇ ਕਮੀਣ ਵੀ ਸਨ। ਇਨ੍ਹਾਂ ਵਿਚੋਂ ਬਹੁਤੇ ਸਿੱਖ ਸਨ। ਸਿੱਖ, ਹਾਕਮ ਜਮਾਤ ਦੀ ਬਹੁ-ਸੰਖਿਆ ਸੀ। ਇਨ੍ਹਾਂ ਵਿਚ ਜੱਟਾਂ ਦੀ ਗਿਣਤੀ ਵਧੇਰੇ ਸੀ, ਜੋ ਸਾਰੀ ਹਾਕਮ ਜਮਾਤ ਦਾ ਲਗਭਗ 30% ਸਨ। ਉਸ ਸਮੇਂ ਦੇ ਸਾਹਿਤ ਵਿਚ ਇਸ ਤੱਥ ਦਾ ਪ੍ਰਗਟਾਵਾ ਵੱਖਰੇ ਢੰਗ ਨਾਲ ਹੋਇਆ ਹੈ।
ਗੁਰੂ ਨਾਨਕ ਦੇ ਮੁਸਲਿਮ ਫਕੀਰਾਂ ਨਾਲ ਮੇਲ ਦੀਆਂ ਜਨਮ ਸਾਖੀਆਂ ਵਿਚ ਮਿਲਦੀਆਂ ਅਨੇਕਾਂ ਸਾਖੀਆਂ ਨੂੰ ਭਾਈ ਸੰਤੋਖ ਸਿੰਘ ਨੇ ਆਪਣੀ ਰਚਨਾ ਵਿਚ ਸ਼ਾਮਲ ਨਹੀਂ ਕੀਤਾ। ਜੋ ਚਾਰ ਸਾਖੀਆਂ ਸ਼ਾਮਲ ਕੀਤੀਆਂ ਵੀ ਹਨ, ਉਹ ਉਨ੍ਹਾਂ ਫਕੀਰਾਂ ਦੀਆਂ ਹਨ ਜੋ ਬਾਬੇ ਨਾਨਕ ਦੀ ਮਹਾਨਤਾ ਦੇ ਪ੍ਰਸ਼ੰਸਕ ਹਨ। ਇਸ ਦੇ ਮੁਕਾਬਲੇ ਹਿੰਦੂ ਮਿਥਿਹਾਸ ਨਾਲ ਸਬੰਧਤ ਸਾਖੀਆਂ ਦੀ ਗਿਣਤੀ ਕਿਤੇ ਵੱਧ ਹੈ। ‘ਨਾਨਕ ਪ੍ਰਕਾਸ਼’ ਵਿਚ ਸਿੱਖ ਧਰਮ ਅਪਨਾ ਲੈਣ ‘ਤੇ ਵੀ ਮੁਸਲਮਾਨ ਨੂੰ ਹਿੰਦੂ ਦੇ ਮੁਕਾਬਲੇ ਨੀਵਾਂ ਚਿਤਰਿਆ ਗਿਆ ਹੈ। ਇਸੇ ਰਚਨਾ ਵਿਚ ਰਾਜਾ, ਵਪਾਰੀ, ਬ੍ਰਾਹਮਣ ਤੇ ਸਿੱਖ, ਸਮਾਜਕ ਹਸਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਭਾਵੇਂ ਸਮਾਜਕ ਹਕੀਕਤ ਨਹੀਂ, ਪਰ ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖ ਆਪਣੇ ਆਪ ਨੂੰ ਆਮ ਲੋਕਾਂ ਤੋਂ ਉਚਾ ਸਮਝਦੇ ਸਨ। ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਧਾਰਮਕ ਦਰਜਿਆਂ ਵਿਚ ਗੁਰੂ, ਗੁਰੂ ਬੰਸ, ਸਿੱਖ, ਬ੍ਰਾਹਮਣ ਤੇ ਮੰਗਤੇ ਦੱਸੇ ਗਏ ਹਨ। ‘ਨਾਨਕ ਪ੍ਰਕਾਸ਼’ ਵਿਚ ਪ੍ਰਾਪਤ ਸਮਾਜਕ ਇਤਿਹਾਸ ਬਾਰੇ ਜਾਣਕਾਰੀ ਤੋਂ ਜਾਪਦਾ ਹੈ ਕਿ ‘ਭਾਈ ਸੰਤੋਖ ਸਿੰਘ ਦਾ ਸਮਾਜਕ ਜੀਵਨ ਦੀ ਗਤੀਸ਼ੀਲਤਾ ਨਾਲ ਬਹੁਤਾ ਸਬੰਧ ਨਹੀਂ ਹੈ। ਹਿੰਦੂਆਂ ਅਤੇ ਮੁਸਲਮਾਨਾਂ ਦੀ ਸਮਾਜਕ ਸਥਿਤੀ ਦੱਸਣ ਦਾ ਮੰਤਵ ਇਹ ਹੈ ਕਿ ਸਿੱਖ ਹਾਕਮ ਜਮਾਤ ਦੀ ਅਧੀਨਗੀ ਵਿਚ ਹੀ ਉਨ੍ਹਾਂ ਦੀ ਭਲਾਈ ਹੈ।’
ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਸਿੱਖ ਸਮਾਜ ਵਿਚ ਆਈ ਤਬਦੀਲੀ ਦਾ ਪਤਾ ਤਤਕਾਲੀ ਸਾਹਿਤ ਵਿਚ ਵੇਖਿਆ ਜਾ ਸਕਦਾ ਹੈ। ‘ਨਾਨਕ ਪ੍ਰਕਾਸ਼’ ਵਿਚ ਕਈ ਸਮਾਜਕ-ਆਰਥਕ ਸਮੂਹਾਂ ਦਾ ਜ਼ਿਕਰ ਹੈ ਜਿਨ੍ਹਾਂ ਵਿਚ ਸਰਦਾਰ ਜਿਮੀਂਦਾਰ ਅਤੇ ਵਪਾਰੀ ਸਨ। ਅਮੀਰ ਸਿੱਖਾਂ ਦੇ ਦਰਵਾਜਿਆਂ ਉਤੇ ਗਰੀਬ ਸਿੱਖ ਵੀ ਸਨ। ਸਿੱਖ ਸਮਾਜ ਸਮਤਲ-ਦਾਅ ਵਿਚ ਵੰਡਿਆ ਹੋਇਆ ਸੀ, ਜਿਵੇਂ ਗਿਆਨੀ, ਪਾਠੀ, ਮੇਵੜੇ ਤੇ ਸੰਤ ਆਦਿ। ਇਸ ਸਮੇਂ ਬੈਰਾਗੀ, ਸੰਨਿਆਸੀ, ਉਦਾਸੀ, ਤਪੀ ਤੇ ਦਿਗੰਬਰੀ ਸਿੱਖ ਸਮਾਜ ਦਾ ਹਿੱਸਾ ਬਣੇ ਗਏ ਸਨ ਜਿਵੇਂ ਗੁਰਦੁਆਰੇ ਦੇ ਪ੍ਰਸੰਗ ਵਿਚ ਉਨ੍ਹਾਂ ਦਾ ਜ਼ਿਕਰ ਮਿਲਦਾ ਹੈ। ਆਮ ਲੋਕਾਂ ਪ੍ਰਤੀ ਹਾਕਮਾਂ ਦਾ ਰਵੱਈਆ ਵੀ ਬਦਲ ਗਿਆ ਸੀ। ‘ਗੁਰਬਿਲਾਸ ਪਾਤਸ਼ਾਹੀ 10’ (ਕੌਇਰ ਸਿੰਘ) ਵਿਚ ਲੋਕਾਂ ਪ੍ਰਤੀ ਕੋਈ ਬਹੁਤੀ ਹਮਦਰਦੀ ਨਜ਼ਰ ਨਹੀਂ ਆਉਂਦੀ। ਸਰਕਾਰੀ ਅਮਲੇ ਨੂੰ ਸੁਝਾਉ ਦਿੱਤਾ ਗਿਆ ਹੈ ਕਿ ਉਹ ਆਮ ਲੋਕਾਂ ਨਾਲ ਭਿੱਜਣ।
‘ਗੁਰਬਿਲਾਸ ਪਾਤਸ਼ਾਹੀ 10’ ਵਿਚ ਮੁਸਲਮਾਨਾਂ ਪ੍ਰਤੀ ਸੁਲ੍ਹਾ ਦਾ ਰਵੱਈਆ ਵੇਖਣ ਨੂੰ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਦੀ ਕਾਜ਼ੀਆਂ ਨਾਲ ਚਰਚਾ ਹੁੰਦੀ ਹੈ ਕਿ ਸਿੱਖ ਧਰਮ ਅਤੇ ਇਸਲਾਮ ਵਿਚ ਬਹੁਤਾ ਅੰਤਰ ਨਹੀਂ ਹੈ, ਜਿਸ ਕਰ ਕੇ ਮੁਸਲਮਾਨਾਂ ਲਈ ਇਸਲਾਮ ਹੀ ਠੀਕ ਹੈ। ਦੂਜੇ ਪਾਸੇ ਮੁਸਲਮਾਨਾਂ ਨੇ ਵੀ ਨਵੀਂ ਸਮਾਜਕ ਸਥਿਤੀ ਨੂੰ ਸਵੀਕਾਰ ਕਰ ਲਿਆ ਹੈ।
‘ਕਿੱਸਾ ਪੂਰਨ ਭਗਤ’ ਵਿਚ ਕਾਦਰ ਯਾਰ ਹੋਣੀ ਉਤੇ ਬਲ ਦਿੰਦਿਆਂ ਇਹ ਕਹਿਣਾ ਚਾਹੁੰਦਾ ਹੈ ਕਿ ਪਰਿਵਰਤਨ ਮਨੁੱਖੀ ਕੋਸ਼ਿਸ਼ ਦਾ ਨਤੀਜਾ ਨਹੀਂ ਹੈ। ਇਸੇ ਲਈ ਕਿੱਸੇ ਵਿਚ ਨਿਸ਼ਕ੍ਰਿਅਤਾ ਦਾ ਤੱਤ ਸਿੱਖ ਰਾਜ ਦੀ ਜਾਇਜ਼ਕਾਰੀ ਵੱਲ ਸੰਕੇਤ ਕਰਦਾ ਹੈ। ਇਸੇ ਤਰ੍ਹਾਂ ਇਸ ਸਮੇਂ ਦੇ ਸਾਰੇ ਸਿੱਖ ਗ੍ਰੰਥਾਂ ਵਿਚ ਹਿੰਦੂ ਧਰਮ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਗੁਰੂਆਂ ਨੂੰ ਵਿਸ਼ਣੂੰ ਦੇ ਅਵਤਾਰ ਦੇ ਰੂਪ ਵਿਚ ਚਿਤਰਿਆ ਗਿਆ ਹੈ। ਸਿੱਖ ਧਰਮ ਅਪਨਾਉਣ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਸੀ। ‘ਗੁਰਬਿਲਾਸ ਪਾਤਿਸ਼ਾਹੀ 10’ ਵਿਚ ਤਾਂ ਸਪਸ਼ਟ ਜ਼ਿਕਰ ਮਿਲਦਾ ਹੈ, “ਹਮ ਕੋ ਹਮਰੋ ਖੂਬ ਹੈ, ਤੁਮ ਕੋ ਤੁਮਰਾ ਜਾਨ।”
ਸਿੱਖ ਸਮਾਜ ਵਿਚ ਸਿਆਸੀ ਸੱਤਾ ਵਿਚ ਵੱਡੀ ਭਾਗੀਦਾਰੀ ਕਰ ਕੇ ਜੱਟਾਂ ਦੀ ਚੜ੍ਹਤ ਸੀ। ‘ਨਾਨਕ ਪ੍ਰਕਾਸ਼’ ਵਿਚ ਗੁਰੂ ਨਾਨਕ ਦੇ ਜੀਵਨ ਬਾਰੇ ਸਾਖੀਆਂ ਜਿਥੇ ਭਾਈ ਬਾਲਾ ਗੁਰੂ ਅੰਗਦ ਨੂੰ ਸੁਣਾਉਂਦਾ ਹੈ, ਉਥੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਬਾਕੀ ਗੁਰੂਆਂ ਬਾਰੇ ਜਾਣਕਾਰੀ ਰਾਮਕੁਇਰ ਵਲੋਂ ਦਿੱਤੀ ਗਈ ਹੈ, ਜੋ ਜੱਟ ਸਨ। ‘ਗੁਰਬਿਲਾਸ ਪਾਤਿਸ਼ਾਹੀ 10’ ਅਨੁਸਾਰ “ਦਾਨਵ ਨਾਸ ਕਪਿਨ ਤੇ ਕੀਨਾ। ਤਿਮ ਗੁਰ ਰਾਜ ਜਾਟ ਕੋ ਦੀਨਾ।” ਧਾਰਮਕ ਖੇਤਰ ਵਿਚ ਗੁਰੂ ਦੇ ਬੰਸ ਵਾਲੇ, ਉਦਾਸੀ ਤੇ ਸਿੱਖ ਸੰਤਾਂ ਦਾ ਸਨਮਾਨਯੋਗ ਸਥਾਨ ਸੀ। ਇਸੇ ਕਰ ਕੇ ਮਹਾਰਾਜੇ ਵੱਲੋਂ ਸਿੱਖਾਂ ਨੂੰ ਦਿੱਤੀ ਜਾਣ ਵਾਲੀ ਧਰਮਾਰਥ ਗ੍ਰਾਂਟ ਦਾ ਵੱਡਾ ਹਿੱਸਾ ਬੇਦੀਆਂ ਨੂੰ ਮਿਲਦਾ ਸੀ। ਉਸ ਤੋਂ ਬਾਅਦ ਕ੍ਰਮਵਾਰ ਸੋਢੀ ਤੇ ਉਦਾਸੀ ਆਉਂਦੇ ਸਨ। ਉਦਾਸੀ ਉਹ ਧਾਰਮਕ ਫਿਰਕਾ ਸੀ ਜਿਸ ਨੂੰ ਸਰਕਾਰ ਵੱਲੋਂ ਗ੍ਰਾਂਟ ਦਾ ਸਭ ਤੋਂ ਵੱਡਾ ਹਿੱਸਾ ਮਿਲਦਾ ਸੀ।
ਇਸ ਸਮੇਂ ਦੇ ਸਾਹਿਤ ਵਿਚ ਵੇਦਾਂਤਕ ਵਿਚਾਰਾਂ ਦਾ ਪ੍ਰਭਾਵ ਵਧਦਾ ਨਜ਼ਰ ਆਉਂਦਾ ਹੈ। ਜਿਥੇ ਪਹਿਲਾਂ ਵੇਦਾਂਤ ਸਬੰਧੀ ਸਾਹਿਤ ਲਿਖਿਆ ਜਾਂਦਾ ਸੀ, ਉਥੇ ਹੁਣ ਸਿੱਖ ਸਾਹਿਤ ਵਿਚ ਵੇਦਾਂਤ ਦੇ ਵਿਚਾਰਾਂ ਦੇ ਵਧਦੇ ਪ੍ਰਭਾਵ ਨੂੰ ਵੇਖਿਆ ਜਾ ਸਕਦਾ ਸੀ। ‘ਨਾਨਕ ਪ੍ਰਕਾਸ਼’ ਵਿਚ ਇਕ ਅਧਿਆਇ ਵੇਦਾਂਤ ਤੇ ਵਿਚਾਰਾਂ ਨੂੰ ਗੁਰੂ ਨਾਨਕ ਵੱਲੋਂ ਭਾਈ ਲਹਿਣਾ ਨੂੰ ਗੁਰਗੱਦੀ ਦੇਣ ਤੋਂ ਪਹਿਲਾਂ ਦਿੱਤੀ ਗਈ ਸਿੱਖਿਆ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਵੇਦਾਂਤ ਤੋਂ ਇਲਾਵਾ ਸਿੱਖ ਸਾਹਿਤ ਵਿਚ ਹੰਦਾਲੀ ਵਿਚਾਰਾਂ ਦੇ ਪ੍ਰਭਾਵ ਨੂੰ ਵੀ ਵੇਖਿਆ ਜਾ ਸਕਦਾ ਹੈ। ਇਹ ਦੋਵੇਂ ਸਿਧਾਂਤਾਂ ਦਾ ਸਾਂਝਾ ਆਧਾਰ ਹੈ। ਜਿਥੇ ਵੇਦਾਂਤ ਵਿਚ ਸਮਾਨਤਾ ਦਾ ਵਿਚਾਰ ਮਾਇਆ ਦਾ ਕਲਪ-ਲੋਕ ਹੈ, ਉਥੇ ਹੰਦਾਲੀ ਵਿਚਾਰਾਂ ਵਿਚ ਅਸਮਾਨਤਾ ਨੂੰ ਨਾ ਕੇਵਲ ਸਵੀਕਾਰ ਕੀਤਾ ਗਿਆ ਹੈ, ਸਗੋਂ ਹੰਦਾਲੀਆਂ ਦਾ ਸਰਕਾਰ ਪ੍ਰਤੀ ਰਵੱਈਆ ਦੁਬਿਧਾਪੂਰਨ ਹੈ। ਵੇਦਾਂਤ ਦਾ ਸਮਾਜਕ ਵਰਤਾਰੇ ਵਿਚ ਵਿਸ਼ਵਾਸ ਨਹੀਂ ਹੈ। ਇਹ ਦੋਵੇਂ ਸਿਆਸੀ ਤੇ ਸਮਾਜਕ ਖੇਤਰ ਵਿਚ ਯਥਾ-ਸਥਿਤੀ ਦੇ ਪੱਖ ਵਿਚ ਹਨ। ਇਹ ਪ੍ਰਭਾਵ ਨਿਜੀ ਦਿਲਚਸਪੀ ਦਾ ਸਿੱਟਾ ਨਹੀਂ ਹੈ, ਸਗੋਂ ਇਸ ਪਿੱਛੇ ਉਸ ਸਮੇਂ ਦੇ ਹਾਲਾਤ ਸਨ। ਇਹੀ ਕਾਰਨ ਹੈ ਕਿ ਇਸ ਸਮੇਂ ਦੇ ਸਿੱਖ ਧਾਰਮਕ ਸਾਹਿਤ ਵਿਚ ਨਾ ਤਾਂ ਬਾਬਾ ਨਾਨਕ ਦੀ ਸਰਬ-ਸ਼ਕਤੀਮਾਨਤਾ ਕੋਈ ਸਮੱਸਿਆਕਾਰ ਹੈ ਤੇ ਨਾ ਹੀ ਸਿੱਖ ਧਰਮ ਦੀ ਸ੍ਰੇਸ਼ਟਤਾ ਨੂੰ ਸਿਧਾਂਤਕ ਵਿਆਖਿਆ ਦੀ ਲੋੜ ਨਜ਼ਰ ਆਉਂਦੀ ਹੈ। ਨਤੀਜੇ ਵਜੋਂ, ਇਸ ਸਮੇਂ ਦੇ ਸਾਹਿਤ ਵਿਚ ਸਿੱਖ ਸਾਹਿਤ ਦਾ ਜੋ ਬਿੰਬ ਉਭਰਦਾ ਹੈ, ਉਹ ਗਤੀਸ਼ੀਲ ਧਾਰਮਕ ਸ਼ਰਧਾ ਦੀ ਥਾਂ ਕੇਵਲ ਮੰਨਤਾ ਪ੍ਰਾਪਤ ਕਰਨ ਦੇ ਸਾਧਨ ਦਾ ਹੈ। ਐਸੀ ਸਥਿਤੀ ਵਿਚ ਸਾਹਿਤ ਦੀ ਕਲਾਤਮਕਤਾ ਉਤੇ ਅਸਰ ਪੈਣਾ ਸੁਭਾਵਕ ਸੀ। ਇਹੀ ਕਾਰਨ ਹੈ ਕਿ ਗੁਰਬਿਲਾਸ ਸਾਹਿਤ-ਰੂਪ ਕਲਾਤਮਕ ਕਲਪਨਾਸ਼ੀਲਤਾ ਤੋਂ ਸੱਖਣਾ ਤੇ ਵਿਗਠਨਮੁਖੀ ਹੋ ਗਿਆ ਸੀ। ਨਾ ਤਾਂ ‘ਨਾਨਕ ਪ੍ਰਕਾਸ਼’ ਅਤੇ ਨਾ ਹੀ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਵਿਚ ਅਜਿਹੀ ਇਕ ਵੀ ਸਾਖੀ ਮਿਲਦੀ ਹੈ ਜੋ ਕਲਾਤਮਕ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਵਾਲੀ ਹੋਵੇ। ਨਾ ਹੀ ਇਸ ਕਾਲ ਦੇ ਪੰਜਾਬੀ ਸਾਹਿਤ ਵਿਚ ਕੋਈ ਨਵੇਂ ਸਾਹਿਤਕ ਰੂਪ ਦਾ ਵੀ ਉਦਭਵ ਹੁੰਦਾ ਹੈ।