ਸੁਖਮਿੰਦਰ ਸਿੰਘ ਸੇਖੋਂ
ਫੋਨ: 91-98145-07693
ਬੰਦੇ ਨੂੰ ਇਸ ਧਰਤੀ ‘ਤੇ ਆਇਆਂ ਪਤਾ ਨਹੀ ਕਿੰਨੀਆਂ ਸਦੀਆਂ ਬੀਤ ਗਈਆਂ ਹਨ ਪਰ ਉਹ ‘ਬੰਦੇ ਦਾ ਪੁੱਤ’ ਨਹੀਂ ਬਣ ਸਕਿਆ, ਇਨਸਾਨ ਹੋਣਾ ਤਾਂ ਦਰਕਿਨਾਰ! ਜਦੋਂ ਵੀ ਕੋਈ ਬੰਦਾ ਦੂਜੇ ਬੰਦੇ ਨੂੰ ਕੋਈ ਨਸੀਹਤ ਦਿੰਦਾ ਹੈ ਤਾਂ ਸੁਭਾਵਿਕ ਹੀ ਉਸ ਦੇ ਮੂੰਹੋਂ ਨਿਕਲ ਆਉਂਦਾ ਹੈ, Ḕਬੰਦੇ ਦਾ ਪੁੱਤ ਬਣ ਉਏ, ਬੰਦੇ ਦਾ!’ ਹਾਲਾਂਕਿ ਕੁਦਰਤੀ ਤੌਰ ‘ਤੇ ਸਾਰੇ ਹੀ ਬੰਦੇ ਦੇ ਪੁੱਤ ਹਨ ਪਰ ਇਹ ਸਭ ਗੱਲਾਂ ਹਨ, ਬਾਤਾਂ ਹਨ-‘ਬਾਤੇਂ ਹੈਂ ਬਾਤੋਂ ਕਾ ਕਯਾ?’
ਬੱਚਿਆਂ ਵਿਚ ਆਪਣੇ ਮਾਂ-ਬਾਪ ਦੇ ਕਣ ਕੁਦਰਤੀ ਹੀ ਪਾਏ ਜਾਂਦੇ ਹਨ| ਮਾਹੌਲ ਤੇ ਸਾਥੀਆਂ, ਸਹਿਯੋਗੀਆਂ ਅਤੇ ਸਮਾਜ ਵਿਚ ਵਿਚਰਨ ਦੇ ਹਿਸਾਬ ਨਾਲ ਉਸ ਦੀਆਂ ਆਦਤਾਂ ਜਾਂ ਚੰਗਿਆਈਆਂ, ਕਮਜ਼ੋਰੀਆਂ ਵਿਚ ਕੁਝ ਕੁ ਤਬਦੀਲੀ ਆ ਜਾਣੀ ਸੁਭਾਵਕ ਹੈ| ਬੱਚੇ ਨੂੰ ਸੱਚ-ਝੂਠ, ਭਲਾ-ਬੁਰਾ, ਭਾਵ ਸਾਰਾ ਕੁਝ ਘਰ ਵਿਚ ਹੀ ਮਿਲਦਾ ਹੈ| ਪਿਆਰ, ਨਫਰਤ, ਡਰ ਆਦਿ ਵੀ ਘਰੋਂ ਹੀ ਪ੍ਰਾਪਤ ਹੁੰਦੇ ਹਨ| ਅਸੀਂ ਬੱਚੇ ਨੂੰ ਕੋਕੋ ਜਾਂ ਭੂਤ-ਪ੍ਰੇਤ ਦਾ ਡਰ ਪਾ ਦਿੰਦੇ ਹਾਂ| ਕੋਈ ਚੀਜ਼ ਉਸ ਨੂੰ ਨਾ ਦੇਣਾ ਚਾਹੀਏ ਤਾਂ ਕਹਿ ਦਿੰਦੇ ਹਾਂ, “ਕੋਕੋ ਲੈ ‘ਗੀ|” ਇਹ ਕੋਕੋ ਕਿਸ ‘ਬਲਾ’ ਦਾ ਨਾਂ ਹੋਇਆ ਭਾਈ?
ਇਵੇਂ ਹੀ ਝੂਠ ਬੋਲਣ ਦੀ ਆਦਤ ਹੀ ਲੈ ਲਵੋ| ਮਿਸਾਲ ਵਜੋਂ ਬਾਹਰ ਦਰਵਾਜੇ ‘ਤੇ ਦਸਤਕ ਹੁੰਦੀ ਹੈ, ਤੁਸੀਂ ਦਸਤਕ ਦੇਣ ਵਾਲੇ ਸ਼ਖਸ ਨੂੰ ਮਿਲਣਾ ਨਹੀਂ ਚਾਹੁੰਦੇ, ਕੋਈ ਬਹਾਨਾ ਘੜਦੇ ਹੋ| ਆਪਣੀ ਪਤਨੀ ਜਾਂ ਬੱਚੇ ਜ਼ਰੀਏ ਕਹਿ ਭੇਜਦੇ ਹੋ, Ḕਉਹ ਤਾਂ ਘਰ ਨ੍ਹੀਂ ਜੀ|Ḕ ਇੰਜ ਤੁਸੀਂ ਖੁਦ ਤਾਂ ਝੂਠੇ ਹੁੰਦੇ ਹੀ ਹੋ, ਆਪਣੀ ਪਤਨੀ ਤੇ ਬੱਚਿਆਂ ਨੂੰ ਵੀ ਝੂਠੇ ਬਣਾ ਛੱਡਦੇ ਹੋ| ਮੋਬਾਇਲ ‘ਤੇ ਵੀ ਤੁਸੀਂ ਏਦਾਂ ਹੀ ਕਰਦੇ ਹੋ, ਹੁੰਦੇ ਕਿਤੇ ਹੋ ਤੇ ਕਹਿੰਦੇ ਕਿਤੇ ਹੋ| ਆਮ ਲੋਕਾਂ ਦੀ ਤਾਂ ਗੱਲ ਛੱਡੋ, ਵੱਖ ਵੱਖ ਮਹਿਕਮਿਆਂ ਦੇ ਅਫਸਰ, ਅਧਿਆਪਕ ਤੇ ਬਾਬੂ ਆਦਿ ਵੀ ਝੂਠ ਬੋਲਣ ਵਿਚ ਮਾਹਰ ਹੋ ਜਾਂਦੇ ਹਨ ਕਿਉਂਕਿ ਮੋਬਾਇਲ ‘ਤੇ ਕੀ ਪਤਾ ਲੱਗਦਾ ਹੈ ਕਿ ਕੋਈ ਕਿੱਥੇ ਬੈਠਾ ਹੈ ਜਾਂ ਘੁੰਮਦਾ ਹੈ!
ਹਰ ਕੋਈ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾਤੁਰ ਹੈ, ਹੋਵੇ ਵੀ ਕਿਉਂ ਨਾ, ਚਿੰਤਾ ਤਾਂ ਆਪਣੇ ਬੱਚਿਆਂ ਦੀ ਹੁੰਦੀ ਹੀ ਹੈ| ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਬੱਚਾ ਡਾਕਟਰ, ਇੰਜੀਨੀਅਰ, ਜੱਜ, ਮੈਜਿਸਟ੍ਰੇਟ ਬਣੇ ਜਾਂ ਹੋਰ ਕੋਈ ਉਚ ਅਹੁਦਾ ਹਾਸਲ ਕਰੇ| ਹਰ ਕੋਈ ਇਸ ਮੰਤਵ ਦੀ ਪੂਰਤੀ ਲਈ ਲੱਗਿਆ ਨਜ਼ਰ ਆਉਂਦਾ ਹੈ| ਉਹ ਕਿਸੇ ਵੀ ਕੀਮਤ ‘ਤੇ ਆਪਣੇ ਬੱਚੇ ਨੂੰ ਜਲਦੀ ਜਲਦੀ ਪੜ੍ਹਾ ਕੇ ਕੋਈ ਵੱਡਾ ਅਫਸਰ ਬਣਿਆ ਦੇਖਣਾ ਚਾਹੁੰਦਾ ਹੈ| ਇਸ ਭੀੜ ਵਿਚ ਹਰ ਸ਼ਖਸ ਦੌੜਦਾ, ਦੌੜਦਾ ਕੀ ਭੰਬੀਰੀ ਬਣਿਆ ਨਜ਼ਰ ਆਉਂਦਾ ਹੈ|
ਸਕੂਲਾਂ-ਕਾਲਜਾਂ ਵਿਚ ਵੀ ਇਹੀ ਸਿਖਾਇਆ ਜਾਂਦਾ ਹੈ| ਇਕ ਤਾਂ ਸਿਲੇਬਸ ਹੀ ਇਸ ਤਰ੍ਹਾਂ ਦੇ ਹਨ, ਦੂਜਾ ਪੜ੍ਹਾਈ ਦੇ ਢੰਗ ਤਰੀਕੇ ਵੀ। ਅਧਿਆਪਕ ਵੀ ਪਹਿਲਾਂ ਵਰਗੇ ਮਿਹਨਤੀ ਤੇ ਨੇਕ ਦਿਲ ਇਨਸਾਨ ਨਹੀਂ ਰਹੇ| ਅਧਿਆਪਕ ਵਰਗ ਮੋਟੀਆਂ ਤਨਖਾਹਾਂ ਲੈਂਦਾ ਹੈ ਪਰ ਬੱਚੇ ਨੂੰ ਟਿਊਸ਼ਨ ਲਈ ਪ੍ਰੇਰਿਤ ਕਰਦਾ ਹੈ| ਸਰਕਾਰੀ ਸਕੂਲਾਂ ਵਿਚ ਜੇ ਸਹੂਲਤਾਂ ਨਾ ਵੀ ਸਹੀ, ਟੀਚਰ ਤਾਂ ਚੰਗੇ ਪੜ੍ਹੇ-ਲਿਖੇ ਹੁੰਦੇ ਹੀ ਹਨ, ਉਹ ਵੀ ਬੱਚਿਆਂ ਨੂੰ ਚੱਜ ਨਾਲ ਪੜ੍ਹਾਉਣ ਤੋਂ ਕੰਨੀ ਖਿਸਕਾਉਂਦੇ ਨਜ਼ਰ ਆਉਂਦੇ ਹਨ। ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਦਾ ਬੋਲਬਾਲਾ ਹੈ। ਆਰਥਕ ਪੱਖੋਂ ਊਣੇ ਮਾਪੇ ਵੀ ਆਪਣੇ ਬੱਚੇ ਨੂੰ ਪਬਲਿਕ ਸਕੂਲਾਂ ਵਿਚ ਭੇਜਦੇ ਹਨ| ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਤਾਂ ਅਸਲੋਂ ਹੀ ਗਰੀਬ ਬੱਚੇ ਪੜ੍ਹਨ ਜਾਂਦੇ ਹਨ|
ਭਾਰਤ ਵਿਚ ਧਰਮਾਂ ਨੂੰ ਪ੍ਰਮੁੱਖਤਾ ਹਾਸਲ ਹੈ, ਸਦੀਆਂ ਸਦੀਆਂ ਤੋਂ| ਦਰਅਸਲ ਇਕ ਤੋਂ ਬਾਅਦ ਇਕ ਤੇ ਅਨੇਕਾਂ ਧਰਮਾਂ ਦੇ ਹੋਂਦ ਵਿਚ ਆਉਣ ਦਾ ਕਾਰਨ ਵੀ ਇਹੀਓ ਦੱਸਿਆ ਜਾਂਦਾ ਹੈ ਕਿ ਇਹ ਮਨੁੱਖ ਦੀ ਬਿਹਤਰੀ ਲਈ ਹਨ-ਰੱਬ ਤੱਕ ਪਹੁੰਚਣ ਜਾਂ ਉਸ ਨੂੰ ਪਾਉਣ ਦਾ ਇਕੋ ਇਕ ਜ਼ਰੀਆ| ਸਮਾਜਕ ਤੇ ਸਿਆਸੀ ਸੰਦਰਭ ਵਿਚ ਵੀ ਧਰਮਾਂ ਦੀ ਭੂਮਿਕਾ ਰਹੀ ਹੈ| ਇਹ ਸਿਆਸਤ ਨੂੰ ਸੇਧ ਵੀ ਦਿੰਦੇ ਆਏ ਹਨ ਤੇ ਸਮਾਜਕ ਕੁਰੀਤੀਆਂ ਦੇ ਖਾਤਮੇ ਲਈ ਵੀ ਬਰਾਬਰ ਨਿਭਦੇ ਆਏ ਹਨ ਪਰ ਧਰਮ ਉਤੇ ਸਿਆਸਤ ਭਾਰੂ ਹੋ ਜਾਣ ਕਾਰਨ ਇਸ ਨੇ ਮਾਨਵਤਾ ਦਾ ਸੰਵਾਰਿਆ ਤਾਂ ਸ਼ਾਇਦ ਬਹੁਤ ਹੀ ਘੱਟ ਹੋਵੇਗਾ, ਵਿਗਾੜਿਆ ਬਹੁਤਾ ਹੈ| ਧਰਮ ਦੀ ਓਟ ਲੈ ਕੇ ਵੀ ਬੰਦਾ ਬੰਦੇ ਦਾ ਪੁੱਤ ਨਹੀਂ ਬਣਿਆ। ਇਕ ਧਰਮ ਵਾਲੇ ਦੂਜੇ ਧਰਮ ਦੇ ਵੈਰੀ ਹੀ ਬਣੇ ਨਜ਼ਰ ਆਏ ਹਨ। ਧਰਮ ਦੀ ਸਿਆਸਤ ਹੇਠ ਲੱਖਾਂ ਹੀ ਲੋਕਾਂ ਦਾ ਲਹੂ ਵਹਾਇਆ ਗਿਆ, ਜੋ ਇਨਸਾਨੀਅਤ ਦੇ ਮੱਥੇ ‘ਤੇ ਇਕ ਬਦਨੁਮਾ ਧੱਬਾ ਹੈ| ਦਰਅਸਲ ਧਰਮ ਨੂੰ ਨਿਜ ਦੀ ਸ਼ੁਧਤਾ ਨਾਲ ਜੋੜਦਿਆਂ ਸਮੂਹਕ ਜਾਂ ਸਮਾਜਕ ਭਲਾਈ ਦੇ ਕੰਮਾਂ ਲਈ ਇਕ ਜੁਟ ਹੋਣ ਦੀ ਆਸ ਵਿਚ ਧਰਮ ਦੀ ਭੂਮਿਕਾ ਨੂੰ ਇਨ੍ਹਾਂ ਅਰਥਾਂ ਵਿਚ ਹੀ ਲੈਣ ਦੀ ਲੋੜ ਹੈ|
ਕਹਿਣ ਨੂੰ ਤਾਂ ਹਰ ਸਰਕਾਰ, ਨੇਤਾ ਜਾਂ ਆਮ ਆਦਮੀ ਵੀ ਕਹਿ ਛੱਡਦਾ ਹੈ ਕਿ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ ਪ੍ਰੰਤੂ ਹੱਥ ਆਇਆ ਮੌਕਾ ਹੱਥੋਂ ਕੋਈ ਵੀ ਨਹੀਂ ਜਾਣ ਦਿੰਦਾ| ਨੇਤਾ ਸਰਕਾਰੀ ਮੁਲਾਜ਼ਮਾਂ ਨੂੰ ਨਸੀਹਤ ਕਰਦੇ ਹਨ, ਸਰਕਾਰੀ ਮੁਲਾਜ਼ਮ ਸਰਕਾਰਾਂ ਨੂੰ ਅਤੇ ਜਨਤਾ ਆਪਣੇ ਆਪ ਨੂੰ ਦੁੱਧ ਧੋਤਾ ਮੰਨਦੀ ਹੈ, ਪਰ ਬੰਦਾ ਕੋਈ ਨਹੀਂ ਬਣਦਾ।
ਭਾਰਤ ਜਮਹੂਰੀ ਮੁਲਕ ਮੰਨਿਆ ਜਾਂਦਾ ਹੈ ਪਰ ਸਭ ਤੋਂ ਵੱਧ ਲੋਕਾਂ ਦਾ ਘਾਣ ਇਥੇ ਹੀ ਹੁੰਦਾ ਹੈ| ਲੀਡਰ, ਵਪਾਰੀ ਤੇ ਉਦਯੋਗਿਕ ਘਰਾਣੇ ਰਲ-ਮਿਲ ਕੇ ਅੱਗੇ ਤੋਂ ਅੱਗੇ ਵਧਣ ਦੀ ਦੌੜ ਤੇ ਹੋੜ ‘ਚ ਵਿਅਸਥ ਹਨ, ਤੇ ਆਮ ਲੋਕਾਈ ਹਾਸ਼ੀਏ ‘ਤੇ ਧੱਕ ਦਿੱਤੀ ਗਈ ਹੈ। ਜੇ ਇਸ ਖੋਟੇ ਨਿਜ਼ਾਮ ਤੋਂ ਖਹਿੜਾ ਛੁਡਾਉਣਾ ਹੈ ਤਾਂ ਆਮ ਆਦਮੀ ਨੂੰ ਸਭ ਤੋਂ ਪਹਿਲਾਂ ਆਦਮੀ ਤੋਂ ਇਨਸਾਨ ਤੱਕ ਦਾ ਸਫਰ ਤੈਅ ਕਰਦਿਆਂ ਆਪਣੇ ਰਾਹਾਂ ਨੂੰ ਮੋਕਲਾ ਕਰਨਾ ਪਵੇਗਾ। ਆਓ, ਸਾਰੇ ਰਲ-ਮਿਲ ਕੇ ਬੰਦਿਆਂ ਦੀ ਖੇਤੀ ਲਈ ਜ਼ਰਖੇਜ਼ ਜਮੀਨ ਤਿਆਰ ਕਰਨ ਲਈ ਹੰਭਲਾ ਮਾਰੀਏ|