ਹੱਥ ਲਿਖਤ ਖਰੜਿਆਂ ਦਾ ਖੋਜੀ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ

ਸਿਮਰਨਜੀਤ ਕੌਰ*
ਫੋਨ: 91-85688-31666
ਇਤਿਹਾਸ ਕੌਮਾਂ ਦੀ ਰਹਿਨੁਮਾਈ ਕਰਦਾ ਹੈ। ਇਤਿਹਾਸ ਕੌਮ ਨੂੰ ਹਲੂਣਾ ਦੇ ਕੇ ਰਣ ਦੇ ਮੈਦਾਨ ਵਿਚ ਲੈ ਜਾਣ ਦੀ ਤਾਕਤ ਰੱਖਦਾ ਹੈ। ਅਜਿਹਾ ਮਣਾਂ ਮੂੰਹੀ ਸਾਹਿਤ, ਜੋ ਵਿਦਵਾਨਾਂ ਤੇ ਇਤਿਹਾਸਕਾਰਾਂ ਰਾਹੀਂ ਲਿਖਤ ਰੂਪ ਵਿਚ ਸਾਂਭਿਆ ਗਿਆ, ਉਸ ਨੂੰ ਇਕੱਤਰ ਕਰਨ ਦਾ ਬੀੜਾ ਉਠਾਉਣ ਵਾਲਾ ਖੋਜੀ ਇਤਿਹਾਸਕਾਰ ਸ਼ ਸ਼ਮਸ਼ੇਰ ਸਿੰਘ ਅਸ਼ੋਕ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਸ਼ਮਸ਼ੇਰ ਸਿੰਘ ਅਸ਼ੋਕ ਦੀ ਇਕ ਸੁਘੜ ਹਥ ਲਿਖਤ ਖੋਜੀ, ਅਨੁਵਾਦਕ, ਇਤਿਹਾਸਕਾਰ, ਕਵੀ, ਖੋਜਕਾਰ, ਆਲੋਚਕ, ਸੰਪਾਦਕ ਅਤੇ ਨਿਬੰਧਕਾਰ ਦੇ ਰੂਪ ਵਿਚ ਪੰਜਾਬੀ ਸਾਹਿਤ ਜਗਤ ‘ਚ ਇਕ ਵਿਸ਼ੇਸ਼ ਥਾਂ ਹੈ। ਉਨ੍ਹਾਂ ਸੌ ਦੇ ਕਰੀਬ ਕਿਤਾਬਾਂ ਨੂੰ ਆਪਣੀ ਮੌਲਿਕ ਰਚਨਾ, ਸੰਪਾਦਨਾ, ਅਨੁਵਾਦ ਅਤੇ ਖੋਜ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ।

ਆਪਣੇ ਸਮਕਾਲੀ ਖੋਜ ਰਸਾਲਿਆਂ ਤੇ ਅਖਬਾਰਾਂ ਵਿਚ ਸਮੇਂ ਸਮੇਂ ਧਰਮ, ਸਾਹਿਤ ਤੇ ਇਤਿਹਾਸ ਸਬੰਧੀ ਖੋਜ ਪੱਤਰ ਤੇ ਲੇਖ ਲਿਖਦੇ ਰਹੇ।
ਇਸ ਸਿਰਮੌਰ ਇਤਿਹਾਸਕਾਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਆਰਾ ਵਿਚ 10 ਫਰਵਰੀ 1904 ਨੂੰ ਮਾਤਾ ਸੁਖਦੇਵ ਕੌਰ ਦੀ ਕੁਖੋਂ ਸ਼ ਝਾਬਾ ਸਿੰਘ ਦੇ ਘਰ ਹੋਇਆ। ਇਹ ਜਿਮੀਂਦਾਰ ਪਰਿਵਾਰ ‘ਸੰਘਾ’ ਗੋਤ ਨਾਲ ਸਬੰਧਤ ਸੀ, ਜੋ ਦੁਆਬੇ ਦੇ ਪਿੰਡ ਕਾਲਾ ਸੰਘਿਆਂ ਤੋਂ ਆਣ ਇਥੇ ਵਸਿਆ ਸੀ। ਮਾਲੇਰਕੋਟਲਾ ਤਹਿਸੀਲ ਵਿਚ ਪੈਂਦੇ ਇਸ ਪਿੰਡ ਦਾ ਨਾਮਕਰਨ ਪਰਿਵਾਰ ਦੇ ਬਜ਼ੁਰਗਾਂ ਵੱਲੋਂ ਹੀ ਹੋਇਆ, ਜਦੋਂ ਪਰਿਵਾਰ ਕਾਲਾ ਸੰਘਿਆਂ ਤੋਂ ਮਾਲੇਰਕੋਟਲੇ ਆਇਆ ਤਾਂ ਬਜ਼ੁਰਗਾਂ ਨੂੰ 1800 ਵਿੱਘੇ ਜਮੀਨ ਅਲਾਟ ਹੋਈ। ਉਨ੍ਹਾਂ ਨੇ ਖੇਤ ਵਿਚਾਲੇ ਇਕ ਕੋਠਾ ਪਾ ਕੇ ਬਾਕੀ ਸਾਰੇ ਗੁਆਰਾ ਬੀਜ ਦਿੱਤਾ, ਇਸੇ ਤੋਂ ਹੀ ਇਹ ਪਿੰਡ ਗੁਆਰਾ ਨਾਂ ਨਾਲ ਜਾਣਿਆ ਜਾਣ ਲੱਗਾ।
ਸ਼ ਅਸ਼ੋਕ ਦੇ ਘਰ ਦਾ ਮਾਹੌਲ ਧਾਰਮਕ ਪ੍ਰਵਿਰਤੀ ਦਾ ਸੀ, ਸ਼ ਝਾਬਾ ਸਿੰਘ ਨੂੰ ਮਾਣ ਸੀ ਕਿ ਉਨ੍ਹਾਂ ਦਾ ਕੁਰਸੀਨਾਮਾ ਗੁਰੂ ਅਰਜਨ ਦੇਵ ਜੀ ਵਲੋਂ ਵਰੋਸਾਏ ਸਿੱਖ ਭਾਈ ਅਜਾਇਬ ਨਾਲ ਜਾ ਜੁੜਦਾ ਹੈ। ਉਹ ਘਰ ਵਿਚ ਅਸ਼ੋਕ ਨੂੰ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ, ਜਿਨ੍ਹਾਂ ਦਾ ਪ੍ਰਭਾਵ ਸ਼ ਅਸ਼ੋਕ ਦੇ ਬਾਲ ਮਨ ‘ਤੇ ਬਹੁਤ ਪਿਆ, ਜੋ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਵੀ ਪ੍ਰਗਟ ਹੁੰਦਾ ਹੈ। ਅਸ਼ੋਕ ਤੋਂ ਪਹਿਲਾਂ ਉਸ ਦੇ ਪੰਜ ਭਰਾ ਤੇ ਇਕ ਭੈਣ ਅਕਾਲ ਚਲਾਣਾ ਕਰ ਚੁਕੇ ਸਨ। ਅਸ਼ੋਕ ਮਾਪਿਆਂ ਦਾ ਇਕਲੌਤਾ ਚਿਰਾਗ ਹੋਣ ਕਰਕੇ ਮਾਪੇ ਉਨ੍ਹਾਂ ਦੀ ਸਿਹਤ ਲਈ ਫਿਕਰਮੰਦ ਰਹਿੰਦੇ ਅਤੇ ਆਪਣੇ ਤੋਂ ਦੂਰ ਨਹੀਂ ਸਨ ਕਰਦੇ। ਸ਼ ਅਸ਼ੋਕ ਰਸਮੀ ਤੌਰ ‘ਤੇ ਕਿਸੇ ਸਕੂਲ ਵਿਚੋਂ ਵਿੱਦਿਆ ਨਾ ਲੈ ਸਕੇ। ਸ਼ ਝਾਬਾ ਸਿੰਘ ਆਪਣੇ ਪੁੱਤਰ ਨੂੰ ਸਕੂਲ ਪੜ੍ਹਾਉਣਾ ਚਾਹੁੰਦੇ ਸਨ ਪਰ ਅਧਿਆਪਕਾਂ ਵੱਲੋਂ ਬੱਚਿਆਂ ਦੀ ਕੁੱਟ ਮਾਰ ਦੀਆਂ ਗੱਲਾਂ ਜਦੋਂ ਮਾਂ ਸੁਣ ਲੈਂਦੀ ਤਾਂ ਉਸ ਦੀ ਮਮਤਾ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਵਸ ਪਾਉਣ ਤੋਂ ਕਤਰਾਉਂਦੀ। ਉਹ ਕੁਝ ਦਿਨ ਅਮਰਗੜ੍ਹ, ਬਨਭੌਰਾ ਤੇ ਮੀਮਸੇ ਸਕੂਲ ਗਏ ਪਰ ਗੱਲ ਸਿਰੇ ਨਾ ਚੜ੍ਹੀ।
1915 ਈæ ਤਕ ਉਹ ਆਪਣੇ ਖੇਤਾਂ ਵਿਚ ਕੰਮ ਕਰਦੇ ਰਹੇ ਤੇ ਇਕ ਦਿਨ ਖੁਦ ਹੀ ਪਿੰਡ ਦੇ ਪਾਂਧੇ ਕੋਲ ਲੰਡੇ ਪੜ੍ਹਨ ਲਈ ਜਾ ਬੈਠੇ ਅਤੇ ਉਨ੍ਹਾਂ ਦੇ ਇਸ ਫੈਸਲੇ ਤੋਂ ਪਿਤਾ ਜੀ ਬਹੁਤ ਖੁਸ਼ ਹੋਏ। ਪਾਂਧੇ ਕੋਲੋਂ ਸ਼ ਅਸ਼ੋਕ ਨੇ ਲੰਡੇ ਤੇ ਹਿਸਾਬ ਕਿਤਾਬ ਸਾਲ ਵਿਚ ਹੀ ਸਿੱਖ ਲਏ। ਇਸ ਪਿਛੋਂ ਉਨ੍ਹਾਂ ਭਾਈ ਕ੍ਰਿਪਾ ਸਿੰਘ ਦਰਜੀ ਤੋਂ ਗੁਰਮੁਖੀ ਸਿੱਖੀ ਅਤੇ ਉਸ ਕੋਲੋਂ ਪੰਜ ਗ੍ਰੰਥੀ, ਦਸ ਗ੍ਰੰਥੀ, ਭਗਤ ਬਾਣੀ, ਵਾਰਾਂ ਭਾਈ ਗੁਰਦਾਸ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ। ਉਨ੍ਹਾਂ ਆਪਣੇ ਸਾਥੀਆਂ ਅਤੇ ਸੂਫੀ ਫਕੀਰਾਂ ਕੋਲੋਂ ਦੇਵਨਾਗਰੀ ਤੇ ਫਾਰਸੀ ਦਾ ਮੁੱਢਲਾ ਗਿਆਨ ਪ੍ਰਾਪਤ ਕੀਤਾ ਤੇ ਕਿਤਾਬਾਂ ਪੜ੍ਹਨ ਲੱਗੇ। ਉਹ ਕਹਿੰਦੇ, “ਵਿਦਿਆ ਪ੍ਰਾਪਤੀ ਦੇ ਦਿਨਾਂ ਵਿਚ ਮੇਰੀ ਅਵਸਥਾ ਸੱਚਮੁਚ ਹੀ ਉਸ ਵੈਰਾਗੀ ਸਾਧੂ ਵਰਗੀ ਸੀ ਜੋ ਕਿਸੇ ਪਾਠਸ਼ਾਲਾ ਦੇ ਬੂਹੇ ਅੱਗੇ ਖਲੋ ਕੇ ਵਿਦਿਆਰਥੀਆਂ ਪਾਸੋਂ ਕੇਵਲ ਇਕ ਇਕ ਅੱਖਰ ਪੁਛ ਪੁਛਾ ਕੇ ਹੀ 18 ਅਧਿਆਵਾਂ ਦੀ ਗੀਤਾ ਰਟ ਗਿਆ ਸੀ।”
ਸੰਨ 1924-25 ਵਿਚ 14 ਸਾਲ ਦੀ ਉਮਰੇ ਸ਼ ਅਸ਼ੋਕ ਦੀ ਸ਼ਾਦੀ ਮਾਲੇਰਕੋਟਲਾ ਦੇ ਨੇੜਲੇ ਪਿੰਡ ਆਦਮਵਾਲ ਦੇ ਜਿਮੀਂਦਾਰ ਸ਼ ਗੁਰਦਿੱਤ ਸਿੰਘ ਭੋਗਲ ਦੀ ਸਪੁੱਤਰੀ ਬੀਬੀ ਸ਼ਾਮ ਕੌਰ (ਵਿਆਹ ਪਿਛੋਂ ਨਾਂ ਰਜਿੰਦਰ ਕੌਰ) ਨਾਲ ਹੋਇਆ। ਸ਼ ਅਸ਼ੋਕ ਦੇ ਘਰ ਚਾਰ ਬੱਚਿਆਂ-ਦੋ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ।
ਆਪਣੀ ਮਿਹਨਤ ਤੇ ਲਗਨ ਨਾਲ ਸ਼ ਅਸ਼ੋਕ ਨੇ ਗੁਰਮੁਖੀ, ਹਿੰਦੀ, ਉਰਦੂ ਵਿਚ ਮੁਹਾਰਤ ਹਾਸਿਲ ਕਰ ਲਈ। ਪਿੰਡ ਦੇ ਲੋਕ ਉਸ ਕੋਲ ਚਿੱਠੀਆਂ ਪੜ੍ਹਵਾਉਣ ਤੇ ਲਿਖਵਾਉਣ ਆਉਣ ਲੱਗੇ। ਇਸ ਚਿੱਠੀਆਂ ਵਾਲੀ ਪ੍ਰਕ੍ਰਿਆ ਨਾਲ ਸ਼ ਅਸ਼ੋਕ ਦੀ ਵਾਰਤਕ ਵਿਚ ਨਿਖਾਰ ਆਉਣ ਲੱਗਾ। ਘਰ ਵਿਚ ਧਾਰਮਕ ਮਾਹੌਲ ਹੋਣ ਕਰਕੇ ਸ਼ ਅਸ਼ੋਕ ਨੂੰ ਸਾਧੂਆਂ ਦੇ ਸੰਗ ਦਾ ਵੀ ਮੌਕਾ ਮਿਲਦਾ ਰਹਿੰਦਾ। ਪੜ੍ਹਨ ਦੀ ਰੁਚੀ ਹੋਣ ਕਾਰਨ ਉਨ੍ਹਾਂ ਸਾਧੂਆਂ ਕੋਲੋਂ ਯੋਗ, ਵਿਸ਼ਿਸ਼ਟ, ਵੈਰਾਗ ਸ਼ਤਕ, ਸਾਰਕੁਤਾਵਲੀ ਤੇ ਹੋਰ ਗ੍ਰੰਥ ਵਿਚਾਰੇ। ਸਾਧੂਆਂ ਦੇ ਸੰਗ ਨੇ ਉਨ੍ਹਾਂ ਦੇ ਮਨ ਨੂੰ ਇਤਨਾ ਪ੍ਰਭਾਵਿਤ ਕੀਤਾ ਕਿ ਉਹ ਖੁਦ ਵੀ ਸਾਧੂ ਬਣਨ ਲਈ ਤਿਆਰ ਹੋ ਗਏ।
ਇਸੇ ਸਮੇਂ ਦੌਰਾਨ ਬਾਬੂ ਤੇਜਾ ਸਿੰਘ ਭਸੌੜ ਨਾਲ ਹੋਏ ਮਿਲਾਪ ਨੇ ਉਨ੍ਹਾਂ ਦੀ ਸੋਚ ਹੀ ਪਲਟ ਦਿੱਤੀ। ਸਾਧੂ ਹੋਣ ਦਾ ਵਿਚਾਰ ਤਿਆਗ ਕੇ ਕਲਮ ਰਾਹੀਂ ਕੌਮੀ ਸੇਵਾ ਵਿਚ ਜੁੱਟ ਗਏ ਅਤੇ ਸਿੰਘ ਸਭਾ ਭਸੌੜ ਦੇ ‘ਪੰਚ ਖਾਲਸਾ ਸਮਾਚਾਰ’ ਅਤੇ ‘ਕ੍ਰਿਪਾਨ ਬਹਾਦਰ’ ਲਈ ਵੀ ਲਿਖਦੇ ਰਹੇ। ਉਨ੍ਹਾਂ ਦੇ ਸਾਹਿਤਕ ਜੀਵਨ ਦਾ ਅਰੰਭ ਇਕ ਕਵੀ ਵਜੋਂ ਹੋਇਆ ਜਦੋਂ ਉਨ੍ਹਾਂ ਧਾਰਮਕ ਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ। ਸ਼ੁਰੂ ਵਿਚ ਉਨ੍ਹਾਂ ਪੰਜਾਬੀ ਤੇ ਉਰਦੂ ਵਿਚ ਕਵਿਤਾ ਲਿਖੀ। ਇਸੇ ਸਮੇਂ ਪ੍ਰਸਿਧ ਕਵੀ ਨਰਾਇਣ ਸਿੰਘ ਵਲਭ ਕੋਲੋਂ ਪਿੰਗਲ ਦਾ ਗਿਆਨ ਲਿਆ ਅਤੇ 1928 ਵਿਚ ਆਪਣਾ ਪਹਿਲਾ ਕਾਵਿ ਸੰਗ੍ਰਿਹ ‘ਮਜ਼ਲੂਮ ਬੀਰ’ ਪ੍ਰਕਾਸ਼ਿਤ ਕਰਵਾਈ।
ਜਿਨ੍ਹਾਂ ਭਾਸ਼ਾਵਾਂ ਦਾ ਉਸ ਨੇ ਗਿਆਨ ਹਾਸਿਲ ਕੀਤਾ, ਉਨ੍ਹਾਂ ਨੂੰ ਪ੍ਰਮਾਣਿਤ ਰੂਪ ਦੇਣ ਲਈ 1928 ਵਿਚ ਗਿਆਨੀ ਅਤੇ 1931 ਵਿਚ ਪ੍ਰਭਾਕਰ ਪਾਸ ਕੀਤੀ। ਸੰਸਕ੍ਰਿਤ ਦੇ ਵਿਸ਼ਾਰਦ ਤੇ ਫਾਰਸੀ ਦੇ ਮੁਨਸ਼ੀ ਫਾਜ਼ਿਲ ਦੇ ਇਮਤਿਹਾਨ ਦੀ ਤਿਆਰੀ ਕੀਤੀ ਪਰ ਘਰੇਲੂ ਕਾਰਨਾਂ ਕਰਕੇ ਇਮਤਿਹਾਨ ਨਾ ਦੇ ਸਕੇ। ਉਨ੍ਹਾਂ ਵੈਦਿਕ ਵਿਦਿਆ ਦਾ ਵੀ ਚੰਗਾ ਗਿਆਨ ਪ੍ਰਾਪਤ ਕੀਤਾ ਅਤੇ ਕੁਝ ਸਮਾਂ ਆਪਣੇ ਪਿੰਡ ਵਿਚ ਹਕੀਮੀ ਵੀ ਕਰਦੇ ਰਹੇ।
ਗਿਆਨ ਪ੍ਰਾਪਤੀ ਦੀ ਤਾਂਘ ਨੇ ਉਨ੍ਹਾਂ ਦਾ ਮਿਲਾਪ ਭਾਈ ਕਾਨ੍ਹ ਸਿੰਘ ਨਾਭਾ ਨਾਲ ਕਰਵਾ ਦਿੱਤਾ। ਇਸ ਮਿਲਾਪ ਰਾਹੀਂ ਅਜਿਹੀ ਚਿਣਗ ਪੈਦਾ ਹੋਈ ਕਿ ਸ਼ ਅਸ਼ੋਕ ਗੁਆਰੇ ਤੋਂ ਪੈਦਲ ਹੀ ਨਾਭੇ ਲਈ ਚਲ ਪੈਂਦੇ ਤੇ ਹਫਤੇ ਦੇ ਪੰਜ ਦਿਨ ਉਥੇ ਹੀ ਰਹਿੰਦੇ। ਭਾਈ ਕਾਨ੍ਹ ਸਿੰਘ ਨਾਭਾ ਦਾ ਵੀ ਸ਼ ਅਸ਼ੋਕ ਪ੍ਰਤੀ ਖਾਸ ਸਨੇਹ ਸੀ ਅਤੇ ਖੋਜ ਖੇਤਰ ਵਿਚ ਉਨ੍ਹਾਂ ਖਾਸ ਅਗਵਾਈ ਵੀ ਕੀਤੀ। 1932 ਤੋਂ 1938 ਤਕ ਭਾਈ ਕਾਨ੍ਹ ਸਿੰਘ ਨਾਭਾ ਕੋਲ ਕਾਰਜ ਕੀਤਾ ਅਤੇ ਹਥ ਲਿਖਤ ਖਰੜਿਆਂ ਨੂੰ ਇਕੱਤਰ ਕਰਨ ਦਾ ਬੀੜਾ ਉਠਾਇਆ। ਉਨ੍ਹਾਂ ਨੂੰ ਜਦੋਂ ਵੀ, ਜਿਥੇ ਵੀ ਕਿਸੇ ਖਰੜੇ ਜਾਂ ਗ੍ਰੰਥ ਦੀ ਸੂਹ ਮਿਲਦੀ, ਉਹ ਲੈਣ ਲਈ ਜਾਂ ਉਸ ਨੂੰ ਵਾਚਣ ਖਾਤਰ ਪਹੁੰਚ ਜਾਂਦੇ। ਉਨ੍ਹਾਂ ਪੁਰਾਤਨ ਖਰੜਿਆਂ ਜਾਂ ਗ੍ਰੰਥਾਂ ਨੂੰ ਇਕੱਤਰ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਵਾਚ ਕੇ ਨਵੇਂ ਸਿੱਟੇ ਵੀ ਕੱਢੇ, ਉਨ੍ਹਾਂ ਨੂੰ ਸੰਪਾਦਿਤ ਅਤੇ ਪ੍ਰਕਾਸ਼ਿਤ ਵੀ ਕੀਤਾ।
ਸ਼ ਅਸ਼ੋਕ ਨੇ 1938 ਵਿਚ ‘ਮੁਦ੍ਰਾਰਾਕਸਸ਼’ ਨਾਟਕ ਦਾ ਅਨੁਵਾਦ ਕਰਕੇ ਛਪਵਾਇਆ। ਉਨ੍ਹਾਂ ਦੀ ਯੋਗਤਾ ਨੂੰ ਮੁਖ ਰੱਖਦਿਆਂ ਪ੍ਰਿੰæ ਨਿਰੰਜਨ ਸਿੰਘ ਨੇ ਸਿੱਖ ਨੈਸ਼ਨਲ ਕਾਲਜ, ਲਾਹੌਰ ‘ਚ ਬਤੌਰ ਇਤਿਹਾਸ ਰਿਸਰਚ ਸਕਾਲਰ ਨਿਯੁਕਤ ਕੀਤਾ, ਜਿਥੇ ਜੂਨ 1943 ਤੋਂ ਸਤੰਬਰ 1945 ਤਕ ਖੋਜ ਕਾਰਜ ਕੀਤਾ। ਇਥੇ ਰਹਿੰਦਿਆਂ ‘ਸਿੰਘ ਸਭਾ ਲਹਿਰ ਦਾ ਇਤਿਹਾਸ’ ਲਿਖਿਆ, ਦੋ ਕਿਤਾਬਾਂ ‘ਧਰਮ, ਸਾਹਿਤ ਤੇ ਇਤਿਹਾਸ’ (ਲੇਖ ਸੰਗ੍ਰਿਹ 1944) ਅਤੇ ‘ਗੁਰੂ ਨਾਨਕ ਜੀਵਨੀ ਤੇ ਗੋਸ਼ਟਾਂ’ (1945) ਪ੍ਰਕਾਸ਼ਿਤ ਕੀਤੀਆਂ। ਉਹ ਕਾਲਜ ਵਿਚ ਕਲਾਸਾਂ ਨੂੰ ਵੀ ਪੜ੍ਹਾਉਂਦੇ ਰਹੇ। ਸੰਨ 1945 ਤੋਂ 1947 ਈæ ਤਕ ਸ਼ਮਸ਼ੇਰ ਸਿੰਘ ਅਸ਼ੋਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾ ਨਿਭਾਈ। ਇਸ ਸਮੇਂ ‘ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀḔ (1946), ‘ਮਾਧਵਾ ਨਲ ਕਾਮ ਕੰਦਲਾ ਕ੍ਰਿਤ ਕਵੀ ਆਲਮḔ (1946) ਅਤੇ ‘ਪ੍ਰਾਚੀਨ ਜੰਗ-ਨਾਮੇ’ (1950) ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। 1947 ਦੀ ਵੰਡ ਬਾਅਦ ਸ਼ ਅਸ਼ੋਕ ਖਾਲਸਾ ਸਕੂਲ ਮਾਲੇਰਕੋਟਲਾ ਪੜ੍ਹਾਉਣ ਲੱਗੇ। ਅਗਸਤ 1948 ਤੋਂ ਫਰਵਰੀ 1959 ਤਕ ਉਹ ਪਟਿਆਲਾ ਰਿਆਸਤ ਵਲੋਂ ਸਥਾਪਿਤ ਕੀਤੇ ਗਏ ਮਹਿਕਮਾ ਪੰਜਾਬੀ (ਭਾਸ਼ਾ ਵਿਭਾਗ, ਪਟਿਆਲਾ) ਵਿਖੇ ਕੋਸ਼ਕਾਰ ਤੇ ਹਥ ਲਿਖਤਾਂ ਦੇ ਖੋਜਾਰਥੀ ਦੇ ਤੌਰ ‘ਤੇ ਸੇਵਾਮੁਕਤ ਹੋਣ ਤਕ ਕਾਰਜ ਕਰਦੇ ਰਹੇ।
ਇਸ ਸਮੇਂ ਦੌਰਾਨ ਉਨ੍ਹਾਂ ‘ਸਿੱਖੀ ਤੇ ਇਤਿਹਾਸ (1951)’, ‘ਸਿੱਖ ਰਾਜ ਦਾ ਅੰਤ (1951)’, ‘ਪੰਜਾਬੀ ਪੱਤਰਕਲਾ (1953)’, ‘ਪੰਜਾਬੀ ਪ੍ਰਕਾਸ਼ਨਾਂ ਦੀ ਸੂਚੀ (1953)’, ‘ਪੰਜਾਬ ਦੀਆਂ ਲਹਿਰਾਂ (1850-1910)’, ‘ਸ੍ਰੀ ਸੰਤ ਰੈਣ ਗ੍ਰੰਥਾਵਲੀ-ਪਹਿਲਾ ਭਾਗ (1955)’, ‘ਸਾਹਿਤਕ ਲੀਹਾਂ (1955)’, ‘ਆਦਮੀ ਦੀ ਪਰਖ (ਅਨੁਵਾਦ 1956)’, ‘ਪੰਜਾਬ ਦਾ ਹਿੰਦੀ ਸਾਹਿਤ (ਹਿੰਦੀ 1957)’, ‘ਪੰਜਾਬ ਦਾ ਸੰਖੇਪ ਇਤਿਹਾਸ (1958)’, ‘ਸ੍ਰੀਮਦ ਭਗਵਤ ਗੀਤਾ (ਅਨੁਵਾਦਿਤ 1958)’, ‘ਮਾਲਵੇਂਦ੍ਰ ਮਹਾਕਾਵਯ (ਆਲੋਚਨਾ 1959)’ ਆਦਿ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਇਸ ਤੋਂ ਬਾਅਦ ਕੁਝ ਸਮਾਂ ਮੋਤੀ ਬਾਗ, ਪਟਿਆਲਾ ਵਿਖੇ ਬਤੌਰ ਲਾਇਬ੍ਰੇਰੀਅਨ ਰਹੇ। ਉਨ੍ਹਾਂ ਦੀ ਅਣਥਕ ਮਿਹਨਤ, ਸਿਰੜ ਤੇ ਸਿਦਕ ਸਦਕਾ 1960 ਤੋਂ 1963 ਤਕ ਪੰਜਾਬ ਸਰਕਾਰ ਵੱਲੋਂ ਮਹਿਕਮਾ ਪੰਜਾਬੀ ਵਿਖੇ ਫਿਰ ਤੋਂ ਮੌਕਾ ਦਿੱਤਾ ਗਿਆ। ਇਸ ਦੌਰਾਨ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ ਦੀ ਦੂਜੀ ਅਡੀਸ਼ਨ ਦਾ ਸੰਪਾਦਨ (1960) ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪੁਸਤਕਾਂ ‘ਹੀਰ ਵਾਰਿਸ (ਸੰਪਾਦਨ 1961)’, ‘ਮੁਕਬਿਲ ਕੇ ਕਿੱਸੇ (ਸੰਪਾਦਿਤ 1961)’, ‘ਪੰਜਾਬੀ ਹੱਥ ਲਿਖਤਾਂ ਦੀ ਸੂਚੀ (ਪਹਿਲਾ ਭਾਗ 1961)’, ‘ਸਮੇਂ ਦਾ ਸੁਨੇਹਾ (ਨਾਵਲ, ਅਨੁਵਾਦ 1962)’, ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਕ੍ਰਿਤ ਸੋਢੀ ਮਿਹਰਵਾਨ (ਸੰਪਾਦਿਤ 1962)’, ‘ਪੰਜਾਬੀ ਹੱਥ ਲਿਖਤਾਂ ਦੀ ਸੂਚੀ (ਦੂਜਾ ਭਾਗ 1963)’, ‘ਸ਼ੀਰੀ ਫਰਹਾਦ (ਸੰਪਾਦਿਤ 1963)’, ‘ਜਨਮ ਸਾਖੀ ਗੁਰੂ ਨਾਨਕ’ Ḕਹਿੰਦਾਲੀਆਂ ਵਾਲੀḔ (ਸੰਪਾਦਿਤ 1963), ‘ਗੋਸ਼ਟਾਂ ਗੁਰੂ ਨਾਨਕ, ਭਾਈ ਬਾਲਾ ਮਰਦਾਨਾ ਆਦਿ (ਸੰਪਾਦਿਤ 1963)’, ‘ਗੁਰੂ ਮਹਿਮਾ ਪ੍ਰਕਾਸ਼ (ਸੰਪਾਦਿਤ 1963)’ ਆਦਿ ਪ੍ਰਕਾਸ਼ਿਤ ਹੋਈਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1964 ਵਿਚ ਉਨ੍ਹਾਂ ਨੂੰ ਸਿੱਖ ਇਤਿਹਾਸ ਰਿਸਰਚ ਬੋਰਡ ਵਿਖੇ ‘ਰਿਸਰਚ ਸਕਾਲਰ’ ਵਜੋਂ ਨਿਯੁਕਤੀ ਕੀਤਾ, ਪਰ ਸਿਹਤ ਖਰਾਬ ਹੋਣ ਕਾਰਨ ਉਥੇ ਜ਼ਿਆਦਾ ਸਮਾਂ ਨਾ ਰਹਿ ਪਾਏ। 1965 ਤੋਂ 1966 ਤਕ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਭਾਗ ਹਿਸਟੌਰੀਕਲ ਸਟੱਡੀ ਵਿਖੇ ਰਿਸਰਚ ਸਕਾਲਰ ਰਹੇ। 1966 ਵਿਚ ਉਹ ਰਿਸਰਚ ਸਕਾਲਰ ਵਜੋਂ ਸ਼੍ਰੋਮਣੀ ਕਮੇਟੀ ਦੀ ਨੌਕਰੀ ਫਿਰ ਤੋਂ ਕਰਨ ਲੱਗੇ, ਜਿਥੇ 1981 ਤਕ ਸੇਵਾ ਨਿਭਾਈ। ‘ਪੰਜਾਬੀ ਜੀਵਨ ਤੇ ਸੰਸਕ੍ਰਿਤੀ’ (ਖੋਜ 1965), ‘ਪੰਜਾਬ ਦਾ ਇਤਿਹਾਸ (1966)’, ‘ਮਧ ਕਾਲੀਨ ਪੰਜਾਬ (1966)’, ‘ਸਾਡਾ ਹਥ ਲਿਖਤ ਪੰਜਾਬੀ ਸਾਹਿਤ (1968)’, ‘ਪੰਜਾਬ ਦੀ ਭਾਸ਼ਾ ਸਮੱਸਿਆ (1972)’ ਆਦਿ ਪੁਸਤਕਾਂ ਇਸੇ ਸਮੇਂ ਪ੍ਰਕਾਸ਼ਿਤ ਹੋਈਆਂ।
ਸ਼ ਅਸ਼ੋਕ ਇਕ ਸੁਘੜ ਸੰਪਾਦਕ ਅਤੇ ਇਤਿਹਾਸਕਾਰ ਹੋਣ ਦੇ ਨਾਲ ਉਘੇ ਆਲੋਚਕ ਵੀ ਸਨ। ਉਹ ਤੱਥ ਆਧਾਰਤ ਗੱਲ ਕਰਦਿਆਂ ਪਹਿਲੀਆਂ ਧਾਰਨਾਵਾਂ ਨੂੰ ਰੱਦ ਕਰਨ ਦੀ ਵੀ ਸਮਰੱਥਾ ਰੱਖਦੇ ਸਨ। ਇਸ ਬਹੁ ਭਾਸ਼ਾਈ ਵਿਦਵਾਨ ਨੂੰ ਖੋਜ ਅਤੇ ਸੰਪਾਦਨ ਤੋਂ ਇਲਾਵਾ ਚੰਗੇ ਅਨੁਵਾਦਕ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਵਲੋਂ ਅਨੁਵਾਦਿਤ ‘ਸ੍ਰੀ ਮਦ ਭਾਗਵਤ ਗੀਤਾ’ ਲਈ ਪੰਜਾਬ ਸਰਕਾਰ ਨੇ ਸਨਮਾਨਿਤ ਵੀ ਕੀਤਾ। ਇਸ ਅਨੁਵਾਦ ਬਾਰੇ ਸਤਿਆਰਥੀ ਦੇ ਵਿਚਾਰ ਹਨ, “ਮੈਨੂੰ ਤਾਂ ਇਉਂ ਜਾਪਦਾ ਹੈ, ਜਿਵੇਂ ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀਮਦ ਭਗਵਤ ਗੀਤਾ ਪਹਿਲਾਂ ਪੰਜਾਬੀ ਵਿਚ ਹੀ ਉਚਰੀ ਹੋਵੇ, ਬਾਅਦ ਵਿਚ ਇਸ ਦਾ ਅਨੁਵਾਦ ਸੰਸਕ੍ਰਿਤ ਵਿਚ ਹੋਇਆ ਹੋਵੇ।”
ਇਸ ਖੋਜੀ ਇਤਿਹਾਸਕਾਰ ਨੇ ਆਪਣੀ ਜ਼ਿੰਦਗੀ ਸਾਹਿਤ, ਇਤਿਹਾਸ ਅਤੇ ਧਰਮ ਦੇ ਲੇਖੇ ਲਾਈ। ਭਾਵੇਂ ਸ਼ ਅਸ਼ੋਕ ਨੂੰ ਸਕੂਲਾਂ-ਕਾਲਜਾਂ ਵਿਚ ਵਿਦਿਆ ਹਾਸਿਲ ਕਰਨ ਦਾ ਸਬੱਬ ਨਹੀਂ ਮਿਲਿਆ ਕਿੰਤੂ ਅਧਿਐਨ ਨੇ ਉਨ੍ਹਾਂ ਨੂੰ ਮੋਹਰੀਆਂ ਵਿਚ ਸ਼ੁਮਾਰ ਕੀਤਾ। ਜੋ ਕਾਰਜ ਸੰਸਥਾਵਾਂ ਕਰ ਰਹੀਆਂ ਸਨ, ਉਹੋ ਕੰਮ ਪੰਜਾਬ ਵਿਚ ਸ਼ ਸ਼ਮਸ਼ੇਰ ਸਿੰਘ ਅਸ਼ੋਕ ਜ਼ਿੰਦਗੀ ਭਰ ਇਕੱਲੇ ਕਰਦੇ ਰਹੇ। ਪੰਜਾਬੀ ਸਾਹਿਤ ਤੇ ਇਤਿਹਾਸ ਦਾ ਇਹ ਖੋਜੀ ਅਤੇ ਅਣਮੁੱਲਾ ਹੀਰਾ 14 ਜੁਲਾਈ 1986 ਨੂੰ 82 ਸਾਲ ਦੀ ਉਮਰ ਭੋਗ ਕੇ ਦੁਨੀਆਂ ਤੋਂ ਰੁਖਸਤ ਹੋ ਗਿਆ। ਸ਼ ਅਸ਼ੋਕ ਦਾ ਕਾਰਜ ਰਹਿੰਦੀ ਦੁਨੀਆਂ ਤਕ ਸਾਹਿਤ ਤੇ ਇਤਿਹਾਸਕ ਖੋਜੀਆਂ ਲਈ ਪ੍ਰੇਰਣਾ ਸ੍ਰੋਤ ਬਣਿਆ ਰਹੇਗਾ।

*ਰਿਸਰਚ ਸਕਾਲਰ, ਸਿੱਖ ਇਤਿਹਾਸ ਰਿਸਰਚ ਬੋਰਡ,
ਸ੍ਰੀ ਅੰਮ੍ਰਿਤਸਰ