ਭਾਰਤ ਵਿਚ ਆਜ਼ਾਦੀ ਦੇ ਸੱਤ ਦਹਾਕਿਆਂ ਪਿਛੋਂ ਵੀ ਗਰੀਬੀ, ਜਾਤ-ਪਾਤ ਅਤੇ ਅੰਧ ਵਿਸ਼ਵਾਸ ਦਾ ਬੋਲ ਬਾਲਾ ਹੈ। ਸਿਆਸਤਦਾਨ ਆਪਣੀਆਂ ਵੋਟਾਂ ਖਾਤਰ ਜਾਤ-ਪਾਤ ਦੇ ਭਿੰਨ ਭੇਦ ਨੂੰ ਹੋਰ ਵਧਾਉਂਦੇ ਹਨ। ਦੇਸ਼ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਬਣਨ ਉਪਰੰਤ ਹਿੰਦੂਵਾਦ ਦਾ ਬੋਲ ਬਾਲਾ ਹੋਰ ਵਧਿਆ ਹੈ ਅਤੇ ਇਸ ਨਾਲ ਘੱਟ ਗਿਣਤੀਆਂ ਨਾਲ ਵਿਤਕਰਾ ਵੀ। ਭਾਰਤੀ ਸੰਵਿਧਾਨ ਦੇ ਘਾੜੇ ਡਾæ ਅੰਬੇਦਕਰ ਨੇ ਬਰਾਬਰੀ ਦਾ ਜੋ ਸੁਪਨਾ ਲਿਆ ਸੀ, ਉਹ ਬਿਲਕੁਲ ਵਿਸਾਰ ਦਿੱਤਾ ਗਿਆ ਹੈ। ਇਸ ਲੇਖ ਵਿਚ ਸੋਹਨ ਲਾਲ ਸਾਂਪਲਾ ਨੇ ਇਨ੍ਹਾਂ ਹੀ ਗੱਲਾਂ ਨੂੰ ਉਭਾਰਿਆ ਹੈ।
-ਸੰਪਾਦਕ
ਸੋਹਨ ਲਾਲ ਸਾਂਪਲਾ, ਜਰਮਨੀ
ਫੋਨ: 0049-152-1837-1169
ਭਾਰਤ ਵਿਚ ਅੰਧ-ਵਿਸ਼ਵਾਸ, ਭ੍ਰਿਸ਼ਟਾਚਾਰ, ਛੂਆਛਾਤ ਅਤੇ ਗਰੀਬੀ ਹਟਣ ਦਾ ਨਾਂ ਨਹੀਂ ਲੈਂਦੀ। ਭਾਰਤ ਨੂੰ ਆਜ਼ਾਦ ਹੋਇਆਂ ਤਕਰੀਬਨ ਸੱਤ ਦਹਾਕੇ ਬੀਤ ਚੁਕੇ ਹਨ। ਆਜ਼ਾਦੀ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਆਜ਼ਾਦੀ ਤੋਂ ਬਾਅਦ ਚੰਗੇ ਦਿਨ ਆਉਣਗੇ, ਪਰ ਚੰਗੇ ਦੀ ਥਾਂ ਮਾੜੇ ਦਿਨ ਆ ਗਏ। ਗਰੀਬ ਹੋਰ ਗਰੀਬ ਹੋਇਆ ਅਤੇ ਅਮੀਰ ਹੋਰ ਅਮੀਰ। ਹਰ ਪਾਸੇ ਅਨਪੜ੍ਹਤਾ ਤੇ ਜਹਾਲਤ। ਕਹਿੰਦੇ ਹਨ ਕਿ ਭਾਰਤ ਵਿਚ 33 ਕਰੋੜ ਦੇਵਤੇ ਵਸਦੇ ਹਨ ਅਤੇ ਲੋਕਾਂ ਨੂੰ ਇਨ੍ਹਾਂ ਵਿਚ ਅੰਨ੍ਹੀ ਸ਼ਰਧਾ ਹੈ। ਸਵਰਗ ਦੇ ਨਾਂ ‘ਤੇ ਬਲੀ ਦਿੱਤੀ ਜਾਂਦੀ ਹੈ। ਮੰਦਿਰਾਂ ਵਿਚ ਭਗਵਾਨਾਂ ਦੇ ਵਿਆਹ ਦੇਵ ਦਾਸੀਆਂ ਨਾਲ ਹੋ ਰਹੇ ਹਨ ਅਤੇ ਮੌਜ ਪੁਰੋਹਿਤ ਵਰਗ ਦੀ ਹੋ ਜਾਂਦੀ ਹੈ।
ਦੱਖਣੀ ਭਾਰਤ ਦੇ ਇਕ ਮੰਦਿਰ ਵਿਚ ਔਰਤਾਂ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ ਆਪਣੇ ਲੰਮੇ ਅਤੇ ਸੋਹਣੇ ਵਾਲ ਕਟਵਾ ਕੇ ਭਗਵਾਨ ਨੂੰ ਭੇਟ ਕਰ ਕੇ ਕਰਦੀਆਂ ਹਨ। ਇਹ ਭੇਡਚਾਲ ਸਵਰਗ ਦੇ ਲਾਲਚ ਵਿਚ ਹਰ ਸਨਿਚਰਵਾਰ ਹੁੰਦੀ ਹੈ। ਉਂਜ ਤਾਂ ਹਿੰਦੂ ਧਰਮ ਮੁਤਾਬਕ ਪਿਤਾ ਦੇ ਮਰਨ ਉਪਰੰਤ ਪੁੱਤਰ ਮੁੰਡਨ ਕਰਵਾਉਂਦਾ ਹੈ, ਪਰ ਵਾਲਾਂ ਦਾ ਵਪਾਰ ਹੁੰਦਾ ਹੈ। ਪੁਜਾਰੀ ਰੱਬ ਦੇ ਨਾਂ ‘ਤੇ ਮਣਾਂ ਮੂੰਹੀਂ ਵਾਲ ਇਕੱਠੇ ਕਰ ਕੇ ਠੇਕੇਦਾਰਾਂ ਨੂੰ ਵੇਚ ਕੇ ਮਾਲਾਮਾਲ ਹੋ ਜਾਂਦੇ ਹਨ।
ਟੀæ ਵੀæ ਉਪਰ ਜੋਤਸ਼ੀ ਲੋਕਾਂ ਦੀ ਰਾਸ਼ੀ ਦੇਖ ਕੇ ਉਨ੍ਹਾਂ ਨੂੰ ਉਪਾਅ ਹੀ ਦੱਸਦੇ ਰਹਿੰਦੇ ਹਨ। ਸਵੇਰੇ ਟੀæ ਵੀæ ਲਾਓ ਤਾਂ ਅੰਧ-ਵਿਸ਼ਵਾਸਾਂ ਦਾ ਪ੍ਰੋਗਰਾਮ ਵੇਖਣ ਨੂੰ ਮਿਲੇਗਾ। ਲੋਕਾਂ ਦਾ ਕੰਮ ਹੋਵੇ ਭਾਵੇਂ ਨਾ ਹੋਵੇ, ਪਰ ਇਨ੍ਹਾਂ ਦੀ ਚਾਂਦੀ ਹੀ ਚਾਂਦੀ। ਘਰ ਬੈਠੇ ਏæ ਸੀæ ਕਮਰਿਆਂ ਵਿਚ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਹੀ ਚੋਖਾ। ਇਨ੍ਹਾਂ ਅੰਧ-ਵਿਸ਼ਵਾਸਾਂ ਤੋਂ ਛੁਟਕਾਰਾ ਪਾਉਣ ਲਈ ਨੇਪਾਲ ਵਿਚ ਭਾਰਤੀ ਚੈਨਲਾਂ ‘ਤੇ ਰੋਕ ਹੈ। ਫਿਲਮਾਂ, ਡਰਾਮਿਆਂ ਵਿਚ ਨਵੇਂ ਨਵੇਂ ਭਗਵਾਨਾਂ ਦਾ ਫਿਲਮਾਂਕਣ ਇੰਨੇ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ ਕਿ ਲੋਕ ਦੇਖਾ-ਦੇਖੀ ਅੰਨ੍ਹੀ ਸ਼ਰਧਾ ਵਿਚ ਭਿੱਜ ਜਾਂਦੇ ਹਨ।
ਮਹਾਂਰਾਸ਼ਟਰ ਵਿਚ ਤਾਂ ਹਰ ਸਾਲ ਗਣੇਸ਼ ਪੂਜਾ ਰੱਜ ਕੇ ਕੀਤੀ ਜਾਂਦੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਰੰਗ-ਬਰੰਗੇ ਭਗਵਾਨ ਬਣਾ ਕੇ ਜਲਸੇ-ਜਲੂਸ ਕੱਢੇ ਜਾਂਦੇ ਹਨ। ਮੂਰਤੀਆਂ ਉਪਰ ਵੱਖ ਵੱਖ ਰੰਗ ਪਾਏ ਜਾਂਦੇ ਹਨ, ਜਿਨ੍ਹਾਂ ਵਿਚ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਤੇਲ, ਤੇਜ਼ਾਬ, ਪੈਟਰੋਲ ਆਦਿ ਮਿਲੇ ਹੁੰਦੇ ਹਨ। ਫਿਰ ਇਨ੍ਹਾਂ ਮੂਰਤੀਆਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਪ੍ਰਵਾਹ ਨਹੀਂ ਕਿ ਇਸ ਨਾਲ ਪਾਣੀ ਗੰਦਾ ਹੋ ਜਾਂਦਾ ਹੈ ਅਤੇ ਬਿਮਾਰੀਆਂ ਫੈਲਦੀਆਂ ਹਨ। ਪਾਣੀ ਅੰਦਰ ਮੱਛੀਆਂ ਮਰ ਜਾਂਦੀਆਂ ਹਨ, ਜਿਸ ਕਾਰਨ ਪਾਣੀ ਪੀਣ ਦੇ ਕਾਬਲ ਨਹੀਂ ਰਹਿੰਦਾ। ਪੂਜਾ-ਪਾਠ ਹੋਰ ਢੰਗ ਨਾਲ ਵੀ ਕੀਤੀ ਜਾ ਸਕਦੀ ਹੈ।
ਜਿਸ ਤਰ੍ਹਾਂ ਇਕ ਝੂਠ ਛੁਪਾਉਣ ਲਈ ਵਾਰ ਵਾਰ ਝੂਠ ਬੋਲਣਾ ਪੈਂਦਾ ਹੈ, ਉਵੇਂ ਹੀ ਹਿੰਦੂਵਾਦ ਨੂੰ ਬਚਾਉਣ ਲਈ ਕਾਲਪਨਿਕ ਆਤਮਾ-ਪਰਮਾਤਮਾ, ਨਰਕ-ਸਵਰਗ, ਪੁਨਰ ਜਨਮ, ਕਿਸਮਤ ਆਦਿ ਝੂਠਾਂ ਦਾ ਸਹਾਰਾ ਲਿਆ ਜਾਂਦਾ ਹੈ। ਇਹ ਪਖੰਡੀ ਲੋਕ ਹੀ ਡਰ ਦੀ ਭਾਵਨਾ ਪੈਦਾ ਕਰਦੇ ਹਨ ਜਿਸ ਨਾਲ ਆਮ ਆਦਮੀ ਇਨ੍ਹਾਂ ਦੇ ਜਾਲ ਵਿਚ ਫਸ ਜਾਂਦਾ ਹੈ। ਪੁਰੋਹਿਤ, ਭਾਈ, ਮੌਲਾਣੇ, ਸਾਧ, ਡੇਰੇ ਵਾਲਿਆਂ ਦੀ ਰੋਜ਼ੀ-ਰੋਟੀ ਇਨ੍ਹਾਂ ਪਾਸੋਂ ਹੀ ਚਲਦੀ ਹੈ। ਪ੍ਰਸ਼ਾਸਨ ਅਤੇ ਲੀਡਰ ਵੀ ਇਨ੍ਹਾਂ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦੇ। ਫਰਾਂਸ ਤੋਂ ਜੰਗੀ ਜਹਾਜ ਖਰੀਦ ਕੇ ਲਿਆਂਦੇ ਤਾਂ ਸਰਕਾਰ ਨੇ ਇਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਪੁਰੋਹਿਤ ਤੋਂ ਹਵਨ ਕਰਵਾਇਆ। ਭਾਰਤ ਅਤੇ ਪਾਕਿਸਤਾਨ ਦਾ ਫਾਈਨਲ ਕ੍ਰਿਕੇਟ ਮੈਚ ਹੋਣ ਸਮੇਂ ਭਾਰਤ ਵਿਚ ਕਈ ਥਾਂਈਂ ਹਵਨ-ਯੱਗ ਕਰਵਾਇਆ ਗਿਆ, ਫਿਰ ਵੀ ਭਾਰਤ ਹਾਰ ਗਿਆ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੱਡਾ ਪਖੰਡ ਕੀਤਾ ਜੋ ਟੀæ ਵੀæ ‘ਤੇ ਵੀ ਦਿਖਾਇਆ ਗਿਆ। ਆਦਿਵਾਸੀ ਬੱਚੀਆਂ ਨੂੰ ਇਸ਼ਨਾਨ ਕਰਵਾ ਕੇ ਨਵੇਂ ਕੱਪੜੇ ਪਹਿਨਾ ਕੇ ਉਨ੍ਹਾਂ ਦੇ ਪੈਰ ਧੁਆ ਕੇ ਮੁੱਖ ਮੰਤਰੀ ਨੇ ਪਾਣੀ ਹੱਥ ਨਾਲ ਸਿਰ ਉਪਰ ਲਾਇਆ। ਹਰ ਬੱਚੀ ਨੂੰ 2100 ਰੁਪਏ ਦਿੱਤੇ, ਪਰ ਬਾਅਦ ਵਿਚ ਘਰ ਭੇਜਣ ਸਮੇਂ ਕੱਪੜੇ ਲੁਹਾ ਲਏ ਅਤੇ ਦੋ ਹਜ਼ਾਰ ਰੁਪਏ ਵੀ ਵਾਪਸ ਲੈ ਲਏ। ਇਹ ਪਖੰਡ ਸ਼ਿਵਪੁਰੀ ਸਰੀਆ ਸੰਮੇਲਨ ਵਿਚ ਕੀਤਾ ਗਿਆ।
ਅਜਿਹੇ ਹੋਰ ਵੀ ਬਥੇਰੇ ਲੀਡਰ ਹਨ ਜੋ ਜ਼ਿਹਨੀ ਮਰੀਜ਼ ਹਨ। ਸੱਤਾ ਇਨ੍ਹਾਂ ਦੇ ਦਿਮਾਗ ‘ਤੇ ਭਾਰੂ ਹੈ। ਜਿਵੇਂ ਰਾਜ ਮੰਤਰੀ ਅਨੰਤ ਹੈਗੜੇ ਨੇ ਕਿਹਾ ਕਿ ਅਸੀਂ ਤਾਂ ਸੱਤਾ ਵਿਚ ਇਸ ਲਈ ਆਏ ਹਾਂ ਤਾਂ ਕਿ ਸੰਵਿਧਾਨ ਬਦਲਿਆ ਜਾਵੇ। ਉਸ ਮੁਤਾਬਕ ਹਰ ਭਾਰਤ ਵਾਸੀ ਹਿੰਦੂ ਹੈ। ਇਸ ਬਿਆਨ ਖਿਲਾਫ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਪਾਰਟੀਆਂ ਨੇ ਜਲਸੇ-ਜਲੂਸ ਕੱਢ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇਸ ਮੰਤਰੀ ਦੇ ਪੂਤਲੇ ਫੂਕੇ। ਦਰਅਸਲ, ਇਸ ਭੱਦਰ ਪੁਰਸ਼ ਨੇ ਸ਼ਾਇਦ ਇਤਿਹਾਸ ਨਹੀਂ ਪੜ੍ਹਿਆ। ਹਿੰਦੂ ਫਾਰਸੀ ਦਾ ਲਫਜ਼ ਹੈ ਜਿਸ ਦਾ ਮਤਲਬ ਗੁਲਾਮ, ਚੋਰ, ਕਾਲਾ, ਠੱਗ ਆਦਿ ਹੈ। ਹੁਣ ਇਹ ਲੋਕ ਦੱਸਣ ਕਿ ਤੁਸੀਂ ਕਿਹੜੇ ਹਿੰਦੂ ਹੋ? ਇਸੇ ਪਾਰਟੀ ਦਾ ਇਕ ਹੋਰ ਭੱਦਰ ਪੁਰਸ਼ ਕਹਿੰਦਾ ਹੈ ਕਿ ਉਨ੍ਹਾਂ ਨੂੰ ਤਾਂ ਦਲਿਤਾਂ ਦੇ ਪਰਛਾਂਵੇਂ ਤੋਂ ਵੀ ਬਦਬੂ ਆਉਂਦੀ ਹੈ। ਹੋਰ ਵੀ ਬਹੁਤ ਸਾਰੇ ਲੀਡਰ ਮਨੂੰ ਸਮਰਿਤੀ ਵਾਲੀ ਬੋਲੀ ਬੋਲਦੇ ਹਨ। ਇਸੇ ਕਰ ਕੇ ਡਾæ ਭੀਮ ਰਾਓ ਅੰਬੇਦਕਰ ਨੇ ਦਲਿਤ ਵਿਰੋਧੀ ਮਨੂੰ ਸਮਰਿਤੀ 25 ਦਸੰਬਰ ਨੂੰ ਸਾੜੀ ਸੀ ਜੋ ਹੁਣ ਹਰ ਸਾਲ ਇਸੇ ਦਿਨ ਸਾੜੀ ਜਾਂਦੀ ਹੈ। ਦਿੱਲੀ ਵਿਚ ਪਹਿਲੀ ਵਾਰ 25 ਦਸੰਬਰ 2017 ਨੂੰ ਮਨੂੰ ਸਮਿਰਤੀ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਵੀ ਸਾੜੇ ਗਏ।
ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਕੋਰੇਗਾਉਂ-ਭੀਮਾ (ਮਹਾਰਾਸ਼ਟਰ) ਵਿਚ ਪੇਸ਼ਵਾ ਰਾਜ ਖਿਲਾਫ ਲੜਦਿਆਂ 834 ਵਿਚੋਂ 500 ਬਹਾਦਰ ਮਹਾਰ ਜਵਾਨ 25 ਹਜ਼ਾਰ ਪੇਸ਼ਵਾ ਜਵਾਨਾਂ ਨੂੰ ਧੂੜ ਚਟਾ ਕੇ ਸ਼ਹੀਦ ਹੋਏ ਸਨ, ਕਿਉਂਕਿ ਪੇਸ਼ਵਾ ਰਾਜ ਵਿਚ ਸ਼ੂਦਰਾਂ ਪਿਛੇ ਝਾੜ ਬੰਨ੍ਹਿਆ ਜਾਂਦਾ ਸੀ। ਨਾਲ ਕੁੱਜਾ ਰੱਖਣਾ ਪੈਂਦਾ ਸੀ ਤਾਂਕਿ ਝਾੜ ਪਿੱਛੇ ਪੈਂਦੀਆਂ ਪੈੜਾਂ ਆਪ ਹੀ ਮਿਟਾਉਂਦਾ ਜਾਵੇ ਅਤੇ ਕੁੱਜਾ ਇਸ ਲਈ ਕਿ ਥੁੱਕ ਥੱਲੇ ਨਾ ਡਿੱਗੇ। ਔਰਤਾਂ ਛਾਤੀਆਂ ਨੰਗੀਆਂ ਕਰ ਕੇ ਚੱਲਣ ਲਈ ਮਜਬੂਰ ਸਨ। ਇਹ ਲੋਕ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਸਨ। ਇਸ ਗੁਲਾਮੀ ਅਤੇ ਅਤਿਆਚਾਰਾਂ ਖਿਲਾਫ ਉਨ੍ਹਾਂ ਪਹਿਲੀ ਜਨਵਰੀ 1818 ਨੂੰ ਸ਼ਹੀਦੀਆਂ ਪਾਈਆਂ। ਹੁਣ ਉਥੇ ਬਹੁਤ ਵੱਡੀ ਯਾਦਗਾਰ ਬਣੀ ਹੋਈ ਹੈ ਜਿਸ ‘ਤੇ ਸ਼ਹੀਦਾਂ ਦੇ ਨਾਂ ਵੀ ਲਿਖੇ ਹੋਏ ਹਨ। ਡਾæ ਅੰਬੇਦਕਰ ਹਰ ਸਾਲ ਪਹਿਲੀ ਜਨਵਰੀ ਨੂੰ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾਂਦੇ ਸਨ। ਉਥੇ ਹਰ ਸਾਲ ਮੇਲਾ ਲਗਦਾ ਹੈ।
ਇਸ ਸਾਲ ਇਸ ਲੜਾਈ ਨੂੰ ਪੂਰੇ ਦੋ ਸੌ ਸਾਲ ਹੋਣ ਮੌਕੇ ਦੇਸ਼-ਵਿਦੇਸ਼ ਤੋਂ ਤਿੰਨ ਲੱਖ ਤੋਂ ਵੀ ਉਪਰ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਆਏ, ਪਰ ਅਖਿਲ ਭਾਰਤੀ ਬ੍ਰਾਹਮਣ ਮਹਾਂਸੰਘ, ਆਰæ ਐਸ਼ ਐਸ਼, ਭਾਜਪਾ ਤੇ ਹੋਰ ਹਿੰਦੂ ਜਥੇਬੰਦੀਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਦਲਿਤ ਜਾਗਰੂਕ ਹੋਣ ਅਤੇ ਇਨ੍ਹਾਂ ਦੀ ਬਰਾਬਰੀ ਕਰਨ। ਇਸ ਲਈ ਪਹਿਲਾਂ ਸਾਰੀਆਂ ਦੁਕਾਨਾਂ ਬੰਦ ਕਰਵਾਈਆਂ, ਫਿਰ ਹੰਗਾਮਾ ਕਰਵਾ ਦਿੱਤਾ। ਹਾਹਾਕਾਰ ਮੱਚ ਗਈ, ਬੱਸਾਂ ਤੇ ਹੋਰ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਔਰਤਾਂ, ਬੱਚਿਆਂ ਅਤੇ ਲੋਕਾਂ ਨੂੰ ਸੱਟਾਂ ਲਗੀਆਂ ਅਤੇ ਦੋ ਬੰਦੇ ਸ਼ਹੀਦ ਵੀ ਹੋਏ। ਪ੍ਰਸ਼ਾਸਨ ਤਮਾਸ਼ਾ ਵੇਖਦਾ ਰਿਹਾ। ਸਰਕਾਰ ਨੂੰ ਹੋ ਰਹੇ ਵੱਡੇ ਸਮਾਗਮ ਬਾਰੇ ਪਤਾ ਸੀ, ਫਿਰ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਫਿਰ ਲੋਕ ਵੀ ਆਪੇ ਤੋਂ ਬਾਹਰ ਹੋ ਗਏ ਅਤੇ ਥਾਂ ਥਾਂ ਮੁਜਾਹਰੇ ਕੀਤੇ ਗਏ। ਰਾਜ ਸਭਾ ਅਤੇ ਲੋਕ ਸਭਾ ਵਿਚ ਵੀ ਹੰਗਾਮਾ ਹੋਇਆ।
ਸੰਸਾਰ ਵਿਚ ਜਿੰਨੇ ਵੀ ਕਾਰਜ ਭਗਵਾਨ ਦੇ ਭਰੋਸੇ ਹੁੰਦੇ ਹਨ, ਜ਼ਿਆਦਾਤਰ ਵਿਚ ਸੰਤੋਖ ਅਤੇ ਪੂਰਨਤਾ ਨਹੀਂ ਹੁੰਦੀ, ਜਿਵੇਂ ਕਾਨਪੁਰ ਵਿਚ ਗੰਗਾ ਦੀ ਸਫਾਈ ਦੇ ਨਾਂ ਉਤੇ ਗੰਗਾ ਵਿਚ 1100 ਲੀਟਰ ਦੁੱਧ ਵਹਾ ਦਿੱਤਾ ਗਿਆ। ਇਹ ਆਸਥਾ ਦੇ ਨਾਂ ਉਤੇ ਪਾਖੰਡ ਹੀ ਹੈ। ਲੋਕਾਂ ਨੂੰ ਤਾਂ ਪੀਣ ਵਾਲਾ ਸਾਫ ਪਾਣੀ ਨਹੀਂ ਮਿਲਦਾ, ਇਥੇ ਦੁੱਧ ਹੜ੍ਹਾਇਆ ਜਾ ਰਿਹਾ ਹੈ। ਇਸ ਪਖੰਡ ਅਤੇ ਅੰਧ-ਵਿਸ਼ਵਾਸ ਦੇ ਆਸਰੇ ਹੀ ਡੇਰਾਵਾਦ ਵਧ ਰਿਹਾ ਹੈ। ਇਸ ਲਈ ਸਮੇਂ ਦੀ ਮੰਗ ਹੈ ਕਿ ਗੌਤਮ ਬੁੱਧ ਅਤੇ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਸਹੀ ਅਰਥਾਂ ਵਿਚ ਪ੍ਰਚਾਰਿਆ ਜਾਵੇ। ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਡਾæ ਅੰਬੇਦਕਰ ਦੀ ਅਗਵਾਈ ਵਿਚ ਤਿਆਰ ਸੰਵਿਧਾਨ, ਜੋ ਭਾਰਤ ਸਰਕਾਰ ਨੇ 26 ਜਨਵਰੀ 1950 ਨੂੰ ਲਾਗੂ ਕੀਤਾ ਸੀ, ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਜਾਵੇ। ਇਹ ਹਰ ਇਕ ਭਾਰਤ ਵਾਸੀ ਲਈ ਬਰਾਬਰੀ, ਭਾਈਚਾਰਕ ਸਾਂਝ, ਧਰਮ ਨਿਰਪੱਖਤਾ, ਖੁਸ਼ਹਾਲੀ ਦਾ ਪ੍ਰਤੀਕ ਹੈ।