ਪਿਛਲੇ ਦਿਨੀਂ ਇਸ ਸੰਸਾਰ ਤੋਂ ਤੁਰ ਗਏ ਉਘੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਨੇ ਰਿਸ਼ਤਿਆਂ ਬਾਰੇ ਬੜੀਆਂ ਯਾਦਗਾਰੀ ਕਹਾਣੀਆਂ ਲਿਖੀਆਂ ਹਨ। ‘ਸੁੰਨੀਆਂ ਟਾਹਣਾਂ ਦਾ ਹਉਕਾ’ ਕਹਾਣੀ ਦਾ ਬਿਰਤਾਂਤ ਭਾਵੇਂ ਬਹੁਤ ਸਾਧਾਰਨ ਅਤੇ ਸਰਲ ਜਿਹਾ ਜਾਪਦਾ ਹੈ, ਪਰ ਇਕੱਲ ਦੀ ਮਾਰ ਝੱਲ ਰਹੇ ਬਜ਼ੁਰਗਾਂ ਦੀ ਬਾਤ ਸੁਣਾਉਂਦਿਆਂ ਲੇਖਕ ਨੇ ਸੱਚਮੁੱਚ ਹਉਕਿਆਂ ਵਾਲੇ ਜੀਵਨ ਦਾ ਨਕਸ਼ਾ ਖਿੱਚ ਛੱਡਿਆ ਹੈ। ਲਗਦਾ ਹੈ, ਜਿਵੇਂ ਇਨ੍ਹਾਂ ਹਉਕਿਆਂ ਅੰਦਰ ਬੇਵਸੀ ਪੱਕੀ ਹੀ ਸਮਾ ਗਈ ਹੋਵੇ।
-ਸੰਪਾਦਕ
ਗੁਰਪਾਲ ਸਿੰਘ ਲਿੱਟ
ਅਹੁ ਜਿਹੜਾ ਮਕਾਨ ਹੈ ਨਾ, ਉਹੀ ਰਾਹ ਉਪਰਲਾ। ਹਾਂ, ਹਾਂ ਲੋਹੇ ਦੀਆਂ ਪੱਤੀਆਂ ਦੇ ਗੇਟ ਵਾਲਾ ਹੀ। ਇਹ ਉਸੇ ਵਿਚਲੀ ਕਹਾਣੀ ਹੈ।
ਗੇਟ ਬੰਦ ਹੈ। ਬੰਦ ਹੀ ਰਹਿੰਦਾ ਹੈ। ਸਾਲਾਂ ਤੋਂ। ਹੁਣ ਤਾਂ ਉਸ ਦੀਆਂ ਪੱਤੀਆਂ ਵੀ ਜੰਗਾਲੀਆਂ ਗਈਆਂ ਨੇ। ਜੇ ਦੋਹਾਂ ਪੱਲਿਆਂ ਨੂੰ ਧੱਕ ਕੇ ਖੋਲ੍ਹਣਾ ਚਾਹੋ ਤਾਂ ਵੀ ਬੜੀ ਔਖ ਨਾਲ ਖੁੱਲ੍ਹੇਗਾ। ਇੰਨੇ ਵਰ੍ਹਿਆਂ ਤੋਂ ਕਿਸੇ ਨੇ ਖੋਲ੍ਹਿਆ ਹੀ ਨਹੀਂ ਨਾ। ਆਹ ਰਸਤੇ ਦੇ ਨਾਲ ਨਾਲ ਜਿਹੜੀ ਦੀਵਾਰ ਬਣੀ ਹੋਈ ਹੈ, ਇਸ ਦੇ ਸਿਰੇ ਉਤੇ ਰਾਹ ਹੈ, ਅੰਦਰ ਜਾਣ ਲਈ। ਵਿਹੜਾ ਵੇਖ ਰਹੇ ਹੋ? ਕਿੱਡਾ ਵੱਡਾ ਵਿਹੜਾ ਹੈ। ਸਾਹਮਣੀ ਕੰਧ ਨਾਲ ਜੋ ਖੁਰਲੀ ਹੈ, ਹੁਣ ਤਾਂ ਅਧੀ ਢਹਿ ਗਈ ਹੈ, ਉਸ ਵਿਚ ਸੁੱਕੇ ਪੱਤੇ ਬਿਖਰੇ ਪਏ ਨੇ, ਬਸ। ਖੁਰਲੀ ਦੇਖ ਕੇ ਲੱਗ ਨਹੀਂ ਰਿਹਾ ਕਿ ਕਦੀ ਇਥੇ ਦਸ-ਪੰਦਰਾਂ ਡੰਗਰ ਬੰਨ੍ਹੇ ਜਾਂਦੇ ਹੋਣਗੇ? ਪਰ ਹੁਣ ਕਿਵੇਂ ਸੁੰਨੀ ਪਈ ਹੈ, ਵਿਧਵਾ ਦੀ ਮਾਂਗ ਵਾਂਗ। ਸਾਰਾ ਵਿਹੜਾ ਹੀ ਕਿਵੇਂ ਸੁੰਨਾ ਸੁੰਨਾ ਹੈ, ਇਕਦਮ ਵੀਰਾਨ। ਜਿੱਡਾ ਵੱਡਾ ਵਿਹੜਾ ਹੈ, ਉਨੀ ਹੀ ਡੂੰਘੀ ਚੁੱਪ ਪਸਰੀ ਪਈ ਹੈ।
ਕਦੀ ਇਹ ਵਿਹੜਾ ਵੀ ਧੜਕਦਾ ਸੀ। ਚਹਿਲ-ਪਹਿਲ, ਹੱਸਣਾ-ਰੁੱਸਣਾ, ਸ਼ਹਿਨਾਈਆਂ ਦਾ ਸ਼ੋਰ, ਬੱਚਿਆਂ ਦੀਆਂ ਕਿਲਕਾਰੀਆਂ, ਉਚੀ ਹਾਕਾਂ ਮਾਰ ਕੇ ਇਕ ਦੂਜੇ ਨੂੰ ਬੁਲਾਉਣਾ-ਸਾਰਾ ਕੁਝ ਹੀ ਤਾਂ ਸੀ।
ਹੁਣ ਤਾਂ ਉਹ ਸਭ ਕੁਝ ‘ਉਨ੍ਹਾਂ ਦੋਵਾਂ’ ਦੇ ਚੇਤਿਆਂ ਵਿਚ ਹੀ ਬਾਕੀ ਰਹਿ ਗਿਆ ਹੈ ਬੱਸ।
ਉਨ੍ਹਾਂ ਦੋਵਾਂ ਦੇ?
ਹਾਂ, ਉਨ੍ਹਾਂ ਦੋਵਾਂ ਵਿਚੋਂ ਕੋਈ ਵੀ ਨਹੀਂ ਦਿਸ ਰਿਹਾ। ਅਜੇ ਹਨੇਰਾ ਇੰਨਾ ਸੰਘਣਾ ਤਾਂ ਨਹੀਂ ਹੋਇਆ ਕਿ ਵਿਹੜੇ ਵਿਚ ਘੁੰਮ-ਫਿਰ ਰਿਹਾ ਬੰਦਾ ਦਿਸੇ ਵੀ ਨਾ। ਏਡੀ ਕੋਠੀ ਦੇ ਸਿਰਫ ਇਕ ਕਮਰੇ ਵਿਚ ਰੌਸ਼ਨੀ ਹੈ ਜਾਂ ਰਸੋਈ ਵਿਚ। ਉਥੇ ਹੀ ਹੋਣਗੇ ਦੋਵੇਂ। ਹੋ ਸਕਦਾ ਹੈ ਦੋਵੇਂ ਰਸੋਈ ਵਿਚ ਹੋਣ ਜਾਂ ਫਿਰ ਕਮਰੇ ਵਿਚ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਵਿਚੋਂ ਇਕ ਕਮਰੇ ਵਿਚ ਹੋਵੇ, ਦੂਜਾ ਰਸੋਈ ਵਿਚ।
ਰਸੋਈ ਦੀ ਬੱਤੀ ਬੁਝੀ ਹੈ। ਸ਼ਾਇਦ ਹੁਣ ਕੋਈ ਬਾਹਰ ਆਵੇ। ਵੇਖਿਆ, ਅੰਦਾਜ਼ਾ ਕਿੰਨਾ ਠੀਕ ਨਿਕਲਿਆ। ਅਹੁ ਜਿਹੜੀ ਝੁਕੀ ਝੁਕੀ ਜਿਹੀ ਬਿਰਧ ਮਾਈ ਸਾਗ ਦੀ ਟੋਕਰੀ ਚੁੱਕੀ ਰਸੋਈ ਵਿਚੋਂ ਨਿਕਲ ਕੇ ਕਮਰੇ ਵੱਲ ਵਧ ਰਹੀ ਹੈ, ਉਹ ‘ਅੰਮੀ’ ਨੇ, ਕਹਾਣੀ ਦੇ ਇਕ ਪਾਤਰ। ‘ਆਪਾ’ ਕਹਾਣੀ ਦੇ ਦੂਜੇ ਪਾਤਰ, ਸ਼ਾਇਦ ਕਮਰੇ ਵਿਚ ਹੋਣ।
ਵਧਦੀ ਉਮਰ ਨੇ ਅੰਮੀ ਨੂੰ ਕਿਵੇਂ ਝੁਕ ਕੇ ਤੁਰਨ ਲਈ ਮਜਬੂਰ ਕਰ ਦਿੱਤਾ ਹੈ। ਸ਼ਾਇਦ ਸਾਗ ਦੀ ਟੋਕਰੀ ਦੇ ਬੋਝ ਦਾ ਵੀ ਅਸਰ ਹੈ। ਟੋਕਰੀ ਉਪਰ ਤੱਕ ਭਰੀ ਹੋਣ ਵਿਚ ਵੀ ਆਪਣੀ ਕਹਾਣੀ ਦਾ ਭੇਤ ਛੁਪਿਆ ਹੈ। ਭੇਤ ਦੀ ਇਕ ਹੋਰ ਗੱਲ ਦੱਸਾਂ? ਥੋੜ੍ਹਾ ਨੇੜੇ ਹੋ ਕੇ ਵੇਖੀਏ ਤਾਂ ਅੰਮੀ ਦੇ ਚਿਹਰੇ ‘ਤੇ ਅੱਜ ਹੁਲਾਸ ਦਿਸੇਗਾ, ਉਂਜ ਇਹ ਹੁਲਾਸ ਨਹੀਂ। ਬੱਸ ਥਕਾਵਟ ਜਿਹੀ ਝੁਰੜੀਆਂ ਵਿਚ ਬੈਠੀ ਰਹਿੰਦੀ ਹੈ ਸਦਾ। ਅੰਮੀ ਦੇ ਵੀ ਅਤੇ ਆਪਾ ਦੇ ਵੀ।
ਜੀ ਹਾਂ, ਸਰਹਾਣਿਆਂ ਦੇ ਸਹਾਰੇ ਜਿਹੜੇ ਬਜ਼ੁਰਗ ਬੈਠੇ ਨੇ, ਉਹ ‘ਆਪਾ’ ਹੀ ਨੇ। ਬੱਚੇ ਇਨ੍ਹਾਂ ਨੂੰ ਆਪਾ ਹੀ ਕਹਿੰਦੇ ਸਨ। ਹੁਣ ਵੀ, ਜਦੋਂ ਕਦੇ ਵੀ ਪਿੰਡ ਆਉਣ ਤਾਂ ਆਪਾ ਕਹਿ ਕੇ ਹੀ ਬੁਲਾਉਂਦੇ ਨੇ। ਅੰਮੀ ਉਨ੍ਹਾਂ ਨੂੰ ‘ਏ ਜੀ’ ਕਹਿੰਦੇ ਨੇ, ਜਾਂ ‘ਜੀਤ ਦੇ ਬਾਪੂ’ ਜਾਂ ‘ਮੈਂਖਿਆ’। ਆਪਾ ਵੀ ਅੰਮੀ ਨੂੰ ਇਸੇ ਤਰ੍ਹਾਂ ਬੁਲਾਉਂਦੇ ਨੇ, ‘ਦੇਵ ਦੀ ਮਾਂ’ ਜਾਂ ‘ਸੁਣ’ ਜਾਂ ‘ਬੋਲੀਏ’, ਜਾਂ ਇਸੇ ਤਰ੍ਹਾਂ ਦਾ ਕੁਝ ਹੋਰ।
ਅੰਮੀ ਟੋਕਰੀ ਹੇਠਾਂ ਰੱਖ ਕੇ ਬੈਠ ਗਏ ਨੇ। ਕੁਝ ਚਿਰ ਚੁੱਪਚਾਪ ਬੈਠੇ ਰਹਿੰਦੇ ਨੇ, ਜਿਵੇਂ ਉਖੜੇ ਹੋਏ ਸਾਹਾਂ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਫਿਰ ਦਾਤੀ ਖੱਬੇ ਪੈਰ ਹੇਠਾਂ ਦੱਬ ਲੈਂਦੇ ਨੇ, “ਅੱਜ ਦਿਨ ਸਾਡੇ ਵਾਂਗ ਬੁੱਢਾ ਹੋ ਗਿਆ ਲਗਦਾ ਹੈ। ਮੁੱਕਣ ਵਿਚ ਹੀ ਨਹੀਂ ਆਉਂਦਾ।”
ਆਪਾ ਕੋਈ ਉਤਰ ਨਹੀਂ ਦਿੰਦੇ, ਗੁਟਕਾ ਪੜ੍ਹਦੇ ਰਹਿੰਦੇ ਨੇ।
“ਮੈਂਖਿਆ, ਤੈਨੂੰ ਨ੍ਹੀਂ ਲਗਦਾ?”
“ਕੀ?”
“ਦਿਨ ਜਿਵੇਂ ਮੁੱਕਣ ਵਿਚ ਨ੍ਹੀਂ ਆਉਂਦਾ।”
ਆਪਾ ਹੱਸ ਪਏ ਨੇ, “ਦਿਨ ਤਾਂ ਪਹਿਲਾਂ ਵਾਂਗ ਹੀ ਲੰਘ ਰਿਹਾ ਹੈ। ਤੇਰਾ ਮਨ ਹੀ ਕਾਹਲਾ ਪੈ ਗਿਆ ਲਗਦੈ। ਦੇਵ ਜੇ ਆਇਆ ਵੀ ਤਾਂ ਨੌਂ ਵਜੇ ਤੋਂ ਪਹਿਲਾਂ ਨ੍ਹੀਂ ਆਉਂਦਾ। ਸਾਢੇ ਸੱਤ ਤਾਂ ਗੱਡੀ ਹੀ ਲੁਧਿਆਣੇ ਆ ਕੇ ਲਗਦੀ ਐ।”
“ਆਊਗਾ ਵੀ?”
“ਆਉਣਾ ਤਾਂ ਚਾਹੀਦੈ। ਮੈਂ ਜ਼ੋਰ ਦੇ ਕੇ ਲਿਖਿਆ ਤਾਂ ਸੀ, ਬਈ ਬੱਚਿਆਂ ਨੂੰ ਵੀ ਨਾਲ ਲੈ ਕੇ ਆਵੇ। ਉਸ ਦਾ ਸਨਮਾਨ ਤਾਂ ਯੂਨੀਵਰਸਿਟੀ ਵਿਚ ਕੱਲ੍ਹ ਕੀਤਾ ਜਾਣੈ। ਮੈਂ ਲਿਖ ਦਿੱਤਾ ਸੀ, ਬਈ ਪਹਿਲਾਂ ਪਿੰਡ ਹੀ ਆ ਜਾਵੇ।”
ਅੰਮੀ ਸਾਗ ਚੀਰਨ ਵਿਚ ਰੁਝ ਗਏ ਨੇ। ਆਪਾ ਗੁਟਕੇ ਵਿਚ ਧਿਆਨ ਗੱਡ ਦਿੰਦੇ ਨੇ। ਆਪਾ ਗੁਟਕੇ ਵਿਚ ਧਿਆਨ ਵੀ ਗੱਡੀ ਰਖਦੇ ਨੇ, ਨਾਲ ਗੱਲਾਂ ਵੀ ਕਰੀ ਜਾਂਦੇ ਨੇ। ਜਿਵੇਂ ਧਿਆਨ ਗੱਡੀ ਰੱਖਣ ਲਈ ਗੁਟਕਾ ਕੇਵਲ ਸਹਾਰਾ ਹੋਵੇ।
“ਬੱਚੇ ਨਿਰਮੋਹੇ ਕਿਉਂ ਹੋ ਗਏ ਨੇ?”
“ਕੀ?”
“ਬੱਚੇ ਏਨੇ ਨਿਰਮੋਹੇ ਕਿਉਂ ਹੋ ਗਏ ਨੇ? ਕਿੰਨਾ ਕਿੰਨਾ ਚਿਰ ਕੋਈ ਵੀ ਮਿਲਣ ਨਹੀਂ ਆਉਂਦਾ।”
“ਆਪੋ-ਆਪਣੇ ਕੰਮਾਂ ਵਿਚ ਫਸੇ ਹੋਏ ਨੇ। ਪਰਿਵਾਰਕ ਖਲਜਗਣ ਵਿਚੋਂ ਨਿਕਲਣਾ ਸੌਖਾ ਥੋੜ੍ਹਾ ਹੁੰਦਾ।”
“ਏਨਾ ਵੀ ਕੀ, ਬਈ ਮਾਂ ਨੂੰ ਮਿਲਣ ਲਈ ਵੀ ਚਿੱਤ ਨਾ ਕਰੇ।”
“ਚਿੱਤ ਕਰਨ ‘ਤੇ ਹੀ ਮਿਲਣ ਥੋੜ੍ਹਾ ਆਇਆ ਜਾ ਸਕਦੈ।”
ਪਲ ਭਰ ਲਈ ਖਾਮੋਸ਼ੀ ਛਾ ਜਾਂਦੀ ਹੈ।
“ਏ ਜੀ, ਥੋਨੂੰ ਨ੍ਹੀਂ ਲਗਦਾ?”
“ਕੀ?”
“ਤਿੰਨ ਮੁੰਡੇ, ਤਿੰਨ ਕੁੜੀਆ ਦੇ ਮਾਂ-ਬਾਪ ਹੋ ਕੇ ਆਪਾਂ ਜਿਵੇਂ ‘ਕੱਲੇ ਰਹਿ ਗਏ ਹਾਂ।”
“ਸੁਖ ਬੋਲਿਆ ਕਰ ਮੂੰਹੋਂ, ਜਿਥੇ ਵੀ ਰਹਿਣ, ਹਸਦੇ-ਵਸਦੇ ਰਹਿਣ!”
ਚੁੱਪ ਛਾ ਗਈ ਹੈ। ਅੰਮੀ ਸਾਗ ਚੀਰਨ ਲੱਗ ਪਏ ਨੇ। ਆਪਾ ਦੇ ਹੱਥ ਵਿਚ ਉਹੀ ਗੁਟਕਾ ਹੈ। ਚੁੱਪ ਕਾਫੀ ਲੰਮੀ ਹੋ ਗਈ ਹੈ।
“ਦੇਵ ਅੱਜ ਜ਼ਰੂਰ ਆਊਗਾ, ਜੀਤ ਦੇ ਬਾਪੂ।”
“ਏਨੇ ਯਕੀਨ ਨਾਲ ਕਿਵੇਂ ਕਹਿ ਸਕਦੀ ਹੈਂ? ਉਹਦੀ ਕਿਹੜੀ ਚਿੱਠੀ ਆਈ ਆ।”
“ਨਾ ਆਈ ਹੋਵੇ ਚਿੱਠੀ। ਬੱਸ ਮੈਨੂੰ ਪਤੈ, ਉਹ ਜ਼ਰੂਰ ਆਊਗਾ।”
“ਤੈਨੂੰ ਕਿਵੇਂ ਪਤੈ?”
“ਆਹ ਮੋਰ ਜੋ ਬੋਲ ਰਿਹਾ ਹੈ। ਚੰਗਾ ਸ਼ਗਨ ਹੈ।”
“ਕਿਥੇ ਬੋਲ ਰਿਹੈ ਮੋਰ? ਆਪਣੇ ਤਿੰਨ-ਚਾਰ ਪਿੰਡਾਂ ਵਿਚ ਮੋਰ ਬਚੇ ਹੀ ਕਿਥੇ ਨੇ ਹੁਣ?”
“ਫਿਰ ਦੂਰ ਬੋਲ ਰਿਹਾ ਹੋਊ। ਆਹ ਸੁਣ ਤਾਂ ਸਹੀ।”
“ਰਸੋਈ ਵਿਚ ਬੈਠੀ ਨੂੰ ਮੇਰੀ ਹਾਕ ਤਾਂ ਤੈਨੂੰ ਸੁਣਦੀ ਨ੍ਹੀਂ, ਬੋਲੀਏ। ਤੇ ਦੂਰ ਬੋਲਦਾ ਮੋਰ ਸੁਣ ਰਿਹੈ।”
“ਬੋਲ ਜਿਹਾ ਤਾਂ ਰਿਹੈ ਜਿਵੇਂ।”
“ਬੋਲੀਏ, ਤੇਰੇ ਕੰਨ ਬੋਲਦੇ ਨੇ।”
ਅੰਮੀ ਕੁਝ ਦੇਰ ਕੰਨ ਲਾ ਕੇ ਆਵਾਜ਼ ਫੜ੍ਹਨ ਦੀ ਕੋਸ਼ਿਸ਼ ਕਰਦੇ ਨੇ। ਫਿਰ ਹੌਲੀ ਜਿਹੀ ਕਹਿੰਦੇ ਨੇ, ਜਿਵੇਂ ਆਪਣੇ ਆਪ ਨੂੰ ਕਹਿ ਰਹੇ ਹੋਣ, “ਮੋਰ ਜਿਵੇਂ ਬੋਲ ਵੀ ਰਿਹਾ ਹੁੰਦੈ, ਨਹੀਂ ਵੀ ਬੋਲ ਰਿਹਾ ਹੁੰਦਾ।”
ਆਪਾ ਇਕ-ਟੱਕ ਅੰਮੀ ਵੱਲ ਵੇਖ ਰਹੇ ਨੇ।
“ਤੈਂ ਅੱਜ ਸ਼ਾਲ ਨ੍ਹੀਂ ਲਿਆ ਉਤੇ।”
“ਧੋਤਾ ਸੀ। ਸੁੱਕਿਆ ਨੀ ਅਜੇ।”
ਦੂਜਾ ਕੱਢ ਲੈਂਦੀ। ਜੇ ਠੰਢ ਲੱਗਗੀ, ਫੇਰ?”
“ਬੜਾ ਧਿਆਨ ਐ ਮੇਰਾ।” ਅੰਮੀ ਅੱਖਾਂ ਵਿਚ ਮੋਹ ਭਰ ਕੇ ਵੇਖਦੇ ਨੇ, “ਤੂੰ ਵੀ ਤਾਂ ਓਵੇਂ ਬੈਠਾ ਐਂ। ਕੰਬਲ ਕਿਉਂ ਨ੍ਹੀਂ ਲਿਆ ਦੁਆਲੇ?”
“ਲਭਿਆ ਈ ਨ੍ਹੀਂ। ਪਤਾ ਨ੍ਹੀਂ ਕਿਥੇ ਰੱਖ ਦਿੰਨੀ ਐਂ ਤੂੰ।”
“ਅਲਮਾਰੀ ਵਿਚ ਸਾਹਮਣੇ ਈ ਤਾਂ ਪਿਆ ਐ।”
“ਮੈਨੂੰ ਤਾਂ ਦਿਸਿਆ ਨ੍ਹੀਂ।”
“ਤੈਨੂੰ ਕੋਈ ਚੀਜ਼ ਲੱਭੀ ਵੀ ਐ ਕਦੇ! ਜਦ ਤੱਕ ਚੱਕ ਕੇ ਹੱਥਾਂ ਵਿਚ ਨਾ ਫੜਾ ਦਮਾਂ। ਸੱਚੀਂ, ਜੁਆਕਾਂ ਨਾਲੋਂ ਵੀ ਟੱਪ ਗਿਐਂ ਹੁਣ ਤਾਂ।”
ਅੰਮੀ ਉਠਦੇ ਨੇ। ਅਲਮਾਰੀ ਵਿਚੋਂ ਕੰਬਲ ਕੱਢ ਕੇ ਆਪਾ ਦੇ ਚਾਰੇ ਪਾਸੇ ਲਪੇਟ ਦਿੰਦੇ ਨੇ। ਪਰਤਣ ਲੱਗੇ ਅਚਾਨਕ ਰੁਕ ਜਾਂਦੇ ਨੇ, “ਤੈਂ ਦਵਾਈ ਲੈ ਲਈ ਸੀ ਭਲਾ?”
“ਉਹ ਹੋ! ਮੈਂ ਤਾਂ ਭੁਲ ਈ ਗਿਆ।”
“ਕਿਹਾ ਸੀ ਨਾ, ਬੱਚਿਆਂ ਤੋਂ ਵੀ ਉਤੇ ਹੋ ਗਿਐਂ।”
ਅੰਮੀ ਦਵਾਈ ਦੀ ਗੋਲੀ ਆਪਾ ਨੂੰ ਦਿੰਦੇ ਨੇ। ਕੰਬਲ ਆਪਾ ਦੇ ਮੋਢਿਆਂ ‘ਤੇ ਠੀਕ ਕਰਦੇ ਨੇ।
“ਦੇਖੀਂ ਤਾਂ, ਨੌਂ ਬੱਜ ‘ਗੇ?”
“ਨੌਂ?” ਆਪਾ ਹੱਸ ਪੈਂਦੇ ਨੇ, “ਅਜੇ ਅੱਠ ਵੀ ਨ੍ਹੀਂ ਹੋਏ। ਬੈਠੀ ਰਹਿ ਘੰਟਾ-ਭਰ ਚੁੱਪ ਕਰ ਕੇ।”
“ਮੈਂਖਿਆ, ਥੋੜ੍ਹਾ ਜਿਹਾ ਚਾਰਾ ਹੀ ਲੈ ਆਇਆ ਕਰ ਖੇਤਾਂ ਤੋਂ।”
“ਕਿਉਂ? ਤੈਂ ਖਾਣਾ ਹੁੰਦੈ?”
“ਪੁੱਠਾ ਹੀ ਬੋਲਦੈ! ਪਤੈ ਕੀ ਹੋਇਆ ਅੱਜ?”
“ਕੀ ਹੋਇਆ?”
“ਕਿਸੇ ਦੀ ਵੱਛੀ ਆ ਵੜੀ ਵਿਹੜੇ ਵਿਚ। ਖੁਰਲੀ ਨੂੰ ਸੁੰਘਦੀ ਸੁੰਘਦੀ ਇਕ ਸਿਰੇ ਤੋਂ ਦੂਜੇ ਸਿਰੇ ਪਹੁੰਚ ਗਈ। ਵਿਹੜਾ ਜਿਵੇਂ ਜਿਉਂਦਾ ਜਿਹਾ ਲੱਗਣ ਲੱਗ ਪਿਆ। ਮੈਂ ਤੇਜ਼ੀ ਨਾਲ ਰਸੋਈ ਵਿਚ ਗਈ, ਬਈ ਰੋਟੀ ਚੱਕ ਲਿਆਵਾਂ। ਸੋਚਿਆ, ਰੋਟੀ ਪਾ ਦੂੰਗੀ, ਤਾਂ ਵੱਛੀ ਕੁਝ ਚਿਰ ਰੁਕੀ ਰਹੂ। ਪਰ ਮੇਰੇ ਰਸੋਈ ਤੋਂ ਮੁੜਨ ਤੱਕ ਉਹ ਪੂਛ ਚੁੱਕੀ ਬਾਹਰ ਵੱਲ ਭੱਜ ਗਈ।”
“ਰੋਜ਼ ਰੋਜ਼ ਥੋੜ੍ਹਾ ਹੀ ਆਊਗਾ ਡੰਗਰ।”
“ਸ਼ਾਇਦ ਆ ਈ ਜਾਏ ਕਦੇ।”
“ਕਿਉਂ ਇਨ੍ਹਾਂ ਗੱਲਾਂ ਨਾਲ ਮਨ ਨੂੰ ਜੋੜਦੀ ਐਂ ਦੇਵ ਦੀ ਮਾਂ! ਕਿਸੇ ਕੋਲੋਂ ਕੀ ਆਸ ਰੱਖਦੀ ਐਂ? ਆਪਣੀਆਂ ਧੀਆਂ ਵੱਲ ਹੀ ਦੇਖ ਲਾ, ਆਉਂਦੀਆਂ ਨੇ ਤਾਂ ਕੋਈ ਇਕ ਰਾਤ ਤੋਂ ਵੱਧ ਨਹੀਂ ਰੁਕਦੀ। ਖਾਲੀ ਕਮਰੇ ਉਨ੍ਹਾਂ ਨੂੰ ਖਾਣ ਨੂੰ ਪੈਂਦੇ ਨੇ। ਕਹਿੰਦੀਆਂ, ਬੋਰ ਹੋ ਜਾਂਦੀਆਂ ਹਾਂ।”
“ਤੇ ਅਸੀਂ! ਅਸੀਂ, ਜੀਤ ਦੇ ਬਾਪੂ? ਜੋ ਸਦਾ ਇਥੇ ਹੀ ਰਹਿੰਦੇ ਹਾਂ। ਇਕੱਲੇ!”
“ਆਪਣਾ ਕੀ ਆ ਦੇਵ ਦੀ ਮਾਂ! ਆਪਣਾ ਕੀ ਆ!”
ਬੜਾ ਡੂੰਘਿਉਂ ਠੰਢਾ ਸਾਹ ਨਿਕਲਦਾ ਹੈ। ਉਸ ਗਹਿਰਾਈ ਵਿਚ ਦੋਵੇਂ ਡੁੱਬ ਜਿਹੇ ਜਾਂਦੇ ਨੇ। ਦੋਵੇਂ ਚੁੱਪ ਨੇ। ਕੀ ਸੱਚਮੁੱਚ ਚੁੱਪ ਨੇ? ਆਪਣੇ ਅੰਦਰ ਦੇ ਸ਼ੋਰ ਨੂੰ ਤਾਂ ਸੁਣ ਹੀ ਰਹੇ ਹੋਣੇ ਨੇ ਦੋਵੇਂ।
“ਦੇਵ ਦੀ ਮਾਂ, ਅੱਜ ਤੈਂ ਫੇਰ ਡਰਾਇੰਗ ਰੂਮ ਖੋਲ੍ਹਿਆ ਸੀ।?”
“ਹਾਂ।”
“ਕਿਉਂ ਖੋਲ੍ਹਿਆ ਸੀ?”
“ਮਨ ਜਿਵੇਂ ਟਿਕ ਜਿਹਾ ਨਹੀਂ ਰਿਹਾ।”
“ਤੈਨੂੰ ਕਿੰਨੀ ਵਾਰ ਕਿਹੈ ਕਿ ਉਹ ਬੈਠਕ ਨਾ ਖੋਲ੍ਹਿਆ ਕਰ।”
“ਰੋਕ ਰੋਕ ਕੇ ਤਾਂ ਰਖਦੀ ਆਂ ਆਪਣੇ ਆਪ ਨੂੰ। ਪਰ ਮਨ ਜਦੋਂ ਬੇਕਾਬੂ ਹੋ ਉਠਦੈ ਤਾਂ ਰੁਕ ਨਹੀਂ ਹੁੰਦਾ। ਤੈਂ ਵੀ ਤਾਂ ਸਭ ਦੀਆਂ ਫੋਟੋਆਂ ਉਸੇ ਕਮਰੇ ਵਿਚ ਲਾ ਰੱਖੀਆਂ ਨੇ। ਉਥੇ ਜਾਨੀ ਆਂ ਤਾਂ ਐਂ ਲਗਦੈ ਜਿਵੇਂ ਬੱਚੇ ਤਸਵੀਰਾਂ ਵਿਚੋਂ ਨਿਕਲ ਕੇ ਗਲ ਵਿਚ ਬਾਹਾਂ ਪਾਉਣ ਲੱਗ ਪਏ ਹੋਣ।”
“ਤੂੰ ਉਹ ਬੈਠਕ ਨਾ ਖੋਲ੍ਹਿਆ ਕਰ, ਦੇਵ ਦੀ ਮਾਂ। ਇਕ ਵਾਰ ਖੋਲ੍ਹ ਲੈਨੀ ਐਂ ਤਾਂ ਪਿਛੋਂ ਕਿੰਨੇ ਹੀ ਦਿਨ ਉਖੜੀ ਉਖੜੀ ਰਹਿਨੀ ਐਂ। ਬਹਾਨੇ ਲੱਭ ਲੱਭ ਰੋਨੀਂ ਐਂ। ਮਨ ਨੂੰ ਪਹਿਲਾਂ ਹੀ ਸਾਂਭ ਕੇ ਰੱਖਿਆ ਕਰ।”
ਅੰਮੀ ਬੋਲਦੀ ਨਹੀਂ। ਨੀਂਵੀਂ ਪਾ ਲੈਂਦੇ ਨੇ। ਸਾਗ ਚੀਰਨ ਲੱਗ ਪੈਂਦੇ ਨੇ।
“ਹੰਝੂ ਪੂੰਝ ਲੈ ਦੇਵ ਦੀ ਮਾਂ। ਮੇਰੇ ਕੋਲੋਂ ਲੁਕਾ ਲੁਕਾ ਕੇ ਏਕਣ ਕਿਉਂ ਰੋਨੀਂ ਏਂ?”
ਅੰਮੀ ਸੱਚਮੁੱਚ ਚੁੰਨੀ ਨਾਲ ਅੱਖਾਂ ਪੂੰਝ ਲੈਂਦੇ ਨੇ।
“ਨੌਂ ਤਾਂ ਬੱਜ ਗਏ ਦੇਵ ਦੀ ਮਾਂ।”
“ਉਹ ਤਾਂ ਆਏ ਨ੍ਹੀਂ।”
“ਸ਼ਾਇਦ ਨਾ ਹੀ ਆਉਣ।”
“ਹਾਂ, ਸ਼ਾਇਦ।”
“ਏ ਜੀ।”
“ਹੂੰ।”
“ਪੱਪੂ ਤਾਂ ਹੁਣ ਤੱਕ ਤੁਰਨਾ ਵੀ ਸਿੱਖ ਗਿਆ ਹੋਊ।”
“ਤੁਰਨਾ? ਪਿਛਲੇ ਸਾਲ ਹੀ ਕਿਵੇਂ ਭੱਜਿਆ ਫਿਰਦਾ ਸੀ।”
“ਲੈ ਹਾਂ, ਅੱਗ ਲੱਗਣਾ ਚੇਤਾ! ਊਂ! ਸ਼ਰਾਰਤੀ ਕਿੰਨਾ ਸੀ।”
“ਹਾਂ, ਮੇਰੇ ਨਾਲ ਕਿਵੇਂ ਘੁਲ-ਮਿਲ ਗਿਆ ਸੀ।”
“ਤੇਰੇ ਨਾਲੋਂ ਵੱਧ ਮੇਰੇ ਨਾਲ ਰਚਿਆ ਸੀ, ਜੀਤ ਦੇ ਬਾਪੂ।”
“ਨਹੀਂ ਮੇਰੇ ਨਾਲ।”
“ਮੈਂ ਕਹਿਨੀ ਆਂ, ਮੇਰੇ ਨਾਲ।”
“ਮੇਰੇ ਨਾਲ, ਬੋਲੀਏ! ਪਤਾ ਐ ਕਿਵੇਂ ਪਟਾਕ ਦੇ ਕੇ ਮਾਂ ਦੀ ਗਾਲ ਕੱਢ ਦਿੰਦਾ ਸੀ।”
“ਮੈਨੂੰ ਵੀ ਤਾਂ ਕਿੰਨੀਆਂ ਗਾਲਾਂ ਦਿੰਦਾ ਸੀ, ਲਾਂਬੜ, ਤੰਦਲੀ।”
“ਮੇਰੀ ਦਾੜ੍ਹੀ ਫੜ੍ਹ ਕੇ ਛੱਡਦਾ ਨ੍ਹੀਂ ਸੀ।”
“ਮੇਰੀ ਬਾਲੀਓ ਖਿੱਚ ਕੇ ਲੈ ਗਿਆ ਸੀ।”
“ਮੇਰੇ ਢਿੱਡ ਉਤੇ ਬਹਿ ਕੇ ਰੋਜ਼ ਬਾਤ ਸੁਣਿਆ ਕਰਦਾ ਸੀ।”
“ਸਾਰੀ ਸਾਰੀ ਰਾਤ ਤਾਂ ਮੇਰੇ ਨਾਲ ਚਿੰਬੜਿਆ ਪਿਆ ਰਹਿੰਦਾ ਸੀ। ਮਨੋਂ ਤਾਂ ਮੇਰੇ ਨਾਲ ਪਿਆਰ ਕਰਦਾ ਸੀ।”
“ਨਹੀਂ, ਮੇਰੇ ਨਾਲ ਕਰਦਾ ਸੀ।”
“ਮੈਂ ਕਹਿਨੀਂ ਆਂ ਮੇਰੇ ਨਾਲ।”
“ਨਹੀਂ ਮੇਰੇ ਨਾਲ, ਬੋਲੀਏ।”
“ਮੇਰੇ ਨਾਲ। ਉਈæææ ਈæææ”, ਅੰਮੀ ਦੀ ਉਂਗਲ ਨੂੰ ਚੀਰਾ ਆ ਜਾਂਦਾ ਹੈ। ਸਾਗ ਇਕ ਪਾਸੇ ਰੱਖ ਉਂਗਲ ਮੂੰਹ ਵਿਚ ਪਾ ਲੈਂਦੇ ਨੇ। ਵਿਚਾਰਾ ਜਿਹਾ ਮੂੰਹ ਬਣਾ ਲੈਂਦੇ ਨੇ, “ਪੱਪੂ ਨੂੰ ਮੇਰੇ ਨਾਲ ਹੀ ਜ਼ਿਆਦਾ ਪਿਆਰ ਸੀ ਨਾ ਜੀਤ ਦੇ ਬਾਪੂ?”
“ਅੱਛਾ, ਚੱਲੋ ਤੇਰੇ ਨਾਲ ਸੀ।”
ਦੋਵੇਂ ਚੁੱਪ ਹੋ ਗਏ ਨੇ। ਆਪਾ ਸਾਹਮਣੇ ਕੰਧ ਵੱਲ ਵੇਖਣ ਲੱਗ ਪਏ ਨੇ। ਸੋਚਦੇ ਰਹਿੰਦੇ ਨੇ, ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਵਿਚ ਹੋਣ।
“ਬੋਲੀਏ, ਸੁਣ।”
“ਕੀ?”
“ਤੂੰ ਭੁੱਲਦੀ ਐਂ।”
“ਕੀ?”
“ਪੱਪੂ ਨੂੰ ਜ਼ਿਆਦਾ ਪਿਆਰ ਮੇਰੇ ਨਾਲੇ ਸੀ।”
“ਕਿੰਨੇ ਬੱਜ ‘ਗੇ ਜੀਤੇ ਦੇ ਬਾਪੂ?”
“ਦਸ ਹੋਣ ਨੂੰ ਨੇ।”
“ਆਉਣਗੇ ਵੀ?”
ਕੋਈ ਉਤਰ ਨਹੀਂ।
“ਮੈਂ ਤੇਰੇ ਪਲੰਘ ਉਤੇ ਆ ਜਾਂ। ਤੇਰਾ ਸਿਰ ਘੁੱਟੂੰ।”
“ਆ ਜਾ ਚੱਲ, ਮੈਨੂੰ ਵੀ ਸਿਰ ਭਾਰੀ ਭਾਰੀ ਲੱਗਣ ਲੱਗ ਪਿਆ ਹੈ।”
“ਸੌਂ ਗਏ?”
“ਨਹੀਂ ਤਾਂ। ਕਿਉਂ?”
“ਮੈਂ ਕਿਹਾ, ਥੋੜ੍ਹੇ ਦਿਨਾਂ ਲਈ ਕਿਸੇ ਮੁੰਡੇ ਕੋਲ ਨਾ ਜਾ ਆਈਏ?”
“ਕੀਹਦੇ ਕੋਲ ਜਾਮਾਂਗੇ? ਛੋਟਾ ਕੈਨੇਡਾ ਬੈਠੈ, ਵੱਡਾ ਦੇਵ ਊਂ ਵੀ ਬਹੁਤ ਦੂਰ ਆ। ਤੇ ਆਪਣੇ ਲਾਡਲੇ ਪੁੱਤ ਜੀਤ ਕੋਲ ਤਾਂ ਰਹਿ ਕੇ ਤੂੰ ਦੇਖ ਈ ਚੁੱਕੀ ਐਂ।”
“ਮੇਰੇ ਜ਼ਖਮਾਂ ‘ਤੇ ਲੂਣ ਛਿੜਕ ਕੇ ਸੁਖ ਮਿਲਦੈ ਤੈਨੂੰ।”
“ਨਹੀਂ, ਤੈਨੂੰ ਕੁਝ ਜਾਦਾ ਈ ਹੇਜ ਜਾਗਿਆ ਸੀ ਉਹਦਾ। ਹਫਤਾ ਵੀ ਨ੍ਹੀਂ ਸੀ ਟਿਕ ਸਕੀ ਉਥੇ।”
“ਉਹ ਤਾਂ ਉਸ ਚੁੜੇਲ ਦਾ ਸੁਭਾਅæææ।”
“ਆ ਕੇ ਤਾਂ ਆਪਣੇ ਲਾਡਲੇ ਨੂੰ ਕੋਸਦੀ ਰਹੀ ਸੀ ਮਹੀਨਾ ਭਰ।”
“ਮੁੰਡੇ ਉਤੇ ਕਾਹਦਾ ਗੁੱਸਾ, ਜਦੋਂ ਉਸੇ ਨੇ ਸਿੱਧਰੇ ਨੂੰ ਮੁੱਠੀ ਵਿਚæææ।”
“ਸੱਚੀਂ, ਮੁੰਡੇ ਉਤੇ ਕੋਈ ਗੁੱਸਾ ਨ੍ਹੀਂ ਸੀ ਤੈਨੂੰ?”
“ਸੱਚ।”
“ਸੱਚੀਂ, ਬੋਲੀਏ?”
“ਹਾਂ, ਸੱਚੀਂ।”
“ਤਾਂ ਫਿਰ ਮੇਰਾ ਸਿਰ ਘੁਟਦੇ ਤੇਰੇ ਹੱਥ ਇਕਦਮ ਏਨੇ ਤੇਜ਼ ਕਿਉਂ ਹੋ ਗਏ ਨੇ?”
ਅੰਮੀ ਦੇ ਹੱਥ ਪਲ ਭਰ ਲਈ ਠਿਠਕ ਕੇ ਰੁਕ ਜਾਂਦੇ ਨੇ। ਫਿਰ ਹੌਲੀ ਹੌਲੀ ਚੱਲਣ ਲੱਗ ਪੈਂਦੇ ਨੇ।
“ਬੱਸ ਕਰ ਹੁਣ ਥੱਕ ਜੇਂਗੀ।”
“ਕਿੰਨੇ ਬੱਜ ਗਏ ਨੇ ਭਲਾ?”
“ਸਾਢੇ ਦਸ।”
“ਹੁਣ ਤਾਂ ਨ੍ਹੀਂ ਆਉਂਦੇ?”
“ਹੁਣ ਕੀ ਆਉਣਗੇ। ਤੂੰ ਸੌਂ ਜਾ।”
“ਨੀਂਦ ਕਿਥੇ ਆਉਂਦੀ ਹੈ।”
ਆਪਾ ਅਚਾਨਕ ਚੌਂਕ ਉਠਦੇ ਨੇ। ਉਠ ਕੇ ਬੈਠ ਜਾਂਦੇ ਨੇ। ਕੁਝ ਸੁਣਨ ਦੀ ਕੋਸ਼ਿਸ਼ ਕਰਦੇ ਨੇ।
“ਕੀ ਗੱਲ ਹੈ, ਜੀਤ ਦੇ ਬਾਪੂ?”
“ਤੈਨੂੰ ਕੁਝ ਸੁਣਿਆ?”
“ਕੀ?”
“ਕਾਰ ਜਿਵੇਂ ਪੁਲ ਉਤੋਂ ਆਪਣੇ ਪਿੰਡ ਵੱਲ ਮੁੜੀ ਹੈ। ਆਵਾਜ਼ ਸੁਣ ਰਹੀ ਹੈਂ?”
“ਨਹੀਂ ਤਾਂ।”
“ਸੁਣ ਤਾਂ ਸਹੀ, ਆਵਾਜ਼ ਤਾਂ ਜਮਾਂ ਹੀ ਸਾਫ ਆ। ਗੁਰਦੁਆਰੇ ਵਲੋਂ ਆ ਰਹੀ ਆ।”
“ਹਾਂ, ਕੁਛ ਕੁਛ ਤਾਂæææ।”
“ਕੁਛ ਕੁਛ ਕਿਉਂ! ਸਾਫ ਤਾਂ ਸੁਣਦੀ ਆ। ਸੁਣ, ਕਾਰ ਜਿਵੇਂ ਗੁਰਦੁਆਰੇ ਦਾ ਮੋੜ ਮੁੜੀ ਹੁੰਦੀ ਆ। ਆਹ ਸੁਣ ਤਾਂ ਸਹੀ।”
“ਹਾਂ, ਹੁਣ ਤਾਂ ਇਕਦਮ ਸਾਫ਼ææ।”
“ਉਠੀਂ ਕੇਰਾਂ, ਮੇਰੀ ਖੂੰਡੀ ਫੜ੍ਹਾਈਂ। ਛੇਤੀ। ਕਾਰ ਤਾਂ ਬਾਹਰ ਵਾਲੇ ਗੇਟ ਉਤੇ ਆ ਖੜ੍ਹੀ ਹੋਈ ਆ। ਤੈਨੂੰ ਕਿਹਾ ਸੀ, ਦੇਵ ਮੇਰਾ ਪੁੱਤ ਜ਼ਰੂਰ ਆਏਗਾ। ਮੇਰੀ ਖੂੰਡੀ ਤਾਂ ਦੇਹ।”
“ਕਾਹਲਾ ਕਿਉਂ ਪੈਨਾਂ। ਪਹਿਲਾਂ ਹੀ ਦਿਲ ਦਾ ਮਰੀਜ਼ ਐਂ। ਠਹਿਰ, ਮੈਂ ਸਹਾਰਾ ਦਿੰਨੀ ਆਂ। ਹਾਂ, ਹੌਲੀ, ਸੰਭਲ ਕੇ।”
“ਵਿਹੜਾ ਬਹੁਤ ਲੰਮਾ ਐ। ਮੇਰੇ ਕੋਲੋਂ ਏਨਾ ਤੇਜ਼ ਤੁਰਿਆ ਨ੍ਹੀਂ ਜਾਣਾ। ਤੂੰ ‘ਕੱਲੀ ਓ ਚਲੀ ਜਾਹ। ਏਨਾ ਚਿਰ ਕਿਵੇਂ ਖੜ੍ਹਨਗੇ। ਦੇਖੀਂ, ਡਿੱਗ ਨਾ ਪਈਂ। ਹੌਲੀ। ਮੈਂ ਬਾਹਰ ਵਾਲੀ ਬੱਤੀ ਜਗਾਉਨਾਂ। ਸੰਭਲ ਕੇ। ਵੇਖੀਂ ਕਿਤੇ ਕੀਲੇ ਨਾਲ ਨਾ ਅੜ੍ਹਕ ਜੀਂ।”
ਕੁਝ ਚਿਰ ਉਡੀਕਣ ਪਿੱਛੋਂ ਆਪਾ ਦੀ ਆਵਾਜ਼ ਇਕਦਮ ਉਚੀ ਹੋ ਜਾਂਦੀ ਹੈ।
“ਆ ਜੋ ਹੁਣ। ਡਰਾਇਵਰ ਨੂੰ ਕਹੋ, ਸਾਮਾਨ ਅੰਦਰ ਤੱਕ ਚੁੱਕ ਲਿਆਵੇ। ਪੱਪੂ ਜੇ ਸੌਂ ਗਿਆ ਤਾਂ ਜਗਾਇਓ ਨਾ। ਮੋਢੇ ਲਾ ਕੇ ਲੈ ਆਉ।”
ਕਾਰ ਚੱਲਣ ਦੀ ਆਵਾਜ਼ ਨਾਲ ਆਪਾ ਪਲ ਭਰ ਲਈ ਰੁਕ ਜਾਂਦੇ ਨੇ। ਫਿਰ ਉਚੀ ਆਵਾਜ਼ ਵਿਚ ਬੋਲਣ ਲਗਦੇ ਨੇ, “ਆ ਵੀ ਜਾਓ ਹੁਣ। ਬਾਹਰ ਖੜ੍ਹੇ ਖੜ੍ਹੇ ਕੀ ਕਰ ਰਹੇ ਓਂ। ਕਾਰ ਵਾਲੇ ਨੂੰ ਕਹਿਣਾ ਸੀ, ਸਾਮਾਨ ਨਾਲ ਮਿਲ ਕੇæææ।”
ਅਚਾਨਕ ਆਪਾ ਚੁੱਪ ਕਰ ਜਾਂਦੇ ਨੇ। ਅੰਮੀ ਇਕੱਲੇ ਹੀ ਤੁਰੀ ਆ ਰਹੇ ਨੇ, ਬੇਜਾਨ ਜਿਹੀ ਚਾਲ ਤੁਰਦੇ।
“ਕੀ ਗੱਲ, ਤੂੰ ‘ਕੱਲੀ ਓ ਈ?”
“ਕੀਹਨੂੰ ਲਿਆਉਂਦੀ? ਕੋਈ ਆਉਂਦਾ, ਤਾਂ ਹੀ ਨਾ।”
“ਤਾਂ ਫਿਰ ਉਹ ਕਾਰ?”
“ਉਹ ਤਾਂ ਗੁਆਂਢੀਆਂ ਦਾ ਜਮਾਈ ਸ਼ਹਿਰ ਕੁਝ ਜ਼ਿਆਦਾ ਹੀ ਸ਼ਰਾਬੀ ਹੋ ਗਿਆ ਸੀ। ਕਾਰ ਵਾਲਾ ਵਾਕਫ ਸੀ, ਛੱਡਣ ਆ ਗਿਆ।”
ਆਪਾ ਪਲ ਭਰ ਲਈ ਅੰਮੀ ਵੱਲ ਵੇਖਦੇ ਨੇ। ਫਿਰ ਅਚਾਨਕ ਭਾਵੁਕ ਹੋ ਉਠਦੇ ਨੇ। ਬੜੀ ਤੇਜ਼ੀ ਨਾਲ ਬੋਲਣ ਲੱਗ ਪੈਂਦੇ ਨੇ, “ਤਾਂ ਕੀ ਹੋਇਆ ਫਿਰ, ਦੇਵ ਨਹੀਂ ਆਇਆ ਤਾਂ, ਕੰਮ ਵੀ ਤਾਂ ਨਿਕਲ ਸਕਦਾ ਹੈ ਕੋਈ। ਜ਼ਰੂਰ ਕੋਈ ਕੰਮ ਹੀ ਨਿਕਲ ਆਇਆ ਹੋਣੈ। ਤੂੰ ਫਿਕਰ ਕਿਉਂ ਕਰਦੀ ਐਂ। ਬਹੁਤ ਪਿਆਰ ਆ ਦੇਵ ਨੂੰ ਤੇਰੇ ਨਾਲ। ਪੱਪੂ ਨੂੰ ਵੀ। ਪੱਪੂ ਤੈਨੂੰ ਹੀ ਜ਼ਿਆਦਾ ਪਿਆਰ ਕਰਦੈ। ਸੱਚੀਂ ਮੇਰੇ ਨਾਲੋਂ ਵੱਧ। ਹਾਂ ਤੈਨੂੰ ਹੀ ਕਰਦੈ ਵੱਧ ਪਿਆਰæææ।”
“ਦੇਵ ਦੇ ਬਾਪੂ।”
ਆਪਾ ਅਚਾਨਕ ਚੁੱਪ ਕਰ ਜਾਂਦੇ ਨੇ, ਜਿਵੇਂ ਗੁਬਾਰੇ ਵਿਚੋਂ ਇਕਦਮ ਹਵਾ ਨਿਕਲ ਗਈ ਹੋਵੇ।
“ਤੂੰ ਦਿਲ ਦਾ ਮਰੀਜ਼ ਹੈਂ, ਦੇਵ ਦੇ ਬਾਪੂ।”
ਆਪਾ ਚੁੱਪ ਰਹਿੰਦੇ ਨੇ। ਅੰਮੀ ਦਾ ਸਹਾਰਾ ਲਈ ਪਲੰਘ ਤੱਕ ਆ ਜਾਂਦੇ ਨੇ। ਤੇਜ਼ੀ ਨਾਲ ਬੱਤੀ ਬੁਝਾ ਦਿੰਦੇ ਨੇ। ਬੁੱਲ੍ਹ ਦੰਦਾਂ ਵਿਚ ਦੱਬ ਜਾਂਦੇ ਨੇ।
“ਸੌਂ ਜਾ, ਦੇਵ ਦੀ ਮਾਂ, ਸੌਂ ਜਾ! ਜਾਦਾ ਸੁਪਨੇ ਨਾ ਦੇਖਿਆ ਕਰ। ਖੰਡਰਾਂ ਵਿਚ ਕੌਣ ਆਉਂਦਾ ਹੈ, ਦੇਵ ਦੀ ਮਾਂ। ਖੰਡਰਾਂ ਵਿਚ ਕੋਈ ਨ੍ਹੀਂ ਆਇਆ ਕਰਦਾ।”