ਪੰਜਾਬੀਆਂ ‘ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ

ਡਾ. ਨਿਸ਼ਾਨ ਸਿੰਘ ਰਾਠੌਰ
ਫੋਨ: 91-75892-33437
ਪੰਜਾਬ ਦੀ ਧਰਤੀ Ḕਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਸੰਪਾਦਤ ਕੀਤਾ। ਸੰਸਾਰ ਭਰ ਵਿਚ ਗਾਈ ਜਾਣ ਵਾਲੀ ਆਰਤੀ ‘ਓਮ ਜੈ ਜਗਦੀਸ਼ ਹਰੇ’ ਪੰਜਾਬ ਦੇ ਰਹਿਣ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਰਚਨਾ ਹੈ। ਗੁਰੂ ਨਾਨਕ ਦੇਵ, ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਦਮੋਦਰ, ਭਾਈ ਵੀਰ ਸਿੰਘ, ਪ੍ਰੋæ ਪੂਰਨ ਸਿੰਘ, ਧਨੀਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਸੁਰਜੀਤ ਪਾਤਰ ਤੱਕ ਪੰਜਾਬ ਦੀ ਧਰਤੀ ਦੇ ਉਹ ਕਲਮਵੀਰ ਹਨ,

ਜਿਨ੍ਹਾਂ ਨੇ ਆਪਣੀ ਕਲਮ ਦੀ ਆਵਾਜ਼ ਰਾਹੀਂ ਸਾਰੀ ਪੰਜਾਬੀਅਤ ਨੂੰ ਜਾਗ੍ਰਿਤ ਕੀਤਾ ਹੈ। ਪਰ, ਅਫਸੋਸ ਅਜੋਕੇ ਸਮੇਂ ਇਸੇ ਧਰਤੀ ਦੇ ਬਾਸ਼ਿੰਦਿਆਂ ਦਾ ਸਾਹਿਤ ਪੜ੍ਹਨ-ਪੜ੍ਹਾਉਣ ਦਾ ਰੁਝਾਨ ਅਲੋਪ ਹੁੰਦਾ ਜਾ ਰਿਹਾ ਹੈ।
ਪੰਜਾਬੀ ਦੀਆਂ ਪੁਸਤਕਾਂ ਬਾਜ਼ਾਰ ‘ਚ ਵਿਕਦੀਆਂ ਨਹੀਂ ਅਤੇ ਨਾ ਹੀ ਸਾਡਾ ਪੜ੍ਹਿਆ-ਲਿਖਿਆ ਤਬਕਾ ਪੁਸਤਕਾਂ ਖਰੀਦਣ Ḕਤੇ ਪੈਸਾ ਖਰਚ ਕਰਦਾ ਹੈ। ਪੰਜਾਬ ਦੇ ਲਗਭਗ ਸਾਰੇ ਪ੍ਰਕਾਸ਼ਕ ਇਹ ਗੱਲ ਆਖਦੇ ਹਨ ਕਿ ਪੰਜਾਬੀ ਪੁਸਤਕਾਂ ਖਰੀਦ ਕੇ ਪੜ੍ਹਨ ਦਾ ਜ਼ਮਾਨਾ ਹੁਣ ਖਤਮ ਹੋ ਚੁਕਾ ਹੈ। ਇਸ ਲਈ ਉਹ ਲੇਖਕ ਵਲੋਂ ਦਿੱਤੇ ਗਏ ਪੈਸਿਆਂ ਦੇ ਮੁਤਾਬਕ ਹੀ ਪੁਸਤਕਾਂ ਪ੍ਰਕਾਸ਼ਤ ਕਰਦੇ ਹਨ ਤਾਂ ਕਿ ਲੇਖਕ ਤੋਂ ਹੀ ਖਰਚ ਅਤੇ ਮੁਨਾਫਾ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਆਮ ਕਰਕੇ ਪੰਜਾਬੀ ਪ੍ਰਕਾਸ਼ਕ ਇੱਕ ਵੀ ਕਾਪੀ ਵਾਧੂ ਨਹੀਂ ਛਾਪਦੇ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇ।
ਪੰਜਾਬੀ ਦੇ ਨਵੇਂ ਲੇਖਕਾਂ ਤੋਂ ਲੈ ਕੇ ਨਾਮਵਰ ਸ਼ਾਇਰਾਂ ਤੱਕ, ਆਪਣੀ ਕਿਤਾਬ ਆਪਣੇ ਖਰਚੇ Ḕਤੇ ਛਪਵਾ ਕੇ ਮੁਫਤ ਵੰਡਦੇ ਤਾਂ ਆਮ ਹੀ ਨਜ਼ਰੀਂ ਪੈ ਜਾਂਦੇ ਹਨ ਪਰ ਖਰੀਦ ਕੇ ਪੜ੍ਹਨ ਵਾਲਾ ਪਾਠਕ ਕਿਤੇ ਨਜ਼ਰ ਨਹੀਂ ਆਉਂਦਾ। ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਸਾਡੀਆਂ ਯੂਨੀਵਰਸਿਟੀਆਂ/ਕਾਲਜਾਂ ਵਿਚ ਸਾਹਿਤ ਦੇ ਵਿਦਿਆਰਥੀ, ਜਿਹੜੇ ਸਾਹਿਤ Ḕਤੇ ਖੋਜ ਕਾਰਜ ਕਰ ਰਹੇ ਹਨ, ਉਹ ਵੀ ਕਿਤਾਬਾਂ ਖਰੀਦ ਕੇ ਨਹੀਂ ਪੜ੍ਹਦੇ। ਉਂਜ ਇਹ ਗੱਲ ਆਰਥਕ ਤੰਗੀ ਦਾ ਬਹਾਨਾ ਬਣਾ ਕੇ ਝੁਠਲਾਈ ਵੀ ਜਾ ਸਕਦੀ ਹੈ ਪਰ ਪੰਜਾਬੀਆਂ ਦੇ ਵਿਆਹਾਂ-ਸ਼ਾਦੀਆਂ Ḕਤੇ ਹੁੰਦੇ ਖਰਚੇ ਨੂੰ ਦੇਖ ਕੇ ਇਹ ਦਾਅਵਾ ਵੀ ਗਲਤ ਹੀ ਸਾਬਤ ਹੋਵੇਗਾ।
ਪ੍ਰਕਾਸ਼ਕਾਂ ਨੇ ਤਾਂ ਵਪਾਰਕ ਦ੍ਰਿਸ਼ਟੀ ਨਾਲ ਹੀ ਕਿਤਾਬਾਂ ਛਾਪਣੀਆਂ ਹੁੰਦੀਆਂ ਹਨ ਪਰ ਜਦੋਂ ਪੰਜਾਬੀ ਪਾਠਕ, ਪੁਸਤਕ ਖਰੀਦਣ ਤੋਂ ਹੀਂ ਮੁਨਕਰ ਹਨ ਤਾਂ ਉਹ ਵੀ ਆਪਣਾ ਪੂਰਾ ਖਰਚ/ਮੁਨਾਫਾ ਲੇਖਕ ਤੋਂ ਹੀ ਵਸੂਲ ਕਰਦੇ ਹਨ। ਇਸ ਨਾਲ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਆਰਥਕ ਪੱਖੋਂ ਕਮਜ਼ੋਰ ਲੇਖਕ ਆਪਣੇ ਜੀਵਨ ਵਿਚ ਪੁਸਤਕ ਪ੍ਰਕਾਸ਼ਤ ਕਰਵਾਉਣ ਦਾ ਕਦੇ ਹੌਸਲਾ ਹੀ ਨਹੀਂ ਕਰ ਪਾਉਂਦੇ। ਇਸ ਨਾਲ ਪੰਜਾਬੀ ਸਾਹਿਤ ਵਿਚ ਮਿਆਰੀ ਪੁਸਤਕਾਂ ਦੀ ਆਮਦ ਨਹੀਂ ਹੋ ਪਾਉਂਦੀ। ਇਹ ਵੀ ਬਹੁਤ ਮੰਦਭਾਗਾ ਹੈ।
ਪੰਜਾਬੀ ਸਾਹਿਤਕ ਹਲਕਿਆਂ ‘ਚ ਇਹ ਗੱਲ ਆਮ ਹੀ ਆਖੀ ਜਾਂਦੀ ਹੈ ਕਿ ਤੁਸੀਂ ਲਿਖਾਰੀ ਭਾਵੇਂ ਕਿੰਨੇ ਵੀ ਵੱਡੇ ਹੋ ਪਰ ਜਦੋਂ ਤੱਕ ਤੁਹਾਡੀ ਜੇਬ ਵਿਚ ਪੈਸੇ ਨਹੀਂ, ਤੁਹਾਡੀ ਪੁਸਤਕ ਪ੍ਰਕਾਸ਼ਤ ਨਹੀਂ ਹੋ ਸਕਦੀ। ਇਸ ਦਾ ਕਾਰਨ ਵੀ ਪੰਜਾਬੀਆਂ ‘ਚ ਸਾਹਿਤ ਪੜ੍ਹਨ ਦੇ ਘੱਟਦੇ ਰੁਝਾਨ ਨੂੰ ਹੀ ਮੰਨਿਆ ਜਾ ਸਕਦਾ ਹੈ। ਪੰਜਾਬੀ ਸਮਾਜ ਜੇਕਰ ਪੰਜਾਬੀ ਪੁਸਤਕਾਂ ਖਰੀਦ ਕੇ ਪੜ੍ਹਨ ਦਾ ਹੀਲਾ ਕਰ ਲਵੇ ਤਾਂ ਪੰਜਾਬੀ ਦੇ ਲਗਭਗ ਸਾਰੇ ਹੀ ਪ੍ਰਕਾਸ਼ਕ, ਲੇਖਕ ਤੋਂ ਖਰਚਾ/ਮੁਨਾਫਾ ਲੈਣਾ ਘੱਟ/ਬੰਦ ਕਰ ਦੇਣਗੇ ਅਤੇ ਆਰਥਕ ਪੱਖੋਂ ਕਮਜ਼ੋਰ ਲੇਖਕ ਵੀ ਚੰਗੇ ਸਾਹਿਤ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕਣਗੇ। ਪਰ ਇਹ ਹੁੰਦਾ ਕਦੋਂ ਹੈ ਇਹ ਭਵਿੱਖ ਦੀ ਕੁੱਖ ਵਿਚ ਹੈ।