ਮਾਲਦੀਵੀ ਸਵਰਗ ਨੂੰ ਝਟਕਾ

ਗੁਲਜ਼ਾਰ ਸਿੰਘ ਸੰਧੂ
ਭਾਰਤੀ ਲਕਸ਼ਦੀਪਾਂ ਦੇ ਥੱਲੇ ਤੇ ਸ੍ਰੀਲੰਕਾ ਦੇ ਬਰਾਬਰ ਹਿੰਦ ਮਹਾਸਾਗਰ ਵਿਚ ਇੱਕ ਸੁਤੰਤਰ ਮੁਸਲਿਮ ਦੇਸ਼ ਹੈ, ਮਾਲਦੀਵ। 400 ਮੀਲ ਲੰਮੇ ਤੇ 80 ਮੀਲ ਚੌੜੇ ਸੈਂਕੜੇ ਟਾਪੂਆਂ ਵਾਲੇ ਇਸ ਦੇਸ਼ ਦੀ ਰਾਜਧਾਨੀ ਮਾਲੇ ਵੀ ਬੱਕਰੇ ਦੇ ਪੱਟ ਵਰਗਾ ਇੱਕ ਮੀਲ ਲੰਮਾ ਤੇ ਪੌਣਾ ਮੀਲ ਚੌੜਾ ਟਾਪੂ ਹੀ ਹੈ। ਮਾਲੇ ਦੀ ਕੁੱਲ ਵਸੋਂ ਚਾਰ ਲੱਖ ਤੋਂ ਵੱਧ ਨਹੀਂ ਤੇ ਇਸ ਨਿੱਕੇ ਜਿਹੇ ਟਾਪੂ ਵਿਚ ਡੇਢ ਸੌ ਕਾਰਾਂ ਹਨ, ਜਿਨ੍ਹਾਂ ਨੂੰ ਉਹ ਕੰਮ ਉਤੇ ਜਾਣ ਜਾਂ ਫੇਰੇ-ਤੋਰੇ ਲਈ ਵਰਤਦੇ ਹਨ।

1976 ਵਿਚ ਮੇਰੀ ਪਤਨੀ ਦੋ ਮਹੀਨੇ ਲਈ ਉਸ ਦੇਸ਼ ਵਿਚ ਸਲਾਹਕਾਰ ਬਣ ਕੇ ਉਥੇ ਗਈ ਤਾਂ ਨਵੀਂ ਧਰਤੀ ਦੇਖਣ ਦੇ ਭਾਵ ਨਾਲ ਮੈਂ ਵੀ ਉਹਦੇ ਨਾਲ ਤੁਰ ਗਿਆ। ਉਥੇ ਸਰਕਾਰੀ ਸਵਾਰੀ ਕੇਵਲ ਸਾਈਕਲ ਸੀ ਜਿਸ ਦੇ ਮਡਗਾਰਡ ਉਤੇ ਗੌਰਮਿੰਟ ਆਫ ਮਾਲਦੀਵਜ਼ ਲਿਖਿਆ ਹੋਇਆ ਸੀ। ਉਥੋਂ ਦੇ ਕਾਨੂੰਨ ਅਨੁਸਾਰ ਉਹ ਸਾਈਕਲ ਮੈਂ ਨਹੀਂ ਸੀ ਵਰਤ ਸਕਦਾ। ਮੈਨੂੰ ਆਪਣੀ ਵਰਤੋਂ ਲਈ ਇੱਕ ਸਾਈਕਲ ਕਿਰਾਏ ਉਤੇ ਲੈਣਾ ਪਿਆ ਸੀ।
ਪਿਛਲੇ ਸਮਿਆਂ ਵਿਚ ਜੇ ਕੋਈ ਸਮੁੰਦਰੀ ਜਹਾਜ ਕਿਸੇ ਕਿਸਮ ਦੇ ਮਾਲ ਦਾ ਭਰਿਆ ਹੋਇਆ ਇਨ੍ਹਾਂ ਦੀਪਾਂ ਦੀ ਸੀਮਾ ਵਿਚ ਕਿਸੇ ਵੀ ਅਣਦਿਸਦੇ ਦੀਪ ਨਾਲ ਟਕਰਾ ਕੇ ਟੁੱਟ ਜਾਂਦਾ ਤਾਂ ਉਸ ਵਿਚ ਭਰੀ ਹੋਈ ਧਨ-ਦੌਲਤ ਇਨ੍ਹਾਂ ਦੀਪਾਂ ‘ਤੇ ਰਾਜ ਕਰਨ ਵਾਲੇ ਮੁਸਲਿਮ ਸੁਲਤਾਨਾਂ ਦੀ ਹੋ ਜਾਂਦੀ ਸੀ। ਅਜਿਹਾ ਇਕ ਜਹਾਜ 16ਵੀਂ ਸਦੀ ਵਿਚ ਇਥੇ ਆ ਕੇ ਟੁੱਟ ਗਿਆ। ਉਸ ‘ਚ ਇਕ ਫਰਾਂਸੀਸੀ ਡਾਕਟਰ ਪਾਇਰਾਰਡ ਸੀ। ਬਾਕੀ ਬੰਦੇ ਤਾਂ ਮਲੇਰੀਏ ਨਾਲ ਮਰ ਗਏ ਪਰ ਡਾæ ਪਾਇਰਾਰਡ ਨੇ ਆਪਣੇ ਆਪ ਨੂੰ ਬਚਾਈ ਰਖਿਆ ਤੇ ਸਹਿਜੇ ਸਹਿਜੇ ਇਥੋਂ ਦੀ ਬੋਲੀ ਸਿੱਖ ਕੇ ਸੁਲਤਾਨ ਦਾ ਸਲਾਹਕਾਰ ਬਣ ਗਿਆ, ਜੋ ਉਸ ਦੀਆਂ ਬੇਗਮਾਂ ਨਾਲ ਵੀ ਘੁਲਦਾ-ਮਿਲਦਾ ਰਿਹਾ ਤੇ ਬਾਕੀ ਵੱਸੋਂ ਨਾਲ ਵੀ।
ਇਥੋਂ ਛੁਟਕਾਰਾ ਹੋਣ ‘ਤੇ ਜਦੋਂ ਉਹ ਫਰਾਂਸ ਪਹੁੰਚਿਆ ਤਾਂ ਉਸ ਨੇ ਇਨ੍ਹਾਂ ਦੀਪਾਂ ਦੇ ਜੀਵਨ ਬਾਰੇ ਤਿੰਨ ਜਿਲਦਾਂ ਵਿਚ ਆਪਣਾ ਸਫਰਨਾਮਾ ਲਿਖਿਆ ਜੋ ਬੇਹੱਦ ਦਿਲਚਸਪ ਹੈ। ਇਸ ਦੇਸ਼ ਦੇ ਸਾਰੇ ਟਾਪੂ ਸਾਗਰ ਦੀ ਸਤਾਹ ਤੋਂ ਕੇਵਲ ਛੇ ਫੁੱਟ ਉਚੇ ਹੋਣ ਦੇ ਬਾਵਜੂਦ ਕਦੀ ਸਮੁੰਦਰੀ ਤੂਫਾਨ ਦੀ ਲਪੇਟ ਵਿਚ ਨਹੀਂ ਆਏ ਕਿਉਂਕਿ ਪਾਣੀ ਦੇ ਟਕਰਾਉਣ ਲਈ ਕੋਈ ਉਚੀ ਥਾਂ ਹੀ ਨਹੀਂ। ਤੂਫਾਨ ਆਸੇ ਪਾਸੇ ਤੋਂ ਰੌਲਾ ਪਾਉਂਦਾ ਲੰਘ ਜਾਂਦਾ ਹੈ।
ਕਾਰੀਗਰ ਲੋਕ (ਦਰਜੀ, ਫੋਟੋਗ੍ਰਾਫਰ ਜਾਂ ਮਿਸਤਰੀ) ਪੈਸੇ ਵਾਲੇ ਹਨ ਤੇ ਗਰੀਬ ਲੋਕ ਮੱਛੀਆਂ ਫੜ੍ਹ ਕੇ ਤੇ ਵੇਚ ਕੇ ਗੁਜ਼ਾਰਾ ਕਰਦੇ ਹਨ। ਇਥੋਂ ਦੀ ਟੂਨਾ ਮੱਛੀ ਏਨੀ ਪਸੰਦ ਕੀਤੀ ਜਾਂਦੀ ਹੈ ਕਿ ਮਾਲਦੀਵ ਤੋਂ ਬਾਹਰਲੇ ਦੇਸ਼ਾਂ ਵਿਚ ਬੜੀ ਮਹਿੰਗੀ ਵਿਕਦੀ ਹੈ। ਬਹੁਤੀ ਵਾਰੀ ਸਾਗਰ ਦੀਆਂ ਛੱਲਾਂ ਵਿਚ ਫਸ ਕੇ ਅਨੇਕਾਂ ਮੱਛੀਆਂ ਮਾਲੇ ਦੀ ਫਿਰਨੀ ਉਤੇ ਡਿਗ ਕੇ ਮਰ ਜਾਂਦੀਆਂ ਹਨ, ਜਿਨ੍ਹਾਂ ਨੂੰ ਬੱਚੇ, ਬੁੱਢੇ ਤੇ ਜਵਾਨ ਚੁੱਕ ਲਿਆਉਂਦੇ ਹਨ। ਵਸਨੀਕਾਂ ਦਾ ਮੁੱਖ ਭੋਜਨ ਮੱਛੀ, ਕੇਲਾ, ਪਪੀਤਾ ਤੇ ਨਾਰੀਅਲ ਹੈ।
ਸੰਨ 2011 ਤੱਕ ਇਥੇ ਇਕ ਪੁਰਖੀ ਰਾਜ ਰਿਹਾ ਹੈ ਤੇ ਵਸਨੀਕਾਂ ਨੇ ਤਾਨਾਸ਼ਾਹੀ ਪ੍ਰਵਾਨ ਕਰ ਰੱਖੀ ਸੀ। ਇਸ ਵੇਲੇ 25,000 ਭਾਰਤੀ ਮਾਲਦੀਵ ਰਹਿ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ। ਭਾਰਤ ਸਰਕਾਰ ਲਈ ਉਥੋਂ ਦੀ ਰਾਜਨੀਤੀ ਤੋਂ ਬੇਮੁਖ ਹੋਣਾ ਸੰਭਵ ਨਹੀਂ। ਇਸ ਹਫਤੇ ਉਥੋਂ ਦੀ ਸੁਪਰੀਮ ਕੋਰਟ ਨੇ ਵਰਤਮਾਨ ਰਾਸ਼ਟਰਪਤੀ ਅਬਦੁੱਲਾ ਯਾਮੀਨ ਵਲੋਂ ਕੈਦ ਕੀਤੇ ਅਠ ਉਚ ਕੋਟੀ ਦੇ ਨੇਤਾਵਾਂ ਨੂੰ ਰਿਹਾ ਕਰਨ ਦਾ ਫੈਸਲਾ ਸੁਣਾਇਆ ਤਾਂ ਯਾਮੀਨ ਨੇ ਰਿਹਾਈ ਦੇ ਹੁਕਮ ਦੇਣ ਦੀ ਥਾਂ ਉਨ੍ਹਾਂ ਜੱਜਾਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਮੁਹੰਮਦ ਨਸ਼ੀਦ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵੇਲੇ ਵਿਰੋਧੀ ਧਿਰ ਦੀ ਮਦਦ ਲਈ ਉਤਰੇ ਤਾਂ ਕਿ ਅਗਲੀਆਂ ਚੋਣਾਂ ਵਿਚ ਨਿਰਪੱਖ ਲੋਕ ਰਾਜ ਬਹਾਲ ਹੋ ਸਕੇ।
ਇਹ ਸੱਚ ਹੈ ਕਿ ਮਾਲਦੀਵ ਤੇ ਭਾਰਤ ਵਿਚ ਨਸਲੀ, ਭਾਸ਼ਾਈ, ਸਭਿਆਚਾਰਕ, ਧਾਰਮਕ ਤੇ ਵਪਾਰਕ ਸਾਂਝ ਹੈ, ਫੇਰ ਵੀ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਜਲਦਬਾਜ਼ੀ ਨਾ ਕਰੇ ਤੇ ਚੇਤੇ ਰੱਖੇ ਕਿ ਇਹ ਮਾਲਦੀਵ ਦੀ ਅੰਦਰੂਨੀ ਰਾਜਨੀਤੀ ਹੈ। ਇਸ ਲਈ ਵੀ ਕਿ ਪਿਛਲੇ ਦਸ ਵਰ੍ਹਿਆਂ ਤੋਂ ਚੀਨ ਨੇ ਮਾਲਦੀਵ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮਾਲਦੀਵ ਦੀ ਆਮਦਨ ਦਾ ਸੋਮਾ ਵਿਦੇਸ਼ੀ ਟੂਰਿਸਟ ਹਨ ਜਿਨ੍ਹਾਂ ਵਿਚ ਪਿਛਲੇ ਵਰ੍ਹਿਆਂ ਦੌਰਾਨ ਚੀਨੀਆਂ ਦੀ ਗਿਣਤੀ 20 ਪ੍ਰਤੀਸ਼ਤ ਹੋ ਗਈ ਹੈ ਤੇ ਭਾਰਤੀਆਂ ਦੀ ਛੇ ਪ੍ਰਤੀਸ਼ਤ ਉਤੇ ਟਿਕੀ ਹੋਈ ਹੈ। ਇਹ ਵੀ ਹੋ ਸਕਦਾ ਹੈ ਕਿ ਰਾਸ਼ਟਰਪਤੀ ਯਾਮੀਨ ਜੋ ਕੁਝ ਕਰ ਰਿਹਾ ਹੈ, ਚੀਨ ਦੇ ਹੁੰਗਾਰੇ ਨਾਲ ਹੀ ਕਰ ਰਿਹਾ ਹੋਵੇ।
ਮੇਰਾ ਸੁਝਾਓ ਰਾਜਨੀਤਕ ਦੇ ਨਾਲ ਨਾਲ ਨਿਜੀ ਵੀ ਹੈ ਕਿ ਮੈਂ 1976 ਵਿਚ ਉਥੋਂ ਦੇ ਲੋਕਾਂ ਵਿਚ ਮਹੀਨਾ ਭਰ ਰਹਿ ਕੇ ਉਨ੍ਹਾਂ ਦੇ ਭੋਲੇਪਨ ਤੇ ਸਾਦਗੀ ਨੂੰ ਜਾਣਿਆ ਹੈ। ਆਪਾਂ ਆਸ ਕਰ ਸਕਦੇ ਹਾਂ ਕਿ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਚੋਣਾਂ ਵਿਚ ਉਥੋਂ ਦੇ ਵਸਨੀਕਾਂ ਨੇ ਹਾਂ ਪੱਖੀ ਧਿਰ ਨੂੰ ਜਿਤਾ ਕੇ ਲੋਕ ਰਾਜ ਬਹਾਲ ਕਰ ਲੈਣਾ ਹੈ। ਉਹ ਏਨੇ ਭੋਲੇ ਵੀ ਨਹੀਂ ਕਿ ਇਹ ਨਾ ਜਾਣਦੇ ਹੋਣ ਕਿ ਉਨ੍ਹਾਂ ਦੇ ਹੱਕ ਵਿਚ ਤਾਨਾਸ਼ਾਹੀ ਹੈ ਜਾਂ ਲੋਕ ਰਾਜ।
ਫਿਲਮ ḔਪਦਮਾਵਤḔ ਦਾ ਕੱਚ ਤੇ ਸੱਚ: ਮੈਂ ਪਹਿਲੀ ਵਾਰ ਪਦਮਾਵਤ (ਪਦਮਨੀ) ਦੇ ਹੁਸਨ ਦੀ ਮਹਿਮਾ ਪੀਲੂ ਰਚਿਤ Ḕਮਿਰਜ਼ਾ ਸਾਹਿਬਾਂ’ ਵਿਚ ਪੜ੍ਹੀ ਸੀ। ਮਿਰਜ਼ੇ ਦੀਆਂ ਭਰਜਾਈਆਂ ਦੇ ਬੋਲਾਂ ਵਿਚ ਸਾਹਿਬਾਂ ਕਿਹੜੀ ਪਦਮਨੀ, ਉਹ ਵੀ ਰੰਨਾਂ ਵਰਗੀ ਰੰਨ। ਮੈਨੂੰ ਫਿਲਮਾਂ ਦਾ ਸ਼ੌਕ ਨਹੀਂ ਪਰ Ḕਪਦਮਾਵਤ’ ਬਾਰੇ ਮੀਡੀਆ ਦੀ ਚਰਚਾ ਨੇ ਮੈਨੂੰ ਇਹ ਫਿਲਮ ਵੇਖਣ ਲਈ ਮਜਬੂਰ ਕਰ ਦਿੱਤਾ। ਮੈਂ ਪੂਰੇ ਧਿਆਨ ਨਾਲ ਵੇਖੀ। ਇਸ ਵਿਚ ਸੈਕੜੇ ਵਰ੍ਹੇ ਪਹਿਲਾਂ ਦੇ ਰਾਜਪੂਤੀ ਕਮਾਲ ਤੇ ਜਮਾਲ ਦਾ ਨਕਸ਼ਾ ਖਿੱਚਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਖਾਸ ਕਰ ਅਲਾਉਦੀਨ ਖਿਲਜੀ ਦੀ ਉਸ ਨੂੰ ਪ੍ਰਾਪਤ ਕਰਨ ਦੀ ਹਵਸ ਰਾਹੀਂ। ਖਿਲਜੀ ਨੂੰ ਪਦਮਾਵਤ ਹਾਸਲ ਕਰਨ ਲਈ ਹਾਬੜਿਆ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਤੇ ਸਮੇਂ ਦੇ ਰਾਜਪੂਤਾਂ ਵਲੋਂ ਉਸ ਨੂੰ ਅਸਫਲ ਕਰਨ ਨੂੰ ਉਭਾਰਿਆ ਗਿਆ ਹੈ ਜਿਸ ਦਾ ਸਤੀ ਹੋਣਾ ਇਕ ਅੰਗ ਸੀ।
ਇਤਿਹਾਸਕਾਰ ਹੋਵੇ ਜਾਂ ਕਲਾਕਾਰ ਸਮੇਂ ਦੇ ਸੱਚ ਨੂੰ ਵਿਸਾਰਨਾ ਉਹਦੇ ਲਈ ਸ਼ੋਭਾ ਨਹੀਂ ਦਿੰਦਾ। ਵੇਖਣਾ ਇਹ ਹੁੰਦਾ ਹੈ ਕਿ ਉਹ ਕੋਈ ਇਹੋ ਜਿਹੀ ਅਣਹੋਣੀ ਪੇਸ਼ਕਾਰੀ ਤਾਂ ਨਹੀਂ ਕਰ ਰਿਹਾ ਜਿਸ ਨਾਲ ਕਿਸੇ ਕੁੱਲ (ਖਾਨਦਾਨ ਜਾਂ ਭਾਈਚਾਰੇ) ਨੂੰ ਦਾਗ ਲਗਦਾ ਹੋਵੇ। ਮੈਨੂੰ ਇਸ ਫਿਲਮ ਵਿਚ ਰਾਜਪੂਤੀ ਆਨ ਤੇ ਸ਼ਾਨ ਉਤੇ ਉਂਗਲੀ ਕਰਦੀ ਉਕਾ ਹੀ ਕੋਈ ਗੱਲ ਨਜ਼ਰ ਨਹੀਂ ਆਈ। ਨਾ ਹੀ ਇਹ ਗੱਲ ਉਭਾਰੀ ਗਈ ਹੈ ਕਿ ਅਜੋਕੀ ਰਾਜਪੂਤ ਔਰਤ ਲਈ ਆਪਣੀ ਇੱਜਤ ਦੀ ਪਾਲਣਾ ਕਰਨ ਲਈ ਸਤੀ ਹੋ ਜਾਣਾ ਲਾਜ਼ਮੀ ਹੈ। ਹਾਂ, ਰਾਜਪੂਤੀ ਜਲੌਅ ਉਤੇ ਪਹਿਰਾ ਦਿੰਦਿਆਂ ਫਿਲਮਸਾਜ਼ ਨੇ ਅਲਾਉਦੀਨ ਦੀ ਅਕਲ ਉਤੇ ਪੂਰਾ ਪਰਦਾ ਪਿਆ ਦਿਖਾਇਆ ਹੈ, ਜਿਸ ਉਤੇ ਖਿਲਜੀ ਭਾਈਚਾਰਾ ਜਾਂ ਖਿਲਜੀ ਦੇ ਵਾਰਿਸ, ਜੇ ਕਿਧਰੇ ਹੈ ਤਾਂ ਦੁਖੀ ਹੋ ਸਕਦੇ ਹਨ। ਕਿੰਤੂ-ਪੰ੍ਰਤੂ ਉਹ ਵੀ ਨਹੀਂ ਕਰ ਸਕਦੇ ਕਿਉਂਕਿ ਜੋ ਕੁਝ ਦਰਸਾਇਆ ਗਿਆ ਹੈ, ਉਹ ਸਮੇਂ ਦਾ ਸੱਚ ਹੈ। ਅੱਜ ਨਹੀਂ ਤਾਂ ਕਲ੍ਹ ਇਹ ਫਿਲਮ ਹਰ ਪਾਸਿਓਂ ਸਲਾਹੀ ਜਾਵੇਗੀ।
ਅੰਤਿਕਾ:
(ਰੱਬ, ਖੁਦਾ, ਭਗਵਾਨ ਦੀ ਗੱਲ)
ਮੇਰਾ ਵੱਸ ਚੱਲੇ ਤਾਂ ਰੱਬ ਨੂੰ
ਇਕ ਵਾਰੀ ਤੇ ਆਖ ਦਿਆਂ,
ਸੁੰਦਰ ਸ਼ਕਲਾਂ ਰਚ ਕੇ
ਆਪੇ ਮੇਟੀ ਜਾਣਾ ਠੀਕ ਨਹੀਂ।
-ਚਰਨ ਸਿੰਘ ਸ਼ਹੀਦ (ਸੁਥਰਾ)

ਕੈਦ ਹੋ ਜਾਵੇ ਖੁਦਾ
ਉਸ ਕੋਲ, ਸੋਚੇ ਮੌਲਵੀ,
ਸੋਚੇ ਪੰਡਿਤ, ਆ ਵੜੇ ਰੱਬ
ਓਸ ਦੀ ਗੜਵੀ ‘ਚ ਕਾਸ਼।
-ਗੁਰਦਿਆਲ ਰੌਸ਼ਨ

ਰੱਬ ਦੇ ਦਿੱਤਾ, ਮੈਂ ਬੱਚੇ ਨੂੰ
ਮਨਾਵਣ ਵਾਸਤੇ
ਇਹ ਨਹੀਂ ਮੇਰਾ ਖਿਡਾਉਣਾ,
ਉਸ ਨੇ ਰੋ ਕੇ ਆਖਿਆ।
-ਹਰਦਿਆਲ ਸਾਗਰ