ਵੀਡੀਓ ਨੇ ਮਚਾਇਆ ਸਿਆਸੀ ਘਮਾਸਾਣ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਭੂਮਿਕਾ ਦਾ ਮਾਮਲਾ ਮੁੜ ਭਖ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਵੀਡੀਓ ਵਿਚ ਟਾਈਟਲਰ 100 ਸਿੱਖਾਂ ਨੂੰ ਮਾਰਨ ਦੀ ਗੱਲ ਕਰ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਗਦੀਸ਼ ਟਾਈਟਲਰ ਦਾ ਇਕ ਬਿਆਨ ਆਇਆ ਸੀ ਕਿ ਸਿੱਖ ਕਤਲੇਆਮ ਸਮੇਂ ਉਸ ਨੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਗੱਡੀ ਵਿਚ ਬੈਠ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਖੁਲਾਸੇ ਪਿੱਛੋਂ ਦਿੱਲੀ ਕਮੇਟੀ ਨੇ ਵੱਖ-ਵੱਖ ਜਾਂਚ ਏਜੰਸੀਆਂ ਅਤੇ ਸੁਪਰੀਮ ਕੋਰਟ ਤੇ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਾਰਵਾਈ ਲਈ ਪੱਤਰ ਵੀ ਲਿਖ ਦਿੱਤੇ ਹਨ।
ਸਿੱਖ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਇਸ ਵੀਡੀਓ ਨੂੰ ਆਧਾਰ ਬਣਾ ਕੇ ਟਾਈਟਲਰ ਦੀ ਗ੍ਰਿਫਤਾਰੀ ਉਤੇ ਅੜ ਗਈਆਂ ਹਨ। ਦਿੱਲੀ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਟਾਈਟਲਰ ਦੀਆਂ ਪੰਜ ਵੀਡੀਓ ਕਲਿਪਾਂ ਦਿਖਾਈਆਂ ਗਈਆਂ ਜੋ 8 ਦਸੰਬਰ 2011 ਦੀਆਂ ਜਾਪਦੀਆਂ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਦਾ ਦਾਅਵਾ ਹੈ ਕਿ ਕੋਈ ਅਣਪਛਾਤਾ ਬੰਦਾ ਉਨ੍ਹਾਂ ਨੂੰ ਬੰਦ ਲਿਫਾਫਾ, 3 ਫਰਵਰੀ ਨੂੰ ਦੁਪਹਿਰ ਸਮੇਂ ਗ੍ਰੇਟਰ ਕੈਲਾਸ਼ ਵਾਲੇ ਘਰ ਵਿਚ ਦੇ ਗਿਆ ਸੀ। ਵੀਡੀਓ ਵਿਚ ਹਾਲਾਂਕਿ ਕਈ ਥਾਂ ‘ਤੇ ਆਵਾਜ਼ ਪੂਰੀ ਤਰ੍ਹਾਂ ਸਪਸ਼ਟ ਨਹੀਂ, ਪਰ ਇਕ ਮਿੰਟ ਵੀਹ ਸੈਕਿੰਡ ਦੀ 3 ਨੰਬਰ ਵਾਲੀ ਵੀਡੀਓ ਦੇ ਸ਼ੁਰੂ ‘ਚ ਸੁਣਾਈ ਦੇ ਰਿਹਾ ਹੈ ਕਿ ਟਾਈਟਲਰ ਆਖ ਰਿਹਾ ਹੈ- ‘ਮੈਨੇ 100 ਸਰਦਾਰ ਮਾਰੇ, ਕਤਲ ਕਰ ਦੀਏ’। ਵੀਡੀਓ ਕਲਿਪ ਨੰਬਰ 4 (35 ਸੈਕਿੰਡ) ਵਿਚ ਟਾਈਟਲਰ ਤਤਕਾਲੀ ਚੀਫ ਜਸਟਿਸ ਨਾਲ ਗੱਲ ਕਰ ਕੇ ਕਿਸੇ ਮਿਸਟਰ ਅਤੇ ਮਿਸਜ਼ ਪਾਠਕ ਨੂੰ ਦਿੱਲੀ ਹਾਈ ਕੋਰਟ ਵਿਚ ਨਿਯੁਕਤ ਕਰਨ ਦੀ ਗੱਲ ਆਖ ਰਿਹਾ ਹੈ।
ਇਨ੍ਹਾਂ ਖੁਲਾਸਿਆਂ ਪਿੱਛੋਂ ਸਿਆਸੀ ਧਿਰਾਂ ਨੇ ਵੀ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਟਾਈਟਲਰ ਨੂੰ ‘ਕਲੀਨ ਚਿੱਟ’ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਾਂ ਕੋਲੋਂ ਮੁਆਫੀ ਮੰਗਣ ਲਈ ਆਖਿਆ ਹੈ। ਇਹ ਮੰਗ ਵੀ ਉਠੀ ਹੈ ਕਿ ਨਵੇਂ ਖੁਲਾਸਿਆਂ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਾਹਮਣੇ ਸਬੂਤਾਂ ਸਮੇਤ ਪੇਸ਼ ਕੀਤਾ ਜਾਵੇ। ਸੀਨੀਅਰ ਵਕੀਲ ਐਚæਐਸ਼ ਫੂਲਕਾ ਨੇ ਮੰਗ ਕੀਤੀ ਕਿ ਮਨਜੀਤ ਸਿੰਘ ਜੀæਕੇæ ਵੱਲੋਂ ਟਾਈਟਲਰ ਦੀ ਜਾਰੀ ਵੀਡੀਓ ਸੀæਬੀæਆਈæ ਨੂੰ ਸੌਂਪੀ ਜਾਵੇ। ਉਧਰ, ਭਾਜਪਾ ਦੇ ਕੌਮੀ ਸਕੱਤਰ ਆਰæਪੀæ ਸਿੰਘ ਅਤੇ ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਣਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਜਗਦੀਸ਼ ਟਾਈਟਲਰ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਈਟਲਰ 2009 ਵਿਚ ਕੇਂਦਰੀ ਮੰਤਰਾਲੇ ਵਿਚੋਂ ਕੱਢੇ ਜਾਣ ਪਿੱਛੋਂ ਨਾਰਾਜ਼ ਸੀ ਅਤੇ ਇਸੇ ਕਰ ਕੇ ਵੀਡੀਓ ਵਿਚ ਉਹ ਆਪਣੀਆਂ ‘ਕੁਰਬਾਨੀਆਂ’ ਗਿਣਵਾ ਰਿਹਾ ਸੀ। ਉਹ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਰਾਜ ਸਭਾ ਦੀ ਮੈਂਬਰੀ ਜਾਂ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਟਾਈਟਲ ਦੇ ਇਸ ਬਿਆਨ ‘ਤੇ ਸਵਾਲ ਉਠਦੇ ਹਨ ਕਿ ਉਸ ਨੂੰ ਕਾਂਗਰਸ ਵੱਲੋਂ ਮੂੰਹ ਨਾ ਖੋਲ੍ਹਣ ਲਈ ਹੀ ਇਹ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਸਨ? ਵਿਰੋਧੀ ਧਿਰਾਂ ਨੇ ਸਵਾਲ ਕੀਤਾ ਹੈ ਕਿ ਹੁਣ ਇਹ ਲਾਜ਼ਮੀ ਬਣਦਾ ਹੈ ਕਿ ਅਦਾਲਤਾਂ ਗਾਂਧੀ ਪਰਿਵਾਰ ਤੋਂ ਪੁੱਛਣ ਕਿ ਜਿਸ ਅਪਰਾਧੀ ਦੇ ਹੱਥਾਂ ਉਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਖੂਨ ਲੱਗਿਆ ਹੋਇਆ ਸੀ, ਉਸ ਨੂੰ ਅਜਿਹੇ ਲਾਲਚ ਕਿਉਂ ਦਿੱਤੇ ਜਾ ਰਹੇ ਸਨ।