ਚੰਡੀਗੜ੍ਹ: ਟਾਂਡਾ ਦੇ ਪਿੰਡ ਕਲਿਆਣਪੁਰ ਦਾ ਨੌਜਵਾਨ ਸੁਰਿੰਦਰਪਾਲ ਸਿੰਘ ਪਾਲੀ ਕੈਨੇਡਾ ਜਾਣ ਦੇ ਸੁਪਨੇ ਲੈ ਕੇ ਘਰੋਂ ਤੁਰਿਆ ਸੀ ਪਰ ਟਰੈਵਲ ਏਜੰਟਾਂ ਨੇ ਬੰਗਲੌਰ ਵਿਚ ਇਸ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਤੋਂ ਵੀ ਦਰਦਨਾਕ ਘਟਨਾ ਇਹ ਵਾਪਰੀ ਕਿ ਪੁਲਿਸ ਨੇ ਅਣਪਛਾਤੀ ਲਾਸ਼ ਸਮਝ ਕੇ ਇਸ ਦੀਆਂ ਅੰਤਿਮ ਰਸਮਾਂ ਵੀ ਪੂਰੀਆਂ ਕਰ ਦਿੱਤੀਆਂ। ਪੀੜਤ ਪਰਿਵਾਰ ਨੂੰ ਇਕ ਮਹੀਨੇ ਬਾਅਦ ਇਸ ਹੋਣੀ ਬਾਰੇ ਪਤਾ ਲੱਗਿਆ।
ਇਸ ਖੁਲਾਸੇ ਪਿੱਛੋਂ ਏਜੰਟਾਂ ਵੱਲੋਂ ਠੱਗੀ ਦੇ ਲੱਭੇ ਨਵੇਂ ਢੰਗ ਤਰੀਕਿਆਂ ਬਾਰੇ ਵੀ ਪਤਾ ਲੱਗਾ ਹੈ। ਇਸ ਗਰੋਹ ਦੇ ਚੁੰਗਲ ਵਿਚੋਂ ਬਚ ਕੇ ਨਿਕਲੇ ਨੌਜਵਾਨ ਜਤਿੰਦਰ ਕੁਮਾਰ ਵੱਲੋਂ ਕੀਤੇ ਖੁਲਾਸੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਹਨ। ਇਹ ਏਜੰਟ ਮਾਪਿਆਂ ਅੱਗੇ ਦਾਅਵਾ ਕਰਦੇ ਸਨ ਕਿ ਸਾਰੇ ਪੈਸੇ ਮੁੰਡੇ ਦੇ ਵਿਦੇਸ਼ ਪੁੱਜਣ ਪਿੱਛੋਂ ਹੀ ਲੈਣਗੇ, ਪਰ ਵਿਦੇਸ਼ ਭੇਜਣ ਦੀ ਥਾਂ ਇਨ੍ਹਾਂ ਨੌਜਵਾਨਾਂ ਨੂੰ ਬੰਗਲੌਰ ਲੈ ਜਾਂਦੇ ਸਨ ਜਿਥੇ ਇਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਘਰ ਫੋਨ ਕਰ ਕੇ ਆਖਣ ਕਿ ‘ਉਹ ਕੈਨੇਡਾ ਪਹੁੰਚ ਗਏ ਹਨ’। ਪਾਲੀ ਨੇ ਅਜਿਹਾ ਕਹਿਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ। ਜਤਿੰਦਰ ਵੀ ਖਮਾਣੋਂ ਅਤੇ ਢਾਹਾਂ ਕਲੇਰਾਂ ਦੇ ਦੋ ਸਬ ਏਜੰਟਾਂ ਦੇ ਆਖੇ ਲੱਗ ਕੇ ਚਾਰ ਦਸੰਬਰ, 2017 ਨੂੰ ਘਰੋਂ ਕੈਨੇਡਾ ਜਾਣ ਲਈ ਤੁਰਿਆ ਸੀ, ਉਸ ਨੂੰ ਵੀ ਗੁਹਾਟੀ ਵਿਚ ਬੰਦੀ ਬਣਾ ਕੇ ਇਸ ਗਰੋਹ ਨੇ ਬੇਤਹਾਸ਼ਾ ਸਰੀਰਕ ਤਸੀਹੇ ਦਿੱਤੇ ਤੇ ਉਦੋਂ ਤੱਕ ਮਾਰਦੇ-ਕੁੱਟਦੇ ਰਹੇ ਜਦੋਂ ਤੱਕ ਉਸ ਨੇ ਘਰੋਂ ਫੋਨ ‘ਤੇ ਪੈਸੇ ਮੰਗਵਾਉਣ ਲਈ ਨਹੀਂ ਕਿਹਾ। ਇਹ ਵੀ ਪਤਾ ਲੱਗਾ ਹੈ ਕਿ ਹੁਣ ਤੱਕ ਸੈਂਕੜੇ ਨੌਜਵਾਨ ‘ਕੈਨੇਡਾ ਪਹੁੰਚ ਕੇ ਪੈਸੇ’ ਦੀ ਖੇਡ ਹੇਠ ਬੰਗਲੌਰ, ਗੁਹਾਟੀ ਤੇ ਹੋਰ ਥਾਂਵਾਂ ਉਤੇ ਇਸ ਗਰੋਹ ਵੱਲੋਂ ਬੰਦੀ ਬਣਾ ਕੇ ਰੱਖੇ ਸਨ। ਇਨ੍ਹਾਂ ਖੁਲਾਸਿਆਂ ਪਿੱਛੋਂ ਏਜੰਟਾਂ ਖਿਲਾਫ ਸਖਤੀ ਬਾਰੇ ਸਰਕਾਰੀ ਦਾਅਵਿਆਂ ‘ਤੇ ਵੀ ਸਵਾਲ ਉਠਣ ਲੱਗੇ ਹਨ।
ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਦਾ ਧੰਦਾ ਜ਼ੋਰ-ਸ਼ੋਰ ਨਾਲ ਵਧਿਆ ਹੈ। ਹਰ ਵਾਰ ਕੋਈ ਹੋਣੀ ਵਾਪਰਨ ਪਿੱਛੋਂ ਸਰਕਾਰਾਂ ਇਹੀ ਦਾਅਵਾ ਕਰਦੀਆਂ ਹਨ ਕਿ ਏਜੰਟਾਂ ‘ਤੇ ਸ਼ਿਕੰਜੇ ਲਈ ਸਖਤ ਕਾਨੂੰਨ ਲਿਆਂਦਾ ਜਾਵੇਗਾ, ਪਰ ਸਰਕਾਰੀ ਦਾਅਵੇ ਕਦੇ ਕਾਗਜ਼ਾਂ ਵਿਚੋਂ ਬਾਹਰ ਨਹੀਂ ਨਿਕਲੇ। ਇਸੇ ਕਾਰਨ ਜਿਥੇ ਝੂਠੇ ਐਲਾਨਾਮਿਆਂ, ਵਾਅਦਿਆਂ ਅਤੇ ਜਾਅਲੀ ਵੀਜ਼ਾ ਬਣਾਉਣ ਦੀਆਂ ਘਟਨਾਵਾਂ ਵਧਦੀਆਂ ਗਈਆਂ, ਉਥੇ ਲੋਕਾਂ ਨੂੰ ਉਨ੍ਹਾਂ ਦੇ ਮਿਥੇ ਟੀਚੇ ਤੱਕ ਨਾ ਪਹੁੰਚਾ ਕੇ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ, ਜੰਗਲਾਂ ਵਿਚਾਲੇ ਛੱਡ ਦੇਣ, ਸਮੁੰਦਰਾਂ ਵਿਚ ਡੁਬੋ ਕੇ ਮਾਰ ਦੇਣ ਜਾਂ ਦੂਜੇ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਪਹੁੰਚਾ ਦੇਣ ਦੀਆਂ ਘਟਨਾਵਾਂ ਵੀ ਬੜੀ ਤੇਜ਼ੀ ਨਾਲ ਵਧੀ ਰਹੀਆਂ ਹਨ। ਪਿਛਲੇ ਹਫਤੇ ਲੀਬੀਆ ਦੇ ਕੰਢੇ ‘ਤੇ ਨਾਜਾਇਜ਼ ਢੰਗ ਨਾਲ ਵੱਡੀ ਕਿਸ਼ਤੀ ਵਿਚ ਇਟਲੀ ਅਤੇ ਯੂਰਪ ਵਿਚ ਦਾਖਲ ਹੋਣ ਜਾ ਰਹੇ 90 ਜਣੇ ਸਮੁੰਦਰ ਵਿਚ ਡੁੱਬ ਕੇ ਮਰ ਗਏ ਸਨ। ਇਸ ਸਰਹੱਦ ‘ਤੇ ਪਿਛਲੇ ਪੰਜ ਸਾਲਾਂ ਵਿਚ 16000 ਲੋਕ ਇਸੇ ਤਰ੍ਹਾਂ ਸਮੁੰਦਰ ਵਿਚ ਡੁੱਬ ਕੇ ਮਾਰੇ ਜਾ ਚੁੱਕੇ ਹਨ।
ਪਿਛਲੇ ਇਕ-ਦੋ ਸਾਲਾਂ ਤੋਂ ਅਰਬ ਦੇਸ਼ਾਂ ਵਿਚ ਰੁਜ਼ਗਾਰ ਲਈ ਗਈਆਂ ਔਰਤਾਂ ਨੂੰ ਉਥੇ ਦੇ ਧਨੀ ਸ਼ੇਖਾਂ ਵੱਲੋਂ ਬੰਦੀ ਬਣਾ ਕੇ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਇਕਦਮ ਵਾਧਾ ਹੋਇਆ ਹੈ। ਨੌਜਵਾਨ ਕੁੜੀਆਂ ਨੂੰ ਕੀਨੀਆ ਦੇ ਮੁਜਰਾ ਘਰਾਂ ਵਿਚ ਕੈਦ ਕਰਨ ਅਤੇ ਉਨ੍ਹਾਂ ਤੋਂ ਜ਼ਬਰਦਸਤੀ ਮੁਜਰੇ ਕਰਾਏ ਜਾਣ ਦੀਆਂ ਘਟਨਾਵਾਂ ਦਾ ਵੀ ਪਰਦਾਫਾਸ਼ ਇਸੇ ਸਾਲ ਜਨਵਰੀ ਵਿਚ ਹੋਇਆ। ਇਨ੍ਹਾਂ ਕੁੜੀਆਂ ਵਿਚੋਂ ਤਿੰਨ ਪੰਜਾਬ ਦੀਆਂ ਸਨ।