ਗੈਂਗਸਟਰਾਂ ਦੀ ਸਿਆਸੀ ਪੁਸ਼ਤਪਨਾਹੀ ਦੀ ਖੁੱਲ੍ਹੀ ਪੋਲ

ਚੰਡੀਗੜ੍ਹ: ਗੈਂਗਸਟਰ ਵਿੱਕੀ ਗੌਂਡਰ ਤੇ ਦੋ ਸਾਥੀਆਂ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਪਿੱਛੋਂ ਅਜਿਹੇ ਅਨਸਰਾਂ ਨੂੰ ਪੈਦਾ ਕਰਨ ਪਿੱਛੇ ਸਿਆਸੀ ਧਿਰਾਂ ਦੇ ਹੱਥ ਬਾਰੇ ਪੋਲ ਖੁੱਲ੍ਹਣ ਲੱਗੀ ਹੈ। ਅਦਾਲਤ ਅੱਗੇ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀਚਰਨ ਸਿੰਘ ਉਰਫ ਰਵੀ ਦਿਓਲ ਨੇ ਵੱਡਾ ਖੁਲਾਸਾ ਕਰਦਿਆਂ ਇਕ ਅਕਾਲੀ ਆਗੂ ਸਮੇਤ ਦੋ ਜਣਿਆਂ ਉਪਰ ਅਪਰਾਧਿਕ ਘਟਨਾਵਾਂ ਵਿਚ ਧੱਕਣ, ਉਸ ਪਾਸੋਂ ਗਲਤ ਕੰਮ ਕਰਾਉਣ ਅਤੇ ਮੂੰਹ ਬੰਦ ਰੱਖਣ ਲਈ 12 ਲੱਖ ਰੁਪਏ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ।

ਅਕਾਲੀ-ਭਾਜਪਾ ਸਰਕਾਰ ਸਮੇਂ ਉਹ ਉਨ੍ਹਾਂ ਦਾ ਓ. ਐਸ਼ਡੀ. ਵੀ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਅਤੇ ਉਸ ਦੇ ਸਾਥੀ ਮਨੋਜ ਕੁਮਾਰ ਮਨੂੰ ਨੇ ਹੀ ਲੜਾਈ ਝਗੜਿਆਂ ਦਾ ਮੁੱਢ ਬੰਨ੍ਹਿਆ। ਜਦੋਂ ਉਸ ਨੇ ਇਨ੍ਹਾਂ ਦੇ ਗਲਤ ਕੰਮਾਂ ਦਾ ਜਨਤਕ ਤੌਰ ‘ਤੇ ਖੁਲਾਸਾ ਕਰਨ ਦੀ ਧਮਕੀ ਦਿੱਤੀ ਤਾਂ ਚੈਰੀ ਨੇ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ 12 ਲੱਖ ਰੁਪਏ ਦਿੱਤੇ। ਇਧਰ, ਕਾਂਗਰਸ ਨੇ ਜਿਥੇ ਅਕਾਲੀ ਸਰਕਾਰ ਦੇ 10 ਵਰ੍ਹਿਆਂ ਵਿਚ ਗੈਂਗਸਟਰਾਂ ਦੇ ਉਭਾਰ ਦਾ ਦੋਸ਼ ਲਾਇਆ ਹੈ, ਉਥੇ ਅਕਾਲੀ ਦਲ ਨੇ ਵੀ ਕੁਝ ਕਾਂਗਰਸੀ ਆਗੂਆਂ ਉਤੇ ਮਾੜੇ ਅਨਸਰਾਂ ਨੂੰ ਸ਼ਹਿ ਦੇਣ ਦਾ ਦੋਸ਼ ਲਾ ਦਿੱਤਾ। ਅਕਾਲੀ ਦਲ ਨੇ ਕਾਂਗਰਸੀ ਆਗੂ ਅਵਤਾਰ ਹੈਨਰੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਇਨ੍ਹਾਂ ਕਾਂਗਰਸੀ ਲੀਡਰਾਂ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨੂੰ ਬੰਦੂਕ ਸੱਭਿਆਚਾਰ ਵੱਲ ਲਿਜਾਣ ਦੇ ਇਲਜ਼ਾਮ ਲਾਏ ਹਨ।
ਉਨ੍ਹਾਂ ਕਿਹਾ ਕਿ ਦੋ ਗੈਂਗਸਟਰਾਂ ਸੁੱਖਾ ਕਾਹਲਵਾਂ ਤੇ ਵਿੱਕੀ ਗੌਂਡਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ। ਸੁੱਖਾ ਕਾਹਲਵਾਂ ਦੇ ਨਾਨਾ ਗੁਰਮੇਲ ਸਿੰਘ ਤੇ ਮਾਮੀ ਰਾਜਿੰਦਰ ਕੌਰ ਤੇ ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਸੰਧੂ ਵੱਲੋਂ ਕੀਤੇ ਦਾਅਵਿਆਂ ਮੁਤਾਬਕ ਇਹ ਕਾਂਗਰਸੀ ਆਗੂ ਹੀ ਇਨ੍ਹਾਂ ਨੌਜਵਾਨਾਂ ਬੰਦੂਕ ਸੱਭਿਆਚਾਰ ਵੱਲ ਲੈ ਗਏ। ਇਨ੍ਹਾਂ ਦੇ ਕਹਿਣ ਉਤੇ ਹੀ ਉਹ ਗੈਂਗਸਟਰ ਬਣ ਗਏ।
ਇਨ੍ਹਾਂ ਨੂੰ ਪੂਰੀ ਸਰਪ੍ਰਸਤੀ ਦੇ ਕੇ ਕਾਂਗਰਸੀ ਆਗੂ ਇਨ੍ਹਾਂ ਤੋਂ ਗੈਰ ਕਾਨੂੰਨੀ ਕੰਮ ਕਰਵਾਉਣ ਲੱਗ ਪਏ। ਭੂੰਦੜ ਨੇ ਕਿਹਾ ਕਿ ਅਵਤਾਰ ਹੈਨਰੀ ਤੇ ਅਵਤਾਰ ਸਿੰਘ ਜੂਨੀਅਰ ਵਿਧਾਇਕ ਖਿਲਾਫ ਕੇਸ ਦਰਜ ਕਰ ਕੇ ਇਨ੍ਹਾਂ ਦੀ ਹਿਰਾਸਤੀ ਪੁੱਛਗਿੱਛ ਹੋਣੀ ਚਾਹੀਦੀ ਹੈ। ਕਾਂਗਰਸੀ ਆਗੂ ਗੈਂਗਸਟਰਾਂ ਦਾ ਨੈੱਟਵਰਕ ਚਲਾ ਰਹੇ ਸਨ।
_________________
ਢੀਂਡਸਾ ਵੱਲੋਂ ਕਾਂਗਰਸ ਵੱਲ ਉਂਗਲ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਜਿਥੇ ਇਨ੍ਹਾਂ ਦੋਸ਼ਾਂ ਨੂੰ ਕਾਂਗਰਸੀ ਆਗੂਆਂ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ ਉਥੇ ਸੰਗਰੂਰ ਪੁਲਿਸ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਸ੍ਰੀ ਢੀਂਡਸਾ ਨੇ ਦੋਸ਼ ਲਾਇਆ ਕਿ ਗੈਂਗਸਟਰ ਰਵੀ ਦਿਓਲ ਵੱਲੋਂ ਲਾਏ ਦੋਸ਼ਾਂ ਪਿੱਛੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਅਤੇ ਸੁਨਾਮ ਹਲਕੇ ਦੀ ਕਾਂਗਰਸੀ ਆਗੂ ਦਮਨ ਬਾਜਵਾ ਦੇ ਪਤੀ ਹਰਮਨ ਬਾਜਵਾ ਦਾ ਹੱਥ ਹੈ।
______________________
ਦੋਸ਼ਾਂ ਦਾ ਸਾਹਮਣਾ ਕਰਨ ਢੀਂਡਸਾ: ਭੱਠਲ
ਬੀਬੀ ਰਾਜਿੰਦਰ ਕੌਰ ਭੱਠਲ ਨੇ ਸ੍ਰੀ ਢੀਂਡਸਾ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਅਜਿਹੀ ਘਟੀਆ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਗੁਨਾਹ ਉਪਰ ਪਰਦਾ ਪਾਉਣ ਦੀ ਬਜਾਏ ਗੈਂਗਸਟਰ ਵੱਲੋਂ ਅਮਨਬੀਰ ਸਿੰਘ ਚੈਰੀ ਉਪਰ ਲਾਏ ਦੋਸ਼ਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।
________________________
ਅਪਰਾਧੀਆਂ ਨਾਲ ਗੱਠਜੋੜ ਦੀ ਹੋਵੇ ਸੀ. ਬੀ. ਆਈ. ਜਾਂਚ: ਮਾਨ
ਸੰਗਰੂਰ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੈਂਗਸਟਰ ਰਵੀਚਰਨ ਸਿੰਘ ਉਰਫ ਰਵੀ ਦਿਓਲ ਵੱਲੋਂ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਨਜ਼ਦੀਕੀ ਰਿਸ਼ਤੇਦਾਰ ਅਮਨਬੀਰ ਸਿੰਘ ਚੈਰੀ ਉਪਰ ਲਾਏ ਸੰਗੀਨ ਦੋਸ਼ਾਂ ਅਤੇ ਸਿਆਸਤਦਾਨਾਂ ਤੇ ਅਪਰਾਧੀਆਂ ਦੇ ਗੱਠਜੋੜ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਸ੍ਰੀ ਮਾਨ ਕਿਹਾ ਕਿ ਗੈਂਗਸਟਰ ਰਵੀ ਦਿਓਲ ਵੱਲੋਂ ਲਾਏ ਦੋਸ਼ਾਂ ਦੇ ਆਧਾਰ ‘ਤੇ ਅਮਨਬੀਰ ਸਿੰਘ ਚੈਰੀ ਅਤੇ ਇਸ ਦੇ ਸਾਥੀਆਂ ਨੂੰ ਤੁਰਤ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ।
________________________
ਬੜੀਆਂ ਡੂੰਘੀਆਂ ਨੇ ‘ਗੈਂਗਸਟਰ ਕਲਚਰ’ ਦੀਆਂ ਜੜ੍ਹਾਂ
ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਅੱਧੀ ਦਰਜਨ ਤੋਂ ਵੱਧ ਨਾਮੀ ਗੈਂਗਸਟਰਾਂ ਨੂੰ ਮੁਕਾਬਲਿਆਂ ਵਿਚ ਮਾਰਨ ਅਤੇ ਤਿੰਨ ਦਰਜਨ ਦੇ ਕਰੀਬ ਨੂੰ ਗ੍ਰਿਫਤਾਰ ਕਰਨ ਦੇ ਦਾਅਵਿਆਂ ਤੋਂ ਬਾਅਦ ਵੀ ਪੰਜਾਬ Ḕਗੈਂਗਸਟਰਾਂ’ ਦੀ ਦਹਿਸ਼ਤ ਤੋਂ ਮੁਕਤ ਨਹੀਂ ਹੋ ਸਕਿਆ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਸਮੇਂ 186 ਗੈਂਗਸਟਰ ਹਵਾਲਾਤੀ ਜਾਂ ਕੈਦੀਆਂ ਵਜੋਂ ਬੰਦ ਹਨ, ਜਿਨ੍ਹਾਂ ਵਿਚ ਏ ਕੈਟੇਗਿਰੀ ਦੇ 51, ਬੀ ਕੈਟੇਗਿਰੀ ਦੇ 85 ਅਤੇ ਸੀ ਕੈਟੇਗਿਰੀ ਦੇ 50 ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਏ ਤੋਂ ਸੀ ਕੈਟੇਗਿਰੀ ਤੱਕ ਦੇ ਗੈਂਗਸਟਰਾਂ ਦੀ ਕੁੱਲ ਗਿਣਤੀ 300 ਤੋਂ ਵਧੇਰੇ ਹੈ ਜਦੋਂਕਿ ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਕੁੱਲ ਗੈਂਗਸਟਰਾਂ ਦੀ ਗਿਣਤੀ ਤਕਰੀਬਨ 500 ਹੈ। ਵਿੱਕੀ ਗੌਂਡਰ ਨੂੰ ਮੁਕਾਬਲੇ ਵਿਚ ਮਾਰਨ ਨੂੰ ਪੁਲਿਸ ਵੱਲੋਂ ਗੈਂਗਸਟਰਾਂ ਦੇ ਹੌਸਲੇ ਪਸਤ ਕਰਨ ਲਈ ਇਕ ਤਰ੍ਹਾਂ ਨਾਲ ਅਸਥਾਈ ਤੌਰ ‘ਤੇ ਕਾਮਯਾਬੀ ਮੰਨੀ ਜਾ ਰਹੀ ਹੈ। ਪੁਲਿਸ ਵੱਲੋਂ ਇਕ ਤਰ੍ਹਾਂ ਨਾਲ Ḕਚੋਰ-ਸਿਪਾਹੀ’ ਦੀ ਲੜਾਈ ਵਿਚ ਸਪੱਸ਼ਟ ਤੌਰ ਉਤੇ ਇਹ Ḕਸਹਿਮ ਪੈਦਾ ਕਰਨ ਦੀ ਚਾਲ’ ਹੀ ਚੱਲੀ ਗਈ ਹੈ। ਇਸ ਦਾ ਕੁਝ ਹੱਦ ਤੱਕ ਹਾਲ ਦੀ ਘੜੀ ਅਸਰ ਵੀ ਦਿਖਾਈ ਦੇਣ ਲੱਗਿਆ ਹੈ। ਪੁਲਿਸ ਨੂੰ ਆਪਣੀ ਹੀ ਪਿੱਠ ਥਪਥਪਾਉਣ ਦਾ ਮੌਕਾ ਮਿਲ ਗਿਆ ਹੈ। ਸਰਗਰਮ ਗੈਂਗਸਟਰਾਂ ਵੱਲੋਂ ਕੀਤੇ ਜਾਂਦੇ ਗੁਨਾਹਾਂ ਵਿਚ ਆਮ ਤੌਰ ਉਤੇ ਸੁਪਾਰੀ ਲੈ ਕੇ ਹੱਤਿਆ ਕਰਨੀ, ਫਿਰੌਤੀ ਲਈ ਅਗਵਾ ਆਦਿ ਕਰਨ ਮਾਮਲੇ ਸ਼ਾਮਲ ਹਨ। ਪੁਲਿਸ ਵੱਲੋਂ ਹਾਲ ਹੀ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਚੋਣਵੇਂ ਵਿਅਕਤੀਆਂ ਦੀਆਂ ਹੱਤਿਆਵਾਂ ‘ਚ ਵੀ ਗੈਂਗਸਟਰਾਂ ਵੱਲੋਂ ਭੂਮਿਕਾ ਨਿਭਾਈ ਗਈ ਹੈ ਤੇ ਗੈਂਗਸਟਰਾਂ ਦੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨਾਲ ਵੀ ਤਾਰ ਜੁੜੇ ਹੋਏ ਹਨ।
ਪੰਜਾਬ ਵਿਚ ਸਰਗਰਮ ਗੈਂਗਸਟਰਾਂ ਦੇ ਪਿਛੋਕੜ ਉਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦਹਾਕਾ ਕੁ ਪਹਿਲਾਂ ਤੱਕ ਬਹੁਤੇ ਸ਼ਹਿਰਾਂ ਵਿਚ ਛੋਟੇ-ਛੋਟੇ ਗਰੁੱਪਾਂ ‘ਚ ਸ਼ਾਮਲ ਨੌਜਵਾਨਾਂ ਦੇ ਗਰੁੱਪ ਹੁੰਦੇ ਸਨ, ਜੋ ਕਿ ਅਕਸਰ ਡਾਂਗਾਂ ਜਾਂ ਕਿਰਪਾਨਾਂ ਨਾਲ ਲੜਾਈ ਲੜਦੇ ਸਨ। ਇਨ੍ਹਾਂ ਨੂੰ ਸਥਾਨਕ ਪੱਧਰ ਦੇ ਸਿਆਸਤਦਾਨਾਂ ਦਾ ਆਸ਼ੀਰਵਾਦ ਹੁੰਦਾ ਸੀ ਤੇ ਪੁਲਿਸ ਥਾਣੇ ਵਿਚੋਂ ਝੱਟ ਛੁਡਾ ਵੀ ਲੈਂਦੇ ਸਨ। ਦੇਖਿਆ ਜਾਵੇ ਤਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਅਜਿਹੇ ਸ਼ਹਿਰ ਮੰਨੇ ਜਾਂਦੇ ਸਨ, ਜਿਥੇ ਸਰਗਰਮ ਕੁਝ ਚੋਣਵੇਂ ਗੈਂਗਸਟਰਾਂ ਨੇ ਵੱਡੀ ਪਹੁੰਚ ਨਾਲ ਪਿਸਤੌਲ ਤੱਕ ਵਰਗੇ ਹਥਿਆਰ ਜ਼ਰੂਰ ਹਾਸਲ ਕਰ ਲਏ ਸਨ। ਇਨ੍ਹਾਂ ਗੈਂਗਸਟਰਾਂ ਨੂੰ ਸਥਾਨਕ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਸ਼ਹਿਰੀ ਨੇਤਾਵਾਂ ਵੱਲੋਂ ਸਰਪ੍ਰਸਤੀ ਦੇਣ ਦੇ ਤੱਥ ਵੀ ਸਾਹਮਣੇ ਆਉਂਦੇ ਹਨ। ਕਈ ਸ਼ਹਿਰਾਂ ਵਿਚ ਪੁਲਿਸ ਨੇ ਵੀ ਇਨ੍ਹਾਂ ਗਰੁੱਪਾਂ ਨੂੰ ਪਨਪਣ ‘ਚ ਮਦਦ ਕੀਤੀ।
_________________
ਵਿੱਕੀ ਗੌਂਡਰ ਦੇ ਖਾੜਕੂਆਂ ਨਾਲ ਸਬੰਧਾਂ ਦਾ ਦਾਅਵਾ
ਅੰਮ੍ਰਿਤਸਰ: ਵਿੱਕੀ ਗੌਂਡਰ ਦੇ ਨਜ਼ਦੀਕੀ ਸਾਥੀ ਗਗਨ ਪੰਡਿਤ ਦੇ ਰਿਮਾਂਡ ਦੌਰਾਨ ਪੁਲਿਸ ਹੱਥ ਅਹਿਮ ਜਾਣਕਾਰੀ ਲੱਗੀ ਹੈ, ਜਿਸ ਦੇ ਆਧਾਰ ‘ਤੇ ਇਹ ਵੀ ਪਤਾ ਲੱਗਾ ਹੈ ਕਿ ਗੌਂਡਰ ਦੇ ਸਬੰਧ ਖਾੜਕੂਆਂ ਨਾਲ ਵੀ ਸਨ ਅਤੇ ਉਸ ਦੀਆਂ ਤਾਰਾਂ ਪਾਕਿਸਤਾਨ ਤੇ ਨਿਪਾਲ ਨਾਲ ਵੀ ਜੁੜੀਆਂ ਹੋਈਆਂ ਸਨ।
ਗੈਂਗਸਟਰਾਂ ਨੂੰ ਹਥਿਆਰ ਤੇ ਹੋਰ ਅਸਲਾ ਯੂ. ਪੀ. ਤੇ ਬਿਹਾਰ ਤੋਂ ਮਿਲਦਾ ਸੀ ਅਤੇ ਗੌਂਡਰ ਦੇ ਸਬੰਧ ਪਾਕਿ ‘ਚ ਬੈਠੇ ਖਾੜਕੂ ਹਰਮੀਤ ਸਿੰਘ ਪੀ. ਐਚ. ਡੀ. ਨਾਲ ਸਨ, ਜੋ ਕਿ ਗੈਂਗਸਟਰਾਂ ਨੂੰ ਜਾਅਲੀ ਕਰੰਸੀ, ਹੈਰੋਇਨ ਤੇ ਹਥਿਆਰ ਪਹੁੰਚਾਉਣ ‘ਚ ਮਦਦ ਕਰਦਾ ਸੀ। ਇਸ ਲਈ ਉਸ ਨੇ ਆਪਣੇ ਨਿਪਾਲ ਬੈਠੇ ਸਾਥੀਆਂ ਨਾਲ ਵੀ ਗੰਢ-ਤੁੱਪ ਕੀਤੀ ਹੋਈ ਸੀ। ਇਸ ਮਾਮਲੇ ‘ਚ ਭਾਵੇਂ ਪੁਲਿਸ ਅਜੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਸਬੰਧੀ ਜਲਦ ਹੀ ਖੁਲਾਸਾ ਕੀਤਾ ਜਾ ਸਕਦਾ ਹੈ।