ਟਰੂਡੋ ਦੇ ਸਵਾਗਤ ਬਾਰੇ ਕੈਪਟਨ ਸਰਕਾਰ ਦੁਚਿਤੀ ਵਿਚ

ਅੰਮ੍ਰਿਤਸਰ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸੇ ਮਹੀਨੇ ਦੇ ਤੀਜੇ ਹਫਤੇ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀ ਪੁੱਜਣ ਦੀ ਸੰਭਾਵਨਾ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਤਿਆਰੀਆਂ ਜ਼ੋਰਾਂ ਉਤੇ ਹਨ, ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਰਸਮੀ ਸਵਾਗਤ ਸਬੰਧੀ ਅਜੇ ਤੱਕ ਕੋਈ ਦਿਲਚਸਪੀ ਜਾਂ ਸਰਗਰਮੀ ਦਿਖਾਈ ਨਹੀਂ ਦੇ ਰਹੀ। ਜਸਟਿਨ ਟਰੂਡੋ ਦੀ ਭਾਰਤ ਫੇਰੀ, ਜੋ 17 ਤੋਂ 23 ਫਰਵਰੀ ਤੱਕ ਹੈ, ਦੌਰਾਨ ਇਕ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਦਾ ਵੀ ਪ੍ਰੋਗਰਾਮ ਹੈ।

ਸਮਝਿਆ ਜਾਂਦਾ ਹੈ ਕਿ ਕੈਨੇਡੀਅਨ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ‘ਚ ਵਸਦੇ 20 ਲੱਖ ਦੇ ਕਰੀਬ ਸਿੱਖਾਂ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਲਈ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਉਲੀਕਿਆ ਗਿਆ ਹੈ। ਮੌਜੂਦਾ ਟਰੂਡੋ ਸਰਕਾਰ ‘ਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੋਂ ਇਲਾਵਾ ਕੈਨੇਡਾ ਦੇ ਵਿੱਤ ਮੰਤਰੀ ਨਵਦੀਪ ਸਿੰਘ ਬੈਂਸ ਸਮੇਤ 19 ਦੇ ਕਰੀਬ ਐਮ. ਪੀ. ਅਤੇ ਹੋਰ ਵਿਧਾਇਕ ਸਿੱਖ ਜਾਂ ਪੰਜਾਬੀ ਮੂਲ ਦੇ ਹਨ।
ਕੈਨੇਡੀਅਨ ਲੋਕ ਸਿੱਖਾਂ ਦੇ ਮਿਹਨਤਕਸ਼ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ ਤੇ ਕੈਨੇਡਾ ਦੇ ਰਾਜਸੀ ਹਲਕਿਆਂ ‘ਚ ਸਿੱਖਾਂ ਦਾ ਕਾਫੀ ਬੋਲਬਾਲਾ ਹੈ। ਇਸ ਵੇਲੇ ਕੈਨੇਡਾ ‘ਚ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਗਮੀਤ ਸਿੰਘ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ।
ਇਸੇ ਕਾਰਨ ਹੀ ਜਸਟਿਨ ਟਰੂਡੋ, ਜੋ ਕਿ ਕੈਨੇਡਾ ਦੇ ਤੀਜੇ ਪ੍ਰਧਾਨ ਮੰਤਰੀ ਹਨ, ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਪੰਜਾਬੀ ਤੇ ਸਿੱਖ ਵਸੋਂ ਵਾਲੇ ਸੂਬਿਆਂ ਉਂਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਕਈ ਪ੍ਰੀਮੀਅਰ, ਜਿਨ੍ਹਾਂ ‘ਚ ਉਜਲ ਦੁਸਾਂਝ, ਗੌਰਡਰ ਕੈਂਬਲ, ਕੈਥਲੀਨ ਵਿਨ ਆਦਿ ਸ਼ਾਮਲ ਹਨ, ਵੀ ਇਸ ਅਸਥਾਨ ‘ਤੇ ਆ ਚੁੱਕੇ ਹਨ।
ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਜਦੋਂ ਬੀਤੇ ਵਰ੍ਹੇ 20 ਅਪਰੈਲ, 2017 ਨੂੰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਸਨ, ਤਾਂ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ, ਪਰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਸੀ ਤੇ ਕੁਝ ਧਿਰਾਂ ਵਲੋਂ ਉਨ੍ਹਾਂ ਨੂੰ ਖਾਲਿਸਤਾਨ ਸਮਰਥਕ ਤੇ ਗਰਮਦਲੀਏ ਸਿੱਖਾਂ ਦਾ ਹਮਾਇਤੀ ਤੱਕ ਕਿਹਾ ਗਿਆ ਸੀ।
ਕੈਨੇਡੀਅਨ ਅਧਿਕਾਰੀਆਂ ਵੱਲੋਂ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਨਵੀਂ ਦਿੱਲੀ, ਮੁੰਬਈ, ਆਗਰਾ ਤੇ ਅਹਿਮਦਾਬਾਦ ਆਦਿ ਸ਼ਹਿਰਾਂ ਨੂੰ ਦੌਰੇ ‘ਚ ਸ਼ਾਮਲ ਕੀਤਾ ਗਿਆ ਹੈ, ਪਰ ਪੰਜਾਬ ਜਾਂ ਚੰਡੀਗੜ੍ਹ ਨੂੰ ਅਣਗੌਲਿਆ ਕਰ ਕੇ ਸਿਰਫ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਨੂੰ ਹੀ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸ੍ਰੀ ਹਰਿਮੰਦਰ ਸਾਹਿਬ ਫੇਰੀ ਸਬੰਧੀ ਬੀਤੀ 17 ਦਸੰਬਰ ਨੂੰ ਕੈਨੇਡਾ ਸਰਕਾਰ ਦੇ ਪ੍ਰੋਟੋਕਾਲ, ਸੁਰੱਖਿਆ ਤੇ ਮੀਡੀਆ ਅਧਿਕਾਰੀਆਂ ਤੋਂ ਇਲਾਵਾ ਕੈਨੇਡੀਅਨ ਹਾਈ ਕਮਿਸ਼ਨ ਨਵੀਂ ਦਿੱਲੀ ਦੇ ਅਧਿਕਾਰੀਆਂ ਦੀ ਇਕ ਟੀਮ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ।
____________________
ਸਵਾਗਤ ਬਾਰੇ ਫੈਸਲਾ ਪੰਜਾਬ ਸਰਕਾਰ ਹੱਥ: ਪ੍ਰਨੀਤ ਕੌਰ
ਪਟਿਆਲਾ: ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਬਾਰੇ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਜਾਵੇਗਾ। ਅਜਿਹਾ ਫੈਸਲਾ ਲੈਣ ਦਾ ਅਧਿਕਾਰ ਖੇਤਰ ਵੀ ਸੂਬਾ ਸਰਕਾਰ ਦਾ ਹੀ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਜਦੋਂ ਪੰਜਾਬ ਆਏ ਸਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਿਲੇ ਵੀ ਨਹੀਂ ਸਨ। ਇਸ ਬਾਰੇ ਸਵਾਲ ਦੇ ਜਵਾਬ ਵਿੱਚ ਸ੍ਰੀਮਤੀ ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਅਜਿਹੀ ਕੜਵਾਹਟ ਘੱਟ ਹੋਵੇ ਕਿਉਂਕਿ ਕੈਨੇਡਾ ਦੀ ਵਸੋਂ ਵਿਚ 40 ਫੀਸਦੀ ਪੰਜਾਬੀ ਹਨ।
__________________
ਸੋਸ਼ਲ ਮੀਡੀਆ ‘ਤੇ ਟਰੂਡੋ ਦਾ ਖਾਲਿਸਤਾਨ ਪੱਖੀ ਪ੍ਰਚਾਰ
ਚੰਡੀਗੜ੍ਹ: ਸੋਸ਼ਲ ਮੀਡੀਆ ਉਤੇ ਅੰਗਰੇਜ਼ੀ Ḕਆਉਟਲੁਕ’ ਪੇਜ਼ ਦਾ ਮੈਗਜ਼ੀਨ ਚਰਚਾ ‘ਚ ਹੈ। ਜਿਸ ਦਾ ਸਿਰਲੇਖ ਹੈ- ‘ਖਾਲਿਸਤਾਨ ਪਾਰਟ-2, ਮੇਡ ਇਨ ਕੈਨੇਡਾ’ ਤੇ ਨਾਲ ਫੋਟੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੱਗੀ ਹੋਈ ਹੈ ਜਿਹੜੇ 16 ਫਰਵਰੀ ਤੋਂ ਭਾਰਤ ਦੌਰੇ ‘ਤੇ ਆ ਰਹੇ ਹਨ। ਇਹ ਮੈਗਜ਼ੀਨ 12 ਫਰਵਰੀ ਨੂੰ ਛਪ ਕੇ ਬਾਜ਼ਾਰ ‘ਚ ਆਉਣਾ ਹੈ ਪਰ ਮੈਗਜ਼ੀਨ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇਸ ਦਾ ਮੁੱਖ ਪੰਨਾ ਸਾਂਝਾ ਕੀਤਾ ਹੈ।
ਮੈਗਜ਼ੀਨ ਦੇ ਇਸ ਅੰਕ ‘ਚ ਕੀ ਹੈ, ਇਹ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਹੈ ਪਰ ਇਕ ਗੱਲ ਇਸੇ ਸਿਰਲੇਖ ਤੋਂ ਤੈਅ ਹੈ ਕਿ ਕੈਨੇਡਾ ‘ਚ ਹੋ ਰਹੀਆਂ ਖਾਲਿਸਤਾਨੀ ਸਰਗਰਮੀਆਂ ਬਾਰੇ ਹੀ ਇਸ ‘ਚ ਚਰਚਾ ਕੀਤੀ ਗਈ ਹੋਵੇਗੀ। ਇਸ ਨੂੰ ਲੈ ਕੇ ਕੈਨੇਡਾ ਦੇ ਸਿੱਖ ਭਾਈਚਾਰੇ ਵੱਲੋਂ ਸੋਸ਼ਲ ਮੀਡੀਆ ‘ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦਿੱਤੀਆਂ ਜਾ ਰਹੀਆਂ ਹਨ।