ਅਮਿੱਟ ਯਾਦਾਂ ਛੱਡ ਗਈਆਂ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕ ਖੇਡਾਂ

ਡੇਹਲੋਂ: ਪੇਂਡੂ ਉਲੰਪਿਕ ਦੇ ਨਾਂ ਨਾਲ ਮਸ਼ਹੂਰ ਕਿਲ੍ਹਾ ਰਾਏਪੁਰ ਦਾ 82ਵਾਂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਮੇਲੇ ਦੌਰਾਨ ਬਜ਼ੁਰਗਾਂ ਦੀ ਦੌੜ, ਅਥਲੈਟਿਕਸ, ਮੋਟਰਸਾਈਕਲਾਂ ਉਤੇ ਕਰਤਬ ਤੇ ਕੁੱਤਿਆਂ ਦੀਆਂ ਦੌੜਾਂ ਦਾ ਲੋਕਾਂ ਨੇ ਖੂਬ ਅਨੰਦ ਮਾਣਿਆਂ। ਨਿਹੰਗ ਸਿੰਘਾਂ ਦਾ ਜਾਹੋ-ਜਲਾਲ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ।

ਇਸ ਮੌਕੇ ਰਵਾਇਤੀ ਖੇਡਾਂ ਤੋਂ ਇਲਾਵਾ ਹੋਰਨਾਂ ਖੇਡ ਵੰਨਗੀਆਂ ਦੇ ਵੀ ਦਿਲਚਸਪ ਮੁਕਾਬਲੇ ਹੋਏ। ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਉਤੇ ਸ਼ਿੰਗਾਰੇ ਹੋਏ ਹਾਥੀਆਂ ਅਤੇ ਊਠਾਂ ਦੀ ਮਸਤ ਚਾਲ ਨੇ ਬਲਦਾਂ ਦੀਆਂ ਦੌੜਾਂ ‘ਤੇ ਲੱਗੀ ਰੋਕ ਨਾਲ ਪਏ ਖੱਪੇ ਨੂੰ ਕੁਝ ਹੱਦ ਤੱਕ ਪੂਰਿਆ ਤੇ ਦੇਖਣ ਵਾਲਿਆਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ 1984 ਦੀਆਂ ਉਲੰਪਿਕ ਖੇਡਾਂ ਦੇ ਸੋਨ ਤਗਮਾ ਜੇਤੂ ਅਮਰੀਕਾ ਦੇ ਅਲੈਕਸੀ ਗਰੇਵਾਲ ਵੀ ਹਾਜ਼ਰ ਸਨ।
ਇਸ ਮੌਕੇ ਭਗਵੰਤ ਮੈਮੋਰੀਅਲ ਗੋਲਡ ਹਾਕੀ ਕੱਪ ਲਈ ਹੋਏ ਫਸਵੇਂ ਮੁਕਾਬਲੇ ‘ਚ ਹਾਂਸ ਕਲਾਂ ਕਲੱਬ ਨੇ ਰੂਮੀ ਕਲੱਬ ਨੂੰ 2-0 ਦੇ ਫਰਕ ਨਾਲ ਹਰਾ ਕੇ ਕੱਪ ‘ਤੇ ਕਬਜ਼ਾ ਕੀਤਾ। ਲੜਕੀਆਂ ਦੀ ਹਾਕੀ ਦੇ ਫਾਈਨਲ ਮੁਕਾਬਲੇ ਵਿਚੋਂ ਜਲਾਲਦੀਵਾਲ ਨੇ ਸਰਕਾਰੀ ਕਾਲਜ ਲੁਧਿਆਣਾ ਨੂੰ 4-3 ਨਾਲ ਹਰਾਇਆ। ਇਸ ਦੌਰਾਨ ਲੜਕਿਆਂ ਦੀ 200 ਮੀਟਰ ਦੌੜ ‘ਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਜਗਮੀਤ ਸਿੰਘ ਜਲੰਧਰ ਨੇ ਦੂਸਰਾ, ਰਘਬੀਰ ਸਿੰਘ ਜਲੰਧਰ ਨੇ ਤੀਸਰਾ, ਲੜਕੀਆਂ ਦੀ 200 ਮੀਟਰ ਦੌੜ ਵਿਚੋਂ ਵੀਰਪਾਲ ਕੌਰ ਭਾਈ ਰੂਪਾ ਨੇ ਪਹਿਲਾ, ਪ੍ਰਾਚੀ ਪਟਿਆਲ ਨੇ ਦੂਸਰਾ, ਜਗਮੀਤ ਕੌਰ ਭਾਈ ਰੂਪਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੈਸ਼ਨਲ ਸਟਾਈਲ ਕਬੱਡੀ ਵਿਚੋਂ ਕੋਟਲਾ ਕੌੜਾ ਨੇ ਕੋਟਲਾ ਭੜੀ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ।
ਵੱਖ-ਵੱਖ ਕਰਤਬਾਂ ਵਿਚ ਰਜਿੰਦਰ ਕੁਮਾਰ ਨੇ ਕੰਨਾਂ ਨਾਲ 88 ਕਿੱਲੋ ਭਾਰ ਚੁੱਕਿਆ, ਨੌਵੀਂ ਜਮਾਤ ਦੇ ਸੰਜੇ ਕੁਮਾਰ ਨੇ 100 ਕਿੱਲੋ ਭਾਰ ਚੁੱਕਿਆ, ਸੱਤਵੀਂ ਜਮਾਤ ਦੇ ਰਾਹੁਲ ਕੁਮਾਰ ਨੇ 200 ਡੰਡ ਲਗਾਏ, ਰਾਜਪਾਲ ਸਿੰਘ ਜੜਤੌਲੀ ਨੇ 152 ਕਿੱਲੋ ਦੀ ਬੈਂਚ ਪ੍ਰੈੱਸ ਲਗਾਈ, ਸੁਖਮਿੰਦਰ ਸਿੰਘ ਨੇ ਸਿਰ ਦੇ ਵਾਲਾਂ ਨਾਲ ਕਾਰ ਖਿੱਚੀ, ਹੈਂਡੀਕੈਪਡ ਧਰਮ ਸਿੰਘ ਨੇ ਦੰਦਾਂ ਨਾਲ 10 ਇੱਟਾਂ ਚੁੱਕੀਆਂ, ਧੀਰਾ ਸਿੰਘ ਪੰਜਗਰਾਈਂ ਨੇ 90 ਕਿੱਲੋ ਦਾ ਚੱਕੀ ਦਾ ਪੁੜ ਚੁੱਕਿਆ, ਗੁਰਮੀਤ ਸਿੰਘ ਡੂਮਛੇੜੀ ਨੇ ਦੰਦਾਂ ਨਾਲ ਸਾਈਕਲ ਚੁੱਕਿਆ, 80 ਸਾਲਾ ਰਾਏ ਸਿੰਘ ਕਕਰਾਲਾ ਨੇ 220 ਕਿੱਲੋ ਦੀ ਬੋਰੀ ਚੁੱਕੀ। ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਹੋਏ ਮੁਕਾਬਲਿਆਂ ‘ਚੋਂ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਸਹਾਰਨਪੁਰ ਕਲੱਬ ਨੂੰ 3-2 ਨਾਲ ਅਤੇ ਰੋਮੀ ਕਲੱਬ ਨੇ ਜਰਖੜ ਕਲੱਬ ਨੂੰ 6-5 ਨਾਲ ਹਰਾ ਕੇ ਅਗਲੇ ਗੇੜ ਵਿਚ ਦਾਖਲਾ ਹਾਸਲ ਕੀਤਾ।
ਖੇਡਾਂ ਦੇ ਪਹਿਲੇ ਦਿਨ ਕੁੱਤਿਆਂ ਦੀ ਦੌੜ ਦਾ ਮੁਕਾਬਲਾ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਮੁਕਾਬਲੇ ਵਿਚ ਕੁੱਲ 22 ਕੁੱਤਿਆਂ ਨੇ ਹਿੱਸਾ ਲਿਆ। ਇਹ ਮੁਕਾਬਲਾ ਗੁਰਦੇਵ ਸਿੰਘ ਗੁੱਜਰਾਂਵਾਲਾ ਦੀ ਕੁੱਤੀ ਲੀਜ਼ਾ ਨੇ ਆਪਣੇ ਨਾਂ ਕੀਤਾ। ਲੜਕੇ ਅੰਡਰ-19 ਵਿਚ ਦੀ 100 ਮੀਟਰ ਦੌੜ ‘ਚ ਸ਼ਰਨਦੀਪ ਸਿੰਘ, ਸਾਹਿਲ ਮਹਿਰਾ ਅਤੇ ਜਸ਼ਨਪ੍ਰੀਤ ਸਿੰਘ, 200 ਮੀਟਰ ਵਿਚੋਂ ਸ਼ਰਨਦੀਪ ਸਿੰਘ ਨੂੰ ਪਹਿਲਾ, ਨਵਜੋਤ ਨੂੰ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਨੂੰ ਤੀਜਾ ਨੰਬਰ ਮਿਲਿਆ, 400 ਮੀਟਰ ਦੌੜ ਵਿਚੋਂ ਜਸ਼ਨਪ੍ਰੀਤ ਸਿੰਘ, ਗੁਰਕੋਮਲ ਸਿੰਘ, ਲਵਜੋਤ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਲੜਕੀਆਂ ਅੰਡਰ-19 ਦੇ 200 ਮੀਟਰ ਮੁਕਾਬਲੇ ਵਿਚੋਂ ਪਟਿਆਲਾ ਦੀ ਪਰਾਚੀ ਅਤੇ ਰੀਤੂ ਨੂੰ ਕ੍ਰਮਵਾਰ ਪਹਿਲਾ ਅਤੇ ਦੂਜਾ ਜਦਕਿ ਤਰਨ ਤਾਰਨ ਦੀ ਅਮਨਪ੍ਰੀਤ ਕੌਰ ਤੀਜੇ ਸਥਾਨ ਉਤੇ ਆਈ, 400 ਮੀਟਰ ਦੌੜ ਮੁਕਾਬਲੇ ਵਿਚੋਂ ਪਟਿਆਲਾ ਦੀ ਪਰਾਚੀ ਪਹਿਲੇ, ਤਰਨ ਤਾਰਨ ਦੀ ਅਮਨਪ੍ਰੀਤ ਦੂਜੇ ਜਦਕਿ ਲੁਧਿਆਣਾ ਦੀ ਪ੍ਰਵੀਨ ਨੂੰ ਤੀਜਾ ਸਥਾਨ ਮਿਲਿਆ। ਇਕ ਮੀਲ ਸਾਈਕਲ ਰੇਸ ਵਿਚੋਂ ਲੁਧਿਆਣਾ ਦਾ ਸਾਹਿਲ ਪਹਿਲੇ ਜਦਕਿ ਪਟਿਆਲਾ ਦਾ ਅਨਮੋਲਪ੍ਰੀਤ ਅਤੇ ਗੁਰਕਰਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਉਤੇ ਰਿਹਾ।
_________________
ਬਲਦਾਂ ਦੀਆਂ ਦੌੜਾਂ ਬਾਰੇ ਭਰੋਸਾ
ਡੇਹਲੋਂ: ਪੰਜਾਬ ਦੀਆਂ ਪੇਂਡੂ ਖੇਡਾਂ ‘ਚ ਛੇਤੀ ਹੀ ਬਲਦਾਂ ਦੀਆਂ ਦੌੜਾਂ ਮੁੜ ਤੋਂ ਸ਼ੁਰੂ ਕਰਵਾਈਆਂ ਜਾਣਗੀਆਂ। ਇਸ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਐਕਟ ਪਾਸ ਕਰਵਾਇਆ ਜਾਵੇਗਾ। ਇਹ ਐਲਾਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਖੇਡਾਂ ਦਾ ਸੱਭਿਆਚਾਰ ਮੁੜ ਤੋਂ ਸਿਰਜਣ ਲਈ ਯਤਨ ਕਰ ਰਹੀ ਹੈ। ਪੰਜਾਬ ਦੇ ਲੋਕ ਜ਼ੋਰ ਦੀਆਂ ਖੇਡਾਂ ਖੇਡਣਾ ਅਤੇ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ, ਜਿਸ ਕਾਰਨ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਪੇਂਡੂ ਖੇਡ ਮੇਲਿਆਂ ‘ਚ ਬਲਦਾਂ ਦੀਆਂ ਦੌੜਾਂ ਮੁੜ ਤੋਂ ਸ਼ੁਰੂ ਕਰਵਾਈਆਂ ਜਾਣ।