ਮਾਨੇਸਰ ਜਮੀਨ ਘੁਟਾਲਾ: ਹੁੱਡਾ ਖਿਲਾਫ ਦੋਸ਼ ਪੱਤਰ ਦਾਇਰ

ਪੰਚਕੂਲਾ: ਮਾਨੇਸਰ ਜਮੀਨ ਘੁਟਾਲੇ ਵਿਚ ਸੀ. ਬੀ. ਆਈ. ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਕੁਝ ਬਿਲਡਰਾਂ ਸਣੇ 33 ਲੋਕਾਂ ਖਿਲਾਫ਼ ਪੰਚਕੂਲਾ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕੀਤਾ ਹੈ। ਇਸ ਵਿਚ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਇਸ ਚਾਰ ਸੌ ਪੰਨਿਆਂ ਦੇ ਦੋਸ਼ ਪੱਤਰ (ਚਾਰਜਸ਼ੀਟ), ਜਿਸ ਨਾਲ ਇਕ ਹਜ਼ਾਰ ਦਸਤਾਵੇਜ਼ ਲਾਏ ਹਨ, ਵਿਚ ਦੋਸ਼ ਲਾਏ ਗਏ ਹਨ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਵਿਚ ਸੈਂਕੜੇ ਏਕੜ ਜਮੀਨ ਐਕੁਆਇਰ ਕਰਨ ਦੇ ਡਰਾਵੇ ਨਾਲ ਬਿਲਡਰਾਂ ਨੂੰ ਗਲਤ ਢੰਗ ਨਾਲ ਖਰੀਦਣ ਦਾ ਮੌਕਾ ਦਿੱਤਾ।

ਇਸ ਮਾਮਲੇ ਤਹਿਤ ਸੀ. ਬੀ. ਆਈ. ਟੀਮ ਦਸਤਾਵੇਜ਼ਾਂ ਨਾਲ ਭਰੀਆਂ ਦੋ ਅਲਮਾਰੀਆਂ ਲੈ ਕੇ ਅਦਾਲਤ ਪੁੱਜੀ। ਇਹ ਮਾਮਲਾ ਮਾਨੇਸਰ ਦੇ ਸਾਬਕਾ ਸਰਪੰਚ ਓਮ ਪ੍ਰਕਾਸ਼ ਯਾਦਵ ਦੀ ਸ਼ਿਕਾਇਤ ਉਤੇ ਸਰਕਾਰ ਦੀ ਸਿਫਾਰਸ਼ ਉਤੇ ਸੀ. ਬੀ. ਆਈ. ਨੂੰ ਸੌਂਪਿਆ ਸੀ। ਜ਼ਿਕਰਯੋਗ ਹੈ ਕਿ ਮਾਨੇਸਰ ਜਮੀਨ ਘੁਟਾਲੇ ਵਿਚ ਹੀ 12 ਅਪਰੈਲ 2017 ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਅਤੇ ਸੀ. ਬੀ. ਆਈ. ਨੂੰ ਜਾਂਚ ਰਿਪੋਰਟ ਪੇਸ਼ ਕਰਨ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ।
ਇਸ ਮਾਮਲੇ ਵਿਚ ਤਕਰੀਬਨ 400 ਏਕੜ ਜਮੀਨ ਜੋ ਮਾਨੇਸਰ, ਨੌਰੰਗਪੁਰ ਅਤੇ ਨਖਡੌਲਾ ਪਿੰਡਾਂ ਦੀ ਸੀ, ਸਰਕਾਰੀ ਪ੍ਰਭਾਵ ਨਾਲ ਕਿਸਾਨਾਂ ਤੋਂ ਪ੍ਰਤੀ ਏਕੜ ਇਕ ਕਰੋੜ ਰੁਪਏ ਤੋਂ ਵੀ ਘੱਟ ਦੇ ਹਿਸਾਬ ਨਾਲ ਐਕੁਆਇਰ ਕਰ ਕੇ ਬਿਲਡਰਾਂ ਨੂੰ ਸੌਂਪ ਦਿੱਤੀ ਸੀ। ਇਸ ਤਰ੍ਹਾਂ ਮਾਨੇਸਰ ਦੇ ਕਿਸਾਨਾਂ ਨੂੰ 1500 ਕਰੋੜ ਰੁਪਏ ਦਾ ਘਾਟਾ ਪੈਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਇਕ ਹਫਤੇ ਦੇ ਅੰਦਰ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਐਸ਼ਐਨ. ਢੀਂਗਰਾ ਕਮਿਸ਼ਨ ਦੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇ।
ਹੁਣ ਇਸ ਮਾਮਲੇ ਵਿਚ ਸੀ. ਬੀ. ਆਈ. ਨੇ ਵਿਸ਼ੇਸ਼ ਜੱਜ ਕਪਿਲ ਰਾਠੀ ਦੀ ਅਦਾਲਤ ਵਿੱਚ ਦੋਸ਼ ਪੱਤਰ ਦਾਖਲ ਕੀਤਾ ਹੈ। ਇਸ ਵਿਚ ਹੁੱਡਾ ਤੋਂ ਇਲਾਵਾ ਐਮ. ਐਲ਼ ਤਾਇਲ, ਛਤਰ ਸਿੰਘ, ਐਸ਼ਐਸ਼ਢਿੱਲੋਂ ਅਤੇ ਸਾਬਕਾ ਡੀ. ਟੀ. ਪੀ. ਜਸਵੰਤ ਸਹਿਤ ਕਈ ਬਿਲਡਰਾਂ ਦੇ ਨਾਂ ਸ਼ਾਮਲ ਹਨ। ਸੀ. ਬੀ. ਆਈ. ਨੇ ਹੁੱਡਾ ਅਤੇ ਹੋਰਨਾਂ ਖਿਲਾਫ਼ 17 ਸਤੰਬਰ, 2015 ਨੂੰ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਈ. ਡੀ. ਨੇ ਵੀ ਹੁੱਡਾ ਦੇ ਖਿਲਾਫ਼ ਸਤੰਬਰ, 2016 ਵਿਚ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਈ. ਡੀ. ਨੇ ਹੁੱਡਾ ਅਤੇ ਹੋਰਨਾਂ ਖਿਲਾਫ਼ ਸੀ. ਬੀ. ਆਈ. ਦੀ ਐਫ਼ਆਈ. ਆਰ. ਦੇ ਅਧਾਰ ਉਤੇ ਫੌਜਦਾਰੀ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਵਿਚ ਬਿਲਡਰਾਂ ਵੱਲੋਂ 350 ਏਕੜ ਜਮੀਨ ਦਾ ਸੌਦਾ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ 20 ਤੋਂ 25 ਲੱਖ ਰੁਪਏ ਦੇ ਹਿਸਾਬ ਨਾਲ ਹੀ ਕਰ ਲਿਆ ਗਿਆ ਸੀ। ਇਹ ਜਮੀਨ ਮਾਰਕੀਟ ਰੇਟ ਤੋਂ ਕਾਫੀ ਘੱਟ ਭਾਅ ਉਤੇ ਖਰੀਦੀ ਗਈ। ਜਿਨ੍ਹਾਂ ਕਿਸਾਨਾਂ ਨੇ ਜਮੀਨ ਵੇਚਣ ਤੋਂ ਨਾਂਹ ਕੀਤੀ ਤਾਂ ਸਰਕਾਰ ਨੇ ਵਿਚ ਵਿਚਾਲੇ ਦਾ ਰਸਤਾ ਕੱਢ ਲਿਆ। ਤਤਕਾਲੀ ਕਾਂਗਰਸ ਸਰਕਾਰ ਨੇ ਮਾਨੇਸਰ ਇੰਡਸਟਰੀਅਲ ਮਾਡਲ ਟਾਊਨਸ਼ਿਪ ਦੀ ਸਥਾਪਨਾ ਲਈ 912 ਏਕੜ ਜਮੀਨ ਦਾ ਸਰਵੇ ਕਰਵਾ ਕੇ ਇਸ ਨੂੰ ਐਕੁਆਇਰ ਕਰਨ ਲਈ ਮਾਨੇਸਰ, ਨੌਰੰਗਪੁਰ, ਲਲਡੌਲਾ ਦੇ ਕਿਸਾਨਾਂ ਨੂੰ ਜਮੀਨ ਐਕੁਆਇਰ ਕਾਨੂੰਨ ਦੀ ਧਾਰਾ 9 ਤਹਿਤ ਨੋਟਿਸ ਭੇਜ ਦਿੱਤੇ ਸਨ। ਇਸ ਤੋਂ ਬਿਲਡਰਾਂ ਨੇ 50 ਏਕੜ ਜਮੀਨ ਨੂੰ ਡੇਢ ਕਰੋੜ ਰੁਪਏ ਦੇ ਭਾਅ ਨਾਲ ਖਰੀਦਣਾ ਸ਼ੁਰੂ ਕਰ ਦਿੱਤਾ।
______________________
ਕਾਂਗਰਸ ਨੂੰ ਮੋਦੀ ਸਰਕਾਰ ਦੀ ਨੀਅਤ ‘ਤੇ ਸ਼ੱਕ
ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ‘ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦਾ ਇਲਜ਼ਾਮ ਲਾਇਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਤਹਿਤ ਦੇਸ਼ ਭਰ ‘ਚ ਕਾਂਗਰਸੀ ਆਗੂਆਂ ਖਿਲਾਫ਼ ਝੂਠੇ ਕੇਸ ਦਰਜ ਕਰ ਰਹੀ ਹੈ। ਸੂਰਜੇਵਾਲ ਨੇ ਹੁੱਡਾ ਤੋਂ ਇਲਾਵਾ ਹੋਰ ਕਾਂਗਰਸੀ ਆਗੂਆਂ ਦੇ ਨਾਂਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜਸਥਾਨ ‘ਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ, ਹਿਮਾਚਲ ਪ੍ਰਦੇਸ਼ ‘ਚ ਵੀਰਭੱਦਰ ਸਿੰਘ, ਤਾਮਿਲਨਾਡੂ ਵਿਚ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ, ਮਹਾਰਾਸ਼ਟਰ ‘ਚ ਅਸ਼ੋਕ ਚਵਾਨ, ਦਿੱਲੀ ‘ਚ ਸ਼ੀਲਾ ਦੀਕਸ਼ਤ ਅਤੇ ਉਤਰਾਖੰਡ ‘ਚ ਹਰੀਸ਼ ਰਾਵਤ ਖਿਲਾਫ ਦਰਜ ਕੀਤੇ ਕੇਸ ਇਸ ਦੀ ਮਿਸਾਲ ਹਨ।