ਗੁੰਡਾ ਟੈਕਸ ਵਸੂਲੀ ‘ਤੇ ਘਿਰੀ ਕੈਪਟਨ ਸਰਕਾਰ

ਬਠਿੰਡਾ: ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ Ḕਲੀਡਰ ਜੋੜੀ’ ਬਠਿੰਡਾ ਰਿਫਾਈਨਰੀ ਤੋਂ ਰੋਜ਼ਾਨਾ 15 ਲੱਖ ਰੁਪਏ ਦੇ ਕਰੀਬ Ḕਗੁੰਡਾ ਟੈਕਸ’ ਵਸੂਲ ਰਹੀ ਹੈ। ਇਸ ਤੋਂ ਤਪੇ ਠੇਕੇਦਾਰਾਂ ਨੇ ਰਿਫਾਈਨਰੀ ਅੰਦਰ ਪੈਟਰੋ ਕੈਮੀਕਲ ਯੂਨਿਟ ਦੇ ਕੰਮ ਨੂੰ ਬਰੇਕ ਲਗਾ ਦਿੱਤੀ ਹੈ। ਰੇਤਾ-ਬਜਰੀ ਵਿਚੋਂ ਹੁਣ ਬਠਿੰਡਾ ਜ਼ਿਲ੍ਹੇ ਦੇ ਦੋ ਲੀਡਰ ਹੱਥ ਰੰਗਣ ਲੱਗੇ ਹਨ। ਇਨ੍ਹਾਂ ਆਗੂਆਂ ਦੀ Ḕਗੁੰਡਾ ਬ੍ਰਿਗੇਡ’ ਵੱਲੋਂ ਰਿਫਾਈਨਰੀ ਰੋਡ ਉਤੇ ਤੰਬੂ ਵੀ ਗੱਡੇ ਹੋਏ ਹਨ। ਹੁਣ ਰੌਲਾ ਪੈਣ ‘ਤੇ ਇਹ ਟੈਂਟ ਉਠਾ ਲਏ ਗਏ।

ਪੁਲਿਸ ਇਨ੍ਹਾਂ ਨੂੰ ਰੋਕਣ ਤੋਂ ਬੇਵੱਸ ਹੈ। ਜਦੋਂ Ḕਲੀਡਰ ਜੋੜੀ’ ਨੇ Ḕਗੁੰਡਾ ਟੈਕਸ’ ਦੇ ਰੇਟ ਵਧਾ ਦਿੱਤੇ ਤਾਂ ਉਸਾਰੀ ਠੇਕੇਦਾਰ ਆਪੇ ਤੋਂ ਬਾਹਰ ਹੋ ਗਏ। ਉਂਜ ਹਕੂਮਤ ਡਰੋਂ ਕੋਈ ਠੇਕੇਦਾਰ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਸੀ, ਪਰ ਜਦੋਂ ਡਿਪਟੀ ਕਮਿਸ਼ਨਰ, ਬਠਿੰਡਾ ਰਿਫਾਈਨਰੀ ‘ਚ ਗਏ ਤਾਂ ਅੱਕੇ ਹੋਏ ਠੇਕੇਦਾਰ ਡੀਸੀ ਅੱਗੇ ਫੁੱਟ ਪਏ। ਇਸ ਮੀਟਿੰਗ ਵਿਚ ਉਸਾਰੀ ਕੰਪਨੀਆਂ ਦੇ ਨੁਮਾਇੰਦੇ ਅਤੇ ਦੋ ਰਿਫਾਈਨਰੀ ਅਧਿਕਾਰੀ ਸ਼ਾਮਲ ਸਨ।
ਠੇਕੇਦਾਰਾਂ ਨੇ ਡੀæਸੀæ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਰਿਫਾਈਨਰੀ ਅੰਦਰ 25 ਜਨਵਰੀ ਤੋਂ ਰੇਤਾ-ਬਜਰੀ ਨਹੀਂ ਆ ਰਹੀ, ਜਿਸ ਕਾਰਨ ਸਿਰਫ ਤਿੰਨ ਦਿਨਾਂ ਦਾ ਹੀ ਭੰਡਾਰ ਬਚਿਆ ਹੈ ਅਤੇ ਉਸਾਰੀ ਦਾ ਕੰਮ ਬੰਦ ਕਰਨਾ ਪਵੇਗਾ। ਇਸ ਮੀਟਿੰਗ ‘ਚ ਇਨ੍ਹਾਂ ਠੇਕੇਦਾਰਾਂ ਨੇ ਕਾਂਗਰਸ ਦੀ Ḕਲੀਡਰ ਜੋੜੀ’ ਵੱਲੋਂ ਵਸੂਲੇ ਜਾਂਦੇ Ḕਗੁੰਡਾ ਟੈਕਸ’ ਨੂੰ ਬੇਪਰਦ ਕੀਤਾ। ਇਨ੍ਹਾਂ ਠੇਕੇਦਾਰਾਂ ਨੇ ਦੱਸਿਆ ਕਿ ਜੋ ਬਾਜ਼ਾਰ ਵਿਚ ਬਜਰੀ ਦਾ ਟਰੱਕ 42 ਹਜ਼ਾਰ ਦਾ ਹੈ, ਉਹ 60 ਹਜ਼ਾਰ ਦਾ ਮਿਲਦਾ ਹੈ। ਰੇਤਾ-ਬਜਰੀ ਦੇ ਰੋਜ਼ਾਨਾ ਤਕਰੀਬਨ 100 ਟਰੱਕ ਰਿਫਾਈਨਰੀ ਵਿਚ ਆਉਂਦੇ ਹਨ।
ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੀਸੀ ਨੂੰ ਰਿਫਾਈਨਰੀ ਰੋਡ ਉਤੇ Ḕਗੁੰਡਾ ਬ੍ਰਿਗੇਡ’ ਵੱਲੋਂ ਲਾਇਆ ਤੰਬੂ ਵੀ ਦਿਖਾਇਆ ਪਰ ਗੁੰਡੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਰਿਫਾਈਨਰੀ ਟਾਊਨਸ਼ਿਪ ਦੀ ਉਸਾਰੀ ‘ਚ ਲੱਗੀ ਸੈਮ ਇੰਡੀਆ ਕੰਪਨੀ ਵੱਲੋਂ 8 ਅਕਤੂਬਰ, 2017 ਨੂੰ ਪੁਲਿਸ ਅਫਸਰਾਂ ਨੂੰ ਈ-ਮੇਲ ਭੇਜ ਕੇ ਰੇਤਾ-ਬਜਰੀ ‘ਤੇ ਲੱਗਦੇ ਗੁੰਡਾ ਟੈਕਸ ਦਾ ਮਾਮਲਾ ਉਠਾਇਆ ਸੀ।
ਦੱਸਣਯੋਗ ਹੈ ਕਿ ਰਿਫਾਈਨਰੀ ਅੰਦਰ 25 ਹਜ਼ਾਰ ਕਰੋੜ ਦੀ ਲਾਗਤ ਨਾਲ ਪੈਟਰੋ ਕੈਮੀਕਲ ਯੂਨਿਟ ਉਸਾਰਿਆ ਜਾ ਰਿਹਾ ਹੈ, ਜਿਸ ਲਈ ਰੇਤਾ-ਬਜਰੀ ਦੀ ਲੋੜ ਹੈ। ਤਕਰੀਬਨ ਦਸ ਕੰਪਨੀਆਂ ਉਸਾਰੀ ਕਰ ਰਹੀਆਂ ਹਨ। ਰਿਫਾਈਨਰੀ ਦੇ ਬਾਹਰ ਤਕਰੀਬਨ ਸੱਤ Ḕਕੰਕਰੀਟ ਪਲਾਂਟ’ ਲੱਗੇ ਹਨ ਅਤੇ ਰੇਤਾ ਬਜਰੀ ਦੀ ਆਮਦ ਰੁਕਣ ਕਾਰਨ ਤਿੰਨ ਪਲਾਂਟ ਬੰਦ ਹੋ ਗਏ ਹਨ। ਠੇਕੇਦਾਰਾਂ ਨੇ ਕਿਹਾ ਕਿ ਉਹ Ḕਗੁੰਡਾ ਟੈਕਸ’ ਦਾ ਭਾਰ ਝੱਲਣੋਂ ਬੇਵੱਸ ਹਨ। ਹਾਲਾਤ ਇਹੋ ਰਹੇ ਤਾਂ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਪੱਛੜ ਸਕਦੀ ਹੈ।
__________________
‘ਆਪ’ ਤੇ ਅਕਾਲੀਆਂ ਵੱਲੋਂ ਚਿਤਾਵਨੀ
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਸਰਕਾਰ ਨੇ ਗੁੰਡਾ ਟੈਕਸ ਬੰਦ ਨਾ ਕੀਤਾ ਤਾਂ ਪਾਰਟੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਵਿਰੋਧੀ ਧਿਰ ਦੇ ਆਗੂ ਤੇ Ḕਆਪ’ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਕਾਂਗਰਸੀ ਆਗੂ ਵੀ ਅਕਾਲੀਆਂ ਦੀ ਤਰਜ਼ ‘ਤੇ ਗੁੰਡਾ ਟੈਕਸ ਵਸੂਲ ਰਹੇ ਹਨ, ਜੋ ਫੌਰੀ ਬੰਦ ਹੋਣਾ ਚਾਹੀਦਾ ਹੈ। ਕਾਂਗਰਸ ਨੂੰ ਵੀ ਗੁੰਡਾ ਟੈਕਸ ਦਾ ਖਮਿਆਜ਼ਾ ਭੁਗਤਣਾ ਪਵੇਗਾ, ਜਿਵੇਂ ਅਕਾਲੀ ਦਲ ਨੇ ਭੁਗਤਿਆ ਹੈ।