ਬਾਦਲ ਦੇ ਸਰਗਰਮ ਸਿਆਸਤ ਤੋਂ ਕਿਨਾਰੇ ਕਾਰਨ ਅਕਾਲੀ ਆਗੂਆਂ ‘ਚ ਨਿਰਾਸ਼ਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਗਰਮ ਸਿਆਸਤ ਨਾਲੋਂ ਦੂਰੀ ਬਣਾ ਲੈਣ ਕਾਰਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਘੁਟਣ ਮਹਿਸੂਸ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਕਈ ਆਗੂਆਂ ਦੇ ਸੁਭਾਅ ਅਤੇ ਕੰਮ ਢੰਗ ਵਿਚ ਕੋਈ ਤਬਦੀਲੀ ਦਿਖਾਈ ਨਹੀਂ ਦੇ ਰਹੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਗਤੀਵਿਧੀਆਂ ਬਹੁਤ ਹੀ ਸੀਮਤ ਕਰ ਲਈਆਂ ਹਨ। ਵੱਡੇ ਬਾਦਲ ਹੁਣ ਆਪਣੇ ਵਿਧਾਨ ਸਭਾ ਹਲਕੇ ਲੰਬੀ ਦੇ ਪਿੰਡਾਂ ਵਿਚ ਹੀ ਆਪਣੇ ਹਮਾਇਤੀਆਂ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦੇ ਹਨ ਜਾਂ ਫਿਰ ਕਦੇ ਕਦਾਈਂ ਚੰਡੀਗੜ੍ਹ ਵਿਚ ਵਰਕਰਾਂ ਦੇ ਸ਼ਿਕਵੇ ਸੁਣਨ ਦੇ ਬਹਾਨੇ ਲੋਕਾਂ ਨਾਲ ਰਾਬਤਾ ਰੱਖ ਰਹੇ ਹਨ।

ਪਾਰਟੀ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਕੁਝ ਸੀਨੀਅਰ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਪਾਰਟੀ ਵਿਚਲੇ ਕੁਝ ਮਸਲਿਆਂ ਉਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਪਰ ਵੱਡੇ ਬਾਦਲ ਨੇ ਚਰਚਾ ਕਰਨ ਤੋਂ ਮੂੰਹ ਫੇਰਦਿਆਂ ਕਿਹਾ ḔḔਕੋਈ ਵੀ ਗੱਲ ਕਰਨੀ ਹੈ ਤਾਂ ਸੁਖਬੀਰ ਨਾਲ ਹੀ ਕਰੋ ਜਥੇਦਾਰ ਜੀ”। ਬਾਦਲ ਦਾ ਇਹ ਮਸ਼ਵਰਾ ਸੀਨੀਅਰ ਅਕਾਲੀ ਆਗੂਆਂ ਨੂੰ ਰਾਸ ਨਹੀਂ ਆ ਰਿਹਾ ਕਿਉਂ ਕਿ ਛੋਟੇ ਬਾਦਲ ਅਤੇ ਜਥੇਦਾਰਾਂ ਦਰਮਿਆਨ ਪੀੜੀ ਅੰਤਰ (ਜੈਨਰੇਸ਼ਨ ਗੈਪ) ਹੋਣ ਕਾਰਨ ਦੂਰੀਆਂ ਵਧ ਰਹੀਆਂ ਹਨ।
ਪੰਜਾਬ ਵਿਚ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਅੰਦਰ ਹੁਣ ਸੀਨੀਅਰ ਅਕਾਲੀ ਆਗੂਆਂ ਖਾਸ ਕਰ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾæ ਰਤਨ ਸਿੰਘ ਅਜਨਾਲਾ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਆਦਿ ਦੀ ਪਹਿਲਾਂ ਵਾਲੀ ਚੜ੍ਹਤ ਨਹੀਂ ਮੰਨੀ ਜਾਂਦੀ। ਵੱਡੇ ਬਾਦਲ ਵੱਲੋਂ ਨਿੱਤ ਦਿਨ ਦੀਆਂ ਸਰਗਰਮੀਆਂ ਤੋਂ ਦੂਰੀਆਂ ਬਣਾਉਣ ਨਾਲ ਹੀ ਇਨ੍ਹਾਂ ਆਗੂਆਂ ਦੀਆਂ ਸਿਆਸੀ ਗਤੀਵਿਧੀਆਂ ਵੀ ਬਹੁਤ ਸੀਮਤ ਹੋ ਕੇ ਰਹਿ ਗਈਆਂ ਹਨ। ਪਾਰਟੀ ਅੰਦਰ ਇਹ ਪ੍ਰਭਾਵ ਜਾਣ ਲੱਗਾ ਹੈ ਕਿ ਛੋਟੇ ਬਾਦਲ ਨਵੀਂ ਪੀੜ੍ਹੀ ਦੇ ਆਗੂਆਂ ਨੂੰ ਤਰਜੀਹ ਦਿੰਦੇ ਹਨ। ਪ੍ਰਕਾਸ਼ ਸਿੰਘ ਬਾਦਲ ਸਮੇਤ ਦੂਜੀ ਕਤਾਰ ਦੇ ਸੀਨੀਅਰ ਆਗੂਆਂ ਦੀਆਂ ਸਰਗਰਮੀਆਂ ਘਟਣ ਤੋਂ ਇਹ ਵੀ ਸਪੱਸ਼ਟ ਸੰਕੇਤ ਹਨ ਕਿ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਨਵੀਂ ਪੀੜ੍ਹੀ ਦੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ।
ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਕੰਟਰੋਲ ਵਿਚ ਮੰਨਿਆ ਜਾਂਦਾ ਹੈ। ਇਸ ਸਮੇਂ ਛੋਟੇ ਬਾਦਲ ਦੀ ਕੋਰ ਟੀਮ ਦੇ ਮੈਂਬਰਾਂ ਵਜੋਂ ਬੰਟੀ, ਰੋਜ਼ੀ, ਡਿੰਪੀ, ਨੋਨੀ, ਲੱਖੀ ਆਦਿ ਆਗੂਆਂ ਦੀ ਪਛਾਣ ਕੀਤੀ ਜਾਂਦੀ ਹੈ। ਸੀਨੀਅਰ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਉਨ੍ਹਾਂ ਨੂੰ ਮਹਿਜ਼ ਖਾਨਾਪੂਰਤੀ ਲਈ ਕੋਰ ਕਮੇਟੀ ਦੀਆਂ ਮੀਟਿੰਗਾਂ ਲਈ ਵੀ ਬੁਲਾਇਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਵਕਾਰ ਦਾ ਸਵਾਲ ਬਣਾ ਕੇ ਲੜੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਚੋਣ ‘ਚ ਸ਼ਮੂਲੀਅਤ ਨਹੀਂ ਕੀਤੀ ਅਤੇ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਰਗੀ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਪਾਰਟੀ ਵੱਲੋਂ ਮੁਕਤਸਰ ਮਾਘੀ ਸਮੇਤ ਕਈ ਵੱਡੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਇਨ੍ਹਾਂ ਕਾਨਫਰੰਸਾਂ ਤੋਂ ਵੀ ਵੱਡੇ ਬਾਦਲ ਨੇ ਦੂਰੀ ਬਣਾਈ ਰੱਖੀ।
_________________
‘ਪੋਲ ਖੋਲ੍ਹ ਰੈਲੀਆਂ’ ਲਈ ਮੰਨੇ ਵੱਡੇ ਬਾਦਲ
ਪਟਿਆਲਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵੱਲੋਂ ਕਾਂਗਰਸ ਵਿਰੁੱਧ ਆਰੰਭੀਆਂ Ḕਪੋਲ-ਖੋਲ੍ਹ ਰੈਲੀਆਂ’ ਵਿਚ ਸਰਗਰਮ ਸਿਆਸਤ ਦੀ ਪਾਰੀ ਮੁੜ ਭਖਾਉਣ ਦੇ ਮੂਡ ਵਿਚ ਹਨ। ਉਨ੍ਹਾਂ ਆਪਣਾ ਸਿਆਸੀ ਇਰਾਦਾ ਜ਼ਾਹਰ ਕਰਦਿਆਂ ਐਲਾਨ ਕੀਤਾ ਕਿ ਉਹ ਪਾਰਟੀ ਵੱਲੋਂ ਐਲਾਨੀਆਂ ਗਈਆਂ ਪੋਲ-ਖੋਲ੍ਹ ਰੈਲੀਆਂ ਵਿਚ ਗਰਮਜੋਸ਼ੀ ਨਾਲ ਸ਼ਿਰਕਤ ਕਰਨਗੇ।
ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਭਾਵੇਂ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ, ਪਰ ਅਕਾਲੀ ਸਰਕਾਰ ਦੇ ਸੱਤਾ ਤੋਂ ਬਾਹਰ ਜਾਣ ਮਗਰੋਂ ਉਨ੍ਹਾਂ ਸਿਆਸੀ ਸਰਗਰਮੀਆਂ ਤੋਂ ਲਗਭਗ ਕਿਨਾਰਾ ਕੀਤਾ ਹੋਇਆ ਸੀ। ਉਨ੍ਹਾਂ ਵੱਲੋਂ ਸਿਆਸੀ ਪੱਧਰ ‘ਤੇ ਸਰਗਰਮੀਆਂ ਘਟਾਉਣ ਕਾਰਨ ਉਨ੍ਹਾਂ ਦੀ ਪ੍ਰਸ਼ੰਸਕ ਧਿਰ ਵਿਚ ਕਾਫੀ ਨਿਰਾਸ਼ਾ ਬਣੀ ਹੋਈ ਸੀ। ਸੂਤਰ ਦੱਸਦੇ ਹਨ ਕਿ ਪਾਰਟੀ ਦਾ ਇਕ ਕੇਡਰ ਤਾਂ ਸਿੱਧੇ ਤੌਰ ‘ਤੇ ਸ੍ਰੀ ਬਾਦਲ ਨੂੰ ਮੁੜ ਸਰਗਰਮ ਸਿਆਸਤ ਵਿਚ ਲਿਆਉਣ ਲਈ ਅੰਦਰਖਾਤੇ ਯਤਨਸ਼ੀਲ ਵੀ ਸੀ।