ਧੀਆਂ ਮਰ ਜਾਣੀਆਂ…

ਪਾਕਿਸਤਾਨ ਵਿਚ ਵਿਆਹਾਂ ਦੀਆਂ ਜਾਨਲੇਵਾ ਤਜਵੀਜ਼ਾਂ
ਪਾਕਿਸਤਾਨੀ-ਅਮਰੀਕੀ ਪੱਤਰਕਾਰ ਰਾਫੀਆ ਜ਼ਕਾਰੀਆ ਅਟਾਰਨੀ ਹੈ, ਰਾਜਸੀ ਫਲਸਫ਼ਾ ਪੜ੍ਹਾਉਂਦੀ ਹੈ ਅਤੇ ਵੱਖ ਵੱਖ ਅਖਬਾਰਾਂ ਲਈ ਲਗਾਤਾਰ ਲਿਖਦੀ ਹੈ। ਔਰਤਾਂ ਦੇ ਹੱਕ ਵਿਚ ਉਹਨੇ ਬੇਖੌਫ ਹੋ ਕੇ ਆਵਾਜ਼ ਬੁਲੰਦ ਕੀਤੀ ਹੈ। ਇਸ ਲੇਖ ਵਿਚ ਉਸ ਨੇ ਅਸਮਾ ਰਾਣੀ ਦੇ ਬਹਾਨੇ ਪਾਕਿਸਤਾਨ ਵਿੱਚ ਔਰਤਾਂ ਦੇ ਹਾਲਾਤ ਬਾਰੇ ਚਰਚਾ ਕੀਤੀ ਹੈ।

-ਸੰਪਾਦਕ
ਰਫ਼ੀਆ ਜ਼ਕਾਰੀਆ

ਅਸਮਾ ਰਾਣੀ ਛੁੱਟੀਆਂ ਮਨਾਉਣ ਕੋਹਾਟ ਆਪਣੇ ਘਰੇ ਆਈ ਸੀ। ਉਹ ਐਬਟਾਬਾਦ ਦੇ ਮੈਡੀਕਲ ਕਾਲਜ ਵਿਚ ਤੀਜੇ ਵਰ੍ਹੇ ਦੀ ਵਿਦਿਆਰਥਣ ਸੀ। ਹੋਰ ਦੋਂਹ ਸਾਲਾਂ ਨੂੰ ਉਹਨੇ ਡਾਕਟਰ ਬਣ ਜਾਣਾ ਸੀ। ਆਮ ਤਸਵੀਰਾਂ ਵਿਚ ਉਹ ਕੈਮਰੇ ਵੱਲ ਸਿੱਧਾ ਝਾਕਦੀ ਦਿਸਦੀ ਹੈ; ਮੁਸਕਰਾਉਂਦੀ ਹੋਈ, ਥੋੜ੍ਹਾ ਸ਼ਰਮਾਉਂਦੀ ਹੋਈ; ਪਰ ਚਿਹਰੇ ਅਤੇ ਤੱਕਣੀ ਵਿਚੋਂ ਦ੍ਰਿੜ੍ਹਤਾ ਅਤੇ ਸਵੈ-ਵਿਸ਼ਵਾਸ ਝਾਤੀਆਂ ਮਾਰਦਾ ਜਾਪਦਾ ਹੈ। ਇਨ੍ਹਾਂ ਤਸਵੀਰਾਂ ਵਿਚ ਉਸ ਦੁਖਾਂਤ ਦਾ ਤਾਂ ਉਕਾ ਹੀ ਕਿਤੇ ਕੋਈ ਨਾਮ-ਓ-ਨਿਸ਼ਾਨ ਨਹੀਂ ਲੱਭਦਾ ਜਿਸ ਨੇ ਉਹਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਨੂੰ ਦਰਦ ਨਾਲ ਭਰ ਦੇਣਾ ਸੀ।
ਉਹ ਆਖ਼ਰੀ ਪਲ ਜਿਹੜੇ ਵੀਡੀਓ ਅੰਦਰ ਕੈਦ ਹੋ ਗਏ ਅਤੇ ਫਿਰ ਸੋਸ਼ਲ ਮੀਡੀਆ ਉਤੇ ਨਸ਼ਰ ਕੀਤੇ ਗਏ, ਬਹੁਤ ਹੌਲਨਾਕ ਹਨ। ਇਨ੍ਹਾਂ ਪਲਾਂ ਦੌਰਾਨ ਮਰ ਰਹੀ ਇਹ ਮੁਟਿਆਰ (ਜਿਸ ਨੂੰ ਗੋਲੀ ਮਾਰੀ ਗਈ ਸੀ), ਆਪਣੇ ਕਾਤਲ ਮੁਜਾਹਿਦ ਅਫ਼ਰੀਦੀ ਦਾ ਨਾਂ ਲੈ ਰਹੀ ਹੈ। ਅਸੀਂ ਸਭ ਜਾਣਦੇ ਹਾਂ ਕਿ ਅਸਮਾ ਰਾਣੀ ਨੂੰ ਗੋਲੀ ਇਸ ਕਰ ਕੇ ਮਾਰੀ ਗਈ, ਕਿਉਂਕਿ ਉਸ ਨੇ ਮੁਜਾਹਿਦ ਅਫ਼ਰੀਦੀ ਦਾ ਸ਼ਾਦੀ ਦਾ ਪ੍ਰਸਤਾਵ ਸਵੀਕਾਰ ਨਹੀਂ ਸੀ ਕੀਤਾ। ਇਹ ਵੀਡੀਓ ਬਣਾਏ ਜਾਣ ਤੋਂ ਬਾਅਦ ਉਹ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕੀ। ਪਾਕਿਸਤਾਨ ਦੀਆਂ ਹੋਰ ਅਨੇਕਾਂ ਬੱਚੀਆਂ ਦੀ ਜ਼ਿੰਦਗੀ ਵਾਂਗ ਉਸ ਦੀ ਜ਼ਿੰਦਗੀ ਵੀ ਬਚ ਨਾ ਸਕੀ, ਕਿਉਂਕਿ ਉਸ ਨੇ ਕਿਸੇ ਮਰਦ ਦੀਆਂ ਇੱਛਾਵਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ!
ਅਗਲੇ ਹੀ ਦਿਨ, ਉਸ ਦੇ ਜੱਦੀ ਪਿੰਡ ਲੱਖੀ ਮਰਵਾਤ ਵਿਚ ਸਿਰਫ਼ ਮਰਦਾਂ ਦੇ ਇਕੱਠ ਅੱਗੇ ਪਈ ਉਸ ਦੀ ਦੇਹ ਸਪੁਰਦ-ਏ-ਖ਼ਾਕ ਕਰ ਦਿੱਤੀ ਗਈ। ਇਸ ਤੋਂ ਬਾਅਦ ਆਈਆਂ ਰਿਪੋਰਟਾਂ, ਜਿਹੜੀਆਂ ਅਜਿਹੇ ਅਪਰਾਧਾਂ ਤੋਂ ਬਾਅਦ ਅਕਸਰ ਜਾਰੀ ਕੀਤੀਆਂ ਜਾਂਦੀਆਂ ਹਨ, ਮੁਤਾਬਕ ਪੁਲਿਸ ਕਤਲ ਤੋਂ ਛੇਤੀ ਬਾਅਦ ਸਬੰਧਤ ਖੇਤਰ ਵਿਚ ਛਾਪੇ ਮਾਰਦੀ ਹੈ। ਉਂਜ, ਇਹ ਛਾਪੇ ਆਮ ਵਾਂਗ ਫ਼ਜ਼ੂਲ ਹੀ ਸਾਬਤ ਹੋਏ ਸਨ। ਅਸਮਾ ਦਾ ਹਮਲਾਵਰ ਮੁਜਾਹਿਦ ਅਫ਼ਰੀਦੀ ਜਿਹੜਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਕਾਮੀ ਲੀਡਰ ਦਾ ਰਿਸ਼ਤੇਦਾਰ ਹੈ, ਫ਼ਰਾਰ ਹੋ ਗਿਆ ਸੀ।
ਕੁਝ ਮੁਕਾਮੀ ਲੋਕਾਂ ਦਾ ਕਹਿਣਾ ਸੀ ਕਿ ਅਫ਼ਰੀਦੀ ਖਾੜੀ ਚਲਾ ਗਿਆ ਹੈ ਜਿਥੇ ਉਸ ਦਾ ਕਾਰੋਬਾਰ ਹੈ। ਪੁਲਿਸ ਵੀ ਇਹ ਖੁਲਾਸਾ ਕਰ ਚੁੱਕੀ ਹੈ ਕਿ ਉਹ ਸਾਊਦੀ ਅਰਬ ਫ਼ਰਾਰ ਹੋ ਗਿਆ ਹੈ। ਅਜੇ ਤੱਕ ਇਹ ਖ਼ਬਰ ਨਹੀਂ ਮਿਲੀ ਹੈ ਕਿ ਸਾਊਦੀ ਅਰਬ ਵਿਚ ਉਸ ਬਾਰੇ ਕੋਈ ਸੂਹ ਮਿਲੀ ਹੈ ਜਾਂ ਨਹੀਂ, ਜਾਂ ਉਥੋਂ ਦੇ ਕਿਸੇ ਅਧਿਕਾਰੀ ਨਾਲ ਕੋਈ ਸੰਪਰਕ ਹੋਇਆ ਵੀ ਹੈ ਜਾਂ ਨਹੀਂ। ਜਦੋਂ ਪੁਲਿਸ ਆਮ ਕਰਕੇ ਔਰਤਾਂ ਦੇ ਕਾਤਲਾਂ ਨੂੰ ਫੜਨ ਤੋਂ ਟਾਲਾ ਵੱਟਦੀ ਹੈ, ਭਾਵੇਂ ਉਹ ਮੁਲਕ ਅੰਦਰ ਹੀ ਕਿਉਂ ਨਾ ਹੋਣ, ਤਾਂ ਸ਼ੱਕ ਪੈਦਾ ਹੁੰਦਾ ਹੈ ਕਿ ਮੁਲਕ ਵਿਚੋਂ ਫ਼ਰਾਰ ਕਾਤਲਾਂ ਨੂੰ ਫੜਨ ਲਈ ਕੋਈ ਕੋਸ਼ਿਸ਼ ਕੀਤੀ ਵੀ ਗਈ ਸੀ ਜਾਂ ਨਹੀਂ।
ਅਸਲ ਵਿਚ, ਜੇ ਅਜਿਹੇ ਮਾਮਲਿਆਂ ਵਿਚ ਸਜ਼ਾ ਦਿੱਤੇ ਜਾਣ ਦੇ ਪੁਰਾਣੇ ਰਿਕਾਰਡ ਉਤੇ ਨਿਗ੍ਹਾ ਮਾਰੀਏ ਤਾਂ ਸਪਸ਼ਟ ਦਿਸਦਾ ਹੈ ਕਿ ਪਾਕਿਸਤਾਨ ਵਿਚ ਔਰਤ ਨੂੰ ਕਤਲ ਕਰਨਾ ਕੋਈ ਅਪਰਾਧ ਨਹੀਂ ਹੈ। ਅਸਮਾ ਰਾਣੀ ਨੂੰ ਉਸ ਦੀ ਭਰਜਾਈ ਦੇ ਐਨ ਸਾਹਮਣੇ ਕਤਲ ਕੀਤਾ ਗਿਆ; ਜਿਹੜੇ ਬੰਦੇ ਨਾਲ ਉਸ ਦੀ ਸ਼ਾਦੀ ਹੋਣੀ ਸੀ, ਉਹ ਉਸ ਦੇ ਹੱਥਾਂ ਵਿਚ ਵਿਲਕਦੀ ਮਰ ਗਈ। ਉਸ ਵਕਤ ਛੋਟੇ ਜਿਹੇ ਕਸਬੇ ਕੋਹਾਟ, ਜਿਥੇ ਇਹ ਭਾਣਾ ਵਰਤਿਆ, ਵਿਚ ਹੋਰ ਵੀ ਬਥੇਰੇ ਜਣੇ ਸਨ।
ਐਨ ਇਕ ਸਾਲ ਪਹਿਲਾਂ, ਐਮ.ਫਿਲ਼. ਗਰੈਜੂਏਟ ਹਿਨਾ ਸ਼ਾਹਨਵਾਜ਼ ਨੂੰ ਕਤਲ ਕਰ ਦਿੱਤਾ ਗਿਆ ਸੀ। ਹਿਨਾ ਸ਼ਾਹਨਵਾਜ਼ ਕਿਸੇ ਗ਼ੈਰ-ਸਰਕਾਰੀ ਸੰਸਥਾ (ਐਨ.ਜੀ.ਓ.) ਵਿਚ ਕੰਮ ਕਰਦੀ ਸੀ। ਆਪਣੇ ਭਰਾ ਦੀ ਮੌਤ ਤੋਂ ਬਾਅਦ ਉਹ ਆਪਣੀ ਵਿਧਵਾ ਅੰਮੀ ਅਤੇ ਭਰਜਾਈ ਨਾਲ ਰਹਿ ਰਹੀ ਸੀ। ਉਸ ਦਾ ਕਾਤਲ ਉਸ ਦਾ ਆਪਣਾ ਹੀ ਕਜ਼ਨ, ਮਹਿਬੂਬ ਆਲਮ ਸੀ, ਜਿਹੜਾ ਮੁਜਾਹਿਦ ਅਫ਼ਰੀਦੀ ਵਾਂਗ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਮਹਿਬੂਬ ਆਲਮ ਦੀ ਸ਼ਿਕਾਇਤ ਭਲਾ ਕੀ ਸੀ? ਗੱਲ ਇਹ ਸੀ ਕਿ ਉਹ ਹਿਨਾ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਸੀ ਅਤੇ ਹਿਨਾ ਨੇ ਸ਼ਾਦੀ ਦੀ ਤਜਵੀਜ਼ ਠੁਕਰਾ ਦਿੱਤੀ ਸੀ। ਇਹੀ ਨਹੀਂ, ਉਹ ਨੌਕਰੀ ਲਈ ਘਰ ਤੋਂ ਬਾਹਰ ਵੀ ਜਾਂਦੀ ਸੀ। ਇਸ ਕੇਸ ਵਿਚ ਆਲਮ ਬਾਅਦ ਵਿਚ ਫੜਿਆ ਗਿਆ ਅਤੇ ਉਸ ਨੂੰ ਸਜ਼ਾ ਵੀ ਮਿਲੀ, ਪਰ ਅਜਿਹੇ ਕੇਸਾਂ ਵਿਚੋਂ ਇਹ ਕੇਸ ਅਪਵਾਦ ਹੀ ਹੈ। ਅਜਿਹੇ ਬਥੇਰੇ ਕੇਸ ਹੋਣਗੇ ਜਿਨ੍ਹਾਂ ਵਿਚ ਕਾਤਲ ਸ਼ਰੇਆਮ ਦਨਦਨਾਉਂਦੇ ਘੁੰਮਦੇ ਹਨ। ਪਤਾ ਲੱਗਾ ਹੈ ਕਿ ਅਫਰੀਦੀ ਨੂੰ ਫਰਾਰ ਹੋਣ ਵਿਚ ਮਦਦ ਕਰਨ ਵਾਲੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ। ਇਸ ਬਾਰੇ ਕੁਝ ਦਿਨ ਖ਼ਬਰਾਂ ਛਪਣਗੀਆਂ ਅਤੇ ਫਿਰ ਹੌਲੀ ਹੌਲੀ ਕਰ ਕੇ ਪਹਿਲਾਂ ਵਾਂਗ ਸ਼ਾਂਤ ਹੋ ਜਾਵੇਗਾ। ਇਸ ਤਰ੍ਹਾਂ ਦੇ ਪਹਿਲੇ ਕੇਸਾਂ ਵਿਚ ਵੀ ਅਜਿਹਾ ਵਾਪਰਿਆ ਹੈ।
ਦੋ ਸਾਲ, ਦੋ ਕਤਲ ਅਤੇ ਦੋ ਔਰਤਾਂ ਜਿਨ੍ਹਾਂ ਦੀ ਆਵਾਜ਼ ਖ਼ਾਮੋਸ਼ ਕਰ ਦਿੱਤੀ ਗਈ। ਇਨ੍ਹਾਂ ਔਰਤਾਂ ਨੇ ਜੋ ਕੁਝ ਆਪਣੀ ਜ਼ਿੰਦਗੀ ਵਿਚ ਅਜੇ ਕਰਨਾ ਸੀ, ਉਸ ਨੂੰ ਯਕਲਖਤ ਵੱਢ ਮਾਰ ਦਿੱਤਾ ਗਿਆ। ਉਨ੍ਹਾਂ ਦਾ ਭਵਿੱਖ ਇਸ ਸਮਾਜ ਵਿਚ ਜੰਮੇ-ਪਲੇ ਉਨ੍ਹਾਂ ਮਰਦਾਂ ਵੱਲੋਂ ਮੇਟ ਦਿੱਤਾ ਗਿਆ ਜਿਨ੍ਹਾਂ ਦਾ ਇਹ ਵਿਸ਼ਵਾਸ ਹੈ ਕਿ ਔਰਤ ਉਨ੍ਹਾਂ ਨੂੰ ਕਦੀ ਨਾਂਹ ਨਹੀਂ ਕਰ ਸਕਦੀ। ਹੁਣ ਜਦੋਂ ਮੁਲਕ ਵਿਚ ਰੇਡੀਓ-ਟੈਲੀਵਜ਼ਨ ਅਤੇ ਅਖ਼ਬਾਰਾਂ ਵਿਚ ਇਸ ਬੇਕਸੂਰ ਮੁਟਿਆਰ ਦੀ ਮੌਤ ‘ਤੇ ਹਾਹਾਕਾਰ ਮੱਚੀ ਪਈ ਹੈ ਤਾਂ ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਅਜਿਹੇ ਕਾਰਿਆਂ ਲਈ ਸਮਾਜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਣ। ਮਰਦ ਪ੍ਰਧਾਨ ਸਮਾਜ ਜਿਸ ਰਾਹੀਂ ਇਸ ਮੁਲਕ ਦੇ ਮਰਦ ਇਹ ਜਚਾਉਂਦੇ ਹਨ ਕਿ ਕੋਈ ਵੀ, ਖਾਸਕਰ ਕੋਈ ਵੀ ਔਰਤ ਉਨ੍ਹਾਂ ਨੂੰ ਕਦੀ ਵੀ ਨਾਂਹ ਨਹੀਂ ਕਰ ਸਕੇਗੀ। ਮੁਲਕ ਵਿਚ ਔਰਤਾਂ ਅਤੇ ਬੱਚਿਆਂ ਉਤੇ ਜ਼ੁਲਮ ਲਗਾਤਾਰ ਜਾਰੀ ਹਨ।
ਅਸਮਾ ਰਾਣੀ ਦੇ ਕਤਲ ਦੇ ਹੌਲਨਾਕ ਵਰਤਾਰੇ ਅਤੇ ਉਸ ਦੇ ਆਖ਼ਰੀ ਪਲਾਂ ਵਾਲੀ ਭਿਆਨਕ ਵੀਡੀਓ ਦੇ ਬਾਵਜੂਦ, ਬਿਨਾਂ ਸ਼ੱਕ ਕਈ ਜਣੇ ਪੀੜਤਾ ਨੂੰ ਹੀ ਇਸ ਸਭ ਕਾਸੇ ਲਈ ਜ਼ਿੰਮੇਵਾਰ ਠਹਿਰਾਉਣਗੇ: ਜਿਹੜੀ ਪੜ੍ਹਾਈ ਕਰਨ ਲਈ ਉਹ ਕਿਸੇ ਦੂਜੇ ਸ਼ਹਿਰ ਕਿਉਂ ਗਈ ਸੀ ਅਤੇ ਉਸ ਨੇ ਕਿਸੇ ਮਰਦ ਨੂੰ ਨਾਂਹ ਕੀਤੀ ਸੀ। ਪਾਕਿਸਤਾਨ ਵਿਚ ਅਜਿਹੀ ਕੁੜੀ ਦੋਸ਼ੀ ਹੀ ਮੰਨੀ ਜਾਂਦੀ ਹੈ। ਅਸਮਾ ਰਾਣੀ ਅਤੇ ਹਿਨਾ ਸ਼ਾਹਨਵਾਜ਼ ਨੂੰ ਕਤਲ ਕਰ ਦਿੱਤਾ ਗਿਆ, ਪਰ ਜਿਹੜੀਆਂ ਬਚ ਗਈਆਂ, ਉਨ੍ਹਾਂ ਦਾ ਜੀਣਾ ਵੀ ਔਖਾ ਹੋਇਆ ਪਿਆ ਹੈ। ਇਹ ਕੁੜੀਆਂ ਇਸ ਸਮਾਜ ਵਿਚ ਜਿਊਂਦੀਆਂ ਹੋਈਆਂ ਵੀ ਮਰੀਆਂ ਸਮਾਨ ਹਨ। ਇਹ ਉਹ ਸਮਾਜ ਹੈ ਜਿਹੜਾ ਇਨ੍ਹਾਂ ਨੂੰ ਆਪਣੇ ਹੱਕ ਇਸਤੇਮਾਲ ਕਰਨ ਦੀ ਹੀ ਇਜਾਜ਼ਤ ਨਹੀਂ ਦਿੰਦਾ। ਨਾ ਹੀ ਇਨ੍ਹਾਂ ਨੂੰ ਨਾਂਹ ਕਰਨ ਦਾ ਅਖ਼ਤਿਆਰ ਦਿੰਦਾ ਹੈ।
ਇਸ ਲਈ, ਜਿਸ ਤਰ੍ਹਾਂ ਜ਼ੈਨਬ ਤੇ ਹਿਨਾ ਅਤੇ ਬਹੁਤ ਸਾਰੀਆਂ ਹੋਰ ਕੁੜੀਆਂ ਨੂੰ ਇਨਸਾਫ਼ ਨਹੀਂ ਮਿਲਿਆ, ਹੋਰ ਵੀ ਬਹੁਤ ਸਾਰੀਆਂ ਇਸੇ ਤਰ੍ਹਾਂ ਤੁਰ ਜਾਣਗੀਆਂ, ਇਨਸਾਫ਼ ਦੀ ਕਿਤੇ ਕੋਈ ਆਸ ਨਹੀਂ। ਪੁਲਿਸ ਆਪਣੀ ਕਹਾਣੀ ਪਾਏਗੀ, ਸਿਆਸਤਦਾਨ ਆਪਣੇ ਹਿਸਾਬ ਨਾਲ ਚੱਲਣਗੇ ਅਤੇ ਕੁਝ ਵੀ ਬਦਲੇਗਾ ਨਹੀਂ। ਖ਼ੈਬਰ ਪਖਤੂਨਖਵਾ ਅਸੈਂਬਲੀ ਵਿਚ “ਕਤਲ ਦੀ ਨਿੰਦਾ” ਵਾਲਾ ਮਤਾ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ; ਅਜਿਹੇ ਕੁਝ ਹੋਰ ਮਤੇ ਵੀ ਪਾਸ ਹੋ ਸਕਦੇ ਹਨ। ਝੂਠੇ ਦਿਲਾਸੇ ਦਿੱਤੇ ਜਾਣਗੇ ਅਤੇ ਕੁਝ ਮਰਦ ਇਹ ਜਚਾਉਣ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਔਰਤਾਂ ਖ਼ਿਲਾਫ਼ ਇਹ ਜੋ ਕੁਝ ਹੋ ਰਿਹਾ ਹੈ, ਬਹੁਤ ਮਾੜਾ ਲੱਗ ਰਿਹਾ ਹੈ। ਕੁਝ ਵੀ ਅਜਿਹਾ ਨਹੀਂ ਹੋਵੇਗਾ ਜਿਸ ਨਾਲ ਇਨਸਾਫ਼ ਮਿਲਣ ਦੀ ਕੋਈ ਸੰਭਾਵਨਾ ਬਣੇ ਅਤੇ ਕੋਈ ਅਜਿਹੀ ਮਿਸਾਲ ਕਾਇਮ ਹੋਵੇ ਜੋ ਔਰਤਾਂ ਖ਼ਿਲਾਫ਼ ਹੋ ਰਹੇ ਇਨ੍ਹਾਂ ਜ਼ੁਲਮਾਂ ਵਿਚਕਾਰ ਕੰਧ ਬਣ ਸਕੇ।
ਸਾਲ 2018 ਵਾਲੇ ਪਾਕਿਸਤਾਨ ਵਿਚ, ਤਬਦੀਲੀ ਦੀ ਕੋਈ ਉਮੀਦ ਘੱਟ ਹੀ ਦਿਸਦੀ ਹੈ। ਜਾਪਦਾ ਹੀ ਨਹੀਂ ਕਿ ਅਜਿਹੇ ਕਾਤਲਾਂ ਨੂੰ ਕੋਈ ਸਜ਼ਾ ਮਿਲ ਵੀ ਸਕੇਗੀ ਅਤੇ ਸਮਾਜ ਅੰਦਰ ਇਨ੍ਹਾਂ ਲੋਕਾਂ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਵਾਇਆ ਜਾਵੇਗਾ। ਇਸ ਦੀ ਥਾਂ, ਜਿਹੜੀਆਂ ਔਰਤਾਂ ਇਸ ਸਮਾਜ ਨੂੰ ਇੰਨਾ ਕੁਝ ਦਿੰਦੀਆਂ ਹਨ, ਉਨ੍ਹਾਂ ਨੂੰ ਆਪਣੀ ਗੱਲ ਤੱਕ ਕਹਿਣ ਦਾ ਹੱਕ ਨਹੀਂ ਹੈ, ਨਾ ਹੀ ਉਹ ਆਪਣੀ ਕੋਈ ਇੱਛਾ ਹੀ ਜ਼ਾਹਿਰ ਕਰ ਸਕਦੀਆਂ ਹਨ।
ਹੁਣ ਜਦੋਂ ਸਮੁੱਚਾ ਸੰਸਾਰ ਔਰਤਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਮਰਦਾਂ ਦੇ ਖ਼ਿਲਾਫ਼ ਅੰਦੋਲਨਾਂ ਅਤੇ ਜਦੋ-ਜਹਿਦਾਂ ਦੇ ਰੂ-ਬ-ਰੂ ਹੈ, ਤਾਂ ਪਾਕਿਸਤਾਨ ਉਨ੍ਹਾਂ ਨੂੰ ਮਾਣ-ਮਰਯਾਦਾ ਅਤੇ ਸਨਮਾਨ ਦੇਣ ਤੋਂ ਵੀ ਨਾਂਹ ਕਰ ਰਿਹਾ ਹੈ। ਅਸਮਾ ਰਾਣੀ ਇਸ ਸਨਮਾਨ ਖ਼ਾਤਿਰ ਮਰ ਗਈ। ਕਿਸੇ ਹੋਰ ਮੁਲਕ ਵਿਚ ਇਹ ਕੋਈ ਵੱਡਾ ਦੁਖਾਂਤ ਹੋਣਾ ਸੀ; ਪਾਕਿਸਤਾਨ ਵਿਚ ਇਹ ਆਮ ਜਿਹੀ ਕੋਈ ਗੱਲ ਬਣ ਕੇ ਰਹਿ ਗਈ ਹੈ। ਉਹੀ ਕੁਝ ਹੋ ਰਿਹਾ ਹੈ, ਜਿਸ ਤਰ੍ਹਾਂ ਮਰਦ ਚਾਹੁੰਦੇ ਹਨ।