ਔਰਤ ਤੇ ਗਧੇ ਦੇ ਯੌਨ-ਸਬੰਧ ਦਰਸਾਉਂਦੇ ਸ਼ਿਲਾਲੇਖ

ਸੁਰਿੰਦਰ ਸੋਹਲ

ਗੱਲ ਆਪਣੇ ਹੀ ਸ਼ਿਅਰਾਂ ਨਾਲ ਸ਼ੁਰੂ ਕਰਦਾ ਹਾਂ:
ਰੌਸ਼ਨੀ ਪੁਸਤਕਾਂ ‘ਚੋਂ ਝਰਦੀ ਹੈ,
ਕਿਉਂ ਨਾ ਆਖਾਂ ਮਸ਼ਾਲ ਸ਼ਬਦਾਂ ਨੂੰ।
ਵਕਤ ਦੀ ਗੋਦ ਵਿਚ ਨੇ ਜਾ ਸੁੱਤੇ,
ਹੋ ਸਕੇ ਤਾਂ ਉਠਾਲ ਸ਼ਬਦਾਂ ਨੂੰ।

ਰਾਜ਼ ਬੀਤੇ ‘ਚੋਂ ਖੋਦ ਲੈਂਦੇ ਨੇ,
ਤਾਂ ਹੀ ਸਮਝਾਂ ਕੁਦ੍ਹਾਲ ਸ਼ਬਦਾਂ ਨੂੰ।
ਸਵਾਮੀ ਧਰਮਾ ਤੀਰਥਾ ਦੀ ਅੰਗਰੇਜ਼ੀ ਕਿਤਾਬ ਦਾ ਸੋਢੀ ਸੁਲਤਾਨ ਸਿੰਘ ਵਲੋਂ ਕੀਤਾ ਪੰਜਾਬੀ ਅਨੁਵਾਦ ‘ਹਿੰਦੂ ਸਾਮਰਾਜਵਾਦ ਦਾ ਇਤਿਹਾਸ’ ਪੜ੍ਹਦਿਆਂ ਅਸਿੱਧੇ ਤੌਰ ‘ਤੇ ਅਣ-ਸੁਲਝੇ ਸਵਾਲ ਕਰਦੇ ਕੁਝ ਫਿਕਰੇ ਜ਼ਿਹਨ ਵਿਚ ਅਟਕੇ ਪਏ ਸਨ। ਪਿਛਲੇ ਦਿਨੀਂ ਬੀæ ਬੀæ ਸੀæ ਵਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਦਿਲ ਹਿਲਾ ਦੇਣ ਵਾਲੇ ਹਵਾਲੇ ਪੜ੍ਹ ਕੇ ਇਨ੍ਹਾਂ ਸਵਾਲਾਂ ਦੇ ਜਿੰਦਿਆਂ ਦੀ ਕੁੰਜੀ ਹੱਥ ਆਉਂਦੀ ਨਜ਼ਰ ਆਈ ਹੈ।
‘ਹਿੰਦੂ ਸਾਮਰਾਜਵਾਦ ਦਾ ਇਤਿਹਾਸ’ ਵਿਚ ਸਵਾਮੀ ਧਰਮਾ ਤੀਰਥਾ ਨੇ ਜ਼ਿਕਰ ਕੀਤਾ ਹੈ, “æææਇਸ ਤਰ੍ਹਾਂ ਬ੍ਰਾਹਮਣ ਆਪਣੇ ਆਪ ‘ਚ ਹੀ ਇਕ ਰਾਸ਼ਟਰ ਬਣ ਗਏ, ਜਿਨ੍ਹਾਂ ਦੀ ਦਿਲਚਸਪੀ ਧਾਰਮਕ ਅਤੇ ਸਮਾਜਕ ਸ਼ਾਸਨ ਦੇ ਨਾਲ-ਨਾਲ ਭਾਰਤੀ ਲੋਕਾਂ ਦਾ ਬੁਰੀ ਤਰ੍ਹਾਂ ਸ਼ੋਸ਼ਣ ਕਰਨ, ਉਨ੍ਹਾਂ ਨੂੰ ਦਬਾਉਣ, ਗੁਲਾਮ ਬਣਾਉਣ ‘ਚ ਸੀ। ਉਨ੍ਹਾਂ ਦਾ ਇਹ ਲਾਭ ਧਰਮ-ਪ੍ਰਚਾਰ ਨਹੀਂ ਸੀ ਕਰਦਾ, ਬਲਕਿ ਇਸ ਨੂੰ ਗੁਪਤ ਰੱਖ ਕੇ ਅਜਾਰੇਦਾਰੀ ਕਾਇਮ ਕਰਨ ‘ਚ ਯਕੀਨ ਰੱਖਦਾ ਸੀ।” (ਪੰਨਾ 104-105)
“ਸੱਤਵੀਂ ਸਦੀ ਤੋਂ ਵਿਕਸਿਤ ਹੋ ਕੇ ਲੋਕਾਂ ਨੂੰ ਮੂਰਖ ਅਤੇ ਪਾਗਲ ਬਣਾਉਣ ਵਾਲਾ ਤਾਂਤਰਿਕਵਾਦ ਗਿਆਰਵੀਂ ਸਦੀ ‘ਚ ਐਨ ਸਿਖਰ ‘ਤੇ ਜਾ ਪੁੱਜਾ, ਜੋ ਧਾਰਮਕ ਆਧਾਰ ‘ਤੇ ਜਾਦੂਗਰੀ, ਅੰਧ-ਵਿਸ਼ਵਾਸਾਂ, ਜਾਦੂ-ਟੂਣਿਆਂ ਨੂੰ ਮਨੁੱਖੀ ਜ਼ਿੰਦਗੀ ਦੇ ਅਟੁੱਟਵੇਂ ਅੰਗ, ਰੀਤੀ-ਰਿਵਾਜ ਮੰਨਦਾ ਸੀ।” (ਪੰਨਾ 150)
“8ਵੀਂ ਸਦੀ ਤੋਂ ਲੈ ਕੇ 10ਵੀਂ ਸਦੀ ਤੱਕ ਦਾ ਉਤਰ ਭਾਰਤ ਦਾ ਸਮਾਂ ਅਜਿਹੇ ਪੂਰੀ ਤਰ੍ਹਾਂ ਸੀਲ-ਬੰਦ ਲਿਫਾਫੇ ‘ਚ ਬੰਦ ਪਿਆ ਸਮਾਂ ਹੈ, ਜੋ ਮਾਨਵੀ ਬੁੱਧੀ ਦੀ ਪਹੁੰਚ ਤੋਂ ਬਾਹਰ ਦਾ ਹਨੇਰਾ ਹੈ ਅਤੇ ਜਿਸ ਤੱਕ ਹੁਣ ਪਹੁੰਚਣ ਦਾ ਕੋਈ ਰਸਤਾ ਵੀ ਨਹੀਂ ਹੈ।” (ਪੰਨਾ 175)
ਬੀæ ਬੀæ ਸੀæ ਦੀ ਰਿਪੋਰਟ ਪੜ੍ਹਨ ਤੋਂ ਬਾਅਦ ‘ਹਿੰਦੂ ਸਾਮਰਾਜਵਾਦ ਦਾ ਇਤਿਹਾਸ’ ਪੁਸਤਕ ਦੁਬਾਰਾ ਪੜ੍ਹੀ। ਆਪਣੇ ਵਲੋਂ ਥਾਂ-ਥਾਂ ਨਿਸ਼ਾਨ ਲਾ ਕੇ ‘ਹਾਈ-ਲਾਈਟ’ ਕੀਤੇ ਹਵਾਲੇ ਪੜ੍ਹ ਕੇ ਹੈਰਾਨੀ ਹੋਈ ਕਿ ਇਹ ਪੁਸਤਕ ਜਿਸ ਵਰਤਾਰੇ ਭਾਵ ਆਮ ਲੋਕਾਂ ਦੇ ਸ਼ੋਸ਼ਣ, ਅੰਧ-ਵਿਸ਼ਵਾਸ, ਦੱਬੇ ਪਏ ਇਤਿਹਾਸ ਵੱਲ ਇਸ਼ਾਰੇ ਕਰਦੀ ਹੈ, ਉਨ੍ਹਾਂ ਰਹੱਸਾਂ ਬਾਰੇ ਹੀ ਤਾਂ ਬੀæ ਬੀæ ਸੀæ ਦੀ ਰਿਪੋਰਟ ਚਾਨਣਾ ਪਾਉਂਦੀ ਹੈ। ਇਨ੍ਹਾਂ ਦਾ ਸੁਮੇਲ ਭਾਵੇਂ ਦੇਖਣ ਨੂੰ ਓਪਰਾ ਲੱਗੇ ਪਰ ਇਨ੍ਹਾਂ ਦੀਆਂ ਮਹੀਨ ਤੰਦਾਂ ਆਪਸ ਵਿਚ ਸਾਂਝੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮਹਾਰਾਸ਼ਟਰ ਵਿਚ ਬਹੁਤ ਹੀ ਘਿਨੌਣੇ ਚਿੱਤਰਾਂ ਵਾਲੇ ਸ਼ਿਲਾਲੇਖ ਮਿਲਣ ਬਾਰੇ ਬੀæ ਬੀæ ਸੀæ ਦੀ ਇਹ ਰਿਪੋਰਟ ਦਸਦੀ ਹੈ ਕਿ ਇਨ੍ਹਾਂ ਸ਼ਿਲਾਲੇਖਾਂ ਵਿਚ ਔਰਤ ਨਾਲ ਗਧੇ ਨੂੰ ਯੌਨ-ਸਬੰਧ ਬਣਾਉਂਦੇ ਦਰਸਾਇਆ ਗਿਆ ਹੈ। ਇਹ ਸ਼ਿਲਾਲੇਖ 10ਵੀਂ ਤੇ 11ਵੀਂ ਸਦੀ ਦੇ ਮੰਨੇ ਗਏ ਹਨ। ਪੁਰਾਤੱਤਵ-ਵਿਗਿਆਨੀ ਇਨ੍ਹਾਂ ਬਾਰੇ ਖੋਜ ਕਰ ਰਹੇ ਹਨ ਅਤੇ ਇਨ੍ਹਾਂ ਦੇ ਅਰਥਾਂ ਦੀ ਗਹਿਰਾਈ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਨ। ‘ਗਧੇਗਾਲ’ ਨਾਂ ਨਾਲ ਜਾਣੇ ਜਾਂਦੇ ਇਨ੍ਹਾਂ ਸ਼ਿਲਾਲੇਖਾਂ ਬਾਰੇ ਕਿਹਾ ਗਿਆ ਹੈ ਕਿ ਇਹ ਕੋਈ ‘ਰੁਮਾਨੀਅਤ’ ਨਹੀਂ, ਸਗੋਂ ਅਜਿਹਾ ਕਰਨ ਦਾ ਔਰਤ ਨੂੰ ਹੁਕਮ ਦਿੱਤਾ ਜਾਂਦਾ ਸੀ ਅਤੇ ਔਰਤ ਦੇ ਪਰਿਵਾਰ ਲਈ ਇਹ ਇਕ ਤਰ੍ਹਾਂ ਦੀ ਸਜ਼ਾ ਸੀ।
ਇਹ ਸ਼ਿਲਾਲੇਖ ਦਰਸਾਉਂਦੇ ਹਨ ਕਿ ਜੇ ਰਾਜੇ ਦਾ ਹੁਕਮ ਨਾ ਮੰਨਿਆ ਤਾਂ ਪਰਿਵਾਰ ਦੀ ਔਰਤ ਨਾਲ ਅਜਿਹਾ ਵਰਤਾਓ ਕੀਤਾ ਜਾ ਸਕਦਾ ਹੈ। ਪੁਰਾਤੱਤਵ-ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਵੇਂ ਅਜਿਹੀ ਸਜ਼ਾ ਦੇਣ ਦਾ ਕੋਈ ਸਬੂਤ ਨਹੀਂ, ਪਰ ਫਿਰ ਵੀ ਇਸ ਨਾਲ ਔਰਤਾਂ ਦੇ ਹਾਸ਼ੀਏ ‘ਤੇ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ।
ਰਿਪੋਰਟ ਮੁਤਾਬਕ ਮੱਧਕਾਲੀਨ ਦੌਰ ਦੇ ਮੰਦਿਰ, ਤਾਮਰ-ਪੱਤਰ ਅਤੇ ਮਰਾਠੀ ਭਾਸ਼ਾ ਵਿਚ ਕਈ ਦਸਤਾਵੇਜ਼ ਇਸ ਅਣਕਹੇ ਇਤਿਹਾਸ ਨੂੰ ਉਜਾਗਰ ਕਰਦੇ ਨੇ। ਵਿਸ਼ੇਸ਼ ਤੌਰ ‘ਤੇ ਬਲੈਕ ਬੇਸਲਟ ਵਿਚ ਬਣੇ ਮੰਦਿਰ ਅਤੇ ਸ਼ਿਲਾਲੇਖ ਨਾ ਸਿਰਫ ਉਸ ਦੌਰ ਦਾ ਇਤਿਹਾਸ ਸਾਡੇ ਸਾਹਮਣੇ ਲਿਆਉਂਦੇ ਨੇ ਸਗੋਂ ਉਸ ਵੇਲੇ ਦੇ ਸਮਾਜਕ, ਰਾਜਨੀਤਕ ਅਤੇ ਆਰਥਕ ਹਾਲਾਤ ਵੀ ਦਰਸਾਉਂਦੇ ਨੇ।
ਰਿਪੋਰਟ ਮੁਤਾਬਕ ‘ਗਧੇਗਾਲ’ ਨਾਮੀ ਸ਼ਿਲਾਲੇਖ ਇਸ ਗੱਲ ਦਾ ਪੁਖਤਾ ਸਬੂਤ ਹਨ। ਇਹ ਸ਼ਿਲਾਲੇਖ 10ਵੀਂ ਸਦੀ ਵਿਚ ਮਹਾਰਾਸ਼ਟਰ ਦੇ ਸ਼ਿਲਾਹਾਰ ਸਮਰਾਜ ਨਾਲ ਸਬੰਧ ਰਖਦੇ ਹਨ। ਇਹ ਇਕ ਤਰ੍ਹਾਂ ਨਾਲ ਇਸ ਗੱਲ ਦਾ ਲਿਖਤੀ ਸਬੂਤ ਹੈ ਕਿ ਉਸ ਦੌਰ ਵਿਚ ਰਾਜੇ ਦਾ ਹੁਕਮ ਅਤੇ ਸਮਾਜ ਵਿਚ ਔਰਤਾਂ ਦੀ ਸਥਿਤੀ ਕਿਹੋ ਜਿਹੀ ਸੀ।
ਬੰਬਈ ਵਿਚ ਰਹਿਣ ਵਾਲੀ ਨੌਜਵਾਨ ਪੁਰਾਤੱਤਵ-ਵਿਗਿਆਨੀ ਹਰਸ਼ਦਾ ਵਿਰਕੁਡ ‘ਗਧੇਗਾਲ’ ਵਿਸ਼ੇ ‘ਤੇ ਪੀਐਚæ ਡੀæ ਕਰ ਰਹੀ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਮਹਾਰਾਸ਼ਟਰ ਤੇ ਹੋਰ ਸੂਬਿਆਂ ਵਿਚ ਮਿਲਣ ਵਾਲੇ ਗਧੇਗਾਲ ਸ਼ਿਲਾਲੇਖਾਂ ‘ਤੇ ਖੋਜ ਕਰ ਰਹੀ ਹੈ।
ਉਸ ਦਾ ਕਹਿਣਾ ਹੈ, “ਗਧੇਗਾਲ ਇਕ ਪ੍ਰਕਾਰ ਦਾ ਸ਼ਿਲਾਲੇਖ ਹੈ। ਇਹ ਤਿੰਨ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਉਪਰਲੇ ਹਿੱਸੇ ਵਿਚ ਚੰਦ, ਸੂਰਜ ਅਤੇ ਕਲਸ਼ ਬਣਿਆ ਹੋਇਆ ਹੈ। ਵਿਚਕਾਰਲੇ ਹਿੱਸੇ ਵਿਚ ਇਕ ਲਿਖਤ ਹੁੰਦੀ ਹੈ। ਹੇਠਲੇ ਭਾਗ ਵਿਚ ਇਕ ਚਿੱਤਰ ਉਕਰਿਆ ਹੁੰਦਾ ਹੈ, ਜਿਸ ਵਿਚ ਔਰਤ ਅਤੇ ਗਧੇ ਦੇ ਯੌਨ ਸਬੰਧ ਦਰਸਾਏ ਜਾਂਦੇ ਹਨæææ।”
“ਸ਼ਿਲਾਲੇਖ ਦੇ ਵਿਚਕਾਰਲੇ ਹਿੱਸੇ ਵਿਚ ਦਰਜ ਲਿਖਤ ਤੇ ਹੇਠਲੇ ਹਿੱਸੇ ਵਿਚ ਬਣੇ ਚਿੱਤਰ ਕਾਰਨ ਹੀ ਇਸ ਨੂੰ ‘ਗਧੇਗਾਲ’ ਕਿਹਾ ਜਾਂਦਾ ਹੈ। ਜਦੋਂ ਕੋਈ ਵਿਅਕਤੀ ਰਾਜੇ ਦਾ ਹੁਕਮ ਨਹੀਂ ਸੀ ਮੰਨਦਾ ਤਾਂ ਉਸ ਦੇ ਪਰਿਵਾਰ ਦੀ ਕਿਸੇ ਔਰਤ ਨੂੰ ਦੁੱਖ ਦਿੱਤਾ ਜਾਂਦਾ ਸੀ। ਇਹ ਇਕ ਤਰ੍ਹਾਂ ਦੀ ਸਜ਼ਾ ਸੀ।”
ਗਧੇਗਾਲ ਦੇ ਉਪਰਲੇ ਹਿੱਸੇ ਵਿਚ ਬਣੇ ਚੰਦ-ਸੂਰਜ ਬਾਰੇ ਉਸ ਦਾ ਕਹਿਣਾ ਹੈ, “ਇਹ ਤਸਵੀਰਾਂ ਦੱਸਦੀਆਂ ਨੇ ਕਿ ਰਾਜੇ ਦਾ ਹੁਕਮ ਉਦੋਂ ਤੱਕ ਮੰਨਿਆ ਜਾਵੇਗਾ, ਜਦੋਂ ਤੱਕ ਸੂਰਜ-ਚੰਦ ਰਹਿਣਗੇ।”
ਹਰਸ਼ਦਾ ਮੁਤਾਬਕ “ਸਭ ਤੋਂ ਪਹਿਲਾ ਗਧੇਗਾਲ ਸ਼ਿਲਾਲੇਖ ਮਹਾਰਾਸ਼ਟਰ ਵਿਚ ਲੱਭਾ ਸੀ, ਜਿਸ ਦਾ ਸਮਾਂ 934 ਈæ ਤੋਂ 1012 ਈæ ਵਿਚਕਾਰ ਹੈ। ਸਭ ਤੋਂ ਪਹਿਲਾਂ ਸ਼ਿਲਾਹਾਰ ਦੇ ਰਾਜੇ ਕਾਸ਼ੀਦੇਵ ਨੇ ਗਧੇਗਾਲ ਬਣਵਾਇਆ ਸੀ ਜੋ ਮਹਾਰਾਸ਼ਟਰ ਦੇ ਰਾਇਗੜ ਜ਼ਿਲ੍ਹੇ ਵਿਚ ਸੀ। ਲਗਪਗ 50 ਪ੍ਰਤੀਸ਼ਤ ਗਧੇਗਾਲ ਸ਼ਿਲਾਲੇਖ ਸ਼ਿਲਾਹਾਰ ਰਾਜਵੰਸ਼ ਵੇਲੇ ਹੀ ਬਣਵਾਏ ਗਏ। 30 ਪ੍ਰਤੀਸ਼ਤ ਗਧੇਗਾਲ ਯਾਦਵ, ਕਦੰਬ, ਚਾਲੁਕਿਆ ਅਤੇ ਬਹਿਮਨੀ ਸਾਮਰਾਜਾਂ ਵੇਲੇ ਬਣਵਾਏ ਗਏ।”
ਹਰਸ਼ਦਾ ਅਨੁਸਾਰ “150 ਤੋਂ ਵੱਧ ਗਧੇਗਾਲ ਸ਼ਿਲਾਲੇਖਾਂ ‘ਤੇ ਖੋਜ ਕਰਨ ਤੋਂ ਬਾਅਦ ਮੈਨੂੰ ਇਹ ਸੱਚ ਪਤਾ ਲੱਗਾ ਕਿ ਗਧੇਗਾਲ ਦਾ ਸਬੰਧ ਔਰਤ ਦੀ ਸਮਾਜਕ ਸਥਿਤੀ ਬਾਰੇ ਹੈ।æææਜੇ ਗਧੇਗਾਲ ਨੂੰ ਸਮਝਣਾ ਹੈ ਤਾਂ ਉਸ ਵੇਲੇ ਦੇ ਹਾਲਾਤ ਨੂੰ ਸਮਝਣਾ ਪਏਗਾ। ਉਸ ਵੇਲੇ ਸਮਾਜ ਦੇ ਹਾਲਾਤ ਬਹੁਤ ਬੁਰੇ ਸਨ। ਸਾਮਰਾਜਾਂ ਵਿਚ ਸੱਤਾ ਵਾਸਤੇ ਯੁਧ ਹੋ ਰਹੇ ਸਨ। ਸਾਮੰਤਵਾਦੀ ਰਾਜੇ ਆਪਣੀ ਤਾਕਤ ਵਧਾਉਣਾ ਚਾਹੁੰਦੇ ਸਨ ਅਤੇ ਲੋਕਾਂ ‘ਤੇ ਆਪਣੀ ਸੱਤਾ ਕਾਬਜ਼ ਕਰਨ ਦੇ ਯਤਨਾਂ ਵਿਚ ਸਨ।”
“ਸਮਾਜ ਵਿਚ ਜਾਤੀਵਾਦ ਅਤੇ ਵਰਣ-ਵਿਵਸਥਾ ਫੈਲੀ ਹੋਈ ਸੀ। ਅੰਧਵਿਸ਼ਵਾਸ ਆਪਣੀ ਚਰਮ-ਸੀਮਾ ‘ਤੇ ਸੀ। ਇਸ ਹਾਲਾਤ ਵਿਚ ਔਰਤ ਦੀ ਹਾਲਤ ਬਹੁਤ ਬਦਤਰ ਸੀ।æææਔਰਤਾਂ ਨੂੰ ਭਾਵੇਂ ਮਾਂ, ਪਤਨੀ, ਭੈਣ, ਇੱਥੋਂ ਤੱਕ ਕਿ ਦੇਵੀ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਸੀ, ਪਰ ਸਮਾਜ ਵਿਚ ਉਸ ਦਾ ਕੋਈ ਸਥਾਨ ਨਹੀਂ ਸੀ। ਇਹੀ ਵਜ੍ਹਾ ਹੈ ਕਿ ਔਰਤਾਂ ਦੀ ਇਸ ਤਰ੍ਹਾਂ ਦੀ ਛਬੀ ਸ਼ਿਲਾਲੇਖਾਂ ‘ਤੇ ਉਕਰੀ ਗਈ।”
“ਇਹ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਪਰਿਵਾਰ ਦੀ ਔਰਤ ਨਾਲ ਅਜਿਹਾ ਘਿਨੌਣਾ ਵਿਹਾਰ ਕੀਤਾ ਜਾਵੇਗਾ ਤਾਂ ਸਮਾਜ ਵਿਚ ਉਸ ਪਰਿਵਾਰ ਦੀ ਇੱਜਤ-ਅਣਖ ਮਿੱਟੀ ਵਿਚ ਮਿਲ ਜਾਏਗੀ। ਇਹੀ ਕਾਰਨ ਹੈ ਕਿ ਕੋਈ ਵੀ ਰਾਜੇ ਦਾ ਹੁਕਮ ਮੰਨਣ ਤੋਂ ਇਨਕਾਰ ਨਹੀਂ ਸੀ ਕਰ ਸਕਦਾ। ਸਾਨੂੰ ਇਹ ਤਾਂ ਨਹੀਂ ਪਤਾ ਕਿ ਇਸ ਤਰ੍ਹਾਂ ਦੀ ਸਜ਼ਾ ਕਦੇ ਦਿੱਤੀ ਵੀ ਗਈ ਕਿ ਨਹੀਂ, ਪਰ ਇਹ ਰਾਜੇ ਵਲੋਂ ਦਿੱਤੀ ਗਈ ਖੁੱਲ੍ਹੀ ਧਮਕੀ ਸੀ।”
ਰਿਪੋਰਟ ਮੁਤਾਬਕ ਇਸ ਤਰ੍ਹਾਂ ਦੇ ਸ਼ਿਲਾਲੇਖ ਸਿਰਫ ਮਹਾਰਾਸ਼ਟਰ ਵਿਚ ਹੀ ਨਹੀਂ ਸਗੋਂ ਬਿਹਾਰ ਅਤੇ ਉਤਰ ਭਾਰਤ ਦੇ ਹੋਰਾਂ ਸੂਬਿਆਂ ਵਿਚ ਵੀ ਮਿਲਦੇ ਹਨ, ਭਾਵੇਂ ਇਹ ਸ਼ਿਲਾਲੇਖ ਗਧੇਗਾਲ ਵਰਗੇ ਨਹੀਂ ਪਰ ਉਨ੍ਹਾਂ ਵਿਚ ਵੀ ਰਾਜੇ ਵਲੋਂ ਆਮ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਸੰਦੇਸ਼ ਮਿਲਦੇ ਹਨ।
ਇਸ ਵਿਸ਼ੇ ਬਾਰੇ ਡਾæ ਕੁਰੂਸ਼ ਦਲਾਲ ਦੱਸਦੇ ਹਨ, “ਇਸ ਗਧੇਗਾਲ ਸ਼ਿਲਾਲੇਖ ਨਾਲ ਕਈ ਅੰਧਵਿਸ਼ਵਾਸ ਘੜੇ ਗਏ। ਕੁਝ ਲੋਕਾਂ ਨੇ ਤਾਂ ਇਸ ਨੂੰ ਅਪਸ਼ਗਨ ਨਾਲ ਜੋੜ ਕੇ ਦੇਖਿਆ ਤਾਂ ਕੁਝ ਨੇ ਇਨ੍ਹਾਂ ਦੀ ਪੂਜਾ ਕਰਨ ਦੀ ਸੋਚੀ। ਕਈ ਲੋਕਾਂ ਨੂੰ ਲੱਗਿਆ ਕਿ ਇਹ ਸ਼ਿਲਾਲੇਖ ਦੇਵੀ-ਦੇਵਤਿਆਂ ਨੂੰ ਦਰਸਾ ਰਹੇ ਨੇ। ਕੁਝ ਲੋਕਾਂ ਨੇ ਇਨ੍ਹਾਂ ਨੂੰ ਤੋੜ ਵੀ ਸੁਟਿਆ ਕਿਉਂਕਿ ਇਹ ਕੋਈ ਸ਼ੁਭ ਸੰਦੇਸ਼ ਨਹੀਂ ਸਨ ਦਿੰਦੇ।”
ਸਵਾਮੀ ਧਰਮਾ ਤੀਰਥਾ ਦੀ ਪੁਸਤਕ ਵਿਚ ਜਿਸ ਸਮੇਂ ਨੂੰ ਸੀਲ-ਬੰਦ ਲਿਫਾਫੇ ਵਿਚ ਪਿਆ ਕਿਹਾ ਗਿਆ ਸੀ, ਇਸ ਰਿਪੋਰਟ ਨਾਲ ਉਨ੍ਹਾਂ ਸੀਲਾਂ ਨੂੰ ਨਾ ਸਿਰਫ ਜ਼ਰਬ ਆਈ ਹੈ, ਸਗੋਂ ਉਨ੍ਹਾਂ ਅੰਦਰ ਪਏ ਭੇਤ ਨਰਸਿੰਘ ਵਾਂਗ ਅਤੀਤ ਦਾ ਥੰਮ ਪਾੜ ਕੇ ਬਾਹਰ ਆਉਣੇ ਸ਼ੁਰੂ ਹੋ ਗਏ ਹਨ, ਉਹ ਵੀ ਉਸ ਸਮੇਂ ਜਦੋਂ ਭਾਰਤ ਦੀ ਰਾਜਨੀਤੀ ਨੂੰ ਖਾਸ ਰੰਗ ਵਿਚ ਰੰਗਿਆ ਜਾ ਰਿਹਾ ਹੈ।
ਮੁਨੱਵਰ ਰਾਣਾ ਠੀਕ ਹੀ ਕਹਿੰਦੇ ਨੇ:
ਹੁਕੂਮਤ ਕੀ ਤਵੱਜੋ ਚਾਹਤੀ ਹੈ ਯੇ ਜਲੀ ਬਸਤੀ,
ਅਦਾਲਤ ਪੂਛਨਾ ਚਾਹੇ ਤੋ ਮਲਬਾ ਬੋਲ ਸਕਤਾ ਹੈ।