ਹਿਉਰਾਨ ਲੇਕ-ਦੇਖ ਦੇਖ ਮਨ ਹਰਖੇ

ਬਲਜੀਤ ਬਾਸੀ
ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਅਮਰੀਕਾ ਵਿਚ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ‘ਝੀਲਾਂ ਵਾਲੀ ਸਟੇਟ’ ਮਿਸ਼ੀਗਨ ਵਿਚ ਰਹਿਣ ਦਾ ਮੌਕਾ ਮਿਲਿਆ ਹੈ। ਇਹ ਰਾਜ ਤਾਜ਼ੇ ਪਾਣੀ ਦੀਆਂ 65000 ਦੇ ਲਗਭਗ ਝੀਲਾਂ ਤੇ ਛੱਪੜਾਂ ਨਾਲ ਸਿਰੇ ਤਕ ਸਰਸ਼ਾਰ ਹੋਇਆ ਪਿਆ ਹੈ। ਪੰਜ ਮਹਾਂ ਝੀਲਾਂ ਵਿਚੋਂ 4 ਇਸ ਦੇ ਆਲੇ-ਦੁਆਲੇ ਵਲੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ 3 ਦੁਨੀਆਂ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿਚ ਸ਼ੁਮਾਰ ਹੁੰਦੀਆਂ ਹਨ। ਲੇਕ ਸੁਪੀਰੀਅਰ ਇਸ ਦੇ ਸਿਰ ਦਾ ਤਾਜ ਹੈ ਤੇ ਲੇਕ ਮਿਸ਼ੀਗਨ ਅਤੇ ਲੇਕ ਹਿਉਰਾਨ ਨੇ ਇਸ ਦੇ ਪੱਛਮ ਤੇ ਪੂਰਬ ਵਾਲੇ ਪਾਸੇ ਗਲਵਕੜੀ ਪਾਈ ਹੋਈ ਹੈ। ਲੇਕ ਐਰੀ ਇਸ ਦੇ ਪੈਰਾਂ ‘ਚ ਵਿਛੀ ਪਈ ਹੈ। ਮਿਸ਼ੀਗਨ ਵਿਚ ਕਿਸੇ ਵੀ ਥਾਂ ਅਤੇ ਵਧ ਤੋਂ ਵਧ ਛੇ ਮੀਲ ਦੀ ਦੂਰੀ ‘ਤੇ ਝੀਲ ਮਿਲ ਜਾਂਦੀ ਹੈ।
ਹਰ ਗਰਮੀਆਂ ਵਿਚ ਇਕ ਦੋ ਵਾਰੀ ਜ਼ਰੂਰ ਇਨ੍ਹਾਂ ਲੇਕਾਂ ਦਾ ਲੰਮਾ ਗੇੜਾ ਮਾਰੀਦਾ ਹੈ। ਭਾਰਤ ਵਿਚ ਰਹਿੰਦਿਆਂ ਮੈਨੂੰ ਪਹਾੜ ਦੇਖਣ ਦਾ ਭੁਸ ਪੈ ਗਿਆ ਸੀ। ਕਸ਼ਮੀਰ 4-5 ਵਾਰ ਜਾ ਆਇਆ ਹਾਂ। ਡੱਲ, ਵੁਲਰ ਤੇ ਜੈਸਮੀਨ ਝੀਲਾਂ ਚੇਤੇ ਵਿਚ ਉਕਰੀਆਂ ਪਈਆਂ ਹਨ। ਬਾਕੀ ਹਿਮਾਚਲ ਜਾਂ ਉਤਰਾਖੰਡ ਦਾ ਕੋਈ ਪਹਾੜ ਛੱਡਿਆ ਨਹੀਂ। ਸਾਡੇ ਡਿਟਰਾਇਟ ਸ਼ਹਿਰ ਦੇ ਨਾਲ ਲਗਦਾ ਪੂਰਬ ਵੱਲ ਕੈਨੇਡਾ ਦਾ ਮਸ਼ਹੂਰ ਸ਼ਹਿਰ ਵਿੰਡਸਰ ਹੈ। ਡਿਟਰਾਇਟ-ਵਿੰਡਸਰ ਜੌੜੇ ਸ਼ਹਿਰਾਂ ਵਜੋਂ ਜਾਣੇ ਜਾਂਦੇ ਹਨ। ਦੋਨਾਂ ਸ਼ਹਿਰਾਂ ਦੇ ਵਿਚਕਾਰ ਦੀ ਡਿਟਰਾਇਟ ਦਰਿਆ ਵਗਦਾ ਹੈ ਤੇ ਇਸ ਪਾਸਿਉਂ ਇਹੀ ਅਮਰੀਕਾ-ਕੈਨੇਡਾ ਦੀ ਸਰਹੱਦ ਵੀ ਹੈ। ਅਸਲ ਵਿਚ ਇਹ ਦਰਿਆ ਉਪਰਲੀ ਲੇਕ ਹਿਉਰਾਨ ਤੇ ਹੇਠਲੀ ਲੇਕ ਐਰੀ ਨੂੰ ਜੋੜਦਾ ਵੀ ਹੈ ਇਸ ਲਈ ਇਸ ਨੂੰ ਜੁਗਰਾਫੀਏ ਅਨੁਸਾਰ ਪੰਜਾਬੀ ਵਿਚ ਜਲ-ਡਮਰੂ-ਮਧ ਵੀ ਆਖਦੇ ਹਨ ਅਰਥਾਤ ਦੋ ਝੀਲਾਂ ਨੂੰ ਜੋੜਨ ਵਾਲਾ ਪਾਣੀ।
ਪਿਛਲੀਆਂ ਗਰਮੀਆਂ ‘ਚ ਲੇਕ ਹਿਉਰਾਨ ਦਾ ਚੱਕਰ ਮਾਰਿਆ, ਇਸ ਲਈ ਇਸ ਬਾਰੇ ਲਿਖਣ ਦਾ ਮਨ ਬਣਿਆ। ਲੇਕ ਹਿਉਰਾਨ ਰਕਬੇ ਪੱਖੋਂ ਪੰਜ ਵੱਡੀਆਂ ਲੇਕਾਂ ਵਿਚੋਂ ਦੂਜੇ ਨੰਬਰ ‘ਤੇ ਹੈ। ਯੂਰਪੀਨਾਂ ਵਿਚੋਂ ਸਭ ਤੋਂ ਪਹਿਲਾਂ ਫਰਾਂਸੀਸੀ 17ਵੀਂ ਸਦੀ ਦੇ ਸ਼ੁਰੂ ਵਿਚ ਇਸ ਖੇਤਰ ਵਿਚ ਆਏ। ਉਹ ਜਾਨਵਰਾਂ ਦੀ ਖੱਲ ਲਭਦੇ ਫਿਰਦੇ ਸਨ। 1656 ਦੇ ਇਕ ਨਕਸ਼ੇ ਮੁਤਾਬਿਕ ਇਸ ਝੀਲ ਨੂੰ ਕਰੇਗਨੋਂਦੀ ਦੱਸਿਆ ਗਿਆ ਹੈ ਜੋ ਇਥੋਂ ਦੇ ਮੂਲ ਬਾਸਿੰæਦਿਆਂ ਵੈਨਡਟ ਦੀ ਭਾਸ਼ਾ ਦਾ ਸ਼ਬਦ ਹੈ। ਇਸ ਦੇ ਅਰਥ ਤਾਜ਼ੇ ਪਾਣੀ ਵਾਲਾ ਸਮੁੰਦਰ ਦੱਸਿਆ ਜਾਂਦਾ ਹੈ। ਇਥੇ ਰਹਿਣ ਵਾਲੇ ਅਸਲੀ ਵਸਨੀਕਾਂ ਨੂੰ ਫਰਾਂਸੀਸੀ ਨੌਅਬਾਦਕਾਰਾਂ ਨੇ ‘ਹਿਉਰਾਨ’ ਦਾ ਨਾਂ ਦਿੱਤਾ ਸੀ। ਫਰਾਂਸੀਸੀ ਵਿਚ ੁਨe ਹੁਰe ਦਾ ਮਤਲਬ ਹੈ, ਖੜਵਾਂ ਵਾਲ। ਇਸ ਦਾ ਵਿਕਸਿਤ ਅਰਥ ਜਾਨਵਰ ਦਾ ਸਿਰ ਤੇ ਫਿਰ ਜਾਨਵਰ ਵਰਗਾ ਮਨੁਖੀ ਸਿਰ ਹੋ ਗਿਆ। ਫਰਾਂਸੀਸੀ ਵਿਚ ਕਿਸੇ ਸ਼ਬਦ ਦੇ ਪਿਛੇ ਜੇ -ੋਨ ਲੱਗ ਜਾਵੇ ਤਾਂ ਇਹ ਸੰਕੇਤਿਤ ਵਸਤੂ ਦੇ ਵਡਰੂਪ ਦਾ ਸੂਚਕ ਬਣ ਜਾਂਦਾ ਹੈ। ਸੋ ਫਰਾਂਸੀਸੀ ਹੁਰੋ ਪਿਛੇ ੋਨ ਲਗ ਕੇ ਬਣੇ ਸ਼ਬਦ ਹੁਰੋਨ ਦਾ ਅਰਥ ਬਣਿਆ-ਵਾਲਾਂ ਦਾ ਗੁਛਾ। ਪੁਰਾਣੀ ਫਰਾਂਸੀਸੀ ਵਿਚ ਇਸ ਦਾ ਅਰਥ ਜੰਗਲੀ ਸੂਰ ਵੀ ਹੋ ਗਿਆ ਕਿਉਂਕਿ ਇਸ ਦੇ ਸਿਰ ‘ਤੇ ਗੁਛੇਦਾਰ ਵਾਲ ਹੁੰਦੇ ਹਨ। ਕਿਸੇ ਊਟ-ਪਟਾਂਗ ਜਾਂ ਅਸਾਧਾਰਨ ਜਿਹੀ ਸ਼ਕਲ ਵਾਲੇ ਮਨੁਖ ਜਾਂ ਜਾਨਵਰ ਦਾ ਉਜੱਡ, ਝੁਡੂ ਦੇ ਅਰਥਾਂ ਵਿਚ ਵਟਣਾ ਆਮ ਗੱਲ ਹੈ। ਪੰਜਾਬੀ ਵਿਚ ਖੁਥੜ, ਝਾਟੂ, ਝਲਕੁਕੜ, ਬੂਝੜ ਜਿਹੇ ਸ਼ਬਦਾਂ ਦੇ ਭਾਵ ਇਹੀ ਹਨ। ਇਕ ਦੰਦ ਕਥਾ ਅਨੁਸਾਰ ਕੁਝ ਫਰਾਂਸੀਸੀ ਸਿਪਾਹੀਆਂ ਨੇ ਘੁੰਮਦੇ-ਘੁੰਮਾਉਂਦਿਆਂ ਇਸ ਲੇਕ ਦੇ ਆਸ-ਪਾਸ ਲੋਕਾਂ ਦਾ ਝੁੰਡ ਦੇਖਿਆ। ਇਨ੍ਹਾਂ ਨੇ ਪਾਸਿਆਂ ਤੋਂ ਵਾਲ ਮੁੰਨੇ ਹੋਏ ਸਨ ਪਰ ਸਿਰ ਉਪਰ ਝਾਟਾ ਖਿਲਾਰਿਆ ਹੋਇਆ ਸੀ। ਇਸ ਸ਼ਕਲ ਵਿਚ ਉਹ ਫਰੰਗੀਆਂ ਨੂੰ ਜੰਗਲੀ ਸੂਰ ਜਾਂ ਗੰਵਾਰ ਜਾਪੇ ਹੋਣਗੇ। ਸੈਨਿਕਾਂ ਨੇ ਉਨ੍ਹਾਂ ਨੂੰ ਹਿਉਰਾਨ ਦਾ ਨਾਂ ਦਿੱਤਾ ਹਾਲਾਂਕਿ ਇਹ ਆਦਿ ਵਾਸੀ ਆਪਣੇ ਆਪ ਨੂੰ ਆਪਣੀ ਭਾਸ਼ਾ ਵਿਚ ੱeਨਦਅਟ ਕਹਾਉਂਦੇ ਸਨ ਜਿਸ ਦਾ ਮਤਲਬ ਹੈ-ਟਾਪੂਵਾਸੀ। ਫਰਾਂਸੀਸੀ ਇਸ ਲੇਕ ਦੇ ਆਸ ਪਾਸ ਦੇ ਖਿਤੇ ਨੂੰ ‘ਹਿਰੋਨੀਆ’ ਕਹਿਣ ਲੱਗ ਪਏ। ਯੂਰਪੀਨ ਵਪਾਰੀਆਂ, ਫੌਜੀਆਂ ਤੇ ਨੌਆਬਾਦਕਾਰਾਂ ਨੇ ਏਸ਼ੀਆ, ਅਫਰੀਕਾ ਅਤੇ ਅਮਰੀਕਾ ਦੇ ਅਸਲੀ ਵਾਸੀਆਂ ਲਈ ਬਹੁਤ ਘ੍ਰਿਣਾਸੂਚਕ ਲਕਬਾਂ ਦੀ ਵਰਤੋਂ ਕੀਤੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਸਾਈ ਮਿਸ਼ਨਰੀ ਜੈਸੂਟ ਅਜਿਹੇ ਅਣਮਨੁਖੀ ਕਰਮਾਂ ਵਿਚ ਪਹਿਲ ਕਰਦੇ ਸਨ।
ਹਿਉਰਾਨ ਉਰਫ ਵੈਂਡਟਾਂ ਦੇ ਲੰਬੂਤਰੇ ਜਿਹੇ ਘਰਾਂ ਵਿਚ ਅੱਠ-ਅੱਠ ਦਸ-ਦਸ ਪਰਿਵਾਰ ਇਕੱਠੇ ਰਹਿੰਦੇ ਸਨ। ਪੂਰੇ ਪਿੰਡ ਦੇ ਦੁਆਲੇ ਦੀਵਾਰ ਵਲੀ ਹੁੰਦੀ ਸੀ। ਇਨ੍ਹਾਂ ਦਾ ਸਮਾਜ ਮਾਤਾ-ਪ੍ਰਧਾਨ ਸੀ। ਇਹ ਲੋਕ ਮੱਕੀ, ਫਲੀਆਂ ਅਤੇ ਸਕੁਐਸ਼ ਬੀਜਦੇ ਸਨ ਅਤੇ ਹੋਰ ਸ਼ਿਕਾਰ ਕਰਨ ਵਾਲੇ ਕਬੀਲਿਆਂ ਨਾਲ ਇਨ੍ਹਾਂ ਖਾਧ ਪਦਾਰਥਾਂ ਦੇ ਵਟਾਂਦਰੇ ਵਜੋਂ ਮਾਸ, ਖੱਲਾਂ ਅਦਿ ਪ੍ਰਾਪਤ ਕਰਦੇ ਸਨ। ਐਪਰ ਸਿਰ-ਖੁਥੇ, ਜੂੰਆਂ ਨਾਲ ਭਰੇ, ਖਰਸ ਖਾਧੇ ਤੇ ਅਪਰਾਧੀ ਰੁਚੀਆਂ ਵਾਲੇ ਫਰਾਂਸੀਸੀ ਫੌਜੀਆਂ, ਵਪਾਰੀਆਂ ਅਤੇ ਇਸਾਈ ਜੈਸੂਟਾਂ ਨੇ ਆਪਣੇ ਦੇਸੋਂ ਲਿਆਂਦੀਆਂ ਚੀਚਕ, ਖਸਰਾ ਅਤੇ ਤਪਦਿਕ ਜਿਹੀਆਂ ਚੰਦਰੀਆਂ ਬੀਮਾਰੀਆਂ ਦੀ ਲਾਗ ਇਨ੍ਹਾਂ ਵਿਚ ਵਾੜ ਦਿੱਤੀ। ਵੈਂਡਟਾਂ ਵਿਚ ਪਹਿਲਾਂ ਇਹ ਬੀਮਾਰੀਆਂ ਨਾ ਹੋਣ ਕਾਰਨ ਇਨ੍ਹਾਂ ਪ੍ਰਤੀ ਸਹਿਣ ਸ਼ਕਤੀ ਵਿਕਸਿਤ ਨਹੀਂ ਸੀ ਹੋਈ ਇਸ ਲਈ ਇਹ ਲੱਖਾਂ ਦੀ ਗਿਣਤੀ ਵਿਚ ਮਰਨ ਲੱਗੇ। ਧਰਮ ਤੇ ਧੱਕੇਸ਼ਾਹੀ ਦੇ ਲਲਚਾਏ ਫਰਾਂਸੀਸੀ ਮਿਸ਼ਨਰੀ ਉਨ੍ਹਾਂ ‘ਹਿਉਰਨ’ ਲੋਕਾਂ ਨੂੰ ਹੀ ਗੋਲੀ ਸਿੱਕਾ ਦਿੰਦੇ ਸਨ ਜੋ ਇਸਾਈ ਮਤ ਧਾਰਨ ਕਰਕੇ ਇਨ੍ਹਾਂ ਵਲੋਂ ਲੜਦੇ ਸਨ। ਅਮਰੀਕਾ ਵਿਚ ਆਏ ਯੂਰਪੀਨਾਂ ਨੇ ਆਪਸੀ ਲੜਾਈਆਂ ਦੌਰਾਨ ਇਨ੍ਹਾਂ ਦੇਸੀ ਲੋਕਾਂ ਨੂੰ ਵੰਡ ਕੇ ਖੂਬ ਲੜਾਇਆ। ਇਸ ਤਰ੍ਹਾਂ ਵੀ ਇਨ੍ਹਾਂ ਲੋਕਾਂ ਦਾ ਖਾਤਮਾ ਹੋਇਆ। ਅੱਜ ਇਨ੍ਹਾਂ ਦੀ ਗਿਣਤੀ ਕੁਝ ਹਜ਼ਾਰਾਂ ਵਿਚ ਹੀ ਰਹਿ ਗਈ ਹੈ।
ਹਿਉਰਾਨ ਸ਼ਬਦ ਅਸਲ ਵਿਚ ਹਿੰਦ-ਯੂਰਪੀ ਅਸਲੇ ਦਾ ਹੈ। ਇਸ ਦੀ ਅੰਗਰੇਜ਼ੀ ਸ਼ਬਦ ਹੇਅਰ (ਹਅਰਿ) ਨਾਲ ਮੂਲਕ ਸਾਂਝ ਹੈ। ਪੁਰਾਣੀ ਜਰਮਨ, ਨੌਰਸ ਅਤੇ ਲਿਥੂਏਨੀਅਨ ਭਾਸ਼ਾਵਾਂ ਵਿਚ ਇਸ ਸ਼ਬਦ ਨਾਲ ਮਿਲਦੇ-ਜੁਲਦੇ ਸ਼ਬਦ ਉਪਲਭਦ ਹਨ। ਮਿਸਾਲ ਵਜੋਂ ਜਰਮਨ ਵਿਚ ਹਅਰ ਸ਼ਬਦ ਹੈ। ਇਸ ਦੇ ਭਾਰੋਪੀ ਮੂਲ ਗਹeਰਸ ਦਾ ਅਰਥ ਸਿਧੇ ਖੜੇ ਹੋਣਾ, ਲੂੰ ਕੰਡੇ ਹੋਣਾ ਆਦਿ ਹਨ। ਭੈਅ, ਤ੍ਰਾਸ, ਕੰਬਣੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਹੋਰਰੋਰ ਇਸੇ ਤੋਂ ਵਿਉਤਪਤ ਹੋਇਆ ਹੈ। ਇਸ ਦਾ ਮੂਲ ਭਾਵ ਹੋਇਆ ਅਜਿਹੀ ਉਤੇਜਕ ਸਥਿਤੀ ਹੈ ਜਿਸ ਵਿਚ ਮਨੁਖ ਦੇ ਵਾਲ ਅਰਥਾਤ ਰੌਂਗਟੇ ਖੜ੍ਹੇ ਹੋ ਜਾਣ। ਇਹ ਸ਼ਬਦ ਲਾਤੀਨੀ ਵਿਚੋਂ ਆਇਆ ਹੈ ਜਿਸ ਵਿਚ ਇਸ ਦਾ ਅਰਥ ਤਾਂ ਲਗਭਗ ਇਹੀ ਸੀ ਪਰ ਇਸ ਵਿਚ ਧਾਰਮਿਕ ਰੰਗਣ ਸੀ। ਇਸ ਦੇ ਕਿਰਿਆ ਰੂਪ ਦਾ ਮਤਲਬ ਸੀ, ਡਰ ਨਾਲ ਲੂੰ ਕੰਡੇ ਖੜ੍ਹੇ ਹੋ ਜਾਣਾ, ਕੰਬਣ ਲੱਗਣਾ। ਲਾਤੀਨੀ ਵਿਚ ਇਸ ਤੋਂ ਬਣੇ ਇਕ ਹੋਰ ਸ਼ਬਦ ਦਾ ਅਰਥ ਹੈ ‘ਝਾਹਾ’ ਯਾਨਿ ਕੰਡੇਦਾਰ ਜੰਗਲੀ ਚੂਹਾ। ਫਾਰਸੀ ਦਾ ‘ਹਿਰਾਸ’ ਸ਼ਬਦ ਜੋ ਉਰਦੂ ਤੇ ਪੰਜਾਬੀ ਵਿਚ ਵੀ ਆ ਗਿਆ ਹੈ, ਇਸ ਦਾ ਸੁਜਾਤੀ ਹੈ। ਇਸ ਦਾ ਅਰਥ ਹੈ ‘ਡਰ, ਖੌਫ, ਦਹਿਸ਼ਤ।’ ਡਰ ਵਿਚ ਆਦਮੀ ਬੌਂਦਲਾ ਜਾਂਦਾ ਹੈ, ਸੋ ਇਸ ਦਾ ਅਰਥ ਬੌਂਦਲਾਹਟ, ਭੰਬਲਭੂਸਾ ਵੀ ਹੈ। ‘ਹਿਰਾਸਾ’ ਦਾ ਅਰਥ ਡਰਿਆ, ਖੌਫਜ਼ਦਾ, ਭੈਅਭੀਤ ਹੁੰਦਾ ਹੈ। ਹੋਰ ਵਿਕਸਿਤ ਅਰਥ ਬਣਿਆ ਦੁਖ, ਸੋਗ। ਟਾਕਰੇ ਤੇ ਸੰਸਕ੍ਰਿਤ ਵਿਚ ‘ਹਰਸ਼ਤੇ’ ਸ਼ਬਦ ਹੈ ਜਿਸ ਦਾ ਮੁਢਲਾ ਅਰਥ ਵਾਲਾਂ ਦਾ ਖੜ੍ਹੇ ਹੋ ਜਾਣਾ ਹੈ। ਅਸੀਂ ‘ਰੁਮਾਂਟਕ ਅਤੇ ਰੁਮਾਂਚਕ’ ਲੇਖ ਵਿਚ ਦੇਖ ਆਏ ਹਾਂ ਕਿ ਅਤਿ ਦੀ ਖੁਸ਼ੀ ਜਾਂ ਡਰ ਦੀ ਸਥਿਤੀ ਵਿਚ ਵਾਲ ਖੜ੍ਹੇ ਹੋ ਜਾਂਦੇ ਹਨ। ਸੋ ਇਸ ਸ਼ਬਦ ਤੋਂ ਅਲੱਗ-ਅਲੱਗ ਭਾਸ਼ਾਵਾਂ ਵਿਚ ਇਨ੍ਹਾਂ ਵਿਚੋਂ ਕਿਸੇ ਇਕ ਜਾਂ ਦੋਨੋਂ ਭਾਵ ਵਿਅਕਤ ਕਰਦੇ ਸ਼ਬਦ ਨਿਰਮਿਤ ਹੋਏ ਹਨ। ਅਸੀਂ ਹਰਸ਼ ਸ਼ਬਦ ਨੂੰ ਬੇਹਦ ਖੁਸ਼ੀ ਦੇ ਅਰਥਾਂ ਵਿਚ ਜਾਣਦੇ ਹਾਂ। ਕੁਝ ਖਾਸ ਨਾਂਵਾਂ ਵਿਚ ‘ਹਰਸ਼ ਸ਼ਬਦ ਦੀ ਵਰਤੋਂ ਹੁੰਦੀ ਹੈ ਜਿਵੇਂ ਹਰਸ਼ ਵਰਧਨ, ਹਰਸ਼ਾ, ਹਰਸ਼ਿੰਦਰ ਆਦਿ। ਸੰਸਕ੍ਰਿਤ ਵਿਚ ਇਸ ਦਾ ਅਰਥ ਰੁਮਾਂਚਤ ਹੋਣਾ, ਕਾਹਲੇ ਪੈਣਾ, ਲੂਰੀਆਂ ਉਠਣਾ, ਖੁਸ਼ੀ ਵਿਚ ਝੂੰਮਣਾ, ਗਦ ਗਦ ਹੋਣਾ, ਆਦਿ ਹਨ। ਪੰਜਾਬੀ ਵਿਚ ਇਹ ਸ਼ਬਦ ਹਰਖ ਜਾਂ ਹਿਰਖ ਦੇ ਰੂਪ ਵਿਚ ਆਮ ਹੀ ਪ੍ਰਚਲਤ ਹੈ,
ਗੀਤ ਨਾਦ ਹਰਖ ਚਤੁਰਾਈ
ਰਹਸ ਰੰਗ ਫੁਰਮਾਇਸਿ ਕਾਈ॥ -ਗੁਰੂ ਨਾਨਕ ਦੇਵ।
ਅਰਥਾਤ ਦੁਨੀਆਂ ਦੇ ਗੀਤ ਗਾਣੇ, ਖੁਸ਼ੀਆਂ, ਚਤੁਰਾਈਆਂ, ਚਾਅ, ਮਲ੍ਹਾਰ, ਰੁਹਬਦਾਬ ਕੁਝ ਵੀ ਚੰਗਾ ਨਹੀਂ ਲਗਦਾ।
ਅਕਸਰ ਹੀ ਗੁਰਬਾਣੀ ਅਤੇ ਭਗਤੀ ਕਾਵਿ ਵਿਚ ਹਰਖ ਸੋਗ ਇਕ ਜੋੜੇ ਵਜੋਂ ਆਉਂਦੇ ਹਨ ਤੇ ਜਿਸ ਤੋਂ ਦੋਨਾਂ ਨੂੰ ਇਕ ਸਮਾਨ ਸਮਝਣ ਦੀ ਸਿਖਿਆ ਮਿਲਦੀ ਹੈ:
ਹਰਖ ਸੋਗ ਦੁਹਹੂੰ ਤੇ ਮੁਕਤੇ॥
-ਗੁਰੂ ਅਰਜਨ ਦੇਵ।
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨਿ ਅਪਮਾਨਾ॥ -ਗੁਰੂ ਤੇਗ ਬਹਾਦਰ, (ਜੋ ਖੁਸ਼ੀ ਗਮੀ ਅਤੇ ਮਾਨ ਅਪਮਾਨ ਤੋਂ ਬੇਲਾਗ ਰਹਿੰਦਾ ਹੈ।)
ਵਾਰਿਸ ਸ਼ਾਹ ਦੀ ਹੀਰ ਵਿਚ ਰਾਂਝਾ ਜੋਗ ਲੈਣ ਜਾਂਦਾ ਹੈ ਤਾਂ ਗੋਰਖ ਨਾਥ ਉਸ ਨੂੰ ਸਮਝਾਉਂਦਾ ਹੈ,
ਜੰਮੇ ਆਏ ਦਾ ਹਰਖ ਤੇ ਸੋਗ ਛੱਡੇ,
ਨਹੀਂ ਮੋਇਆਂ ਗਿਆਂ ਪਛੋਤਾਵਨਾ ਏ।
ਨਾਉਂ ਫਕਰ ਦਾ ਬਹੁਤ ਆਸਾਨ ਲੈਣਾ,
ਖਰਾ ਕਠਨ ਹੈ ਜੋਗ ਕਮਾਵਨਾ ਏ।
ਹਰਖ ਤੋਂ ਹੀ ਹਰਖਵੰਤ ਸ਼ਬਦ ਵੀ ਬਣਿਆ ਹੈ। ਰਿਸ਼ਟ-ਪੁਸ਼ਟ ਸ਼ਬਦ ਯੁਗਮ ਵਿਚਲਾ ‘ਰਿਸ਼ਟ’ ਇਸੇ ਹਰਸ਼ ਦਾ ਵਿਸ਼ੇਸ਼ਣ ਰੂਪ ਹੈ। ਇਸ ਦਾ ਸ਼ਾਬਦਿਕ ਅਰਥ ਹੋਇਆ, ਜਿਸ ਦੇ ਲੂੰ ਖੜ੍ਹੇ ਹੋਣ ਤੇ ਵਿਕਸਿਤ ਅਰਥ ਖੁਸ਼, ਅਨੰਦਿਤ, ਗਦ ਗਦ।
ਪੰਜਾਬੀ ਵਿਚ ਹਰਖ ਦਾ ਅਰਥ ਕ੍ਰੋਧ, ਰੋਸਾ, ਖਿਝ ਵੀ ਹੁੰਦਾ ਹੈ ਜਿਸ ਨੂੰ ਆਮ ਤੌਰ ‘ਤੇ ‘ਹਿਰਖ’ ਵਜੋਂ ਬੋਲਿਆ ਜਾਂਦਾ ਹੈ। ਉਂਜ ਤਾਂ ਖੁਸ਼ੀ ਦੇ ਉਲਟ ਰੋਸ ਵਾਲਾ ਇਹ ਅਰਥ, ਜਿਵੇਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਭਾਵਾਂ ਦੀ ਅਤਿਤਾਈ ਕਾਰਨ ਵੀ ਹੋ ਸਕਦਾ ਹੈ। ਪਰ ਸੰਭਵ ਹੈ ਇਹ ਅਰਥ ‘ਹਰਖ’ ਦੇ ਅੱਗੇ ‘ਅ’ ਲਾ ਕੇ ਬਣੇ ਸ਼ਬਦ ‘ਅਹਿਰਖ’ ਤੋਂ ਬਣਿਆ ਜਿਸ ਦਾ ਅਰਥ ਤਾਂ ਵਿਪਰੀਤ ਹੋ ਗਿਆ ਪਰ ‘ਅ’ ਧੁਨੀ ਫਿਰ ਬੋਲਚਾਲ ਦੌਰਾਨ ਲੋਪ ਹੋ ਕੇ ਸ਼ਬਦ ਹਿਰਖ ਦਾ ਹਰਖ ਰਹਿ ਗਿਆ। ਅਜਿਹੀ ਇਕ ਹੋਰ ਉਦਾਹਰਣ ਦਿੰਦੇ ਹਾਂ। ‘ਆਰਾਮ’ ਸ਼ਬਦ ਵਿਚੋਂ ‘ਆ’ ਲੋਪ ਹੋ ਕੇ ਆਰਾਮ ਦੇ ਹੀ ਅਰਥਾਂ ਵਿਚ ‘ਰਾਮ’ ਸ਼ਬਦ ਰਹਿ ਗਿਆ। ਧਿਆਨ ਨਾਲ ਵਾਚਿਆਂ ‘ਰਾਮ ਕਰ’ ਫਿਕਰੇ ਦਾ ਅਰਥ ‘ਹਿਲਜੁਲ ਕਰ’ ਹੋਣਾ ਚਾਹੀਦਾ ਹੈ। ਕਬੀਰ ਨੇ ‘ਅਹਿਰਖ’ ਸ਼ਬਦ ਦੀ ਵਰਤੋਂ ਕੀਤੀ ਹੈ, “ਅਹਿਰਖ ਵਾਦੁ ਨ ਕੀਜੈ ਰੇ ਮਨ” ਅਰਥਾਤ ਹੇ ਮਨ ਈਰਖਾ ਤੇ ਝਗੜਾ ਕਿਉਂ ਕਰਦਾ ਏਂ?
ਮਹਾਨ ਕੋਸ਼ ਵਿਚ ਇਹ ਹਿਰਖ ਸ਼ਬਦ ਸੰਸਕ੍ਰਿਤ ‘ਆਮਰਸ’ ਤੋਂ ਵਿਗੜਿਆ ਦੱਸਿਆ ਗਿਆ ਹੈ ਜਿਸ ਦਾ ਅਰਥ ਗੁੱਸਾ, ਕ੍ਰੋਧ ਹੁੰਦਾ ਹੈ ਪਰ ਧੁਨੀਆਂ ਦਾ ਢੇਰ ਫਰਕ ਹੋਣ ਕਾਰਨ ਇਹ ਵਿਗਾੜ ਠੀਕ ਨਹੀਂ ਜਾਪਦਾ।

Be the first to comment

Leave a Reply

Your email address will not be published.