ਫੌਜਾ ਸਿੰਘ ਵੱਲੋਂ ਮੈਰਾਥਨ ਨੂੰ ਅਲਵਿਦਾ

ਹਾਂਗਕਾਂਗ: ਦੁਨੀਆਂ ਦੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ 101 ਸਾਲਾ ਫੌਜਾ ਸਿੰਘ ਨੇ ਲੰਬੀਆਂ ਦੌੜਾਂ ਨੂੰ ਅਲਵਿਦਾ ਆਖ ਦਿੱਤੀ ਹੈ ਪਰ ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਉਹ ਚੈਰਿਟੀ ਲਈ ਦੌੜਦਾ ਰਹੇਗਾ। ‘ਟਰਬਨਡ ਟੋਰਨਾਡੋ’ ਵਜੋਂ ਜਾਣੇ ਜਾਂਦੇ ਫੌਜਾ ਸਿੰਘ ਨੇ ਲੰਘੇ ਦਿਨੀਂ ਹਾਂਗਕਾਂਗ ਮੈਰਾਥਨ ਦੀ 10 ਕਿਲੋਮੀਟਰ ਦੌੜ ਇਕ ਘੰਟਾ 32 ਮਿੰਟ, 28 ਸੈਕਿੰਡ ਵਿਚ ਪੂਰੀ ਕੀਤੀ ਪਰ ਉਹ ਆਪਣੇ ਹੀ ਰਿਕਾਰਡ 5æ40 ਦੀ ਬਰਾਬਰੀ ਨਾ ਕਰ ਸਕਿਆ। ਇਹ ਉਸ ਦੀ ਆਖਰੀ ਮੈਰਾਥਨ ਸੀ।
ਭਾਰਤੀ ਮੂਲ ਦਾ ਬਰਤਾਨਵੀ ਨਾਗਰਿਕ ਫੌਜਾ ਸਿੰਘ ਪਹਿਲੀ ਅਪਰੈਲ ਨੂੰ 102 ਸਾਲਾਂ ਦਾ ਹੋ ਜਾਵੇਗਾ। ਉਹ 2011 ਵਿਚ ਟੋਰਾਂਟੋ ਵਿਚ ਪੂਰੀ ਮੈਰਾਥਨ ਦੌੜ ਕੇ ਸਭ ਤੋਂ ਵੱਧ ਉਮਰ ਦਾ ਦੌੜਾਕ ਬਣਿਆ ਪਰ ਉਸ ਦੇ ਰਿਕਾਰਡ ਨੂੰ ਗਿੰਨੀਜ਼ ਬੁੱਕ ਨੇ ਮਾਨਤਾ ਨਹੀਂ ਦਿੱਤੀ ਗਈ ਕਿਉਂਕਿ ਉਹ ਉਮਰ ਬਾਰੇ ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ। ਫੌਜਾ ਸਿੰਘ ਪੰਜਾਬ ਵਿਚ ਬਿਆਸ ਨੇੜੇ ਦਾ ਜੰਮਪਲ ਹੈ। ਉਹ ਟੋਰਾਂਟੋ, ਲੰਡਨ ਤੇ ਨਿਊਯਾਰਕ ਵਿਚ 26 ਮੀਲ ਦੀਆਂ ਨੌਂ ਮੈਰਾਥਨ ਦੌੜਾਂ ਪੂਰੀਆਂ ਕਰ ਚੁੱਕਾ ਹੈ। ਉਸ ਨੇ ਸਭ ਤੋਂ ਚੰਗਾ ਟਾਈਮ ਟੋਰਾਂਟੋ ਵਿਚ ਕੱਢਿਆ ਜੋ ਪੰਜ ਘੰਟੇ, 40 ਮਿੰਟ ਤੇ ਚਾਰ ਸੈਕਿੰਡ ਦਾ ਸੀ।
ਫੌਜਾ ਸਿੰਘ ਦਾ ਦਾਅਵਾ ਹੈ ਕਿ ਉਸ ਨੂੰ ਅਜੇ ਤਕ ਕੋਈ ਸਰੀਰਕ ਰੋਗ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਬਸ ਉਸ ਨੂੰ ਇਕ ਹੀ ਪਛਤਾਵਾ ਹੈ ਕਿ ਉਸ ਨੂੰ ਅੰਗਰੇਜ਼ੀ ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ। ਫੌਜਾ ਸਿੰਘ ਨੇ 1999 ਵਿਚ ਜਦੋਂ ਉਹ 89 ਸਾਲ ਦਾ ਸੀ, ਚੈਰਿਟੀ ਲਈ ਦੌੜਨਾ ਸ਼ੁਰੂ ਕੀਤਾ। ਪਹਿਲੀ ਵਾਰੀ ਉਹ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਦੀ ਚੈਰਿਟੀ ਲਈ ਦੌੜਿਆ ਤੇ ਇਸ ਤਰ੍ਹਾਂ ਉਹ ਸਭ ਤੋਂ ਵੱਧ ਨੌਜਵਾਨਾਂ ਲਈ ਦੌੜਨ ਵਾਲਾ ਸਭ ਤੋਂ ਬਜ਼ੁਰਗ ਆਦਮੀ ਬਣ ਗਿਆ। ਫੌਜਾ ਸਿੰਘ 100 ਸਾਲ ਤੋਂ ਵਡੇਰੀ ਉਮਰ ਦਾ ਪਹਿਲਾ ਮਨੁੱਖ ਹੈ ਜਿਸ ਨੇ ਅਕਤੂਬਰ 2011 ਵਿਚ ਟੋਰਾਂਟੋ ਦੀ ਵਾਟਰ ਫਰੰਟ ਮੈਰਾਥਨ ਦੌੜਦਿਆਂ 42æ2 ਕਿਲੋਮੀਟਰ ਦਾ ਪੰਧ ਅੱਠ ਘੰਟੇ 11 ਮਿੰਟ ਛੇ ਸੈਕਿੰਡ ਵਿਚ ਪੂਰਾ ਕੀਤਾ। ਉਸ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਆ ਜਾਣਾ ਸੀ ਜੇ ਉਸ ਦੀ ਜਨਮ ਤਾਰੀਖ਼ ਦਾ ਅਸਲੀ ਸਰਟੀਫਿਕੇਟ ਲੱਭ ਜਾਂਦਾ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਉਸ ਨੂੰ ਮਹਾਰਾਣੀ ਬਰਤਾਨੀਆ ਨੇ ਸੌ ਸਾਲ ਦਾ ਹੋ ਜਾਣ ਦੀ ਵਧਾਈ ਦਿੱਤੀ ਤੇ ਮਹਿਲਾਂ ਵਿਚ ਖਾਣੇ ‘ਤੇ ਸੱਦਿਆ।
ਟੋਰਾਂਟੋ ਵਿਚ ਸਕੋਸ਼ੀਆ ਬੈਂਕ ਦੀ ਮੈਰਾਥਨ ਦੌੜ ਵਿਚ ਉਸ ਨੇ 92 ਸਾਲ ਦੀ ਉਮਰ ਵਿਚ 42æ2 ਕਿਲੋਮੀਟਰ ਦੀ ਦੌੜ ਪੰਜ ਘੰਟੇ 40 ਮਿੰਟ 04 ਸਕਿੰਟ ਵਿਚ ਪੂਰੀ ਕਰਕੇ ਨਵਾਂ ਵਿਸ਼ਵ ਰਿਕਾਰਡ ਰੱਖਿਆ ਸੀ। ਉਹ ਪਹਿਲੀ ਅਪਰੈਲ 1911 ਨੂੰ ਬਿਆਸ ਪਿੰਡ ਵਿਚ ਜੰਮਿਆ ਸੀ। ਆਪਣੇ ਇਕ ਪੁੱਤ ਦੀ ਮੌਤ ਹੋ ਜਾਣ ਪਿਛੋਂ ਉਹ ਬੁਢਾਪੇ ਵਿਚ ਆਪਣੇ ਦੂਜੇ ਪੁੱਤ ਕੋਲ ਇੰਗਲੈਂਡ ਰਹਿਣ ਲੱਗਿਆ ਜਿੱਥੇ ਕੋਚ ਹਰਮਿੰਦਰ ਸਿੰਘ ਨੇ ਉਸ ਨੂੰ ਮੈਰਾਥਨ ਦੌੜ ਲਈ ਤਿਆਰ ਕੀਤਾ। ਲੰਡਨ ਦੀ ਮੈਰਾਥਨ ਵਿਚ 32860 ਦੌੜਾਕ ਦੌੜੇ ਜਿਨ੍ਹਾਂ ਵਿਚ 65 ਸਾਲ ਤੋਂ ਵਡੇਰੀ ਉਮਰ ਵਾਲਿਆਂ ਵਿਚ 85 ਸਾਲਾਂ ਦਾ ਫੌਜਾ ਸਿੰਘ ਅੱਵਲ ਰਿਹਾ।
______________________________________________
‘ਟਰਬਨਡ ਟੌਰਨੈਡੋ’ ਫੌਜਾ ਸਿੰਘ
ਲੰਡਨ: ਜ਼ਿੰਦਗੀ ਦਾ ਸੈਂਕੜਾ ਪੂਰਾ ਕਰ ਚੁੱਕੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਜੀਵਨੀ ਕਾਲਮਨਵੀਸ ਤੇ ਲੇਖਕ ਖੁਸ਼ਵੰਤ ਸਿੰਘ ਨੇ ਲਿਖੀ ਹੈ ਜਿਸ ਨੂੰ ‘ਟਰਬਨਡ ਟੌਰਨੈਡੋ’ ਦਾ ਸਿਰਲੇਖ ਦਿੱਤਾ ਗਿਆ ਹੈ। ਇਸ 114 ਸਫਿਆਂ ਦੀ ਕਿਤਾਬ ਵਿਚ ਲੇਖਕ ਨੇ ਫੌਜਾ ਸਿੰਘ ਦੇ ਜ਼ਿੰਦਗੀ ਜਿਉਣ ਦੇ ਜਜ਼ਬੇ ਤੇ ਬੁਲੰਦ ਹੌਸਲੇ ਦਾ ਜ਼ਿਕਰ ਕੀਤਾ ਹੈ। ਕਿਤਾਬ ਵਿਚ ਫੌਜਾ ਸਿੰਘ ਦੀਆਂ ਜੜ੍ਹਾਂ ਦੀ ਤਲਾਸ਼ ਕਰਦਿਆਂ ਉਸ ਦੇ ਸਮੁੱਚੇ ਜੀਵਨ ਸਫ਼ਰ ‘ਤੇ ਝਾਤ ਪੁਆਈ ਗਈ ਹੈ ਤੇ ਨਾਲ ਹੀ ਆਲੇ-ਦੁਆਲੇ ਦੀ ਦੁਨੀਆਂ ਦੇ ਫੌਜਾ ਸਿੰਘ ‘ਤੇ ਪੈਣ ਵਾਲੇ ਅਸਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਲੇਖਕ ਖੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਫੌਜਾ ਸਿੰਘ ਲਈ ‘ਕੁਝ ਵੀ ਅਸੰਭਵ ਨਹੀਂ’ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਭ ਤੋਂ ਪਹਿਲਾਂ 2005 ਵਿਚ ਫੌਜਾ ਸਿੰਘ ਨੂੰ ਮਿਲੇ ਤਾਂ “ਉਦੋਂ ਆਪਣੀ ਪਹਿਲੀ ਕਿਤਾਬ ਸਿੱਖਜ਼ ਅਨਲਿਮਟਿਡ ਲਿਖ ਰਹੇ ਸਨ। ਉਨ੍ਹਾਂ ਦਾ ਕਹਿਣਆ ਹੈ ਕਿ “ਫੌਜਾ ਸਿੰਘ ਨੇ ਉਦੋਂ ਦੌੜਨਾ ਸ਼ੁਰੂ ਕੀਤਾ ਜਦੋਂ ਬਹੁਤੇ ਲੋਕ ਅਜਿਹਾ ਸੋਚ ਵੀ ਨਹੀਂ ਸਕਦੇ। ਉਹ ਆਪਣੇ ਗ਼ਰੀਬ ਮਾਪਿਆਂ ਦੇ ਚਾਰ ਬੱਚਿਆਂ ਵਿਚੋਂ ਸਭ ਤੋਂ ਛੋਟੇ ਸਨ। ਦੱਸਿਆ ਜਾਂਦਾ ਹੈ ਕਿ ਬਚਪਨ ਵਿਚ ਫੌਜਾ ਸਿੰਘ ਦੀ ਸਿਹਤ ਜ਼ਿਆਦਾ ਵਧੀਆ ਨਹੀਂ ਸੀ ਤੇ ਉਨ੍ਹਾਂ ਤੁਰਨਾ ਵੀ ਪੰਜ ਸਾਲ ਦੀ ਉਮਰ ਵਿਚ ਸ਼ੁਰੂ ਕੀਤਾ ਸੀ। ਇਸ ਲਈ ਉਨ੍ਹਾਂ ਦੇ ਅਥਲੀਟ ਬਣਨ ਬਾਰੇ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ। ਇਸ ਕਿਤਾਬ ਵਿਚ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਉਹ ਸੰਦੇਸ਼ ਵੀ ਛਾਪਿਆ ਗਿਆ ਹੈ ਜਿਹੜਾ ਪਹਿਲੀ ਅਪਰੈਲ, 2011 ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ ‘ਤੇ ਉਨ੍ਹਾਂ ਵਧਾਈ ਵਜੋਂ ਭੇਜਿਆ ਹੈ। ਕਿਤਾਬ ਦਾ ਮੁੱਖਬੰਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ।

Be the first to comment

Leave a Reply

Your email address will not be published.