ਦੁਖਦੀ ਰਗ ਤੇ ਧੁਖਦਾ ਸੀਨਾ: ਸੱਤਪਾਲ ਗੌਤਮ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
1986-87 ਦੀ ਗੱਲ ਹੋਵੇਗੀ। ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨ ਹੋ ਰਹੇ ਸਨ, ਜਿਸ ਦੇ ਕੰਟ੍ਰੋਲਰ ਡਾ. ਹਰਦੇਵ ਸਿੰਘ ਸੱਚਰ ਸਨ। ਉਨ੍ਹੀਂ ਦਿਨੀਂ ਮੈਂ ਡਾ. ਸੱਚਰ ਦਾ ਪੁੱਜ ਕੇ ਉਪਾਸ਼ਕ ਸਾਂ; ਇਕ ਕਿਸਮ ਦਾ ਭਗਤ ਹੀ ਸਾਂ, ਜਿਸ ਕਰਕੇ ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਨਾਲ ਜਾਂ ਨੇੜੇ ਨੇੜੇ ਹੀ ਰਹਿੰਦਾ ਸਾਂ।

ਉਸੇ ਸੈਂਟਰ ਵਿਚ ਇਕ ਦਰਮਿਆਨੇ ਕੱਦ ਦਾ ਸੈਂਟਰ ਸੁਪਰਡੈਂਟ, ਸ਼ਕਲੋਂ ਸੂਰਤੋਂ ਅਤੇ ਤੁਰਤ ਫੁਰਤ ਲਹਿਜੇ ਤੋਂ ਖੱਬੀ ਸੋਚ ਵਾਲਾ ਸਿਆਣਾ ਅਧਿਆਪਕ ਪ੍ਰਤੀਤ ਹੁੰਦਾ ਸੀ। ਉਸ ਦਾ ਲੰਬਾ ਅਤੇ ਖਾਦੀ ਕੁੜਤਾ, ਚੁਸਤ ਜੀਨ, ਦਾੜ੍ਹੀ ਦਾ ਲੈਨਿਨ ਕੱਟ ਅਤੇ ਸਿਰ ਦੇ ਬੇਚੀਰ, ਬੇਸੇਂਹਦਾ, ਬੇਤਰਤੀਬੇ ਵਾਲ ਉਸ ਦੀ ਵਿਦਵਤਾ ਦੀ ਕਿਸਮ ਅਤੇ ਜ਼ਿੰਦਗੀ ਦੀ ਤਰਜ਼ ਦੇ ਜ਼ਾਮਨ ਸਨ। ਮੈਂ ਉਸ ਨੂੰ ਨੀਝ ਨਾਲ ਤੱਕਿਆ ਤੇ ਕਿਸੇ ਨੂੰ ਪੁੱਛਿਆ। ਉਹ ਫਿਲਾਸਫੀ ਦਾ ਪ੍ਰੋਫੈਸਰ, ਸੱਤਪਾਲ ਗੌਤਮ ਸੀ। ਰਤਾ ਕੁ ਵਡੇਰੇ ਕੰਨ ਉਸ ਦੇ ਸਾਬਰ ਸਰੋਤਾ ਹੋਣ ਦੀ ਦੱਸ ਪਾਉਂਦੇ। ਭਲਾ ਕਿਸੇ ਦੇ ਕੰਨ ਵੀ ਕਦੀ ਬੋਲਦੇ ਹਨ? ਪਰ ਉਸ ਦੇ ਬੋਲਦੇ ਸਨ, ਜੋ ਉਸ ਦੇ ਗੋਤ ḔਗੌਤਮḔ ਦਾ ਗੌਤਮ ਬੁੱਧ ਨਾਲ ਕੋਈ ਜ਼ਿਹਨੀ ਰਿਸ਼ਤਾ ਬਿਆਨਦੇ ਸਨ। ਉਸ ਦੀ ਤੋਰ, ਤੌਰ ਅਤੇ ਲਬੋ ਲਿਬਾਸ ਮੇਰੇ ਜ਼ਿਹਨ ‘ਚ ਟਿਕ ਗਏ।
ਉਹ ਸਦਾ ਸਾਈਕਲ ‘ਤੇ ਆਉਂਦਾ। ਖੱਬੇ ਮੋਢੇ ‘ਤੇ ਹਮੇਸ਼ਾ ਇੱਕ ਲੰਬੀ ਵੱਧਰ ਵਾਲਾ ਕੱਪੜੇ ਦਾ ਝੋਲਾ ਲਟਕਦਾ, ਜੋ ਉਸ ਦੀ ਦਿੱਖ ਵਿਚ ਦਾਨਿਸ਼ਵਰਾਨਾ ਇਜ਼ਾਫਾ ਕਰਦਾ। ਨਿਰਮਲ ਨੈਣ ਅਤੇ ਜਿਗਿਆਸੂ ਨਕਸ਼ ਉਸ ਦਾ ਤੁਆਰਫ ਸਨ।
ਸਿਗਰਟਨੋਸ਼ੀ ਦਾ ਇਸ ਕਦਰ ਸ਼ੌਕੀਨ ਸੀ ਕਿ ਜੇ ਹੱਥ ਵਿਚ ਸਿਗਰਟ ਨਾ ਵੀ ਹੋਣੀ ਤਾਂ ਵੀ ਲੱਗਦਾ ਕਿ ਉਸ ਦੇ ਹੱਥ ਵਿਚ ਸਿਗਰਟ ਹੈ। ਮੂੰਹ ‘ਚੋਂ ਹਮੇਸ਼ਾ ਮੱਠਾ ਮੱਠਾ ਧੂੰਆਂ ਨਿਕਲਦਾ ਲਗਦਾ। ਦੇਖ ਕੇ ਮਹਿਦੀ ਹਸਨ ਦੀ ਗਜ਼ਲ ਚੇਤੇ ਆਉਂਦੀ: “ਯੇ ਧੂੰਆਂ ਸਾ ਕਹਾਂ ਸੇ ਉਠਤਾ ਹੈ।”
ਉਸ ਨਾਲ ਕਈ ਦਫਾ ਗੱਲਬਾਤ ਹੋਈ। ਧੂੰਆਂ ਨੇੜਤਾ ‘ਚ ਰੁਕਾਵਟ ਬਣ ਜਾਂਦਾ ਅਤੇ ਧੂੰਏ ਦੀ ਦੁਰਗੰਧ ਵਿਚਾਰਾਂ ‘ਚ ਵਿੱਥ ਬਣ ਜਾਂਦੀ। ਮੈਂ ਉਸ ਨੂੰ ਉਸ ਦੇ ਵਿਦਿਆਰਥੀਆਂ ਦੇ ਜ਼ਰੀਏ ਮਿਲਦਾ। ਉਹ ਦੱਸਦੇ ਕਿ ਕਲਾਸ ਰੂਮ ਵਿਚ ਸਰ ਦਾ ਮੰਜਰ ਦੇਖਣ ਵਾਲਾ ਹੁੰਦਾ ਹੈ। ਉਹ ਆਪਣੇ ਸਰ ਨੂੰ ਸੁਣਦੇ-ਸੁਣਦੇ ਦੇਖਦੇ ਵੀ ਹਨ। ਕਲਾਸ ‘ਚ ਆਉਂਦੇ ਸਾਰ ਸਰ ਦਾ ਚਿਹਰਾ ਗਹਿਰੀ ਝੀਲ ਬਣ ਜਾਂਦਾ ਹੈ, ਜਿਸ ਦੀ ਤਹਿ ਹੇਠ ਵਿਚਾਰਾਂ ਦੀਆਂ ਤੇਜ਼ ਰਫਤਾਰ ਪਣਡੁੱਬੀਆਂ, ਇੱਧਰ-ਉਧਰ ਦੌੜਦੀਆਂ, ਜਿਵੇਂ ਜੰਗ ਮਚੀ ਹੋਵੇ।
ਸਤਹ ਉਤੇ, ਵਿਚਾਰਧਾਰਾਈ ਲਹਿਰਾਂ ਦੇ ਨਜ਼ਾਰਿਆਂ ਦਰਮਿਆਨ ਕਾਗਜ਼ੀ ਕਿਸ਼ਤੀਆਂ ‘ਤੇ ਵਿਚਾਰਾਂ ਦੇ ਚੱਪੂ ਚੱਲਦੇ। ਫਲਸਫਾਨਾ ਜਹਾਜ਼ਰਾਨੀ ਦਾ ਅਜੀਬ ਅਤੇ ਸਜੀਵ ਦ੍ਰਿਸ਼ ਸਾਕਾਰ ਹੁੰਦਾ। ਜਿਵੇਂ ਫਲਸਫੇ ਦੇ ਵਜੀਰ, ਸਫੀਰ ਅਤੇ ਦੂਤ ਸੱਭਿਅਤਾਵਾਂ ਦਾ ਆਦਾਨ ਪ੍ਰਦਾਨ ਕਰਦੇ ਹੋਣ; ਸ਼ਾਸਤਰਾਰਥ ਅਤੇ ਗੋਸ਼ਟਾਂ ਰਚਾਉਂਦੇ ਹੋਣ। ਉਹ ਫਲਸਫੇ ਦੇ ਜੁਗਰਾਫੀਏ ਦੀ ਖੋਜ ਕਰਦਾ, ਜੁਗਰਾਫੀਏ ਦਾ ਫਲਸਫਾ ਲੱਭ ਲੈਂਦਾ ਤੇ ਲੌਜਿਕ ਦਾ ਲੁਤਫ ਦੂਣਾ-ਚੌਣਾ ਹੋ ਜਾਂਦਾ। ਵਿਚਾਰਾਂ ਦੀ ਜੰਗ, ਜੰਗਾਲ ਧੋ ਸੁੱਟਦੀ।
ਵਿਦਿਆਰਥੀ ਹੱਕੇ ਬੱਕੇ ਰਹਿ ਜਾਂਦੇ। ਉਹ ਕਲਾਸ ਰੂਮ ‘ਚੋਂ ਇਸ ਤਰ੍ਹਾਂ ਬਾਹਰ ਨਿਕਲਦੇ, ਜਿਵੇਂ ਯੂਨਾਨ, ਰੋਮ, ਜਰਮਨ ਅਤੇ ਰੂਸ ਦੀ ਲੰਬੀ ਯਾਤਰਾ ਤੋਂ ਪਰਤੇ ਹੋਣ। ਕਈਆਂ ਨੂੰ ਤਾਂ ਮਸਾਂ ਸੁੱਖ ਦਾ ਸਾਹ ਆਉਂਦਾ। ਕਈ ਧੁਰ ਅੰਦਰੋਂ ਨਿਛਾਵਰ ਹੋਏ ਆਖਦੇ, “ਫਿਲਾਸਫੀ ਹੈ, ਕੋਈ ਖਾਲਾ ਜੀ ਦਾ ਵਾੜਾ ਨਹੀ।”
ਗੌਤਮ ਅਕਸਰ ਵਿਚਾਰਧਾਰਕ ਕਸ਼ਮਕਸ਼ ਵਿਚ ਹਾਕਲ ਬਾਕਲ ਜਿਹਾ ਰਹਿੰਦਾ। ਪ੍ਰਤੀਬੱਧਤਾ ਉਸ ਦਾ ਇਸ਼ਟ ਸੀ, ਨਿਰਪੱਖਤਾ ਇਸ਼ਕ ਸੀ ਤੇ ਪੱਖਪਾਤ ਰਕੀਬ। ਧੁਰ ਅੰਦਰੋਂ ਖੱਬੀ ਸੋਚ ਤੇ ਖੱਬੇ ਪੱਖ ਦਾ ਏਨਾ ਪੁਜਾਰੀ ਕਿ ਉਸ ਨੂੰ ਦੇਖ ਕੇ ਲਗਦਾ ਜਿਵੇਂ ਉਹ ਹਰ ਕੰਮ ਖੱਬੇ ਹੱਥ ਨਾਲ ਹੀ ਕਰਦਾ ਹੋਵੇ। ਉਹ ਮੈਨੂੰ ਹਮੇਸ਼ਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਸਿਗਨੇਚਰ ਅਤੇ ਫਿਲਾਸਫੀ ਵਿਭਾਗ ਦਾ ਤੁਰਦਾ-ਫਿਰਦਾ ਲੋਗੋ ਲਗਦਾ। ਉਸ ਦੇ ਚਿਹਰੇ ‘ਤੇ ਖਿਆਲ ਤੈਰਦੇ ਦਿਸਦੇ।
ਹੈਰਾਨੀ ਹੁੰਦੀ ਕਿ ਇਸ ਕਦਰ ਵੀ ਕੋਈ ਆਪਣੇ ਸਬਜੈਕਟ ਨੂੰ ਮੁਹੱਬਤ ਕਰਦਾ ਹੈ ਕਿ ਉਸ ਦੀ ਚੁੱਪ ਵਿਚੋਂ ਵੀ ਉਸ ਦਾ ਸਬਜੈਕਟ ਬੋਲਣ ਲੱਗ ਪਵੇ! ਸਬਜੈਕਟ ਵੀ ਉਹ ਜੋ ਸਿਰ ਚੜ੍ਹ ਬੋਲੇ ਯਾਨਿ ਫਿਲਾਸਫੀ!
ਸਾਇਕਾਲੋਜੀ ਵਿਭਾਗ ਦਾ ਮੇਰਾ ਦੋਸਤ ਬਲਜੀਤ ਤੇ ਮੈਂ ਉਸ ਵਿਚੋਂ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ Ḕਲੰਮੀ ਕੁੜੀḔ ਦੇ ਮੰਗੇਤਰ ਗੌਤਮ ਨੂੰ ਲੱਭਦੇ ਤੇ ਹੱਸ ਛੱਡਦੇ। ਉਹ ਸਾਨੂੰ ਸੱਚਮੁਚ ਉਹੀ ਗੌਤਮ ਲੱਗਦਾ; ਜਿਵੇਂ ਬੇਦੀ ਸਾਹਿਬ ਨੇ ਉਸੇ ਨੂੰ ਦੇਖ ਕੇ ਉਹ ਕਹਾਣੀ ਲਿਖੀ ਹੋਵੇ।
ਉਸ ਦੇ ਦੋਸਤ ਦੱਸਦੇ ਕਿ ਉਹ ਫਿਲਾਸਫੀ ਦੇ ਨਾਲ ਨਾਲ ਹੋਰ ਕਲਾਵਾਂ ਦਾ ਵੀ ਕਾਇਲ ਹੈ। ਸ਼ਾਮ ਦੇ ਇਕੱਲ ਨੂੰ ਦੂਰ ਕਰਨ ਲਈ ਸੰਗੀਤ ਦਾ ਸਾਥ ਮਾਣਦਾ ਹੈ; ਗੱਪ-ਸ਼ੱਪ ਦਾ ਸ਼ੌਕੀਨ ਅਤੇ ਕਵਿਤਾ ਦਾ ਆਸ਼ਕ ਹੈ। ਕਵੀਆਂ ‘ਚ ਬੈਠਾ ਬੇਮੁਮਤਾਜ ਸ਼ਹਿਨਸ਼ਾਹ ਸ਼ਾਹਜਹਾਨ ਲੱਗਦਾ। ਦਿਨ ਭਰ ਦੋਸਤਾਂ ਤੇ ਵਿਦਿਆਰਥੀਆਂ ਨਾਲ ਗੁਜ਼ਾਰਦਾ। ਪਰ ਰਾਤ ਇਕੱਲਿਆਂ ਬਤੀਤ ਕਰਦਾ। ਕੋਈ ਮੁਮਤਾਜ ਤਾਉਮਰ ਉਸ ਦੇ ਦਿਲ ਨੂੰ ਨਾ ਛੂਹ ਸਕੀ ਤੇ ਨਾ ਉਸ ਦੀ ਖੁਆਬਗਾਹ ਦਾ ਸ਼ਿੰਗਾਰ ਬਣ ਸਕੀ। ਮੰਜਾ, ਬਿਸਤਰਾ ਤੇ ਚਾਹ ਜੋਗੇ ਭਾਂਡੇ ਉਸ ਦੇ ਘਰ ਦਾ ਸਮਾਨ ਸਨ। “ਤਸਵੀਰੇ ਬੁੱਤਾਂ ਔਰ ਹੁਸੀਨੋ ਕੇ ਖਤੂਤ” ਦਾ ਰਾਜ, ਕੋਈ ਹਮਰਾਜ ਹੀ ਜਾਣਦਾ ਹੋਵੇਗਾ। ਉਂਜ ਉਸ ਦਾ ਕੋਈ ਹਮਰਾਜ ਨਹੀਂ ਸੀ। ਉਸ ਦੇ ਬਹੁਤੇ ਦੋਸਤ ਖੁਦ ਨੂੰ ਉਸ ਦੇ ਹਮਰਾਜ ਵੀ ਸਮਝਦੇ ਹਨ। ਪਰ ਦੋਸਤ ਅਤੇ ਹਮਰਾਜ ਦੋ ਗੱਲਾਂ ਹਨ। ਹਮਰਾਜ ਦੋਸਤ ਵੀ ਹੁੰਦਾ ਹੈ, ਪਰ ਦੋਸਤ ਹਮਰਾਜ ਨਹੀਂ ਹੁੰਦਾ। ਹਮਰਾਜ ਕੋਈ ਵਿਰਲਾ ਹੁੰਦਾ ਹੈ। ਉਸ ਲਈ ਕੋਈ ਵੀ ḔਵਿਰਲਾḔ ਨਹੀਂ ਸੀ; ḔਵਿਰਲਾḔ ਤਾਂ ਉਹ ਖੁਦ ਸੀ।
ਕੱਪੜਿਆਂ ਦਾ ਉਹ ਗੁਲਾਮ ਨਹੀਂ ਸੀ। ਕਿਤਾਬਾਂ ਤੇ ਕੱਚ ਦਾ ਸਮਾਨ ਉਸ ਦੇ ਦਿਲ ਦੀ ਜਾਇਦਾਦ ਸਨ, ਜਿਨ੍ਹਾਂ ਨੂੰ ਉਹ ਵਕਤ ਬੇਵਕਤ ਸੰਭਾਲ ਸੰਭਾਲ ਰੱਖਦਾ ਤੇ ਉਚੇਚੇ ਆਏ-ਗਏ ਨੂੰ ਨਿਰਉਚੇਚ ਰੱਜ ਰੱਜ ਦੀਦਾਰ ਕਰਵਾਉਂਦਾ। ਨਸ਼ੇ ਦੀ ਨਿਸ਼ਾ ਹੁੰਦੇ ਹੁੰਦੇ, ਫਿਲਾਸਫੀ ਦੇ ਬੰਦ ਬੂਹੇ ਖੋਲ੍ਹ ਬੈਠਦਾ ਤੇ ਗਿਆਨ ਦੀ ਨਿਸ਼ਾ ਨਾਲ ਨਸ਼ਾ ਗਾਇਬ ਹੋ ਜਾਂਦਾ। ਕਈ ਇਤਰਾਜ਼ ਕਰਦੇ ਕਿ ਉਹ ਚੱਤੋ ਪਹਿਰ ਚਹੇਤੇ-ਚਹੇਤੀਆਂ ਵਿਚ ਘਿਰਿਆ ਰਹਿੰਦਾ ਹੈ, ਪਰ ਉਸ ਦੇ ਦਿਲ ਦੀਆਂ ਉਹੀ ਜਾਣਦਾ ਸੀ। ਉਹ ਮੁਹੱਬਤੀ ਸੈਨਤਾਂ ਨੂੰ ਕਿਤਾਬ ਨਾਲ ਨਿਹਾਲ ਕਰਕੇ ਗਿਆਨ ਦੇ ਖੂਹ ‘ਚ ਧੱਕ ਦਿੰਦਾ। ਚੰਦ ਦਿਨਾਂ ‘ਚ ਉਹ ਕਿਤਾਬ ਛਿੱਥੀ ਜਿਹੀ ਹੋ ਕੇ ਸੈਕਟਰ-15 ‘ਚ ਰੱਦੀ ਦਾ ਸ਼ਿੰਗਾਰ ਬਣ ਜਾਂਦੀ ਤੇ ਜਿਸ ਦੇ ਮੁੱਖ ਪੰਨੇ ‘ਤੇ ਉਸ ਦੇ ਸਿਗਨੇਚਰ, ਮੁਹੱਬਤ ਦਾ ਮੂੰਹ ਚਿੜਾਉਂਦੇ ਤੇ ਗਿਆਨ ਦੀਆਂ ਦੰਦੀਆਂ ਚਿਘਾਉਂਦੇ। ਉਹ ਕਿਸੇ ਵੀ ਅਫਸਾਨੇ ਨੂੰ ḔਤਕਮੀਲḔ ਦੇ ਰਾਹ ਨਾ ਪੈਣ ਦਿੰਦਾ।
ਉਸ ਦੇ ਕਰੀਬੀ ਦੱਸਦੇ ਕਿ ਉਹ ਪੰਜਾਬ ਲਈ ਚੱਪਾ ਚੱਪਾ ਫਿਕਰਮੰਦ ਸੀ। ਇਸ ਫਿਕਰ ਵਿਚ ਉਸ ਦੀ ਰਗ ਰਗ ਦੁਖਦੀ ਸੀ ਤੇ ਸੀਨਾ ਧੁਖਦਾ ਸੀ। ਉਹ ਪੰਜਾਬ ਨੂੰ ਨਿਰਲੱਜਤਾ ਅਤੇ ਦਰਿਦਰਤਾ ਦੇ ਸਲੰਮ ਅਤੇ ਸਲੰਬਰ ਤੋਂ ਮੁਕਤ ਦੇਖਣ ਦਾ ਚਾਹਵਾਨ ਸੀ।
ਸੁਣਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬੀ ਨੂੰ ਵਿਕਸਤ ਕਰਨ ਲਈ ਹਾਈ ਪਾਵਰ ਕਮੇਟੀ ਬਣਾਈ, ਜਿਸ ਦੇ ਸਿਰਕਰਦਾ ਮੈਂਬਰਾਂ ਵਿਚ ਪ੍ਰੋ. ਗੌਤਮ ਨੂੰ ਲਿਆ ਗਿਆ। ਪਹਿਲੀ ਮੀਟਿੰਗ ਹੋਈ, ਪ੍ਰੋ. ਗੌਤਮ ਬਰੇਲੀ ਤੋਂ, ਸਭ ਤੋਂ ਪਹਿਲਾਂ ਪੁੱਜ ਗਏ। ਇੱਥੇ ਆ ਕੇ ਅਸਲੀਅਤ ਸਾਹਮਣੇ ਆਈ। ਪਛਤਾਵੇ ਦੀ ਪੰਡ ਸਿਰ ‘ਤੇ ਚੁੱਕੀ ਅਤੇ ਦਿਲ ਨੂੰ ਨਿਰਾਸ਼ਾ ਦੀ ਗੰਢ ਦੇ ਕੇ ਵਾਪਸ ਬਰੇਲੀ ਜਾ ਕੇ ਸਾਹ ਲਿਆ।
1992 ‘ਚ ਮੈਂ ਫਗਵਾੜੇ ਆਣ ਲੱਗਾ। ਯੂਨੀਵਰਸਿਟੀ ਚੇਤਿਆਂ ‘ਚੋਂ ਧੁੰਦਲੀ ਹੋਣ ਲੱਗੀ; ਏਨੀ ਧੁੰਦਲੀ ਕਿ ਕਈ ਯਾਦਾਂ ਵਿੱਸਰ ਗਈਆਂ। ਸਾਲ ਕੁ ਪਹਿਲਾਂ, ਫੇਸਬੁੱਕ ‘ਤੇ ਫਰੈਂਡ ਰਿਕੁਐਸਟ ਆਈ। ਨਾਂ ਪੜ੍ਹਿਆ ਤਾਂ ਉਹ ਸੱਤਿਅਪ ਗੌਤਮ ਸੀ। ਮੈਂ ਓ ਕੇ ਕੀਤੀ; ਦੋਸਤੀ ਕਨਫਰਮ ਹੋਈ। ਫੇਸਬੁੱਕ ‘ਤੇ ਉਹ ਮੇਰੀਆਂ ਪੋਸਟਾਂ ਦੀ ਅਕਸਰ ਤਾਰੀਫ ਕਰਦੇ। ਮੈਂ ਲਾਈਕ ਕਰ ਛੱਡਦਾ।
ਦੋ ਮਹੀਨੇ ਪਹਿਲਾਂ ਮੈਨੂੰ ਫੋਨ ਆਇਆ; ਓਹੀ ਸੱਤਿਅਪ ਗੌਤਮ ਸੀ। ਪਤਾ ਲੱਗਾ ਕਿ ਉਹ ਪੰਜਾਬ ਯੂਨੀਵਰਸਿਟੀ ਵਾਲਾ, ਉਹੀ ਸੁਪਰਡੈਂਟ, ਪ੍ਰੋ. ਸੱਤਪਾਲ ਗੌਤਮ ਸੀ।
ਉਹ ਫਲਸਫੇ ਦਾ ਅਧਿਆਪਕ ਸੀ। ਜੇ. ਐਨ. ਯੂ. ‘ਚ ਪੜ੍ਹਾ ਚੁਕਾ ਸੀ। ਕਿਤੇ ਵਾਈਸ ਚਾਂਸਲਰ ਵੀ ਬਣ ਗਿਆ ਸੀ। ਸ਼ਕਲ ਤੋਂ, ਆਵਾਜ਼ ਤੋਂ ਅਤੇ ਗੱਲਬਾਤ ਤੋਂ ਲਿੱਸਾ ਤੇ ਬਿਮਾਰ ਜਿਹਾ ਲੱਗਦਾ ਸੀ। ਲਹਿਜੇ ਤੋਂ ਲੱਗਾ ਕਿ ਉਹ ਪੰਜਾਬ ਯੂਨੀਵਰਸਿਟੀ ਲਈ ਉਦਾਸ ਹੈ। ਜਿਵੇਂ ਪੰਜਾਬ ਯੂਨੀਵਰਸਿਟੀ ਦੀ ਦੂਰੀ ਨੇ ਉਸ ਨੂੰ ਖਾ ਲਿਆ ਹੋਵੇ। ਜਿਵੇਂ ਇਹ ਦੂਰੀ ਉਸ ਲਈ ਚਿੰਤਾ ਰੋਗ ਬਣ ਗਈ ਹੋਵੇ।
ਉਸ ਨੇ ਮੇਰੇ ਬਾਬਤ ਪੁੱਛਿਆ। ਮੈਂ ਦੱਸਿਆ ਤਾਂ ਉਸ ਨੂੰ ਉਹ ਸੁਪਰਡੈਂਟੀ ਦੇ ਦਿਨ ਯਾਦ ਆਏ। ਪੰਜਾਬ ਦੇ ਹਾਲਾਤ-ਏ-ਹਾਜ਼ਿਰਾ ‘ਤੇ ਚਰਚਾ ਛਿੜੀ, ਤਬਸਰਾ ਹੋਇਆ। ਉਸ ਦੀਆਂ ਗੱਲਾਂ ‘ਚ ਗਹਿਰੀ ਟੀਸ ਸੀ। ਸੁਣਿਆ ਸੀ, ਕਿਸੇ ਅੜਬੀਲੇ, ਬੜਬੋਲੇ, ਤਬੀਅਤ ਦੇ ਤੱਤੇ ਅਤੇ ਰੰਗ ਦੇ ਪੱਕੇ ḔਸਿੱਕḔ ਨੌਜਵਾਨ ਨੇ, ਕਿਸੇ ਸੈਮੀਨਾਰ ‘ਚ ਉਸ ਦੀ ਸ਼ਾਨ ਦੇ ਖਿਲਾਫ ਬਠਿੰਡੇ ਦੀ ਬੋਲੀ ਵਿਚ ਕੋਈ ਕੁਬੋਲ ਬੋਲ ਦਿੱਤਾ, ਜਿਸ ਦਾ ਸਿੱਧਾ ਪੱਛ ਉਸ ਦੇ ਹੁਸ਼ਿਆਰਪੁਰੀ ਦਿਲ ‘ਤੇ ਜਾ ਲੱਗਾ। ਮੈਂ ਪੁੱਛਿਆ, ਪਰ ਉਸ ਨੇ ਨਾਂ ਨਾ ਦੱਸਿਆ; ਸੰਕੇਤ ਕੀਤਾ ਕਿ ਉਹ ਅੱਜ ਕਲ ਅਮਰੀਕਨ ਗਲੀਆਂ ਦੀ ਰੀਣ ਫੱਕ ਰਿਹਾ ਹੈ ਤੇ ਖੁਦ ਨੂੰ ਸਿੱਖੀ ਦਾ ਅਤੇ ਉਤਰ ਆਧੁਨਿਕਤਾ ਦਾ ਅਣਐਲਾਨਿਆ ਅਫਲਾਤੂਨ ਮੰਨੀ ਬੈਠਾ ਹੈ। ਉਸ ਨੇ ਆਖਿਆ, “ਮੈਂ ਉਸ ਟੀਸ ਤੋਂ ਮੁਕਤ ਹੋਣ ਲਈ, ਸਿਰਫ ਇੱਕੋ ਵੇਰ ਅਰਦਾਸ ਕੀਤੀ ਸੀ ਕਿ ਵਾਹਿਗੁਰੂ ਉਸ ਦੀ Ḕਉਖਲ ਮੱਤḔ ਨੂੰ ਸੁਮੱਤ ਬਖਸ਼ੇ।” ਇਹੋ ਜਿਹੀ ਅਰਦਾਸ ਸਲੀਬ ‘ਤੇ ਟੰਗਿਆ ਈਸਾ ਕਰ ਸਕਦਾ ਹੈ ਜਾਂ ਅਹਿਸਾਸ ਦੀ ਸੂਲੀ ‘ਤੇ ਅਟਕਿਆ ਗੌਤਮ।
ਬੜੇ ਉਤਸ਼ਾਹ ਵਿਚ ਨਿੱਘ ਭਰਪੂਰ ਮੁਬਾਇਲ ਮਿਲਣੀ ਹੋਈ। ਉਸ ਨੇ ਮੈਨੂੰ ਸ਼ਾਬਾਸ਼ ਦਿੱਤੀ; ਲਿਖਦੇ ਰਹਿਣ ਲਈ ਪ੍ਰੇਰਿਆ। ਮੇਰਾ ਮਾਣ ਵਧਿਆ, ਦ੍ਰਿੜਤਾ ਵਧੀ। ਦਿਲ ‘ਚ ਰੌਸ਼ਨੀ ਦਿਸੀ ਤੇ ਮੇਰੀ ਕਲਮ ‘ਚ ਚਮਕ ਆਈ।
ਅੱਜ ਅਚਾਨਕ ਪਤਾ ਲੱਗਾ ਕਿ ਉਹ ਨਹੀਂ ਰਿਹਾ। ਪ੍ਰੋ. ਸੱਤਪਾਲ ਗੌਤਮ ਧਨੀਰਾਮ ਚਾਤ੍ਰਿਕ ਵਾਲੇ ਸਾਂਝੇ ਪੰਜਾਬ ਦਾ ਉਪਾਸ਼ਕ ਅਤੇ ਗੌਰਵ ਸੀ। ਉਹ ਪੰਜਾਬ ਦਾ ਪੜ੍ਹਨ-ਲਿਖਣ ਵਾਲਾ ਸਪੁੱਤਰ ਸੀ। ਉਸ ਜਿਹੇ ਫਰਾਖ ਇਨਸਾਨ ਤੇ ਪ੍ਰਤਿਬੱਧ ਵਿਦਵਾਨ ਵਾਰ ਵਾਰ ਜਹਾਨ ‘ਚ ਨਹੀਂ ਆਉਂਦੇ; ਜੇ ਆਉਂਦੇ ਹਨ ਤਾਂ ਜਲਦੀ ਚਲੇ ਜਾਂਦੇ ਹਨ।
ਮਨ ਉਦਾਸ ਹੈ, ਦਿਲ ਗਮਗੀਨ ਹੈ। ਪੰਜਾਬ ਦੇ ਪਿਆਰੇ ਸਪੂਤ ਇੱਕ ਇੱਕ ਕਰਕੇ ਕਿਰ ਰਹੇ ਹਨ। ਕਿਸੇ ਨੂੰ ਕੋਈ ਖਬਰ ਨਹੀਂ। ਇੱਥੇ ਕਿਸੇ ਗੈਂਗਸਟਰ ਦਾ ਮਰ ਜਾਣਾ ਹੀ ਵੱਡੀ ਖਬਰ ਹੈ। ਕਿਸੇ ਦਾਨਿਸ਼ਵਰ ਦਾ ਤੁਰ ਜਾਣਾ ਤਾਂ ਇਸ ਤਰ੍ਹਾਂ ਹੈ, ਜਿਵੇਂ ਮਹਿਜ ਕਿਸੇ ਰੁੱਖ ਤੋਂ ਕੋਈ ਚਿੜੀ ਉਡ ਗਈ ਹੋਵੇ।
ਕਿਸੇ ਨੂੰ ਕੁਝ ਪਤਾ ਨਹੀਂ ਕਿ ਪੰਜਾਬ ਵਿਚ ਦਾਨਿਸ਼ਮੰਦੀ ਭੋਰਾ ਭੋਰਾ ਕਰਕੇ ਨਿੱਤ ਮਰ ਰਹੀ ਹੈ। ਪੰਜਾਬ ਦੇਹ ਨਹੀਂ, ਧੜਕਦਾ ਦਿਲ ਸੀ। ਸਿਆਸਤ ਨੇ ਇਸ ਵੱਡੇ ਦਿਲ ਨੂੰ ਨਿੱਕੀ ਜਿਹੀ ਦੇਹ ਬਣਾ ਲਿਆ ਹੈ।
ਇੰਜ ਮਹਿਸੂਸ ਹੋ ਰਿਹਾ ਹੈ, ਜਿਵੇਂ ਪੰਜਾਬ ਦੀ ਸਿਆਸਤ ਬਲਦੀ ਹੋਈ ਚਿਖਾ ਹੋਵੇ, ਜਿਸ ਵਿਚ ਗੌਤਮ ਜਿਹੇ ਪੰਜਾਬ ਦੇ ਲਾਡਲੇ ਪੁੱਤਰ ਉਦਰੇਵੇਂ ਅਤੇ ਨਿਰਾਸ਼ਾ ਵਿਚ ਰੋਜ ਸਤੀ ਹੋ ਰਹੇ ਹੋਣ।
ਲੋਕ ਸਮਝਦੇ ਹੋਣਗੇ ਕਿ ਪੰਜਾਬ ਵਿਚ ਕਿਤਾਬਾਂ ਮਰ ਰਹੀਆਂ ਹਨ ਜਾਂ ਕਿਤਾਬਾਂ ਪੜ੍ਹਨ ਵਾਲੇ ਮਰ ਰਹੇ ਹਨ; ਅਸਲ ਵਿਚ ਦੋਵੇਂ ਮਰ ਰਹੇ ਹਨ। ਇਸ ਲਈ ਪੰਜਾਬ ਮਰ ਰਿਹਾ ਹੈ। ਇਸ ਦਾ ਇੱਕ ਸਬੂਤ ਇਹ ਵੀ ਹੈ ਕਿ ਪ੍ਰੋ. ਸੱਤਪਾਲ ਗੌਤਮ ਦੇ ਤੁਰ ਜਾਣ ਦੀ ਖਬਰ, ਦਿੱਲੀ ਦੇ ਫਲੈਟ ਤੋਂ ਜਪਾਨ ‘ਚ ਹੋ ਕੇ ਆਈ; ਉਹ ਵੀ ਫੇਸਬੁੱਕ ਰਾਹੀਂ। ਪਰਮਿੰਦਰ ਸੋਢੀ ਨਾ ਦੱਸਦੇ ਤਾਂ ਖਬਰੇ ਹੋਰ ਕਿੰਨੇ ਦਿਨ ਇਸ ਖਬਰ ਦਾ ਪਤਾ ਹੀ ਨਾ ਲਗਦਾ।
ਪੰਜਾਬ ਨੂੰ ਉਸ ਦੀ ਕੋਈ ਖਬਰ ਨਹੀਂ ਸੀ, ਪਰ ਉਹ ਪੰਜਾਬ ਤੋਂ ਬੇਖਬਰ ਨਹੀਂ ਸੀ। ਉਹ ਲਗਾਤਾਰ ਪੰਜਾਬ ਨਾਲ ਰਾਬਤੇ ਵਿਚ ਰਹਿੰਦਾ। ਪੰਜਾਬ ਨੂੰ ਉਹ ਆਪਣਾ ਮਾਈ ਬਾਪ ਮੰਨਦਾ। ਹਰ ਸਾਲ, ਹਰ ਹਾਲ ਉਹ ਆਪਣੇ ਬਾਪ ਦੇ ਜਨਮ ਦਿਨ ‘ਤੇ ਆਉਂਦਾ। ਇਸ ਵਾਰ ਉਸ ਨੇ ਮਨ੍ਹਾਂ ਕਰ ਦਿੱਤਾ ਸੀ; ਅਖੇ ਕੋਈ ਕਾਨਫਰੰਸ ਹੈ। ਕੀ ਜਾਣੀਏ, ਇਹ ਬਹਾਨਾ ਸੀ ਜਾਂ ਉਸ ਨੂੰ ਪਤਾ ਸੀ ਕਿ ਗੌਤਮ ਦੇ ਫਲਸਫੇ ਦੀ ਆਖਰੀ ਕਾਨਫਰੰਸ ਉਸ ḔਫੈਲਸੂਫḔ ਨਾਲ ਹੋਣ
ਵਾਲੀ ਹੈ, ਜਿਸ ਨੂੰ ਲੋਕੀਂ ਰੱਬ ਆਖਦੇ ਹਨ।
ਦੱਸਦੇ ਹਨ ਕਿ ਉਹ ਆਖਰੀ ਵਕਤ ਇਕੱਲ ਦੇ ਬਿਸਤਰੇ ਤੋਂ ਹੇਠਾਂ ਡਿੱਗਾ; ਦੋ ਰਾਤਾਂ ਮੱਥਾ ਜਮੀਨ ਨਾਲ ਲੱਗਾ ਰਿਹਾ। ਇਹ ਉਸ ਦਾ ਪਹਿਲਾ ਤੇ ਆਖਰੀ ਸਜ਼ਦਾ ਸੀ। ਉਸ ਦੇ ਸਿਰ ‘ਤੇ ਕੋਈ ਚੋਟ ਆਈ; ਲਹੂ ਸਿੰਮਿਆ ਤੇ ਉਸ ਨੇ ਧਰਤੀ ਮਾਂ ਨੂੰ ਸੁਤੇ ਸਿੱਧ ਆਪਣਾ ਲਹੂ ਅਰਪਣ ਕੀਤਾ। ਕੇਹਾ ਸਜ਼ਦਾ ਤੇ ਕੈਸਾ ਅਰਪਣ! ਨਮ ਨੈਣਾਂ ਦੀ ਕਹਾਣੀ ਤਮਾਮ ਹੋਈ।
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਉਸ ਦੇ ਪਿੰਡ ਮਸਾਣੀਆਂ ‘ਚ ਜ਼ਰੂਰ ਮਸਾਣਾਂ ਜਿਹੀ ਚੁੱਪ ਪਸਰ ਗਈ ਹੋਵੇਗੀ। ਉਸ ਚੁੱਪ ਅਤੇ ਸੋਗੀ ਸੁੰਨਮਸਾਨ ਵਿਚ ਮੇਰੇ ਵੱਲੋਂ ਪ੍ਰੋ. ਸਾਹਿਬ ਦੀ ਹਸਤੀ ਅਤੇ ਦੇਣ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਣ ਹੈ।