ਬਿਰਖ-ਬਾਣੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਹੁਣ ਨਵੀਂ ਸ਼ੁਰੂ ਕੀਤੀ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ। ਹਥਲੇ ਲੇਖ ਵਿਚ ਉਨ੍ਹਾਂ ਰੁੱਖਾਂ ਦੀਆਂ ਨਿਆਮਤਾਂ ਦੀ ਗੱਲ ਕਰਦਿਆਂ ਅਫਸੋਸ ਜ਼ਾਹਰ ਕੀਤਾ ਹੈ, “ਕਦੇ ਵੇਲਾ ਸੀ ਕਿ ਖੂਹਾਂ ‘ਤੇ ਬਾਬੇ ਬੋਹੜਾਂ ਅਤੇ ਪਿੱਪਲਾਂ ਦੀਆਂ ਛਾਂਵਾਂ, ਖੂਹ ਦੀ ਜੋਗ ਅਤੇ ਰਾਹੀਆਂ ਲਈ ਠੰਢੜੀ ਛਾਂ ਦਾ ਨਿਉਂਦਾ ਸੀ।

ਖੂਹਾਂ ਦੇ ਲੁਪਤ ਹੋਣ ਨਾਲ ਬਾਬੇ-ਬਿਰਖਾਂ ਦੇ ਮਿਟੇ ਨਾਮੋ-ਨਿਸ਼ਾਨ ਲਈ ਮਨੁੱਖ ਜਿੰਮੇਵਾਰ। ਜਦ ਇਕ ਬਿਰਖ ਲਾਸ਼ ਬਣ ਕੇ ਧਰਤੀ ‘ਤੇ ਵਿਛਦਾ ਅਤੇ ਟੁਕੜਿਆਂ ਵਿਚ ਵੰਡੀਂਦਾ ਤਾਂ ਤੀਲੇ ਤੀਲੇ ਹੋ ਜਾਂਦੇ ਪੰਛੀਆਂ ਦੇ ਆਲ੍ਹਣੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬਿਰਖ, ਕੁਦਰਤ ਦਾ ਅਨਮੋਲ ਤੋਹਫਾ, ਬਨਸਪਤੀ ਦਾ ਮਾਣਮੱਤਾ ਅੰਗ। ਜੀਵਨ-ਦਾਨੀ, ਕਾਇਨਾਤੀ ਪਸਾਰੇ ਦਾ ਧੁਰਾ ਅਤੇ ਕੁਦਰਤੀ ਸੰਤੁਲਨ ਦੀ ਅਹਿਮ ਕੜੀ। ਧਰਤ ਦੀਆਂ ਪਰਜੀਵੀ ਜਾਤੀਆਂ ਲਈ ਆਧਾਰ।
ਬਿਰਖ ਹੈ ਤਾਂ ਪੰਛੀਆਂ ਦਾ ਬਸੇਰਾ ਹੈ, ਪਰਿੰਦਿਆਂ ਦਾ ਚਹਿਕਣਾ ਅਤੇ ਬੋਟਾਂ ਦੇ ਮੂੰਹਾਂ ਵਿਚ ਪੈਂਦੀ ਚੋਗ ਦੇ ਨਜ਼ਾਰੇ। ਪੰਛੀਆਂ ਦਾ ਤੀਲਾ ਤੀਲਾ ਜੋੜ ਕੇ ਆਲ੍ਹਣਾ ਬਣਾਉਣਾ ਅਤੇ ਜੀਵਨੀ-ਰੰਗਤ ਨੂੰ ਬਿਰਖ-ਵਿਹੜੇ ਸਜਾਉਣਾ।
ਬਿਰਖ ਧਰਤ ਨਾਲ ਜੁੜਿਆ, ਅਪਣੱਤ ਦਾ ਨਾਮ, ਕਰੀਬੀ ਰਿਸ਼ਤੇ ਦਾ ਸਬੱਬ, ਮਿੱਟੀ ਨਾਲ ਮੁਹੱਬਤੀ ਪਲਾਂ ਦਾ ਸ਼ਿਲਾਲੇਖ ਅਤੇ ਧਰਤ ਦੇ ਪਿੰਡੇ ‘ਤੇ ਹਰਿਆਵਲ ਦਾ ਨਾਮਕਰਨ।
ਬਿਰਖ ਹੈ ਤਾਂ ਬਦਲੋਟੀਆਂ ਦਾ ਅੰਬਰ ‘ਤੇ ਛਾਉਣਾ, ਕਾਲੀਆਂ ਘਟਾਵਾਂ ਦਾ ਘੁੰਮ ਕੇ ਬਨੇਰਿਆਂ ‘ਤੇ ਆਉਣਾ, ਪਿਆਸੀ ਧਰਤ ‘ਤੇ ਜੀਵਾਂ ਦੀ ਪਿਆਸ ਮਿਟਾਉਣਾ ਅਤੇ ਸਵਾਂਤੀ ਬੁੰਦ ਨਾਲ ਧਰਤੀ ਦੀ ਕੁੱਖ ਨੂੰ ਗਰਭਾਉਣਾ, ਨਿਰੰਤਰ ਜਾਰੀ।
ਬਿਰਖ, ਬੰਦਿਆਈ ਦਾ ਸੂਚਕ, ਭਲਿਆਈ ਭਰਪੂਰ ਵਰਤਾਰਾ ਅਤੇ ਚੰਗਿਆਈ ਦੀ ਵਗਦੀ ਜਲਧਾਰਾ।
ਸਮੁੱਚਾ ਬਿਰਖ ਨਿੱਤ ਵਰਤੋਂ ਦੇ ਕੰਮ ਆਉਂਦਾ। ਪੱਤਿਆਂ, ਕਰੂੰਬਲਾਂ, ਟਹਿਣੀਆਂ, ਤਣੇ ਤੋਂ ਜੜ੍ਹਾਂ ਤੀਕ ਵੱਖ-ਵੱਖ ਰੂਪ, ਬਿਰਖੀ ਉਪਯੋਗਤਾ ਦਾ ਨਾਮਕਰਨ। ਬਿਰਖ ਬਿਰਖ ਹੋ ਕੇ ਜਿਉਣ ਵਾਲੇ ਲੋਕ ਬਿਰਖਾਂ ਵਰਗੀ ਜਿੰਦਗੀ ਦਾ ਸਿਰਨਾਵਾਂ ਬਣਦੇ ਤਾਂ ਬਿਰਖੀ ਅਰਾਧਨਾ ਫਿਜ਼ਾ ਦੇ ਨਾਮ ਕਰਦੀ ਜੀਵਨ-ਨਿਉਂਦਾ।
ਬਿਰਖ ਹੇਠ ਸਮਾਧੀ ਵਿਚ ਲੀਨ ਹੋਇਆ ਬੁੱਧ ਬਿਰਖ-ਬੋਧ ਵਿਚੋਂ ਖੁਦ ਨੂੰ ਵਿਸਥਾਰਨ ਅਤੇ ਪਰਿਭਾਸ਼ਤ ਕਰਨ ਦੀ ਆਤਮਿਕਤਾ ਵਿਚੋਂ ਰਿਸ਼ਮਾਂ ਦਾ ਝਲਕਾਰਾ ਦੇਖਦਾ ਤਾਂ ਬੋਧ-ਬਿਰਖ ਸਦੀਆਂ ਤੀਕ ਬਿਰਖ-ਬੰਦਗੀ ਦਾ ਮੁਹਾਂਦਰਾ ਸਿਰਜ ਜਾਂਦਾ।
ਬਿਰਖ ਹੁੰਦਾ ਤਾਂ ਦਰਿਆਵਾਂ ਨੂੰ ਸੀਮਤ ਦਾਇਰਿਆਂ ਵਿਚ ਵਹਿਣ ਦੀ ਨਸੀਹਤ ਮਿਲਦੀ। ਇਸ ਦੇ ਕੰਢਿਆਂ ‘ਤੇ ਮਲਾਹਾਂ ਦੀਆਂ ਮਹਿਫਿਲਾਂ ਸਜਦੀਆਂ ਅਤੇ ਪਾਣੀਆਂ ਦਾ ਲਹਿਰੀ-ਸੰਗੀਤ ਵਾਤਾਵਰਣ ਨੂੰ ਤਰੰਗਤ ਕਰਦਾ।
ਕਦੇ ਵੇਲਾ ਸੀ ਕਿ ਖੂਹਾਂ ‘ਤੇ ਬਾਬੇ ਬੋਹੜਾਂ ਅਤੇ ਪਿੱਪਲਾਂ ਦੀਆਂ ਛਾਂਵਾਂ, ਖੂਹ ਦੀ ਜੋਗ ਅਤੇ ਰਾਹੀਆਂ ਲਈ ਠੰਢੜੀ ਛਾਂ ਦਾ ਨਿਉਂਦਾ ਸੀ। ਖੂਹਾਂ ਦੇ ਲੁਪਤ ਹੋਣ ਨਾਲ ਬਾਬੇ-ਬਿਰਖਾਂ ਦੇ ਮਿਟੇ ਨਾਮੋ-ਨਿਸ਼ਾਨ ਲਈ ਮਨੁੱਖ ਜਿੰਮੇਵਾਰ। ਜਦ ਇਕ ਬਿਰਖ ਲਾਸ਼ ਬਣ ਕੇ ਧਰਤੀ ‘ਤੇ ਵਿਛਦਾ ਅਤੇ ਟੁਕੜਿਆਂ ਵਿਚ ਵੰਡੀਂਦਾ ਤਾਂ ਤੀਲੇ ਤੀਲੇ ਹੋ ਜਾਂਦੇ ਪੰਛੀਆਂ ਦੇ ਆਲ੍ਹਣੇ। ਬਿਰਖ-ਨੈਣਾਂ ਵਿਚ ਲੁੜਕ ਜਾਂਦੀ ਬੋਟਾਂ ਦੀ ਤ੍ਰਾਸਦੀ, ਉਜੜ ਜਾਂਦੀਆਂ ਸੱਥਾਂ, ਅਬੋਲਾਂ ਵਿਚ ਉਗਦੀ ਉਦਾਸੀ ਅਤੇ ਮਾਨਸਿਕਤਾ ਵਿਚ ਭਾਰੂ ਹੋ ਜਾਂਦੀ ਨਿਰਾਸ਼ਾ। ਪਰਿੰਦਿਆਂ ਦੇ ਵੈਣਾਂ, ਬਿਰਖ ਦੀਆਂ ਲੇਰਾਂ ਅਤੇ ਧਰਤੀ ਦੇ ਪਿੰਡੇ ਦੀ ਤਪਸ਼, ਮਨੁੱਖ ਦੀ ਝੋਲੀ ਵਿਚ ਪਾਵੇਗੀ ਸਰਬਨਾਸ਼ ਦਾ ਸ਼ਗਨ।
ਇਹ ਕੇਹੀ ਤਰੱਕੀ ਕਿ ਅਸੀਂ ਪੱਥਰਾਂ ਅਤੇ ਇੱਟਾਂ ਦੇ ਜੰਗਲ ਉਸਾਰਨ ਵੱਲ ਰੁਚਿਤ ਹਾਂ। ਇਨ੍ਹਾਂ ਵਿਚੋਂ ਪਲ ਪਲ ਮੌਤ ਝਲਕਦੀ। ਜੀਵਨ-ਦਾਨੀ ਜੰਗਲਾਂ ਨੂੰ ਉਗਾਉਣ ਤੋਂ ਮੁਨਕਰ। ਸਿਰਫ ਕੁਝ ਕੁ ਹੀ ਫਿਕਰਮੰਦ ਲੋਕ ਨੇ ਜਿਨ੍ਹਾਂ ਦੀ ਚੇਤਨਾ ਵਿਚ ਹਵਾ ਦੇ ਲੰਗਰ ਲਾਉਣ ਦੀ ਚਾਹਨਾ ਪ੍ਰਬਲ। ਇਨ੍ਹਾਂ ਵਿਚੋਂ ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਨੇ ਪ੍ਰਮੁੱਖ।
ਸ਼ਹਿਰ ਦੀ ਵਧੀਆ ਕਾਲੋਨੀ। ਇਸ ਵਿਚ ਪਿਛਲੇ ਤੀਹ ਸਾਲਾਂ ਤੋਂ ਲਾਏ ਹੋਏ ਛਾਂਦਾਰ ਰੁੱਖਾਂ ਨੇ ਬਣਾਇਆ ਕਾਲੋਨੀ ਵਿਚ ਹਰਿਆਵਲ ਤੇ ਛਾਂ ਦਾ ਮਾਨਵੀ ਚਿੱਤਰਪੱਟ ਅਤੇ ਕੁਦਰਤੀ ਸਮਤੋਲ ਦਾ ਮਾਹੌਲ। ਲੱਗਦਾ ਸੀ ਕਿ ਇਹ ਕਾਲੋਨੀ ਸੁਚੇਤ ਲੋਕਾਂ ਦੀ ਹੈ। ਪਰਦੇਸ ਬੈਠਿਆਂ ਬੜਾ ਦੁੱਖ ਹੋਇਆ ਜਦ ਪਤਾ ਲੱਗਾ ਕਿ ਕਾਲੋਨੀ ਵਾਲਿਆਂ ਦੇ ਤੁਗਲਕੀ ਫੁਰਮਾਨ ਨੇ ਸਾਰੇ ਰੁੱਖ ਵਢਾਉਣ ਅਤੇ ਕਾਲੋਨੀ ਵਿਚ ਬੇਰੁਖੀ ਤੇ ਉਦਾਸੀਨਤਾ ਭਰੇ ਮਾਹੌਲ ਨੂੰ ਸਿਰਜਣ ਵਿਚ ਪਲ ਵੀ ਨਹੀਂ ਲਾਇਆ। ਕੀ ਉਨ੍ਹਾਂ ਦੇ ਮਨ ਵਿਚ ਬੇਘਰ ਹੋਏ ਪਰਿੰਦੇਆਂ, ਆਲ੍ਹਣਿਆਂ ਦੇ ਬਿੱਖਰੇ ਤੀਲਿਆਂ ਜਾਂ ਛਾਂ ਤੋਂ ਵਿਰਵੇ ਕੀਤੇ ਜੀਵ-ਜੰਤੂਆਂ ਪ੍ਰਤੀ ਜ਼ਰਾ ਵੀ ਦਰਦ ਪੈਦਾ ਨਹੀਂ ਹੋਇਆ? ਜਾਂ ਉਨ੍ਹਾਂ ਦੀ ਚੇਤਨਾ ਵਿਚ ਕੁਦਰਤੀ ਸੁੰਦਰਤਾ ਪ੍ਰਤੀ ਰਤਾ ਵੀ ਫਿਕਰੰਮਦੀ ਨਹੀਂ ਸੀ? ਕੀ ਉਹ ਨਹੀਂ ਜਾਣਦੇ ਕਿ ਗਲੋਬਲ ਵਾਰਮਿੰਗ ਸਰਬਨਾਸ਼ ਦੀ ਨਿਸ਼ਾਨੀ ਏ? ਕੀ ਧਰਤੀ ਦੇ ਨਿਰੰਤਰ ਵੱਧ ਰਹੇ ਤਾਪਮਾਨ ਵਿਚ ਮਨੁੱਖੀ ਜੀਵਨ ਸੰਭਵ ਰਹੇਗਾ? ਏ.ਸੀ./ਕਾਰਾਂ ਵਿਚੋਂ ਨਿਕਲਦੀਆਂ ਗੈਸਾਂ ਨੂੰ ਕੌਣ ਜਜ਼ਬ ਕਰੇਗਾ? ਸਾਡੇ ਜਿਉਣ ਲਈ ਤਾਜ਼ੀ ਆਕਸੀਜਨ ਕਿਥੋਂ ਆਵੇਗੀ? ਪੰਛੀਆਂ ਦੀ ਚਹਿਚਹਾਟ ਅਤੇ ਸੰਗੀਤਕ ਗੁਟਕਣੀ ਤੋਂ ਵਿਰਵੇ ਹੋ ਕੇ ਅਸੀਂ ਮਾਤਮੀ ਖਾਮੋਸ਼ੀ ਤੋਂ ਕੀ ਖੱਟਾਂਗੇ? ਕੀ ਸ਼ਹਿਰੀਕਰਨ ਦਾ ਇਹ ਨਵਾਂ ਮਾਡਲ ਮਨੁੱਖ ਦੇ ਮੱਥੇ ‘ਤੇ ਮੌਤ ਦਾ ਪੈਗਾਮ ਤਾਂ ਨਹੀਂ ਖੁਣ ਰਿਹਾ? ਕੀ ਅਸੀਂ ਖੁਦ ਦਾ ਮਰਸੀਆ ਪੜ੍ਹਨ ਦੇ ਰਾਹ ਤੁਰ ਪਏ ਹਾਂ? ਕੀ ਰੁੱਖ ਤੋਂ ਬਿਨਾ ਮਨੁੱਖੀ ਹੋਂਦ ਸੰਭਵ ਏ? ਅਮਰੀਕਾ-ਕੈਨੇਡਾ ਵਿਚ ਸਰਕਾਰੀ ਇਜਾਜ਼ਤ ਤੋਂ ਬਿਨਾ ਤਾਂ ਤੁਸੀਂ ਆਪਣੇ ਘਰ ਵਿਚ ਉਗਿਆ ਜਾਂ ਸੁੱਕਿਆ ਬਿਰਖ ਵੀ ਨਹੀਂ ਕੱਟ ਸਕਦੇ। ਕਲਮ-ਤੜਫਣੀ ਇਕ ਹਰਫੀ-ਹੂਕ ਦਾ ਬਾਣਾ ਪਾਉਂਦੀ ਏ;
ਰੁੰਡ-ਮਰੁੰਡ ਰੁੱਖ
ਬੰਜਰ ਕੁੱਖ
ਕੁਰੰਗਤ ਮੁੱਖ
ਸਹਿਮਿਆ ਸੁੱਖ
ਭਟਕਦੀ ਭੁੱਖ
ਬੇਗੈਰਤ ਮਨੁੱਖ
ਅਤੇ ਉਹ ਅਜੇ ਵੀ ਪੁੱਛਦੇ ਨੇ ਕਿ
ਸਮੇਂ ਨੂੰ ਕਾਹਦਾ ਏ ਦੁੱਖ?
ਬਿਰਖ, ਕਲਮ ਬਣ ਕੇ ਹਰਫਾਂ ਨਾਲ ਸਾਂਝ ਪਾਉਂਦਾ। ਹਰਫ-ਹੱਥਾ ਬਣ ਕੇ ਦੁੱਖ/ਸੁੱਖ ਸੁਣਾਉਂਦਾ। ਸਾਜ਼ ਬਣ ਕੇ ਹਵਾ ਦੇ ਵਿਹੜੇ ਵਿਚ ਸੁਰਾਂ ਦੀ ਛਹਿਬਰ ਲਾਉਂਦਾ। ਹੱਲ, ਪਰਾਣੀ, ਸੁਹਾਗਾ, ਸਲੰਘ, ਫਲ੍ਹਾ ਬਣ ਕੇ ਕਿਰਸਾਨੀ ਦਾ ਹੱਥ ਵਟਾਉਂਦਾ। ਖੂਹ ਜਾਂ ਖਰਾਸ ਦੀ ਗਾਟੀ ਬਣ ਕੇ ਬੱਚਿਆਂ ਨੂੰ ਝੂਟੇ ਦਿੰਦਾ। ਸਾਵਣ ਵਿਚ ਪੀਂਘ ਦੇ ਹੁਲਾਰਿਆਂ ਰਾਹੀਂ ਨੱਢੀਆਂ ਨੂੰ ਸੁਪਨ-ਪਰਵਾਜ਼ ਦਿੰਦਾ। ਛਤੀਰ, ਬਾਲਿਆਂ ਰਾਹੀਂ ਸਿਰ ਦੀ ਛੱਤ ਬਣਦਾ। ਮਣਾ, ਡਰਨਾ ਜਾਂ ਛੰਨ ਬਣ ਕੇ ਫਸਲਾਂ ਦਾ ਪਹਿਰੇਦਾਰ ਬਣਦਾ।
ਬਿਰਖ ਹੀ ਬਣਦਾ ਬੱਚੇ ਲਈ ਗਡੀਰਾ ਤੇ ਬਜ਼ੁਰਗ ਲਈ ਡੰਗੋਰੀ। ਨਿੰਮ ਦੀ ਦਾਤਣ ਵੀ ਤੇ ਦੰਦਾਸਾ ਵੀ ਅਤੇ ਸੱਜ-ਵਿਆਹੀ ਦੇ ਹੱਥਾਂ ‘ਤੇ ਚੜ੍ਹੀ ਮਹਿੰਦੀ ਦਾ ਰੰਗ ਵੀ। ਬਾਬਾ ਨਾਨਕ ਦੀ ਛੋਹ ਮਾਣ, ਵੇਈਂ ਦੇ ਕੰਢੇ ‘ਤੇ ਸੁਸ਼ੋਭਿਤ ਬੇਰੀ ਰਹਿਬਰੀ ਰਹਿਤਲ ਸਿਰਜ ਗਈ ਅਤੇ ਸੁਲਤਾਨਪੁਰ ਵਿਖੇ ਵੇਈਂ ਦੇ ਕੰਢੇ ਨੂੰ ਸਿੱਖ ਧਰਮ ਦਾ ਮੂਲ ਕੇਂਦਰ ਹੋਣ ਦਾ ਮਾਣ ਮਿਲਿਆ। ਹਰਿਮੰਦਰ ਸਾਹਿਬ ਵਿਖੇ ਦੁੱਖ-ਭੰਜਨੀ ਬੇਰੀ ਜਾਂ ਧਾਰਮਕ ਅਕੀਦਤ ਦਾ ਸੁੱਚਮ ਬਣੇ ਹੋਏ ਹੋਰ ਬੋਧ-ਬਿਰਖ ਵੀ ਅਜਿਹੇ ਹਨ। ਦਰਅਸਲ ਕੁਦਰਤੀ ਪਸਾਰਾ, ਮਨੁੱਖ ਅਤੇ ਰੁੱਖ ਦੀ ਸਦੀਵੀ ਸਾਂਝ ਦਾ ਸੁਗਮ ਸੰਦੇਸ਼।
ਬਿਰਖ ਹੀ ਮਨੁੱਖ ਦਾ ਆਦਿ ਤੇ ਅੰਤ। ਬੱਚੇ ਦੇ ਜਨਮ ਵੇਲੇ ਦਰਵਾਜਿਆਂ ‘ਤੇ ਬੱਝੇ ਸਰੀਂਹ ਦੇ ਪੱਤੇ। ਨਵੀਂ ਵਿਆਹੀ ਦਾ ਨਿੰਮ ਦੇ ਘੋਟਣੇ ਲਈ ਤਰਲਾ। ਜ਼ਿੰਦਗੀ ਦੇ ਆਖਰੀ ਸਫਰ ‘ਤੇ ਜਾਣ ਲੱਗਿਆਂ ਵੀ ਲੱਕੜ ਦਾ ਤਾਬੂਤ ਜਾਂ ਸਿਵਿਆਂ ਵਿਚ ਬਲਦੀਆਂ ਲਕੜਾਂ ਦਾ ਸੇਕ ਮਨੁੱਖ ਨੂੰ ਮਿੱਟੀ ਵਿਚ ਵਿਲੀਨ ਕਰਦਾ। ਬਿਰਖ ਦੀਆਂ ਲੋੜਾਂ ਅਤੇ ਥੋੜਾਂ ਦਾ ਅਹਿਸਾਸ ਮਨੁੱਖੀ ਸੋਚ ਦਾ ਹਮਸਫਰ।
ਕਦੇ ਸਕੂਲੀ ਪੜ੍ਹਾਈ ਵਾਲੇ ਪੁਰਾਣੇ ਕੁਰਸੀ-ਮੇਜ਼ ਨੂੰ ਯਾਦ ਕਰਨਾ ਅਤੇ ਉਸ ਦੇ ਬੀਤ ਚੁਕੇ ਇਲਾਹੀ ਸਾਥ ਨੂੰ ਨੈਣਾਂ ‘ਚ ਉਤਾਰਨਾ ਤੁਹਾਨੂੰ ਉਂਘਲਾਈਆਂ ਰਾਤਾਂ, ਖਿਲਰੀਆਂ ਕਿਤਾਬਾਂ-ਕਾਪੀਆਂ ਅਤੇ ਡੁੱਲ੍ਹੀ ਹੋਈ ਸਿਆਹੀ ਜਰੂਰ ਯਾਦ ਆਵੇਗੀ। ਜਦ ਘਰ ਦੀ ਕਿਸੇ ਨੁੱਕਰੇ ਮਾਂ ਦਾ ਕਾਲੀ ਟਾਹਲੀ ਤੇ ਪਿੱਤਲ ਦੇ ਕੋਕਿਆਂ ਵਾਲਾ ਸੰਦੂਕ ਅਤੇ ਚੰਨਣ ਦਾ ਚਰਖਾ ਬੀਤੇ ਸਮੇਂ ਨੂੰ ਨਿਹਾਰਦਾ ਤਾਂ ਉਸ ਦੇ ਨੈਣਾਂ ਵਿਚ ਹੰਝੂਆਂ ਦਾ ਧੁੰਦਲਕਾ ਮਨੁੱਖੀ ਸੋਚ ਵਿਚ ਪ੍ਰਸ਼ਨ ਪੈਦਾ ਕਰ ਜਾਂਦਾ।
ਬਿਰਖ, ਬਿਰਹਾ ਦਾ ਰਾਗ ਅਲਾਪੇ, ਖੁਦ ‘ਚੋਂ ਹੀ ਖੁਦ ਨੂੰ ਨਾਪੇ। ਖੁਦ ਹੀ ਬੱਚੜਾ ਤੇ ਖੁਦ ਹੀ ਮਾਪੇ। ਖੁਦ ‘ਚੋਂ ਹੀ ਖੁਦਾ ਦੀ ਸੂਰਤ ਜਾਪੇ। ਬਿਰਖ-ਬੂਹਾ, ਜਿੰਦ-ਮੁਹਾਣ। ਬਿਰਖ ਹੀ ਸਭ ਦਾ ਜੀਅ-ਪਰਾਣ। ਬਿਰਖ ਹੀ ਬਣਦਾ ਸਾਂਝ-ਸਿਆਣ। ਬਿਰਖ ਜਦ ਬਣਦਾ ਬਿਰਖ-ਪਛਾਣ, ਤਾਂ ਬਿਰਖ ਕਰੇਂਦਾ ਬਿਰਖ ‘ਤੇ ਮਾਣ। ਬਿਰਖ ਸੋਝੀ ਤੇ ਬਿਰਖ ਗਿਆਨ। ਬਿਰਖ ਅੱਲਾ ਤੇ ਬਿਰਖ ਭਗਵਾਨ। ਬਿਰਖ ਨੂੰ ਆਪਣਾ ਆੜੀ ਬਣਾਓ। ਬਿਰਖ ਦੀ ਜੂਹੀਂ ਆਵੋ ਜਾਵੋ। ਬਿਰਖ ਦੇ ਸਾਹੀਂ ਸੱਦ ਲਗਾਓ ਅਤੇ ਬਿਰਖ ਦਾ ਨਗਮਾ ਜਿੰਦ-ਬੀਹੀਂ ਗਾਵੋ।
ਰੁੱਖ ਅਤੇ ਮਨੁੱਖ ਦੀ ਪੀਢੀ ਸਾਂਝ ਤੇ ਸਾਂਝੀ ਸੋਚ। ਮਨੁੱਖ ਬਿਰਖ ਕੋਲੋਂ ਬਹੁਤ ਕੁਝ ਸਿੱਖ ਸਕਦਾ। ਜੇਠ ਹਾੜ ਦੀਆਂ ਲੂਆਂ ‘ਚ ਪਿੰਡਾ ਤਪਾਉਂਦਾ। ਯੱਖ ਸਿਆਲਾਂ ਵਿਚ ਰੁੰਡ-ਮਰੁੰਡ ਹੋਣ ਦਾ ਦਰਦ ਹੰਢਾਉਂਦਾ। ਬਿਰਖ ਕਦੇ ਵੀ ਪੀੜ ਪੀੜ ਨਹੀਂ ਹੁੰਦਾ। ਸਗੋਂ ਰੁੱਤ ਬਦਲਣ ‘ਤੇ ਹਰੇ ਕਚੂਰ ਪੱਤਿਆਂ ਅਤੇ ਲੈਰੀਆਂ ਲੱਗਰਾਂ ਸੰਗ ਨਵੀਂ ਰੁੱਤ ਨੂੰ ਖੁਸ਼ਆਮਦੀਦ ਕਹਿੰਦਾ। ਮਨੁੱਖੀ ਮਨ ਵਿਚ ਤਾਜ਼ਗੀ ਤੇ ਜਿਉਣ ਦਾ ਵਿਸਮਾਦ ਧਰਦਾ ਅਤੇ ਯੁੱਗ-ਜਿਉਣ ਦੀ ਆਸ ਤੇ ਧਰਵਾਸ ਦਾ ਸਿਰਨਾਵਾਂ ਖੁਣ ਜਾਂਦਾ। ਝੱਖੜ ਤੋਂ ਬਾਅਦ ਫਿਰ ਬਿਰਖ ‘ਤੇ ਬੈਠੇ ਪਰਿੰਦੇ ਗਾਉਂਦੇ, ਪੱਤੇ ‘ਚ ਉਪਜਦਾ ਰੁਮਕਣ-ਰਾਗ ਅਤੇ ਜੀਵਨਧਾਰਾ ਦਾ ਚਲਦਾ ਨਿਰੰਤਰ ਪ੍ਰਵਾਹ।
ਕਦੇ ਰੁੱਖ ਦੇ ਵਿਹੜੇ ਆਏ ਰੰਗ-ਬਿਰੰਗੇ ਫੁੱਲਾਂ ਨੂੰ ਕਿਆਸਣਾ, ਰਸੀਲੇ ਫਲਾਂ ਨਾਲ ਲਿੱਫੀਆਂ ਟਹਿਣੀਆਂ ਵਿਚਲੀ ਨਿਮਰਤਾ ਨੂੰ ਅੰਤਰੀਵ ਵਿਚ ਉਤਾਰਨਾ ਅਤੇ ਝੋਲੀਆਂ ਭਰ ਭਰ ਵੰਡਣ ਨਾਲ ਪੈਦਾ ਹੋਈ ਬਿਰਖੀ-ਸੰਤੁਸ਼ਟੀ ਨੂੰ ਜੀਵਨ-ਸ਼ੈਲੀ ਦੇ ਨਾਮ ਕਰਨਾ, ਤੁਸੀਂ ਜੀਵਨ-ਦਿਸਹੱਦੇ ‘ਤੇ ਸੂਰਜੀ ਜੀਵਨ-ਜਾਚ ਦੀ ਦਸਤਕ ਜਰੂਰ ਸੁਣੋਗੇ।
ਬਿਰਖ, ਬਹੁਲਾਤ, ਬੰਦਗੀ, ਬੰਦਨਾ ਅਤੇ ਬੇਪ੍ਰਵਾਹੀ ਦਾ ਨਾਮ। ਬਿਨਾ ਕਿਸੇ ਬੰਦਿਸ਼, ਬੇਲਿਹਾਜ਼ੀ ਜਾਂ ਬੇਗਾਨਗੀ ਦੇ ਬਿਰਖ ਹਰੇਕ ਲਈ ਸਾਹ, ਸੰਵੇਦਨਾ, ਸੰਜੀਵਨੀ, ਸੰਜ਼ੀਦਗੀ ਅਤੇ ਸਾਦਗੀ ਧਰ ਜਿਉਣ-ਨਗਮਾ ਜੀਵਨ-ਹੋਠ ‘ਤੇ ਗੁਣਗੁਣਾਉਂਦਾ।
ਕਦੇ ਕਦਾਈਂ ਬਿਰਖ ਬਿਰਖ ਹੋ ਕੇ ਜਿਉਣ ਦੀ ਤਮੰਨਾ ਮਨ ਵਿਚ ਪੈਦਾ ਕਰਨਾ, ਤੁਹਾਨੂੰ ਬਿਰਖੀ ਸਾਧਨਾ, ਸਮਰਪਣ ਅਤੇ ਸਿਦਕਦਿਲੀ ਦਾ ਸੁਚਾਰੂ ਸਮਰੂਪ ਜਰੂਰ ਨਜ਼ਰ ਆਵੇਗਾ। ਬਹੁਤ ਹੀ ਨੇਕਬਖਤ ਇਨਸਾਨ ਹੁੰਦੇ ਨੇ ਜੋ ਬਿਰਖ ਵਿਚੋਂ ਹੀ ਖੁਦ ਦਾ ਬਿੰਬ ਦੇਖ ਬਿਰਖੀ ਲੋਚਾ ਨੂੰ ਤਰਜੀਹ ਬਣਾਉਂਦੇ।
ਬਿਰਖ, ਮਨੁੱਖ ਨੂੰ ਸਹਿਜ ਰੂਪ ਵਿਚ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦੇ, ਆਪਣੀ ਤੋਰੇ ਵਿਗਸਦੇ, ਫੁੱਲਦੇ, ਫਲਦੇ ਅਤੇ ਜੀਵਨ-ਸਫਰ ਤੈਅ ਕਰਨ ਦਾ ਗੁਰ ਮਨੁੱਖੀ ਤਲੀ ‘ਤੇ ਧਰ ਜਾਂਦੇ।
ਬਿਰਖ-ਸੰਗਤ ਦੀ ਆਬ-ਓ-ਹਵਾ ਹੀ ਅਜਿਹੀ ਮਨਮੋਹਣੀ ਹੁੰਦੀ ਕਿ ਪੱਥਰਾਂ ਦੇ ਸ਼ਹਿਰ ਵਿਚ ਸੌੜੇ ਘਰਾਂ ਤੇ ਦੀਵਾਰਾਂ ਦਾ ਕੈਦੀ ਮਨੁੱਖ ਸੁਗੰਧੀ ਭਰਪੂਰ ਸਾਹ ਲੈਣ ਲਈ ਪਹਾੜਾਂ ਅਤੇ ਜੰਗਲਾਂ ਵੱਲ ਨੂੰ ਅਹੁਲਦਾ। ਪਰ ਫਿਰ ਵੀ ਉਹ ਬਿਰਖਾਂ ਨੂੰ ਪਾਲਣ-ਪੋਸ਼ਣ ਤੋਂ ਕੰਨੀਂ ਕਤਰਾਉਂਦਾ।
ਬਿਰਖ ਰੱਬ ਵਰਗੇ ਹੁੰਦੇ ਜਿਨ੍ਹਾਂ ਵਿਚ ਮਨੁੱਖੀ ਰਿਸ਼ਤਿਆਂ ਦੀਆਂ ਸਾਰੀਆਂ ਪਰਤਾਂ ਅਤੇ ਰੂਪ ਸਮੋਏ ਹੁੰਦੇ। ਐਂਵੇ ਤਾਂ ਨਹੀਂ ਲੋਕ ਬਿਰਖਾਂ ਨੂੰ ਪੂਜਦੇ!
ਕਿਸੇ ਦੇ ਘਰ ਦਾ ਚੌਗਿਰਦਾ ਕਿਸ ਤਰ੍ਹਾਂ ਦਾ ਹੈ? ਕਿਹੜੇ ਰੁੱਖ ਹਨ ਅਤੇ ਉਨ੍ਹਾਂ ਦੀ ਦਸ਼ਾ ਕੀ ਹੈ? ਉਨ੍ਹਾਂ ਦਾ ਰੱਖ-ਰਖਾਓ ਅਤੇ ਦਿੱਖ ਹੀ ਤੁਹਾਨੂੰ ਘਰ ਦੇ ਬਾਸ਼ਿੰਦਿਆਂ ਦੀ ਮਾਨਸਿਕਤਾ ਦਾ ਸੰਪੂਰਨ ਬਿੰਬ ਪੇਸ਼ ਕਰ ਦੇਣਗੇ। ਬਿਰਖ ਵਿਹੂਣਾ ਘਰ ਸੁੱਕੇ ਹੋਏ ਪੱਤਿਆਂ ਦੀ ਲਾਚਾਰਗੀ ਹੰਢਾਉਂਦਾ ਚਮਨ ਜਾਂ ਪਾਣੀ ਲਈ ਤਰਸਦੇ ਬੂਟੇ ਉਜਾੜ ਦਾ ਨਾਮ ਹੁੰਦਾ ਜਿਥੋਂ ਕਦੇ ਵੀ ਪਿਆਰ-ਮੁਹੱਬਤ ਦਾ ਛੱਰਾਟਾ ਜਾਂ ਮਿੱਠਬੋਲੜੇ ਬੋਲ ਸੁਣਾਈ ਨਹੀਂ ਦਿੰਦੇ। ਸਗੋਂ ਵੈਣ, ਲੇਰਾਂ ਜਾਂ ਹਉਕਿਆਂ ਭਰਿਆ ਚੌਗਿਰਦਾ ਲਿੱਲਕੜੀਆਂ ਜੋਗਾ ਰਹਿ ਜਾਂਦਾ। ਰੁੱਖਾਂ ਨਾਲ ਪ੍ਰੇਮ ਕਰਨ ਵਾਲੇ ਸ਼ਖਸ ਦਾ ਬੰਦਿਆਂ ਨਾਲ ਪ੍ਰੇਮ। ਉਹ ਨਿੱਘ ਭਰਪੂਰ ਰਿਸ਼ਤਿਆਂ ਦਾ ਸਬੱਬ।
ਬਿਰਖ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ। ਭਵਿੱਖੀ ਨਸਲਾਂ ਲਈ ਸਾਫ-ਸੁਥਰਾ ਵਾਤਾਵਰਣ, ਹਵਾ ਦਾ ਲੰਗਰ ਅਤੇ ਜੀਵਨੀ ਧੜਕਣ ਦਾ ਦਾਨ। ਅਸੀਂ ਬਜ਼ੁਰਗਾਂ ਵਲੋਂ ਲਾਏ ਬਿਰਖਾਂ ਦੀਆਂ ਨਿਆਮਤਾਂ ਮਾਣਦੇ, ਕਦੇ ਕਦਾਈਂ ਉਨ੍ਹਾਂ ਦੇ ਸ਼ੁਕਰਗੁਜਾਰ ਹੋ, ਅਕੀਦਤੀ ਸ਼ਰਧਾ ਜਰੂਰ ਅਰਪਿੱਤ ਕਰੀਏ।
ਧੂੰਏਂ, ਸ਼ੋਰ ਅਤੇ ਦੁਨਿਆਵੀ ਭੱਜ-ਦੌੜ ਦਾ ਚਸ਼ਮਦੀਦ ਗਵਾਹ ਬਣੇ ਬਿਰਖ ਦੀ ਇਹ ਕੇਹੀ ਫਿਕਰਮੰਦੀ ਏ ਕਿ ਉਹ ਸਾਹ-ਵਿਹੂਣਾ ਹੋ ਕੇ ਵੀ ਮਨੁੱਖ ਨੂੰ ਸਾਹ ਜੋਗੀ ਆਕਸਜੀਨ ਦੇਣ ਲਈ ਖੁਦ ਨਾਲ ਜਦੋਜਹਿਦ ਕਰਦਾ। ਕਈ ਵਾਰ ਬਿਰਖ ਮਨੁੱਖੀ ਅਕ੍ਰਿਤਘਣਤਾ ਦਾ ਸ਼ਿਕਾਰ ਹੋ ਸਦਾ ਦੀ ਨੀਂਦਰ ਸੋਂ ਜਾਂਦਾ।
ਗੁਰੂਆਂ ਵਲੋਂ ‘ਬਲਿਹਾਰੀ ਕੁਦਰਤ ਵਸਿਆ’ ਦਾ ਸੁਨੇਹਾ ਜਦ ਮਨੁੱਖੀ ਪੈਗਾਮ ਬਣ ਕੇ ਧਾਰਮਕ ਫਿਜ਼ਾ ਵਿਚ ਪਨਪਦਾ ਤਾਂ ਇਹ ਮਨੁੱਖੀ ਹੋਂਦ ਨੂੰ ਕੁਦਰਤੀ ਹੋਂਦ ਦੇ ਸਾਹੀਂ ਜਿਉਣ ਦਾ ਵੱਲ ਸਿਖਾਉਂਦਾ।
ਬੱਚਾ ਜਦ ਬਿਰਖ ਲਾਉਣ ਲਈ ਟੋਆ ਪੁੱਟਦਾ, ਪਨੀਰੀ ਲਾਉਂਦਾ, ਪਾਣੀ ਪਾਉਂਦਾ, ਨਿਸ ਦਿਨ ਵਧਦੇ ਬਿਰਖ ਨੂੰ ਨਿਹਾਰਦਾ, ਬਿਰਖ ਦੀਆਂ ਪੱਤੀਆਂ ਨਾਲ ਲਾਡ ਲਡਾਉਂਦਾ, ਫੁੱਲਾਂ ਨੂੰ ਚੁੰਮਦਾ ਅਤੇ ਤਿੱਤਲੀਆਂ ਨਾਲ ਤਿੱਤਲੀ ਬਣਿਆ ਜੀਵਨ-ਬਗੀਚੇ ਨੂੰ ਰੰਗਤ ਬਖਸ਼ਦਾ ਤਾਂ ਉਹ ਤੁਹਾਡੇ ਪਰਿਵਾਰ ਦਾ ਵੱਡ-ਅਕਾਰੀ ਛਾਂਦਾਰ ਬਿਰਖ ਬਣ ਕੇ ਨਵੀਨਤਮ ਰਹਿਤਲ ਦਾ ਆਧਾਰ ਜਰੂਰ ਬਣੇਗਾ। ਅਜਿਹੇ ਬੱਚੇ ਬਿਰਖ ਦੇ ਪੱਤੇ ਨਹੀਂ ਮਰੁੰਡਦੇ ਅਤੇ ਨਾ ਹੀ ਫੁੱਲਾਂ ਨੂੰ ਪੱਤੀ ਪੱਤੀ ਕਰਕੇ ਪੈਰਾਂ ਵਿਚ ਰੋਲਦੇ ਨੇ। ਸਗੋਂ ਉਨ੍ਹਾਂ ਦੀ ਅੱਖ ਨਮ ਹੋ ਜਾਂਦੀ ਜਦ ਪੱਤਝੜ ਵਿਚ ਬਿਰਖ ਨਿਪੱਤਰੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਂਦਾ।
ਪਰਿੰਦੇ, ਬਿਰਖ ਦੀ ਸੰਗਤ ਵਿਚੋਂ ਆਪਣੀ ਹੋਂਦ ਨੂੰ ਚਿਤਾਰਦੇ। ਇਸੇ ਲਈ ਪੰਛੀ ਕਦੇ ਬਿਰਖ ਨੂੰ ਆਪਣੇ ਜੀਵਨ ਵਿਚੋਂ ਮਨਫੀ ਕਰਨ ਦਾ ਕਿਆਸ ਵੀ ਨਹੀਂ ਸਕਦੇ। ‘ਕੇਰਾਂ ਸੜ ਰਹੇ ਬਿਰਖ ਦੇ ਸੇਕ ਕਾਰਨ ਸਾਰੇ ਪਰਿੰਦੇ ਜਾਨ ਬਚਾਉਣ ਲਈ ਉਡਾਰੀ ਮਾਰ ਗਏ। ਪਰ ਉਨ੍ਹਾਂ ਪਰਿੰਦਿਆਂ ਵਿਚੋਂ ਇਕ ਚਿੜੀ ਵਾਪਸ ਪਰਤ ਆਈ ਅਤੇ ਉਹ ਨਿੱਕੀ ਜਿਹੀ ਚੁੰਝ ਨਾਲ ਨੇੜੇ ਦੇ ਛੱਪੜ ਵਿਚੋਂ ਪਾਣੀ ਲਿਆ ਕੇ ਬਿਰਖ ਨੂੰ ਲੱਗੀ ਅੱਗ ਨੂੰ ਬੁਝਾਉਣ ਵਿਚ ਰੁੱਝ ਗਈ। ਰਾਹਗੀਰ ਨੇ ਚਿੜੀ ਨੂੰ ਅਜਿਹਾ ਕਰਦਿਆਂ ਦੇਖ, ਹੈਰਾਨ ਹੋ ਕੇ ਕਿਹਾ ਕਿ ਕੀ ਉਸ ਦੀ ਕੋਸ਼ਿਸ਼ ਨਾਲ ਅੱਗ ਬੁੱਝ ਜਾਵੇਗੀ? ਤਾਂ ਚਿੜੀ ਦਾ ਉਤਰ ਸੀ, “ਜਦ ਬਲਦੇ ਬਿਰਖ ਦੀ ਗਾਥਾ ਲਿਖੀ ਜਾਵੇਗੀ ਤਾਂ ਮੇਰਾ ਨਾਮ ਉਨ੍ਹਾਂ ਪਰਿੰਦਿਆਂ ਵਿਚ ਸ਼ਾਮਲ ਹੋਵੇਗਾ ਜਿਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਤਾਂ ਕੀਤੀ। ਪਰ ਮੇਰਾ ਨਾਮ ਉਨ੍ਹਾਂ ਵਿਚ ਨਹੀਂ ਆਵੇਗਾ ਜੋ ਬਲਦੇ ਬਿਰਖ ਨੂੰ ‘ਕੱਲਾ ਛੱਡ ਉਡਾਰੀ ਮਾਰ ਗਏ।” ਨਿਰੁੱਤਰ ਹੋਇਆ ਰਾਹਗੀਰ ਵੀ ਅੱਗ ਬੁਝਾਉਣ ਲੱਗ ਪਿਆ। ਕੀ ਅਸੀਂ ਵੀ ਬਲਦੇ ਬਿਰਖ ਦੇ ਦਰਦ ਨੂੰ ਮਹਿਸੂਸ ਕੀਤਾ ਏ ਅਤੇ ਇਸ ਨੂੰ ਪਾਣੀ ਦੇ ਤਰੌਂਕਿਆਂ ਦਾ ਨਿਉਂਦਾ ਪਾਇਆ ਏ? ਜਾਂ ਸੜਦੇ ਸੁਪਨਿਆਂ ਦੀ ਰੁੱਤੇ ਸਾਵਣ ਦੀ ਫੁਹਾਰ ਨਾਲ ਠੰਢਕ ਪਹੁੰਚਾਉਣ ਬਾਰੇ ਸੋਚਿਆ ਏ?
ਚਿੜੀ ਦਾ ਚੇਤਨਾ ਭਰਪੂਰ ਸੁਨੇਹਾ ਤੁਹਾਡੀ ਸੰਵੇਦਨਾ ਨੂੰ ਕਿਵੇਂ ਝੰਜੋੜਦਾ ਏ, ਇਸ ਬਾਰੇ ਜਰੂਰ ਸੋਚਣਾ!