ਵਿਆਹ ਸ਼ਰਾਬ, ਕੰਨ ਪਾੜਵਾਂ ਸੰਗੀਤ ਤੇ ‘ਬੇਵੱਸ’ ਬੁੱਧੀਜੀਵੀ

ਗੱਜਣਵਾਲਾ ਸੁਖਮਿੰਦਰ
ਫੋਨ: 91-99151-06449
ਸ਼ੋਰ ਅਤੇ ਸ਼ਰਾਬ ਦਾ ਮਿਸ਼ਰਣ ਬਣ ਕੇ ਰਹਿ ਗਿਆ ਹੈ, ਵਿਆਹ-ਸ਼ਾਦੀਆਂ ਦਾ ਦਿਨ। ਪਤਾ ਨਹੀਂ ਦਾਰੂ Ḕਚ ਕੀ ਰੰਗਤ ਘੁਲੀ ਹੁੰਦੀ ਹੈ ਕਿ ਦੋ ਦੋ ਘੁੱਟਾਂ ਪੀ ਕੇ ਸੱਤਰਿਆਂ-ਪਚੱਤਰਿਆਂ ਦੇ ਸਿਰ ਦੀ ਛਤਰੀ ਖੁੱਲ੍ਹ ਜਾਂਦੀ ਹੈ ਅਤੇ ਧਮਾਕੇਦਾਰ ਮਿਉਜ਼ਿਕ Ḕਤੇ ਬਾਹਾਂ Ḕਚ ਜ਼ੁੰਬਿਸ਼ ਆ ਜਾਂਦੀ ਹੈ ਤੇ ਪੈਰ ਥਿੜਕਣ ਲੱਗ ਪੈਂਦੇ ਹਨ। ਪਿਛਲੇ ਦਿਨੀਂ ਸਾਡੇ ਯਾਰ ਪ੍ਰੋ. ਬਾਵਾ ਸਿੰਘ ਦੇ ਫਰਜ਼ੰਦ ḔਦੀਪḔ ਦੇ ਵਿਆਹ ਦੀ ਪਾਰਟੀ ਸੀ, ਪਟਿਆਲੇ ਕੋਲ। ਮਾਘ ਮਹੀਨੇ ਦੀ ਕੋਸੀ ਕੋਸੀ ਧੁੱਪ ਤੇ ਪਿਆਰਾ ਮੌਸਮ। ਸੂਟਾਂ-ਬੂਟਾਂ ਵਿਚ ਟਹਿਕਦੇ ਚਿਹਰੇ ਤੇ ਦੁਆ-ਪਾਣੀ ਘੁੰਮ ਰਿਹਾ।

ਮਹਿਮਾਨਾਂ ਦਾ ਜਮਾਵੜਾ ਦੋ ਵਰਗਾਂ ਵਿਚ ਤਕਸੀਮ ਹੋ ਚੁਕਾ ਸੀ। ਇਕ ਪਾਸੇ ਸੋਫਿਆਂ ਕੁਰਸੀਆਂ Ḕਤੇ ਬਿਰਾਜਮਾਨ ਬੁੱਧੀਜੀਵੀ, ਦਾਨਿਸ਼ਵਰ, ਸੁਚੇਤ ਵਰਗ ਸੀ; ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦਾ ḔਮੁਤਬੰਨਾḔ ਦਰਸ਼ਨ ਜ਼ੀਦਾ, ਪੰਜਾਬ ਦਾ ਸੁਚੇਤ ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ, ਡਾ. ਸਰਬਜਿੰਦਰ ਸਿੰਘ, ਪ੍ਰਿੰ. ਤਰਸੇਮ ਬਾਹੀਆ, ਮਨਜੀਤ ਖੱਟੜਾ, ਡਾ. ਦਰਸ਼ਨ ਪਾਲ, ਨਕਸਲੀਆਂ ਦਾ Ḕਕਾਗ ਭਸੁੰਡḔ ਡਾ. ਪਿਆਰੇ ਮੋਹਣ ਤੇ ਉਸ ਦਾ ਚੇਲਾ ਮਾਸਟਰ ਕੁਲਦੀਪ, ਭਾਰਤੀ ਕਿਸਾਨ ਯੂਨੀਅਨ ਦਾ ਦਿਗੰਬਰ ਰੁਕਨ ਜਗਮੋਹਣ ਉਪਲ-ਕੋਲ ਹੀ ਬੈਠੇ ਸਨ ਬੀਬੀ ਪ੍ਰੀਤਮਾ, ਉਸ ਦਾ ਸਾਥੀ ਯੂ. ਐਨ. ਆਈ. ਵਾਲਾ ਜਸਪਾਲ ਸਿੱਧੂ; ਸਾਈਂ ਮੀਆਂ ਮੀਰ ਦੇ ਸੰਦੇਸ਼ ਦਾ ਝੰਡਾ ਬਰਦਾਰ ਹਰਭਜਨ ਬਰਾੜ ਅਤੇ ਕਾਲਜ ਵੇਲੇ ਦਾ ਉਨ੍ਹਾਂ ਦਾ ਸਾਥੀ ਜਸਵੰਤ ਬਰਾੜ ਤੇ ਹੋਰ ਬਹੁਤ ਸਾਰੇ।
ਡਾ. ਕੇਹਰ ਸਿੰਘ ਆਂਹਦਾ, “ਡਾ. ਬਲਕਾਰ ਸਿੰਘ ਦਾ ਹੁਣੇ ਹੁਣੇ ਬਾਈਪਾਸ ਹੋਇਆ ਪਰ ਫਿਰ ਵੀ ਅੰਮ੍ਰਿਤਸਰੀ ਮੱਛੀ ਉਸ ਦੇ ਹਲਕ ਵਿਚ ਦੀ ਅਸਾਨੀ ਅਤੇ ਤੇਜ਼ੀ ਨਾਲ ਤੁਰੀ ਜਾ ਰਹੀ ਸੀ।” ਪਟਿਆਲੇ ਵਾਲਾ ਡਾ. ਧਰਮਵੀਰ ਗਾਂਧੀ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਪੰਜਾਬ ਵਿਚ ਔਰਗੈਨਿਕ ਖਸਖਸ ਦੀ ਖੇਤੀ ਸ਼ੁਰੂ ਕਰਵਾਉਣ ਦੀ ਵਕਾਲਤ ਪੂਰੇ ਉਮਾਹ ਤੇ ਉਤਸ਼ਾਹ ਨਾਲ ਕਰਦਿਆਂ ਨਾਲ ਨਾਲ ਮਨਚੂਰੀਅਨ ਨੂੰ ਰਗੜੀ ਜਾ ਰਿਹਾ ਸੀ।
ਪਰ ਇਸ ਦੇ ਵਿਪਰੀਤ ਦੂਜਾ ਵਰਗ ਬਹੁਤ ਹੀ ਨਾਬਰ ਸੀ। ਉਹ ਸੀ, ਖੌਲਦਾ ਉਬਾਲੇ ਖਾਂਦਾ ਨਵਾਂ ਖੂਨ। ਇਸ ਵਰਗ ਕੋਲ ਰਕਬਾ ਤਾਂ ਥੋੜਾ ਸੀ, ਪਰ ਇਨ੍ਹਾਂ ਦੀ ਧਮਕ ਅਤੇ ਥਰਿਲ ਸਦਕਾ ਉਮਰਾਂ (ਜੁਆਨੀਆਂ) ਵਿਹਾ ਚੁਕੇ ਪਹਿਲੇ ਦਾਨਸ਼ਵਰ ਵਰਗ ਉਪਰ ਉਨ੍ਹਾਂ ਦਾ ਦਬਦਬਾ ਉਤੋਂ ਦੀ ਪੈਂਦਾ ਜਾ ਰਿਹਾ ਸੀ। ਬੁੱਧੀਜੀਵੀ ਵਰਗ ਇਸ ਨੌਜਵਾਨੀ ਰਵੱਈਏ ਵੱਲ ਬਹੁਤ ਹੀ ਕੁੜੱਤਣ ਭਰੇ ਅੰਦਾਜ਼ ਨਾਲ ਵੇਖ ਰਿਹਾ ਸੀ, ਪਰ ਇਨ੍ਹਾਂ ਦੀ ਇਕ ਨਹੀਂ ਸੀ ਚੱਲ ਰਹੀ। ਐਂ ਲੱਗਿਆ ਜਿਵੇਂ ਸ਼ਹਿਰ ਤੇ ਪਿੰਡ ਦਾ ਆਪਸ ਵਿਚ ਟਕਰਾਓ ਹੋ ਗਿਆ ਹੋਵੇ। ਇਸ ਨਾਬਰ ਵਰਗ ਦੇ ਜੁੱਸੇ ਨੂੰ ਵੇਖ ਕੇ ਲੱਗਿਆ ਜਿਵੇਂ ਨੌਜਵਾਨੀ ਨਵੇਂ ਮਾਡਰਨ ਯੁੱਗ Ḕਚ ਤਬਦੀਲ ਹੋ ਰਹੀ ਹੋਵੇ; ਰੂਪ-ਸਰੂਪ ਤੋਂ ਕਿਸੇ ਇਸਲਾਮੀ ਸਟਾਈਲ ਨਾਲ ਜੁੜ ਰਹੀ ਹੋਵੇ; ਜਿਵੇਂ ਹਾਲੀਵੁੱਡ ਸਟੰਟੀ ਯੁਗ ਦਾ ਹਿੱਸਾ ਬਣ ਰਹੀ ਹੋਵੇ; ਜਿਵੇਂ ਆਲਮੀ ਮੰਡੀ ਨਾਲ ਸਿੱਧਾ ਮਿੱਕਣ ਦਾ ਮਨ ਬਣਾਈ ਬੈਠੀ ਹੋਵੇ। ਡੀ. ਜੇ. ਦੇ ਡਾਇਨਾਸੋਰ ਨੁਮਾ ਸਪੀਕਰਾਂ ‘ਚੋਂ ਰਾਕਟ ਲਾਂਚਰਾਂ ਵਰਗੀ ਨਿਕਲਦੀ ਚੀਕਦੀ ਆਵਾਜ਼ ਨੇ ਆਪਸ ਵਿਚ ਗੱਲਾਂ ਕਰਨ ਜੋਗੀ ਗੁੰਜਾਇਸ਼ ਹੀ ਨਹੀਂ ਸੀ ਛੱਡੀ। ਗੱਲ ਇਕੱਲੀ ਸ਼ੋਰ ਦੀ ਨਹੀਂ ਸਗੋਂ ਨਿਕਲਦੇ ਅਲਫਾਜ਼ ਦੀ ਵੀ ਸੀ, “ਉਏ ਜੱਟ ਓਥੇ ਫੈਰ ਕਰਦਾ, ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ…।”
ਦਾਨਿਸ਼ਵਰ ਵਰਗ ਸੋਚ ਕੇ ਆਇਆ ਸੀ, ਬਈ ਉਥੇ ਬੁੱਧੀਜੀਵੀ ‘ਕੱਠੇ ਹੋਏ ਹੋਣਗੇ, ਚਟਕਾਰੇ ਲੈ ਲੈ ਸਿਆਸੀ-ਸਮਾਜੀ ਘਰੋੜਾਂ ਕਰਾਂਗੇ। ਉਨ੍ਹਾਂ ਨੂੰ ਸਮਾਜ ਦਾ ਫਿਕਰ ਵੱਢ ਵੱਢ ਖਾਈ ਜਾਂਦਾ ਸੀ। ਉਹ ਮੱਚੇ ਪਏ ਸਨ, “ਹਾਏ ਉਏ ਮਸਾਂ ਮਸਾਂ ਸੂਝਵਾਨ ਇਕੱਠੇ ਹੋਏ ਹਾਂ; ਸਾਨੂੰ ਬਦਲਦੇ ਨਵੇਂ ਸੰਦਰਭਾਂ ਦੀ ਗੱਲ ਕਿਉਂ ਨਹੀਂ ਕਰਨ ਦਿੰਦੇ…।” ਵੱਟ ਖਾ ਕੇ ਉਸ ਵੇਲੇ ਕਈਆਂ ਨੇ ਉਠ ਕੇ ਡੀ. ਜੇ. ਵੱਲ ਮੂੰਹ ਕਰ ਕੇ ਕਿਹਾ, “ਉਏ ਆਵਾਜ਼ ਘੱਟ ਕਰੋ। ‘ਵਾਜ਼ ਘੱਟ ਕਰ ਦਿਉ ਉਏ…।” ਤਦ ਮੂੰਹ ਰੱਖਣ ਲਈ ਥੋੜਾ ਜਿਹਾ ਸ਼ੋਰ ਘੱਟ ਹੋਇਆ, ਪਰ ਪਲਾਂ ਬਾਅਦ ਉਦੂੰ ਵੀ ਤੱਤੇ ਗੀਤ ਗੂੰਜਣ ਲੱਗ ਪਏ, “ਜਦ ਵੀ ਵਗਾਰ ਪੈਂਦੀ ਜੱਟ ਨੂੰ ਖਿੜੇ ਮੱਥੇ ਪੂਰਦੇ ਲਿਹਾਜ਼ ਨੀ। ਯਾਰਾਂ ਦੇ ਪਿੱਛੇ ਹੱਡ ਤੋੜਦੇ…।”
ਜਾਣ ਲਵੋ ਸਾਰਾ ਸੰਗੀਤ ਅਤੇ ਨੌਜਵਾਨੀ ਦਾ ਅੰਦਾਜ਼ ਇਕ ਤਰਫਾ ਰੋਹ ਵਾਲਾ, ਮਰਦਾਨਗੀ ਵਾਲਾ, ਬੁਲੰਦ ਜੁੱਸੇ ਤੇ ਜਭ੍ਹੇ ਵਾਲਾ ਸੀ-ਜਾਣੋ ਇਹ ਵਰਗ ਕਹਿ ਰਿਹਾ ਹੋਵੇ, Ḕਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ।Ḕ ਵੇਖ ਕੇ ਐਂ ਲੱਗੇ ਜਿਵੇਂ ਪੰਜਾਬ ਵਿਚ ਕੋਈ ਬਿਮਾਰ ਹੀ ਹੈ ਨ੍ਹੀਂ, ਕਿਸੇ ਕਿਸਮ ਦਾ ਕਿਸਾਨੀ-ਬੇਰੁਜ਼ਗਾਰੀ ਦਾ ਸੰਕਟ ਹੀ ਹੈ ਨਹੀਂ, ਐਂਵੇ ਅਖਬਾਰ ਹੀ ਲਿਖ ਲਿਖ ਵਰਕੇ ਕਾਲੇ ਕਰੀ ਜਾਂਦੇ ਹਨ, ਵੀਹ ਵੀਹ ਸਫੇ ਭਰੀ ਜਾਂਦੇ ਹਨ। ਇਸ ਡਾਇਨਾਸੋਰੀ ਚੀਖਵੇਂ ਸ਼ੋਰਗੁਲ ਕਾਰਨ ਸਭ ਤੋਂ ਵੱਧ ਪ੍ਰੇਸ਼ਾਨ ਦਰਸ਼ਨ ਸਿੰਘ ਜੀਦਾ ਲਗਦਾ ਸੀ। ਉਹ ਪਿਛਲੇ ਛੀ ਮਹੀਨਿਆਂ ਤੋਂ ਇਸ ਵਿਆਹ ਨੂੰ ਇਸ ਆਸ ਨਾਲ ਉਡੀਕ ਰਿਹਾ ਸੀ ਕਿ ਸੱਜੇ ਤੇ ਖੱਬੇ ਦਾਅ ਦੇ ਭਾਂਤ ਭਾਂਤ ਦੇ ਚਿੰਤਕਾਂ ਅਤੇ ਪ੍ਰੋਫੈਸਰਾਂ ਦੇ ਇਸ ਮੇਲੇ ਵਿਚ ਪੰਜਾਬ ਦੇ ਭਵਿੱਖ ਬਾਰੇ ਗਹਿਰ ਗੰਭੀਰ ਵਿਚਾਰਾਂ ਦਾ ਸਬੱਬ ਬਣੇਗਾ। ਉਸ ਨੂੰ ਪ੍ਰੋਫੈਸਰਾਂ ਦੇ ਸਭ ਤੋਂ ਨੇੜਲੇ ਯਾਰ ਬਾਬੇ ਬੱਲ ਦੀ ਗੈਰਹਾਜ਼ਰੀ ਰੜਕ ਰਹੀ ਸੀ ਕਿ ਉਹ ਹੁੰਦਾ ਤਾਂ ਯਕੀਨ ਜਾਣੋ ਕਿ ਮੌਕਾ ਸੰਭਾਲ ਲੈਣਾ ਸੀ ਅਤੇ ਗੋਸ਼ਟ ਦੀ ਕੋਈ ਨਾ ਕੋਈ ਜੁਗਤ ਬਣਾ ਲੈਣੀ ਸੀ। ਅੰਮ੍ਰਿਤਸਰ ਜਾ ਕੇ ਪਿਛਲੇ ਕਈ ਦਹਾਕਿਆਂ ਤੋਂ ਖੁਲ੍ਹੀ ਡੁਲ੍ਹੀ ਮਲਵਈ ਮਹਿਮਾਨ ਨਿਵਾਜ਼ੀ ਦਾ ਝੰਡਾ ਬਰਦਾਰ ਬਣੇ ਬੈਠੇ ਹਰਭਜਨ ਬਰਾੜ ਦੀ ਵੀ ਇਹੋ ਰਾਏ ਸੀ।
ਗੁਰਦਿਆਲ ਬੱਲ ਦੀ ਗੈਰਹਾਜ਼ਰੀ ਦੀਆਂ ਗੱਲਾਂ ਵਿਚਾਲੇ ਹੀ ਸਨ ਕਿ ਉਥੇ ਇਰਾਕੀ ਘੋੜੀ ਵਾਂਗੂੰ ਵਗਦਾ ਰਾਮੂਵਾਲੀਆ ਬਲਵੰਤ ਆ ਪਹੁੰਚਿਆ। ਉਹ ਆ ਕੇ ਬੈਠਾ ਨਹੀਂ, ‘ਕੱਲੇ ‘ਕੱਲੇ ਨੂੰ ਜਾ ਕੇ ਮਿਲਿਆ। ਮਜਲਸ ਸਜੀ। ਰਾਮੂਵਾਲੀਆ ਪਿੰਡ ਸਭਿਅਚਾਰ ਦੀਆਂ ਗੱਲਾਂ ਦਾ ਭੰਡਾਰ ਹੈ। ਨਿਕਟਵਰਤੀ ਚੱਲ ਕੇ ਉਸ ਦੇ ਨੇੜੇ ਹੋ ਗਏ। ਪਰ ਡੀ. ਜੇ. ‘ਤੇ ਨੌਜਵਾਨੀ ਵਰਗ ਨੇ ਅਸਮਾਨ ਸਿਰ ‘ਤੇ ਚੁੱਕਣਾ ਲਿਆ ਹੋਇਆ ਸੀ। ਗੱਲ ਤਾਂ ਕੰਨ ਦੇ ਨਾਲ ਮੂੰਹ ਲਾ ਕੇ ਵੀ ਨਹੀਂ ਸੀ ਸੁਣਦੀ। ਰਾਮੂਵਾਲੀਏ ਦੀਆਂ ਕਰਾਰੀਆਂ ਸੁਣਨ ਦੇ ਖਿਆਲ ਨਾਲ ਇਕ ਨੇ ਫੇਰ ਹੁੱਬ ਕੇ ਆਖਿਆ, “ਉਏ ਆਵਾਜ਼ ਘੱਟ ਕਰੋ। ਉਏ ਆਵਾਜ਼ ਘੱਟ ਕਰ ਦਿਉ, ਗੱਲ ਤਾਂ ਕਰ ਲੈਣ ਦਿਉ…।” ਗੱਲ ਕੀ, ਦਾਨਸ਼ਵਰਾਂ ਦੇ ਚਿੱਤਾਂ ਦੀਆਂ ਚਿੱਤ Ḕਚ ਹੀ ਰਹਿ ਗਈਆਂ। ਜਵਾਨੀ ਦੇ ਸ਼ੋਰ-ਓ-ਗੁੱਲ ਦੇ ਫਲੱਡ ਅੱਗੇ ਐਂ ਹੋ ਗਏ ਜਿਵੇਂ ਜੇਠ-ਹਾੜ ਦੀ ਲੋ ਨੇ ਸੁਸਤ, ਗੁੰਮਸੁੰਮ ਜਿਹੇ ਕਰ ਦਿੱਤੇ ਹੋਣ। ਤਿਆਰੀ ਕਰ ਕੇ ਆਏ ਸਿੱਧੂ ਜਸਪਾਲ ਦੀ ਇੰਡੀਅਨ ਸਟੇਟ ਵਾਲੀ ਗੱਲ ਵੀ ਵਿਚੇ ਰਹਿ ਗਈ। ਪਤਾ ਨਹੀਂ ਕੀ ਕੀ ਹੋਰ; ਕਈਆਂ ਨੇ ਹਿੰਦੂਤਵ ਦੇ ਮੁੱਦੇ Ḕਤੇ ਤਰਕ-ਵਿਤਰਕ ਕਰਨਾ ਸੀ ਅਤੇ ਨਵੀਂ ਪੰਜਾਬ ਸਰਕਾਰ ਦਾ ਮੰਥਨ ਕਰਨਾ ਸੀ। ਕਈ ਘਰੋਂ ਹੋਮ-ਵਰਕ ਕਰ ਕੇ ਆਏ ਸਨ ਕਿ ਕਿਸਾਨੀ ਸੰਕਟ ਤੇ ਖੁਰਦੇ ਸਭਿਆਚਾਰ ਦੇ ਕੀਰਨੇ ਪਾਵਾਂਗੇ। ਨੌਜਵਾਨੀ ਦੇ ਰੋਹ ਅੱਗੇ ਸਭ ਮਨਸੂਬੇ ਅਸਫਲ ਹੋ ਗਏ। ਫਿਰ ਘਰ ਦੇ ਮੁਹਤਬਰ ਸੁੱਚਾ ਸਿੰਹੁ ਮਾਸਟਰ ਨੂੰ ਭੇਜਿਆ ਗਿਆ। ਜਾਹ ਜਾ ਕੇ ਤੂੰ ਅਵਾਜ਼ ਘੱਟ ਕਰਾ ਕੇ ਆ, ਤੇਰੀ ਝੇਬ੍ਹ ਮੰਨਣਗੇ। ਪਰ ਐਤਕੀਂ ਉਸ ਦੀ ਵੀ ਕਿਸੇ ਨੇ ਗੱਲ ਹੀ ਨਹੀਂ ਸੁਣੀ। ਸਗੋਂ ਹੋਰ ਉਚੀ ਆਵਾਜ਼ ਅਸਮਾਨ ਚੜ੍ਹਾ ਦਿੱਤੀ, “ਜਗ੍ਹਾ ਤੇਰੀ ਟੈਮ ਤੇਰਾ ਡਾਂਗ ਮੇਰੀ, ਵਹਿਮ ਤੇਰਾ, ਖੜਾ ਰਹੀਂ, ਯਾਰ ਤੇਰਾ ਕੱਢੂ ਆਣ ਕੇ…।”
ਪੰਜਾਬੀ ਸਭਿਆਚਾਰ ਦੇ ਤੱਤਸਾਰ ‘ਚੋਂ ਸ਼ਾਦੀ ਨਾਮ ਹੈ, ਖੁਸ਼ੀ ਦਾ, ਜਸ਼ਨ ਦਾ। ਫਰਾਂਸੀਸੀ ਫਿਲਾਸਫਰ ਬਾਤੱਈ ਕਹਿੰਦਾ ਹੈ, ਵਿਆਹ ਤਾਂ ਹੈ ਹੀ, ਜ਼ਿੰਦਗੀ ਹੀ ਆਪਣੇ ਆਪ ਵਿਚ ਜਸ਼ਨ ਹੈ। ਇਹ ਜ਼ਿੰਦਗੀ ਹੈ ਹੀ ਜਸ਼ਨ-ਓ-ਖਰਚ ਦੀ ਆਮੇਜ਼ਸ਼। ਨੌਜਵਾਨ ਵਰਗ ਦਾ ਮੱਤ ਹੈ ਬਈ ਦਿਨ ਜਸ਼ਨ ਦਾ ਹੈ ਅਸੀਂ ਵਿਆਹ ਨੂੰ ਸੈਲੀਬਰੇਟ ਕਿਉਂ ਨਾ ਕਰੀਏ? ਮਸਾਂ ਮਸਾਂ ਦੋਸਤ ਗੱਭਰੂ ਇਕੱਠੇ ਹੋਏ ਹਾਂ। ਬੁੱਧੀਜੀਵੀ ਵਰਗ ਇਸ ਸ਼ੋਰ ਸ਼ਰਾਬੇ ਤੋਂ ਅਲਕਤ ਮੰਨਦਾ ਹੈ। ਉਨ੍ਹਾਂ ਨੂੰ ਦੁੱਖ-ਸੁੱਖਾਂ ਦੀ ਸੀ। ਕਿੱਸਾ-ਕੋਤਾ ਇਹ ਹੈ ਕਿ ਸ਼ਹਿਰ ਪਿੰਡ ਦੀਆਂ ਬਰੂਹਾਂ ਤੀਕ ਜਾ ਪਹੁੰਚਿਆ ਹੈ ਤੇ ਪੇਂਡੂ ਸਭਿਆਚਾਰ ਨੂੰ ਇਹ ਨਿਗਲੀ ਜਾ ਰਿਹਾ ਹੈ। ਰੀਤਾਂ ਰਸਮਾਂ ਦਾ ਹੋ ਰਿਹਾ ਸ਼ਹਿਰੀਕਰਨ ਸਾਡੇ ਚਾਅ-ਮਲ੍ਹਾਰਾਂ ਦੀ ਰੰਗਤ ਨੂੰ ਫਿੱਕਾ ਕਰੀ ਜਾ ਰਿਹਾ ਹੈ। ਪਿੰਡ ਦੀ ਮਿੱਟੀ ‘ਤੇ ਜਦ ਵਿਆਹ ਹੁੰਦਾ ਸੀ ਤਾਂ ਉਸ ਦੇ ਰੰਗ-ਰੂਪ Ḕਚ ਮਹਿਕ ਹੁੰਦੀ ਸੀ। ਜਿਵੇਂ ਹੀ ਇਹ ਪਵਿੱਤਰ ਰਸਮ ਸ਼ਹਿਰ ਦੇ ਮੈਰਿਜ ਪੈਲੇਸ ਵਿਚ ਜਾ ਦਾਖਲ ਹੋਈ, ਜਾਣੋ ਸਾਡੇ ਹੁਸੀਨ ਲਮਹੇ ਹੀ ਗੁਆਚ ਗਏ। ਸਾਰਾ ਕੁਝ ਮਸਨੂਈ ਹੀ ਲੱਗਣ ਲੱਗ ਪਿਆ। ਸ਼ਹਿਰ ਨੇ ਸਾਡੇ ਨਿੱਘੇ ਮੁਹੱਬਤੀ ਪੇਂਡੂ ਜਸ਼ਨ Ḕਤੇ ਆਪਣਾ ਮੁਲੰਮਾ ਚਾੜ੍ਹ ਕੇ ਸਾਡੀ ਅਮੀਰ ਵਿਰਾਸਤ ਨੂੰ ਨਸ਼ਟ ਕਰ ਦਿੱਤਾ। ਇਥੇ ਰੌਲਾ ਸ਼ੋਰ ਦਾ ਨਹੀਂ, ਸਖਤ ਅਲਫਾਜ਼ ਅਤੇ ਪਸਤੌਲਾਂ ਡੌਲਿਆਂ ਦਾ ਵੀ ਨਹੀਂ-ਮਸਲਾ ਕਿਸੇ ਗੁਪਤ-ਗੈਬੀ ਵਿਰੋਧ ਦਾ ਹੈ। ਵਿਰਸੇ ਨੂੰ ਜੇ ਸਲਾਮਤ ਰੱਖਣਾ ਹੈ ਤਾਂ ਆਪਾਂ ਨੂੰ ਇਕ ਦਿਨ ਵਾਪਸ ਪਰਤਣਾ ਪਊ; ਆਪਾਂ ਨੂੰ ਆਪਣਾ ਗੁਆਚਿਆ ਪਿੰਡ ਤਲਾਸ਼ਣਾ ਪਊ। ਆਪਾਂ ਨੂੰ ਮੁੜ ਪਿੰਡ ਦੀ ਮਿੱਟੀ ਨੂੰ ਪਛਾਣਨਾ ਪਊ ਅਤੇ ਆਪਣੇ ਸਦ-ਪੁਰਖਿਆਂ ਦੀ ਭੋਇੰ ਨੂੰ ਸਜਦਾ ਕਰਨਾ ਪਊ।