ਗਿਆਨੀ ਝਾਬੇਵਾਲ ਨੂੰ ਕਲਾ ਵੀ ਸਲਾਮ ਕਰਦੀ ਸੀ

ਐਸ਼ ਅਸ਼ੋਕ ਭੌਰਾ
“ਕੋਈ ਮੰਨੇ ਭਾਵੇਂ ਨਾ ਮੰਨੇ ਪਰ ਇਹ ਸਦੀਵੀ ਸੱਚ ਹੈ ਕਿ ਜਿਸ ਇਨਸਾਨ ਕੋਲ ਕਲਾ ਹੈ ਤੇ ਉਹਦੇ ਅੰਦਰ ਕਲਾ ਦੀ ਧੂਫ-ਬੱਤੀ ਜਗ ਰਹੀ ਹੈ, ਉਹਨੂੰ ਜ਼ਿੰਦਗੀ ਵਿਚ ਬਿਮਾਰੀਆਂ ਤੇ ਉਲਝਣਾਂ ਦਾ ਸੇਕ ਵੀ ਠੰਡਾ-ਠਾਰ ਹੀ ਲੱਗਦਾ ਰਹਿੰਦਾ ਹੈ। ਕਲਾ ਅਸਲ ਵਿਚ ਜਿਉਂਦੇ ਰਹਿਣ ਵਿਚ ਦਿਲਚਸਪੀ ਬਣਾਈ ਰੱਖਦੀ ਹੈ। ਜਿਹੜੇ ਇਹ ਕਹਿੰਦੇ ਹਨ ਕਿ ਰੱਜ ਕੇ ਖਾਵੋ, ਰਾਤ ਨੂੰ ਲੰਮੀਆਂ ਤਾਣ ਕੇ ਸੌਂਵੋ, ਸਵੇਰੇ ਉਠ ਕੇ ਢਿੱਡ ਖਾਲੀ ਕਰੋ, ਉਹ ਜ਼ਿੰਦਗੀ ਮਾਣਨ ਦਾ ਪਹਿਲਾ ਪਾਠ ਵੀ ਕਦੇ ਨਹੀਂ ਪੜ੍ਹ ਸਕਣਗੇ।”

ਜਦੋਂ ਵੀ ਕਦੇ ਢਾਡੀ ਰਾਮ ਸਿੰਘ ਝਾਬੇਵਾਲ ਨਾਲ ਮੁਲਾਕਾਤ ਹੁੰਦੀ ਸੀ, ਉਹ ਅਕਸਰ ਅਜਿਹਾ ਸਤਿਸੰਗ ਨਾ ਸਿਰਫ ਮੇਰੇ ਨਾਲ ਸਗੋਂ ਹਰ ਉਸ ਇਨਸਾਨ ਨਾਲ ਕਰਨ ਲੱਗ ਪੈਂਦਾ ਸੀ ਜਿਹੜਾ ਉਹਨੂੰ ਲੱਗਦਾ ਸੀ ਕਿ ਇਹ ਸਿਰਫ ਜਿਉਣ ਲਈ ਹੀ ਖਾਂਦਾ ਹੈ। ਜਗਰਾਉਂ ਲਾਗੇ ਕੰਮੇ ਜੱਟਪੁਰੇ ਉਹ ਇੱਕ ਵਾਰ ਧਾਰਮਕ ਦੀਵਾਨ ‘ਤੇ ਮਿਲ ਪਿਆ, ਵਾਹਵਾ ਰਾਗੀ ਢਾਡੀ ਆਏ ਹੋਏ ਸਨ। ਮੇਰੇ ਰੜੇ ਮੈਦਾਨ ਵਰਗੇ ਸਿਰ ‘ਤੇ ਹੱਥ ਫੇਰ ਕੇ ਕਹਿਣ ਲੱਗਾ, “ਨਿਆਣੀ ਉਮਰ ਐ, ਬੇਰ ਹਾਲੇ ਡੁੱਲ੍ਹੇ ਨੀਂ ਹੈਗੇ, ਰਹਿੰਨੈਂ ਰਾਗੀਆਂ ਢਾਡੀਆਂ ਨਾਲ ਐਂ, ਲਗ ਜਾ ਗੁਰੂ ਲੜ, ਰਲ ਜਾਹ ਸਾਡੇ ਨਾਲ।”
ਖੈਰ! ਰਾਹ ਆਪੋ ਆਪਣੇ ਹੀ ਹੁੰਦੇ ਹਨ ਤੇ ਕਈ ਵਾਰ ਘਟਾ ਵੀ ਕਾਲੀ ਚੜ੍ਹੀ ਹੁੰਦੀ ਹੈ, ਮਹੀਨਾ ਵੀ ਸਾਉਣ ਦਾ ਹੁੰਦਾ ਹੈ, ਜੀਭਾਂ ਪਸੂਆਂ-ਪੰਛੀਆਂ ਦੀਆਂ ਵੀ ਨਿਕਲੀਆਂ ਹੁੰਦੀਆਂ ਹਨ ਪਰ ਇੰਦਰ ਦੇਵਤਾ ਅੱਖ ਦੱਬ ਕੇ ਫਿਰ ਵੀ ਕਈ ਵੇਰ ਬਿਨ ਵਰ੍ਹਿਆਂ ਹੀ ਲੰਘ ਜਾਂਦਾ ਹੈ। ਜਿਹੜੇ ਰਾਮ ਸਿੰਘ ਝਾਬੇਵਾਲ ਨੂੰ ਅਦਬੀ ਅਤੇ ਕਲਾ ਪੱਖੋਂ ਵੀ ਪੰਥਕ ਹਸਤੀ ਵਜੋਂ ਵੀ ਢਾਡੀ ਦੇ ਤੌਰ ‘ਤੇ ਵੀ ਜਾਣਦੇ ਰਹੇ ਹਨ, ਉਹ ਉਹਦੀ ਫੋਟੋ ਨੂੰ ਮੱਥੇ ਨਾਲ ਤਾਂ ਲਾਉਣਗੇ ਹੀ ਸਗੋਂ ਇਹ ਵੀ ਕਹਿਣਗੇ, “ਆਹ ਹੁੰਦਾ ਸੀ ਰਾਮ ਸਿੰਘ ਝਾਬੇਵਾਲ ਆਪਣੇ ਸਮਿਆਂ ਦਾ ਮੁਕੰਮਲ ਢਾਡੀ ਗ੍ਰੰਥ।”
ਕਈ ਬੰਦਿਆਂ ਦੇ ਪੈਰ ਵੀ ਪਾਥੀਆਂ ਵਰਗੇ ਭਾਰੇ ਹੁੰਦੇ ਹਨ, ਸਰੀਰ ਦਾ ਭਾਰ ਵੀ ਸੌਖਿਆਂ ਹੀ ਚੁੱਕ ਸਕਦੇ ਹੁੰਦੇ ਹਨ ਪਰ ਉਨ੍ਹਾਂ ਕੋਲ ਨਾ ਮੰਜ਼ਿਲ ਹੁੰਦੀ ਹੈ, ਨਾ ਉਦੇਸ਼ ਹੁੰਦਾ ਹੈ ਤੇ ਨਾ ਕੋਈ ਨਕਸ਼ਾ, ਫਿਰ ਆਸ ਨਹੀਂ ਕੀਤੀ ਜਾ ਸਕਦੀ ਕਿ ਇਹ ਕਦੇ ਸਫਰਨਾਮਾ ਵੀ ਲਿਖਣਗੇ। ਪਰ ਜਿਨ੍ਹਾਂ ਦੇ ਪੈਰਾਂ ‘ਚ ਝਾਂਜਰਾਂ ਤੇ ਹੱਥਾਂ ‘ਚ ਰੁਮਾਲ ਹੋਵੇ, ਉਨ੍ਹਾਂ ਲਈ ਠੁਮਰੀ ਹੋਵੇ ਜਾਂ ਕਥਾਕਲੀ-ਕੁਝ ਵੀ ਫਰਕ ਨਹੀਂ ਪੈਣਾ ਹੁੰਦਾ। ਕਲਾ ਦੇ ਖੇਤਰ ਵਿਚ ਰਾਮ ਸਿੰਘ ਝਾਬੇਵਾਲ ਉਹ ਵਾਰਦਾਤਾਂ ਕਰਕੇ ਗਿਆ ਹੈ ਜਿਨ੍ਹਾਂ ਨੂੰ ਸੱਚੀਆਂ ਕਰਨ ਲਈ ਗਿਆਨ ਤੇ ਸ਼ਰਧਾ ਦੇ ਦੀਵੇ ਬਲਦੇ ਹੀ ਰਹਿਣਗੇ।
ਗਿਆਨੀ ਝਾਬੇਵਾਲ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਜਿਹੜਾ ਅਨੁਭਵ ਮੈਂ ਸਾਰਿਆਂ ਨਾਲ ਸਾਂਝਾ ਕਰਨਾ ਚਾਹਾਂਗਾ, ਉਹ ਇਹ ਕਿ ਸਿੱਖ ਜਗਤ ਅੰਦਰ ਢਾਡੀ ਕਲਾ ਨੇ ਇਹ ਦੱਸਿਆ ਹੈ ਕਿ ਸੰਗੀਤ ਨਾ ‘ਕੱਲਾ ਪੂਜਣਯੋਗ ਹੁੰਦਾ ਹੈ ਸਗੋਂ ਜੂਝਣਯੋਗ ਵੀ ਬਣਾਉਂਦਾ ਹੈ। ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਨੂੰ ‘ਕੱਠਿਆਂ ਕਰਕੇ ਢਾਡੀਆਂ ਨੂੰ ਗਲ ਨਾਲ ਇਸ ਕਰਕੇ ਲਾਇਆ ਸੀ ਕਿ ਸ਼ਰਧਾ ਨਾਲ ਹਥਿਆਰ ਰੱਖਣ ਵਿਚ ਵੀ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਕੁਰਬਾਨ ਹੋਣ ਤੋਂ ਪਹਿਲਾਂ ਸਿਰਾਂ ਦੇ ਮੁੱਲ ਵੀ ਪੁਆਉਣੇ ਪੈਂਦੇ ਹਨ।
ਗਿਆਨੀ ਰਾਮ ਸਿੰਘ ਝਾਬੇਵਾਲ ਢਾਡੀ ਖੇਤਰ ਦਾ ਇੱਕ ਮਾਣਯੋਗ ਨਾਂ ਹੈ। ਤੁਸੀਂ ਮੰਨੋਗੇ ਕਿ ਜਿਸ ਢਾਡੀ ਨੇ ਆਪਣੀ ਮੁਕੰਮਲ ਹੁਨਰਮੰਦੀ ਕਰਕੇ ਚਾਰ ਵੱਡੇ ਸਨਮਾਨ ਹਾਸਿਲ ਕੀਤੇ, ਉਹਨੇ ਰੇਡੀਓ ਜਾਂ ਟੀ. ਵੀ. ਤੋਂ ਕਦੇ ਵੀ ਇੱਕ ਬੋਲ ਨਹੀਂ ਬੋਲਿਆ, ਵਾਰਾਂ ਗਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਸੀ। ਉਹ ਇਸ ਪਲ ਨੂੰ ਇਹ ਕਹਿ ਕੇ ਪਿੱਛੇ ਛੱਡ ਦਿੰਦਾ ਸੀ ਕਿ ਬਾਂਸ ਦੇ ਟੁਕੜੇ ‘ਚੋਂ ਜਦੋਂ ਮੂੰਹ ਰਾਹੀਂ ਬੰਨ੍ਹ ਕੇ ਹਵਾ ਲੰਘਦੀ ਹੈ ਤਾਂ ਇਹ ਧੁਨ ਬਣ ਜਾਂਦੀ ਹੈ ਤੇ ਬਾਂਸ ਬੰਸਰੀ ਹੋ ਨਿਬੜਦਾ ਹੈ। ਮੇਰੇ ਸਿੱਧੇ ਹੱਥ ਆਪਣੇ ਪ੍ਰਸ਼ੰਸਕਾਂ ਨਾਲ ਜੁੜਦੇ ਰਹੇ ਹਨ ਤੇ ਰਾਹ ਜਦੋਂ ਦਿਲ ਤੋਂ ਦਿਲ ਵੱਲ ਜਾਂਦਾ ਹੋਵੇ ਤਾਂ ਮੋਟਰ-ਗੱਡੀ ਕੋਈ ਵੀ ਹੋ ਸਕਦੀ ਹੈ।
ਪੱਖਪਾਤ ਨਹੀਂ, ਸਗੋਂ ਹਕੀਕਤ ਹੈ ਕਿ ਢਾਡੀ ਕਲਾ ਦੇ ਮੁਰੀਦ ਲੋਕਾਂ ਵਿਚ ਉਹਦਾ ਰੁਤਬਾ ਸੰਗੀਤ ਤੇ ਕਲਾ ਦੀ ਮਹਾਂ ਸ਼ਕਤੀ ਵਾਲਾ ਹੈ ਅਤੇ ਇਹ ਵੀ ਕਹਿ ਸਕਦੇ ਹਾਂ ਕਿ ਜੇ ਢਾਡੀ ਰਾਗ ਜਾਂ ਕਲਾ ਦੇ ਆਸ਼ਕ ਲੋਕਾਂ ਨੂੰ ਇੱਕ ਕਤਾਰ ਵਿਚ ਖੜ੍ਹੇ ਕਰ ਲਈਏ ਤਾਂ ਹਰ ਤੀਜਾ ਬੰਦਾ ਝਾਬੇਵਾਲ ਦੇ ਹੱਕ ਵਿਚ ਭੁਗਤਦਾ ਵੇਖਿਆ ਜਾ ਸਕਦਾ ਹੈ। ਉਹਦੇ ਕੱਟੜ ਹਮਦਰਦ ਇਸ ਸਥਿਤੀ ‘ਤੇ ਦੰਦ ਟੁੱਕਦੇ ਰਹੇ ਹਨ ਕਿ ਕੀ ਹੋਇਆ ਜੇ ਸਰਕਾਰੀ ਪ੍ਰਚਾਰ ਸਾਧਨਾਂ ਨੇ ਉਹਨੂੰ ਨਹੀਂ ਪੁੱਛਿਆ ਪਰ ਊਂ ਉਹਦੀ ਸਰਕਾਰੀ ਅੰਕੜਿਆਂ ਵਿਚ ਪੁੱਛ-ਗਿੱਛ ਪੂਰੀ ਰਹੀ ਹੈ। ਪੰਜਾਬ ਦੇ ਸੱਭਿਆਚਾਰ ਤੇ ਪੁਰਾਤੱਤਵ ਵਿਭਾਗ ਵੱਲੋਂ ਢਾਡੀ ਕਲਾ ਸੰਭਾਲਣ ਲਈ ਜਿਹੜੀਆਂ ਤਿੰਨ ਪ੍ਰਮੁੱਖ ਆਵਾਜ਼ਾਂ ਰਿਕਾਰਡ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਇੱਕ ਆਵਾਜ਼ ਗਿਆਨੀ ਰਾਮ ਸਿੰਘ ਝਾਬੇਵਾਲ ਦੀ ਸੀ।
ਪਹਿਲੀ ਕਤਾਰ ਦੇ ਢਾਡੀਆਂ ਵਿਚ ਮੂਹਰੇ ਖੜ੍ਹੇ ਢਾਡੀ ਰਾਮ ਸਿੰਘ ਝਾਬੇਵਾਲ ਦਾ ਜਨਮ ਤਕਰੀਬਨ ਇੱਕ ਸਦੀ ਪਹਿਲਾਂ 1918 ਵਿਚ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਝਾਬੇਵਾਲ ਵਿਚ ਹੋਇਆ। ਘਰ ਦਾ ਧਾਰਮਕ ਮਾਹੌਲ ਉਹਨੂੰ ਕੱਦ-ਕਾਠ ਦੇ ਨਾਲ ਸੰਗੀਤ ਵਿਚ ਵੀ ਗਿੱਠ ਉਚਾ ਕਰਨ ਲਈ ਰਾਹ ਪੱਧਰਾ ਕਰਦਾ ਰਿਹਾ। ਸ਼ੁਰੂ ਵਿਚ ਹੀ ਉਹਦੇ ਅੰਦਰ ਇੱਕ ਉਹ ਲੋਅ ਹੋ ਗਈ ਸੀ ਕਿ ਇਤਿਹਾਸ ਦਾ ਹਿੱਸਾ ਬਣਨ ਵਾਲਿਆਂ ਲਈ ਬਚਪਨ, ਜਵਾਨੀ ਤੇ ਬੁਢਾਪੇ ਦੇ ਪੜਾਅ ਬਹੁਤੇ ਅਸਰ ਪਾਉਣ ਵਾਲੇ ਨਹੀਂ ਹੁੰਦੇ। ਛੋਟੇ ਸਾਹਿਬਜ਼ਾਦਿਆਂ ਦੀ ਧਰਮ ਤੇ ਅਣਖ ਲਈ ਮਰ ਮਿਟਣ ਦੀ ਕੁਰਬਾਨੀ ਨੂੰ ਚੇਤੇ ਕਰਕੇ ਉਨ੍ਹਾਂ ਦੇ ਜਵਾਨ ਜਾਂ ਬੁੱਢੇ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗਿਆਨੀ ਝਾਬੇਵਾਲ ਆਰਥਕ ਤੰਗੀਆਂ ਕਰਕੇ ਫੌਜ ਵਿਚ ਭਰਤੀ ਹੋ ਗਿਆ। ਹਾਲਾਂਕਿ ਸੰਗੀ ਸਾਥੀ ਸਵਾਲ ਕਰਿਆ ਕਰਦੇ ਸਨ ਕਿ ਰਾਮ ਸਿਹਾਂ ਗੋਰੀ ਸਰਕਾਰ ਦੀ ਨੌਕਰੀ ਕਰ ਵੀ ਲਵੇਂਗਾ? ਫਿਰ ਉਹ ਬਚਪਨ ਤੋਂ ਹੀ ਬੜਾ ਸਿਰੜੀ, ਸਿਦਕੀ ਤੇ ਦਿਲਲਗੀ ਵਾਲਾ ਇਨਸਾਨ ਸੀ ਤੇ ਖਿੱਚ ਧੂਹ ਕੇ ਦਸ ਸਾਲ ਫੌਜ ‘ਚ ਬੂਟ ਤੇ ਸਲੂਟ ਤੋਂ ਕੱਠਿਆਂ ਕੰਮ ਲੈ ਹੀ ਲਿਆ। ਬਟਵਾਰੇ ਤੋਂ ਇੱਕ ਸਾਲ ਪਹਿਲਾਂ ਉਹ ਸੇਵਾ ਮੁਕਤ ਹੋ ਗਿਆ ਸੀ।
ਸਾਲ 1987 ਵਿਚ ਜਦੋਂ ਗਿਆਨੀ ਝਾਬੇਵਾਲ ਨੂੰ ਮੈਂ ਸਾਖਸ਼ਾਤ ਰੂਪ ਵਿਚ ਵੇਖਿਆ ਤਾਂ ਫੌਜ ਦੇ ਦਸ ਸਾਲ ਦੀ ਰਾਮ ਕਹਾਣੀ ਦਾ ਵੇਰਵਾ ਉਹ ਇਉਂ ਦੇ ਰਿਹਾ ਸੀ, “ਫੌਜ ਵਿਚ ਨੌਕਰੀ ਕਰਨ ਦਾ ਹੋਰ ਕੋਈ ਲਾਭ ਹੋਇਆ ਹੋਵੇ ਜਾਂ ਨਾ ਪਰ ਮੈਂ 1938 ਦਾ ਵਿਸ਼ਵਯੁੱਧ ਲੜਿਆ ਹੈ, ਹਿੱਕ ਤਾਣ ਕੇ ਮੂਹਰੇ ਹੋ ਕੇ ਸਿੰਘਾਂ ਵਾਂਗ, ਪਿੱਠ ਨ੍ਹੀਂ ਘੁਮਾਈ ਸੀ ਕਦੇ। ਉਥੇ ਵੀ ਸਿੱਖ ਇਤਿਹਾਸ ਸੁਣਾ ਕੇ ਚੋਟਾਂ ਕਰੀਦੀਆਂ ਸਨ।” ਉਹਦਾ ਖੈਰ ਇਹ ਲਹਿਜਾ ਜ਼ਿੰਦਗੀ ਦੇ ਬਾਕੀ ਰੰਗਾਂ ਵਿਚ ਵੀ ਮੰਨਿਆ ਜਾਂਦਾ ਰਿਹਾ ਕਿ ਝਾਬੇਵਾਲ ਅੱਖਾਂ ਤੇ ਮੁੱਠੀਆਂ ਮੀਚ ਕੇ ਬੜਾ ਕੁਝ ਸੁਣਾ ਦਿੰਦਾ ਸੀ।
ਆਜ਼ਾਦੀ ਤੋਂ ਅਗਲੇ ਵਰ੍ਹੇ ਯਾਨਿ 1948 ਵਿਚ ਉਹਨੇ ਪਹਿਲਾਂ ਢਾਡੀ ਜਥਾ ਬਣਾਇਆ। ਧਰਤੀ ਅਤੇ ਮਨੁੱਖਤਾ ਦੀ ਵੰਡ ਦਾ ਇਹ ਦੌਰ ਉਸ ਨੇ ਅੱਖੀਂ ਵੇਖਿਆ ਸੀ। ਲਹੂ ਭਿੱਜੀਆਂ ਮਜ੍ਹਬੀ ਤੇ ਫਿਰਕੂਪੁਣੇ ਦੀਆਂ ਕਟਾਰਾਂ ਉਹਨੇ ਮਨੁੱਖਤਾ ਦੇ ਅੰਦਰ ਧਸਦੀਆਂ ਵੇਖੀਆਂ। ਜਦੋਂ ਉਹਨੇ ਆਪਣਿਆਂ ਦੇ ਆਪਣੇ ਵੈਰੀ ਬਣਦੇ ਦੇਖੇ ਤਾਂ ਦਿਲ ਦੇ ਇਸ ਦਰਦ ਦਾ ਭਾਰ ਨਾ ਝੱਲਿਆ ਤੇ ਅੱਖਾਂ ਪੀੜ ਦੇ ਅੱਥਰੂ ਛਲਕਣ ਲੱਗੀਆਂ। ਉਹਨੇ ਵਾਰ ਲਿਖਣਾ ਇੱਥੋਂ ਹੀ ਅਰੰਭ ਕੀਤਾ ਤੇ ਸੀਨੇ ਅੰਦਰ ਮਚਦੀ ਅੱਗ ਜਦੋਂ ਥੋੜੀ ਮੱਠੀ ਪਈ ਤਾਂ ਉਹਨੇ ਸਿੱਖ ਇਤਿਹਾਸ ਦੀ ਖੋਜ ਅਰੰਭ ਕਰਕੇ ਸਿੰਘ ਸੂਰਮਿਆਂ ਦੀਆਂ ਵਾਰਾਂ ਰਚੀਆਂ ਤੇ ਗਾਈਆਂ। ਸੋਹਣ ਸਿੰਘ ਸੀਤਲ ਆਖਦਾ ਹੁੰਦਾ ਸੀ ਕਿ ਝਾਬੇਵਾਲ ਨੂੰ ਲੋਕ ਕਿੱਸੇ ਗਾਉਣ ਦੇ ਹਾਲਾਤ ਨਹੀਂ ਮਿਲੇ, ਵਰਨਾ ਜਿਹੜੀ ਸੋਜ਼ ਭਰੀ ਆਵਾਜ਼ ਉਹਦੇ ਗਲੇ ‘ਚ ਸੀ, ਸਾਹਿਬਾਂ ਤੇ ਸੋਹਣੀ ਝਾਬੇਵਾਲ ਦੀਆਂ ਮਸ਼ਹੂਰ ਹੋ ਜਾਣੀਆਂ ਸਨ।
ਝਾਬੇਵਾਲ ਦਾ ਉਸਤਾਦ ਗਿਆਨੀ ਵਰਿਆਮ ਸਿੰਘ ਮਸਤ ਸੀ। ਉਹਨੇ ਮੋਢਿਆਂ ਪਰਨੇ ਹੋ ਕੇ ਉਸਤਾਦ ਪ੍ਰਤੀ ਨਿਮਰਤਾ ਵਾਲੇ ਫਰਜ਼ ਨਿਭਾਏ, ਇਸ ਕਰਕੇ ਉਹਦੀ ਕਲਾ ਮੂੰਹੋਂ ਵੀ ਬੋਲਦੀ ਰਹੀ ਤੇ ਅੰਦਰੋਂ ਵੀ। ਉਹ ਹੱਸ ਕੇ ਕਈ ਵਾਰ ਆਖ ਦਿੰਦਾ ਸੀ ਕਿ ਪਹਿਲਾਂ ਨਾਂ ਵਾਹਿਗੁਰੂ ਦਾ ਲਈਦਾ ਤੇ ਫਿਰ ਉਸਤਾਦ ਦਾ। ਪ੍ਰੇਰਨਾ ਉਹਨੂੰ ਸੰਤ ਈਸ਼ਰ ਸਿੰਘ ਹੋਰਾਂ ਤੋਂ ਮਿਲਦੀ ਰਹੀ ਹੈ ਤੇ ਪੱਕਾ ਪੈਰੋਕਾਰ ਉਹ ਰਾੜੇਵਾਲੇ ਸੰਤਾਂ ਦਾ ਸੀ। ਸੂਝਵਾਨ ਤੇ ਵਿਦਵਾਨ ਲੋਕਾਂ ਦੀ ਸੰਗਤ, ਸੰਗਤ ਦਾ ਮੋਹ ਉਹਨੂੰ ਗੁਣੀ ਵੀ ਤੇ ਗਿਆਨੀ ਵੀ ਬਣਾਉਣ ਵਿਚ ਸਹਾਈ ਹੋਇਆ ਹੈ।
ਉਹਦੀ ਕਲਾ ਨੂੰ ਰਿਕਾਰਡ ਕਰਨ ਜਾਂ ਰਿਕਾਰਡਿੰਗ ਕੰਪਨੀਆਂ ਦੇ ਮਾਮਲੇ ਵਿਚ ਜੇ ਸਾਹਿਤਕ ਸੋਚ ਨਾਲ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਨਾ ਤਬਲਾ ਵੱਜਿਆ ਤੇ ਨਾ ਹੀ ਪੈਰ ਉਠੇ। ਇਹੋ ਕਿ ਨਾ ਕੰਪਨੀਆਂ ਵਾਲਿਆਂ ਨੇ ਉਹਦੇ ਤੱਕ ਪਹੁੰਚ ਕੀਤੀ ਤੇ ਨਾ ਝਾਬੇਵਾਲ ਆਪ ਉਨ੍ਹਾਂ ਦੇ ਬੂਹੇ ਖੜਕਾਉਣ ਗਿਆ। ਇੱਕ ਹੋਰ ਗੱਲ ਜਿਹੜੀ ਢਾਡੀ ਇਤਿਹਾਸ ਵਿਚ ਹਵਾਲੇ ਜਾਂ ਅੰਕੜੇ ਵਰਗੀ ਹੈ, ਉਹ ਇਹ ਕਿ ਝਾਬੇਵਾਲ ਦੇ ਜਥੇ ਵਿਚ ਜਿਨ੍ਹਾਂ ਨੇ ਵੀ ਸ਼ਰਧਾ ਨਾਲ ਹਾਜ਼ਰੀ ਭਰੀ ਜਾਂ ਕਹਿ ਲਈਏ ਕਿ ਜਿਹੜੇ ਵੀ ਉਹਦੇ ਢਾਡੀ ਮੰਚ ਤੋਂ ਲੰਘੇ, ਉਨ੍ਹਾਂ ਨੂੰ ਸਰਵ ਪ੍ਰਵਾਨਗੀ ਮਿਲੀ। ਰਣਬੀਰ ਸਿੰਘ ਰਾਣਾ ਆਬੂਵਾਲ, ਨਿਰਮਲ ਸਿੰਘ ਮੈਹਲੀ ਕਲਾਂ ਤੇ ਕੁਲਵਿੰਦਰ ਸਿੰਘ ਘੁੰਮਣ ਨੇ ਉਹਦੇ ਨਾਲ ਕੰਮ ਕਰਕੇ ਬੜਾ ਜਸ ਖੱਟਿਆ। ਝਾਬੇਵਾਲ ਆਪਣੇ ਜਥੇ ਵਿਚ ਸ਼ੁਰੂ-ਸ਼ੁਰੂ ਵਿਚ ਢੱਡ ਵੀ ਵਜਾਉਂਦਾ ਰਿਹਾ, ਗਾਉਂਦਾ ਵੀ ਰਿਹਾ ਤੇ ਫਿਰ ਛੇ ਫੁੱਟੀ ਤਲਵਾਰ ਨਾਲ ਗੁਰੂ ਦਾ ਨਿਮਾਣਾ ਢਾਡੀ ਬਣ ਕੇ ਇਤਿਹਾਸ ਦੇ ਵਰਕਿਆਂ ਦੀ ਮਿੱਠੜੇ ਬੋਲਾਂ ਨਾਲ ਵਿਆਖਿਆ ਕਰਦਾ ਰਿਹਾ। ਕੁਝ ਰੰਗ ਝਾਬੇਵਾਲ ਦੇ ਸੰਗ ਦੇਖੋ:
ਲਿਖਿਆ ਸਭ ਕੁਝ ਖੋਲ੍ਹ ਕੇ ਮੈਂ ਤੇਰੇ ਤਾਈਂ
ਤੇ ਅੰਮ੍ਰਿਤ ਪੀਤਾ ਰੱਜ ਕੇ ਖੰਡੇ ਦਾ ਪਾਣੀ
ਤੇਰੇ ਹੱਥ ਵਿਚ ਫੜ੍ਹੀ ਜਾਪਦੀ ਵੈਰੀ ਦਲ ਖਾਣੀ
ਤੂੰ ਪੱਗ ਵਟਾਈ ਜਿਸ ਨਾਲ ਮੈਂ ਉਸ ਦੀ ਰਾਣੀ
ਉਸ ਰਾਜਾ ਰਣਜੀਤ ਤੂੰ ਲਾਜ ਬਚਾਈ
ਵਿਗੜੀ ਝਾਬੇਵਾਲੀਆਂ ਦੋ ਜਣਿਆਂ ਦੀ ਢਾਣੀ।
(ਮਹਾਂਰਾਣੀ ਜਿੰਦਾਂ ਦੀ ਚਿੱਠੀ-ਵਾਰ ਸ਼ਾਮ ਸਿੰਘ ਅਟਾਰੀ)
ਰੋ ਰੋ ਕੇ ਦੁਹਾਈਆਂ ਦਿੱਤੀਆਂ ਸਿੰਘ ਤੇ ਦਰਬਾਰੇ
ਪਿੱਟਿਆ ਮਾਰ ਦੁਹੱਥੜਾ ਪਾ ਵੈਣ ਕਰਾਰੇ
ਮੇਰਾ ਸੱਜਰਾ ਡੋਲਾ ਖੋਹ ਲਿਆ
ਬਹੁ ਜਾਂਜੀ ਮਾਰੇ
ਮਰ ਗਏ ਹਿੰਦੂ ਰਾਜਪੂਤ
ਪਰ੍ਹਾਂ ਹਟੇ ਸਾਰੇ
ਜਾਂਦੇ ਤੇਰੇ ਹੁੰਦਿਆਂ (ਹਰੀ ਸਿਹਾਂ)
ਦੱਸ ਕੀਹਦੇ ਦੁਆਰੇ
ਛੱਡ ਪੂਰੀ ਅਨੰਦ ਗੁਰਾਂ ਨੇ ਪਾਏ ਚਾਲੇ
ਅੱਜ ਪਾਂਧੀ ਬਣ ਕੇ ਤੁਰ ਪਏ
ਖੱਲ ਤਖਤਾਂ ਵਾਲੇ!
ਫਤਿਹ ਪਿਤਾ ਨੂੰ ਬੁਲਾ ਕੇ ਆਖਰੀ
ਚੜ੍ਹੇ ਜੰਗ ਨੂੰ ਅਜੀਤ ਸਿੰਘ ਵੀਰ।
ਸਾਲ 1985 ਵਿਚ ਗਿਆਨੀ ਰਾਮ ਸਿੰਘ ਝਾਬੇਵਾਲ ਨੂੰ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਅਵਾਰਡ ਦਾ ਸਨਮਾਨ ਦਿੱਤਾ, ਕਿਸੇ ਵੇਲੇ ਜਥੇਦਾਰ ਬੁੱਢਾ ਅਕਾਲੀ ਦਲ ਨੇ ਵੀ। ਈਸਟ ਅਫਰੀਕਾ ਗਿਆ ਤਾਂ ਮਾਵੇ ਵਾਲੀ ਪੱਗ ਬੰਨ੍ਹਣ ਵਾਲੇ ਸਿੰਘਾਂ ਨੇ ਨਗਦ ਇਨਾਮ ਬੜੇ ਦਿੱਤੇ। ਪ੍ਰੋਫੈਸਰ ਮੋਹਨ ਸਿੰਘ ਮੇਲੇ ‘ਤੇ ਉਹਨੂੰ ਸ਼੍ਰੋਮਣੀ ਢਾਡੀ ਅਵਾਰਡ ਦਿੱਤਾ ਗਿਆ ਸੀ। ਉਂਜ ਸਿੰਘਾਪੁਰ, ਥਾਈਲੈਂਡ, ਮਲੇਸ਼ੀਆ, ਸਕਾਟਲੈਂਡ ਤੇ ਇੰਗਲੈਂਡ ਵੀ ਝਾਬੇਵਾਲ ਨੇ ਆਪਣੇ ਜਥੇ ਨਾਲ ਦੂਹਰੇ-ਤੀਹਰੇ ਗੇੜੇ ਮਾਰੇ। ਢਾਡੀ ਪਰੰਪਰਾ ਦੇ ਵਿਕਾਸ ਲਈ ਕੰਮ ਕਰਨ ਲਈ ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਦਾ ਉਹ ਜਨਰਲ ਸਕੱਤਰ ਵੀ ਬੜੀ ਦੇਰ ਰਿਹਾ। ਉਹ ਮਰਦੇ ਦਮ ਤੱਕ ਆਖਦਾ ਰਿਹਾ ਕਿ ਮਾਸਟਰ ਤਾਰਾ ਸਿੰਘ, ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਤਲਵੰਡੀ ਤੇ ਸੁਰਜੀਤ ਸਿੰਘ ਬਰਨਾਲਾ ਨਾ ਸਿਰਫ ਉਹਦੇ ਕਦਰਦਾਨਾਂ ਵਿਚ ਰਹੇ ਸਗੋਂ ਜਦੋਂ ਵੀ ਬੁਰਾ ਵਕਤ ਆਇਆ, ਉਹਦੀ ਬਾਂਹ ਆਪਣੇ ਗਲ ‘ਚ ਪਾਉਂਦੇ ਰਹੇ।
ਢਾਡੀ ਝਾਬੇਵਾਲ ਦੇ ਦੋਹਾਂ ਪੁੱਤਰਾਂ ‘ਚੋਂ ਕੋਈ ਵੀ ਢਾਡੀ ਨਹੀਂ ਬਣ ਸਕਿਆ। ਉਹ ਇਹ ਝੋਰਾ ਵੀ ਕਰਦਾ ਰਿਹਾ ਕਿ ਇਹ ਮਹਾਨ ਕਲਾ ਉਹਦੇ ਪਰਿਵਾਰ ‘ਚੋਂ ਉਹਦੇ ਨਾਲ ਹੀ ਚਲੀ ਜਾਵੇਗੀ। ਜਦੋਂ ਉਹ ਭਰਤੀ ਹੋ ਕੇ ਫੌਜੀ ਬਣਿਆ ਤਾਂ ਸੁਨੱਖਾ ਬੜਾ ਸੀ ਤੇ ਅੱਖਾਂ ਦੀ ਕਹਾਣੀ ਪਾ ਕੇ ਉਹਨੇ ਪੰਡਿਤਾਂ ਦੀ ਕੁੜੀ ਦਵਿੰਦਰ ਨਾਲ ਵਿਆਹ ਕਰਵਾ ਕੇ ਫਿਰ ਉਹਦੇ ਨਾਂ ਪਿੱਛੇ ਕੌਰ ਜੋੜ ਦਿੱਤਾ। ਇਹ ਗ੍ਰਹਿਸਥੀ ਘਟਨਾ 1950 ਦੀ ਹੈ ਤੇ ਹੁੱਬ ਕੇ ਦੱਸਦਾ ਹੁੰਦਾ ਸੀ ਕਿ ਆਪਾਂ ਗੁਰੂ ਘਰ ਦੇ ਢਾਡੀ ਵੀ ਸੀ ਤੇ…।
ਆਖਰੀ ਸਾਹ ਲੈਂਦੇ ਨੂੰ ਉਹਨੂੰ ਮੈਂ ਲੁਧਿਆਣੇ ਬਾਬਾ ਦੀਪ ਸਿੰਘ ਨਗਰ ਵਿਚ ਮਿਲਣ ਗਿਆ ਤਾਂ ਉਹ ਔਖਾ ਸੌਖਾ ਉਠ ਕੇ ਬੈਠ ਗਿਆ ਤੇ ਇੱਕੋ ਸਾਹੇ ਕਈ ਕੁਝ ਕਹਿ ਗਿਆ, “ਵਿਆਹ-ਸ਼ਾਦੀਆਂ ਜਾਂ ਧਾਰਮਕ ਸਮਾਗਮਾਂ ‘ਤੇ ਲੱਖਾਂ ਰੁਪਏ ਖਰਚਣ ਵਾਲੇ ਲੋਕ ਸਾਡੀ ਵਾਰੀ ਪੁੱਛਦੇ ਨੇ ਭਲਾ ਢਾਡੀ ਸਿੰਘੋ ਤੁਸੀਂ ਕੁਝ ਘੱਟ ਨਹੀਂ ਕਰ ਲਵੋਗੇ ਤੇ ਸਾਨੂੰ ਤਾਂ ਇਹ ਰਸਦ ਤੇ ਸੱਦਣਾ ਚਾਹੁੰਦੇ ਨੇ ਅਤੇ ਢੱਡ ਨਾਲ ਤੂੰਬੀ ਨੇ ਇੱਕ ਢਿੱਡ ਅੜਿੱਕਾ ਬਹੁਤ ਲਿਆ ਹੈ!”
ਚਲੇ ਗਿਐ ਡੇਢ ਦਹਾਕਾ ਪਹਿਲਾਂ ਰਾਮ ਸਿੰਘ ਝਾਬੇਵਾਲ ਪਰ ਇੱਕ ਮਹਾਨ ਢਾਡੀ ਨਾਲ ਗੁਜ਼ਾਰੇ ਪਲਾਂ ਤੇ ਮਾਣ ਵੀ ਕਰੀਦਾ, ਉਂਜ ਪ੍ਰਸ਼ੰਸਾ ਆਉਣ ਵਾਲੀਆਂ ਪੀੜ੍ਹੀਆਂ ਨੇ ਹੀ ਕਰਨੀ ਹੁੰਦੀ ਹੈ।