ਮੰਟੋ ਦੇ ਗਰਦਿਸ਼ ਦੇ ਦਿਨ

ਉਘੇ ਹਿੰਦੀ ਲੇਖਕ ਨਰੇਂਦਰ ਮੋਹਨ ਨੇ ਮਸ਼ਹੂਰ ਉਰਦੂ ਲੇਖਕ ਸਆਦਤ ਹਸਨ ਮੰਟੋ ਦੀ ਜੀਵਨੀ ਲਿਖੀ ਹੈ ਜਿਸ ਵਿਚ ਉਨ੍ਹਾਂ ਮੰਟੋ ਦੇ ਜੀਵਨ ਅਤੇ ਲਿਖਤਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਹੁਣੇ ਹੁਣੇ ਛਪ ਕੇ ਆਇਆ ਹੈ। ਇਹ ਤਰਜਮਾ ਡਾ. ਬਲਦੇਵ ਸਿੰਘ ਬੱਦਨ ਨੇ ਕੀਤਾ ਹੈ ਜੋ ਲੰਮਾ ਸਮਾਂ ਨੈਸ਼ਨਲ ਬੁੱਕ ਟਰਸਟ ਨਾਲ ਜੁੜੇ ਰਹੇ ਹਨ। ਕਿਤਾਬ ਦਾ ਇਕ ਕਾਂਡ ‘ਗਰਦਿਸ਼ ਦੇ ਦਿਨ’ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਇਸ ਵਿਚ ਮੰਟੋ ਦੇ ਔਖ ਵਾਲੇ ਦਿਨਾਂ ਦਾ ਜ਼ਿਕਰ ਹੈ। -ਸੰਪਾਦਕ

ਨਰੇਂਦਰ ਮੋਹਨ
ਤਰਜਮਾ: ਬਲਦੇਵ ਸਿੰਘ ਬੱਦਨ
ਸਆਦਤ ਹਸਨ ਮੰਟੋ 19 ਵਰ੍ਹਿਆਂ ਦਾ ਸੀ, ਜਦੋਂ ਉਹ ਪੜ੍ਹਨ-ਲਿਖਣ ਦੀ ਦੁਨੀਆਂ ਵਿਚ ਨਾਂ ਕਮਾ ਰਿਹਾ ਸੀ, ਵੱਖ ਵੱਖ ਪਰਚਿਆਂ ਦੇ ਰੂਸੀ ਅਤੇ ਫਰਾਂਸੀਸੀ ਸਾਹਿਤ ਵਿਸ਼ੇਸ਼ ਅੰਕਾਂ ਦਾ ਸੰਪਾਦਨ ਕਰ ਰਿਹਾ ਸੀ। ਉਸ ਦੇ ਵਿਚਾਰਾਂ ਵਿਚ ਪਕਿਆਈ, ਤਿੱਖਾਪਣ ਤੇ ਪ੍ਰਚੰਡਤਾ ਆ ਰਹੀ ਸੀ। ਲਿਖਣ ਵੱਲ ਉਸ ਦਾ ਝੁਕਾਅ ਵਧ ਰਿਹਾ ਸੀ। ਉਹ ਸ਼ਬਦ, ਵਿਚਾਰ ਅਤੇ ਅਮਲ ਵਿਚ ਅੰਦਰੂਨੀ ਤਾਲਮੇਲ ਬਿਠਾਉਣ ਵਿਚ ਜੁਟਿਆ ਹੋਇਆ ਸੀ। ਉਦੋਂ ਕੁ ਹੀ 23 ਫਰਵਰੀ 1932 ਨੂੰ ਉਸ ਦੇ ਅੱਬਾ ਦਾ ਦੇਹਾਂਤ ਹੋ ਗਿਆ। ਇਹ ਉਹਦੇ ਲਈ ਬੜਾ ਦੁਖਦਾਈ ਸਮਾਂ ਸੀ। ਅੱਬਾ ਦੀ ਸੇਵਾ ਮੁਕਤੀ ਤੋਂ ਬਾਅਦ ਪਰਿਵਾਰ ਜਿਸ ਤੰਗੀ ‘ਚੋਂ ਗੁਜ਼ਰ ਰਿਹਾ ਸੀ, ਉਨ੍ਹਾਂ ਦੇ ਚਲੇ ਜਾਣ ਬਾਅਦ, ਉਹ ਹੋਰ ਵਧ ਗਈ। ਥੁੜ੍ਹਾਂ ਅਤੇ ਤੰਗੀਆਂ ਦੇ ਪਰਛਾਵੇਂ ਉਸ ਨੂੰ ਆਪਣੇ ਚਾਰੇ ਪਾਸੇ ਘੇਰਦੇ ਦਿਸੇ। ਇਸ ਬਾਰੇ ਮੰਟੋ ਨੇ ਖੁਦ ਲਿਖਿਆ ਹੈ: ‘ਆਰਥਕ ਹਾਲਤ ਪਹਿਲਾਂ ਹੀ ਮਾੜੀ ਸੀ, ਨੇੜੇ-ਤੇੜੇ ਦੇ ਮਾਹੌਲ ਨੇ ਹੋਰ ਵੀ ਨਿਕੰਮਾ ਕਰ ਦਿੱਤਾ ਤਾਂ ਆਮਦਨੀ ਦੇ ਸੀਮਤ ਸਾਧਨ ਹੋਰ ਵੀ ਘਟ ਗਏ। ਇਸ ਤੋਂ ਧਿਆਨ ਹਟਾਉਣ ਲਈ ਮੈਂ ਕਸਰਤ ਛੱਡ ਕੇ ਸ਼ਰਾਬ ਪੀਣੀ ਸ਼ੁਰੂ ਕੀਤੀ। ਅਕਸਰ ਘਰੋਂ ਬਾਹਰ ਰਹਿੰਦਾ ਅਤੇ ਆਪਣੇ ਸ਼ਰਾਬੀ ਦੋਸਤਾਂ ਦੇ ਘਰ ਪਿਆ ਰਹਿੰਦਾ ਜਿਨ੍ਹਾਂ ਦਾ ਅਦਬ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਉਨ੍ਹਾਂ ਦੀ ਸੰਗਤ ਵਿਚ ਰਹਿ ਕੇ ਮੈਂ ਜਿਸਮਾਨੀ ਅਤੇ ਰੂਹਾਨੀ ਖੁਦਕੁਸ਼ੀ ਦੀ ਕੋਸ਼ਿਸ਼ ਵਿਚ ਰੁਝਾ ਹੋਇਆ ਸੀ।’ ਦਰਅਸਲ, ਉਸ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਸੀ।
ਅੱਬਾ ਦੀ ਮੌਤ ਮੰਟੋ ਲਈ ਡੂੰਘਾ ਸਦਮਾ ਸੀ। ਉਸ ਨੂੰ ਸਮਝ ਨਹੀਂ ਸੀ ਆਉਂਦਾ ਕਿ ਉਹ ਕਰੇ ਤਾਂ ਕੀ ਕਰੇ? ਘਰ ਚਲਾਉਣ ਵਿਚ ਮਾਂ ਦੀ ਮਦਦ ਕਿਵੇਂ ਕਰੇ? ਅਖਬਾਰਾਂ ਨਾਲ ਜੁੜੇ ਹੋਣ ਨਾਲ ਉਸ ਨੂੰ ਪ੍ਰਸਿਧੀ ਮਿਲ ਰਹੀ ਸੀ, ਪਰ ਪ੍ਰਸਿਧੀ ਕਮਾਈ ਦਾ ਜ਼ਰੀਆ ਨਹੀਂ ਸੀ ਬਣ ਰਹੀ। ਪੂਰਾ ਪਰਿਵਾਰ ਦੂਜਿਆਂ ਦਾ ਮੁਥਾਜ ਬਣਨ ਲਈ ਮਜਬੂਰ ਸੀ। ਉਸ ਦੇ ਦੋ ਵੱਡੇ ਭਰਾ ਘਰ ਚਲਾਉਣ ਲਈ ਚਾਲੀ ਰੁਪਏ ਮਹੀਨਾ ਦੇਣ ਲੱਗੇ। ਉਸ ਦੀ ਮਾਂ ਜਿਵੇਂ-ਕਿਵੇਂ ਘਰ-ਪਰਿਵਾਰ ਦਾ ਗੁਜ਼ਾਰਾ ਚਲਾਉਂਦੀ। ਸਿਲਾਈ-ਕਢਾਈ ਦੀ ਕਲਾ, ਜਿਸ ਵਿਚ ਉਹ ਮਾਹਿਰ ਸੀ, ਉਨ੍ਹਾਂ ਦਿਨਾਂ ਵਿਚ ਬਹੁਤ ਕੰਮ ਆਈ ਤੇ ਆਰਥਕ ਹਾਲਤ ਹੌਲੀ ਹੌਲੀ ਸੰਭਲਣ ਲੱਗੀ।
ਮੰਟੋ ਵੱਡੇ ਲੇਖਕਾਂ ਦੇ ਅਨੁਭਵਾਂ ਨਾਲ ਤੇਜ਼ੀ ਨਾਲ ਜੁੜਿਆ ਅਤੇ ਨਵੇਂ ਵਿਚਾਰਾਂ ਤੋਂ ਜਾਗਰੂਕ ਹੋਣ ਲੱਗਾ। ਇਨ੍ਹਾਂ ਦਿਨਾਂ ਵਿਚ ਉਸ ਅੰਦਰ ਅੱਗੇ ਵਧਣ ਦੀ ਤੀਬਰ ਇੱਛਾ ਪੈਦਾ ਹੋਈ। ਹੋ ਸਕਦਾ ਹੈ ਕਿ ਜਮਾਤੀਆਂ ਦੇ ਖਿਝਾਉਣ ਅਤੇ ਉਕਸਾਉਣ ਕਾਰਨ ਹੀ ਉਸ ਦਾ ਝੁਕਾਅ ਬੀ. ਏ. ਕਰਨ ਵੱਲ ਹੋਇਆ ਹੋਵੇ। ਉਸ ਦਾ ਦੋਸਤ ਅਬੂ ਸਈਦ ਕੁਰੈਸ਼ੀ ਵੀ ਚਾਹੁੰਦਾ ਸੀ ਕਿ ਅੱਗੇ ਪੜ੍ਹਿਆ ਜਾਏ। ਅਲੀਗੜ੍ਹ ਯੂਨੀਵਰਸਿਟੀ ਦਾ ਉਨ੍ਹੀਂ ਦਿਨੀਂ ਬੜਾ ਦਬਦਬਾ ਸੀ। ਉਘੇ ਲੇਖਕ ਅਬਦੁੱਲ ਬਾਰੀ ਨੇ ਵੀ ਉਥੋਂ ਹੀ ਸਿੱਖਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਭੈਣ ਨਾਲ ਗੱਲ ਕੀਤੀ ਤਾਂ ਔਖੇ ਦਿਨਾਂ ਦੇ ਬਾਵਜੂਦ ਉਹ ਉਸ ਦੀ ਇੱਛਾ ਪੂਰੀ ਕਰਨ ਦੇ ਪੱਖ ਵਿਚ ਆ ਖੜ੍ਹੀ ਹੋਈ। ਬੀਬੀ ਜਾਨ ਨੂੰ ਉਸ ਨੇ ਖੁਦ ਮਨਾ ਲਿਆ, ਇਉਂ ਉਹ ਅਬੂ ਸਈਦ ਕੁਰੈਸ਼ੀ ਨਾਲ 1935 ਵਿਚ ਅਲੀਗੜ੍ਹ ਯੂਨੀਵਰਸਿਟੀ ਆ ਗਿਆ ਜੋ ਉਸ ਵੇਲੇ ਉਚ ਸਿੱਖਿਆ, ਬੌਧਿਕ ਵਿਚਾਰਾਂ ਅਤੇ ਰਾਜਨੀਤੀ ਦਾ ਗੜ੍ਹ ਸੀ। ਪ੍ਰਗਤੀਸ਼ੀਲ ਅੰਦੋਲਨ ਜ਼ੋਰਾਂ ਉਤੇ ਸੀ। ਇਥੇ ਉਸ ਦੀ ਮੁਲਾਕਾਤ ਅਲੀ ਸਰਦਾਰ ਜਾਫਰੀ, ਹਯਾਤ-ਉਲ੍ਹਾ ਅੰਸਾਰੀ, ਅਖਤਰ ਰਾਮਪੁਰੀ, ਮਜਾਜ਼ ਅਤੇ ਜਾਂਨਿਸਾਰ ਅਖਤਰ ਨਾਲ ਹੋਈ।
ਡਾ. ਅਸ਼ਰਫ ਅਤੇ ਡਾ. ਅਬਦੁਲ ਸਲੀਮ ਉਸ ਦੇ ਪ੍ਰੋਫੈਸਰ ਸਨ। ਸ਼ਾਹਿਦ ਲਤੀਫ ਜਿਸ ਨਾਲ ਬਾਅਦ ਵਿਚ ਇਸਮਤ ਚੁਗਤਾਈ ਦਾ ਵਿਆਹ ਹੋਇਆ, ਨਾਲ ਵੀ ਉਨ੍ਹਾਂ ਦੀ ਇਥੇ ਹੀ ਮੁਲਾਕਾਤ ਹੋਈ। ਉਸ ਨੂੰ ਉਹ ਮਜ਼ਾਹ ਦੇ ਤੌਰ ‘ਤੇ ਚਿਪਕੂ ਕਹਿੰਦੇ। ਇਥੇ ਰਹਿੰਦਿਆਂ ਮੰਟੋ ਨੇ ਸਿਆਸੀ ਸਰਗਰਮੀਆਂ ਵਿਚ ਸਿੱਧੇ ਢੰਗ ਨਾਲ ਹਿੱਸਾ ਤਾਂ ਨਹੀਂ ਲਿਆ, ਪਰ ਇਥੋਂ ਦੇ ਮਾਹੌਲ ਨੇ ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਅਤੇ ਸਾਹਿਤਕ ਰੁਚੀਆਂ ਨੂੰ ਤਿੱਖਾ ਜ਼ਰੂਰ ਕੀਤਾ। ਸਰਦਾਰ ਜਾਫਰੀ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਲਿਖਿਆ ਹੈ: ‘ਇਕ ਮੁਸ਼ਾਇਰੇ ਵਿਚ ਹਿੱਸਾ ਲੈ ਕੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਚਮਕੀਲੀਆਂ ਅੱਖਾਂ ਅਤੇ ਬਿਮਾਰ ਚਿਹਰੇ ਵਾਲਾ ਵਿਦਿਆਰਥੀ ਮਿਲਿਆ। ਉਹ ਮੈਨੂੰ ਆਪਣੇ ਕਮਰੇ ਵਿਚ ਲੈ ਗਿਆ ਤੇ ਕਿਹਾ, ‘ਮੈਂ ਵੀ ਕ੍ਰਾਂਤੀਕਾਰੀ ਹਾਂ…।’ ਇਹ ਲੜਕਾ ਸਆਦਤ ਹਸਨ ਮੰਟੋ ਸੀ। ਉਸ ਨੇ ਮੈਨੂੰ ਭਗਤ ਸਿੰਘ ਬਾਰੇ ਆਪਣੇ ਕੁਝ ਲੇਖ ਪੜ੍ਹਨ ਨੂੰ ਦਿੱਤੇ ਤੇ ਵਿਕਟਰ ਹਿਊਗੋ ਅਤੇ ਗੋਰਕੀ ਬਾਰੇ ਮੇਰੀ ਜਾਣਕਾਰੀ ਵਧਾਈ।’
ਸਰਦਾਰ ਜਾਫਰੀ ਦਾ ਇਹ ਕਥਨ ਮੰਟੋ ਦੀ ਨੌਜਵਾਨ ਸ਼ਖਸੀਅਤ ਦੇ ਕਈ ਵਿਚਾਰਕ, ਸਮਾਜਿਕ ਅਤੇ ਸਿਰਜਣਾਤਮਕ ਪਹਿਲੂਆਂ ਵੱਲ ਸੰਕੇਤ ਕਰਦਾ ਹੈ। ਕ੍ਰਾਂਤੀ ਦੇ ਜਜ਼ਬੇ ਨਾਲ ਉਹ ਉਨ੍ਹੀਂ ਦਿਨੀਂ ਭਰਿਆ ਪਿਆ ਸੀ। ਭਗਤ ਸਿੰਘ ਬਾਰੇ ਉਸ ਦੇ ਕਈ ਲੇਖ ਛਪ ਚੁਕੇ ਸਨ ਜਿਨ੍ਹਾਂ ਦਾ ਹਵਾਲਾ ਸਰਦਾਰ ਜਾਫਰੀ ਨੇ ਦਿੱਤਾ ਹੈ। ਵਿਕਟਰ ਹਿਊਗੋ ਅਤੇ ਗੋਰਕੀ ਦਾ ਉਨ੍ਹਾਂ ਦੇ ਕੰਮ ਕਾਰਨ ਹੀ ਲੋਕ ਉਨ੍ਹਾਂ ਦਾ ਸਨਮਾਨ ਕਰਦੇ ਸਨ ਤੇ ਉਨ੍ਹਾਂ ਤੋਂ ਪ੍ਰੇਰਿਤ ਹੋਏ ਮਹਿਸੂਸ ਕਰਦੇ ਸਨ।
ਅਲੀਗੜ੍ਹ ਵਿਚ ਮੰਟੋ ਨੌਂ ਮਹੀਨੇ ਰਿਹਾ। ਇਥੇ ਰਹਿੰਦਿਆਂ ਉਸ ਨੇ ਕਹਾਣੀ ‘ਇਨਕਲਾਬ ਪਸੰਦ’ ਲਿਖੀ ਜੋ ਮਾਰਚ 1935 ਵਿਚ ਅਲੀਗੜ੍ਹ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਈ ਤੇ ਖੂਬ ਸਲਾਹੀ ਗਈ। ਆਪਣੇ ਵਿਚਾਰਾਂ, ਵਤੀਰੇ ਅਤੇ ਲੇਖਣੀ ਦੇ ਜ਼ੋਰ ‘ਤੇ ਮੰਟੋ ਕੁਝ ਦਿਨਾਂ ਵਿਚ ਹੀ ਇਥੋਂ ਦੇ ਸਾਹਿਤਕ ਅਤੇ ਬੌਧਿਕ ਮਾਹੌਲ ਦਾ ਅਟੁੱਟ ਹਿੱਸਾ ਬਣ ਗਿਆ। ਇਕ ਵਾਰ ਫਿਰ ਮੰਟੋ ਦੇ ਸੀਨੇ ਵਿਚ ਤੇਜ਼ ਦਰਦ ਹੋਇਆ ਤੇ ਉਸ ਦੀ ਸਿਹਤ ਵਿਗੜਨ ਲੱਗੀ। ਦਿੱਲੀ ਜਾ ਕੇ ਐਕਸਰੇ ਕਰਵਾਇਆ ਤਾਂ ਫੇਫੜਿਆਂ ‘ਤੇ ਧੱਬੇ ਜਿਹੇ ਦਿਸੇ। ਡਾਕਟਰਾਂ ਨੇ ਮੁਆਇਨਾ ਕਰ ਕੇ ਉਸ ਨੂੰ ਤਪਦਿਕ (ਟੀ. ਬੀ.) ਦਾ ਰੋਗੀ ਦੱਸਿਆ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਵੀ ਜਲਦਬਾਜ਼ੀ ਵਿਚ ਬਿਮਾਰੀ ਦੀ ਚੰਗੀ ਤਰ੍ਹਾਂ ਜਾਂਚ ਕੀਤੇ ਬਿਨਾ ਉਸ ਨੂੰ ਯੂਨੀਵਰਸਿਟੀ ਛੱਡ ਦੇਣ ਦਾ ਹੁਕਮ ਦੇ ਦਿੱਤਾ, ਹਾਲਾਂਕਿ ਅੱਗੇ ਚਲ ਕੇ ਡਾਕਟਰਾਂ ਦੀ ਰਾਇ ਗਲਤ ਸਾਬਤ ਹੋਈ। ਖੈਰ! ਤਪਦਿਕ ਦੇ ਡਰੋਂ ਉਹ ਤਤਕਾਲ ਅੰਮ੍ਰਿਤਸਰ ਪਹੁੰਚਿਆ। ਪਰਿਵਾਰ ਵਾਲਿਆਂ ਨੂੰ ਜਦੋਂ ਉਸ ਦੇ ਰੋਗ ਦਾ ਪਤਾ ਲੱਗਾ ਤਾਂ ਉਨ੍ਹਾਂ ਦਾ ਫਿਕਰਮੰਦ ਹੋਣਾ ਸੁਭਾਵਕ ਸੀ।
ਮੰਟੋ ਦੇ ਅਲੀਗੜ੍ਹ ਛੱਡ ਕੇ ਅੰਮ੍ਰਿਤਸਰ ਚਲੇ ਜਾਣ ਤੋਂ ਛੇਤੀ ਬਾਅਦ, ਦਸੰਬਰ 1935 ਵਿਚ ਅਬੂ ਸਈਦ ਕੁਰੈਸ਼ੀ ਵੀ ਲਾਹੌਰ ਆ ਗਿਆ। ਮੰਟੋ ਦੀ ਉਨ੍ਹਾਂ ਦਿਨਾਂ ਦੀ ਹਾਲਤ ਦਾ ਅਬੂ ਸਈਦ ਨੇ ਇਉਂ ਬਿਆਨ ਕੀਤਾ ਹੈ: ‘ਸੀਨੇ ਵਿਚ ਤੇਜ਼ ਦਰਦ ਹੁੰਦਾ ਤੇ ਉਹ ਕਦੇ ਟਿੰਕਚਰ ਆਇਓਡੀਨ ਮਲਦਾ ਤੇ ਕਦੇ ਰਾਈ ਦਾ ਪਲਸਤਰ ਲਾ ਕੇ ਪਿਆ ਰਹਿੰਦਾ, ਪਰ ਦਰਦ ਨਾ ਰੁਕਦਾ। ਤਕਲੀਫ ਜ਼ਿਆਦਾ ਹੁੰਦੀ ਤਾਂ ਐਨਕ ਲਾਹ ਕੇ ਇਕ ਪਾਸੇ ਰੱਖ ਦਿੰਦਾ। ਲੱਤਾਂ ਇਕੱਠੀਆਂ ਕਰ ਕੇ ਸੀਨੇ ਨਾਲ ਲਾ ਲੈਂਦਾ। ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਫੈਲਦੀਆਂ ਜਾਂਦੀਆਂ ਤੇ ਮੰਸਿਫ ਸਾਹਿਬ ਦੀ ਤਸਵੀਰ ਨੂੰ ਜਿਵੇਂ ਗੁੱਸੇ ਵਿਚ ਕਹਿ ਰਹੀਆਂ ਹੋਣ, Ḕਮੈਨੂੰ ਤੁਹਾਡੇ ਰਹਿਮ ਦੀ ਲੋੜ ਨਹੀਂ, ਮੈਂ ਆਪਣਾ ਦਰਦ ਬਰਦਾਸ਼ਤ ਕਰ ਸਕਦਾ ਹਾਂ।’ ਦਰਦ ਨੂੰ ਦਬਾਉਣ ਲਈ ਉਸ ਨੇ ਦੇਸੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਬੋਤਲ ਉਸ ਦੇ ਕਮਰੇ ਦੇ ਉਚੇ ਥਾਂ ਕੈਲੰਡਰ ਦੇ ਪਿੱਛੇ ਲੁਕੀ ਰਹਿੰਦੀ, ਪਰ ਇਹ ਦਰਦ ਦਾ ਇਲਾਜ ਨਹੀਂ ਸੀ।
ਕਈ ਮਹੀਨੇ ਮੰਟੋ ਨੇ ਫਾਲਤੂ ਦੇ ਇਲਾਜ ਕਰਦਿਆਂ ਗੁਜ਼ਾਰ ਦਿੱਤੇ, ਪਰ ਜਦੋਂ ਪਾਣੀ ਸਿਰ ਉਤੋਂ ਲੰਘਣ ਲੱਗਾ ਤਾਂ ਡਾਕਟਰਾਂ ਨੂੰ ਦਿਖਾਇਆ। ਰੋਗ ਦੇ ਲੱਛਣਾਂ ਨੂੰ ਦੇਖਦਿਆਂ ਡਾਕਟਰਾਂ ਨੂੰ ਟੀ. ਬੀ. ਦਾ ਸ਼ੱਕ ਹੋਇਆ। ਉਨ੍ਹਾਂ ਦੀ ਸਲਾਹ ਸੀ ਕਿ ਮਰੀਜ਼ ਨੂੰ ਛੇਤੀ ਹੀ ਕਿਸੇ ਸਿਹਤ ਸੁਧਾਰਕ ਥਾਂ ‘ਤੇ ਲਿਜਾਇਆ ਜਾਏ। ਉਸ ਦੀ ਮਾਂ ਅਤੇ ਭੈਣ ਇਕਬਾਲ ਨੇ ਜਿਵੇਂ-ਕਿਵੇਂ ਕੁਝ ਪੈਸਿਆਂ ਦਾ ਪ੍ਰਬੰਧ ਕੀਤਾ ਅਤੇ ਉਹ ਰੋਗ ਤੋਂ ਛੁਟਕਾਰਾ ਪਾਉਣ ਲਈ ਬਨਿਹਾਲ (ਕਸ਼ਮੀਰ) ਨੇੜੇ ਬਟੌਤ ਨਾਮੀ ਕਸਬੇ ਵਿਚ ਚਲਾ ਗਿਆ। ਇਥੇ ਤਿੰਨ ਮਹੀਨੇ ਰੁਕਿਆ, ਜਿਸ ਦੌਰਾਨ ਉਸ ਦੀ ਮੁਲਾਕਾਤ ਅੱਲ੍ਹੜ ਖੂਬਸੂਰਤ ਪੇਂਡੂ ਪਹਾੜੀ ਮੁਟਿਆਰ ਬੇਗੂ ਨਾਲ ਹੋਈ। ਮੰਟੋ ਨੇ ਬੇਗੂ ਨਾਲ ਆਪਣੇ ਪ੍ਰੇਮ ਪ੍ਰਸੰਗ ਦਾ ਜ਼ਿਕਰ ਕਈ ਕਹਾਣੀਆਂ (ਏਕ ਖਤ, ਮੌਸਮ ਕੀ ਸ਼ਰਾਰਤ, ਬੇਗੂ, ਲਾਲਟੇਨ ਅਤੇ ਚੁਗਦ) ਵਿਚ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਪ੍ਰੇਮ ਪ੍ਰਸੰਗ ਦੀ ਵੰਨਗੀ ਨੂੰ ਜਿਸ ਰੂਪ ਵਿਚ ਪੇਸ਼ ਕੀਤਾ ਗਿਆ ਹੈ, ਉਸ ਤੋਂ ਨੌਜਵਾਨ ਮੰਟੋ ਦੇ ਪ੍ਰੇਮ ਪ੍ਰਸੰਗ ਦਾ ਆਪ-ਬੀਤੀ ਵਰਗਾ ਸ਼ਿੱਦਤ ਭਰਿਆ ਅਹਿਸਾਸ ਹੁੰਦਾ ਹੈ।
‘ਏਕ ਖਤ’, ‘ਲਾਲਟੇਨ’ ਅਤੇ ‘ਬੇਗੂ’ ਜਿਹੀਆਂ ਕਹਾਣੀਆਂ ਵਿਚ ਇਹ ਬਿਰਤਾਂਤ ਕਾਫੀ ਹੱਦ ਤਕ ਲੇਖਕ ਦਾ ਨਿਜੀ ਲੱਗਦਾ ਹੈ। ਕ੍ਰਿਸ਼ਨ ਚੰਦਰ ਨੇ ਜਦੋਂ ਬਟੌਤ ਦੇ ਦਿਨਾਂ ਨਾਲ ਜੁੜੀ ਮੰਟੋ ਦੀ ਕਹਾਣੀ ‘ਲਾਲਟੇਨ’ ਪੜ੍ਹੀ ਤਾਂ ਉਸ ਨੂੰ ਕਹਾਣੀ ਦਾ ਬਹੁਤਾ ਹਿੱਸਾ ਮੰਟੋ ਦੀ ਜ਼ਿੰਦਗੀ ਨਾਲ ਸਬੰਧਤ ਲੱਗਾ: ‘ਉਸ ਕਹਾਣੀ ਦੇ ਵੇਰਵਿਆਂ ਅਤੇ ਆਖਰੀ ਵਾਕ ਵਿਚ ਜੋ ਪੀੜ ਤੇ ਕਰੁਣਾ ਹੈ, ਉਹ ਖੁਦ ਰੋਮਾਨੀ ਮੰਟੋ ਦੀ ਜ਼ਿੰਦਗੀ ਦਾ ਅੰਗ ਪ੍ਰਤੀਤ ਹੁੰਦੀ ਹੈ।’ ਕਹਾਣੀਆਂ ਅੰਦਰ ਝਾਕ ਕੇ ਦੇਖੀਏ ਤਾਂ ਪਤਾ ਲਗਦਾ ਹੈ ਕਿ ਬੇਗੂ ਕਿੰਨੀ ਅਵਾਰਾ ਚਾਲਚਲਨ ਵਾਲੀ ਅਤੇ ਸਰੀਰਕ ਲੱਜ਼ਤਾਂ ‘ਤੇ ਮੋਹਿਤ ਰਹੀ ਹੋਵੇਗੀ, ਪਰ ਅਬੂ ਸਈਦ ਕੁਰੈਸ਼ੀ ਦੇ ਸ਼ਬਦਾਂ ਵਿਚ: ‘ਉਸੇ ਵਿਚ ਮੰਟੋ ਨੂੰ ਪਵਿਤਰ ਆਤਮਾ ਦੇ ਦਰਸ਼ਨ ਹੋਏ।’ ਉਸ ਵਿਚ ਅਜਿਹਾ ਅਜੀਬ ਆਕਰਸ਼ਣ ਸੀ ਕਿ ਮੰਟੋ ਉਥੇ ਤਿੰਨ ਮਹੀਨੇ ਟਿਕਿਆ ਰਿਹਾ। ਮੰਟੋ ਦੀ ਜ਼ਿੰਦਗੀ ਵਿਚ ਇਸ ਪ੍ਰੇਮ ਪ੍ਰਸੰਗ ਤੋਂ ਇਲਾਵਾ ਕਿਸੇ ਹੋਰ ਪ੍ਰੇਮ ਪ੍ਰਸੰਗ ਦਾ ਜ਼ਿਕਰ ਨਹੀਂ ਮਿਲਦਾ। ਚੰਗਾ ਹੀ ਹੋਇਆ, ਉਹ ਰੋਮਾਨੀਅਤ ਦੇ ਦੌਰ ਤੋਂ ਬਾਹਰ ਆ ਗਿਆ ਅਤੇ ਹਕੀਕਤ ਦੀਆਂ ਕੌੜੀਆਂ ਸੱਚਾਈਆਂ ਅਤੇ ਆਧੁਨਿਕ ਜੀਵਨ ਦੀਆਂ ਵਿਸੰਗਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਿਆ।
ਮੰਟੋ ਦੇ ਤਪਦਿਕ ਦੇ ਮਰੀਜ਼ ਹੋਣ ਦੀ ਗੱਲ ਝੂਠੀ ਸਿੱਧ ਹੋਈ ਅਤੇ ਉਹ ਸਿੱਧਾ ਬਟੌਤ ਤੋਂ ਅੰਮ੍ਰਿਤਸਰ ਆ ਗਿਆ। ਉਸ ਦੀ ਭੈਣ ਨਾਸਿਰਾ ਇਕਬਾਲ ਦਾ ਵਿਆਹ ਹੋ ਚੁਕਾ ਸੀ ਅਤੇ ਉਹ ਮੁੰਬਈ ਜਾ ਚੁਕੀ ਸੀ। ਮੰਟੋ ਦੇ ਸ਼ਬਦਾਂ ਵਿਚ, ‘ਜਿਹੜੀ ਜਮ੍ਹਾਂ-ਪੂੰਜੀ ਸੀ, ਉਹ ਮੇਰੀ ਸਰਲ ਅਤੇ ਨੇਕ ਦਿਲ ਮਾਂ ਨੇ ਮੇਰੇ ਜੀਜੇ ਦੇ ਹਵਾਲੇ ਕਰ ਦਿੱਤੀ ਸੀ।’
ਅੰਮ੍ਰਿਤਸਰ ਆਉਂਦਿਆਂ ਹੀ ਉਸ ਦਾ ਦਿਲ ਤੇ ਦਿਮਾਗ ਬਹੁਤ ਪ੍ਰੇਸ਼ਾਨ ਹੋ ਗਿਆ। ਉਹ ਚਾਹੁੰਦਾ ਸੀ ਕਿ ਕਿਤੇ ਦੌੜ ਜਾਵੇ, ਜਾਂ ਖੁਦਕੁਸ਼ੀ ਕਰ ਲਵੇ। ਮਜ਼ਬੂਤ ਇਰਾਦੇ ਦਾ ਮਾਲਕ ਹੁੰਦਾ ਤਾਂ ਉਸ ਨੇ ਜ਼ਰੂਰ ਹੀ ਖੁਦਕੁਸ਼ੀ ਕਰ ਲਈ ਹੁੰਦੀ। ਪੂਰੇ ਘਰ ਨੂੰ ਆਰਥਕ ਔਕੜਾਂ ਨਾਲ ਜੂਝਦੇ ਦੇਖਣਾ ਅਤੇ ਕੁਝ ਨਾ ਕਰ ਸਕਣਾ ਉਸ ਲਈ ਦਮ ਘੋਟੂ ਹੀ ਸੀ।
ਇਨ੍ਹੀਂ ਦਿਨੀਂ ਲਾਹੌਰ ਦੇ ਉਸ ਦੇ ਦੋਸਤਾਂ ਨੇ ਖਬਰ ਦਿੱਤੀ ਕਿ ਆਗਾ ਹਸਨ ਕਸ਼ਮੀਰੀ ਦਾ ਦੇਹਾਂਤ (1935) ਹੋ ਗਿਆ ਹੈ। ਇਹ ਖਬਰ ਸੁਣ ਕੇ ਉਹ ਬਹੁਤ ਉਦਾਸ ਹੋ ਗਿਆ। ਮਹਿਜ ਇਸ ਲਈ ਨਹੀਂ ਕਿ ਉਹ ਕਸ਼ਮੀਰੀ ਸੀ, ਜਾਂ ਇਸ ਲਈ ਨਹੀਂ ਗਲੀ ਵਕੀਲਾਂ ਵਿਚ ਉਸ ਦਾ ਬਚਪਨ ਬੀਤਿਆ ਸੀ; ਦਰਅਸਲ ਉਹ ਅੰਮ੍ਰਿਤਸਰ ਅਤੇ ਲਾਹੌਰ ਦੀਆਂ ਯਾਦਾਂ ਵਿਚ ਘਿਰ ਗਿਆ ਸੀ ਜਿਥੇ ਉਹ ਆਗਾ ਹਸਨ ਕਸ਼ਮੀਰੀ ਨੂੰ ਮਿਲਦਾ ਰਿਹਾ ਸੀ। ਉਸ ਨੂੰ ਯਾਦ ਆਇਆ, ਜਦੋਂ ਉਹ ਪਹਿਲੀ ਵਾਰ ਆਗਾ ਹਸਨ ਕਸ਼ਮੀਰੀ ਨੂੰ ਅੰਮ੍ਰਿਤਸਰ ਵਿਚ ਮਿਲਿਆ ਸੀ। ਉਨ੍ਹਾਂ ਦੇ ਰੰਗ-ਢੰਗ, ਅਨੋਖੇ ਪਹਿਰਾਵੇ ਨੂੰ ਦੇਖਿਆ ਸੀ ਤੇ ਨਾਟਕ-ਰੰਗਮੰਚ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ ਸਨ। ਉਸ ਤੋਂ ਬਾਅਦ ਲਾਹੌਰ ਵਿਚ ਜਿਥੇ ਉਹ ਆਉਂਦਾ-ਜਾਂਦਾ ਰਹਿੰਦਾ ਸੀ, ਵੀ ਉਨ੍ਹਾਂ ਨਾਲ ਕਈ ਵਾਰ ਮੁਲਾਕਾਤ ਹੋਈ ਸੀ। ਉਸ ਨੂੰ ਯਾਦ ਆਇਆ ਕਿ ਉਸ ਨੇ ਲਾਹੌਰ ਵਿਚ ਆਗਾ ਹਸਨ ਕਸ਼ਮੀਰੀ ਤੋਂ ਆਟੋਗ੍ਰਾਫ ਬੁਕ ‘ਤੇ ਆਟੋਗ੍ਰਾਫ ਲਿਆ ਸੀ। ਕੰਬਦੇ ਹੱਥਾਂ ਨਾਲ ਉਨ੍ਹਾਂ ਨਾਲ ਆਪਣਾ ਨਾਂ ਲਿਖਦਿਆਂ ਕਿਹਾ ਸੀ, ‘ਇਕ ਜ਼ਮਾਨੇ ਬਾਅਦ ਮੈਂ ਇਹ ਸ਼ਬਦ ਲਿਖੇ ਹਨ।’ ਇਕ ਪਾਸੇ ਯਾਦਾਂ ਦਾ ਸਿਲਸਿਲਾ, ਦੂਜੇ ਪਾਸੇ ਨੌਕਰੀ ਦੀ ਤਲਖ ਹਕੀਕਤ, ਉਹ ਯਾਦਾਂ ਤੋਂ ਮੂੰਹ ਮੋੜ ਕੇ ਨੌਕਰੀ ਦੀ ਭਾਲ ਵਿਚ ਜੁਟ ਗਿਆ।
ਨੌਕਰੀ ਦੀ ਭਾਲ ਵਿਚ ਉਹ ਇਧਰ-ਉਧਰ ਭਟਕਦਾ ਰਿਹਾ। ਛੋਟੇ-ਮੋਟੇ ਕੰਮ ਮਿਲਦੇ, ਪਰ ਕੋਈ ਪੱਕਾ ਇੰਤਜ਼ਾਮ ਨਾ ਹੁੰਦਾ। ਕੰਮ ਦੀ ਭਾਲ ਵਿਚ ਉਹ ਲਾਹੌਰ ਚਲਾ ਗਿਆ। ਉਹਨੇ ਸੋਚਿਆ ਸੀ ਕਿ ਬਾਰੀ ਸਾਹਿਬ ਕੋਈ ਕੰਮ ਦਿਵਾ ਦੇਣਗੇ, ਪਰ ਉਦੋਂ ਤਕ ਬਾਰੀ ਸਾਹਿਬ ਰੰਗੂਨ ਜਾ ਚੁਕੇ ਸਨ। ਹਾਂ, ਕਰਮ ਚੰਦ ਦੇ ‘ਪਾਰਸ’ ਅਖਬਾਰ ਵਿਚ ਉਸ ਨੂੰ ਚਾਲੀ ਰੁਪਏ ਮਹੀਨਾ ‘ਤੇ ਕੰਮ ਮਿਲ ਗਿਆ। ਸੀਨੇ ਦੇ ਦਰਦ ਅਤੇ ਖੰਘ ਦੇ ਬਾਵਜੂਦ ਉਹ ਸਿਗਾਰ ਪੀਂਦਾ ਰਿਹਾ। ਅਬੂ ਸਈਦ ਕੁਰੈਸ਼ੀ ਤੇ ਹੋਰ ਦੋਸਤਾਂ ਨਾਲ ਉਸ ਦੀ ਮੁਲਾਕਾਤ ‘ਅਰਬ’ ਹੋਟਲ ਵਿਚ ਹੁੰਦੀ ਜੋ ਉਦੋਂ ਅਖਬਾਰ ਨਵੀਸਾਂ ਦਾ ਅੱਡਾ ਸੀ। ਕਰਮ ਚੰਦ ਅਖਬਾਰ ਨੂੰ ਸਨਸਨੀਖੇਜ਼ ਬਣਾਉਣਾ ਚਾਹੁੰਦਾ ਸੀ ਜੋ ਮੰਟੋ ਨੂੰ ਮਨਜ਼ੂਰ ਨਹੀਂ ਸੀ। ਸੋ, ਉਸ ਨੇ ਉਹ ਕੰਮ ਛੱਡ ਦਿੱਤਾ। ਉਦੋਂ ਹੀ ਨਜ਼ੀਰ ਲੁਧਿਆਣਵੀ ਜੋ ਹਫਤਾਵਾਰੀ ‘ਮੁਸੱਵਿਰ’ ਦਾ ਮਾਲਕ ਸੀ, ਨੇ ਮੰਟੋ ਨੂੰ ਬਤੌਰ ਸੰਪਾਦਕ ਮੁੰਬਈ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਸ ਨੇ ਬਿਨਾ ਕਿਸੇ ਨਾਂਹ-ਨੁੱਕਰ ਦੇ ਸਵੀਕਾਰ ਕਰ ਲਿਆ ਅਤੇ ਉਥੇ ਜਾਣ ਵਿਚ ਜ਼ਰਾ ਵੀ ਦੇਰੀ ਨਹੀਂ ਕੀਤੀ।