ਦਾਵਾਨਲ

ਕਹਾਣੀਕਾਰ ਕਰਮ ਸਿੰਘ ਮਾਨ ਦੀ ਕਹਾਣੀ ‘ਦਾਵਾਨਲ’ ਦਾ ਮੁੱਖ ਪਾਤਰ ਸੱਚਮੁੱਚ ਭਾਂਬੜ ਵਾਂਗ ਮੱਚ ਰਿਹਾ ਹੈ। ਜਦੋਂ ਇਖਲਾਕੀ ਕਹਿਰ ਤੇ ਜ਼ਬਰ ਜ਼ੁਲਮ ਦੀ ਹੱਦ ਹੋ ਗਈ ਤਾਂ ਉਸ ਦੇ ਅੰਦਰੋਂ ਦਾਵਾਨਲ ਫੁੱਟ ਉਠਿਆ। ਲੇਖਕ ਨੇ ਜੰਗਲ ਵਿਚ ਲੱਗੀ ਅੱਗ ਦੀ ਤਸ਼ਬੀਹ ਨਾਲ ਮੁਖ ਪਾਤਰ ਦੀ ਗਾਥਾ ਸੁਣਾਈ ਹੈ। ਇਉਂ ਮੱਚ ਰਿਹਾ ਕੋਈ ਜੀਵ ਹੀ ਤਬਾਹੀ ਦੇ ਮੰਜ਼ਰ ਦੇਖ ਕੇ ਹੱਸ ਸਕਦਾ ਹੈ। ਕਹਾਣੀਕਾਰ ਨੇ ਇਸ ਪਾਤਰ ਦਾ ਭੇਤ ਇਕ ਇਕ ਕਰਕੇ ਖੋਲ੍ਹਿਆ ਹੈ।

ਜਿਉਂ ਜਿਉਂ ਭੇਤ ਖੁੱਲ੍ਹਦੇ ਹਨ, ਪਾਠਕ ਦੇ ਮਨ ਅੰਦਰ ਉਥਲ-ਪੁਥਲ ਹੋਣ ਲਗਦੀ ਹੈ ਅਤੇ ਉਹ ਮੁੱਖ ਪਾਤਰ ਬਾਰੇ ਹੋਰ ਢੰਗ ਨਾਲ ਸੋਚਣ ਲੱਗਦਾ ਹੈ। -ਸੰਪਾਦਕ

ਕਰਮ ਸਿੰਘ ਮਾਨ
ਹੁਣ ਫੇਰ ਜੰਗਲ ਨੂੰ ਅੱਗ ਲੱਗ ਗਈ ਹੈ। ਪਿਛਲੇ ਦਸ ਸਾਲਾਂ ਵਿਚ ਦਸਵੀਂ ਵਾਰ। ਅੱਗ ਦੀਆਂ ਲਾਟਾਂ। ਸੰਘਣਾ ਗਰਮ ਧੂੰਆਂ। ਪਹਾੜਾਂ ਦੀ ਹਿੱਕ ‘ਤੇ ਪਈ ਬਰਫ ਵੀ ਇਸ ਨਾਲ ਭਾਫ ਬਣ ਕੇ ਉਡ ਰਹੀ ਹੈ। ਹਵਾ ਦੇ ਮੋਢਿਆਂ ‘ਤੇ ਚੜ੍ਹੀ, ਤਾਂਡਵ ਨਾਚ ਨੱਚਦੀ, ਇਹ ਅੱਗ ਅੱਗੇ ਈ ਅੱਗੇ ਵਧਦੀ ਰੁਕਣ ਦਾ ਨਾਂ ਈ ਨਹੀਂ ਲੈ ਰਹੀ। ਕੁਝ ਨ੍ਹੀਂ ਬਚਿਆ, ਨਾ ਰੁੱਖ ਨਾ ਟਾਹਣ, ਨਾ ਪੱਤਾ, ਨਾ ਰੁੱਖਾਂ ‘ਤੇ ਪਏ ਆਲ੍ਹਣੇ, ਨਾ ਘਾਹ-ਫੂਸ, ਨਾ ਖੱਡਾਂ, ਘੋਰਨੇ, ਨਾ ਹਿਰਨ, ਨਾ ਬਘਿਆੜ, ਚੀਤੇ। ਸਭ ਨੂੰ ਅੱਗ ਦੀ ਡੈਣ ਭਸਮ ਕਰ ਗਈ ਹੈ।
ਸਾਰੇ ਫਰੀ ਵੇ, ਹਾਈ ਵੇ ਅਤੇ ਲੋਕਲ ਸੜਕਾਂ ਬੰਦ ਹਨ। ਅੱਗ ਬਝਾਉਣ ਵਾਲੇ ਦਸਤੇ ਟਨਾਂ ਦੇ ਟਨ ਰਸਾਇਣਕ ਪਦਾਰਥ ਛਿੜਕਦੇ, ਹੈਲੀਕਾਪਟਰ ਪਾਣੀ ਦੇ ਟੈਕਾਂ ਦੇ ਟੈਂਕ ਮੂਧੇ ਕਰਦੇ ਹਾਰੀ ਫੌਜ ਵਾਂਗੂੰ ਇਸ ਮੂਹਰੇ ਹਥਿਆਰ ਸੁੱਟੀ ਖੜ੍ਹੇ ਹਨ। ਇਸ ਵਾਰ ਪੁਲਿਸ ਦਾ ਵਿਚਾਰ ਹੈ ਕਿ ਇਹ ਅੱਗ ਨਾ ਤਾ ਕਿਸੇ ਬਿਜਲੀ ਦਾ ਸਰਕਟ ਲੀਕ ਹੋਣ ਨਾਲ, ਜਾਂ ਅਸਮਾਨੀ ਬਿਜਲੀ ਡਿਗਣ ਨਾਲ ਜਾਂ ਸੁੱਕੇ ਘਾਹ ਜਾਂ ਕਿਸੇ ਹੋਰ ਕਾਰਨ ਲੱਗੀ ਹੈ ਅਤੇ ਨਾ ਹੀ ਇਹ ਮਨੁੱਖੀ ਗਲਤੀ ਨਾਲ ਲੱਗੀ ਲਗਦੀ ਹੈ, ਇਹ ਤਾਂ ਕਿਸੇ ਦੀ ਲਾਈ ਲਗਦੀ ਹੈ।
ਪੁਲਿਸ ਨੇ ਇਕ ਅਜਨਬੀ ਦੀ ਪਛਾਣ ਕੀਤੀ ਹੈ। ਲੰਬਾ ਕੱਦ, ਖੁੱਲ੍ਹੀ ਮੂੰਹਪਾੜ, ਬਘਿਆੜ ਵਾਂਗ ਝਾਕਦੀਆਂ, ਛੋਟੀਆਂ-ਛੋਟੀਆਂ ਨੀਲੀਆਂ ਵੱਢ ਖਾਣੀਆਂ ਅੱਖਾਂ, ਝੁਰੜੀਆਂ ਭਰਿਆ ਮੱਥਾ, ਤਣਿਆ ਚਿਹਰਾ, ਮਤੀਰੇ ਵਾਂਗ ਮੁੰਨਿਆ ਸਿਰ, ਪੈਰਾਂ ਵਿਚ ਭਾਰੀ ਬੂਟ, ਚਿੱਬ-ਖੜੱਬੀ ਫੋਰਡ ਕਾਰ।
ਅੱਗ ਜੰਗਲ ਦੇ ਪੂਰਬ ਵਾਲੇ ਪਾਸੇ ਤੋਂ ਚੱਲੀ ਸੀ, ਉਦੋਂ ਇਹ ਅਜਨਬੀ ਪੂਰਬ ਵਾਲੇ ਪਾਸੇ ਸੀ। ਅੱਗ ਪੱਛਮ ਵਾਲੇ ਪਾਸੇ ਨੂੰ ਵਧੀ, ਉਦੋਂ ਉਹ ਪੱਛਮ ਵਾਲੇ ਪਾਸੇ ਦਿਸਦਾ ਹੈ। ਚਾਰੇ ਪਾਸੇ ਮਾਤਮ ਛਾਇਆ ਹੈ, ਪਰ ਇਹ ਅਜਨਬੀ ਠਹਾਕਾ ਮਾਰ ਕੇ ਹਸਦਾ ਹੈ, ਹੱਸੀ ਜਾਂਦਾ ਹੈ। ‘ਅੱਗ ਲਾਈ ਚੱਲੋ, ਇੰਧਨ ਪਾਈ ਚੱਲੋ’ ਉਹ ਗਾਈ ਜਾਂਦਾ ਹੈ, ਠਹਾਕਾ ਮਾਰ-ਮਾਰ ਹੱਸੀ ਜਾਂਦਾ ਹੈ।
ਪੁਲਿਸ ਇਸ ਦੀ ਫੋਟੋ ਲੈਂਦੀ ਹੈ। ਪਿਛਲੀਆਂ ਲੱਗੀਆਂ ਅੱਗਾਂ ਦੇ ਨੇੜੇ ਦੇ ਹੋਟਲਾਂ-ਮੋਟਲਾਂ, ਕਾਰਨਰ ਸਟੋਰਾਂ ਤੇ ਗੈਸ ਸਟੇਸ਼ਨਾਂ ਅਤੇ ਅਖਬਾਰਾਂ ਵਿਚ ਪਿਛਲੇ ਸਮੇਂ ਵਿਚ ਛਪੀਆਂ ਤਸਵੀਰਾਂ ਗਹੁ ਨਾਲ ਵੇਖਦੀ ਹੈ। ਉਨ੍ਹਾਂ ਵਿਚ ਇਸ ਆਦਮੀ ਨਾਲ ਮਿਲਦੀਆਂ ਜੁਲਦੀਆਂ ਤਸਵੀਰਾਂ ਹਨ। ਪੁਲਿਸ ਪੁੱਛ ਗਿੱਛ ਕਰਨ ਲਈ ਉਸ ਨੂੰ ਠਾਣੇ ਜਾਣ ਲਈ ਆਖਦੀ ਹੈ। ਉਹ ਵਿਰੋਧ ਕਰਦਾ ਹੈ। ਘਸੁੰਨ ਵਟਦਾ ਹੈ, ਠੁੱਡੇ ਮਾਰਦਾ ਹੈ, ਪਰ ਪੁਲਿਸ ਉਸ ‘ਤੇ ਕਾਬੂ ਪਾ ਲੈਂਦੀ ਹੈ, ਉਸ ਦੇ ਹੱਥ ਪਿੱਛੇ ਬੰਨ੍ਹ ਕੇ, ਧੱਕਾ ਮਾਰ ਕੇ ਵੈਨ ਵਿਚ ਸੁੱਟ ਲੈਂਦੀ ਹੈ। ਉਹ ਬੰਨ੍ਹਿਆ ਹੋਇਆ ਚੰਘਿਆੜਦਾ ਹੈ ਤੇ ਦੰਦ ਪੀਂਹਦਾ ਹੈ।
ਜਾਮਾਤਲਾਸ਼ੀ ਲੈਣ ਸਮੇਂ ਸਾਰਜੈਂਟ ਨੂੰ ਉਸ ਦੇ ਬੈਲਟ ਵਿਚੋਂ ਉਸ ਦਾ ਡਰਾਈਵਿੰਗ ਲਾਈਸੈਂਸ ਤੇ ਇਕ ਨੌਜਵਾਨ ਔਰਤ ਦੀ ਤਸਵੀਰ ਮਿਲ ਜਾਂਦੀ ਹੈ। ਤਿੰਨ ਹੋਰ ਅਖਬਾਰਾਂ ‘ਚੋਂ ਕੱਟੀਆਂ ਤਸਵੀਰਾਂ ਹਨ, ਜਿਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਸ ਨੇ ਉਨ੍ਹਾਂ ਉਪਰ ਦੀ ਪਾਰਦਰਸ਼ੀ ਪੇਪਰ ਚੜ੍ਹਾਇਆ ਹੋਇਆ ਹੈ। ਡਰਾਈਵਿੰਗ ਲਾਈਸੈਂਸ ਤੇ ਉਸ ਦਾ ਨਾਉਂ ਡੇਵਿਡ ਹੈ, ਸਰਨੇਮ ਕੋਈ ਨਹੀਂ ਹੈ।
“ਮਿਸਟਰ ਡੇਵਿਡ ਜੰਗਲ ਸੜ ਰਿਹਾ ਹੈ। ਬਿਲੀਅਨ ਡਾਲਰਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਹੈ, ਤੈਨੂੰ ਹਾਸਾ ਆਉਂਦਾ ਹੈ, ਕਿਉਂ?” ਪੁਲਿਸ ਸਾਰਜੈਂਟ ਮਾਈਕ ਨੇ ਸਖਤੀ ਨਾਲ ਪੁੱਛਿਆ।
“ਬਾਹਰ ਅੱਗ! ਅੰਦਰ ਅੱਗ।” ਉਹ ਫਿਰ ਉਚੀ ਠਹਾਕਾ ਮਾਰ ਕੇ ਹਸਦਾ ਹੈ। ਪਰ ਛੇਤੀ ਹੀ ਹਸਦੇ-ਹਸਦੇ ਦਾ ਉਸ ਦਾ ਚਿਹਰਾ ਤਣਿਆ ਜਾਂਦਾ ਹੈ। ਪੁੜਪੜੀਆਂ ਦੀਆਂ ਨਾੜਾਂ ਖੜ੍ਹੀਆਂ ਹੋ ਜਾਂਦੀਆਂ ਹਨ। ਅੱਖਾਂ ਵਿਚ ਜਵਾਲਾ ਮਚਦੀ ਹੈ। ਉਹ ਮੋਢੇ ਛੰਡਦਾ ਹੈ। ਪੈਰ ਕਸ ਕੇ ਫਰਸ਼ ‘ਤੇ ਮਾਰਦਾ ਹੈ। ਸਾਰਜੈਂਟ ਮਾਈਕ ਦੇ ਠੁੱਡਾ ਮਾਰਨ ਜਾਂਦਾ ਹੈ। ਉਹ ਚੌੜਾ ਮੂੰਹ ਖੋਲ੍ਹਦਾ ਹੈ, ਉਸ ਦਾ ਖੁੱਲ੍ਹਾ ਮੂੰਹ ਵੇਖ ਕੇ ਇੰਜ ਲਗਦਾ ਹੈ ਜਿਵੇਂ ਉਹ ਸਾਰਜੈਂਟ ਮਾਈਕ ਨੂੰ ਚੱਬ ਜਾਣਾ ਚਾਹੁੰਦਾ ਹੋਵੇ।
“ਅੱਗ, ਠੰਢ।” ਇਹ ਕਹਿੰਦਾ ਉਹ ਪਿੰਜਰੇ ਪਏ ਸ਼ੇਰ ਵਾਂਗ ਦਹਾੜਦਾ ਹੈ। ਮਾਈਕ ਤੇ ਸਾਥੀ ਉਸ ਨੂੰ ਵਿਸ਼ੇਸ਼ ਸੈਲ ਵਿਚ ਬੰਦ ਕਰ ਦਿੰਦੇ ਹਨ। ਮਾਈਕ ਇਕ ਪਲ ਉਸ ਨੂੰ ਪਾਗਲ ਸਮਝਦਾ ਹੈ। ਦੂਜੇ ਪਲ ਉਸ ਨੂੰ ਸਨਕੀ ਅਤੇ ਤੀਜੇ ਪਲ ਘੋਰ ਅਪਰਾਧੀ। ਉਹ ਸਾਰੀ ਰਾਤ ਉਸ ਨੂੰ ਠੰਢੇ ਸੈਲ ਵਿਚ ਬੰਦ ਰਖਦੇ ਹਨ। ਸਾਰੀ ਰਾਤ ਜਾਗਦਾ ਰਖਦੇ ਹਨ, ਸੌਣ ਨਹੀਂ ਦਿੰਦੇ। ਉਸ ਦੇ ਮੂੰਹ ‘ਤੇ ਤੇਜ ਲਾਈਟਾਂ ਸੁਟਦੇ ਹਨ। ਉਸ ‘ਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ-ਨਾ ਨੀਂਦ, ਨਾ ਠੰਢ ਤੇ ਨਾ ਹੀ ਤੇਜ ਲਾਈਟਾਂ ਦਾ।
ਮਾਈਕ ਅਗਲੀ ਸਵੇਰ ਉਸ ਨੂੰ ਫੋਟੋ ਵਿਖਾ ਕੇ ਕਹਿੰਦਾ ਹੈ, “ਕਿੰਨੀ ਸੋਹਣੀ ਏ ਫੋਟੋ। ਮਾਸੂਮ ਚਿਹਰਾ। ਸਧਰਾਈਆਂ ਅੱਖਾਂ। ਇਸ ਫੋਟੋ ਬਾਰੇ ਦੱਸ।” ਉਹ ਮਾਈਕ ਤੋਂ ਫੋਟੋ ਖੋਹਣ ਨੂੰ ਪੈਂਦਾ ਹੈ। ਫੋਟੋ ਬਾਰੇ ਕੁਝ ਨਹੀਂ ਦਸਦਾ।
“ਇਹ ਤੇਰੀ ਸਪਾਊਜ਼ ਹੈ, ਤੇਰੀ ਗਰਲ ਫਰੈਂਡ ਹੈ।” ਮਾਈਕ ਸਖਤੀ ਨਾਲ ਪੁੱਛਦਾ ਹੈ। ਮਾਈਕ ਦੇ ਬੋਲੇ ਇਹ ਸ਼ਬਦ ਉਸ ਦੇ ਅੰਦਰਲੀ ਅੱਗ ‘ਤੇ ਤੇਲ ਪਾ ਗਏ ਹਨ। ਉਹ ਇਹ ਸ਼ਬਦ ਸੁਣ ਕੇ ਤਿਲਮਿਲਾ ਉਠਦਾ ਹੈ। ਪਹਿਲਾਂ ਹੀ ਉਸ ਦੀਆਂ ਲਾਲ-ਪੀਲੀਆਂ ਅੱਖਾਂ ‘ਚ ਹੋਰ ਖੂਨ ਉਤਰ ਆਉਂਦਾ ਹੈ। ਉਨ੍ਹਾਂ ਵਿਚ ਅੱਗ ਦੇ ਹੋਰ ਭਾਂਬੜ ਮਚਦੇ ਹਨ। ਉਹ ਬਘਿਆੜ ਫਿਰ ਦਹਾੜਦਾ ਹੈ। ਗੁੱਸੇ ਨਾਲ ਚੀਕਦਾ ਹੈ। ਉਸ ਦੀ ਚੀਕ ਪੁਲਿਸ ਸਟੇਸ਼ਨ ਦੀਆਂ ਕੰਧਾਂ ਨਾਲ ਟਕਰਾਉਂਦੀ ਸਾਰੇ ਵਾਤਾਵਰਣ ਨੂੰ ਭਿਆਨਕ ਬਣਾ ਦਿੰਦੀ ਹੈ।
“ਮਾਮ ਹੈ ਮੇਰੀ ਮਾਮ! ਯੂ ਬਾਸਟਰਡ!” ਉਹ ਚੀਕਦਾ ਹੈ। ਉਸ ਦਾ ਆਪਣਾ ਆਪਾ ਹੁਣ ਕਾਬੂ ਤੋਂ ਬਾਹਰ ਸੀ। ਉਸ ਦੇ ਜਜ਼ਬਾਤ ਉਸ ਦੇ ਕੀਤੇ ਅਪਰਾਧ ਤੇ ਉਸ ਦੇ ਮਨ ਦਾ ਬਚਦਾ-ਖੁਚਦਾ ਨਜ਼ਾਮ ਭੰਨ ਕੇ ਬਾਹਰ ਆ ਰਹੇ ਸਨ। ਪਰ ਸ਼ਬਦ ਉਸ ਦੇ ਜਜ਼ਬਾਤ ਦਾ ਸਾਥ ਨਹੀਂ ਸਨ ਦੇ ਰਹੇ। “ਰਾਸਕਲ! ਰਾਸਕਲ ਨਿਕਸਨ!” ਉਸ ਦੇ ਮਨ ਦੀ ਘ੍ਰਿਣਾ ਇਨ੍ਹਾਂ ਸ਼ਬਦਾਂ ‘ਚ ਉਤਰ ਗਈ।
ਮਾਈਕ ਆਪਣੇ ਸਹਾਇਕ ਨੂੰ ਉਥੇ ਛੱਡ ਕੇ ਅੰਦਰ ਆ ਜਾਂਦਾ ਹੈ। ਪੰਜ ਮਿੰਟ ਪਿੱਛੋਂ ਇਕ ਫਾਈਲ ਲੈ ਕੇ ਫਿਰ ਬਾਹਰ ਆਉਂਦਾ ਹੈ।
“ਤੇਰੀ ਮਾਮ ਗਰੇਸੀ ਥਾਮਸਨ- ਵਿਚਾਰੀ ਫਿਰਦੀ ਰਹੀ ਰਾਬਰਟ ਰਾਬਰਟ ਕਰਦੀ। ਤੂੰ ਰਾਬਰਟ ਏਂ, ਉਹਦਾ ਪੁੱਤਰ?”
“ਹਾਂ, ਮੈਂ ਰਾਬਰਟ ਹਾਂ, ਉਹਦਾ ਪੁੱਤਰ।” ਉਸ ਦੀਆਂ ਲਾਲ ਸੂਹੀਆਂ ਅੱਖਾਂ ਵਿਚੋਂ ਹੰਝੂ ਸਿੰਮ ਆਏ।
“ਰਾਬਰਟ, ਤੂੰ ਬਚ ਕੇ ਨਿਕਲ ਗਿਆ ਸੀ, ਉਸ ਮਚਦੇ ਘਰ ‘ਚੋਂ? ਨਿਕਸਨ ਵੀ ਬਚ ਕੇ ਨਿਕਲ ਗਿਆ ਸੀ? ਤੁਸੀਂ ਦੋਵੇਂ ਬਚ ਗਏ ਸੀ?”
“ਝੂਠਾ! ਮੈਂ ਘੰਡੀ ਵੱਢੀ ਸੀ ਉਹਦੀ। ਭੁੰਨ ਦਿੱਤਾ ਸੀ ਉਹਨੂੰ ਘਰ ‘ਚ ਅੱਗ ਲਾ ਕੇ।” ਰਾਬਰਟ ਨੇ ਨਿਕਸਨ ਦੇ ਕਤਲ ਦਾ ਦੋਸ਼ ਇਕਬਾਲ ਕਰ ਲਿਆ।
“ਤੇਰਾ ਇਹ ਬਿਆਨ ਕੋਰਟ ‘ਚ ਵਰਤਿਆ ਜਾਣਾ ਹੈ? ਤੈਨੂੰ ਵਕੀਲ ਲੈਣ ਦਾ ਪੂਰਾ ਹੱਕ ਹੈ। ਮੈਂ ਵਕੀਲ ਦਾ ਪ੍ਰਬੰਧ ਕਰ ਦਿਆਂ?”
“ਵਕੀਲ! ਕਾਨੂੰਨ! ਸਜ਼ਾ!” ਇਹ ਕਹਿੰਦਾ ਉਹ ਫਿਰ ਖੁੱਲ੍ਹ ਕੇ ਹੱਸਿਆ। ਚਿਹਰੇ ਦੀਆਂ ਕਸੀਆਂ ਨਸਾਂ ਢਿੱਲੀਆਂ ਹੋ ਗਈਆਂ। ਮਾਈਕ ਦਫਤਰ ‘ਚ ਜਾਂਦਾ ਹੈ। ਉਹ ਪਾਦਰੀਆਂ ਨਾਲ ਸਬੰਧਤ ਫਾਈਲਾਂ ਦੇ ਢੇਰ ‘ਚੋਂ ਇੱਕ ਫਾਈਲ ਚੁੱਕੀ ਵਾਪਸ ਆ ਜਾਂਦਾ ਹੈ।
“ਰਾਬਰਟ, ਤੁਹਾਡੇ ਗੁਆਂਢ ‘ਚ ਇੱਕ ਪਾਦਰੀ ਨਿਕਸਨ ਰਹਿੰਦਾ ਸੀ। ਉਸ ਦੇ ਘਰ ਨੂੰ ਵੀ ਅੱਗ ਲੱਗੀ ਸੀ। ਉਹਨੂੰ ਤੈਂ ਲਾਈ ਸੀ ਅੱਗ?” ਰਾਬਰਟ ਦੇ ਬੋਲਣ ਤੋਂ ਸਾਰਜੈਂਟ ਮਾਈਕ ਨੂੰ ਸ਼ੱਕ ਪਈ ਸੀ।
“ਨਿਕਸਨ! ਰਾਸਕਲ। ਮਚਾ ‘ਤਾ ਸੀ, ਬਣਾ ‘ਤਾ ਸੀ ਮੈਂ ਭੁਰੀਆਂ ਹੱਡੀਆਂ ਦਾ ਭੁਰਦਾ ਪਿੰਜਰ।”
“ਨਿਕਸਨ ਨੂੰ ਕਤਲ ਕਰਨ ਦਾ ਕਾਰਨ?” ਕੈਪਟਨ ਨੇ ਪੁੱਛਿਆ।
“ਪਾਦਰੀ ਨਿਕਸਨ। ਰਾਸਕਲ! ਸਾਡੇ ਘਰ ਆਉਂਦਾ ਸੀ ਉਹ। ਦਸਦਾ ਪਾਦਰੀ ਜਤੀ-ਸਤੀ ਹੁੰਦੇ ਹਨ, ਵਿਆਹ ਨ੍ਹੀਂ ਕਰਾਉਂਦੇ। ਉਹ ਮੈਨੂੰ ਅਤੇ ਟੀਨਾ ਨੂੰ ਬਹੁਤ ਪਿਆਰ ਕਰਦਾ ਦਿਖਾਉਂਦਾ। ਉਹ ਕ੍ਰਿਸਮਸ ‘ਤੇ ਸਾਨੂੰ ਗਿਫਟ ਦਿੰਦਾ। ਕਿਤੇ ਕਿਤੇ ਪਿਕਨਿਕ ‘ਤੇ ਬਾਹਰ ਲੈ ਜਾਂਦਾ। ਟੀਨਾ ਨੂੰ ਤਾਂ ਉਹ ਧੀ ਕਹਿੰਦਾ। ਟੀਨਾ ਪਹਿਲਾਂ ਤਾਂ ਉਸ ਨਾਲ ਬਾਹਰ ਚਲੀ ਜਾਂਦੀ ਹੁੰਦੀ ਸੀ। ਫਿਰ ਜਾਣੋ ਹਟ ‘ਗੀ। ਟੀਨਾ ਪੰਦਰਾਂ ਸਾਲਾਂ ਦੀ ਸੀ, ਜਦੋਂ ਉਹ ਘਰੋਂ ਮੂਵ ਹੋ ‘ਗੀ। ਕੁਝ ਸਮਾਂ ਉਸ ਦਾ ਫੋਨ ਆਇਆ, ਫਿਰ ਆਉਣੋਂ ਹਟ ਗਿਆ।” ਰਾਬਰਟ ਬੋਲਦਾ ਰਿਹਾ।
“ਉਦੋਂ ਮੈਂ ਤੇਰਾ ਸਾਲ ਦਾ ਹੋਊਂ, ਨਿਕਸਨ ਪੱਚੀ-ਤੀਹ ਸਾਲ ਦਾ ਹੋਣੈ। ਨਿਕਸਨ ਮੈਨੂੰ ਆਪਣੇ ਘਰ ਲੈ ਗਿਆ। ਉਸ ਨੇ ਮੈਨੂੰ ਕਰਾਊਨ ਰੀਗਲ ਵਿਸਕੀ ਦਾ ਪੈਗ ਪਿਆਇਆ। ਮੈਂ ਘਰ ਜਾਣਾ ਚਾਹਿਆ। ਉਸ ਨੇ ਹੋਰ ਪਿਆ ਦਿੱਤੀ। ਮੈਂ ਘਰ ਜਾਣ ਜੋਗਾ ਨਾ ਰਿਹਾ ਤੇ ਬੇਸੁਰਤ ਹੋ ਗਿਆ। ਜਦੋਂ ਮੈਨੂੰ ਸੁਰਤ ਆਈ, ਮੈਂ ਕਰਾਹ ਉਠਿਆ। ਮੈਂ ਖਾਲੀ ਬੋਤਲ ਚੁੱਕ ਕੇ ਕੰਧ ਵਿਚ ਮਾਰੀ। ਉਸ ਦਾ ਕੀਤਾ ਕੁਕਰਮ ਮੈਨੂੰ ਚੀਰ ਗਿਆ। ਮੈਂ ਜ਼ਖਮੀ ਬਘਿਆੜ ਵਾਂਗ ਕਰਾਹੁੰਦਾ ਘਰੇ ਆ ਗਿਆ। ਉਸ ਤੋਂ ਬਾਅਦ ਡਰਦਾ ਮਾਰਾ ਪਾਦਰੀ ਨਿਕਸਨ ਉਥੋਂ ਮੂਵ ਹੋ ਗਿਆ।”
“ਮੇਰਾ ਗੁੱਸਾ ਕਾਬੂ ਵਿਚ ਨਾ ਰਿਹਾ। ਮੈਂ ਨਿੱਕੀ-ਨਿੱਕੀ ਗੱਲ ‘ਤੇ ਸਕੂਲ ਦੇ ਮੁੰਡਿਆਂ ਨਾਲ ਲੜ ਪੈਂਦਾ। ਅਧਿਆਪਕਾਂ ਨਾਲ ਦੁਰਵਿਹਾਰ ਕਰਦਾ। ਸ਼ਰਾਰਤਾਂ ਕਰਦਾ ਤੇ ਭੰਨ-ਤੋੜ ਕਰਦਾ। ਮੈਨੂੰ ਵਿਗੜਿਆ ਕਹਿ ਕੇ ਸਕੂਲ ‘ਚੋਂ ਕੱਢ ਦਿੱਤਾ ਗਿਆ। ਹੁਣ ਮੈਂ ਅਵਾਰਾ ਘੁੰਮਦਾ ਰਹਿੰਦਾ।”
“ਦੋ ਸਾਲ ਬਾਅਦ ਭੈਣ ਟੀਨਾ ਦਾ ਫੋਨ ਆਇਆ ਸੀ। ਉਸ ਨੇ ਵੀ ਮੈਨੂੰ ਆਪਣੀ ਗੱਲ ਦੱਸੀ। ਉਸ ਨੂੰ ਵੀ ਨਿਕਸਨ ਨੇ…। ਉਸ ਨੇ ਭੈਣ ਨੂੰ ਧਮਕਾਇਆ ਤੇ ਡਰਾਇਆ ਕਿ ਜੇ ਉਨ੍ਹੇ ਗੱਲ ਕੀਤੀ ਤਾਂ ਉਹ ਸਾਰੇ ਪਰਿਵਾਰ ਨੂੰ ਖਤਮ ਕਰ ਦੇਵੇਗਾ। ਇਹ ਟੀਨਾ ਦਾ ਆਖਰੀ ਫੋਨ ਸੀ। ਉਸ ਤੋਂ ਬਾਅਦ ਕੋਈ ਫੋਨ ਨਾ ਆਇਆ। ਨੀਨਾ ਨਾਲ ਕੀ ਵਾਪਰੀ, ਮੈਨੂੰ ਕੋਈ ਪਤਾ ਨਹੀਂ।”
ਸਾਰਜੈਂਟ ਨੇ ਉਸ ਨੂੰ ਪਾਣੀ ਦਾ ਗਲਾਸ ਪੀਣ ਨੂੰ ਦਿੱਤਾ। ਨਾਂਹ-ਨੁੱਕਰ ਕਰਦੇ ਨੂੰ ਸਾਰਜੈਂਟ ਨੇ ਪਾਣੀ ਪਿਆ ਹੀ ਦਿੱਤਾ।
“ਮੈਂ ਘਰੋਂ ਮੂਵ ਹੋ ਕੇ ਫਾਰਮ ਹਾਊਸ ‘ਚ ਰਹਿਣ ਲੱਗ ਗਿਆ। ਫਾਰਮ ਵਿਚ ਪੰਜ ਦਿਨ ਕੰਮ ਕਰਨਾ, ਦੋ ਦਿਨ ਨਿਕਸਨ ਦੀ ਭਾਲ ਕਰਨੀ। ਪਤਾ ਕਰ ਲਿਆ ਕਿ ਨਿਕਸਨ ਕਿੱਥੇ ਰਹਿੰਦਾ ਹੈ। ਮੈਂ ਵੀ ਉਥੋਂ ਨੇੜੇ ਇਕ ਫਾਰਮ ਹਾਊਸ ‘ਚ ਰਹਿਣ ਲੱਗਾ। ਇਕ ਰਾਤ ਮੈਂ ਕਿਚਨ ਦੀ ਜਾਲੀ ਕੱਟੀ ਤੇ ਬਾਰੀ ਰਾਹੀਂ ਘਰ ਦੇ ਅੰਦਰ ਦਾਖਲ ਹੋ ਗਿਆ। ਨਿਕਸਨ ਸੋਫੇ ‘ਤੇ ਸੁੱਤਾ ਘਰਾੜੇ ਮਾਰ ਰਿਹਾ ਸੀ। ਚਾਕੂ ਨਾਲ ਉਸ ਦੀ ਸ਼ਾਹ ਰਗ ਵੱਢ ਦਿੱਤੀ। ਕਿਚਨ ਵਿਚੋਂ ਗੈਸ ਦੇ ਚੁੱਲਿਆਂ ਦੀਆਂ ਚਾਰੇ ਸੁੱਚਾਂ ਖੋਲ੍ਹੀਆਂ ਅਤੇ ਤਾਕੀ ਰਾਹੀਂ ਨਿਕਲਦੇ ਨੇ ਬਲਦੀ ਤੀਲੀ ਅੰਦਰ ਸੁੱਟ ਦਿੱਤੀ। ਆਪ ਬਦਾਮਾਂ ਦੇ ਬੂਟਿਆਂ ਅਤੇ ਰੁੱਖਾਂ ਦੇ ਹਨੇਰੇ ‘ਚ ਦੀ ਹੁੰਦਾ ਹੋਇਆ ਉਡਦੇ ਧੂੰਏਂ ਦੇ ਬੱਦਲ ਤੇ ਮਚਦੇ ਘਰ ਵੱਲ ਵੇਖਦਾ ਦੋ ਏਕੜ ਦੀ ਵਿੱਥ ‘ਤੇ ਚਲਿਆ ਗਿਆ। ਜ਼ੋਰਦਾਰ ਭੜਾਕੇ ਨਾਲ ਘਰ ਦੇ ਜਲਣ ਤੋਂ ਪਹਿਲਾਂ ਮੈਂ ਆਪਣੇ ਟਿਕਾਣੇ ‘ਤੇ ਪੁੱਜ ਗਿਆ। ਬਾਹਰ ਲਟਲਟ ਕਰਦੀ ਅੱਗ ਦੇ ਭਾਂਬੜ ਮਚਦੇ, ਮੇਰੇ ਅੰਦਰ ਪਾਣੀ ਦੇ ਫੁਹਾਰੇ ਛੁਟਦੇ। ਸਵੇਰ ਵੇਲੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਘਰ ਮੱਚ ਕੇ ਸੁਆਹ ਹੋ ਗਿਆ ਸੀ ਤੇ ਨਿਕਸਨ ਹੱਡੀਆਂ ਦਾ ਭੁਰਿਆ ਪਿੰਜਰ।”
ਸਾਰਜੈਂਟ ਮਾਈਕ ਨੇ ਉਸ ਦੇ ਬਟੂਏ ਵਿਚੋਂ ਤਿੰਨ ਤਸਵੀਰਾਂ ਅਖਬਾਰ ਦੇ ਕੋਨਿਆਂ ‘ਤੇ ਛਪੀਆਂ ਵੇਖੀਆਂ- ਇਕ ਵਿਚ ਗਰੇਸੀ ਭੀੜ ਵੱਲ ਡੌਰ-ਭੌਰ ਝਾਕਦੀ, ਦੂਜੀ ‘ਚ ਆਪਣੇ ਵਾਲ ਪੁੱਟਦੀ ਤੇ ਮੁੱਕੀਆਂ ਨਾਲ ਆਪਣਾ ਸਿਰ ਭੰਨਦੀ ਅਤੇ ਤੀਜੀ ‘ਚ ਕੰਧ ਨਾਲ ਟੱਕਰਾਂ ਮਾਰਦੀ ਨਜ਼ਰ ਆਉਂਦੀ ਸੀ।
ਸਾਰਜੈਂਟ ਨੇ ਪੁੱਛਿਆ, “ਰਾਬਰਟ, ਹੋਰ ਕੌਣ ਰਹਿੰਦਾ ਸੀ, ਤੇਰੇ ਘਰ?”
ਉਹ ਸੜਦੀਆਂ ਸੀਖਾਂ ਦੀ ਅੱਗ ਦੇ ਭੰਬੂਕੇ ਵਾਗੂੰ ਭੜਕ ਪਿਆ, “ਮੈਂ, ਮੇਰੀ ਮਾਮ, ਟੋਨੀ ਅਤੇ ਹੈਨਰੀ ਥਾਮਸਨ। ਥਾਮਸਨ ਸਾਨੂੰ ਬਹੁਤ ਪਿਆਰ ਕਰਦਾ ਪਰ ਉਹ ਮਾਮ ਨੂੰ ਬਹੁਤ ਹੀ ਡਰਾਉਂਦਾ ਤੇ ਧਮਕਾਉਂਦਾ। ਮਾਮ ਉਸ ਨੂੰ ਅਬਾ-ਤਬਾ ਬੋਲਦੀ। ਦੌਰੇ ਵਿਚ ਉਸ ਦੇ ਚੱਕ ਵੱਢਦੀ, ਉਸ ਦਾ ਮੂੰਹ ਨਹੁੰਦਰਾਂ ਮਾਰ ਕੇ ਛਿੱਲ ਦਿੰਦੀ। ਉਹ ਉਸ ਨੂੰ ਤੋੜ ਕੇ ਵਗਾਹ ਮਾਰਦਾ। ਮਾਮ ਆਪਣੇ ਢਿਡ ‘ਚ ਮੁੱਕੀਆਂ ਮਾਰਦੀ ਬੇਹੋਸ਼ ਹੋ ਜਾਂਦੀ। ਉਸ ਨੂੰ ਦੰਦਲ ਪੈ ਜਾਂਦੀ। ਕਾਫੀ ਸਮੇਂ ਬਾਅਦ ਉਸ ਨੂੰ ਹੋਸ਼ ਆਉਂਦੀ।”
ਉਸ ਨੇ ਗਾਰਬੇਜ਼ ਕੇਨ ਵਿਚ ਥੁੱਕਿਆ। ਇੰਜ ਲੱਗਿਆ ਜਿਵੇਂ ਉਹ ਥੋੜ੍ਹਾ ਸਹਿਜ ਹੋ ਗਿਆ ਹੋਵੇ।
“ਮੈਂ ਮਾਮ ਤੋਂ ਡੈਡੀ ਬਾਰੇ ਪੁਛਦਾ, ਉਹ ਦਸਦੀ ਕਿ ਟੀਨਾ ਉਦੋਂ ਤਿੰਨ ਸਾਲ ਦੀ ਸੀ ਅਤੇ ਮੈਂ ਅਜੇ ਜੰਮਿਆ ਵੀ ਨਹੀਂ ਸੀ। ਇਹ ਦੱਸਦੀ ਉਹ ਕੰਬਣ ਲੱਗ ਜਾਂਦੀ ਅਤੇ ਬੇਹੋਸ਼ ਹੋ ਜਾਂਦੀ। ਫਿਰ ਅਸੀਂ ਉਸ ਨੂੰ ਪੁੱਛਣਾ ਹੀ ਛੱਡ ਦਿੱਤਾ।
ਮੈਂ ਨਿਕਸਨ ਨੂੰ ਮਚਾ ਕੇ ਮੁੜ ਘਰੇ ਰਹਿਣ ਲੱਗ ਪਿਆ।
ਮੇਰੀ ਮਾਮ ਇੱਕ ਦਿਨ ਹੈਨਰੀ ਥਾਮਸਨ ਨਾਲ ਲੜ ਕੇ ਸਟੋਰ ਚਲੀ ਗਈ। ਸਟੋਰ ਨੂੰ ਜਾਂਦੀ ਦਾ ਉਸ ਦਾ ਐਕਸੀਡੈਂਟ ਹੋ ਗਿਆ। ਦੋ ਦਿਨ ਬਾਅਦ ਉਹਨੂੰ ਸੁਰਤ ਆਈ। ਅਸੀਂ ਉਸ ਦਾ ਪਤਾ ਲੈ ਕੇ ਘਰੇ ਆਏ। ਨਾਨੇ (ਥਾਮਸਨ) ਦੇ ਜ਼ੋਰ ਪਾਉਣ ‘ਤੇ ਮੈਂ ਉਸ ਨਾਲ ਸ਼ਰਾਬ ਪੀਣ ਲੱਗਿਆ। ਨਾਨਾ ਛੇਤੀ ਹੀ ਸ਼ਰਾਬੀ ਹੋ ਗਿਆ। ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਡੈਡੀ ਬਾਰੇ ਦੱਸ ਦਏ ਤਾਂ ਕਿ ਉਸ ਨੂੰ ਮੰਮੀ ਬਾਰੇ ਦੱਸ ਦੇਈਏ। ਉਹ ਕੁਝ ਦੱਸਣ ਦੀ ਥਾਂ ਮਾਮ ਨੂੰ ਬੜਾ ਭੈੜਾ ਬੋਲਿਆ। ਡੈਡੀ ਬਾਰੇ ਵੀ ਅਸ਼ਲੀਲ ਬੋਲਿਆ। ਉਸ ਦੇ ਬੋਲਾਂ ਨਾਲ ਮੇਰੇ ਅੰਦਰ ਭਾਂਬੜ ਮੱਚ ਉਠੇ। ਕਿਚਨ ਵਿਚੋਂ ਮੈਂ ਚਾਕੂ ਚੁੱਕਿਆ। ਉਸ ਦੇ ਦੋ ਘਸੁੰਨ ਮਾਰੇ ਤੇ ਉਹ ਲੜਖੜਾ ਕੇ ਡਿੱਗ ਪਿਆ। ਮੈਂ ਉਸ ਦੇ ਸਿਰ, ਢਿੱਡ ਵਿਚ ਉਨਾ ਚਿਰ ਚਾਕੂ ਮਾਰਦਾ ਰਿਹਾ ਜਿੰਨਾ ਚਿਰ ਹਫ ਨਾ ਗਿਆ। ਚਾਕੂ ਨਾਲ ਉਸ ਦੀ ਸ਼ਾਹ ਰਗ ਵੱਢ ਦਿੱਤੀ ਤੇ ਘਰ ਨੂੰ ਅੱਗ ਲਾ ਕੇ ਫਰਾਰ ਹੋ ਗਿਆ।” ਇਹ ਦਸਦਿਆਂ ਉਸ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ।
“ਮਾਂ ਨੇ ਮੈਨੂੰ ਵੀ ਘਰ ਵਿਚ ਮੱਚ ਕੇ ਮਰਿਆ ਸਮਝ ਲਿਆ। ਉਹ ਮੇਰੇ ਦੁੱਖ ‘ਚ ਪਾਗਲ ਹੋ ਗਈ, ਆਖਰ ਮਰ ਗਈ ਵਿਚਾਰੀ ਅਪਾਰਟਮੈਂਟ ਤੋਂ ਡਿੱਗ ਕੇ। ਮੈਂ ਹਰ ਸਾਲ ਭੈੜੇ ਮੌਸਮ ਵਿਚ ਆਪਣੀ ਮਾਂ ਦੀ ਕਬਰ ‘ਤੇ ਫੁੱਲ ਚੜ੍ਹਾ ਆਉਂਦਾ।”
“ਰਾਬਰਟ, ਕੀ ਤੂੰ ਪੀਜ਼ਾ ਹੱਟ ‘ਤੇ ਕੰਮ ਕਰਦਾ ਸੀ? ਉਥੇ ਤੇਰੇ ਬੌਸ ਦਾ ਪਿਉ ਵੀ ਅੱਗ ‘ਚ ਮੱਚ ਗਿਆ ਸੀ, ਕੀ ਉਹਨੂੰ ਵੀ ਤੂੰ ਅੱਗ ਲਾਈ ਸੀ?”
“ਹਾਂਅ! ਹਾਂਅ!!” ਉਹ ਠਹਾਕਾ ਮਾਰ ਕੇ ਹੱਸਿਆ, “ਉਹ ਰਾਸਕਲ ਦੋ ਘੰਟੇ ਵਿਚ ਭੁੱਜ ਗਿਆ ਸੀ, ਆਲੂਆਂ ਵਾਂਗ। ਮਚਾ ‘ਤਾ ਸੀ ਮੈਂ ਉਹ। ਮੇਰੇ ਮਨ ‘ਚ ਅੱਗ ਮਚਦੀ ਰਹਿੰਦੀ। ਓਵਨ ਦੀਆਂ ਲਾਲ ਸਲਾਖਾਂ ਵੇਖ ਕੇ ਮੇਰੇ ਮਨ ਨੂੰ ਸ਼ਾਤੀ ਮਿਲਦੀ। ਮੇਰਾ ਦਿਲ ਕਰਦਾ ਕਿ ਕੋਈ ਮਿਲੇ ਉਸ ਨੂੰ ਓਵਨ ਵਿਚ ਭੁੰਨ ਦਿਆਂ।”
“ਇਸ ਤੋਂ ਪਿੱਛੋਂ ਤੂੰ ਕਿੱਥੇ ਰਿਹਾ?” ਮਾਈਕ ਸਵਾਲ ‘ਤੇ ਸਵਾਲ ਪੁੱਛ ਰਿਹਾ ਸੀ।
ਰਾਬਰਟ ਊਰੀ ਵਾਂਗ ਉਧੜ ਰਿਹਾ ਸੀ, “ਹੁਣ ਮੈਂ ਕਿਸੇ ਹੋਰ ਸ਼ਹਿਰ ‘ਚ ਮੁਰਦੇ ਸਾੜਨ ਵੱਲੀ ਭੱਠੀ (ਕਰੀਮਟੋਰੀਅਮ) ਵਿਚ ਮੁਰਦੇ ਸਾੜਨ ਦਾ ਕੰਮ ਕਰਨ ਲੱਗਾ। ਇਸ ਤਰ੍ਹਾਂ ਮੇਰਾ ਸਮਾਂ ਵਧੀਆ ਲੰਘਦਾ। ਸਵੇਰੇ ਉਠਣ ਸਮੇਂ ਮੇਰਾ ਮਨ ਥੋੜ੍ਹਾ ਉਦਾਸ ਰਹਿੰਦਾ। ਮਰਿਆ ਬੰਦਾ ਵੇਖ ਕੇ ਮੇਰਾ ਮਨ ਖੁਸ਼ੀ ਨਾਲ ਨੱਚ ਉਠਦਾ। ਚਿਮਨੀ ਦੀ ਲਾਟ ਵਿਚ ਮੈਨੂੰ ਨਿਕਸਨ ਅਤੇ ਹੈਨਰੀ ਥਾਮਸਨ ਮਚਦੇ ਦਿਸਦੇ। ਭੱਠੀ ਵਿਚੋਂ ਉਠਦੀ ਲਾਟ ਮੇਰੇ ਜ਼ਿਹਨ ‘ਚ ਵੱਡੀ ਰਾਤ ਤੱਕ ਮਚਦੀ ਰਹਿੰਦੀ। ਇਸ ਸੀਨ ਨਾਲ ਮੇਰਾ ਮਨ ਚੈਨ ਨਾਲ ਜਾਗਦਾ ਅਤੇ ਚੈਨ ਨਾਲ ਸੌਂਦਾ।”
“ਜੇ ਤੂੰ ਬੁੱਸਿਆ ਜਿਹਾ ਮੂੰਹ ਬਣਾ ਨ੍ਹੀਂ ਸਕਦਾ, ਘੱਟੋ ਘੱਟ ਹੱਸਿਆ ਤਾਂ ਨਾ ਕਰ। ਇਹ ਗੱਲਾਂ ਕਲਾਇੰਟ ਨੂੰ ਗੁੱਸੇ ਕਰਦੀਆਂ।”
“ਮੈਂ ਆਪਣੇ ਬੌਸ ਨੂੰ ਕਿਵੇਂ ਦੱਸਾਂ ਕਿ ਮੇਰੇ ਖੁੱਲ੍ਹ ਕੇ ਹੱਸਣ ਦਾ ਸਮਾਂ ਇਹੀ ਹੈ। ਬੌਸ ਦੀ ਤਾੜਨਾ ਦੇ ਬਾਵਜੂਦ ਮੇਰੇ ਸੁਭਾਅ ‘ਚ ਕੋਈ ਫਰਕ ਨਾ ਪਿਆ।” ਉਸ ਨੇ ਦੱਸਿਆ।
“ਛੇ ਸਾਲ ਬਾਅਦ ਮੈਨੂੰ ਫਾਇਰ ਕਰ ਦਿੱਤਾ। ਹੁਣ ਫਿਰ ਮੇਰੀ ਬੇਚੈਨੀ ਵਧਣ ਲੱਗੀ, ਨਸਾਂ ਤਣੀਆਂ ਰਹਿਣ ਲੱਗੀਆਂ। ਗੁੱਸਾ ਕਾੜ੍ਹਨੀ ‘ਚ ਕੜ੍ਹਦੇ ਦੁੱਧ ਵਾਂਗ ਬਾਹਰ ਨੂੰ ਉਛਾਲਾ ਮਾਰਨ ਨੂੰ ਫਿਰਦਾ। ਮੈਂ ਕੰਮ ਛੱਡ ਕੇ ਇਸ ਹਰੇ-ਭਰੇ ਜੰਗਲ ਦੇ ਨੇੜੇ ਡੇਰੇ ਆ ਲਾਏ। ਇੱਕ ਚਿਕਨ ਫਾਰਮ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਨੇਰੇ ਵਿਚ ਮੁਰਗੇ ਫੜ-ਫੜਾਉਂਦੇ ਬੈਲਟ ‘ਤੇ ਸੁੱਟੀ ਜਾਣੇ। ਪੰਜ ਦਿਨ ਇੱਥੇ ਕੰਮ ਕਰਦਾ। ਬਾਕੀ ਦੇ ਦੋ ਦਿਨ ਜੰਗਲ ਵਿਚ ਸ਼ਿਕਾਰ ਕਰਦਾ। ਜਾਨਵਰ ਫੁੰਡ ਕੇ ਤੜਫਦਿਆਂ ਨੂੰ ਅੱਗ ਵਿਚ ਸੁੱਟ ਦਿੰਦਾ। ਅੱਗ ‘ਚ ਖਿੱਲਾਂ ਵਾਂਗ ਭੁਜਦੇ ਜਾਨਵਰ ਮੈਨੂੰ ਸ਼ਾਂਤੀ ਦਿੰਦੇ। ੍ਹeਲਲੋ ਹੁਨਗeਰ ਮੇ ਦੁਪਲਚਿਅਟe ਟਪਿ।।।” ਉਸ ਨਵੇਂ ਕੰਮ ਤੋਂ ਮਿਲਦੀ ਖੁਸ਼ੀ ਬਾਰੇ ਦੱਸਿਆ।
“ਕਿਤੇ ਕਿਤੇ ਮੈਨੂੰ ਇੰਜ ਲਗਦਾ, ਜਿਵੇਂ ਨਿਕਸਨ ਤੇ ਹੈਨਰੀ ਜਿਉਂਦੇ ਫਿਰਦੇ ਹਨ। ਜਿੱਥੇ ਵੀ ਨਿਕਸਨ ਵਰਗਾ ਨੀਲੀਆਂ ਅੱਖਾਂ ਵਾਲਾ ਬੰਦਾ ਦਿਸਦਾ, ਜੇ ਮੈਨੂੰ ਲਗਦਾ ਬਈ ਮੈਂ ਬਚ ਕੇ ਨਿਕਲ ਸਕਦਾਂ ਤਾਂ ਮੈਂ ਸਣੇ ਘਰ ਹੀ ਉਸ ਨੂੰ ਸਾੜ ਸੁੱਟਦਾ।”
ਉਸ ਨੇ ਕਈ ਹੋਰ ਮਚਾਏ ਘਰਾਂ, ਜੰਗਲ ਨੂੰ ਲਾਈਆਂ ਅੱਗਾਂ ਬਾਰੇ ਦੱਸਣ ਲਈ ਸੰਕੇਤ ਦਿਤੇ।
ਉਸ ਦੱਸਿਆ ਕਿ ਹੁਣ ਮੈਨੂੰ ਅਮਲੀ ਦੇ ਅਮਲ ਵਧਣ ਵਾਂਗ ਮਾੜੀ ਮੋਟੀ ਅੱਗ ਸ਼ਾਂਤ ਨਾ ਕਰਦੀ। ਮਾਨਸਿਕ ਬੇਚੈਨੀ ਮੈਨੂੰ ਰੋਹੀਂਏ ਚਾੜ੍ਹੀ ਰੱਖਦੀ। ਅੱਗ ਦੇ ਬਦਲੇ ਉਚੇ ਉਚੇ ਭਾਂਬੜ ਸ਼ਾਂਤ ਕਰਦੇ।
“ਨਿਕਸਨ ਨੂੰ ਕਤਲ ਕਰਨ ਦੀ ਸਮਝ ਤਾਂ ਪੈਂਦੀ ਹੈ। ਉਹ ਤੇਰਾ ਤੇ ਤੇਰੀ ਭੈਣ ਦਾ ਗੁਨਾਹਗਾਰ ਸੀ। ਤੈਂ ਆਪਣੇ ਨਾਨੇ ਹੈਨਰੀ ਨੂੰ ਕਿਉਂ ਕਤਲ ਕੀਤਾ?” ਕੈਪਟਨ ਦਾ ਸਵਾਲ ਸੀ।
ਉਹ ਸੁਣ ਕੇ ਠਹਾਕਾ ਮਾਰ ਕੇ ਹੱਸਿਆ। ਉਸ ਦੀਆਂ ਨਸਾਂ ਤਣੀਆਂ ਗਈਆਂ ਤੇ ਉਸ ਨੇ ਫਰਸ਼ ‘ਤੇ ਠੁੱਡਾ ਮਾਰਿਆ। ਉਸ ਦੀਆਂ ਅੱਗ ਨਾਲ ਲਾਲ ਅੱਖਾਂ ‘ਚ ਜਵਾਲਾ ਲਟ ਲਟ ਕਰਕੇ ਬਲਣ ਲੱਗੀ।
“ਮੇਰੀ ਮਾਂ ਦਾ ਡੈਡੀ ਹੈਨਰੀ ਥਾਮਸਨ, ਮੇਰਾ ਡੈਡੀ ਵੀ ਹੈਨਰੀ ਥਾਮਸਨ।” ਇਹ ਕਹਿੰਦਾ ਉਹ ਗੁੱਸੇ ‘ਚ ਕੰਬਣ ਲੱਗ ਪਿਆ।