ਸਿਧਾਰਥ ਰਾਹੀਂ ਗੌਤਮ ਨੂੰ ਸ਼ਰਧਾਂਜਲੀ

ਪ੍ਰੋ. ਹਰਪਾਲ ਸਿੰਘ ਪੰਨੂ
ਫੋਨ: 91-94642-51454
ਡਾ. ਸਤਯਪਾਲ ਗੌਤਮ ਦੇ ਸਦੀਵੀ ਵਿਛੋੜੇ ਦੀ ਖਬਰ ਪੜ੍ਹ ਕੇ ਮਨ ਉਦਾਸ ਹੋਣਾ ਸੁਭਾਵਿਕ ਹੈ| ਕਦੀ ਦਿੱਲੀ, ਕਦੀ ਚੰਡੀਗੜ੍ਹ, ਕਦੀ ਪਟਿਆਲੇ ਉਨ੍ਹਾਂ ਨਾਲ ਮੁਲਾਕਾਤ ਹੁੰਦੀ ਤਾਂ ਖੁਦ ਵਿਚ ਨਵੀਨਤਾ, ਮੌਲਿਕਤਾ ਦੇ ਅੰਕੁਰ ਫੁਟਦੇ| ਉਨ੍ਹਾਂ ਵਰਗਾ ਅਧਿਆਪਕ, ਸਹਿਯੋਗੀ, ਪ੍ਰਸ਼ਾਸਕ ਤੇ ਦਲੇਰ ਯੂਨੀਅਨਿਸਟ ਘਟ ਮਿਲੇਗਾ| ਫਲਸਫੇ ਦੀਆਂ ਪਰਤਾਂ ਨਜ਼ਮਾਂ ਵਾਂਗ ਖੁਲ੍ਹਦੀਆਂ|

ਉਨ੍ਹਾਂ ਨਾਲ ਆਖਰੀ ਮੁਲਾਕਾਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ 3 ਦਸੰਬਰ 2016 ਨੂੰ ਹੋਈ ਸੀ| ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਾਰੇ ਗੱਲਾਂ ਹੋਣ ਲੱਗੀਆਂ| ਮੈਨੂੰ ਪੁਛਿਆ, “ਕਿਸ ਕਿਸ ਬਾਣੀ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਮੰਨਦੇ ਹੋ?”
ਮੈਂ ਕਿਹਾ, “ਸਾਰਾ ਦਸਮ ਗ੍ਰੰਥ, ਸਮੇਤ ਚਰਿਤ੍ਰੋਪਾਖਿਆਨ ਦੇ|”
ਉਹ ਹੱਸ ਪਏ ਤੇ ਬੋਲੇ, “ਸ਼ਰਧਾ ਹੋਰ ਗੱਲ ਹੈ, ਦਲੀਲ ਹੋਰ ਗੱਲ| ਪ੍ਰੋਫੈਸਰ ਲਈ ਦਲੀਲ ਦੀ ਕਦਰ ਕਰਨੀ ਬਣਦੀ ਹੈ, ਡੀਅਰ|”
ਮੈਂ ਕਿਹਾ, “ਮੇਰੀ ਸ਼ਰਧਾ ਦਲੀਲੋਂ ਸੱਖਣੀ ਨਹੀਂ ਭਰਾ| ਆਪਣੀ ਗੱਲ ਦੇ ਹੱਕ ਵਿਚ ਮੇਰੇ ਪਾਸ ਭਰਪੂਰ ਮਜ਼ਬੂਤ ਸਮੱਗਰੀ ਹੈ|”
ਉਨ੍ਹਾਂ ਨੂੰ ਮੈਂ ਸਿਧਾਰਥ ਦੀ ਸਾਖੀ ਸੁਣਾਈ| ਪਿੰਡ ਵਿਚ ਪ੍ਰਵਚਨ ਸੁਣਨ ਵਾਲਿਆਂ ਵਿਚ ਇਕ ਵਿਦਵਾਨ ਸਰੋਤਾ ਸਾਰਿਪੁੱਤ ਵੀ ਸੀ| ਬਚਨ ਸੁਣਾ ਕੇ ਸਿਧਾਰਥ ਅਗਲੇ ਪਿੰਡ ਜਾਣ ਲਈ ਉਠੇ ਤਾਂ ਸਾਰਿਪੁੱਤ ਤੇਜ਼ ਕਦਮੀਂ ਅੱਗੇ ਆਇਆ, ਪ੍ਰਣਾਮ ਕਰਨ ਪਿਛੋਂ ਬੋਲਿਆ, “ਜਿਹੋ ਜਿਹਾ ਤੁਹਾਡੇ ਬਾਰੇ ਸੁਣਿਆ ਸੀ, ਉਹੋ ਜਿਹੇ ਹੀ ਹੋ-ਤੁਸੀਂ ਸਾਕਯਮੁਨੀ| ਤੁਹਾਡੇ ਜਿਹਾ ਨਾ ਕੋਈ ਹੋਇਆ, ਨਾ ਹੈ, ਨਾ ਹੋਵੇਗਾ| ਮੇਰਾ ਨਾਮ ਸਾਰਿਪੁੱਤ ਹੈ|”
ਸਿਧਾਰਥ ਬੋਲੇ, “ਮੈਂ ਤੁਹਾਡੇ ਬਾਰੇ ਸੁਣਿਆ ਹੈ, ਬ੍ਰਾਹਮਣ ਪੁੱਤਰ| ਤੁਸੀਂ ਵਿਦਵਾਨ ਹੋ| ਲੋਕ ਤੁਹਾਡਾ ਨਾਂ ਆਦਰ ਨਾਲ ਲੈਂਦੇ ਹਨ| ਪਰ ਜੋ ਵਾਕ ਤੁਸੀਂ ਹੁਣ ਕਹੇ, ਨਾ ਕੋਈ ਹੋਇਆ, ਨਾ ਹੈ, ਨਾ ਹੋਵੇਗਾ, ਕੀ ਇਹ ਸਹੀ ਹਨ?”
ਸਾਰਿਪੁੱਤ ਨੇ ਕਿਹਾ, “ਹਾਂ ਮਹਾਰਾਜ ਸਹੀ ਹਨ|”
ਸਿਧਾਰਥ ਨੇ ਪੁਛਿਆ, “ਭੂਤਕਾਲ ਵਿਚ ਜਿੰਨੇ ਬੁੱਧ ਹੋਏ, ਤੁਸੀਂ ਉਨ੍ਹਾਂ ਨੂੰ ਜਾਣਦੇ ਹੋਵੋਗੇ?”
“ਨਹੀਂ ਮਹਾਰਾਜ, ਮੈਂ ਸਭ ਨੂੰ ਨਹੀਂ ਜਾਣਦਾ।”
“ਭਵਿੱਖ ਵਿਚ ਜਿਹੜੇ ਬੁੱਧ ਹੋਣਗੇ, ਫਿਰ ਤੁਸੀਂ ਉਨ੍ਹਾਂ ਨੂੰ ਜਾਣਦੇ ਹੋਵੋਗੇ?”
“ਨਹੀਂ ਤਥਾਗਤ, ਮੇਰਾ ਅਜਿਹਾ ਦਾਅਵਾ ਨਹੀਂ ਕਿ ਮੈਂ ਭਵਿੱਖ ਦੇ ਬੁੱਧਾਂ ਨੂੰ ਜਾਣਦਾ ਹੋਵਾਂ।”
“ਵਰਤਮਾਨ ਕਾਲ ਵਿਚ ਵੱਖ-ਵੱਖ ਭੂ-ਖੰਡਾਂ ਉਪਰ ਅਨੇਕ ਬੁੱਧ, ਧਰਮ ਦਾ ਪ੍ਰਕਾਸ਼ ਕਰ ਰਹੇ ਹਨ, ਕੀ ਉਨ੍ਹਾਂ ਨੂੰ ਜਾਣ ਗਏ ਹੋ?”
“ਨਹੀਂ ਮਹਾਰਾਜ, ਮੇਰਾ ਅਜਿਹਾ ਕੋਈ ਦਾਅਵਾ ਨਹੀਂ ਹੈ।”
ਸਿਧਾਰਥ ਬੋਲੇ, “ਮਿਥਿਆ ਬਚਨ ਆਖਣੇ ਤਾਂ ਆਮ ਬੰਦੇ ਲਈ ਵੀ ਸ਼ੋਭਨੀਕ ਨਹੀਂ ਬ੍ਰਾਹਮਣ ਪੁੱਤਰ, ਤੁਸੀਂ ਵਿਦਵਾਨ ਹੋ ਕੇ ਮਿਥਿਆ ਬੋਲ ਕਿਉਂ ਕਹੇ?”
ਸਾਰਿਪੁੱਤ ਨੇ ਕਿਹਾ, “ਤੁਹਾਡੇ ਬਾਰੇ ਪਹਿਲੋਂ ਸੁਣਿਆ, ਫਿਰ ਤੁਹਾਡੇ ਦਰਸ਼ਨ ਹੋਏ, ਫਿਰ ਤੁਹਾਡੇ ਮਨੋਹਰ ਵਾਕ ਸੁਣੇ ਤਾਂ ਮੇਰੇ ਦਿਲ ਵਿਚ ਤੁਹਾਡੇ ਪ੍ਰਤੀ ਸ਼ਰਧਾ ਪੈਦਾ ਹੋਈ ਤਥਾਗਤ ਮੇਰੇ ਵਾਕ ਮੇਰੀ ਸ਼ਰਧਾ ਵਿਚੋਂ ਉਤਪੰਨ ਹੋਏ ਹਨ।”
ਸਿਧਾਰਥ ਨੇ ਕਿਹਾ, “ਇਹੋ ਜਿਹੇ ਮਿੱਠੇ ਬੋਲ ਸੁਣਨ ਵਾਲੇ ਦੇ ਕੰਨਾਂ ਲਈ ਸੁਖਦਾਇਕ ਹਨ ਤੇ ਬੋਲਣ ਵਾਲੇ ਦੀ ਜ਼ੁਬਾਨ ਲਈ ਰਸਦਾਇਕ| ਅਸੀਂ ਤੁਹਾਨੂੰ ਇਹ ਦੱਸਣਾ ਹੈ ਵਿਦਵਾਨ ਸਾਰਿਪੁੱਤ ਕਿ ਸ਼ਰਧਾ ਦੀ ਜੜ੍ਹ ਜੇ ਗਿਆਨ ਵਿਚ ਨਾ ਹੋਈ ਤਾਂ ਫਿਰ ਇਸ ਦੀ ਉਮਰ ਲੰਮੀ ਨਹੀਂ ਹੋਵੇਗੀ|”
ਸੱਤਯਪਾਲ ਗੌਤਮ ਸਾਖੀ ਸੁਣ ਕੇ ਹੱਸ ਪਏ, ਕਿਹਾ, “ਤੂੰ ਗਲਤ ਗੱਲ ਨੂੰ ਠੀਕ ਸਿੱਧ ਕਰਨ ਦੀ ਕਲਾ ਕੁਸ਼ਲਤਾ ਜਾਣ ਗਿਆ ਹੈਂ| ਅਧਿਆਪਕ ਵਿਚ ਇਹ ਗੁਣ ਹੋਣਾ ਚਾਹੀਦਾ ਹੈ| ਨਿਆਇ ਦਰਸ਼ਨ ਇਸੇ ਨੂੰ ਕਹਿੰਦੇ ਹਨ|”