ਮੇਰਾ ਪਹਿਲਾ ਪਿਆਰ

‘ਪੰਜਾਬ ਟਾਈਮਜ਼’ ਦੇ ਪੰਨਿਆਂ ਉਤੇ ਗਾਹੇ-ਬਗਾਹੇ ਛਪਦੇ ਰਹਿੰਦੇ ਲਿਖਾਰੀ ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ ਨੇ ਆਪਣੇ ਇਸ ਲੇਖ ‘ਮੇਰਾ ਪਹਿਲਾ ਪਿਆਰ’ ਵਿਚ ਉਨ੍ਹਾਂ ਕੁਝ ਖਾਸ ਪਲਾਂ ਨੂੰ ਫੜ੍ਹਨ ਦਾ ਯਤਨ ਕੀਤਾ ਹੈ ਜੋ ਸਾਰੀ ਉਮਰ ਬੰਦੇ ਦੇ ਨਾਲ ਨਾਲ ਚੱਲਦੇ ਹਨ। ਫਲਸਫੇ ਦੀ ਚਾਸ਼ਣੀ ਵਿਚ ਡੋਬੀਆਂ ਉਨ੍ਹਾਂ ਦੀਆਂ ਇਹ ਗੱਲਾਂ ਸੂਖਮ ਤਾਂ ਹਨ ਹੀ, ਇਨ੍ਹਾਂ ਅੰਦਰ ਜੀਵਨ ਦਾ ਸੱਚ ਵੀ ਸਮੋਇਆ ਹੋਇਆ ਹੈ।

ਇਹ ਗੱਲਾਂ ਪਾਠਕ ਦੀ ਉਂਗਲ ਫੜ੍ਹ ਕੇ ਉਸ ਨੂੰ ਆਪਣੇ ਨਾਲ ਲੈ ਤੁਰਦੀਆਂ ਹਨ। -ਸੰਪਾਦਕ

ਪ੍ਰਿੰ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982

ਪਿਤਾ ਜੀ ਤਿੰਨ ਸਾਲ ਦੇ ਸਨ, ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਚਲਾਣਾ ਕਰ ਗਏ। ਉਨ੍ਹਾਂ ਦਾ ਕੋਈ ਭੈਣ-ਭਰਾ ਨਹੀਂ ਸੀ। ਮਾਤਾ ਜੀ ਦਾ ਇਕ ਭਾਈ ਉਨ੍ਹਾਂ ਤੋਂ ਕਾਫੀ ਛੋਟਾ ਸੀ ਅਤੇ ਉਨ੍ਹਾਂ ਦੇ ਪਿਤਾ ਵੀ ਮਾਤਾ ਜੀ ਦੇ ਵਿਆਹ ਤੋਂ ਕਈ ਸਾਲ ਪਹਿਲਾਂ ਪ੍ਰਲੋਕ ਸਿਧਾਰ ਗਏ ਸਨ। ਮੈਨੂੰ ਕਿਸੇ ਦਾਦਾ-ਦਾਦੀ, ਨਾਨਾ-ਨਾਨੀ, ਭੂਆ, ਮਾਸੀ ਅਤੇ ਚਾਚੀ-ਤਾਈ ਦਾ ਪਿਆਰ ਨਹੀਂ ਮਿਲਿਆ।
ਮਾਂ-ਬਾਪ ਦਾ ਪਿਆਰ ਰਸਮੀ ਸੀ। ਭੈਣਾਂ-ਭਰਾਵਾਂ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਦਾ ਲਾਸਾਨੀ ਪਿਆਰ ਮੁਕਾਬਲੇ ਦੀ ਦੁਨੀਆਂ ਵਿਚ ਕਈ ਵਾਰ ਈਰਖਾ ਦੀ ਚਾਦਰ ਹੇਠ ਕੁਮਲਾ ਜਾਂਦਾ ਰਿਹਾ। ਇਸ ਪਿਆਰ ਨੂੰ ਕਿਸ ਨਾਮ ਨਾਲ ਪੁਕਾਰੀਏ, ਕੋਈ ਸਮਝ ਨਹੀਂ ਆਈ। ਨਾਨਕੇ, ਨਾਨਾ-ਨਾਨੀ ਨਾਲ ਹੀ ਹੁੰਦੇ ਹਨ। ਅਜੇ ਤਕ ਕਿਸੇ ਨੇ ਵੀ ਮਾਮਕੇ ਸ਼ਬਦ ਦਾ ਇਜ਼ਹਾਰ ਨਹੀਂ ਕੀਤਾ। ਸ਼ਾਇਦ ਇਸ ਲਈ ਕਿ ਮਾਮੇ-ਮਾਮੀ ਦੀਆਂ ਕਈ ਮਾਰੂ ਨੀਤੀਆਂ ਚਰਚਾ ਦਾ ਵਿਸ਼ਾ ਬਣੀਆਂ ਹਨ।
ਪਹਿਲਾ ਪਿਆਰ ਕਿਸ ਬਲਾ ਦਾ ਨਾਮ ਹੈ। ਮੇਰੀ ਪਕੜ ਵਿਚ ਕਦੇ ਨਾ ਆਇਆ। ਪਿੰਡ ਰਹਿੰਦਿਆਂ ਦਸਵੀਂ ਜਮਾਤ ਤਕ ਮੈਂ ਕੋਈ ਫਿਲਮ ਨਹੀਂ ਸੀ ਦੇਖੀ। ਸੋਚਿਆ, ਜਮਾਤੀ ਮੇਰੇ ਉਪਰ ਹੱਸਣਗੇ ਕਿ ਇਸ ਨੂੰ ਤਾਂ ਮੂਵੀ ਦਾ ਵੀ ਪਤਾ ਨਹੀਂ, ਕੀ ਹੁੰਦੀ ਹੈ? ਇਸ ਖਿਆਲ ਅਧੀਨ ਮੈਂ ਫਿਲਮ ਦੇਖਣ ਦਾ ਮਨ ਬਣਾ ਲਿਆ। ‘ਲਾਹੌਰ’ ਨਾਂ ਦੀ ਮੂਵੀ ਵਿਚ ਕਰਨ ਦੀਵਾਨ ਅਤੇ ਨਰਗਿਸ ਦਾ ਮੁੱਖ ਰੋਲ ਸੀ। ਕਹਾਣੀ ਦੇ ਵਿਸਥਾਰ ਵਿਚ ਨਾ ਜਾਂਦਿਆਂ ਇਤਨਾ ਦੱਸਣਾ ਹੀ ਕਾਫੀ ਹੈ ਕਿ ਬਚਪਨ ਦੇ ਪਿਆਰ ਵਿਚ ਦੀਵਾਨੀ ਹੋਈ ਇਹ ਜੋੜੀ 1947 ਦੀ ਵੰਡ ਵਿਚ ਇਕ ਦੂਜੇ ਤੋਂ ਵਿਛੜ ਜਾਂਦੀ ਹੈ। ਤਸਵੀਰਾਂ ਦੀ ਇਹ ਖੇਡ ਮੇਰੇ ਅੱਲ੍ਹੜ ਮਨ ਨੂੰ ਬੇਤਾਬ ਕਰ ਦਿੰਦੀ ਹੈ ਅਤੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਹਨ। ਬਾਅਦ ਵਿਚ ਪਟਿਆਲੇ ਮਹਿੰਦਰਾ ਕਾਲਜ ਵਿਚ ਪੜ੍ਹਦਿਆਂ ਰਾਜ ਕਪੂਰ ਦੀਆਂ ਫਿਲਮਾਂ ਵਿਚ ਨਰਗਿਸ ਨੂੰ ਪਿਆਰ ਦੀਆਂ ਪੀਂਘਾਂ ਵਿਚ ਹੁਲਾਰੇ ਲੈਂਦਿਆਂ ਵੇਖ ਕੇ ਮਨ ਵਿਚ ਉਸ ਦੇ ਪਹਿਲੇ ਪਿਆਰ ਦਾ ਜਜ਼ਬਾ ਤਿਤਰ-ਬਿਤਰ ਹੋ ਗਿਆ।
ਮੈਂ ਦੇਰ ਰਾਤ ਵਾਲੀ ਫਿਲਮ ਕਦੇ ਨਹੀਂ ਵੇਖੀ, ਸਾਫ ਸੁਥਰੀ ਅਤੇ ਚੰਗੀ ਕਹਾਣੀ ਵਾਲੀ ਫਿਲਮ ਮੇਰੇ ਮਨ ਨੂੰ ਭਾਉਂਦੀ ਹੈ। ਊਰਦੂ ਜ਼ੁਬਾਨ ਦੀ ਮਿਠਾਸ ਮੈਨੂੰ ਚੰਗੀ ਲਗਦੀ ਹੈ, ਪਰ ਔਖੀ ਵਾਰਤਕ ‘ਤੇ ਮੇਰਾ ਕੰਟਰੋਲ ਨਹੀਂ। ਫਿਰ ਵੀ ‘ਤਲਖੀਆਂ’ (ਸਾਹਿਰ) ਦਾ ਇਹ ਸ਼ਿਅਰ ‘ਅਭੀ ਨ ਛੇੜ ਮੁਹੱਬਤ ਕੇ ਗੀਤ ਐ ਮੁਤਰਿਬ, ਅਭੀ ਹਯਾਤ ਕਾ ਮਾਹੌਲ ਖੁਸ਼ਗਵਾਰ ਨਹੀਂ’ ਇਤਨਾ ਅਰਥ ਭਰਪੂਰ ਹੈ ਕਿ ਅੱਜ ਵੀ ਯਾਦ ਹੈ। ਅੱਜ ਤਕ ਮਾਹੌਲ ਖੁਸ਼ਗਵਾਰ ਨਹੀਂ ਹੋਇਆ। ਪਹਿਲਾ ਪਿਆਰ ਜਾਂ ਹੋਰ ਕੋਈ ਪਿਆਰ ਕਦੇ ਚਿੱਤ-ਚੇਤੇ ਨਹੀਂ ਆਇਆ।
ਇਕ ਹੋਰ ਗੀਤ ਦੇ ਬੋਲ ਹਨ, “ਭੂਖ ਔਰ ਪਿਆਸ ਕੀ ਮਾਰੀ ਹੂਈ ਇਸ ਦੁਨੀਆਂ ਮੇਂ, ਇਸ਼ਕ ਹੀ ਏਕ ਹਕੀਕਤ ਨਹੀਂ ਕੁਝ ਔਰ ਭੀ ਹੈ।” ਸੋਚਦਾ ਹਾਂ ਕਿ ਅੱਜ ਵੀ ਦੁਨੀਆਂ ਭੁਖਮਰੀ ਨਾਲ ਹਾਲੋਂ ਬੇਹਾਲ ਹੈ। ਦੁਨੀਆਂ ਦੇ ਦਰਦ ਨੂੰ ਦਿਲ ਦੇ ਕਿਸੇ ਕੋਨੇ ਵਿਚ ਹਰ ਸਮੇਂ ਰੱਖਣ ਵਾਲੇ ਜਜ਼ਬਾਤੀ ਬੰਦਿਆਂ ਨੂੰ ਇਸ਼ਕ ਅਤੇ ਦੀਵਾਨਗੀ ਵਾਲੇ ਪਿਆਰੇ ਲਈ ਵਿਹਲ ਕਿਥੇ? ਇਸ ਦੇ ਬਾਵਜੂਦ ਪਹਿਲੇ ਪਿਆਰ ‘ਤੇ ਆਧਾਰਤ ਫਿਲਮਾਂ ਦੇ ਅਸਰ ਅਧੀਨ ਕਈ ਹਸਦੇ- ਵਸਦੇ ਘਰਾਂ ਦਾ ਉਜਾੜਾ ਸੁਣਿਆ ਹੈ। ਹਾਰਡੀ ਦਾ ਨਾਵਲ ‘ਟੈੱਸ’ ਪੜ੍ਹਿਆ। ਨਾਇਕਾ ਦਾ ਕੋਈ ਕਸੂਰ ਨਹੀਂ, ਹਾਰਡੀ ਨੇ ਉਸ ਨੂੰ ਪਿਓਰ ਵੁਮਨ ਕਿਹਾ ਹੈ। ਫਿਰ ਇਸ ਨਾਵਲ ‘ਤੇ ਬਣੀ ਫਿਲਮ ‘ਦੁਲਹਨ ਏਕ ਰਾਤ ਕੀ’ ਵਿਚ ਨਾਇਕ, ਨਾਇਕਾ ਨੂੰ ਕੋਈ ਚਿੱਠੀ ਪੜ੍ਹ ਕੇ ਠੁਕਰਾ ਦਿੰਦਾ ਹੈ, ਜਿਸ ਵਿਚ Ḕਪਿਓਰ ਵੁਮਨḔ ਨੇ ਕਿਸੇ ਬਦਤਮੀਜ਼ ਦੀ ਬਦਤਮੀਜ਼ੀ ਦਾ ਇਜ਼ਹਾਰ ਕੀਤਾ ਸੀ। ਉਸ ਵਿਚਾਰੀ ਦਾ ਕੋਈ ਕਸੂਰ ਨਹੀਂ ਸੀ। ਇਹੋ ਜਿਹੀਆਂ ਫਿਲਮਾਂ ਨੇ ਪਹਿਲੇ ਪਿਆਰ ਨੂੰ ਮੇਰੇ ਲਈ ਕੌੜੀ-ਕਸੈਲੀ ਬੁਝਾਰਤ ਬਣਾ ਦਿੱਤਾ।
ਸਭ ਸ਼੍ਰੇਣੀ ਦੇ ਮਰਦਾਂ ਅਤੇ ਔਰਤਾਂ ਨਾਲ ਗੱਲ ਕਰਨ ਵਿਚ ਮੈਨੂੰ ਕਦੇ ਝਿਜਕ ਜਾਂ ਹਿਚਕਚਾਹਟ ਮਹਿਸੂਸ ਨਹੀਂ ਹੋਈ। ਸ਼ਾਇਦ ਇਸ ਦਾ ਕਾਰਨ ਇਹ ਹੋਵੇ ਕਿ ਮੇਰੇ ਮਨ ਵਿਚ ਗੱਲ ਕਰਨ ਵੇਲੇ ਨਾ ਤਾਂ ਕੋਈ ਨਿਜੀ ਸੁਆਰਥ ਹੁੰਦਾ ਹੈ ਅਤੇ ਨਾ ਹੀ ਕਿਸੇ ਖੋਟ ਦਾ ਅੰਸ਼ ਹੁੰਦਾ ਹੈ। ਹਾਂ, ਫੱਕਰਾਂ ਦੀਆਂ ਸਿੱਧੀਆਂ ਸਾਦੀਆਂ ਗੱਲਾਂ ਮੈਨੂੰ ਮਨ ਪ੍ਰਚਾਵੇ ਲਈ ਬਹੁਤ ਚੰਗੀਆਂ ਲਗਦੀਆਂ ਹਨ। ਸ਼ੁਰੂ ਤੋਂ ਹੀ ਮੈਂ ਮਹਿਸੂਸ ਕਰਦਾ ਹਾਂ ਕਿ ਔਰਤਾਂ ਦਾ ਹਿਰਦਾ ਮਰਦਾਂ ਨਾਲੋਂ ਕੋਮਲ ਹੁੰਦਾ ਹੈ। ਉਹ ਪਿਆਰ ਬਾਬਤ ਆਦਮੀਆਂ ਨਾਲੋਂ ਜ਼ਿਆਦਾ ਭਾਵੁਕ ਹੁੰਦੀਆਂ ਹਨ।
ਪਹਿਲੇ ਪਿਆਰ ਦੀ ਤਾਂਘ ਨੇ ਮੈਨੂੰ ਕਦੇ ਵੀ ਤੜਫਾਇਆ ਨਹੀਂ, ਪਰ ਇਸ ਦੀ ਉਤਸੁਕਤਾ ਸਦਾ ਕਾਇਮ ਰਹੀ। ਸੋਚਿਆ, ਬੀਬੀਆਂ ਨੂੰ ਇਹ ਸਵਾਲ ਕੀਤਾ ਜਾਵੇ। ਇਕ ਦਿਨ ਕਾਲਜ ਦੇ ਇਮਤਿਹਾਨਾਂ ਵਿਚ ਵਿਹਲੇ ਸਮੇਂ ਉਨ੍ਹਾਂ ਕੋਲ ਜਾ ਬੈਠਾ। ਇੰਚਾਰਜ ਹੋਣ ਕਰ ਕੇ ਮੇਰਾ ਉਨ੍ਹਾਂ ਵਿਚ ਬੈਠਣਾ ਸਾਧਾਰਨ ਗੱਲ ਸੀ। ਬੀਬੀਆਂ ਨੂੰ ਚੰਗੇ ਮੂਡ ਵਿਚ ਵੇਖ ਕੇ ਪੁੱਠਾ ਜਿਹਾ ਸਵਾਲ ਕਰ ਦਿੱਤਾ, “ਇਹ ਪਹਿਲਾ ਪਿਆਰ ਕੀ ਹੁੰਦਾ ਹੈ? ਕ੍ਰਿਪਾ ਕਰ ਕੇ ਇਸ ਨੂੰ ਜ਼ਾਤੀ ਨਹੀਂ, ਕੇਵਲ ਅਕੈਡਮਿਕ ਗੱਲ ਹੀ ਸਮਝਣਾ।” ਪਹਿਲੀ ਨੇ ਜਵਾਬ ਦਿੱਤਾ, “ਇਹ ਹਾਰਮੋਨਜ਼ ਦਾ ਫਤੂਰ ਹੈ।” ਦੂਜੀ ਝੱਟ ਬੋਲੀ, “ਇਹ ਹਾਰਮੋਨਜ਼ ਦਾ ਫਤੂਰ ਨਹੀਂ, ਇਹ ਤਾਂ ਚੜ੍ਹਦੀ ਉਮਰ ਦਾ ਸਰੂਰ ਹੈ।” ਤੀਜੀ ਜ਼ਰਾ ਗੰਭੀਰ ਹੋ ਕੇ ਬੋਲੀ, “ਇਹ ਸਭ ਬਕਵਾਸ ਹੈ।” ਚੌਥੀ ਨੇ ਕਿਹਾ, “ਨਹੀਂ ਨਹੀਂ, ਇਹ ਨੰਨ੍ਹੀ ਉਮਰ ਲਈ ਧਰਵਾਸ ਹੈ। ਬਚਪਨ ਲਈ ਖੂਬਸੂਰਤ ਅਹਿਸਾਸ ਹੈ।” ਮੇਰਾ ਹਾਸਾ ਨਿਕਲ ਗਿਆ ਅਤੇ ਪਹਿਲਾ ਪਿਆਰ ਹੋਰ ਵੀ ਗੁੰਝਲਦਾਰ ਬਣ ਗਿਆ।
ਸਮਾਂ ਆਪਣੀ ਚਾਲ ਚਲਦਾ ਗਿਆ। ਇਕ ਸਵੇਰ ਇਸ ਨੇ ਐਸੀ ਕਰਵਟ ਲਈ ਕਿ ਮਨ ਨਿਹਾਲ ਹੋ ਗਿਆ। ਹੋਇਆ ਕੀ, ਕਿ ਸਵੇਰੇ ਸਵੇਰੇ ਦਰੱਖਤ ਦੇ ਪੱਤਿਆਂ ਉਤੇ ਸ਼ਬਨਮ (ਤਰੇਲ) ਦੇ ਤੁਪਕੇ ਐਸੀ ਤਰਤੀਬ ਨਾਲ ਚਿਪਕੇ ਹੋਏ ਸਨ ਕਿ ਵੱਡੇ ਤੋਂ ਵੱਡਾ ਆਰਟਿਸਟ ਵੀ ਐਸਾ ਚਿੱਤਰ ਖਿੱਚਣ ਦੇ ਅਸਮਰੱਥ ਲੱਗਿਆ। ਕੁਦਰਤ ਦੇ ਕ੍ਰਿਸ਼ਮੇ ਨੇ ਰੂਹ ਨਸ਼ਿਆ ਦਿੱਤੀ। ਜਿਸਮ ਵਿਚ ਥਰਥਰਾਹਟ ਮਹਿਸੂਸ ਹੋਈ। ਇਹ ਖੂਬਸੂਰਸਤ ਨਜ਼ਾਰਾ ਰਗ ਰਗ ਵਿਚ ਸਮਾ ਗਿਆ ਅਤੇ ਪਹਿਲੇ ਪਿਆਰ ਦਾ ਸੁਨੇਹਾ ਦੇ ਗਿਆ।
ਬਚਪਨ ਨੂੰ ਚੇਤੇ ਕਰਦਿਆਂ ਕੱਤਕ ਦੀ ਪੂਰਨਮਾਸ਼ੀ ਅਕਸਰ ਯਾਦ ਆਉਂਦੀ ਹੈ। ਖੇਤਾਂ ਵਿਚ ਕਿਸਾਨ ਭਾਈ ਕਣਕ ਲਈ ਜਮੀਨ ਤਿਆਰ ਕਰਨ ਖਾਤਰ ਇਸ ਰਾਤ ਦਾ ਆਸਰਾ ਲੈਂਦੇ ਸਨ। ਠੰਢੀ ਅਤੇ ਦੁਧੀਆ ਰੌਸ਼ਨੀ ਵਿਚ ਕੰਮ ਕਰਦੇ ਕਿਸਾਨ ਕਲੀਆਂ (ਗੀਤ) ਗਾਉਂਦੇ ਕਦੇ ਥਕਦੇ ਨਹੀਂ ਸਨ। ਜਦੋਂ ਵੀ ਇਹ ਨਜ਼ਾਰਾ ਯਾਦ ਆਉਂਦਾ ਹੈ ਤਾਂ ਸੋਚਦਾ ਹਾਂ ਕਿ ਨਿਆਣੀ ਉਮਰ ਦੀ ਇਹ ਅਭੁੱਲ ਯਾਦ ਮੇਰੇ ਪਹਿਲੇ ਪਿਆਰ ਦਾ ਬੁਲਾਵਾ ਸੀ।
ਕੁਦਰਤ ਦੇ ਕ੍ਰਿਸ਼ਮਿਆਂ ਦਾ ਇਹ ਪਿਆਰ, ਇਵਜ਼ ਵਿਚ ਕੁਝ ਨਹੀਂ ਮੰਗਦਾ। ਦੁਨਿਆਵੀ ਪਿਆਰ ਕਦਮ ਕਦਮ ‘ਤੇ ਹਿਸਾਬ ਮੰਗਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਹ ਪਿਆਰ ਵਕਤ ਨਾਲ ਫਿੱਕਾ ਪੈ ਜਾਂਦਾ ਹੈ। ਸੰਗੀਤ ਦੀ ਦੁਨੀਆਂ ਦੇ ਤਾਂ ਕੀ ਕਹਿਣੇ! ਚੰਗੇ ਭਾਗਾਂ ਨਾਲ ਹੀ ਇਸ ਦਾ ਰਸ ਮਾਣਿਆ ਜਾ ਸਕਦਾ ਹੈ। ਮੈਨੂੰ ਰਾਗਾਂ ਦੀ ਸੂਝ ਨਹੀਂ, ਫਿਰ ਵੀ ਰਸਭਿੰਨਾ ਸੰਗੀਤ ਮੇਰੀ ਰੂਹ ਨੂੰ ਤਸਕੀਨ ਬਖਸ਼ਦਾ ਹੈ। ਇਕ ਵਾਰ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿਚ ਦੁਨੀਆਂ ਭਰ ਵਿਚ ਮਸ਼ਹੂਰ ਸਰੋਦਵਾਦਕ ਉਸਤਾਦ ਅਮਜ਼ਦ ਅਲੀ ਖਾਨ ਦਾ ਸਮਾਗਮ ਸੀ। ਅਖੀਰ ਵਿਚ ਕਿਸੇ ਸੰਗੀਤ ਪ੍ਰੇਮੀ ਨੇ ਸਵਾਲ ਕੀਤਾ, ‘ਇਹ ਪੱਕਾ ਰਾਗ ਕੀ ਹੁੰਦਾ ਹੈ?’ ਉਸਤਾਦ ਅਮਜ਼ਦ ਅਲੀ ਖਾਨ ਨੇ ਜਵਾਬ ਦਿੱਤਾ ਕਿ ਬਹੁਤੀਆਂ ਤਕਨੀਕੀ ਗਹਿਰਾਈਆਂ ਵਿਚ ਜਾਣ ਦੀ ਲੋੜ ਨਹੀਂ, ਜਿਹੜਾ ਸੰਗੀਤ ਮਨ ਨੂੰ ਸ਼ਾਂਤੀ ਦੇਵੇ, ਉਹੀ ਪੱਕਾ ਰਾਗ ਹੁੰਦਾ ਹੈ।
ਮੈਨੂੰ ਤਸੱਲੀਬਖਸ਼ ਜਵਾਬ ਮਿਲ ਗਿਆ। ਮੈਂ ਕਈ ਵਾਰ ਸੁਣਿਆ ਸੀ ਕਿ ਸੰਗੀਤ ਤਾਂ ਬਿਨਾ ਬੱਦਲ ਬਰਸਾਤ ਲਿਆ ਸਕਦਾ ਹੈ। ਸੋਚਿਆ, ਐਸਾ ਕਿਸ ਤਰ੍ਹਾਂ ਹੋ ਸਕਦਾ ਹੈ? ਪਰ ਕਮਾਲ ਹੋ ਗਈ। ਦੋ ਸਾਲ ਪਹਿਲਾਂ ਚੰਡੀਗੜ੍ਹ ਆਪਣੇ ਨਿੱਕੇ ਜਿਹੇ ਘਰ ਵਿਚ ਕੀਰਤਨ ਸਮਾਗਮ ਕੀਤਾ। ਦੋਸਤ-ਮਿੱਤਰ ਆਏ। ਗਰਮੀ ਕਾਫੀ ਸੀ, ਬੱਦਲਾਂ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਮਾਪਤੀ ਪਿਛੋਂ ਭੋਜਨ ਛਕਣ ਵੇਲੇ ਮੈਂ ਚੁੱਪਚਾਪ ਮਾਹੌਲ ਵੇਖਦਿਆਂ ਭਾਈ ਨਿਰਮਲ ਸਿੰਘ ਦੀ ਟੇਪ ਲਾ ਦਿੱਤੀ, Ḕਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥ ਮੇਘੈ ਨੋ ਫੁਰਮਾਨੁ ਹੋਆ ਬਰਸਹੁ ਕਿਰਪਾ ਧਾਰ॥Ḕ
ਯਕੀਨ ਕਰਿਓ! ਕੁਝ ਹੀ ਪਲਾਂ ਵਿਚ ਬਾਰਿਸ਼ ਨੇ ਛਹਿਬਰ ਲਾ ਦਿੱਤੀ। ਮਹਿਮਾਨ ਹੈਰਾਨ ਹੋ ਗਏ। ਮੈਂ ਉਨ੍ਹਾਂ ਵਿਚ ਨੱਚਦਾ ਫਿਰਾਂ, ਉਹ ਮੇਰੇ ਘਰ ਦੀ ਰੌਣਕ ਵਧਾਉਂਦੇ ਰਹੇ। ਮੈਨੂੰ ਇਸ ਚਮਤਕਾਰ ਨੇ ਵਿਸਮਾਦ ਵਿਚ ਲੈ ਆਂਦਾ। ਮੇਰੇ ਪਹਿਲੇ ਪਿਆਰ ਦੀ ਨਵੀਂ ਨਰੋਈ ਗਠੜੀ ਝੋਲੀ ਨੂੰ ਲਬਾਲਬ ਭਰ ਗਈ। ਮੇਰੇ ਮੂੰਹੋਂ ਮੱਲੋਮੱਲੀ ਇਹ ਸ਼ਬਦ ਫੁੱਟ ਪਏ, ‘ਸ਼ੁਕਰੀਆ ਪਹਿਲੇ ਪਿਆਰ, ਤੇਰਾ ਸ਼ੁਕਰੀਆ!’
ਇਕ ਵਾਰ ਪੰਜਾਬ ਅਤੇ ਚੰਡੀਗੜ੍ਹ ਤੋਂ ਵਾਪਸ ਆਉਣ ਵੇਲੇ ਜਦੋਂ ਟੈਕਸੀ ਏਸ਼ੀਆ ਦੀ ਸਭ ਤੋਂ ਵੱਡੀ, ਦਿੱਲੀ ਦੀ ਰਿੰਗ ਰੋਡ ‘ਤੇ ਆ ਰਹੀ ਸੀ। ਕੁਝ ਸਮੇਂ ਲਈ ਮੈਂ ਦਿੱਲੀ ਦਾ ਪ੍ਰਦੂਸ਼ਣ ਭੁਲ ਗਿਆ। ਬਹੁਤ ਸੋਹਣੀ ਥਾਂ ‘ਤੇ ਨਜ਼ਰ ਮਾਰਦਿਆਂ ਸਾਹਮਣੇ ਟੀ.ਵੀ. ਟਾਵਰ ਬਹੁਤ ਖੂਬਸੂਰਤ ਲੱਗਾ। ਕੁਝ ਦਿਨ ਪਹਿਲਾਂ ਹੀ ਟੋਰਾਂਟੋ (ਕੈਨੇਡਾ) ਦਾ ਸੀ.ਐਨ. ਟਾਵਰ ਵੇਖਿਆ ਸੀ, ਉਹ ਯਾਦ ਆ ਗਿਆ। ਮੇਰੀ ਰੂਹ ਰੁਸ਼ਨਾਈ ਗਈ। ਏਅਰ ਪੋਰਟ ‘ਤੇ ਪਹੁੰਚ ਕੇ ਡਰਾਈਵਰ ਨੂੰ ਬਣਦੇ ਰੇਟ ਵਿਚ ਆਪਣੀ ਵਿਤ ਅਨੁਸਾਰ ਵਾਧਾ ਕਰ ਦਿੱਤਾ ਜੋ ਉਸ ਦਾ ਇਨਾਮ ਸੀ। ਉਹ ਛੋਟਾ ਰਸਤਾ ਛੱਡ ਕੇ ਮੇਰੇ ਪਹਿਲੇ ਪਿਆਰ ਦੀ ਪੂਰਤੀ ਕਰ ਗਿਆ ਸੀ।
ਇਸ ਪਿਆਰ ਦੀ ਹੱਲਾਸ਼ੇਰੀ ਲਈ ਕੁਦਰਤ ਮੇਰੇ ‘ਤੇ ਸਦਾ ਮਿਹਰਬਾਨ ਰਹਿੰਦੀ ਹੈ। ਪਹਿਲੀ ਜਨਵਰੀ 2018 ਨੂੰ ਸਵੇਰੇ ਸਾਡਾ ਜਹਾਜ਼ ਸਿਓਲ (ਦੱਖਣੀ ਕੋਰੀਆ) ਪਹੁੰਚਿਆ। ਪਿਛਲੇ ਸਾਲਾਂ ਦੌਰਾਨ ਕਦੇ ਵੀ ਪਹਿਲੀ ਜਨਵਰੀ ਸੰਘਣੀ ਬਰਫ ਤੋਂ ਸੱਖਣੀ ਨਹੀਂ ਸੀ ਹੁੰਦੀ, ਪਰ ਇਸ ਵਾਰ ਬਰਫ ਦਾ ਨਾਮੋ-ਨਿਸ਼ਾਨ ਨਹੀਂ ਸੀ। ਚੜ੍ਹਦੇ ਸੂਰਜ ਦੀ ਲਾਲੀ ਦੇਖ ਕੇ ਮਨ ਨਸ਼ਿਆ ਗਿਆ ਅਤੇ ‘ਰੂਪ ਕੁਆਰੀ ਦਾ, ਜਿਉਂ ਚੜ੍ਹਦੇ ਦੀ ਲਾਲੀ’ ਅੱਖੀਂ ਦੇਖ ਲਿਆ।
ਸ਼ਾਮ ਪੰਜ ਵਜੇ ਹੋਟਲ ਤੋਂ ਵਾਪਸ ਆਉਣ ਵੇਲੇ ਸੂਰਜ ਡੁੱਬ ਰਿਹਾ ਸੀ ਅਤੇ ਇਸ ਦਿਸ਼ਾ ਦਾ ਸੁਰਖ ਰੰਗ ਢਲਦੀ ਅਵਸਥਾ ਵਿਚ ਦੁਨੀਆਂ ਦੀਆਂ ਸਰਦ ਰੁੱਤ ਦੀਆਂ ਖੇਡਾਂ ਵਾਲੇ ਮੈਦਾਨਾਂ ਵਿਚ ਅੱਖ-ਮਟੱਕਾ ਕਰ ਰਿਹਾ ਸੀ। ਮੈਂ ਅਪਣੀ ਪਤਨੀ, ਜੋ ਪਾਠ ਕਰਨ ਵਿਚ ਮਗਨ ਸੀ, ਨੂੰ ਹਲੂਣਿਆ ਅਤੇ ਕਿਹਾ, “ਦੇਖ ਮੇਰਾ ਪਹਿਲਾ ਪਿਆਰ ਸਾਹਮਣੇ ਨਜ਼ਰ ਆ ਰਿਹਾ ਹੈ।” ਵੈਨ ਵਿਚ ਨਾਲ ਬੈਠੇ ਸਾਥੀ ਮੇਰੀ ਸਵਰਗ ਦੇ ਝੂਟੇ ਲੈਣ ਵਾਲੀ ਅਵਸਥਾ ਤਾੜ ਗਏ। ਸਭ ਨੇ ਸੈਲਫੀਆਂ ਰਾਹੀਂ ਇਹ ਅਦਭੁਤ ਨਜ਼ਾਰਾ ਕੈਮਰਿਆਂ ਵਿਚ ਕੈਦ ਕਰ ਲਿਆ। ਮੇਰੇ ਕੋਲ ਕੋਈ ਕੈਮਰਾ ਨਹੀਂ ਸੀ, ਨਾ ਹੀ ਮੈਂ ਇਹੋ ਜਿਹੇ ਨਜ਼ਾਰੇ ਕੈਦ ਕਰਦਾ ਹਾਂ।
ਮੇਰੇ ਲਈ ਮੇਰਾ ਪਹਿਲਾ ਪਿਆਰ, ਕਬਜ਼ਾ ਨਹੀਂ ਪਛਾਣ ਹੈ। ਇਹ ਪਛਾਣ ਵਕਤ ਅਤੇ ਕਿਸੇ ਖਾਸ ਚੀਜ਼ ਦੀ ਮੁਥਾਜ ਨਹੀਂ। ਕਦੇ ਇਹ ਠੰਢੀ ਹਵਾ ਦੇ ਬੁੱਲੇ ਰਾਹੀਂ, ਕਦੇ ਕਿਸੇ ਮਾਸੂਮ ਦੇ ਚਿਹਰੇ ਰਾਹੀਂ ਸਾਹਮਣੇ ਆ ਜਾਂਦੀ ਹੈ। ਗਿਣੇ-ਮਿਥੇ ਅੰਦਾਜ਼ ਨਾਲ ਇਸ ਦਾ ਵਾਹ-ਵਾਸਤਾ ਨਹੀਂ। ਇਹ ਤਾਂ ਅਰਸ਼ੋਂ ਉਤਰੀ ਕੁਦਰਤ ਦੀ ਰਹਿਮਤ ਹੈ। ਕਈ ਵਾਰ ਸੈਰ ਕਰਦਿਆਂ ਦੂਰੋਂ ਹੀ ਕੋਈ ਚਿਹਰਾ ਅਜਨਬੀ ਹੁੰਦਿਆਂ ਵੀ ਜਾਣਿਆ-ਪਛਾਣਿਆ ਲਗਦਾ ਹੈ ਅਤੇ ਕੋਲ ਆਉਣ ਵੇਲੇ ਮੈਂ ਅਕਸਰ ਹੀ ਪੁੱਛ ਲੈਂਦਾ ਹਾਂ, “ਇਥੇ ਕਿਤੇ ਨੇੜੇ ਹੀ ਰਹਿੰਦੇ ਹੋ?” ਉਸ ਨੇ ਮਾਸੂਮ ਜਿਹੀ ਮੁਸਕਾਨ ਨਾਲ ਕਹਿਣਾ, “ਹਾਂ ਜੀ।” ਉਦੋਂ ਬਹੁਤ ਚੰਗਾ ਲਗਦਾ ਹੈ, ਤੇ ਇਹ ਪਰਾਇਆ ਦੇਸ ਆਪਣਾ ਲੱਗਣ ਲੱਗ ਜਾਂਦਾ ਹੈ। ਚਾਣਚੱਕ ਕੁਦਰਤ ਦੀ ਬਖਸ਼ੀ ਇਹ ਸਾਧਾਰਨ ਖੁਸ਼ੀ ਮੇਰੇ ਪਹਿਲੇ ਪਿਆਰ ਦਾ ਨਵਾਂ ਨਮੂਨਾ ਬਣ ਜਾਂਦੀ ਹੈ।
ਹੁਣੇ ਹੁਣੇ ‘ਰੀਡਰਜ਼ ਡਾਈਜੈਸਟ’ ਵਿਚ ਕੰਨਾਂ ਦੀ ਸੁਣਨ ਸ਼ਕਤੀ ਬਾਰੇ ਲੇਖ ਪੜ੍ਹਿਆ। ਪਤਾ ਲੱਗਾ ਕਿ ਜਦੋਂ ਕੋਈ ਉਚੀ ਆਵਾਜ਼ ਜਾਂ ਧਮਾਕਾ ਸੁਣਾਈ ਦਿੰਦਾ ਹੈ ਤਾਂ ਬਗੈਰ ਦੇਖਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਆਵਾਜ਼ ਕਿਸ ਦਿਸ਼ਾ ਵੱਲੋਂ ਆਈ ਹੈ। ਨੇਤਰਹੀਣਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਮਹਿਸੂਸ ਹੁੰਦਾ ਹੈ। ਕੁਦਰਤ ਵਲੋਂ ਦਿੱਤੀ ਹੋਈ ਇਹ ਸੂਝ ਮੇਰੇ ਮਨ ਨੂੰ ਭਾਅ ਗਈ, ਪਰ ਮੇਰੀ ਭੌਤਿਕ ਵਿਗਿਆਨ (ਫਿਜ਼ਿਕਸ) ਦੀ ਸਮਝ ਨੇ ਇਸ ਸੂਝ ਨੂੰ ਹੋਰ ਵੀ ਅਰਥ ਭਰਪੂਰ ਬਣਾ ਦਿਤਾ, ਜਦੋਂ ਅੱਗੇ ਪੜ੍ਹਿਆ ਕਿ ਸੱਜੇ ਕੰਨ ਤੋਂ ਖੱਬੇ ਕੰਨ ਤਕ ਪਹੁੰਚਣ ਲਈ ਆਵਾਜ਼ ਨੂੰ .0001 ਸੈਕਿੰਡ ਲਗਦੇ ਹਨ ਅਤੇ ਦਿਮਾਗ ਇਸ ਵਕਫੇ ਨੂੰ ਝੱਟ ਪਛਾਣ ਜਾਂਦਾ ਹੈ ਕਿ ਕਿਸ ਕੰਨ ‘ਤੇ ਇਹ ਆਵਾਜ਼ ਪਹਿਲਾਂ ਟਕਰਾਈ ਸੀ, ਉਸੇ ਦਿਸ਼ਾ ਵੱਲੋਂ ਇਹ ਆਵਾਜ਼ ਆਈ ਹੈ। ਇਹੋ ਜਿਹਾ ਅਨੁਭਵ ਮੇਰੇ ਪਹਿਲੇ ਪਿਆਰ ਨੂੰ ਨਵੀਂ ਜ਼ਿੰਦਗੀ ਬਖਸ਼ ਕੇ ਤਰੋਤਾਜ਼ਾ ਕਰ ਦਿੰਦਾ ਹੈ।
ਹੁਣ ਤਾਂ ਇਕ ਹੀ ਤਮੰਨਾ ਹੈ ਕਿ ਜੀਵਨ ਦੇ ਆਖਰੀ ਪਲ ਤਕ ਪਹਿਲੇ ਪਿਆਰ ਦੇ ਕ੍ਰਿਸ਼ਮੇ ਮਾਣਦਾ ਰਹਾਂ ਅਤੇ ਅੰਤ ਵੇਲੇ ਧਰਮਰਾਜ ਨੂੰ ਬੜੇ ਸਤਿਕਾਰ ਨਾਲ ਕਹਾਂ, “ਮਿੱਤਰ ਪਿਆਰੇ, ਹੋਰ ਤਾਂ ਮੈਨੂੰ ਮੇਰੀ ਬਾਬਤ ਪਤਾ ਨਹੀਂ, ਮੈਂ ਕੀ ਗੁਨਾਹ ਕੀਤੇ, ਪਰ ਮੈਂ ਆਪਣਾ ਪਹਿਲਾ ਪਿਆਰ ਰੱਜ ਕੇ ਮਾਣਿਆ ਹੈ ਅਤੇ ਇਸ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ। ਤੇਰੀ ਮਰਜ਼ੀ ਹੈ, ਭਾਵੇਂ ਨਰਕ ਵਿਚ ਭੇਜ, ਚਾਹੇ ਸਵਰਗ ਵਿਚ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਭ ਨੂੰ ਜੀਵਨ ਦੇਣ ਵਾਲੇ ਰੱਬ ਨੇ ਸੂਰਜ ਨੂੰ ਹਰ ਥਾਂ ਮਘਦੇ ਰਹਿਣ ਦੀ ਸਮਰਥਾ ਬਖਸ਼ੀ ਹੈ। ਉਹ ਆਪਣੀ ਰੋਸ਼ਨੀ ਫੁੱਲਾਂ ਨੂੰ ਵੀ ਦਿੰਦਾ ਹੈ ਅਤੇ ਉਸੇ ਪਿਆਰ ਨਾਲ ਰੂੜੀਆਂ ‘ਤੇ ਵੀ ਨਿਛਾਵਰ ਕਰਦਾ ਹੈ।”
ਸੋ, ਮੈਂ ਕਿਤੇ ਵੀ ਹੋਵਾਂ, ਇਹ ਸੂਰਜ ਮੇਰੇ ਪਹਿਲੇ ਪਿਆਰ ਨੂੰ ਨਵਾਂ ਨਰੋਆ ਅਤੇ ਜਿਉਣ ਜੋਗਾ ਬਣਾਈ ਰੱਖਣ ਲਈ ਮੇਰੇ ਅੰਗ-ਸੰਗ ਰਹੇਗਾ। ਸਦਾ ਚਮਕਦੇ ਇਸ ਸੂਰਜ ਅਤੇ ਮੇਰੇ ਪਹਿਲੇ ਪਿਆਰ ਨੂੰ ਮੇਰਾ ਸਲਾਮ!