ਆਫੀਆ ਸਦੀਕੀ ਦਾ ਜਹਾਦ-6

1972 ਵਿਚ ਪਾਕਿਸਤਾਨ ‘ਚ ਜੰਮੀ ਆਫੀਆ ਸਦੀਕੀ ਦੀ ਇਹ ਕਹਾਣੀ ‘ਆਫੀਆ ਸਦੀਕੀ ਦਾ ਜਹਾਦ’ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਆਫੀਆ ਨੇ ਅਮਰੀਕਾ ਵਿਚ ਉਚ ਸਿੱਖਿਆ ਹਾਸਲ ਕੀਤੀ ਅਤੇ ਡਾਕਟਰ ਬਣੀ, ਪਰ ਉਸ ਦੇ ਜ਼ਿਹਨ ਵਿਚ ਉਸ ਸਿੱਖਿਆ ਨੇ ਵਾਹਵਾ ਉਥਲ-ਪੁਥਲ ਮਚਾਈ ਜੋ ਉਸ ਨੇ ਆਪਣੀ ਅੰਮੜੀ ਦੀਆਂ ਮਜ਼ਹਬੀ ਤਕਰੀਰਾਂ ਤੋਂ ਗ੍ਰਹਿਣ ਕੀਤੀ ਸੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਕੁੜੀ ਦਾ ਨਾਂ ਇੰਨੀ ਵੱਡੀ ਪੱਧਰ ਉਤੇ ਜਹਾਦ ਨਾਲ ਜੁੜ ਜਾਵੇਗਾ। ਬਾਅਦ ਵਿਚ ਅਮਰੀਕੀ ਜੇਲ੍ਹਾਂ ਵਿਚ ਇਸ ਕੁੜੀ ਨਾਲ ਜੋ ਹੋਈ-ਬੀਤੀ, ਉਹ ਸੁਣ ਕੇ ਤਾਂ ਪੱਥਰ-ਦਿਲ ਵੀ ਕੰਬ ਉਠਦੇ ਹਨ। ਇਹ ਅਸਲ ਵਿਚ ਇਕੱਲੀ ਆਫੀਆ ਦੀ ਕਥਾ-ਕਹਾਣੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੋਣੀ ਦਾ ਬਿਆਨ ਹੈ ਜੋ ਜਹਾਦ ਦੇ ਨਾਂ ਹੇਠ ਰੜੇ ਮੈਦਾਨ ਵਿਚ ਕੁੱਦ ਪਈ। ਅੱਜਕੱਲ੍ਹ ਇਹ ਕੁੜੀ ਅਮਰੀਕੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ 86 ਸਾਲ ਦੀ ਸਜ਼ਾ ਮਿਲੀ ਹੋਈ ਹੈ। ਲੇਖਕ ਹਰਮਹਿੰਦਰ ਚਾਹਲ ਨੇ ਆਫੀਆ ਦੀ ਇਸ ਕਹਾਣੀ ਦੇ ਬਹਾਨੇ ਉਸ ਉਬਾਲੇ ਮਾਰਦੇ ਵਕਤ ਦੀ ਬਾਤ ਪਾਈ ਹੈ ਜਦੋਂ ਆਲਾ-ਦੁਆਲਾ ਬਹੁਤ ਤੇਜ਼ੀ ਨਾਲ ਕਰਵਟਾਂ ਲੈ ਰਿਹਾ ਸੀ ਅਤੇ ਮਾਸੂਮ ਜਿੰਦਾਂ ਇਨ੍ਹਾਂ ਕਰਵਟਾਂ ਦੇ ਰੂ-ਬ-ਰੂ ਹੋ ਰਹੀਆਂ ਸਨ। ਹਰਮਹਿੰਦਰ ਚਹਿਲ ਦੀ ਇਹ ਲੰਮੀ ਰਚਨਾ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਲੜੀਵਾਰ ਪ੍ਰਕਾਸ਼ਤ ਕਰ ਰਹੇ ਹਾਂ। -ਸੰਪਾਦਕ

ਤੁਸੀਂ ਪੜ੍ਹ ਚੁਕੇ ਹੋæææ
ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ ਵਿਚ 17 ਜੁਲਾਈ 2008 ਨੂੰ ਗ੍ਰਿਫਤਾਰ ਹੋਈ ਮੁਟਿਆਰ ਆਫੀਆ ਸਦੀਕੀ ਸੀ। ਪਾਕਿਸਤਾਨ ‘ਚ ਰਹਿੰਦਿਆਂ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਆਫੀਆ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ ਸੀ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਮੁੱਖ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। ਇਨ੍ਹਾਂ ਨੇ 26 ਫਰਵਰੀ 1993 ਨੂੰ ਵਰਲਡ ਟਰੇਡ ਸੈਂਟਰ ਦੀ ਪਾਰਕਿੰਗ ਵਿਚ ਧਮਾਕਾ ਕੀਤਾ। ਛੇਤੀ ਹੀ ਧਮਾਕੇ ਦਾ ਮੁੱਖ ਸੂਤਰਦਾਰ ਸ਼ੇਖ ਉਮਰ ਅਬਦੁਲ ਰਹਿਮਾਨ ਫੜਿਆ ਗਿਆ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਸੁਣਨ ਵਾਲੇ ਅਸ਼-ਅਸ਼ ਕਰ ਉਠੇ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239
ਸਾਲ 1994 ਚੜ੍ਹੇ ਨੂੰ ਤਿੰਨ ਹਫਤੇ ਹੋ ਚੁੱਕੇ ਸਨ। ਰਾਤ ਭਰ ਬਰਫਬਾਰੀ ਹੁੰਦੀ ਰਹੀ ਸੀ। ਆਫੀਆ ਗੂੜ੍ਹੀ ਨੀਂਦ ਸੁੱਤੀ ਹੋਈ ਸੀ ਜਦੋਂ ਉਸ ਦੇ ਸੈਲ ਫੋਨ ਦੀ ਘੰਟੀ ਵੱਜੀ। ਉਸ ਨੇ ਸੈਲ ਫੋਨ ਆਨ ਕਰਦਿਆਂ ਅਲਸਾਈ ਜਿਹੀ ‘ਹੈਲੋ’ ਕਹੀ। ਦੂਜੇ ਪਾਸੇ ਮਾਰਲਿਨ ਬੋਲ ਰਹੀ ਸੀ। ਉਸ ਨੇ ਇੰਨਾ ਕਹਿ ਕੇ ਫੋਨ ਕੱਟ ਦਿੱਤਾ ਕਿ ਉਹ ਉਸ ਨੂੰ ਇੱਕ ਘੰਟੇ ਬਾਅਦ ਲੈਣ ਆ ਰਹੀ ਹੈ, ਤਿਆਰ ਰਹੇ। ਆਫੀਆ ਨੇ ਹੌਲੀ ਹੌਲੀ ਬਿਸਤਰ ਛੱਡਿਆ ਤੇ ਉਠ ਕੇ ਕਮਰੇ ‘ਚੋਂ ਬਾਹਰ ਆ ਗਈ। ਉਸ ਨੇ ਖਿੜਕੀ ਦਾ ਪਰਦਾ ਚੁੱਕ ਕੇ ਬਾਹਰ ਨਿਗ੍ਹਾ ਮਾਰੀ। ਸੂਰਜ ਦੀਆਂ ਤੇਜ਼ ਕਿਰਨਾਂ ਉਸ ਦੀਆਂ ਅੱਖਾਂ ਚੁੰਧਿਆ ਗਈਆਂ। ਰਾਤ ਭਾਵੇਂ ਬਰਫ ਪੈਂਦੀ ਰਹੀ ਸੀ, ਪਰ ਇਸ ਵੇਲੇ ਸੂਰਜ ਨਿਕਲਿਆ ਹੋਇਆ ਸੀ। ਬਰਫ ਉਤੇ ਪੈਂਦੀ ਧੁੱਪ ਦੀ ਲਿਸ਼ਕੋਰ ਅੱਖਾਂ ‘ਚ ਚੁੱਭ ਰਹੀ ਸੀ। ਉਹ ਪਰਦਾ ਲਟਕਾਉਂਦੀ ਵਾਪਸ ਕਮਰੇ ‘ਚ ਆ ਗਈ, ਫਿਰ ਤਿਆਰ ਹੋਣ ਲੱਗੀ। ਤਿਆਰ ਹੋ ਕੇ ਉਸ ਨੇ ਆਪਣਾ ਬੈਗ ਚੁੱਕਿਆ ਤੇ ਲੰਬਾ ਕੋਟ ਪਹਿਨਦੀ ਹੇਠਾਂ ਆ ਗਈ। ਉਸ ਦੇ ਹੇਠਾਂ ਪੁੱਜਣ ਦੇ ਦੋ ਕੁ ਮਿੰਟ ਪਿੱਛੋਂ ਹੀ ਮਾਰਲਿਨ ਆ ਗਈ। ਆਫੀਆ ਤਾਕੀ ਖੋਲ੍ਹ ਕੇ ਕਾਰ ‘ਚ ਬੈਠੀ ਤੇ ਮਾਰਲਿਨ ਨੇ ਕਾਰ ਤੋਰ ਲਈ। ਵੀਹ ਮਿੰਟਾਂ ‘ਚ ਉਹ ਉਸ ਦੇ ਅਪਾਰਟਮੈਂਟ ਪਹੁੰਚ ਗਈਆਂ। ਦਰਵਾਜ਼ਾ ਖੋਲ੍ਹਦਿਆਂ ਹੀ ਆਫੀਆ ਨੇ ਵੇਖਿਆ ਕਿ ਸਾਹਮਣੇ ਸੁਲੇਮਾਨ ਅਹਿਮਰ ਬੈਠਾ ਸੀ। ਦੋਹਾਂ ਨੇ ਇੱਕ ਦੂਜੇ ਨੂੰ ਆਦਾਬ ਕਹੀ। ਉਹ ਪਹਿਲਾਂ ਮਿਲ ਚੁੱਕੇ ਸਨ। ਸੁਲੇਮਾਨ ਅਹਿਮਰ, ਬੈਨੇਵੋਲੈਂਸ ਇੰਟਰਨੈਸ਼ਨਲ ਦਾ ਡਾਇਰੈਕਟਰ ਸੀ। ਉਸ ਨੇ ਪਹਿਲੀ ਮੁਲਾਕਾਤ ਵਿਚ ਹੀ ਆਫੀਆ ਨੂੰ ਦੱਸ ਦਿੱਤਾ ਸੀ ਕਿ ਉਹ ਜਹਾਦ ਵੱਲ ਕਿਵੇਂ ਉਲਾਰ ਹੋਇਆ। ਉਸ ਨੇ ਦੱਸਿਆ ਸੀ ਕਿ ਉਹ ਅਤੇ ਕੁਝ ਹੋਰ ਦੋਸਤ ਜੋ ਸਾਰੇ ਨਬਰਾਸਕਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਟੂਰ ਲਾਉਣ ਕਰੋਸ਼ੀਆ ਗਏ ਸਨ। ਉਥੇ ਉਨ੍ਹਾਂ ਨੂੰ ਜਹਾਦੀਆਂ ਨੇ ਅਗਵਾ ਕਰ ਲਿਆ ਸੀ। ਕੁਝ ਦਿਨ ਉਨ੍ਹਾਂ ਨੂੰ ਕੈਦ ਰੱਖ ਕੇ ਛੱਡ ਦਿੱਤਾ ਗਿਆ, ਪਰ ਜੋ ਕੁਝ ਉਸ ਨੇ ਇਸ ਬੰਦੀ ਦਿਨਾਂ ਦੌਰਾਨ ਜਹਾਦ ਬਾਰੇ ਸੁਣਿਆ, ਉਸ ਨੇ ਉਸ ਦੇ ਦਿਲ ਵਿਚ ਜਹਾਦ ਪ੍ਰਤੀ ਹਮਦਰਦੀ ਭਰ ਦਿੱਤੀ। ਬਾਹਰ ਆ ਕੇ ਉਸ ਨੇ ਹੋਰ ਪੜਤਾਲ ਕੀਤੀ ਤਾਂ ਉਸ ਨੂੰ ਲੱਗਿਆ ਕਿ ਉਸ ਦਾ ਅਸਲੀ ਕੰਮ ਜਹਾਦ ਹੀ ਹੈ। ਫਿਰ ਉਹ ਛੋਟੇ ਸਰਕਲਾਂ ਵਿਚ ਵਿਚਰਦਾ ਇਸ ਜਥੇਬੰਦੀ ਦੇ ਡਾਇਰੈਕਟਰ ਦੇ ਅਹੁਦੇ ‘ਤੇ ਆ ਪਹੁੰਚਿਆ। ਅੱਜ ਉਹ ਇਥੇ ਬੈਨੇਵੋਲੈਂਸ ਦੀ ਬਰਾਂਚ ਬਣਾਉਣ ਆਇਆ ਸੀ।
“ਆਫੀਆ ਕਿਵੇਂ ਫਿਰ ਅੱਜ ਦੀ ਮੀਟਿੰਗ ਦੀ ਮੁਕੰਮਲ ਤਿਆਰੀ ਹੋ ਚੁੱਕੀ ਐ?”
“ਹਾਂ ਬਿਲਕੁਲ। ਸਭ ਤਿਆਰੀਆਂ ਹੋ ਚੁੱਕੀਆਂ ਨੇ। ਮੀਟਿੰਗ ਸਹੀ ਟਾਈਮ ‘ਤੇ ਸ਼ੁਰੂ ਹੋਵੇਗੀ।”
ਸਾਰਾ ਦਿਨ ਉਹ ਮੀਟਿੰਗ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹੇ। ਇਹ ਕੋਈ ਛੋਟੀ-ਮੋਟੀ ਮੀਟਿੰਗ ਨਹੀਂ ਸੀ। ਬੈਨੇਵੋਲੈਂਸ ਬਹੁਤ ਵੱਡੀ ਜਥੇਬੰਦੀ ਸੀ ਜਿਸ ਦਾ ਕੰਮ ਭਾਵੇਂ ਚੈਰਿਟੀ ਹੀ ਦੱਸਿਆ ਜਾਂਦਾ ਸੀ ਪਰ ਅਸਲ ਵਿਚ ਇਹ ਅਲ-ਕਾਇਦਾ ਨਾਲ ਜੁੜੀ ਹੋਈ ਸੀ। ਅਲ-ਕਾਇਦਾ ਲਈ ਬਹੁਤ ਸਾਰਾ ਫੰਡ ਇਸੇ ਜਥੇਬੰਦੀ ਰਾਹੀਂ ਇਕੱਠਾ ਹੁੰਦਾ ਸੀ। ਸ਼ਾਮ ਵੇਲੇ ਮੀਟਿੰਗ ਹੋਈ ਤਾਂ ਆਫੀਆ ਹੈਰਾਨ ਰਹਿ ਗਈ। ਇਤਨਾ ਜੋਸ਼ ਉਸ ਨੇ ਕਿਸੇ ਵੀ ਮੀਟਿੰਗ ਵਿਚ ਨਹੀਂ ਵੇਖਿਆ ਸੀ। ਇਸ ਤੋਂ ਬਿਨਾਂ ਬਹੁਤ ਵੱਡੇ-ਵੱਡੇ ਜਹਾਦੀ ਪਹੁੰਚੇ ਹੋਏ ਸਨ। ਆਫੀਆ ਨੇ ਇਸ ਤੋਂ ਪਹਿਲਾਂ ਇਨ੍ਹਾਂ ਦੇ ਸਿਰਫ ਨਾਂ ਹੀ ਸੁਣੇ ਸਨ। ਸੁਲੇਮਾਨ ਨੇ ਬਹੁਤ ਅਸਰਦਾਰ ਤਕਰੀਰ ਕੀਤੀ। ਆਫੀਆ ਨੂੰ ਵੀ ਬੋਲਣ ਦਾ ਮੌਕਾ ਮਿਲਿਆ। ਉਸ ਨੇ ਇਸ ਮੌਕੇ ਦਾ ਇੰਨਾ ਵਧੀਆ ਇਸਤੇਮਾਲ ਕੀਤਾ ਕਿ ਸਾਰੇ ਹੈਰਾਨ ਰਹਿ ਗਏ। ਉਸ ਦੀ ਤਕਰੀਰ ਇੰਨੀ ਅਸਰਦਾਰ ਸੀ ਕਿ ਮੈਂਬਰਾਂ ਦੇ ਦੰਦ ਜੁੜ ਗਏ। ਹਰ ਇੱਕ ਨੂੰ ਲੱਗਿਆ ਕਿ ਇੰਨੀ ਜੋਸ਼ੀਲੀ ਕੁੜੀ ਜਹਾਦ ਵਿਚ ਪਹਿਲਾਂ ਕਦੇ ਨਹੀਂ ਵੇਖੀ। ਉਸ ਨੇ ਸਾਰਿਆਂ ਵੱਲ ਝਾਕਦਿਆਂ ਕਿਹਾ, ਕਿੱਧਰ ਗਿਆ ਮੁਸਲਿਮ ਮਰਦ ਅੱਜ ਦੇ ਦਿਨਾਂ ਵਿਚ? ਕਿੱਧਰ ਗਈ ਉਸ ਦੀ ਅਣਖ, ਕਿ ਬੋਸਨੀਆ ‘ਚ ਸਾਡੀਆਂ ਧੀਆਂ ਭੈਣਾਂ ਦਾ ਰਿਹਾ ਕੱਖ ਨਹੀਂ, ਤੇ ਤੁਹਾਡੇ ਕੰਨ ‘ਤੇ ਜੂੰ ਨਹੀਂ ਸਰਕੀ? ਉਸ ਨੇ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ-ਮੈਂ ਸਟੇਜ ‘ਤੇ ਕਿਉਂ ਖੜ੍ਹੀ ਹਾਂ? ਇੱਥੇ ਤਾਂ ਕਿਸੇ ਮਰਦ ਨੂੰ ਹੋਣਾ ਚਾਹੀਦਾ ਹੈ। ਉਸ ਦੀਆਂ ਗੱਲਾਂ ਦਾ ਇੰਨਾ ਅਸਰ ਹੋਇਆ ਕਿ ਬਹੁਤ ਸਾਰੇ ਮੁੰਡਿਆਂ ਨੇ ਜਹਾਦ ਲਈ ਆਪਣੇ ਨਾਂ ਲਿਖਾ ਦਿੱਤੇ।
ਵਾਪਸ ਮੁੜਦਿਆਂ ਸੁਲੇਮਾਨ ਨੇ ਗੱਲ ਸ਼ੁਰੂ ਕੀਤੀ, “ਆਫੀਆ ਇਸ ਜਥੇਬੰਦੀ ਦਾ ਪ੍ਰਧਾਨ ਮੈਨੂੰ ਨ੍ਹੀਂ, ਬਲਕਿ ਤੈਨੂੰ ਹੋਣਾ ਚਾਹੀਦਾ ਐ ਪਰæææ।” ਅਗਾਂਹ ਉਹ ਕੁਝ ਕਹਿੰਦਾ ਕਹਿੰਦਾ ਚੁੱਪ ਕਰ ਗਿਆ। ਉਹ ਕਹਿਣਾ ਚਾਹ ਰਿਹਾ ਸੀ ਕਿ ਇਸਲਾਮ ਮੁਤਾਬਕ ਮਰਦ ਜਥੇਬੰਦੀ ਦਾ ਮੁਖੀ ਮਰਦ ਹੀ ਹੋ ਸਕਦਾ ਹੈ। ਉਸ ਨੂੰ ਚੁੱਪ ਹੋਇਆ ਵੇਖ ਕੇ ਆਫੀਆ ਬੋਲੀ, “ਮੈਂ ਤੇਰੀ ਗੱਲ ਸਮਝ ਗਈ ਆਂ ਪਰ ਮੈਂ ਇਸ ਗੱਲ ਦੇ ਹੱਕ ‘ਚ ਆਂ ਕਿ ਇਸਲਾਮ ਨੇ ਔਰਤ ਦਾ ਜੋ ਵੀ ਰੁਤਬਾ ਰੱਖਿਆ ਐ, ਉਹ ਠੀਕ ਐ। ਮੈਂ ਜਿਸ ਅਹੁਦੇ ‘ਤੇ ਕੰਮ ਕਰ ਰਹੀ ਆਂ, ਇਹ ਠੀਕ ਐ। ਬੱਸ ਕੰਮ ਚੱਲਦਾ ਰਹਿਣਾ ਚਾਹੀਦਾ ਐ।”
“ਆਫੀਆ, ਤੂੰ ਕਾਮੀਲਾ ਦੀ ਗੱਲ ਸੁਣੀ ਐਂ?” ਸੁਲੇਮਾਨ ਨੇ ਗੱਲ ਬਦਲੀ।
“ਕਾਮੀਲਾ ਕੌਣ?”
“ਇਹ ਨਵੀਂ ਵਾਪਰੀ ਘਟਨਾ ਐਂ, ਇਸ ਕਰ ਕੇ ਤੈਨੂੰ ਪਤਾ ਨ੍ਹੀਂ ਹੋਣਾ। ਕਾਮੀਲਾ ਜਹਾਦੀ ਕੁੜੀ ਐ ਜਿਹੜੀ ਇੰਗਲੈਂਡ ‘ਚ ਜੰਮੀ ਪਲੀ ਸੀ। ਉਹ ਆਪਣੇ ਬਲਬੂਤੇ ਹੀ ਬੋਸਨੀਆ ਚਲੀ ਗਈ ਤੇ ਜਹਾਦੀ ਗਰੁਪਾਂ ‘ਚ ਰਲ ਗਈ। ਲੜਾਈ ‘ਚ ਉਸ ਨੇ ਕਾਫਿਰਾਂ ਦੇ ਆਹੂ ਲਾਹ ਦਿੱਤੇ। ਉਸ ਦੀ ਬਹਾਦਰੀ ਦੀਆਂ ਕਹਾਣੀਆਂ ਨਾਲ ਇੰਟਰਨੈਟ ਭਰਿਆ ਪਿਐ।”
“ਅੱਛਾ ਕੁੜੀ ਹੋ ਕੇ ਉਸ ਨੀ ਇਤਨੀ ਬਹਾਦਰੀ ਕੀਤੀ ਐ। ਇਹ ਤਾਂ ਬਹੁਤ ਵੱਡੀ ਗੱਲ ਐ।”
ਆਫੀਆ ਉਸ ਦੀ ਗੱਲ ਸੁਣ ਕੇ ਆਪਣੇ ਆਪ ‘ਚ ਮਗਨ ਹੋ ਗਈ। ਖਿਆਲ ‘ਚ ਗੁਆਚੀ ਆਫੀਆ, ਕਾਮੀਲਾ ਦੀ ਥਾਂ ਆਪਣੇ ਆਪ ਨੂੰ ਵੇਖ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਬੋਸਨੀਆ ਵਿਚ ਕਾਮੀਲਾ ਨਹੀਂ, ਉਹ ਖੁਦ ਗਈ ਹੋਵੇ। ਦੁਸ਼ਮਣਾਂ ਦੇ ਆਹੂ ਕਾਮੀਲਾ ਨੇ ਨਹੀਂ, ਬਲਕਿ ਉਸ ਨੇ ਲਾਹੇ ਹੋਣ। ਉਸ ਦੀ ਸੋਚਾਂ ਦੀ ਲੜੀ ਟੁੱਟ ਗਈ ਜਦੋਂ ਸੁਲੇਮਾਨ ਦੀ ਆਵਾਜ਼ ਉਸ ਦੇ ਕੰਨੀ ਪਈ, “ਪਰæææ।”
“ਹੈਂ! ਪਰ ਕੀ?” ਆਫੀਆ ਖਿਆਲਾਂ ‘ਚੋਂ ਨਿਕਲਦੀ ਹੈਰਾਨੀ ਨਾਲ ਉਸ ਵੱਲ ਝਾਕੀ।
“ਉਸ ਬਾਰੇ ਵੱਡੇ ਮਜ਼ਹਬੀ ਲੀਡਰ ਇਸ ਗੱਲੋਂ ਨਾਰਾਜ਼ ਨੇ ਕਿ ਉਹ ਔਰਤ ਹੋ ਕੇ ਇਕੱਲੀ ਘਰੋਂ ਬਾਹਰ ਗਈ। ਮੇਰਾ ਮਤਲਬ ਅਜਿਹੇ ਵੇਲੇ ਉਸ ਨਾਲ ਉਸ ਦਾ ਮਹਿਰਮ ਹੋਣਾ ਚਾਹੀਦਾ ਐ। ਇਸਲਾਮ ਮੁਤਾਬਕ ਜੇ ਕੋਈ ਔਰਤ ਜਹਾਦ ‘ਚ ਹਿੱਸਾ ਲੈਂਦੀ ਐ ਤਾਂ ਉਹ ਘਰ ਵਾਲੇ ਤੋਂ ਬਿਨਾਂ ਇਹ ਕੰਮ ਨ੍ਹੀਂ ਕਰ ਸਕਦੀ।”
“ਇਹ ਗੱਲ ਤਾਂ ਬਿਲਕੁਲ ਠੀਕ ਐ।”
“ਮੇਰਾ ਖਿਆਲ ਐ, ਤੁਸੀਂ ਜਹਾਦੀ ਵੈਬ ਸਾਈਟ ‘ਤੇ ਅੱਜ ਦੀ ਖ਼ਬਰ ਨ੍ਹੀਂ ਪੜ੍ਹੀ।” ਹੁਣ ਤੱਕ ਚੁੱਪ ਬੈਠੀ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਮਾਰਲਿਨ ਬੋਲੀ।
“ਕਿਉਂ, ਕੀ ਖ਼ਬਰ ਐ ਅੱਜ ਦੀ?”
“ਉਸ ਲੜਕੀ ਨੇ ਸੁਡਾਨ ਦੇ ਕਿਸੇ ਜਹਾਦੀ ਨਾਲ ਨਿਕਾਹ ਕਰ ਲਿਆ ਐ। ਹੁਣ ਉਹ ਦੋਨੋਂ ਮੀਆਂ ਬੀਵੀ ਮੁਹਾਜ਼ ‘ਤੇ ਲੜ ਰਹੇ ਨੇ।”
“ਇਹ ਨੇ ਫਿਰ ਸੱਚੇ ਜਹਾਦੀ ਜਿਹੜੇ ਸਹੀ ਢੰਗ ਨਾਲ ਇਸਲਾਮ ਦੀ ਪਾਲਣਾ ਕਰ ਰਹੇ ਨੇ। ਕਾਸ਼ ਕਿæææ।” ਆਫੀਆ ਗੱਲ ਵਿਚਕਾਰ ਛੱਡਦੀ ਚੁੱਪ ਹੋ ਗਈ। ਹੁਣ ਉਸ ਨੂੰ ਖਿਆਲ ਆਇਆ ਕਿ ਕਾਸ਼! ਉਹ ਵੀ ਘਰ ਵਾਲੇ ਨਾਲ ਜਹਾਦ ਲੜ ਰਹੀ ਹੋਵੇ। ਰਸਤੇ ਵਿਚ ਉਸ ਨੂੰ ਉਤਾਰ ਕੇ ਮਾਰਲਿਨ ਅਤੇ ਸੁਲੇਮਾਨ ਅਗਾਂਹ ਲੰਘ ਗਏ। ਆਫੀਆ ਦੇ ਖਿਆਲਾਂ ਵਿਚ ਕਾਮੀਲਾ ਹੀ ਘੁੰਮ ਰਹੀ ਸੀ। ਇਹੀ ਨਹੀਂ, ਉਸ ਨੂੰ ਰਾਤ ਨੂੰ ਨੀਂਦ ਵੀ ਨਾ ਆਈ। ਸਾਰੀ ਰਾਤ ਉਹ ਇਸੇ ਖਿਆਲ ਨਾਲ ਗੁੱਥਮ-ਗੁੱਥਾ ਹੁੰਦੀ ਰਹੀ ਕਿ ਕਾਸ਼! ਉਹ ਕਿਸੇ ਅਜਿਹੇ ਬੰਦੇ ਨਾਲ ਨਿਕਾਹ ਕਰਵਾਏ ਜੋ ਜਹਾਦ ਲੜ ਰਿਹਾ ਹੋਵੇ ਜਾਂ ਲੋੜ ਪੈਣ ‘ਤੇ ਜਹਾਦ ਵਿਚ ਜਾਵੇ। ਦਿਨ ਚੜ੍ਹਦੇ ਤੱਕ ਉਸ ਨੇ ਆਪਣੇ ਆਪ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਅਜਿਹੇ ਹੀ ਕਿਸੇ ਮੁੰਡੇ ਨਾਲ ਨਿਕਾਹ ਕਰਵਾਏਗੀ ਜੋ ਉਸ ਦੀ ਇਹ ਸੋਚ ਪੂਰੀ ਕਰਦਾ ਹੋਵੇ।
ਆਫੀਆ ਨੇ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰ ਲਈ ਸੀ। ਉਸ ਨੇ ਬਹੁਤ ਉਚੇ ਨੰਬਰਾਂ ‘ਚ ਪੜ੍ਹਾਈ ਖਤਮ ਕੀਤੀ ਸੀ। ਸਾਲ 1995 ਦੇ ਜਨਵਰੀ ਮਹੀਨੇ ਉਸ ਦੇ ਅੰਮੀ ਅੱਬਾ ਉਸ ਦੀ ਗਰੈਜੂਏਸ਼ਨ ‘ਤੇ ਆਏ। ਗਰੈਜੂਏਸ਼ਨ ਦੀ ਪਾਰਟੀ ਪਿੱਛੋਂ ਅੰਮੀ ਅੱਬਾ ਨਾਲ ਉਹ ਅਪਾਰਟਮੈਂਟ ਆਈ ਤਾਂ ਉਸ ਦੀ ਅੰਮੀ ਨੇ ਗੱਲ ਛੇੜੀ।
“ਆਫੀਆ ਅਸੀਂ ਤੇਰੇ ਨਿਕਾਹ ਬਾਰੇ ਸੋਚ ਰਹੇ ਆਂ।”
ਇਸਮਤ ਦੀ ਇਹ ਗੱਲ ਸੁਣ ਕੇ ਆਫੀਆ ਦੀ ਖੁਸ਼ੀ ਦੀ ਹੱਦ ਨਾ ਰਹੀ; ਕਿਉਂਕਿ ਜਦੋਂ ਦੇ ਉਸ ਦੇ ਅੰਮੀ ਅੱਬਾ ਆਏ ਸਨ, ਉਦੋਂ ਤੋਂ ਉਹ ਮੌਕਾ ਲੱਭ ਰਹੀ ਸੀ ਕਿ ਕਿਸੇ ਵੇਲੇ ਉਹ ਅੰਮੀ ਨਾਲ ਗੱਲ ਛੇੜੇ ਤੇ ਆਪਣੇ ਦਿਲ ਦੀ ਖਾਹਿਸ਼ ਦੱਸੇ। ਹੁਣ ਉਸ ਦੇ ਮਨ ਦੀ ਹੋ ਗਈ ਜਦੋਂ ਅੰਮੀ ਨੇ ਆਪੇ ਹੀ ਗੱਲ ਛੇੜ ਲਈ।
“ਅੰਮੀ, ਉਸ ਤੋਂ ਪਹਿਲਾਂ ਮੈਂ ਕੁਛ ਕਹਿਣਾ ਚਾਹੁੰਨੀ ਆਂ।”
“ਹਾਂ ਬੋਲ।”
“ਅੰਮੀ ਮੇਰੀ ਦਿਲੀ ਇੱਛਾ ਐ ਕਿ ਮੈਂ ਕਿਸੇ ਅਜਿਹੇ ਮੁੰਡੇ ਨਾਲ ਨਿਕਾਹ ਕਰਵਾਵਾਂ ਜੋ ਕਿ ਕਿਧਰੇ ਜਹਾਦ ਲੜ ਰਿਹਾ ਹੋਵੇ।”
“ਆਫੀਆ ਤੇਰੀ ਮੱਤ ਤਾਂ ਨ੍ਹੀਂ ਮਾਰੀ ਗਈ। ਮੈਂ ਤੈਨੂੰ ਕੀ ਕਹਿ ਕੇ ਤੋਰਿਆ ਸੀ?” ਇਮਸਤ ਗੁੱਸੇ ‘ਚ ਉਸ ਨੂੰ ਭੱਜ ਕੇ ਪਈ। ਭਵਾਂ ਸਕੋੜਦੀ ਉਹ ਕੁਛ ਪਲ ਆਫੀਆ ਵੱਲ ਵੇਖਦੀ ਰਹੀ ਤੇ ਫਿਰ ਸਖਤ ਆਵਾਜ਼ ਵਿਚ ਦੁਬਾਰਾ ਬੋਲਣ ਲੱਗੀ, “ਮੈਂ ਤੈਨੂੰ ਕਈ ਵਾਰ ਕਹਿ ਚੁੱਕੀ ਆਂ ਕਿ ਇਹ ਕੰਮ ਚੈਰਿਟੀ ਤੱਕ ਤਾਂ ਠੀਕ ਐ, ਪਰ ਉਸ ਤੋਂ ਅੱਗੇ ਨ੍ਹੀਂ। ਤੇਰਾ ਅਸਲ ਮੈਦਾਨ ਤਾਂ ਸਿਆਸਤ ਐ। ਪਾਕਿਸਤਾਨ ਦੀ ਸਿਆਸਤ ਤੈਨੂੰ ‘ਵਾਜਾਂ ਮਾਰ ਰਹੀ ਐ। ਤੂੰ ਐਂ ਕਿ ਪਤਾ ਨ੍ਹੀਂ ਕੀ ਪੁੱਠਾ ਸਿੱਧਾ ਸੋਚਦੀ ਰਹਿੰਨੀ ਐਂ। ਜੇ ਇਹ ਗੱਲ ਤੇਰੇ ਅੱਬੂ ਨੇ ਸੁਣ ਲਈ ਤਾਂ ਕਹਿਰ ਹੋਜੂਗਾ।”
“ਪਰ ਅੰਮੀ ਮੇਰਾ ਮਜ਼ਹਬ ਮੈਨੂੰ ਇਜਾਜ਼ਤ ਦਿੰਦਾ ਐ ਕਿ ਜੇ ਮੈਨੂੰ ਚੰਗਾ ਨਾ ਲੱਗੇ ਤਾਂ ਮੈਂ ਨਿਕਾਹ ਤੋਂ ਇਨਕਾਰ ਕਰ ਸਕਦੀ ਆਂ।”
“ਪਰ ਇਸ ਵਿਚ ਚੰਗਾ ਜਾਂ ਮਾੜਾ ਲੱਗਣ ਵਾਲੀ ਕੀ ਗੱਲ ਐ। ਮੈਂ ਤੈਨੂੰ ਅਜੇ ਦੱਸਿਆ ਵੀ ਨ੍ਹੀਂ ਕਿ ਤੇਰੀ ਮੰਗਣੀ ਕਿਸ ਨਾਲ ਕਰਨ ਦੀ ਸੋਚ ਰਹੇ ਆਂ। ਨਾਲੇ ਮਜ਼ਹਬ ਇਹ ਵੀ ਤਾਂ ਕਹਿੰਦਾ ਐ ਕਿ ਬੱਚੇ ਨੂੰ ਮਾਪਿਆਂ ਦੀ ਗੱਲ ਮੰਨਣੀ ਚਾਹੀਦੀ ਐ। ਤੂੰ ਪਹਿਲਾਂ ਪੂਰੀ ਗੱਲ ਸੁਣ ਲੈ।”
“ਹੂੰ, ਦੱਸੋ।” ਆਫੀਆ ਨੇ ਮਨ ‘ਚ ਸੋਚਿਆ ਕਿ ਇੱਥੇ ਸਿੱਧੇ ਢੰਗ ਨਾਲ ਗੱਲ ਕਰਨ ਨਾਲ ਗੱਲ ਨ੍ਹੀਂ ਬਣਨੀ। ਉਹ ਅੰਮੀ ਅੱਬਾ ਦੀ ਗੱਲ ਦਾ ਜਵਾਬ ਨਹੀਂ ਦੇ ਸਕੇਗੀ। ਉਸ ਨੇ ਕਿਸੇ ਹੋਰ ਢੰਗ ਨਾਲ ਗੱਲ ਆਪਣੇ ਹੱਕ ‘ਚ ਰੱਖਣ ਦਾ ਫੈਸਲਾ ਕਰ ਲਿਆ।
“ਤੈਨੂੰ ਯਾਦ ਹੋਣਾ ਐਂ ਕਿ ਜਦੋਂ ਪਿਛਲੀ ਵਾਰ ਤੂੰ ਪਾਕਿਸਤਾਨ ਆਈ ਸੀ ਤਾਂ ਉਥੇ ਇੱਕ ਜਾਹਿਰਾ ਖਾਂ ਨਾਂ ਦੀ ਔਰਤ ਨੇ ਤੇਰੀ ਤਕਰੀਰ ਸੁਣੀ ਸੀ। ਪਿੱਛੋਂ ਉਸ ਦਾ ਮੁੰਡਾ ਅਮਜਦ ਤੈਨੂੰ ਘਰ ਤੱਕ ਛੱਡਣ ਵੀ ਆਇਆ ਸੀ। ਉਸੇ ਮੁੰਡੇ ਨਾਲ ਤੇਰੀ ਮੰਗਣੀ ਦੀ ਗੱਲ ਚੱਲ ਰਹੀ ਐ। ਉਹ ਇਸੇ ਸਾਲ ਆਗਾ ਖਾਂ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਰਿਹਾ ਐ। ਫਿਰ ਉਹ ਅਨੈਸਥੀਸਿਆਲੋਜੀ ਦੀ ਉਚੇਰੀ ਪੜ੍ਹਾਈ ਕਰਨ ਇੱਥੇ ਅਮਰੀਕਾ ਆ ਰਿਹਾ ਐ। ਸਾਡੇ ਲਈ ਇਹ ਮੁੰਡਾ ਹਰ ਪੱਖੋਂ ਤੇਰੇ ਮੇਚ ਦਾ ਐ। ਤੂੰ ਹੁਣ ਸੋਚ ਕੇ ਆਪਣੀ ਰਾਇ ਦੱਸ।”
ਅੰਮੀ ਦੀ ਗੱਲ ਸੁਣ ਕੇ ਆਫੀਆ ਚੁੱਪ ਹੋ ਗਈ ਤੇ ਮਨ ‘ਚ ਸੋਚਣ ਲੱਗੀ, ‘ਸਿੱਧੇ ਢੰਗ ਨਾਲ ਤਾਂ ਮਾਂ ਨੇ ਜਹਾਦ ਵਾਲੀ ਗੱਲ ਮੰਨਣੀ ਨ੍ਹੀਂ, ਪਰ ਕਈ ਗੱਲਾਂ ਤੋਂ ਇਹ ਮੁੰਡਾ ਮੇਰਾ ਚੰਗਾ ਜੀਵਨ ਸਾਥੀ ਹੋ ਸਕਦਾ ਐ। ਉਹ ਇੱਥੇ ਅਮਰੀਕਾ ਹੋਵੇਗਾ ਤਾਂ ਮੈਂ ਉਸ ਨੂੰ ਜਹਾਦ ਵਿਚ ਹਿੱਸਾ ਲੈਣ ਲਈ ਪਰੇਰ ਲਵਾਂਗੀ। ਇਸ ਤਰ੍ਹਾਂ ਮੇਰਾ ਮਨੋਰਥ ਵੀ ਪੂਰਾ ਹੋ ਜਾਵੇਗਾ ਅਤੇ ਘਰਦਿਆਂ ਦਾ ਵੀ ਮਾਣ ਰਹਿ ਜਾਵੇਗਾ। ਮੈਂ ਤਰੀਕੇ ਨਾਲ ਅੰਮੀ ਨੂੰ ਕਹਿ ਕੇ ਉਸ ਮੁੰਡੇ ਤੋਂ ਜਹਾਦ ਲਈ ਹਾਮੀ ਭਰਵਾ ਲੈਂਦੀ ਆਂ।’ ਮਨ ‘ਚ ਫੈਸਲਾ ਕਰ ਕੇ ਆਫੀਆ ਅੰਮੀ ਨੂੰ ਬੋਲੀ, “ਪਰ ਅੰਮੀ ਮੇਰਾ ਇਹ ਹੱਕ ਐ ਕਿ ਮੈਂ ਆਪਣੇ ਹੋਣ ਵਾਲੇ ਖਾਵੰਦ ਨੂੰ ਪੁੱਛਾਂ ਕਿ ਕੀ ਲੋੜ ਪੈਣ ‘ਤੇ ਉਹ ਜਹਾਦ ਵਿਚ ਹਿੱਸਾ ਲਵੇਗਾ ਜੋ ਹਰ ਮੁਸਲਮਾਨ ਦਾ ਪਹਿਲਾ ਧਰਮ ਐ।”
ਇਸਮਤ ਨੂੰ ਉਸ ਦੀ ਗੱਲ ਕੁਝ ਕੁਝ ਠੀਕ ਲੱਗੀ। ਉਸ ਨੇ ਸੋਚਿਆ ਕਿ ਇਸ ਤਰ੍ਹਾਂ ਪੁੱਛਣ ਵਿਚ ਕੀ ਹਰਜ ਐ। ਇਸ ਤਰ੍ਹਾਂ ਤਾਂ ਹਰ ਮੁਸਲਮਾਨ ਸੋਚਦਾ ਹੈ ਕਿ ਜੇ ਜ਼ਰੂਰਤ ਹੋਵੇਗੀ ਤਾਂ ਉਹ ਜਹਾਦ ਵਿਚ ਹਿੱਸਾ ਜ਼ਰੂਰ ਲਵੇਗਾ। ਨਿਕਾਹ ਵਗੈਰਾ ਵੇਲੇ ਇਹ ਇਕ ਕਿਸਮ ਦੀ ਰਸਮ ਈ ਸਮਝੀ ਜਾਂਦੀ ਹੈ। ਉਸ ਨੇ ਇਸ ਗੱਲ ਬਾਰੇ ਆਫੀਆ ਨੂੰ ਹਾਂ ਕਹਿ ਦਿੱਤੀ ਤੇ ਨਾਲ ਹੀ ਪਿੱਛੇ ਪਾਕਿਸਤਾਨ ਆਪਣੇ ਪਰਿਵਾਰ ਨੂੰ ਖਾਨ ਪਰਿਵਾਰ ਤੱਕ ਇਹ ਗੱਲ ਪਹੁੰਚਾਉਣ ਤੱਕ ਸੁਨੇਹਾ ਭਿਜਵਾ ਦਿੱਤਾ। ਉਧਰ ਖਾਨ ਪਰਿਵਾਰ ਵਾਲੇ ਸੁਨੇਹਾ ਮਿਲਣ ‘ਤੇ ਸਦੀਕੀ ਪਰਿਵਾਰ ਦੇ ਮਜ਼ਹਬੀ ਰਹਿਨੁਮਾ ਮੁਫਤੀ ਸਾਹਿਬ ਨੂੰ ਮਿਲਣ ਗਏ। ਸਾਰੀ ਗੱਲਬਾਤ ਤੋਂ ਪਿੱਛੋਂ ਮੁਫਤੀ ਸਾਹਿਬ ਨੇ ਅਮਜਦ ਨਾਲ ਵੱਖਰੇ ਤੌਰ ‘ਤੇ ਗੱਲ ਕਰਦਿਆਂ ਪੁੱਛਿਆ, “ਬੇਟਾ, ਜੇ ਲੋੜ ਪਵੇ ਤਾਂ ਕੀ ਤੂੰ ਜਹਾਦ ‘ਚ ਹਿੱਸਾ ਲਵੇਂਗਾ?”
“ਜੀ!?” ਅਮਜਦ ਹੈਰਾਨ ਹੋਇਆ। ਉਸ ਨੇ ਸੋਚਿਆ ਕਿ ਉਹ ਡਾਕਟਰ ਹੈ, ਕੋਈ ਫੌਜੀ ਨਹੀਂ। ਫਿਰ ਉਸ ਦੇ ਮਨ ‘ਚ ਖਿਆਲ ਆਇਆ ਕਿ ਮਜ਼ਹਬੀ ਰਹਿਨੁਮਾ ਹੋਣ ਦੇ ਨਾਤੇ ਮੁਫਤੀ ਸਾਹਿਬ ਵਲੋਂ ਇਸ ਤਰ੍ਹਾਂ ਦਾ ਸੁਆਲ ਪੁੱਛਣਾ ਕੁਦਰਤੀ ਹੈ। ਉਸ ਨੇ ਵੀ ਇਸ ਨੂੰ ਰਸਮ ਜਿਹੀ ਸਮਝਦਿਆਂ ਕਿਹਾ, “ਜੀ, ਇੰਸ਼ਾ ਅੱਲਾ! ਜੇ ਖੁਦਾ ਨੇ ਚਾਹਿਆ ਤਾਂ ਅਜਿਹਾ ਹੀ ਹੋਵੇਗਾ।” ਮੀਟਿੰਗ ਖਤਮ ਹੋ ਗਈ। ਇਹ ਗੱਲ ਅਮਰੀਕਾ ਬੈਠੇ ਸਦੀਕੀ ਜੋੜੇ ਰਾਹੀਂ ਆਫੀਆ ਤੱਕ ਪਹੁੰਚ ਗਈ ਕਿ ਹੋਣ ਵਾਲੇ ਲਾੜੇ ਨੇ ਜਹਾਦ ‘ਚ ਹਿੱਸਾ ਲੈਣ ਦੀ ਸਹਿਮਤੀ ਪ੍ਰਗਟਾਈ ਹੈ। ਉਸ ਨੇ ਖੁਸ਼ੀ ਖੁਸ਼ੀ ਰਿਸ਼ਤੇ ਲਈ ‘ਹਾਂ’ ਕਰ ਦਿੱਤੀ। ਸਦੀਕੀ ਪਰਿਵਾਰ ਵਾਪਸ ਪਾਕਿਸਤਾਨ ਚਲਿਆ ਗਿਆ। ਪਿੱਛੋਂ ਇਹ ਨਿਕਾਹ ਫੋਨ ਉਪਰ ਹੀ ਹੋਇਆ।
ਇਸ ਵਿਚਕਾਰ 1993 ‘ਚ ਬੇਨਜ਼ੀਰ ਭੁੱਟੋ ਦੂਜੀ ਵਾਰ ਵਜ਼ੀਰੇ-ਆਜ਼ਮ ਚੁਣੀ ਜਾ ਚੁੱਕੀ ਸੀ। ਸਭ ਨੂੰ ਪਤਾ ਸੀ ਕਿ ਉਹ ਅਮਰੀਕਾ ਪੱਖੀ ਹੈ। ਅਮਰੀਕਾ ਗੌਰਮਿੰਟ ਨੇ ਉਸ ਨੂੰ ਪਹਿਲੀ ਗੱਲ ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਦਹਿਸ਼ਤਪਸੰਦ ਰਮਜ਼ੀ ਯੂਸਫ ਨੂੰ ਫੜਨ ਲਈ ਕਹੀ। ਭੁੱਟੋ ਨੇ ਇਸ ਲਈ ਪੂਰੀ ਮੱਦਦ ਦੇਣ ਦਾ ਭਰੋਸਾ ਦਿੱਤਾ। ਇਸ ਪਿੱਛੋਂ ਕਈ ਵਾਰ ਛਾਪੇ ਮਾਰੇ ਗਏ ਪਰ ਰਮਜ਼ੀ ਯੂਸਫ ਹਰ ਵਾਰੀ ਨਿਕਲ ਜਾਂਦਾ। ਇੱਕ ਦਿਨ ਭੁੱਟੋ ਨੇ ਆਪਣੇ ਖਾਸ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਈæਐਸ਼ਆਈæ ਵਿਚ ਰਮਜ਼ੀ ਦੇ ਖਾਸ ਸੈਲ ਹਨ। ਉਹ ਹਰ ਵਾਰ ਰੇਡ ਹੋਣ ਤੋਂ ਪਹਿਲਾਂ ਹੀ ਉਸ ਨੂੰ ਕੱਢ ਦਿੰਦੇ ਹਨ। ਫਿਰ ਭੁੱਟੋ ਨੇ ਅਜਿਹੀ ਟਾਸਕ ਫੋਰਸ ਬਣਾਈ ਜਿਸ ਦੀ ਉਹ ਖੁਦ ਇੰਚਰਾਜ ਸੀ। ਇਸ ਟਾਸਕ ਫੋਰਸ ਵਿਚ ਸਾਰੇ ਉਸ ਦੇ ਭਰੋਸੇ ਦੇ ਅਫਸਰ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਅਗਲੇ ਹੀ ਮਹੀਨੇ ਰਮਜ਼ੀ ਯੂਸਫ ਫੜਿਆ ਗਿਆ। ਉਸ ਨੂੰ ਗ੍ਰਿਫਤਾਰ ਕਰਦਿਆਂ ਸਾਰ ਅਮਰੀਕਨ ਗੌਰਮਿੰਟ ਉਸ ਨੂੰ ਅਮਰੀਕਾ ਲੈ ਗਈ। ਇਸ ਨਾਲ ਭੁੱਟੋ ਉਤੇ ਬੜੀਆਂ ਤੋਹਮਤਾਂ ਲੱਗੀਆਂ ਕਿ ਉਸ ਨੇ ਮੁਸਲਮਾਨ ਹੋ ਕੇ ਇੱਕ ਮੁਸਲਮਾਨ ਨੂੰ ਕਾਫਰਾਂ ਦੇ ਹਵਾਲੇ ਕਰ ਦਿੱਤਾ ਹੈ ਪਰ ਉਸ ਨੇ ਇਸ ਦੀ ਜ਼ਰਾ ਵੀ ਪ੍ਰਵਾਹ ਨਾ ਕੀਤੀ; ਸਗੋਂ ਇਸ ਪਿੱਛੋਂ ਉਹ ਦਹਿਸ਼ਤਪਸੰਦਾਂ ਮਗਰ ਹੱਥ ਧੋ ਕੇ ਪੈ ਗਈ। ਸਭ ਤੋਂ ਪਹਿਲਾ ਕੰਮ ਉਸ ਨੇ ਆਈæਐਸ਼ਆਈæ ਦੇ ਮੁਖੀ ਅਤੇ ਦਹਿਸ਼ਤਪਸੰਦਾਂ ਦੇ ਕੱਟੜ ਸਮਰਥਕ ਜਾਵੇਦ ਨਾਸਿਰ ਨੂੰ ਅਹੁਦੇ ਤੋਂ ਹਟਾ ਦਿੱਤਾ ਤੇ ਉਸ ਦੀ ਜਗ੍ਹਾ ਆਪਣਾ ਖਾਸ ਬੰਦਾ ਲਾ ਦਿੱਤਾ। ਉਹ ਹੋਰ ਵੀ ਬੜੇ ਕੰਮ ਕਰ ਰਹੀ ਸੀ, ਪਰ ਇਸ ਦਰਮਿਆਨ ਉਸ ਦੀ ਸਰਕਾਰ ਕੁਰੱਪਸ਼ਨ ਦੇ ਚੱਕਰ ‘ਚ ਫਸ ਗਈ ਤੇ ਆਪਣੀ ਮਿਆਦ ਵੀ ਪੂਰੀ ਨਾ ਕਰ ਸਕੀ। ਅਗਲੀਆਂ ਚੋਣਾਂ ਵਿਚ ਭੁੱਟੋ ਦੀ ਪਾਰਟੀ ਹਾਰ ਗਈ ਤੇ ਭੁੱਟੋ ਪੱਕੇ ਤੌਰ ‘ਤੇ ਮੁਲਕ ਛੱਡ ਗਈ।
ਗਰੈਜੂਏਸ਼ਨ ਪੂਰੀ ਹੋਣ ਪਿੱਛੋਂ ਵੀ ਆਫੀਆ ਨੇ ਐਮæਆਈæਟੀæ ਵਿਚ ਆਪਣੀ ਕੰਪਿਊਟਰ ਦੀ ਪਾਰਟ ਟਾਈਮ ਨੌਕਰੀ ਰੱਖੀ ਹੋਈ ਸੀ। ਅੱਜਕੱਲ੍ਹ ਉਸ ਨੂੰ ਮਹਿਸੂਸ ਹੋਣ ਲੱਗਿਆ, ਜਿਵੇਂ ਉਸ ਦਾ ਹਰ ਵਕਤ ਪਿੱਛਾ ਕੀਤਾ ਜਾਂਦਾ ਹੋਵੇ। ਉਸ ਨੇ ਇਸ ਬਾਰੇ ਸੁਹੇਲ ਨਾਲ ਗੱਲ ਕੀਤੀ ਤਾਂ ਸੁਹੇਲ ਨੇ ਦੱਸਿਆ ਕਿ ਐਫ਼ਬੀæਆਈæ ਕੇਅਰ ਬ੍ਰਦਰਜ਼ ਮਗਰ ਪਈ ਹੋਈ ਹੈ ਇਸ ਕਰ ਕੇ ਬਚ ਕੇ ਰਿਹਾ ਜਾਵੇ। ਕੇਅਰ ਬ੍ਰਦਰਜ਼, ਐਮæਐਸ਼ਏæ ਅਤੇ ਹੋਰ ਜਥੇਬੰਦੀਆਂ ਸਹਿਮੀਆਂ ਜਿਹੀਆਂ ਰਹਿਣ ਲੱਗੀਆਂ ਸਨ। ਹਰ ਕਿਸੇ ਨੂੰ ਲੱਗਦਾ ਸੀ ਕਿ ਗੌਰਮਿੰਟ ਉਨ੍ਹਾਂ ਮਗਰ ਘੁੰਮ ਰਹੀ ਹੈ। ਫਿਰ ਉਦੋਂ ਹੀ 19 ਅਪਰੈਲ 1995 ਨੂੰ ਓਕਲਹੋਮਾ ਸਿਟੀ ਦੀ ਮੂਰਾ ਨਾਮੀ ਫੈਡਰਲ ਬਿਲਡਿੰਗ ‘ਚ ਭਿਆਨਕ ਬੰਬ ਧਮਾਕਾ ਹੋ ਗਿਆ ਜਿਸ ਵਿਚ ਸੈਂਕੜੇ ਬੰਦੇ ਮਾਰੇ ਗਏ। ਸਾਰਾ ਅਮਰੀਕਾ ਦਹਿਲ ਗਿਆ।
ਐਫ਼ਬੀæਆਈæ ਨੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਇਸ ਬੰਬ ਧਮਾਕੇ ਦੇ ਸਾਰੇ ਢੰਗ ਤਰੀਕੇ ਉਸ ਬੰਬ ਧਮਾਕੇ ਨਾਲ ਮਿਲਦੇ-ਜੁਲਦੇ ਸਨ ਜੋ ਰਮਜ਼ੀ ਯੂਸਫ ਨੇ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਦੇ ਪਾਰਕਿੰਗ ਲਾਟ ‘ਚ ਕੀਤਾ ਸੀ। ਐਫ਼ਬੀæਆਈæ ਸਾਰੀਆਂ ਮੁਸਲਿਮ ਜਥੇਬੰਦੀਆਂ ਮਗਰ ਹੱਥ ਧੋ ਕੇ ਪੈ ਗਈ। ਖਾਸ ਕਰ ਕੇ ਕੇਅਰ ਬ੍ਰਦਰਜ਼ ਮਗਰ। ਅਗਲੇ ਦਿਨ ਆਫੀਆ ਕੰਮ ‘ਤੇ ਗਈ ਤਾਂ ਉਸ ਨੂੰ ਨਾਲ ਦੇ ਕਾਮੇ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਉਸ ਨੂੰ ਐਫ਼ਬੀæਆਈæ ਵਾਲੇ ਲੱਭਣ ਆਏ ਸਨ। ਆਫੀਆ ਤੁਰੰਤ ਵਾਪਸ ਮੁੜ ਆਈ ਤੇ ਬਾਹਰੋਂ ਹੀ ਕਿਧਰੋਂ ਸ਼ਿਕਾਗੋ ਚਲੀ ਗਈ। ਉਸ ਦੀ ਵੱਡੀ ਭੈਣ ਫੌਜ਼ੀਆ ਕੁਝ ਮਹੀਨੇ ਪਹਿਲਾਂ ਹੀ ਪੜ੍ਹਨ ਲਈ ਸ਼ਿਕਾਗੋ ਆਈ ਸੀ ਤੇ ਉਥੇ ਅਪਾਰਟਮੈਂਟ ਲੈ ਕੇ ਰਹਿੰਦੀ ਸੀ। ਆਫੀਆ ਉਸ ਦੇ ਕੋਲ ਜਾ ਠਹਿਰੀ। ਉਥੇ ਹੀ ਉਸ ਨੂੰ ਇੱਕ ਦਿਨ ਸੁਹੇਲ ਦਾ ਫੋਨ ਆਇਆ। ਅਵਾਜ਼ ਪਛਾਣਦਿਆਂ ਉਹ ਬੋਲਿਆ, “ਆਫੀਆ ਓਕਲਹੋਮਾ ਸਿਟੀ ਬੰਬ ਧਮਾਕੇ ਵਾਲਾ ਬੰਦਾ ਫੜਿਆ ਜਾ ਚੁੱਕਿਆ ਐ।”
“ਅੱਛਾ! ਕੌਣ ਐਂ ਉਹ?”
“ਉਹ ਟਿਮਥੀ ਮੈਕਵੇਅ ਨਾਂ ਦਾ ਕੋਈ ਅਮਰੀਕੀ ਐ।”
“ਅੱਛਾ ਅਮਰੀਕਾ ‘ਚ ਵੀ ਜਹਾਦੀ ਪੈਦਾ ਹੋਣ ਲੱਗ ਪਏ।” ਆਫੀਆ ਹੱਸੀ।
“ਤੂੰ ਇਹ ਗੱਲ ਛੱਡ, ਪਰ ਉਸ ਦੇ ਫੜੇ ਜਾਣ ਨਾਲ ਆਪਾਂ ਨੂੰ ਬੜਾ ਫਾਇਦਾ ਹੋਇਆ ਐ।”
“ਉਹ ਕਿਵੇਂ?”
“ਕਿਉਂਕਿ ਹੁਣ ਤੱਕ ਅਮਰੀਕਨ ਸਰਕਾਰ ਸਮਝਦੀ ਸੀ ਕਿ ਇਹ ਧਮਾਕਾ ਕਿਸੇ ਇਸਲਾਮੀ ਜਹਾਦੀ ਨੇ ਕੀਤਾ ਐ; ਇਸੇ ਕਰ ਕੇ ਆਪਣੀਆਂ ਸਾਰੀਆਂ ਜਥੇਬੰਦੀਆਂ ਮਗਰ ਹੱਥ ਧੋ ਕੇ ਪੈ ਗਈ ਸੀ, ਪਰ ਹੁਣ ਸਭ ਕੁਛ ਬਦਲ ਗਿਐ। ਆਪਣੇ ਵੱਲੋਂ ਉਹ ਪਿੱਛੇ ਹਟ ਗਏ ਨੇ। ਤੂੰ ਚਾਹੇਂ ਤਾਂ ਵਾਪਸ ਆ ਸਕਦੀ ਐਂ। ਉਂਜ ਤੇਰੀ ਮਰਜ਼ੀ ਐ ਪਰ ਜੋ ਵੀ ਤੇਰਾ ਪ੍ਰੋਗਰਾਮ ਬਣੇ, ਮੈਨੂੰ ਦੱਸ ਦੇਵੀਂ।”
ਇਸ ਪਿੱਛੋਂ ਸੁਹੇਲ ਨੇ ਫੋਨ ਕੱਟ ਦਿੱਤਾ ਤੇ ਆਫੀਆ ਦੇ ਸਿਰ ਤੋਂ ਵੀ ਭਾਰ ਲਹਿ ਗਿਆ।
(ਚਲਦਾ)

Be the first to comment

Leave a Reply

Your email address will not be published.