ਅਸ਼ੋਕ ਭੌਰਾ ਤੇ ਉਸ ਦੀ ਕਲਮ

ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਪਰਵਰਦਗਾਰ ਦਾ ਢਾਡੀ ਕਿਹਾ ਹੈ ਜਿਸ ਨੇ ਆਪਣੇ ਗੁਣਾਂ ਦੇ ਗਾਇਨ ਲਈ ਉਨ੍ਹਾਂ ਨੂੰ ਥਾਪਿਆ, ਇਸੇ ਤੋਂ ਸਿੱਖ ਧਰਮ ਵਿਚ ਢਾਡੀ ਪਰੰਪਰਾ ਦੀ ਅਹਿਮੀਅਤ ਦਾ ਪਤਾ ਲਗਦਾ ਹੈ| ਅਸ਼ੋਕ ਭੌਰਾ ਦੀ ਕਲਮ ਵਿਚ ਜਾਦੂ ਹੈ, ਉਹ ਜਿਸ ਵਿਸ਼ੇ ‘ਤੇ ਵੀ ਲਿਖਦਾ ਹੈ, ਕਮਾਲ ਕਰ ਦਿੰਦਾ ਹੈ; ਭਾਵੇਂ ਲਿਖਤ ਆਮ ਚੋਣਾਂ ਬਾਰੇ ਹੋਵੇ, ਪਿੰਡ ਦੀ ਸੱਥ ਜਾਂ ਕਿਸੇ ਕਿਰਦਾਰ ਬਾਰੇ ਹੋਵੇ, ਪੰਜਾਬ ਦੇ ਗਾਇਕਾਂ ਜਾਂ ਫਿਰ ਢਾਡੀ ਪਰੰਪਰਾ ਬਾਰੇ|

ਬਚਪਨ ਤੋਂ ਢਾਡੀ ਦਇਆ ਸਿੰਘ ਦਿਲਬਰ, ਗਿਆਨੀ ਸੋਹਣ ਸਿੰਘ ਸੀਤਲ, ਪਮਾਲ ਵਾਲੇ ਕਵੀਸ਼ਰੀ ਜਥੇ, ਨਰੈਣ ਸਿੰਘ ਟੂਸਿਆਂ ਵਾਲੇ ਨੂੰ ਸੁਣਦੀ ਆਈ ਹਾਂ| ਜੇ ਮੈਂ ਆਪਣੀ ਗੱਲ ਕਰਨੀ ਹੋਵੇ ਤਾਂ ਕਹਾਂਗੀ ਕਿ ਸਿੱਖ ਧਰਮ ਬਾਰੇ ਗੁੜ੍ਹਤੀ ਜਿੱਥੇ ਮੈਨੂੰ ਤੇ ਮੇਰੇ ਭੈਣ-ਭਰਾਵਾਂ ਨੂੰ ਸਾਡੇ ਮਾਂ-ਬਾਪ ਅਤੇ ਮਾਮਾ ਜੀ ਤੋਂ ਮਿਲੀ ਹੈ, ਉਥੇ ਇਸ ਦੇ ਇਤਿਹਾਸ ਬਾਰੇ ਗਿਆਨ, ਸਿੱਖੀ ਦਾ ਜੋਸ਼ ਇਨ੍ਹਾਂ ਢਾਡੀ ਜਥਿਆਂ ਨੂੰ ਸੁਣ ਸੁਣ ਕੇ ਹੀ ਆਇਆ ਹੈ| ਜਦੋਂ ਬਹੁਤ ਛੋਟੀ ਸਾਂ, ਹਾਲੇ ਪੜ੍ਹਨਾ-ਲਿਖਣਾ ਵੀ ਨਹੀਂ ਸੀ ਆਇਆ, ਉਦੋਂ ਸਾਡੇ ਘਰ ਖੇਤੀ ਵਾਸਤੇ ਸਾਧੂ ਸਿੰਘ ਦਾ ਮੁੰਡਾ ਦੇਵ ਸਾਂਝੀ ਹੁੰਦਾ ਸੀ| ਪਿੰਡਾਂ ਵਿਚ ਜੰਮੇ ਪਲੇ ਬਹੁਤਿਆਂ ਨੂੰ ਪਤਾ ਹੀ ਹੋਵੇਗਾ ਕਿ ਬੁਣਕਰ ਬਰਾਦਰੀ ਨਾਲ ਸਬੰਧਤ ਲੋਕ ਜੱਟਾਂ ਤੋਂ ਵੀ ਵਧੀਆ ਸਿੱਖ, ਕਹਿਣ ਤੋਂ ਭਾਵ ਰਹਿਤ ਵਿਚ ਵਧੀਆ ਸਿੱਖ ਹੁੰਦੇ ਸੀ| ਮੇਰੇ ਬਾਪੂ ਜੀ ਤੇ ਵੀਰ ਅੰਮ੍ਰਿਤਧਾਰੀ ਹੋਣ ਕਰਕੇ ਦੇਵ ਵਰਗੇ ਮੁੰਡਿਆਂ ਨੂੰ ਕੰਮ ਲਈ ਰੱਖਣਾ ਵੱਧ ਪਸੰਦ ਕਰਦੇ ਸੀ| ਦੇਵ ਨੂੰ ਕਵੀਸ਼ਰੀ ਦਾ ਬਹੁਤ ਸ਼ੌਕ ਸੀ| ਸਰਦੀਆਂ ਵਿਚ ਰਾਤ ਦੀ ਰੋਟੀ ਤੋਂ ਬਾਅਦ ਬਾਪੂ ਜੀ ਨੇ ਅੱਗ ਦੀ ਧੂਣੀ ਦੁਆਲੇ ਸਾਨੂੰ ਬੱਚਿਆਂ ਨੂੰ ਵੀ ਬਿਠਾ ਲੈਣਾ, ਆਪ ਸਣ ਕੱਢਣ ਲੱਗ ਪੈਣਾ, ਬਲਦੀ ਧੂਣੀ ‘ਤੇ ਸਣ ਦੇ ਡੱਕੇ ਪਾਈ ਜਾਣੇ ਤੇ ਦੇਵ ਨੂੰ ਕਹਿਣਾ, ਸੀਤਲ ਦੀਆਂ ਵਾਰਾਂ ਸੁਣਾ ਜੋ ਉਨ੍ਹਾਂ ਫਤਿਹਗੜ੍ਹ ਸਾਹਿਬ ਜਾਂ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲਿਆਂ ਤੋਂ ਖਰੀਦ ਕੇ ਲਿਆਂਦੀਆਂ ਹੁੰਦੀਆਂ| ਇਸ ਤਰ੍ਹਾਂ ਬਚਪਨ ਤੋਂ ਹੀ ਸਿੱਖ ਕੌਮ ਦੇ ਇਨ੍ਹਾਂ ਮਹਾਨ ਢਾਡੀਆਂ ਨੂੰ ਸੁਣਨ ਦਾ ਸ਼ੌਕ ਪੈ ਗਿਆ ਜੋ ਅੱਖਰ ਗਿਆਨ ਆ ਜਾਣ ਨਾਲ ਹੋਰ ਪਰਪੱਕ ਹੋ ਗਿਆ ਅਤੇ ਇਨ੍ਹਾਂ ਦੀ ਇੱਕ ਇੱਕ ਲਿਖਤ ਆਪ ਪੜ੍ਹੀ|
ਗੱਲ ਹੋਰ ਪਾਸੇ ਪੈ ਗਈ, ਗੱਲ ਤਾਂ ਅਸ਼ੋਕ ਭੌਰਾ ਨੇ ਜੋ ਅਹਿਸਾਨ ਸਿੱਖ ਕੌਮ ਦੇ ਮਹਾਨ ਢਾਡੀਆਂ ਬਾਰੇ ਲਿਖਣਾ ਸ਼ੁਰੂ ਕਰਕੇ ਕੀਤਾ ਹੈ, ਉਸ ਦੀ ਕਰਨੀ ਸੀ| ਅਸ਼ੋਕ ਭੌਰਾ ਨੇ ਕਿੰਨਾ ਸਹੀ ਕਿਹਾ ਹੈ, “ਖੁਰਾਕ ਦੀ ਤਬਦੀਲੀ ਕਾਰਨ ਮਨੁੱਖ ਦਾ ਸੁਭਾਅ ਅਤੇ ਆਦਤਾਂ ਬਦਲ ਗਈਆਂ ਹਨ| ਪਰ ਇਸ ਯੁੱਗ ਵਿਚ ਖਾਣ-ਪੀਣ ਨੇ ਜੋ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ, ਉਹ ਹੈ, ਮਨੁੱਖ ਨੇ ਸੰਜਮ ਦਾ ਗਲਾ ਘੁੱਟ ਦਿੱਤਾ ਹੈ ਅਤੇ ਸਬਰ ਦਾ ਪਿਆਲਾ ਸਾਰੇ ਦਾ ਸਾਰਾ ਮੂਧਾ ਹੀ ਕਰ ਦਿੱਤਾ ਹੈ| ਅਸੀਂ ਸੰਗੀਤ ਦੀ ਕਲਾ ਪ੍ਰਤੀ ਸ਼ਰਧਾਵਾਨ ਹੋਣ ਦੀ ਗੱਲ ਤਾਂ ਕਰ ਰਹੇ ਹਾਂ ਪਰ ਇਸ ਦੇ ਵਿਰਾਸਤੀ ਪੰਨਿਆਂ ‘ਤੇ ਇੱਕ ਤਰ੍ਹਾਂ ਨਾਲ ਕਾਟਾ ਹੀ ਫੇਰ ਦਿੱਤਾ ਹੈ| ਜਦੋਂ ਪੱਬ ਨਾ ਚੁੱਕੇ ਜਾਂਦੇ ਹੋਣ ਤੇ ਸਿਰ ਨਾ ਵੀ ਝੂੰਮਦਾ ਹੋਵੇ ਪਰ ਅੰਦਰੋਂ ਅਣਖ ਜੈਕਾਰੇ ਛੱਡ ਰਹੀ ਹੋਵੇ ਤਾਂ ਸਥਿਤੀ ਸਾਫ ਹੋ ਜਾਂਦੀ ਹੈ ਕਿ ਢਾਡੀ ਰਾਗ ਦੀ ਬਾਤ ਪੈ ਰਹੀ ਹੈ|”
ਇਹ ਸਿਰਫ ਅਸ਼ੋਕ ਭੌਰਾ ਹੀ ਲਿਖ ਸਕਦਾ ਹੈ, ਕਿਸੇ ਹੋਰ ਕੋਲੋਂ ਨਹੀਂ ਸੀ ਹੋ ਸਕਣਾ| ਸਿੱਖ ਧਰਮ ਬਾਰੇ ਜੋ ਜਜ਼ਬਾ ਉਸ ਦੇ ਇਤਿਹਾਸ ਰਾਹੀਂ ਢਾਡੀ ਉਭਾਰ ਸਕਦੇ ਹਨ, ਉਹ ਕੋਈ ਵੱਡੇ ਤੋਂ ਵੱਡਾ ਵਿਦਵਾਨ ਵੀ ਨਹੀਂ ਕਰ ਸਕਦਾ ਕਿਉਂਕਿ ਜੋ ਜੋਸ਼ ਢਾਡੀਆਂ ਨੂੰ ਸੁਣ ਕੇ ਆਉਂਦਾ ਹੈ, ਉਸ ਦੀ ਕੋਈ ਹੋਰ ਰੀਸ ਹੀ ਨਹੀਂ ਕਰ ਸਕਦਾ| ਗੁਰੂ ਜਾਣੀ ਜਾਣ ਸਨ ਇਸੇ ਲਈ ‘ਵਾਰਾਂ’ ਨੂੰ ਨਾ ਸਿਰਫ ਬਾਣੀ ਰਚਨਾ ਦੀ ਇੱਕ ਵੰਨਗੀ ਵੱਜੋਂ ਅਪਨਾਇਆ ਗਿਆ ਸਗੋਂ ਉਨ੍ਹਾਂ ਨੂੰ ਕਿਸ ਜੋਧੇ ਦੀ ਵਾਰ ਦੀ ਧੁਨੀ ‘ਤੇ ਗਾਉਣਾ ਹੈ, ਇਹ ਵੀ ਨਿਰਧਾਰਤ ਕੀਤਾ| ਢਾਡੀ ਗੁਰੂ ਦਰਬਾਰ ਦੇ ਮੁੱਢ ਤੋਂ ਹੀ ਹਿੱਸਾ ਰਹੇ ਹਨ, ਇਸ ਦਾ ਸਬੂਤ ਰਾਮਕਲੀ ਰਾਗ ਵਿਚ ਰਚੀ ਸੱਤੇ ਤੇ ਬਲਵੰਡ ਦੀ ਵਾਰ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿੱਸਾ ਹੋਣ ਤੋਂ ਵੀ ਲੱਗ ਜਾਂਦਾ ਹੈ|
ਅਸ਼ੋਕ ਭੌਰਾ ਨੇ ਅਮਰ ਸਿੰਘ ਸ਼ੌਂਕੀ ਤੋਂ ਲੈ ਕੇ ਅਵਤਾਰ ਸਿੰਘ ਰਟੈਂਡਾ, ਗੁਰਚਰਨ ਸਿੰਘ ਗੋਹਲਵੜ, ਢਾਡੀ ਸੋਹਣ ਸਿੰਘ ਸੀਤਲ, ਬਲਵੰਤ ਸਿੰਘ ਪਮਾਲ ਦੇ ਕਵੀਸ਼ਰੀ ਜਥੇ (ਜਿਸ ਨੂੰ ਮੈਂ ਆਪਣੇ ਪਿੰਡ ਦੇ ਸਾਲਾਨਾ ਦੀਵਾਨਾਂ ਵਿਚ ਬਹੁਤ ਸੁਣਿਆ ਹੈ), ਸੁਦਾਗਰ ਸਿੰਘ ਬੇਪਰਵਾਹ, ਢਾਡੀ ਅਵਤਾਰ ਸਿੰਘ ਭੌਰਾ-ਬਾਰੇ ਲਿਖ ਕੇ ਕੀਮਤੀ ਜਾਣਕਾਰੀ ਦਿੱਤੀ ਹੈ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਦੇ ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਵਿਦਵਾਨਾਂ ਜਾਂ ਕਿਸੇ ਦੀ ਵੀ ਕੀ ਮਦਦ ਕਰਨੀ ਹੈ, ਇਹ ਤਾਂ ਆਪਣੇ ਮੁਲਾਜ਼ਮਾਂ ਨੂੰ ਵੀ ਨਹੀਂ ਪੁੱਛਦੀ। ਮੌਜੂਦਾ ਸਮੇਂ ਵਿਚ ਤਾਂ ਇਸ ਦਾ ਇੱਕੋ ਇੱਕ ਮਕਸਦ ਰਹਿ ਗਿਆ ਹੈ ਜੋ ਸਭ ਨੂੰ ਪਤਾ ਹੈ| ਸ਼ਾਇਦ ਅਸ਼ੋਕ ਹੋਰਾਂ ਨੂੰ ਪਤਾ ਹੀ ਹੋਵੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੋਈ ਰਾਗੀ, ਢਾਡੀ ਜਾਂ ਪ੍ਰਚਾਰਕ ਜੇ ਕਿਤੇ ਸਮਾਗਮ ‘ਤੇ ਜਾਂਦਾ ਹੈ ਤਾਂ ਜੋ ਭੇਟਾ ਮਿਲਦੀ ਹੈ, ਉਸ ਦਾ ਅੱਧਾ ਹਿੱਸਾ ਕਮੇਟੀ ਕੋਲ ਜਮ੍ਹਾਂ ਕਰਾਉਣਾ ਹੁੰਦਾ ਹੈ| ਇਸ ਦਾ ਪਤਾ ਮੈਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ‘ਚ ਕੰਮ ਕਰਦਿਆਂ ਲੱਗਾ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਕੀਰਤਨੀ ਜਥਾ ਗੁਰਦੁਆਰਾ ਦੁਖ ਨਿਵਾਰਨ ਤੋਂ ਸੱਦਦੇ ਹੁੰਦੇ ਸੀ (ਅੱਜ ਕੱਲ ਤਾਂ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਤੋਂ ਆਪਣੇ ਵਿਦਿਆਰਥੀ ਹੀ ਇਹ ਸੇਵਾ ਨਿਭਾ ਦਿੰਦੇ ਹਨ)| ਮੇਰੀ ਅਰਦਾਸ ਹੈ ਕਿ ਵਾਹਿਗੁਰੂ ਅਸ਼ੋਕ ਭੌਰਾ ਦੀ ਕਲਮ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਰੱਖੇ|
-ਡਾ. ਗੁਰਨਾਮ ਕੌਰ, ਕੈਨੇਡਾ