ਪੱਤੇ ਵਾਂਗ ਡੋਲਦੀ ਜਵਾਨੀ ਦੀਆਂ ਧੁੱਪਾਂ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਪੰਝੀ ਵਰ੍ਹਿਆਂ ਤੋਂ ਲਗਾਤਾਰ ਮਨਾਈ ਜਾਂਦੀ Ḕਧੁੱਪ ਦੀ ਮਹਿਫਿਲḔ ਸਦਾ ਵਾਂਗ ਇਸ ਵਾਰ ਵੀ ਖੂਬ ਜੰਮੀ। ਸਥਾਨ ਨਵਯੁਗ ਫਾਰਮ, ਮਹਿਰੌਲੀ, ਦਿੱਲੀ; ਸਮਾਂ ਧੁੱਪਾਂ ਵਾਲੀ ਦੁਪਹਿਰ ਅਤੇ ਦਿਨ ਬਸੰਤ ਪੰਚਮੀ ਦੇ ਸਭ ਤੋਂ ਨੇੜਲਾ ਐਤਵਾਰ, 28 ਜਨਵਰੀ। ਕੌਣ ਕਿੱਥੋਂ ਆਇਆ, ਦੱਸਣ ਲੱਗੀਏ ਤਾਂ ਵਰਕੇ ਭਰ ਜਾਣ। ਹਾਂ, ਡਾ. ਮਨੋਹਰ ਸਿੰਘ ਗਿੱਲ ਨੇ ਮਹਿਫਿਲ ਦੀ ਪ੍ਰਧਾਨਗੀ ਕੀਤੀ ਅਤੇ ਡਾ. ਜੈਰੂਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਉਨ੍ਹਾਂ ਦੋਹਾਂ ਨੇ ਦਿੱਲੀ ਵਰਗੇ ਮਹਾਨਗਰ ਵਿਚ ਪੰਜਾਬੀ ਦੀ ਆਨ ਤੇ ਸ਼ਾਨ ਬਰਕਰਾਰ ਰੱਖਣ ਲਈ ਪੰਜਾਬੀ ਸਾਹਿਤਕਾਰਾਂ ਅਤੇ ਪੰਜਾਬੀ ਰਸੀਆਂ ਦਾ ਸਾਥ ਮੰਗਿਆ ਤੇ ਬਣਦਾ ਸਰਦਾ ਸਹਿਯੋਗ ਦੇਣ ਦਾ ਵਚਨ ਵੀ ਦਿੱਤਾ। ਅਨੇਕਾਂ ਪੰਜਾਬੀ ਪਿਆਰੇ ਕੇਵਲ ਇਸ ਲਈ ਪਹੁੰਚੇ ਕਿ ਚੰਡੀਗੜ੍ਹ ਤੋਂ ਜੰਗ ਬਹਾਦਰ ਗੋਇਲ, ਮੇਘਾਲਿਆ ਤੋਂ ਡਾ. ਸਵਰਾਜਬੀਰ ਤੇ ਬਰਤਾਨੀਆ ਤੋਂ ਅਮਰਜੀਤ ਚੰਦਨ ਨੇ ਸਭਾ ਵਲੋਂ ਦਿੱਤਾ ਜਾ ਰਿਹਾ ਸਨਮਾਨ ਲੈਣ ਉਥੇ ਆਉਣਾ ਸੀ। ਕਈ ਉਹ ਵੀ ਸਨ, ਜੋ ਉਨ੍ਹਾਂ ਦੀਆਂ ਵਡਮੁੱਲੀਆਂ ਰਚਨਾਵਾਂ ਤਾਂ ਪੜ੍ਹਦੇ ਰਹੇ ਸਨ ਪਰ ਦਰਸ਼ਨ ਨਹੀਂ ਸਨ ਕਰ ਸਕੇ।
ਇਸ ਵਾਰ ਦੀ ਮਹਿਫਿਲ ਦੀ ਸਫਲਤਾ ਦਾ ਇੱਕ ਰਾਜ ਇਹ ਵੀ ਸੀ ਕਿ ਪੰਜਾਬੀ ਅਕਾਦਮੀ, ਦਿੱਲੀ ਨੇ ਪ੍ਰਸਿੱਧ ਗਾਇਕ ਜਨਾਬ ਯਾਕੂਬ ਨੂੰ ਸਰੋਤਿਆਂ ਦੇ ਸਨਮੁਖ ਕੀਤਾ, ਜਿਸ ਨੇ ਆਪਣੇ ਸੂਫੀ ਕਲਾਮ ਰਾਹੀਂ ਮਹਿਫਿਲ ਵਿਚ ਹਾਜ਼ਰ ਸਰੋਤਿਆਂ ਨੂੰ ਹੀ ਨਿਹਾਲ ਨਹੀਂ ਕੀਤਾ, ਨਵਯੁਗ ਫਾਰਮ ਦੇ ਫੁੱਲ-ਬੂਟਿਆਂ ਨੂੰ ਵੀ ਟਹਿਕਦੇ ਤੇ ਮਹਿਕਦੇ ਕਰ ਦਿੱਤਾ। ਵੱਡੀ ਗੱਲ ਇਹ ਕਿ ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਤੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਮਹਿਫਿਲ ਵਿਚ ਉਚੇਚੀ ਹਾਜ਼ਰੀ ਭਰੀ।
ਇਹ ਗੱਲ ਵੀ ਪਹਿਲੀ ਵਾਰ ਅਨੁਭਵ ਹੋਈ ਕਿ ਮੇਰੇ ਵਰਗੇ ਵਡੇਰੀ ਉਮਰ ਦੇ ਸਾਹਿਤ ਰਸੀਏ ਆਪਣੇ ਡਾਂਵਾਂਡੋਲ ਕਦਮਾਂ ਦੇ ਬਾਵਜੂਦ ਆਪਣੇ ਚਾਹੁਣ ਵਾਲਿਆਂ ਨੂੰ ਮਿਲਣ ਆਏ। ਉਨ੍ਹਾਂ ਵਿਚ ਅਜੀਤ ਕੌਰ, ਚੰਦਨ ਨੇਗੀ, ਕਰਨਜੀਤ ਸਿੰਘ ਤੇ ਅਜੀਤ ਸਿੰਘ ਵਰਗੇ ਉਹ ਵੀ ਸਨ ਜਿਹੜੇ ਥੋੜ੍ਹੇ ਕੀਤੇ ਘਰੋਂ ਬਾਹਰ ਨਹੀਂ ਨਿਕਲਦੇ। ਸ਼ਾਇਦ ਹੇਠ ਲਿਖੀ ਲੋਕ ਬੋਲੀ ਦੇ ਪ੍ਰਸ਼ਨ ਤੋਂ ਡਰਦੇ ਹਨ:
ਕੀ ਹੋ ਗਿਆ ਜਵਾਨੀਏ ਤੈਨੂੰ
ਪੱਤੇ ਵਾਂਗੂੰ ਫਿਰੇਂ ਡੋਲਦੀ।
ਸਮੇਂ ਦਾ ਸੱਚ ਕੁਝ ਵੀ ਹੋਵੇ, 1943 ਦੀ ਦਿੱਲੀ ਵਿਚ ਸਥਾਪਤ ਹੋਈ ਪੰਜਾਬੀ ਸਾਹਿਤ ਸਭਾ ਅਤੇ 1981 ਵਿਚ ਜਨਮ ਧਾਰ ਕੇ ਇਹਦੇ ਨਾਲ ਭੱਜ ਕੇ ਰਲੀ ਪੰਜਾਬੀ ਅਕਾਦਮੀ ਜ਼ਿੰਦਾਬਾਦ!
ਡਾ. ਜੀ. ਐਸ਼ ਕਾਲਕਟ ਦੇ ਅੰਗ-ਸੰਗ: ਡਾ. ਗੁਰਚਰਨ ਸਿੰਘ ਕਾਲਕਟ ਦੇ ਅਕਾਲ ਚਲਾਣੇ ਨਾਲ ਮੇਰੇ ਸੀਨੀਅਰ ਮਿੱਤਰਾਂ ਦੀ ਪੌੜੀ ਦਾ ਸਿਖਰਲਾ ਡੰਡਾ ਟੁੱਟ ਗਿਆ ਹੈ। ਉਹ ਭਾਰਤ ਸਰਕਾਰ ਦੇ ਖੇਤੀ ਮੰਤਰਾਲੇ ਵਿਚ ਖੇਤੀ ਕਮਿਸ਼ਨਰ ਬਣ ਕੇ ਨਵੀਂ ਦਿੱਲੀ ਗਏ ਤਾਂ ਸਤਿਆ ਮਾਰਗ (ਚਾਣੱਕਿਆਪੁਰੀ) ਦੀਆਂ ਸਰਕਾਰੀ ਕੋਠੀਆਂ ਵਿਚ ਮੇਰੇ ਗਵਾਂਢੀ ਬਣ ਗਏ। ਮੈਂ ਖੇਤੀ ਮੰਤਰਾਲੇ ਵਿਚ ਸੰਪਾਦਕ ਸਾਂ ਤੇ ਕਾਲਕਟ ਖੇਤੀ ਕਮਿਸ਼ਨਰ। ਮੈਨੂੰ ਖੇਤੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦਾ ਮੁਖੀ ਥਾਪਿਆ ਗਿਆ ਤਾਂ ਉਨ੍ਹਾਂ ਨੇ ਮੈਨੂੰ ਖੇਤੀ ਮੰਤਰਾਲੇ ਤੋਂ ਫਾਰਗ ਕਰਵਾਉਣ ਵਿਚ ਬੜੀ ਮਦਦ ਕੀਤੀ। ਉਨ੍ਹਾਂ ਦਾ ਜੱਦੀ ਪਿੰਡ ਸਹੌੜਾਂ ਤੇ ਮੇਰਾ ਜੱਦੀ ਪਿੰਡ ਸੂਨੀ ਜਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਨ।
ਭਾਰਤ ਦੀ ਹਰੀ ਕ੍ਰਾਂਤੀ ਦੇ ਵਿਕਾਸ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਨਵੇਂ ਬੀਜ ਤੇ ਨਵੀਂ ਤਕਨੀਕ ਲਈ ਪ੍ਰੇਰਨ ਵਿਚ ਉਨ੍ਹਾਂ ਦਾ ਯੋਗਦਾਨ ਹਰ ਪਾਸਿਉਂ ਸਲਾਹਿਆ ਗਿਆ। ਖੇਤੀ ਵਿਕਾਸ ਨਾਲ ਸਬੰਧਤ ਅੰਕੜਿਆਂ ਦੇ ਗਿਆਨ ਸਦਕਾ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹੀ ਨਹੀਂ, ਵਿਸ਼ਵ ਬੈਂਕ ਨੇ ਵੀ ਉਨ੍ਹਾਂ ਨੂੰ ਰੱਜਵਾਂ ਸਨਮਾਨ ਦਿੱਤਾ। ਜਿਥੋਂ ਤਕ ਉਨ੍ਹਾਂ ਦੀ ਪੰਜਾਬ ਨੂੰ ਦੇਣ ਦਾ ਸਬੰਧ ਹੈ, ਉਹ ਖੇਤੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਰਹਿਣ ਪਿੱਛੋਂ 12 ਸਾਲ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਰਹੇ। ਪੰਜਾਬ ਐਗਰੀਕਲਚਰਲ ਕਾਲਜ, ਲਾਇਲਪੁਰ (ਹੁਣ ਪਾਕਿਸਤਾਨ) ਦੇ ਪੜ੍ਹੇ ਹੋਏ ਡਾ. ਕਾਲਕਟ ਬੜੇ ਮਾਣ ਨਾਲ ਦੱਸਿਆ ਕਰਦੇ ਸਨ ਕਿ ਕਈ ਸਾਲ ਲਾਇਲਪੁਰ ਦੇ ਪੜ੍ਹੇ ਹੋਏ ਖੇਤੀ ਵਿਗਿਆਨੀ ਅੱਧੇ ਤੋਂ ਵੱਧ ਭਾਰਤ ਦੇ ਖੇਤੀ ਡਾਇਰੈਕਟਰ ਰਹੇ। ਸਮੁੱਚੇ ਭਾਰਤ ਦੀਆਂ ਖੇਤੀ ਵਿਕਾਸ ਯੋਜਨਾਵਾਂ ਨੂੰ ਸੇਧ ਦੇਣ ਵਾਲੇ ਇਨ੍ਹਾਂ ਖੇਤੀ ਮਾਹਿਰਾਂ ਨੇ ਭਾਰਤ ਵਿਚ ਹਰੀ ਕ੍ਰਾਂਤੀ ਨੂੰ ਉਭਾਰਿਆ।
ਸੱਤਪਾਲ ਗੌਤਮ ਤੇ ਅਵਤਾਰ ਸਾਦਿਕ ਦਾ ਚਲਾਣਾ: ਜਨਵਰੀ ਮਹੀਨੇ ਦਾ ਅੰਤ ਮੇਰੇ ਨਿਜ ਲਈ ਬੜਾ ਦੁਖਦਾਈ ਰਿਹਾ। ਮੈਂ ਡਾ. ਕਾਲਕਟ ਤੇ ਮਲਕੀਤ ਸਿੰਘ ਆਰਟਿਸਟ ਦੇ ਅਕਾਲ ਚਲਾਣੇ ਨਾਲ ਨਿਪਟ ਰਿਹਾ ਸਾਂ ਕਿ ਬਰਤਾਨੀਆ ਤੋਂ ਅਵਤਾਰ ਸਾਦਿਕ ਤੇ ਨਵੀਂ ਦਿੱਲੀ ਤੋਂ ਸੱਤਪਾਲ ਗੌਤਮ ਦੇ ਤੁਰ ਜਾਣ ਦੀ ਖਬਰ ਆ ਗਈ। ਦੋਵਾਂ ਦੀ ਜੱਦੀ ਪੁਸ਼ਤੀ ਤਾਰ ਦੁਆਬੇ ਦੇ ਜਲੰਧਰ ਤੇ ਹੁਸ਼ਿਆਰਪੁਰ ਜਿਲ੍ਹਿਆਂ ਨਾਲ ਆ ਜੁੜਦੀ ਹੈ। ਸਾਦਿਕ ਨੇ ਆਪਣੀਆਂ ਅਗਾਂਹਵਧੂ ਲਿਖਤਾਂ ਰਾਹੀਂ ਬਰਤਾਨੀਆ ਵਿਚ ਜੱਦੀ ਪੁਸ਼ਤੀ ਖੇਤਰ ਨੂੰ ਉਭਾਰਿਆ ਤੇ ਗੌਤਮ ਨੇ ਆਪਣੀ ਸੋਚ ਤੇ ਵਿਦਵਤਾ ਰਾਹੀਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਲੈ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ, ਨਵੀਂ ਦਿੱਲੀ ਤੱਕ ਆਪਣੀ ਧਾਂਕ ਜਮਾਈ। ਉਹ ਆਪ ਤਾਂ ਤੁਰ ਗਏ ਹਨ ਪਰ ਉਨ੍ਹਾਂ ਦੀ ਸੋਚ ਤੇ ਦੇਣ ਮੇਰੇ ਮਨ ਨੂੰ ਧਰਵਾਸ ਦਿੰਦੀ ਰਹੇਗੀ।
ਅੰਤਿਕਾ: ਸੁਖਵਿੰਦਰ ਅੰਮ੍ਰਿਤ
ਇੱਕ ਇੱਕ ਕਰ ਦੇ ਵਿਕ ਗਏ
ਆਖਿਰ ਤਾਰੇ ਸਾਡੇ ਅੰਬਰ ਦੇ।
ਹਾਇ! ਫੇਰ ਵੀ ਤਾਰ ਸਕੇ ਨਾ
ਉਸ ਦੀਵੇ ਦੇ ਦਾਮ ਅਸੀਂ।