ਚੰਡੀਗੜ੍ਹ: ਪੰਜਾਬ ਵਿਚ ਸੱਤਾ ਮਿਲਣ ਦੇ 10 ਮਹੀਨਿਆਂ ਅੰਦਰ ਹੀ ਕਾਂਗਰਸ ਵਿਚ ਅੰਦਰੂਨੀ ਜੰਗ ਹੁਕਮਰਾਨ ਧਿਰ ਲਈ ਵੱਡੀ ਚੁਣੌਤੀ ਬਣ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰੀ ਕੰਮਕਾਜ ‘ਤੇ ਚੁੱਕੇ ਸਵਾਲਾਂ ਨੇ ਸਰਕਾਰ ਨੂੰ ਲਾਜਵਾਬ ਕੀਤਾ ਹੋਇਆ ਹੈ। ਇਹ ਦੋਵੇਂ ਕਾਂਗਰਸੀ ਆਗੂ ਭਾਵੇਂ ਸਰਕਾਰ ਖਿਲਾਫ ਖੁੱਲ੍ਹ ਕੇ ਸਾਹਮਣੇ ਆਏ ਹਨ, ਪਰ ਅੰਦਰਖਾਤੇ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਵੀ ਸਰਕਾਰੀ ਕੰਮਕਾਜ ਤੋਂ ਔਖੇ ਹਨ; ਖਾਸਕਰ ਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਸਖਤੀ ਵਰਤਣ ਤੋਂ ਪਿੱਛੇ ਹਟਣ ਕਾਰਨ ਜ਼ਿਆਦਾਤਰ ਕਾਂਗਰਸੀ ਕੈਪਟਨ ਨਾਲ ਨਾਰਾਜ਼ ਹਨ।
ਵਿਧਾਨ ਸਭਾ ਚੋਣਾਂ ਵਿਚ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿਚ ਜੇਲ੍ਹ ਪਹੁੰਚਾਉਣ ਦਾ ਵਾਅਦਾ ਚੇਤੇ ਕਰਵਾਉਣ ਲਈ ਵਿਧਾਇਕ ਕਈ ਵਾਰ ਕੈਪਟਨ ਤੱਕ ਪਹੁੰਚ ਕਰ ਚੁੱਕੇ ਹਨ। ਸਿੱਧੂ ਦੀ ਕੈਪਟਨ ਸਰਕਾਰ ਨਾਲ ਨਾਰਾਜ਼ਗੀ ਵੀ ਕੇਬਲ ਮਾਫੀਆ ਖਿਲਾਫ ਢਿੱਲ ਕਾਰਨ ਸ਼ੁਰੂ ਹੋਈ ਸੀ। ਪ੍ਰਤਾਪ ਸਿੰਘ ਬਾਜਵਾ ਅਤੇ ਸਿੱਧੂ ਹੁਣ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਸਾਹਮਣੇ ਆਏ ਹਨ। ਕਾਂਗਰਸੀ ਆਗੂਆਂ ਦੀ ਨਾਰਾਜ਼ਗੀ ਦਾ ਮੁੱਖ ਕਾਰਨ ਕੈਪਟਨ ਦੀ ਅੜਬਾਈ ਵੀ ਹੈ। ਇਹ ਆਗੂ ਪਿਛਲੇ ਕਾਫੀ ਸਮੇਂ ਤੋਂ ਦੋਸ਼ ਲਾ ਰਹੇ ਹਨ ਕਿ ਅਕਾਲੀਆਂ ਨਾਲ ਲਿਹਾਜ਼ਦਾਰੀ ਸਰਕਾਰ ਲਈ ਕਾਫੀ ਨਮੋਸ਼ੀ ਬਣ ਰਹੀ ਹੈ। ਕੈਪਟਨ ਅਤੇ ਸਿੱਧੂ ਦਰਮਿਆਨ ਮਤਭੇਦ ਭਾਵੇਂ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਸ਼ੁਰੂ ਹੋ ਗਏ ਸਨ, ਪਰ ਮੇਅਰਾਂ ਦੀ ਚੋਣ ਪ੍ਰਕਿਰਿਆ ਵਿਚੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਲਾਂਭੇ ਕਰ ਦੇਣ ਨਾਲ ਮਾਮਲਾ ਜਨਤਕ ਤੌਰ ਉਤੇ ਸਾਹਮਣੇ ਆ ਗਿਆ। ਮੰਤਰੀ ਮੰਡਲ ਦੀਆਂ ਮੀਟਿੰਗਾਂ ਦੌਰਾਨ ਵੀ ਕਈ ਮਾਮਲਿਆਂ ਵਿਚ ਸਿੱਧੂ ਖੁੱਲ੍ਹ ਕੇ ਬੋਲਦੇ ਹਨ। ਉਨ੍ਹਾਂ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦਾ ਕੰਮ ਸੰਭਾਲਣ ਤੋਂ ਬਾਅਦ ਕਈ ਅਜਿਹੇ ਫੈਸਲੇ ਕੀਤੇ ਗਏ ਜਿਨ੍ਹਾਂ ‘ਤੇ ਮੁੱਖ ਮੰਤਰੀ ਜਾਂ ਮੁੱਖ ਸਕੱਤਰ ਦੇ ਦਫਤਰ ਵੱਲੋਂ ਮੋਹਰ ਨਹੀਂ ਲਾਈ ਗਈ। ਫਾਸਟਵੇਅ ਦੇ ਮਾਮਲੇ ਵਿਚ ਵੀ ਸਰਕਾਰ ਵੱਲੋਂ ਅਪਣਾਈ ਰਣਨੀਤੀ ਨੇ ਸਥਾਨਕ ਸਰਕਾਰ ਮੰਤਰੀ ਦੀ ਕਿਰਕਿਰੀ ਹੀ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਵੱਲੋਂ ਮੇਅਰਾਂ ਦੀ ਚੋਣ ‘ਚ ਅਣਗੌਲਿਆ ਕਰਨ ਉਤੇ ਨਾਰਾਜ਼ਗੀ ਜਤਾਉਣ ਨਾਲ ਉਸ ਨੂੰ ਖੁੱਡੇ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਗੱਲ ਦੀ ਚਰਚਾ ਹੈ ਕਿ ਮੰਤਰੀ ਮੰਡਲ ਦੀ ਬੈਠਕ ਦੌਰਾਨ ਸਾਥੀਆਂ ਨੇ ਸਿੱਧੂ ਨਾਲ ਦੁਆ-ਸਲਾਮ ਤੱਕ ਨਹੀਂ ਕੀਤੀ। ਕੈਪਟਨ ਨੇ ਕੇਂਦਰੀ ਲੀਡਰਸ਼ਿਪ ਨੂੰ ਭਰੋਸੇ ਵਿਚ ਲੈ ਕੇ ਸਿੱਧੂ ਨੂੰ ਦੇ ‘ਪਰ ਕੁਤਰਨ’ ਕਰਨ ਦਾ ਫੈਸਲਾ ਕੀਤਾ ਹੈ। ਇਹ ਗੱਲ ਵੀ ਨਿਕਲੀ ਹੈ ਕਿ ਸਿੱਧੂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨੇੜਤਾ ‘ਚ ਖਿੱਚੋਤਾਣ ਪੈਦਾ ਹੋ ਗਈ ਹੈ। ਸਿੱਧੂ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਲਈ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਿੱਧੂ ਲਈ ਚੰਡੀਗੜ੍ਹ ਵਿਚ ਸੱਤ ਦਿਨਾਂ ਲਈ ਪਾਰਟੀ ਵੱਲੋਂ ਉਚੇਚੇ ਤੌਰ ‘ਤੇ ਹੈਲੀਕਾਪਟਰ ਤਿਆਰ ਰੱਖਿਆ ਗਿਆ, ਪਰ ਸਿੱਧੂ ਨੇ ਆਪਣੇ ਕੇਸ ਵਿਚ ਫੈਸਲਾ ਆਉਣ ਦਾ ਹਵਾਲਾ ਦਿੱਤਾ ਅਤੇ ਭਾਜਪਾ ਖਿਲਾਫ ਕੋਈ ਸ਼ਬਦੀ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਅੰਮ੍ਰਿਤਸਰ ਦੇ ਕਾਂਗਰਸੀ ਮੇਅਰ ਅਤੇ ਸਿੱਧੂ ਵਿਚਕਾਰ ਸੁਲ੍ਹਾ ਦੀਆਂ ਖਬਰਾਂ ਭਾਵੇਂ ਆ ਰਹੀਆਂ ਹਨ, ਪਰ ਇਹ ਸਿਆਸੀ ਦਿਖਾਵਾ ਹੀ ਜਾਪ ਰਹੀਆਂ ਹਨ ਕਿਉਂਕਿ ਸਿੱਧੂ ਨੇ ਆਪਣਾ ਰੋਸਾ ਅਜੇ ਬਰਕਰਾਰ ਰੱਖਿਆ ਹੋਇਆ ਹੈ।